ਪੀਐੱਮਇੰਡੀਆ
ਮਾਣਯੋਗ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ (Pushpa Kamal Dahal ‘Prachanda’),
ਨੇਪਾਲੀ ਵਫ਼ਦ ਦੇ ਪਤਵੰਤੇ ਮੈਂਬਰਾਨ,
ਮੀਡੀਆ ਦੇ ਦੋਸਤ।
ਸਾਡੀ ਦੋਸਤੀ ਦੇ ਇਤਿਹਾਸ ਵਿੱਚ, ਅੱਜ ਦਾ ਦਿਨ ਅਹਿਮ ਹੈ।
ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਮੌਕੇ, ਮਾਣਯੋਗ ‘ਪ੍ਰਚੰਡ’ ਜੀ ਅਤੇ ਭਾਰਤ ਆਏ ਉਨ੍ਹਾਂ ਦੇ ਵਫ਼ਦ ਦੇ ਸਮੂਹ ਮੈਂਬਰਾਂ ਦਾ ਸੁਆਗਤ ਕਰਦਿਆਂ ਮੈਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੋ ਰਹੀ ਹੈ।
ਦੋਸਤੋ,
ਸਾਡੇ ਦੋਵੇਂ ਸਮਾਜਾਂ ਤੇ ਸੱਭਿਅਤਾਵਾਂ ਦੇ ਬਹਤ ਡੂੰਘੇ ਇਤਿਹਾਸਕ ਸਬੰਧ ਰਹੇ ਹਨ।
ਸਾਂਝੇ ਦਰਿਆ, ਖੁੱਲ੍ਹੀ ਸਰਹੱਦ, ਪੁਰਾਣੇ ਸਮਿਆਂ ਤੋਂ ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਚੱਲੇ ਆ ਰਹੇ ਆਪਸੀ ਸਬੰਧ ਦੋਵੇਂ ਦੇਸ਼ਾਂ ਨੂੰ ਹੋਰ ਨੇੜੇ ਲਿਆਉਂਦੇ ਹਨ।
ਸਾਡੀਆਂ ਸਰਕਾਰਾਂ ਵਿਚਾਲੇ ਸਬੰਧ, ਸਾਡੇ ਸਮਾਜਾਂ ਵਿਚਾਲੇ ਸਬੰਧ ਸਾਡੀ ਭਾਈਵਾਲੀ ਨੂੰ ਡੂੰਘਾਈ ਅਤੇ ਚਰਿੱਤਰ ਪ੍ਰਦਾਨ ਕਰਦੇ ਹਨ।
ਔਖੇ ਸਮਿਆਂ ਦੌਰਾਨ ਅਸੀਂ ਆਪਸ ‘ਚ ਦੁਖ ਵੰਡਾਉਂਦੇ ਹਾਂ, ਬਿਲਕੁਲ ਉਵੇਂ ਹੀ ਜਿਵੇਂ ਅਸੀਂ ਇੱਕ-ਦੂਜੇ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਂਦੇ ਹਾਂ।
ਸੱਚਮੁਚ, ਸਾਡੀ ਦੋਸਤੀ ਸਮੇਂ ਦੁਆਰਾ ਪਰਖੀ ਹੋਈ ਅਤੇ ਵਿਲੱਖਣ ਹੈ।
