Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਨਿਊਜ਼ੀਲੈਂਡ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਨਮਸਤੇ!

ਕੀਆ ਓਰਾ ਨਿਊਜ਼ੀਲੈਂਡ!

ਅਸੀਂ ਭਾਰਤ ਦੇ ਲੋਕ ਸੁਣਦੇ ਆਏ ਸੀ ਕਿ 20 ਸਾਲ ਬਾਅਦ ਕੋਈ ਵੱਡੀ ਤਬਦੀਲੀ ਆਉਂਦੀ ਹੈ। ਪਰ ਅੱਜ 40 ਸਾਲ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੀ ਧਰਤੀ ’ਤੇ ਆਇਆ ਹੈ। ਇਹ ਮੇਰਾ ਸੁਭਾਗ ਹੈ। ਮੈਂ ਨਿਊਜ਼ੀਲੈਂਡ ਦੇ ਸਾਰੇ ਵਸਨੀਕਾਂ ਲਈ, ਤੁਹਾਡੇ ਸਾਰਿਆਂ ਲਈ, 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।

ਸਾਥੀਓ,

ਪ੍ਰਧਾਨ ਮੰਤਰੀ ਵਜੋਂ ਭਾਵੇਂ ਇਹ ਮੇਰਾ ਪਹਿਲਾ ਨਿਊਜ਼ੀਲੈਂਡ ਦੌਰਾ ਹੈ। ਪਰ 25-30 ਸਾਲ ਪਹਿਲਾਂ, ਜਦੋਂ ਮੈਂ ਕਿਸੇ ਸਰਕਾਰ ਦਾ ਹਿੱਸਾ ਵੀ ਨਹੀਂ ਸੀ, ਜਨਤਕ ਜੀਵਨ ਵਿੱਚ ਮੈਨੂੰ ਕੋਈ ਜਾਣਦਾ ਨਹੀਂ ਸੀ, ਉਦੋਂ ਵੀ ਮੈਨੂੰ ਇੱਥੇ ਨਿਊਜ਼ੀਲੈਂਡ ਆਉਣ ਦਾ ਮੌਕਾ ਮਿਲਿਆ ਸੀ। ਅਤੇ ਉਸ ਸਮੇਂ, ਮੈਨੂੰ ਕਿਸੇ ਨੇ ਤੋਹਫ਼ੇ ਵਿੱਚ ਤਿੰਨ ਚੀਜ਼ਾਂ ਦਿੱਤੀਆਂ ਸਨ ਜੋ ਮੈਂ ਵਾਪਸ ਇੰਡੀਆ ਲੈ ਕੇ ਗਿਆ ਸੀ। ਇੱਕ, ਇਹ ਮਫ਼ਲਰ। ਇੱਕ ਕੈਪ, ਅਤੇ ਇੱਕ ਦਸਤਾਨਾ। ਕਿਉਂਕਿ ਠੰਢ ਦਾ ਮੌਸਮ ਸੀ।

ਅਤੇ ਉਸ ਵਿੱਚੋਂ ਇੱਕ ਚੀਜ਼ ਮੈਂ ਹੁਣ ਇੱਥੇ ਇਸ ਪ੍ਰੋਗਰਾਮ ਵਿੱਚ ਵੀ ਲੈ ਕੇ ਆਇਆ ਹਾਂ। ਇਹ ਮਫ਼ਲਰ ਜੋ ਤੁਸੀਂ ਦੇਖ ਰਹੇ ਹੋ, ਇਹ 25-30 ਸਾਲ ਪਹਿਲਾਂ ਮੈਨੂੰ ਨਿਊਜ਼ੀਲੈਂਡ ਦੇ ਇੱਕ ਸਾਥੀ ਨੇ ਦਿੱਤਾ ਸੀ। ਇੰਨੇ ਸਾਲਾਂ ਵਿੱਚ ਮੈਂ ਕਈ ਵਾਰ ਇਸ ਦੀ ਵਰਤੋਂ ਕੀਤੀ ਹੈ, ਅਤੇ ਅੱਜ ਵੀ ਇਸ ਨੂੰ ਬਹੁਤ ਸਾਂਭ ਕੇ ਰੱਖਿਆ ਹੋਇਆ ਹੈ। ਜਿਵੇਂ ਮੈਂ ਤੁਹਾਡੇ ਪਿਆਰ ਨੂੰ ਸਾਂਭ ਕੇ ਰੱਖਦਾ ਹਾਂ।

ਇਸ ਵਾਰ ਜਦੋਂ ਮੇਰਾ ਇੱਥੇ ਆਉਣ ਦਾ ਪ੍ਰੋਗਰਾਮ ਬਣਿਆ, ਤਾਂ ਮੈਂ ਖ਼ਾਸ ਤੌਰ ’ਤੇ ਇਸ ਨੂੰ ਆਪਣੇ ਨਾਲ ਲੈ ਕੇ ਆਇਆ ਕਿਉਂਕਿ ਖ਼ਬਰ ਸੀ ਕਿ ਠੰਢ ਜ਼ਿਆਦਾ ਹੈ।

ਸਾਥੀਓ,

ਭਾਰਤ ਅਤੇ ਨਿਊਜ਼ੀਲੈਂਡ ਦੇ ਰਿਸ਼ਤੇ ਵਿੱਚ ਯਾਦਾਂ ਵੀ ਹਨ, ਦੋਸਤੀ ਵੀ ਹੈ, ਕਦਰਾਂ-ਕੀਮਤਾਂ ਵੀ ਹਨ ਅਤੇ ਇੱਕ ਵਚਨਬੱਧਤਾ ਵੀ ਹੈ। ਇਸ ਰਿਸ਼ਤੇ ਨੂੰ ਨਿਊਜ਼ੀਲੈਂਡ ਦੀ ਸੁੰਦਰ ਪਰੰਪਰਾ ਬਹੁਤ ਚੰਗੀ ਤਰ੍ਹਾਂ ਬਿਆਨ ਕਰਦੀ ਹੈ। ਇੱਥੇ ਸਦੀਆਂ ਤੋਂ ਇੱਕ ਸ਼ਬਦ ਲੋਕਾਂ ਨੂੰ ਜੋੜਦਾ ਆਇਆ ਹੈ – ‘ਵਾਕਾ’। ਵਾਕਾ ਸਿਰਫ਼ ਕਿਸ਼ਤੀ ਦਾ ਨਾਮ ਨਹੀਂ ਹੈ, ਵਾਕਾ ਸਾਡੇ ਸਾਂਝੇ ਸਫ਼ਰ ਦਾ ਪ੍ਰਤੀਕ ਹੈ। ਅਤੇ ਅੱਜ ਭਾਰਤ-ਨਿਊਜ਼ੀਲੈਂਡ ਦਾ ਇਹੀ ਵਾਕਾ ਇੱਕ ਨਵੇਂ ਸਫ਼ਰ ’ਤੇ ਨਿਕਲਣ ਲਈ ਤਿਆਰ ਹੈ।

ਸਾਡੇ ਸਾਹਮਣੇ ਮੌਕਿਆਂ ਨਾਲ ਭਰਿਆ ਖੁੱਲ੍ਹਾ ਸਮੁੰਦਰ ਹੈ, ਹਵਾਵਾਂ ਸਾਡੇ ਨਾਲ ਹਨ, ਸਮੁੰਦਰ ਦੀਆਂ ਵਿਸ਼ਾਲ ਲਹਿਰਾਂ ਸਾਡੇ ਨਾਲ ਹਨ, ਇੱਛਾ-ਸ਼ਕਤੀ ਦਾ ਨੀਲਾ ਆਸਮਾਨ ਸਾਡੇ ਨਾਲ ਹੈ, ਪ੍ਰਾਪਤ ਕਰਨ ਲਈ ਬਹੁਤ ਕੁਝ ਹੈ, ਅਤੇ ਮੈਂ ਜਾਣਦਾ ਹਾਂ ਕਿ ਅਸੀਂ ਸਫਲ ਹੋਵਾਂਗੇ।

