ਪੀਐੱਮਇੰਡੀਆ
ਸੁਤੰਤਰਤਾ ਸੰਗਰਾਮ ਦੇ ਨਾਇਕਾਂ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੁਭਾਸ਼ ਚੰਦਰ ਬੋਸ ਦੇ 122 ਵੀਂ ਜਨਮ ਵਰ੍ਹੇਗੰਢ ਉੱਤੇ ਲਾਲ ਕਿਲ੍ਹੇ ਵਿਖੇ ਉਨ੍ਹਾਂ ਨੂੰ ਪੁਸ਼ਪਾਂਜਲੀਆਂ ਦਿੱਤੀਆਂ ਅਤੇ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਉਦਘਾਟਨ ਕੀਤਾ।
ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਮਿਊਜ਼ੀਅਮ ਗਏ। ਪ੍ਰਧਾਨ ਮੰਤਰੀ ਨੇ ਕਿਹਾ ,‘‘ ਮੈਂ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੀ ਜਯੰਤੀ ’ਤੇ ਨਮਨ ਕਰਦਾ ਹਾਂ। ਉਹ ਇੱਕ ਮਹਾਰਥੀ ਸਨ ਜਿਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਲਈ ਕਿ ਭਾਰਤ ਅਜ਼ਾਦ ਹੋਵੇ ਅਤੇ ਇੱਜ਼ਤ ਦੀ ਜ਼ਿੰਦਗੀ ਜੀਵੇ ਪ੍ਰਤੀ ਆਪਣੇ ਆਪ ਨੂੰ ਪ੍ਰਤੀਬੱਧ ਕੀਤਾ ਸੀ। ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਪੂਰਾ ਕਰਨ ਅਤੇ ਮਜ਼ਬੂਤ ਭਾਰਤ ਸਿਰਜਣ ਪ੍ਰਤੀ ਪ੍ਰਤੀਬੱਧ ਹਾਂ। ’’
ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਦੀਵਾਰਾਂ ਤੋਂ ਇਤਿਹਾਸ ਦੀ ਗੂੰਜ ਸੁਣਾਈ ਦਿੰਦੀ ਹੈ। ਇਸੇ ਇਮਾਰਤ ਵਿੱਚ ਭਾਰਤ ਦੇ ਮਹਾਨ ਸਪੂਤ ਕਰਨਲ ਪ੍ਰੇਮ ਸਹਿਗਲ, ਕਰਨਲ ਗੁਰਬਖਸ਼ ਸਿੰਘ ਢਿੱਲੋਂ ਅਤੇ ਮੇਜਰ ਜਨਰਲ ਸ਼ਾਹ ਨਵਾਜ਼ ਖਾਂ ਉੱਤੇ ਬਸਤੀਵਾਦੀ ਸ਼ਾਸਕਾਂ ਨੇ ਮੁਕੱਦਮਾ ਚਲਾਇਆ ਸੀ। ਉਨ੍ਹਾਂ ਉਹ ਤਸਵੀਰਾਂ ਦੇਖੀਆਂ ਜੋ ਕਿ ਸੁਭਾਸ਼ ਚੰਦਰ ਬੋਸ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਇਤਿਹਾਸ ਦਾ ਵਿਸਤ੍ਰਿਤ ਵਰਣਨ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਨੇਤਾ ਜੀ ਅਤੇ ਆਈਐਨਏ ਨਾਲ ਸਬੰਧਤ ਕੁਝ ਯਾਦਗਾਰੀ ਵਸਤਾਂ, ਜਿਵੇਂ ਕਿ ਨੇਤਾ ਜੀ ਵੱਲੋਂ ਵਰਤੀ ਗਈ ਲਕੜੀ ਦੀ ਕੁਰਸੀ ਅਤੇ ਤਲਵਾਰ ਵੇਖੀਆਂ।