ਲਾਗਲੇ ਗੁਆਂਢੀਆਂ ਅਤੇ ਨੇੜਲੇ ਦੋਸਤ ਰਾਸ਼ਟਰਾਂ ਵਜੋਂ ਨੇਪਾਲ ਦੀ ਸ਼ਾਂਤੀ, ਸਥਿਰਤਾ ਤੇ ਆਰਥਿਕ ਖ਼ੁਸ਼ਹਾਲੀ ਸਾਡਾ ਸਾਂਝਾ ਉਦੇਸ਼ ਹੈ।
ਨੇਪਾਲ ਦੀ ਵਿਕਾਸ ਯਾਤਰਾ ਅਤੇ ਆਰਥਿਕ ਪ੍ਰਗਤੀ ਦੇ ਹਰੇਕ ਕਦਮ ‘ਤੇ, ਤੁਹਾਡੇ ਭਾਈਵਾਲ ਹੋਣਾ ਸਾਡੇ ਲਈ ਵਿਸ਼ੇਸ਼ ਮਾਣ ਵਾਲੀ ਗੱਲ ਹੈ।
ਨੇਪਾਲ ਦੇ ਜਮਹੂਰੀ ਸੰਸਥਾਨਾਂ ਨੂੰ ਮਜ਼ਬੂਤ ਕਰਨ ਵਿੱਚ ਤੁਹਾਡੇ ਵੱਲੋਂ ਨਿਜੀ ਤੌਰ ‘ਤੇ ਨਿਭਾਈ ਗਈ ਭੂਮਿਕਾ ਲਈ ਵੀ ਅਸੀਂ ਤੁਹਾਡੀ ਸ਼ਲਾਘਾ ਕਰਦੇ ਹਾਂ।
ਤੁਸੀਂ ਨੇਪਾਲ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਇੱਕ ਪ੍ਰੇਰਕ-ਸ਼ਕਤੀ ਰਹੇ ਹੋ। ਮੈਨੂੰ ਭਰੋਸਾ ਹੈ ਕਿ ਤੁਹਾਡੀ ਸੂਝਵਾਨ ਲੀਡਰਸ਼ਿਪ ਅਧੀਨ, ਨੇਪਾਲ ਤੁਹਾਡੇ ਵਿਭਿੰਨਤਾਵਾਂ ਭਰਪੂਰ ਸਾਰੇ ਸਮਾਜਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਦਿਆਂ ਗੱਲਬਾਤ ਰਾਹੀਂ ਸੰਵਿਧਾਨ ਨੂੰ ਸਫ਼ਲਤਾਪੂਰਬਕ ਲਾਗੂ ਕਰੇਗਾ।
ਇਸ ਉੱਦਮ ਵਿੱਚ ਮੈਂ ਤੁਹਾਡੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ।
ਦੋਸਤੋ,
ਅੱਜ ਸਾਡੀ ਵਿਆਪਕ ਤੇ ਉਤਪਾਦਕ ਵਿਚਾਰ-
ਚਰਚਾ ਦੌਰਾਨ, ਪ੍ਰਧਾਨ ਮੰਤਰੀ ਪ੍ਰਚੰਡ ਅਤੇ ਮੈਂ ਦੁਵੱਲੇ ਸਹਿਯੋਗ ਦੇ ਭਰਪੂਰ ਵਰਨ-ਕ੍ਰਮ ਨੂੰ ਕਲਾਵੇ ਵਿੱਚ ਲਿਆ ਹੈ।
ਮੈਂ ਪ੍ਰਧਾਨ ਮੰਤਰੀ ਪ੍ਰਚੰਡ ਨੂੰ ਦੱਸਿਆ ਹੈ ਕਿ ਭਾਰਤ, ਨੇਪਾਲ ਨਾਲ ਆਪਣੀ ਵਿਕਾਸ ਭਾਈਵਾਲੀ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਅਤੇ, ਅਸੀਂ ਲੋਕਾਂ ਅਤੇ ਨੇਪਾਲ ਸਰਕਾਰ ਦੀਆਂ ਤਰਜੀਹਾਂ ਅਨੁਸਾਰ ਅੱਗੇ ਵਧਾਂਗੇ।