ਸਾਥੀਓ,

ਮੈਨੂੰ ਇਸ ਯਾਤਰਾ ਦੀ ਸਫਲਤਾ ’ਤੇ ਪੂਰਾ ਭਰੋਸਾ ਹੈ, ਜਾਣਦੇ ਹੋ ਕਿਉਂ? ਮੋਦੀ ਕਰਕੇ ਨਹੀਂ, ਕਿਉਂਕਿ ਇਸ ਦੇ ਅਸਲੀ ਮਲਾਹ ਤੁਸੀਂ ਸਾਰੇ ਹੋ। ਆਕਲੈਂਡ ਤੋਂ ਵੈਲਿੰਗਟਨ ਤੱਕ, ਕ੍ਰਾਈਸਟਚਰਚ ਤੋਂ ਕੁਈਨਜ਼ਟਾਊਨ ਤੱਕ, ਨਿਊਜ਼ੀਲੈਂਡ ਦੇ ਕੋਨੇ-ਕੋਨੇ ਵਿੱਚ ਫੈਲਿਆ ਭਾਰਤੀ ਭਾਈਚਾਰਾ ਇਸ ਸਾਂਝੇ ਸਫ਼ਰ ਦਾ ਇੱਕ ਮਲਾਹ ਹੈ।

ਸਾਥੀਓ,

ਅੱਗੇ ਵਧਣ ਤੋਂ ਪਹਿਲਾਂ, ਮੈਂ ਆਪਣੇ ਮਿੱਤਰ, ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਨਿਊਜ਼ੀਲੈਂਡ ਸਰਕਾਰ ਦੇ ਸਾਰੇ ਸਾਥੀਆਂ ਅਤੇ ਇੱਥੇ ਲੇਬਰ ਪਾਰਟੀ ਦੇ ਮੈਂਬਰਾਂ ਦਾ ਸਵਾਗਤ ਕਰਾਂਗਾ।

ਇਹ ਦਿਖਾਉਂਦਾ ਹੈ ਕਿ ਭਾਰਤ-ਨਿਊਜ਼ੀਲੈਂਡ ਦੇ ਰਿਸ਼ਤੇ ਨੂੰ ਕਿੰਨਾ ਵੱਡਾ ਦੋ-ਪੱਖੀ ਸਮਰਥਨ ਹਾਸਲ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੀਵੀ-ਇੰਡੀਅਨ ਕਮਿਊਨਿਟੀ ਦੀਆਂ ਪ੍ਰਾਪਤੀਆਂ, ਤੁਹਾਡਾ ਯੋਗਦਾਨ ਕਿੰਨਾ ਵੱਡਾ ਹੈ। ਤੁਸੀਂ ਇੱਥੇ ਆਏ, ਕੀਵੀ-ਇੰਡੀਅਨ ਕਮਿਊਨਿਟੀ ਦੇ ਇਸ ਜਸ਼ਨ ਦਾ ਹਿੱਸਾ ਬਣੇ, ਇਸ ਨਾਲ ਇਹ ਜਸ਼ਨ ਹੋਰ ਵੀ ਸ਼ਾਨਦਾਰ ਹੋ ਗਿਆ ਹੈ।

ਤੁਸੀਂ ਜਿਸ ਨਿੱਘ, ਪਿਆਰ ਅਤੇ ਉਤਸ਼ਾਹ ਨਾਲ ਸਾਡਾ ਸਾਰਿਆਂ ਦਾ ਸਵਾਗਤ ਕੀਤਾ ਹੈ, ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ।

ਵੈਸੇ ਐਕਸੀਲੈਂਸੀ, ਕੀਵੀ-ਇੰਡੀਅਨ ਕਮਿਊਨਿਟੀ ਵਿੱਚ ਵੀ ਸੁਪਰਹਿੱਟ ਹਨ। ਭਾਰਤ ਦੇ ਸੁਤੰਤਰਤਾ ਦਿਵਸ ’ਤੇ ਤੁਸੀਂ ਕ੍ਰਿਸ ਹਿਪਕਿਨਸ ਨਾਲ ਮਿਲ ਕੇ ‘ਦਮਾਦਮ ਮਸਤ ਕਲੰਦਰ’ ਗਾਣੇ ’ਤੇ ਜੋ ਡਾਂਸ ਕੀਤਾ ਸੀ, ਉਹ ਕਾਫੀ ਵਾਇਰਲ ਹੋਇਆ ਸੀ। ਤੁਹਾਡੇ ਉਹ ਡਾਂਸ ਸਟੈੱਪ, ਕੀਵੀ-ਇੰਡੀਅਨਜ਼ ਦੇ ਦਿਲਾਂ ਵਿੱਚ ਛਪ ਗਏ ਹਨ।

ਸਾਥੀਓ,

ਨਿਊਜ਼ੀਲੈਂਡ ਵਾਕਈ ਸ਼ਾਨਦਾਰ ਦੇਸ਼ ਹੈ। ਇੱਥੇ ਸ਼ਾਂਤੀ ਹੈ, ਖ਼ੁਸ਼ਹਾਲੀ ਹੈ, ਕੁਦਰਤ ਹੈ, ਸੱਭਿਆਚਾਰ ਹੈ, ਅਤੇ ਨਿਊਜ਼ੀਲੈਂਡ ਦੀ ਅਸਲੀ ਤਾਕਤ, ਇੱਥੋਂ ਦੇ ਸਥਾਨਕ ਲੋਕ ਹਨ। ਨਿਊਜ਼ੀਲੈਂਡ ਦੇ ਲੋਕਾਂ ਨੇ ਦਿਖਾਇਆ ਹੈ ਕਿ ਜਦੋਂ ਕੋਈ ਦੇਸ਼ ਇੱਕ ਜਨੂੰਨ, ਇੱਕ ਜਜ਼ਬੇ ਨਾਲ ਅੱਗੇ ਵਧਦਾ ਹੈ, ਤਾਂ ਉਹ ਦੁਨੀਆ ਨੂੰ ਪ੍ਰੇਰਿਤ ਕਰਦਾ ਹੈ।

ਇੱਥੇ ਜੋ ਕੀਵੀ-ਇੰਡੀਅਨ ਕਮਿਊਨਿਟੀ ਹੈ, ਤੁਹਾਡੇ ਸਾਰਿਆਂ ਨੂੰ ਵੀ ਨਿਊਜ਼ੀਲੈਂਡ ਦੇ ਦਿਲਦਾਰ ਲੋਕਾਂ ਨੇ ਬਹੁਤ ਪਿਆਰ ਨਾਲ ਅਪਣਾਇਆ ਹੈ, ਆਪਣੀ ਟੀਮ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਨੇ ਤੁਹਾਡੇ ਹੁਨਰ, ਤੁਹਾਡੇ ਵਿਜ਼ਨ ’ਤੇ ਭਰੋਸਾ ਕੀਤਾ ਹੈ। ਅਤੇ ਅੱਜ ਦੇਖੋ, ਨਿਊਜ਼ੀਲੈਂਡ ਦੀ ਅਰਥਵਿਵਸਥਾ ਹੋਵੇ, ਇੱਥੋਂ ਦਾ ਸਮਾਜ ਹੋਵੇ, ਕੀਵੀ-ਇੰਡੀਅਨਜ਼ ਨਵੇਂ-ਨਵੇਂ ਰੰਗ ਭਰ ਰਹੇ ਹਨ।

ਨਿਊਜ਼ੀਲੈਂਡ ਉਹ ਜਗ੍ਹਾ ਹੈ ਜਿੱਥੇ ਨਿਖਿਲ ਰਵੀਸ਼ੰਕਰ ਏਅਰ ਨਿਊਜ਼ੀਲੈਂਡ ਦੇ ਸੀਈਓ ਬਣ ਸਕਦੇ ਹਨ। ਜਿੱਥੇ ਆਨੰਦ ਸੱਤਿਆਨੰਦ ਗਵਰਨਰ ਜਨਰਲ ਬਣ ਸਕਦੇ ਹਨ, ਜਿੱਥੇ ਕ੍ਰਿਕਟ ਟੀਮ ਵਿੱਚ ਰਚਿਨ ਰਵਿੰਦਰਾ, ਇਸ਼ ਸੋਢੀ ਅਤੇ ਏਜਾਜ਼ ਪਟੇਲ ਵਰਗੇ ਹੁਨਰਮੰਦ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ।

ਨਿਊਜ਼ੀਲੈਂਡ ਉਹ ਜਗ੍ਹਾ ਹੈ ਜਿੱਥੇ ਦੀਆਂ ਸੜਕਾਂ ’ਤੇ ਵੀ ਭਾਰਤੀ ਸ਼ਹਿਰਾਂ ਨੂੰ ਸਨਮਾਨ ਦਿੱਤਾ ਗਿਆ ਹੈ। ਕਿਤੇ ਖੰਡਾਲਾ ਹੈ। ਕਿਤੇ ਬੰਬੇ ਹਿੱਲਜ਼ ਹਨ। ਕਿਤੇ ਕੋਰੋਮੰਡਲ ਹੈ।

ਕਲਕੱਤਾ ਸਟ੍ਰੀਟ, ਦਿੱਲੀ ਕ੍ਰੀਸੈਂਟ, ਅੰਮ੍ਰਿਤਸਰ ਸਟ੍ਰੀਟ, ਅਜਿਹੇ ਕਿੰਨੇ ਹੀ ਨਾਮ ਹਨ। ਇੱਥੇ ਰਹਿੰਦਿਆਂ-ਰਹਿੰਦਿਆਂ ਤੁਸੀਂ ਵੀ ਪੂਰੀ ਤਰ੍ਹਾਂ ਕੀਵੀ ਹੋ ਗਏ ਹੋ। ਜਿਵੇਂ ਮੈਨੂੰ ਦੱਸਿਆ ਗਿਆ ਹੈ ਕਿ ਕਿਸੇ ਵੀ ਵਿਸ਼ੇ ’ਤੇ ਗੱਲ ਸ਼ੁਰੂ ਕਰੋ, ਥੋੜ੍ਹੀ ਹੀ ਦੇਰ ਵਿੱਚ ਗੱਲ ਮੌਸਮ ’ਤੇ ਪਹੁੰਚ ਜਾਂਦੀ ਹੈ!