ਪ੍ਰਧਾਨ ਮੰਤਰੀ ਨੇ ਇਥੇ ਚਿਤਰ, ਪੇਂਟਿੰਗਸ ਅਤੇ ਅਖ਼ਬਾਰਾਂ ਦੀਆਂ ਕਲਿਪਿੰਗ ਵੀ ਦੇਖੀਆਂ ਜਿਨ੍ਹਾਂ ਵਿੱਚ ਜਲ੍ਹਿਆਂ ਵਾਲਾ ਬਾਗ ਕਤਲੇਆਮ ਦਾ ਸਹੀ ਵੇਰਵਾ ਯਾਦ-ਏ-ਜੱਲ੍ਹਿਆਂ ਮਿਊਜ਼ੀਅਮ ਵਿੱਚ ਦਿੱਤਾ ਗਿਆ ਹੈ। ਇਹ ਮਿਊਜ਼ੀਅਮ ਦਰਸ਼ਕਾਂ ਨੂੰ 1919 ਦੇ ਜੱਲ੍ਹਿਆਂ ਵਾਲਾ ਬਾਗ ਕਤਲੇਆਮ ਅਤੇ ਪਹਿਲੀ ਵਿਸ਼ਵ ਜੰਗ ਦੌਰਾਨ ਭਾਰਤੀ ਸਿਪਾਹੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ।
ਉਹ 1857-ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ ਬਾਰੇ ਮਿਊਜ਼ੀਅਮ ਵੀ ਦੇਖਣ ਗਏ ਅਤੇ ਉਥੇ 1857 ਦੀ ਅਜ਼ਾਦੀ ਦੀ ਜੰਗ ਬਾਰੇ ਇਤਿਹਾਸਿਕ ਵੇਰਵੇ ਅਤੇ ਇਸ ਸਮੇਂ ਦੌਰਾਨ ਭਾਰਤੀਆਂ ਵੱਲੋਂ ਦਿਖਾਈ ਗਈ ਦਲੇਰੀ ਅਤੇ ਕੁਰਬਾਨੀਆਂ ਤੋਂ ਜਾਣੂ ਹੋਏ। ਇਹ ਮਿਊਜ਼ੀਅਮ ਸਾਡੇ ਸੁਤੰਤਰਤਾ ਸੈਨਾਨੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਉਸੇ ਥਾਂ ਉੱਤੇ ਆਯੋਜਿਤ ਕੀਤਾ ਗਿਆ ਦ੍ਰਿਸ਼ਯਾਕਲਾ-ਮਿਊਜ਼ੀਅਮ ਵੀ ਦੇਖਿਆ। ਉਨ੍ਹਾਂ ਕਿਹਾ ‘ਦ੍ਰਿਸ਼ਯਕਲਾ ਵਿਖੇ ਗੁਰੂਦੇਵ ਟੈਗੋਰ ਦੇ ਕਾਰਜਾਂ ਦੇ ਦਰਸ਼ਨ ਕਰਨਾ ਕਲਾਪ੍ਰੇਮੀਆਂ ਲਈ ਇੱਕ ਅਨੰਦ ਮਾਣਨ ਵਾਂਗ ਹੈ। ਅਸੀਂ ਸਾਰੇ ਗੁਰੂਦੇਵ ਟੈਗੋਰ ਨੂੰ ਇੱਕ ਪ੍ਰਮੁੱਖ ਲੇਖਕ ਵਜੋਂ ਜਾਣਦੇ ਹਾਂ ਪਰ ਕਲਾ ਜਗਤ ਨਾਲ ਵੀ ਉਨ੍ਹਾਂ ਦੇ ਮਜ਼ਬੂਤ ਸਬੰਧ ਸਨ। ਉਨ੍ਹਾਂ ਨੇ ਬਹੁਪੱਖੀ ਵਿਸ਼ਿਆਂ ਵਾਲੀਆਂ ਬਹੁਤ ਸਾਰੀਆਂ ਕ੍ਰਿਤੀਆਂ ਦੀ ਰਚਨਾ ਕੀਤੀ। ਗੁਰੂਦੇਵ ਦੀਆਂ ਕ੍ਰਿਤੀਆਂ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ।’ ਉਨ੍ਹਾਂ ਇਹ ਵੀ ਟਵੀਟ ਕੀਤਾ, ‘ਮੈਂ ਸਾਰੇ ਕਲਾ ਪ੍ਰੇਮੀਆਂ ਨੂੰ ਤਾਕੀਦ ਕਰਦਾ ਹਾਂ ਕਿ ਦ੍ਰਿਸ਼ਯਕਲਾ ਵਿਖੇ ਜ਼ਰੂਰ ਜਾਣ, ਜਿਸ ਤੋਂ ਤੁਹਾਨੂੰ ਭਾਰਤੀ ਕਲਾ ਅਤੇ ਸੱਭਿਆਚਾਰ ਦੇ ਸ਼ਾਨਦਾਰ ਪਹਿਲੂਆਂ ਨੂੰ ਜਾਣਨ ਦਾ ਮੌਕਾ ਮਿਲੇਗਾ। ਉੱਘੇ ਭਾਰਤੀ ਕਲਾਕਾਰਾਂ ਜਿਵੇਂ ਕਿ ਰਾਜਾ ਰਵੀ ਵਰਮਾ, ਗੁਰੂਦੇਵ ਟੈਗੋਰ, ਅੰਮ੍ਰਿਤਾ ਸ਼ੇਰਗਿੱਲ, ਅਬਨਿੰਦਰ ਨਾਥ ਟੈਗੋਰ, ਨੰਦਲਾਲ ਬੋਸ, ਗਗਨੇਂਦਰ ਟੈਗੋਰ, ਸੈਲੋਜ਼ ਮੁਖਰਜੀ ਅਤੇ ਜੈਮਿਨੀ ਰੌਏ ਦੀਆਂ ਕਲਾ ਕਿਰਤਾਂ ਦੀ ਇੱਥੇ ਪ੍ਰਦਰਸ਼ਨੀ ਲੱਗੀ ਹੋਈ ਹੈ।’
ਪ੍ਰਧਾਨ ਮੰਤਰੀ ਨੇ ਮਿਊਜ਼ੀਅਮ ਦਾ ਉਦਘਾਟਨ ਕਰਦਿਆਂ ਕਿਹਾ, ‘ਭਾਰਤ ਦੇ ਅਮੀਰ ਇਤਿਹਾਸ ਅਤੇ ਸੱਭਿਆਚਾਰ ਨਾਲ ਸਬੰਧਤ ਚਾਰ ਮਿਊਜ਼ੀਅਮਾਂ ਦਾ ਉਦਘਾਟਨ ਕਰਨਾ ਇਕ ਬਹੁਤ ਹੀ ਨਿਮਰਤਾ ਭਰਿਆ ਕੰਮ ਹੈ। ਇਨ੍ਹਾਂ ਸਾਰੇ ਮਿਊਜ਼ੀਅਮਾਂ ਦਾ ਨਾਂ ਕ੍ਰਾਂਤੀ ਮੰਦਿਰ ਰੱਖਿਆ ਗਿਆ ਹੈ। ਇਸ ਕੰਪਲੈਕਸ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਇੰਡੀਅਨ ਨੈਸ਼ਨਲ ਆਰਮੀ, ਯਾਦ-ਏ-ਜੱਲ੍ਹਿਆਂ ਮਿਊਜ਼ੀਅਮ (ਜੱਲ੍ਹਿਆਂ ਵਾਲਾ ਬਾਗ ਅਤੇ ਪਹਿਲੀ ਵਿਸ਼ਵ ਜੰਗ), 1857-ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ ਬਾਰੇ ਮਿਊਜ਼ੀਅਮ ਅਤੇ 3 ਸਦੀਆਂ ਦੀ ਭਾਰਤੀ ਕਲਾ ’ਤੇ 450 ਤੋਂ ਵੱਧ ਕਲਾਕ੍ਰਿਤੀਆਂ ਵਾਲਾ ‘ਦ੍ਰਿਸ਼ਯਾਕਲਾ ਮਿਊਜ਼ੀਅਮ’ ਸ਼ਾਮਿਲ ਹਨ।
ਕ੍ਰਾਂਤੀ ਮੰਦਿਰ (Kranti Mandir) ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਕ੍ਰਾਂਤੀ ਭਰੇ ਉਤਸ਼ਾਹ ਅਤੇ ਦਲੇਰੀ ਨੂੰ ਇੱਕ ਸ਼ਰਧਾਂਜਲੀ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਇਹ, ਸਾਡੇ ਸ਼ਾਨਦਾਰ ਇਤਿਹਾਸ ਅਤੇ ਸਾਡੇ ਨੌਜਵਾਨਾਂ ਦਰਮਿਆਨ ਸੰਪਰਕ ਨੂੰ ਡੂੰਘਾ ਕਰੇਗਾ ਅਤੇ ਨਾਲ ਹੀ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਵਿੱਚ ਵਾਧਾ ਕਰੇਗਾ।
ਏਕੇਟੀ/ ਏਕੇ