ਸਾਥੀਓ,

ਮੈਂ ਨਿਊਜ਼ੀਲੈਂਡ ਦੀ ਲੀਡਰਸ਼ਿਪ ਨੂੰ ਜਦੋਂ ਵੀ ਮਿਲਿਆ ਹਾਂ, ਉਹ ਤੁਹਾਡੀ ਸਾਰਿਆਂ ਦੀ ਬਹੁਤ ਤਾਰੀਫ਼ ਕਰਦੇ ਹਨ। ਤਾਰੀਫ਼ ਤੁਹਾਡੀ ਹੁੰਦੀ ਹੈ, ਅਤੇ ਸਿਰ ਮੇਰਾ ਉੱਚਾ ਹੁੰਦਾ ਹੈ।

ਸਾਥੀਓ,

ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ, ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਹੈ ਜੋ ਅੱਜ ਆਪਣੀ ਪ੍ਰਾਚੀਨਤਾ ਨੂੰ ਸਾਂਭਦੇ ਹੋਏ ਆਧੁਨਿਕਤਾ ਨੂੰ ਸਵੀਕਾਰ ਕਰ ਰਹੀ ਹੈ। ਹਰ ਯੁੱਗ ਵਿੱਚ, ਹਰ ਦੌਰ ਵਿੱਚ ਭਾਰਤ ਨੇ ਖੁਦ ਨੂੰ ਬਦਲਿਆ ਹੈ ਅਤੇ ਇਸ ਦਾ ਕਾਰਨ ਹੈ, ਸਾਡੀ ਸਿੱਖਣ ਦੀ ਤਾਂਘ।

ਭਾਰਤ ਸਾਰਿਆਂ ਤੋਂ ਸਿੱਖਦਾ ਹੈ। ਸਾਡੇ ਲਈ ਸਾਹਮਣੇ ਵਾਲੇ ਦੇਸ਼ ਦੀ ਆਬਾਦੀ ਨਹੀਂ, ਸਗੋਂ ਲੋਕ ਭਲਾਈ ਦੀ ਭਾਵਨਾ ਮਾਇਨੇ ਰੱਖਦੀ ਹੈ ਅਤੇ ਇਸ ਲਈ ਅਸੀਂ ਨਿਊਜ਼ੀਲੈਂਡ ਤੋਂ ਵੀ ਬਹੁਤ ਕੁਝ ਸਿੱਖਿਆ ਹੈ ਅਤੇ ਹੁਣ ਵੀ ਸਿੱਖ ਰਹੇ ਹਾਂ।

ਨਿਊਜ਼ੀਲੈਂਡ, ਦੁਨੀਆ ਦਾ ਉਹ ਦੇਸ਼ ਹੈ ਜਿਸ ਨੇ ਸਭ ਤੋਂ ਪਹਿਲਾਂ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਸੀ। ਅੱਜ ਅਸੀਂ ਦੇਖਦੇ ਹਾਂ ਕਿ ਨਿਊਜ਼ੀਲੈਂਡ ਦੇ ਸਮਾਜ ਵਿੱਚ ਔਰਤਾਂ ਬਹੁਤ ਵੱਡੇ ਪੱਧਰ ’ਤੇ ਯੋਗਦਾਨ ਪਾ ਰਹੀਆਂ ਹਨ। ਭਾਰਤ ਵੀ ਅੱਜ ‘ਔਰਤਾਂ ਦੀ ਅਗਵਾਈ ਹੇਠਲੇ ਵਿਕਾਸ’ ਦੇ ਮੰਤਰ ਨਾਲ ਔਰਤਾਂ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹ ਰਿਹਾ ਹੈ।

ਸਾਥੀਓ,

ਪੇਂਡੂ ਅਰਥਵਿਵਸਥਾ, ਕਿਵੇਂ ਕਿਸੇ ਦੇਸ਼ ਦੀ ਕਿਸਮਤ ਬਦਲ ਸਕਦੀ ਹੈ, ਇਹ ਨਿਊਜ਼ੀਲੈਂਡ ਨੇ ਕਰਕੇ ਦਿਖਾਇਆ ਹੈ। ਨਿਊਜ਼ੀਲੈਂਡ ਦੀ ਤਾਕਤ, ਖੇਤੀਬਾੜੀ ਦੇ ਆਲੇ-ਦੁਆਲੇ ਬਣਾਇਆ ਗਿਆ ਇੱਕ ਸ਼ਾਨਦਾਰ ਈਕੋਸਿਸਟਮ ਹੈ। ਟਰੇਸੇਬਿਲਿਟੀ (ਪਛਾਣਯੋਗਤਾ) ਹੋਵੇ, ਫੂਡ ਸੇਫਟੀ ਹੋਵੇ, ਕੰਪਲਾਇੰਸ ਸਿਸਟਮ (ਨਿਯਮਾਂ ਦੀ ਪਾਲਣਾ ਦਾ ਸਿਸਟਮ) ਹੋਵੇ, ਇਹ ਬਹੁਤ ਵੱਡੀ ਪ੍ਰੇਰਨਾ ਹੈ। ਇਹ ਭਾਰਤ ਵਰਗੇ, ਛੋਟੇ ਕਿਸਾਨਾਂ ਵਾਲੇ ਵੱਡੇ ਖੇਤੀਬਾੜੀ ਵਾਲੇ ਦੇਸ਼ ਲਈ ਬਹੁਤ ਵੱਡੀ ਸਿੱਖਿਆ ਹੈ।

ਨਿਊਜ਼ੀਲੈਂਡ ਨੇ ਜ਼ੈਸਪ੍ਰੀ ਮਾਡਲ ਨਾਲ ਦਿਖਾਇਆ ਹੈ ਕਿ ਛੋਟੇ ਕਿਸਾਨ ਵੀ ਬਾਜ਼ਾਰ ਦਾ ਇੱਕ ਵੱਡਾ ਬ੍ਰਾਂਡ ਬਣ ਸਕਦੇ ਹਨ। ਨਿਊਜ਼ੀਲੈਂਡ ਦੀ ਕਲਾਈਮੇਟ-ਸਮਾਰਟ ਪ੍ਰੀਸੀਜ਼ਨ ਫਾਰਮਿੰਗ ਤਕਨਾਲੋਜੀ (ਮੌਸਮ ਅਨੁਕੂਲ ਸਟੀਕ ਖੇਤੀ ਤਕਨੀਕ) ਵਿੱਚ ਵੀ ਸਾਡੇ ਲਈ ਸਿੱਖਣ ਨੂੰ ਬਹੁਤ ਕੁਝ ਹੈ।

ਸਾਥੀਓ,

ਇੱਥੋਂ ਦੇ ਮਾਨੁਕਾ ਸ਼ਹਿਦ ਨੂੰ ‘ਲਿਕੁਇਡ ਗੋਲਡ’ (ਤਰਲ ਸੋਨਾ) ਕਿਹਾ ਜਾਂਦਾ ਹੈ। ਜਿਵੇਂ ਇੱਥੇ ਸ਼ਹਿਦ, ਪਰੰਪਰਾ ਅਤੇ ਸਵਾਦ ਤੋਂ ਇਲਾਵਾ ਸਿਹਤ ਅਤੇ ਤੰਦਰੁਸਤੀ ਨਾਲ ਜੁੜਿਆ ਹੈ, ਉਵੇਂ ਹੀ ਭਾਰਤ ਦੇ ਆਯੁਰਵੇਦ ਵਿੱਚ ਵੀ ਸ਼ਹਿਦ ਦਾ ਬਹੁਤ ਵੱਡਾ ਮਹੱਤਵ ਹੈ। ਤੁਹਾਨੂੰ ਇਹ ਜਾਣ ਕੇ ਚੰਗਾ ਲੱਗੇਗਾ ਕਿ ਭਾਰਤ ਵਿੱਚ ਵੀ ਅਸੀਂ ਮੱਖੀ ਪਾਲਣ ਨੂੰ ਲੈ ਕੇ ਇੱਕ ਮਿਸ਼ਨ ਚਲਾ ਰਹੇ ਹਾਂ। ਇਸ ਨਾਲ ਭਾਰਤ ਵਿੱਚ ਸ਼ਹਿਦ ਦੇ ਉਤਪਾਦਨ ਵਿੱਚ ਕਾਫੀ ਵਾਧਾ ਹੋਇਆ ਹੈ।

ਅਤੇ ਅੱਜ-ਕੱਲ੍ਹ ਤਾਂ ਹਿਮਾਲਿਆ ਦੀਆਂ ਉਚਾਈਆਂ ਤੋਂ ਜੋ ਸ਼ਹਿਦ ਆਉਂਦਾ ਹੈ, ਉਹ ਸੋਨਾ ਕੀ, ਹੀਰਾ ਬਣਦਾ ਜਾ ਰਿਹਾ ਹੈ। ਮੈਂ ਸਮਝਦਾ ਹਾਂ, ਨਿਊਜ਼ੀਲੈਂਡ ਤੋਂ ਅਸੀਂ ਸ਼ਹਿਦ ਦਾ ਉਤਪਾਦਨ ਹੋਰ ਵਧਾਉਣ ਬਾਰੇ ਵੀ ਬਹੁਤ ਕੁਝ ਸਿੱਖ ਸਕਦੇ ਹਾਂ।

ਸਾਥੀਓ,

ਇਸ ਸਾਲ ਭਾਰਤ-ਨਿਊਜ਼ੀਲੈਂਡ ਦੇ ਖੇਡ ਸਬੰਧਾਂ ਦੇ ਸੌ ਸਾਲ ਪੂਰੇ ਹੋ ਰਹੇ ਹਨ। ਸੌ ਸਾਲ ਪਹਿਲਾਂ ਸਾਡੀ ਹਾਕੀ ਟੀਮ ਨਿਊਜ਼ੀਲੈਂਡ ਖੇਡਣ ਆਈ ਸੀ। ਉਸ ਦੌਰੇ ਵਿੱਚ ਮੇਜਰ ਧਿਆਨ ਚੰਦ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਹਰ ਪਾਸੇ ਚਰਚਾ ਹੋਈ ਸੀ। ਉਨ੍ਹਾਂ ਦੀ ਹਾਕੀ ਨੇ ਨਿਊਜ਼ੀਲੈਂਡ ਦੇ ਲੋਕਾਂ ਦਾ ਵੀ ਦਿਲ ਜਿੱਤ ਲਿਆ ਸੀ।

ਸਾਥੀਓ,

ਕੰਟੈਂਟ ਕ੍ਰਿਏਟਰਾਂ ਦੀ ਭਾਸ਼ਾ ਵਿੱਚ ਕਹਾਂ, ਤਾਂ ਇਹ ਕੋਲੈਬ ਦਾ ਜ਼ਮਾਨਾ ਹੈ। ਨਿਊਜ਼ੀਲੈਂਡ ਅਤੇ ਭਾਰਤ ਖੇਡਾਂ ਵਿੱਚ ਵੀ ਬਹੁਤ ਹੀ ਸ਼ਾਨਦਾਰ ਕੋਲੈਬ ਕਰ ਸਕਦੇ ਹਨ। ਜਿਵੇਂ ਇੱਕ ਉਦਾਹਰਣ ਰਗਬੀ ਦੀ ਹੈ। ਮੈਨੂੰ ਹੁਣੇ-ਹੁਣੇ ਦੱਸਿਆ ਗਿਆ ਹੈ ਕਿ ਕੁਝ ਦੇਰ ਪਹਿਲਾਂ ਹੀ ‘ਆਲ ਬਲੈਕਸ’ ਨੇ ਰਗਬੀ ਦੇ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤ ਰਗਬੀ ਵਿੱਚ ਨਿਊਜ਼ੀਲੈਂਡ ਤੋਂ ਸਿੱਖਣਾ ਚਾਹੁੰਦਾ ਹੈ। ਭਾਰਤ ਵੀ ਰਗਬੀ ਵਿੱਚ ਅੱਗੇ ਆਵੇ, ਇਸ ਦੇ ਲਈ ਸਾਨੂੰ ਕੋਚ ਚਾਹੀਦੇ ਹਨ, ਮਾਹਰ ਚਾਹੀਦੇ ਹਨ, ਇਸ ਵਿੱਚ ਨਿਊਜ਼ੀਲੈਂਡ ਸਾਡੀ ਬਹੁਤ ਮਦਦ ਕਰ ਸਕਦਾ ਹੈ। ਹਾਲ ਹੀ ਵਿੱਚ ਭੁਵਨੇਸ਼ਵਰ ਵਿੱਚ “ਨਿਊਜ਼ੀਲੈਂਡ ਰਗਬੀ” ਅਤੇ “ਰਗਬੀ ਇੰਡੀਆ” ਦੇ ਕੋਚਿੰਗ ਪ੍ਰੋਗਰਾਮ ਨੂੰ ਮੈਂ ਇੱਕ ਚੰਗੀ ਸ਼ੁਰੂਆਤ ਮੰਨਦਾ ਹਾਂ।

ਸਾਥੀਓ,

ਅੱਜ ਇੱਥੇ ਆਉਣ ਤੋਂ ਪਹਿਲਾਂ, ਮੈਂ ਇੱਥੇ ਨਿਊਜ਼ੀਲੈਂਡ ਦੇ ਇੱਕ ਸਪੋਰਟਸ ਸਟਾਰਟਅੱਪ ਈਵੈਂਟ ਵਿੱਚ ਗਿਆ ਸੀ। ਸਪੋਰਟਸ-ਟੈੱਕ ਵਿੱਚ ਹੋ ਰਹੀਆਂ ਨਵੀਨਤਾਵਾਂ ਅਤੇ ਨਵੇਂ ਆਈਡੀਆਜ਼ ਨੇ ਵਾਕਈ ਮੈਨੂੰ ਪ੍ਰਭਾਵਿਤ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਪੋਰਟਸ-ਟੈੱਕ ਵਿੱਚ ਮਿਲ ਕੇ ਕਾਫੀ ਕੁਝ ਕਰ ਸਕਦੇ ਹਾਂ।

ਭਾਰਤ ਅਤੇ ਨਿਊਜ਼ੀਲੈਂਡ ਦਾ ਭਵਿੱਖ, ਆਪਸ ਵਿੱਚ ਜੁੜਿਆ ਹੋਇਆ ਹੈ। ਇਸ ਦੀ ਇੱਕ ਉਦਾਹਰਣ, ਪੁਲਾੜ ਸੈਕਟਰ ਵੀ ਹੈ। ਭਾਰਤ ਦਾ ਚੰਦਰਯਾਨ ਜਦੋਂ ਚੰਦ ਦੇ ਸਾਊਥ ਪੋਲ ’ਤੇ ਲੈਂਡ ਕੀਤਾ, ਪੂਰਾ ਨਿਊਜ਼ੀਲੈਂਡ ਉਸ ਦਿਨ ਨੱਚ ਰਿਹਾ ਸੀ। ਅਤੇ ਉਸ ਦਿਨ ਸਾਨੂੰ ਸਾਰਿਆਂ ਨੂੰ ਮਾਣ ਹੋਇਆ ਸੀ।

ਹੁਣ ਤੁਹਾਨੂੰ ਮੈਂ ਮਾਣ ਵਾਲੀ ਇੱਕ ਹੋਰ ਗੱਲ ਦੱਸਦਾ ਹਾਂ। ਤੁਹਾਨੂੰ ਮਾਣ ਦਿਵਾਉਣ ਵਾਲੀ ਇਸ ਕਾਮਯਾਬੀ ਵਿੱਚ ਨਿਊਜ਼ੀਲੈਂਡ ਦੀ ਤਕਨਾਲੋਜੀ ਦਾ ਵੀ ਯੋਗਦਾਨ ਰਿਹਾ ਹੈ। ਨਿਊਜ਼ੀਲੈਂਡ ਦੀ ਸਪੇਸ ਕੰਪਨੀ ਨੇ ਕਈ ਮੌਕਿਆਂ ’ਤੇ ਸਾਡੇ ਨਾਲ ਮਿਲ ਕੇ ਕੰਮ ਕੀਤਾ ਹੈ। ਅਸੀਂ ਇਸ ਸਹਿਯੋਗ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਕੰਮ ਕਰ ਰਹੇ ਹਾਂ।

ਸਾਥੀਓ,

ਸਪੇਸ ਸੈਕਟਰ ਇਹ ਦੱਸਣ ਲਈ ਕਾਫੀ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਦੀ ਅਰਥਵਿਵਸਥਾ, ਇੱਕ-ਦੂਜੇ ਨੂੰ ਕਿੰਨਾ ਕੁਝ ਦੇ ਸਕਦੀਆਂ ਹਨ। ਇਹੀ ਸਾਡੇ ਵਪਾਰ ਸਮਝੌਤੇ ਦੀ ਵੀ ਸਪਿਰਿਟ ਹੈ। ਇਹ ਵਪਾਰ ਸਮਝੌਤਾ ‘ਵਿਕਸਿਤ ਭਾਰਤ’ ਵੱਲ ਸਾਡੀ ਯਾਤਰਾ ਨੂੰ ਗਤੀ ਦੇਵੇਗਾ। ਅਤੇ ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਦੇ ਕਾਰੋਬਾਰਾਂ ਨੂੰ ਨਵੇਂ ਮੌਕੇ ਦੇਵੇਗਾ।

ਸਾਥੀਓ,

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਇੱਕ ਹੋਰ ਬਹੁਤ ਵੱਡੀ ਸਮਾਨਤਾ ਹੈ। ਇਹ ਸਮਾਨਤਾ, ਸਾਡੇ ਮੂਲ ਸੱਭਿਆਚਾਰ ਦੀ ਹੈ, ਮੂਲ ਸੱਭਿਆਚਾਰ ਨੂੰ ਮਨਾਉਣ, ਉਸ ਨੂੰ ਸੰਭਾਲਣ ਦੀ ਹੈ। ਅਤੇ ਅੱਜ ਮੈਂ ਮਾਓਰੀ ਸਮਾਜ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕਰਨਾ ਚਾਹੁੰਦਾ ਹਾਂ।

ਮੈਂ ਹਾਕਾ ਨੂੰ ਸਿਰਫ਼ ਇੱਕ ਪ੍ਰਦਰਸ਼ਨ ਵਜੋਂ ਹੀ ਨਹੀਂ ਦੇਖਿਆ। ਮੈਂ ਹਾਕਾ ਵਿੱਚ, ਇੱਕ ਸਮਾਜ ਦੀ ਰੂਹ ਦੇਖੀ ਹੈ। ਉਸ ਵਿੱਚ ਹੌਂਸਲਾ ਹੈ, ਸਵੈ-ਮਾਣ ਹੈ, ਆਪਣੇ ਪੁਰਖਿਆਂ ਪ੍ਰਤੀ ਸ਼ਰਧਾ ਹੈ, ਅਤੇ ਪੂਰੇ ਭਾਈਚਾਰੇ ਦੀ ਸਮੂਹਿਕ ਤਾਕਤ ਦਾ ਅਹਿਸਾਸ ਹੈ।

ਸਾਥੀਓ,

ਮਾਓਰੀ ਸੱਭਿਆਚਾਰ ਵਿੱਚ ਇੱਕ ਬਹੁਤ ਸੁੰਦਰ ਸ਼ਬਦ ਹੈ- ‘ਮਨਾ-ਕਿਤਾਂਗਾ’। ਇਸ ਦਾ ਮਤਲਬ ਹੈ, ਸਨਮਾਨ ਦੇਣਾ, ਅਪਣੱਤ ਦੇਣਾ, ਅਤੇ ਪੂਰੇ ਦਿਲ ਨਾਲ ਉਸ ਦੀ ਦੇਖਭਾਲ ਕਰਨਾ। ਭਾਰਤ ਵਿੱਚ ਵੀ ਅਸੀਂ ਕਹਿੰਦੇ ਹਾਂ ਅਤਿਥੀ ਦੇਵੋ ਭਵਃ (ਮਹਿਮਾਨ ਰੱਬ ਦਾ ਰੂਪ ਹੁੰਦਾ ਹੈ)।

ਸ਼ਬਦ ਵੱਖਰੇ ਹਨ, ਮਾਹੌਲ ਵੱਖਰਾ ਹੈ, ਪਹਿਰਾਵਾ ਵੱਖਰਾ ਹੈ, ਭਾਸ਼ਾਵਾਂ ਵੱਖਰੀਆਂ ਹਨ, ਪਰ ਭਾਵਨਾ ਬਿਲਕੁਲ ਇੱਕੋ ਹੀ ਹੈ।

ਇਸੇ ਤਰ੍ਹਾਂ ਮਾਓਰੀ ਸੱਭਿਆਚਾਰ ਵਿੱਚ ਪਰਿਵਾਰ ਲਈ ਇੱਕ ਸੁੰਦਰ ਸ਼ਬਦ ਹੈ— ‘ਫਾਨੋ’ ਭਾਵ ਪਰਿਵਾਰ। ਇਸ ਵਿੱਚ ਕਈ ਪੀੜ੍ਹੀਆਂ ਹੁੰਦੀਆਂ ਹਨ। ਰਿਸ਼ਤੇ ਹੁੰਦੇ ਹਨ। ਪੂਰਾ ਭਾਈਚਾਰਾ ਹੁੰਦਾ ਹੈ। ਭਾਰਤ ਵੀ, ਪਰਿਵਾਰ ਨੂੰ ਸਿਰਫ਼ ਇੱਕ ਸਮਾਜਿਕ ਵਿਵਸਥਾ ਨਹੀਂ ਮੰਨਦਾ, ਸਾਡੇ ਲਈ ਪਰਿਵਾਰ, ਇੱਕ ਸੰਸਥਾ ਹੈ।

ਸਾਥੀਓ,

ਮਾਓਰੀ ਪਰੰਪਰਾ ਦਾ ਇੱਕ ਹੋਰ ਸੁੰਦਰ ਵਿਚਾਰ ਹੈ— ‘ਕਾਈਤਿਆ ਕਿਤਾਂਗਾ’। ਇਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕੁਦਰਤ ਦੇ ਮਾਲਕ ਨਹੀਂ ਹਾਂ। ਅਸੀਂ ਉਸ ਦੇ ਰੱਖਿਅਕ (ਸੰਭਾਲਣ ਵਾਲੇ) ਹਾਂ। ਭਾਰਤ ਵਿੱਚ ਵੀ ਕਿਹਾ ਗਿਆ ਹੈ— ”माता भूमिः पुत्रोऽहं पृथिव्याः।’ ਧਰਤੀ ਸਾਡੀ ਮਾਤਾ ਹੈ। ਇਸੇ ਸੋਚ ਨੂੰ ਆਧਾਰ ਬਣਾਉਂਦੇ ਹੋਏ ਅਸੀਂ ਭਾਰਤ ਵਿੱਚ ਧਰਤੀ ਮਾਂ ਦੀ ਸੰਭਾਲ ਲਈ, ‘ਇੱਕ ਪੇੜ ਮਾਂ ਦੇ ਨਾਮ’, ‘ਕੁਦਰਤੀ ਖੇਤੀ ਮਿਸ਼ਨ’, ਵਰਗੀਆਂ ਕਈ ਮੁਹਿੰਮਾਂ ਚਲਾ ਰਹੇ ਹਾਂ।

ਸਾਥੀਓ,

ਮੈਂ ਜਾਣਦਾ ਹਾਂ, ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦੇ ਹੋਏ ਵੀ ਤੁਹਾਡੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿੱਚ, ਦਿਨ ਭਰ ਦੀ ਰੁਟੀਨ ਵਿੱਚ ਕਿਤੇ ਨਾ ਕਿਤੇ ਹਿੰਦੁਸਤਾਨ ਝਲਕਦਾ ਹੀ ਰਹਿੰਦਾ ਹੈ, ਹਿੰਦੁਸਤਾਨ ਵੱਸਦਾ ਹੀ ਹੈ। ਸਹੀ ਹੈ ਕਿ ਨਹੀਂ? ਸਰੀਰ ਇੱਥੇ ਹੋਵੇਗਾ, ਮਨ? ਅਤੇ ਇਸੇ ਲਈ, ਤੁਸੀਂ ਭਾਰਤ ਦੀ ਹਰ ਪ੍ਰਾਪਤੀ ’ਤੇ ਵੀ ਨਜ਼ਰ ਰੱਖਦੇ ਹੋ।

ਅਤੇ ਜਦੋਂ ਕ੍ਰਿਕਟ ਸਟੇਡੀਅਮ ਵਿੱਚ ਬੈਠ ਕੇ ਦੇਖਦੇ ਹੋ, ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਣ ਤੋਂ ਰਹਿ ਜਾਂਦੀਆਂ ਹਨ। ਪਰ ਘਰ ਵਿੱਚ ਟੀਵੀ ’ਤੇ ਬੈਠ ਕੇ ਜਦੋਂ ਦੇਖਦੇ ਹੋ, ਤਾਂ ਹਰ ਬਾਰੀਕੀ ਦਾ ਪਤਾ ਲੱਗਦਾ ਹੈ। ਉਸੇ ਤਰ੍ਹਾਂ, ਤੁਹਾਨੂੰ ਵੀ ਭਾਰਤ ਦੀ ਹਰ ਬਾਰੀਕੀ ਦਾ ਪਤਾ ਲੱਗਦਾ ਹੈ। ਅਤੇ ਇਹੀ ਗੱਲ ਸਾਨੂੰ ਸਭ ਤੋਂ ਖ਼ਾਸ ਬਣਾਉਂਦੀ ਹੈ।

ਭਾਰਤੀ ਦੇਸ਼ ਤੋਂ ਬਾਹਰ ਜਿਸ ਦੇਸ਼ ਵਿੱਚ ਰਹਿੰਦੇ ਹਨ, ਉੱਥੇ ਉਸ ਦੇਸ਼ ਦੀ ਤਰੱਕੀ ਵਿੱਚ ਮਦਦ ਕਰਦੇ ਹਨ, ਅਤੇ ਆਪਣੇ ਦੇਸ਼ ਦੇ ਵਿਕਾਸ ਦੀ ਵੀ ਜਾਣਕਾਰੀ ਰੱਖਦੇ ਹਨ।

ਸਾਥੀਓ,

ਅਸੀਂ ਜਿੰਨਾ ਪਿਆਰ ਜਨਮ ਭੂਮੀ ਨੂੰ ਕਰਦੇ ਹਾਂ, ਓਨਾ ਹੀ ਸਮਰਪਣ ਕਰਮ ਭੂਮੀ ਨੂੰ ਵੀ ਕਰਦੇ ਹਾਂ।

ਸਾਥੀਓ,

ਆਲਮੀ ਚੁਣੌਤੀਆਂ ਵਿਚਕਾਰ, ਅੱਜ ਭਾਰਤ ਜਿਸ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਉਹ ਬੇਮਿਸਾਲ ਹੈ। ਮੈਂ ਤੁਹਾਡੇ ਸਾਹਮਣੇ ਦੇਸ਼ ਦੀਆਂ ਪ੍ਰਾਪਤੀਆਂ ਦਾ, ਭਾਰਤ ਦੀ ਸਮਰੱਥਾ ਦਾ ਇੱਕ ਗੁਲਦਸਤਾ ਪੇਸ਼ ਕਰਾਂਗਾ। ਇਹ ਗੁਲਦਸਤਾ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ। ਅਤੇ ਮੈਂ ਪੱਕਾ ਮੰਨਦਾ ਹਾਂ ਕਿ ਇਸ ਗੁਲਦਸਤੇ ਵਿੱਚ ਤੁਹਾਡੀ ਪਸੰਦ ਦਾ ਕੋਈ ਨਾ ਕੋਈ ਫੁੱਲ ਜ਼ਰੂਰ ਹੋਵੇਗਾ, ਜੋ ਤੁਹਾਨੂੰ ਸੁੰਦਰ ਵੀ ਲੱਗੇਗਾ ਅਤੇ ਮਾਣ ਨਾਲ ਭਰ ਵੀ ਦੇਵੇਗਾ।

ਤਾਂ ਤੁਸੀਂ ਤਿਆਰ ਹੋ? ਗੁਲਦਸਤਾ ਪੇਸ਼ ਕਰਾਂ? ਹੁਣ ਤੁਸੀਂ ਲੱਭਣਾ ਹੈ ਕਿ ਤੁਹਾਡਾ ਫੁੱਲ ਕਿੱਥੇ ਹੈ ਉਸ ਵਿੱਚ, ਜਾਂ ਤਾਂ ਸਾਰੇ ਦੇ ਸਾਰੇ ਫੁੱਲ ਤੁਹਾਡੇ ਹਨ।

ਸਾਥੀਓ,

ਭਾਰਤ ਅੱਜ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਹੈ। ਭਾਰਤ ਮੋਬਾਈਲ ਡੇਟਾ ਦੀ ਖਪਤ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਹੈ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਹੈ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਲੀਕਾਮ ਬਾਜ਼ਾਰ ਹੈ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਅੱਜ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੱਛੀ ਉਤਪਾਦਕ ਹੈ।

ਸਾਥੀਓ,

ਇੰਨਾ ਹੀ ਨਹੀਂ, ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋਮੋਬਾਈਲ ਬਾਜ਼ਾਰ ਹੈ। ਅੱਜ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਚੁੱਕਾ ਹੈ। ਭਾਰਤ ਬਹੁਤ ਜਲਦ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਨਵਿਆਉਣਯੋਗ ਊਰਜਾ ਉਤਪਾਦਕ ਬਣਨ ਜਾ ਰਿਹਾ ਹੈ। ਸੂਰਜੀ ਊਰਜਾ  ਸਮਰੱਥਾ ਵਿੱਚ ਵੀ ਭਾਰਤ ਦੁਨੀਆ ਦੇ ਵੱਡੇ ਦੇਸ਼ਾਂ ਵਿੱਚ ਸ਼ਾਮਲ ਹੋ ਚੁੱਕਾ ਹੈ।

ਸਾਥੀਓ,

ਅੱਜ ਦਾ ਭਾਰਤ, ਦੁਨੀਆ ਨੂੰ ਵਿਕਾਸ ਦੇ ਨਵੇਂ ਮਾਡਲ ਵੀ ਦੇ ਰਿਹਾ ਹੈ। ਅੱਜ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਪਛਾਣ ਪਲੇਟਫਾਰਮ ਦਾ ਸਫਲਤਾਪੂਰਵਕ ਸੰਚਾਲਨ ਕਰ ਰਿਹਾ ਹੈ। ਅੱਜ ਭਾਰਤ ਵਿੱਚ ਯੂਪੀਆਈ ਰਾਹੀਂ ਹਰ ਮਹੀਨੇ ਅਰਬਾਂ ਡਿਜੀਟਲ ਲੈਣ-ਦੇਣ ਹੋ ਰਹੇ ਹਨ। ਭਾਰਤ ਦੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਵਿੱਚ ਅੱਜ ਦੁਨੀਆ ਦੇ ਦਰਜਨਾਂ ਦੇਸ਼ ਦਿਲਚਸਪੀ ਦਿਖਾ ਰਹੇ ਹਨ। ਡਰੋਨ ਤਕਨਾਲੋਜੀ ਅਤੇ ਸਪੇਸ ਇਕੌਨਮੀ ਵਿੱਚ ਭਾਰਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ।

ਸਾਥੀਓ,

ਇਹ ਉਸ ਨਵੇਂ ਭਾਰਤ ਦੀਆਂ ਤਸਵੀਰਾਂ ਹਨ, ਜੋ ਦਿਖਾਉਂਦੀਆਂ ਹਨ ਕਿ ਕਿਵੇਂ ਭਾਰਤ ਨਿਊਜ਼ੀਲੈਂਡ ਵਾਂਗ, ਵਾਤਾਵਰਨ ਅਤੇ ਅਰਥ-ਵਿਵਸਥਾ ਦੋਵਾਂ ਵਿੱਚ ਸੰਤੁਲਨ ਬਣਾ ਕੇ ਚੱਲ ਰਿਹਾ ਹੈ।

ਸਾਥੀਓ,

ਭਾਰਤ ਦੇ ਇਸ ਵਿਕਾਸ ਦਾ ਇੱਕ ਹੋਰ ਪਹਿਲੂ ਵੀ ਹੈ, ਇਹ ਪਹਿਲੂ ਸਾਡੀ ਵਿਰਾਸਤ ਹੈ, ਸਾਡੀ ਹੈਰੀਟੇਜ ਹੈ। ਭਾਰਤ, ਜਿੰਨਾ ਮਹੱਤਵ ਆਪਣੀ ਅਰਥ-ਵਿਵਸਥਾ ਅਤੇ ਵਾਤਾਵਰਨ ਨੂੰ ਦਿੰਦਾ ਹੈ, ਓਨਾ ਹੀ ਧਿਆਨ ਆਪਣੀ ਵਿਰਾਸਤ ’ਤੇ ਵੀ ਦਿੰਦਾ ਹੈ।

ਸਾਥੀਓ,

ਭਾਰਤ ਕਿਵੇਂ ਕੰਮ ਕਰਦਾ ਹੈ, ਇਸ ਦੀ ਉਦਾਹਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਹਨ। ਜਦੋਂ ਅਫ਼ਗਾਨਿਸਤਾਨ ਵਿੱਚ ਸੰਕਟ ਆਇਆ, ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਨੂੰ ਪੂਰੇ ਸਤਿਕਾਰ ਨਾਲ ਭਾਰਤ ਲੈ ਕੇ ਆਏ।

ਸਾਥੀਓ,

ਸਾਡੇ ਮਹਾਨ ਸਿੱਖ ਗੁਰੂਆਂ ਨੇ ਪੂਰੀ ਮਨੁੱਖਤਾ ਨੂੰ ਸੇਵਾ, ਹੌਂਸਲੇ, ਬਰਾਬਰੀ ਅਤੇ ਦਇਆ ਦਾ ਸੰਦੇਸ਼ ਦਿੱਤਾ ਹੈ। ਦੁਨੀਆ ਦੇ ਹਰ ਹਿੱਸੇ ਵਿੱਚ ਗੁਰਦੁਆਰੇ, ਸੇਵਾ ਦੇ ਕੇਂਦਰ ਹਨ। ਕੋਈ ਭੁੱਖਾ ਆਵੇ, ਉਸ ਨੂੰ ਭੋਜਨ ਮਿਲਦਾ ਹੈ। ਕੋਈ ਸੰਕਟ ਵਿੱਚ ਹੋਵੇ, ਉਸ ਨੂੰ ਸਹਾਰਾ ਮਿਲਦਾ ਹੈ।

ਇਸੇ ਮਾਹੌਲ ਵਿੱਚ ਸਿੱਖ ਭਾਈਚਾਰੇ ਦੇ ਕੁਝ ਭਰਾਵਾਂ ਅਤੇ ਭੈਣਾਂ ਨੇ ਸਾਨੂੰ ਦੱਸਿਆ ਸੀ ਕਿ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਲਈ ਐੱਫਸੀਆਰਏ ਨਾਲ ਜੁੜੀਆਂ ਕੁਝ ਪਰੇਸ਼ਾਨੀਆਂ ਆ ਰਹੀਆਂ ਹਨ। ਅਸੀਂ ਉਸ ਸਮੱਸਿਆ ਦਾ ਤੁਰੰਤ ਹੱਲ ਕੀਤਾ।

ਸਾਥੀਓ,

ਤੁਸੀਂ ਸਾਰੇ ਸ੍ਰੀ ਹੇਮਕੁੰਟ ਸਾਹਿਬ ਜੀ ਬਾਰੇ ਵੀ ਜਾਣਦੇ ਹੋ। ਹਿਮਾਲਿਆ ਦੀਆਂ ਉਚਾਈਆਂ ’ਤੇ ਹੈ। ਸਾਲ ਦਾ ਲੰਬਾ ਸਮਾਂ ਬਰਫ਼ ਦੀਆਂ ਚੋਟੀਆਂ ਨਾਲ ਘਿਰਿਆ ਰਹਿੰਦਾ ਹੈ। ਉੱਥੇ ਜੇਕਰ ਕੋਈ ਦਰਸ਼ਨ ਕਰਨ ਲਈ ਜਾਣਾ ਚਾਹੇ ਤਾਂ ਬੜਾ ਔਖਾ ਰਸਤਾ ਹੈ, ਬਹੁਤ ਘੱਟ ਲੋਕ ਜਾ ਪਾਉਂਦੇ ਹਨ। ਖ਼ਾਸ ਕਰਕੇ ਸਾਡੇ ਸਿੱਖ ਭੈਣ-ਭਰਾ ਉੱਥੇ ਯਾਤਰਾ ਲਈ ਜਾਂਦੇ ਹਨ।

ਉੱਥੇ ਦਰਸ਼ਨਾਂ ਲਈ ਜਾਣ ਵਿੱਚ, ਖ਼ਾਸ ਕਰਕੇ ਸਾਡੇ ਬਜ਼ੁਰਗਾਂ ਨੂੰ, ਸਾਡੇ ਸਿੱਖ ਭੈਣ-ਭਰਾਵਾਂ ਨੂੰ ਸਹੂਲਤ ਹੋਵੇ, ਇਸ ਲਈ ਸਰਕਾਰ ਹੇਮਕੁੰਟ ਸਾਹਿਬ ਤੱਕ ਰੋਪਵੇਅ ਵੀ ਬਣਵਾ ਰਹੀ ਹੈ।

ਸਾਥੀਓ,

ਸਾਡੀ ਹੀ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਕੁਰਬਾਨੀ ਦੀ ਅਮਰ ਯਾਦ ਵਿੱਚ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣਾ ਸ਼ੁਰੂ ਕੀਤਾ ਹੈ। ਅੱਜ ਇਹ ਦਿਹਾੜਾ ਪੂਰੇ ਦੇਸ਼ ਲਈ ਪ੍ਰੇਰਨਾ ਦਾ ਤਿਉਹਾਰ ਬਣ ਚੁੱਕਾ ਹੈ। ਅੱਜ ਕੇਰਲ ਤੋਂ ਲੈ ਕੇ ਅਸਾਮ ਤੱਕ ਦਾ ਬੱਚਾ ਵੀ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਬਾਰੇ ਜਾਣਨ ਲੱਗਾ ਹੈ।

‘ਵੀਰ ਬਾਲ ਦਿਵਸ’ ਨੇ ਭਾਰਤ ਦੇ ਅਣਗਿਣਤ ਬੱਚਿਆਂ ਦੇ ਮਨਾਂ ਵਿੱਚ, ਨੌਜਵਾਨਾਂ ਦੇ ਦਿਲਾਂ ਵਿੱਚ ਅਟੁੱਟ ਹੌਂਸਲੇ ਦਾ ਸੰਚਾਰ ਕੀਤਾ ਹੈ।

ਸਾਥੀਓ,

ਮੈਂ ਤੁਹਾਡੇ ਨਾਲ ਪਵਿੱਤਰ ‘ਜੋੜੇ ਸਾਹਿਬ’ ਦੀ ਵੀ ਗੱਲ ਕਰਾਂਗਾ। ਮੇਰੀ ਸਰਕਾਰ ਵਿੱਚ ਮੇਰੇ ਇੱਕ ਸਾਥੀ ਹਨ, ਸ਼੍ਰੀਮਾਨ ਹਰਦੀਪ ਪੁਰੀ ਜੀ। ਪੁਰੀ ਪਰਿਵਾਰ ਦੇ ਪੁਰਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਾਦਾਰ ਸਨ। ਹਰਦੀਪ ਪੁਰੀ ਜੀ ਨੇ ਮੈਨੂੰ ਇਹ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ “ਜੋੜੇ ਸਾਹਿਬ” 300 ਸਾਲ ਤੋਂ ਸਾਂਭ ਕੇ ਰੱਖੇ ਹੋਏ ਹਨ।

ਵੰਡ ਦੇ ਸਮੇਂ ਪੁਰੀ ਸਾਹਿਬ ਦੇ ਪੁਰਖੇ ਇਨ੍ਹਾਂ ਨੂੰ ਸੁਰੱਖਿਅਤ ਦਿੱਲੀ ਲੈ ਆਏ ਸਨ। ਪਵਿੱਤਰ “ਜੋੜੇ ਸਾਹਿਬ” ਨੂੰ ਉਨ੍ਹਾਂ ਦਾ ਪਰਿਵਾਰ ਸਿੱਖ ਸੰਗਤ ਨੂੰ ਸੌਂਪਣਾ ਚਾਹੁੰਦਾ ਸੀ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਦੇ ਦਰਸ਼ਨ ਕਰ ਸਕਣ।

ਫਿਰ ਅਸੀਂ ਇੱਕ ਕਮੇਟੀ ਬਣਾਈ, ਜੋ ਸਿੱਖ ਪਰੰਪਰਾਵਾਂ ਨੂੰ ਜਾਣਦੇ ਹਨ, ਉਨ੍ਹਾਂ ਮਾਹਰਾਂ ਦੀ ਅਸੀਂ ਸਲਾਹ ਲਈ ਅਤੇ ਅਸੀਂ ਫੈਸਲਾ ਕੀਤਾ ਕਿ ਇਨ੍ਹਾਂ ਪਵਿੱਤਰ ਜੋੜੇ ਸਾਹਿਬ ਨੂੰ ਉੱਥੇ ਲਿਜਾਇਆ ਜਾਵੇ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਹਿਲੀ ਵਾਰ ਪਾਵਨ ਭੂਮੀ ’ਤੇ ਪਏ, ਜਿੱਥੇ ਉਨ੍ਹਾਂ ਦਾ ਜਨਮ ਹੋਇਆ, ਭਾਵ ਸਾਡੇ ਸ਼੍ਰੀ ਪਟਨਾ ਸਾਹਿਬ।

ਮੈਨੂੰ ਬਹੁਤ ਖ਼ੁਸ਼ੀ ਹੈ ਕਿ ਹੁਣ ਇਹ ਪਵਿੱਤਰ ਜੋੜੇ ਸਾਹਿਬ ਪਟਨਾ ਸਾਹਿਬ ਦੀ ਪਾਵਨ ਭੂਮੀ ’ਤੇ ਹਨ ਅਤੇ ਇਹ ਮੇਰਾ ਸੁਭਾਗ ਹੈ ਕਿ ਉਸ ਪਵਿੱਤਰ ਮੌਕੇ ਦਾ ਮੈਨੂੰ ਗਵਾਹ ਬਣਨ ਦਾ, ਉੱਥੇ ਮੌਜੂਦ ਰਹਿਣ ਦਾ ਸੁਭਾਗ ਮਿਲਿਆ ਸੀ। ਮੈਂ ਤੁਹਾਨੂੰ ਵੀ ਅਪੀਲ ਕਰਾਂਗਾ ਕਿ ਜਦੋਂ ਵੀ ਭਾਰਤ ਜਾਓ, ਪਟਨਾ ਸਾਹਿਬ ਵਿੱਚ ਉਨ੍ਹਾਂ ਦੇ ਦਰਸ਼ਨ ਜ਼ਰੂਰ ਕਰੋ।

ਸਾਥੀਓ,

ਅੱਜ ਮੈਂ ਇੱਥੋਂ ਬਹੁਤ ਸਾਰਾ ਵਿਸ਼ਵਾਸ, ਬਹੁਤ ਸਾਰਾ ਪਿਆਰ, ਅਤੇ ਬਹੁਤ ਸਾਰੀਆਂ ਯਾਦਾਂ ਲੈ ਕੇ ਜਾ ਰਿਹਾ ਹਾਂ। ਅਤੇ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ, ਇਸ ਵਾਰ ਭਾਰਤੀ ਪ੍ਰਧਾਨ ਮੰਤਰੀ ਨੂੰ ਨਿਊਜ਼ੀਲੈਂਡ ਆਉਣ ਵਿੱਚ 40 ਸਾਲ ਲੱਗੇ ਹਨ, ਪਰ ਹੁਣ ਇੰਨਾ ਲੰਮਾ ਇੰਤਜ਼ਾਰ ਤੁਹਾਨੂੰ ਨਹੀਂ ਕਰਨਾ ਪਵੇਗਾ। ਹੁਣ 40 ਸਾਲ ਨਹੀਂ ਲੱਗਣਗੇ, ਇਹ ਮੋਦੀ ਦੀ ਗਾਰੰਟੀ ਹੈ।

ਅਤੇ ਮੋਦੀ ਦੀ ਗਾਰੰਟੀ ਮਤਲਬ, ਗਾਰੰਟੀ ਪੂਰੀ ਹੋਣ ਦੀ ਗਾਰੰਟੀ।

ਸਾਥੀਓ,

ਮੈਂ ਤੁਹਾਨੂੰ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਹਾਂ। ਅਸੀਂ ਕੁਝ ਸਮਾਂ ਪਹਿਲਾਂ, ਸਾਡੇ ਭਾਰਤੀ ਪ੍ਰਵਾਸੀਆਂ (ਇੰਡੀਅਨ ਡਾਇਸਪੋਰਾ) ਦੇ ਬੱਚਿਆਂ ਲਈ ਇੱਕ ਨਵਾਂ ਤਜਰਬਾ ਕੀਤਾ ਹੈ। ਸਾਡੇ ਬੱਚੇ ਭਾਰਤ ਨੂੰ ਸਮਝਣ ਅਤੇ ਭਾਰਤ ਦੀ ਵਿਭਿੰਨਤਾ ਦੀ ਗੱਲ ਦੁਨੀਆ ਤੱਕ ਪਹੁੰਚੇ, ਇਸ ਦੇ ਲਈ ਅਸੀਂ ‘ਭਾਰਤ ਕੋ ਜਾਨੋ’ ਕੁਇਜ਼ ਦੀ ਸ਼ੁਰੂਆਤ ਕੀਤੀ ਹੈ। ਅਜੇ ਇਸ ਦਾ ਕਰਟੇਨ-ਰੇਜ਼ਰ ਹੀ ਹੋਇਆ ਹੈ, ਅਤੇ ਸਾਡੇ ਸਾਥੀਆਂ ਨੇ ਇਸ ਵਿੱਚ ਹੀ ਜਿਸ ਊਰਜਾ ਨਾਲ ਹਿੱਸਾ ਲਿਆ ਹੈ, ਮੈਂ ਉਹੀ ਦੇਖ ਕੇ ਬਹੁਤ ਪ੍ਰਭਾਵਿਤ ਹਾਂ।

ਹੁਣ ਅਸੀਂ ਇਸ ਈਵੈਂਟ ਦੇ ਛੇਵੇਂ ਐਡੀਸ਼ਨ ਨੂੰ ਹੋਰ ਹਾਈ-ਟੈੱਕ ਬਣਾ ਰਹੇ ਹਾਂ। ਬਹੁਤ ਸਾਰੇ ਈਵੈਂਟਸ ਇਸ ਵਾਰ ਐਪ ਰਾਹੀਂ ਹੋਣ ਵਾਲੇ ਹਨ। ਮੇਰੀ ਅਪੀਲ ਹੈ ਕਿ ਇੱਥੇ ਜਿੰਨੇ ਵੀ ਨੌਜਵਾਨ ਸਾਥੀ ਹਨ, ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਨ। ਭਾਰਤ ਨੂੰ ਜਾਣਨ ਅਤੇ ਭਾਰਤ ਦੀ ਵਿਰਾਸਤ ਨੂੰ ਨਿਊਜ਼ੀਲੈਂਡ ਦੇ ਲੋਕਾਂ ਨਾਲ ਜੋੜਨ।

ਸਾਥੀਓ,

ਮੈਂ ਇੱਕ ਸ਼ਾਨਦਾਰ ਭਵਿੱਖ ਸਾਹਮਣੇ ਦੇਖ ਰਿਹਾ ਹਾਂ, ਜਿਸ ਵਿੱਚ ‘ਵਿਕਸਿਤ ਭਾਰਤ’ ਦੀ ਰੌਸ਼ਨੀ ਵੀ ਹੈ, ਅਤੇ ਨਿਊਜ਼ੀਲੈਂਡ ਦੀ ਖ਼ੁਸ਼ਹਾਲੀ ਵੀ ਹੈ। ਇਸੇ ਵਿਸ਼ਵਾਸ ਨਾਲ, ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ।

ਪ੍ਰਧਾਨ ਮੰਤਰੀ ਲਕਸਨ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ! ਨਿਊਜ਼ੀਲੈਂਡ ਦੇ ਲੋਕਾਂ ਦਾ ਧੰਨਵਾਦ!

ਇੱਕ ਵਾਰ ਫਿਰ ਮੇਰੇ ਨਾਲ ਬੋਲੋ, ਭਾਰਤ ਮਾਤਾ ਦੀ ਜੈ! ਵੰਦੇ ਮਾਤਰਮ!

ਥੈਂਕ ਯੂ!

ਕੀਆ ਓਰਾ!

 

****

ਐੱਮਜੇਪੀਐੱਸ/ਐੱਸਐੱਸ/ਐੱਸਟੀ