ਇਸ ਸੰਦਰਭ ਵਿੱਚ, ਅਸੀਂ ਅੱਜ ਨੇਪਾਲ ਨੂੰ ਭੁਚਾਲ ਤੋਂ ਬਾਅਦ ਮੁੜ-
ਉਸਾਰੀ ਲਈ 75 ਕਰੋੜ ਡਾਲਰ ਦਾ ਕਰਜ਼ਾ ਦੇਣ ਦੇ ਇੱਕ ਸਮਝੌਤੇ ਉੱਤੇ ਹਸਤਾਖਰ ਕੀਤੇ ਹਨ।
ਮੈਨੂੰ ਪੂਰਾ ਭਰੋਸਾ ਹੈ ਕਿ ਇਸ ਨਾਲ ਪਿਛਲੇ ਵਰ੍ਹੇ ਨੇਪਾਲ ‘ਚ ਆਏ ਭੁਚਾਲ ਕਾਰਨ ਹੋਈ ਤਬਾਹੀ ਤੋਂ ਪੀੜਤ ਕਰੋੜਾਂ ਲੋਕਾਂ ਨੂੰ ਰਾਹਤ ਮਿਲੇਗੀ।
ਭਾਰਤ ਨੇ ਦੂਜੇ ਗੇੜ ਦੀਆਂ ਤੇਰਾਈ ਸੜਕਾਂ, ਬਿਜਲੀ ਟ੍ਰਾਂਸਮਿਸ਼ਨ ਲਾਈਨਾਂ, ਸਬ-ਸਟੇਸ਼ਨਾਂ ਅਤੇ ਕਾਸਕੀ ‘ਚ ਇੱਕ ਪੌਲੀਟੈਕਨਿਕ ਦੀ ਸਥਾਪਨਾ ਜਿਹੇ ਨਵੇਂ ਪ੍ਰੋਜੈਕਟਾਂ ਲਈ ਵੀ ਹੋਰ ਕਰਜ਼ਾ ਦੇਣ ਬਾਰੇ ਵੀ ਸਹਿਮਤੀ ਪ੍ਰਗਟਾਈ ਹੈ।
ਦੋਸਤੋ,
ਪ੍ਰਧਾਨ ਮੰਤਰੀ ਪ੍ਰਚੰਡ ਅਤੇ ਮੈਂ ਇਹ ਗੱਲ ਵੀ ਮੰਨੇ ਹਾਂ ਕਿ ਵਿਕਾਸ ਅਤੇ ਮਜ਼ਬੂਤ ਆਰਥਿਕ ਵਿਕਾਸ ਦੇ ਸਾਡੇ ਸਾਂਝੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਡੇ ਸਮਾਜਾਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ।
ਅਸੀਂ ਇਸ ਮਾਮਲੇ ‘ਤੇ ਵੀ ਸਹਿਮਤ ਹਾਂ ਕਿ ਸਾਡੇ ਸੁਰੱਖਿਆ ਹਿਤ ਇੱਕੋ ਜਿਹੇ ਹਨ ਤੇ ਨੇੜਿਓਂ ਆਪਸ ਵਿੱਚ ਜੁੜੇ ਹੋਏ ਹਨ।
ਸਾਡੇ ਦੇਸ਼ਾਂ ਦੀਆਂ ਖੁੱਲ੍ਹੀਆਂ ਸਰਹੱਦਾਂ ਸਾਡੇ ਲੋਕਾਂ ਵਿਚਾਲੇ ਸਹਿਯੋਗ ਤੇ ਆਪਸੀ ਗੱਲਬਾਤ ਦੇ ਵੱਡੇ ਮੌਕੇ ਪ੍ਰਦਾਨ ਕਰਦੀਆਂ ਹਨ।
ਪਰ, ਸਾਨੂੰ ਅਜਿਹੇ ਤੱਤਾਂ ਤੋਂ ਲਗਾਤਾਰ ਸਾਵਧਾਨ ਰਹਿਣਾ ਹੋਵੇਗਾ, ਜਿਹੜੇ ਸਰਹੱਦ ਦੀ ਵਰਤੋਂ ਕਰਨੀ ਚਾਹੁੰਦੇ ਹਨ।
ਸਾਡੀਆਂ ਰੱਖਿਆ ਅਤੇ ਸੁਰੱਖਿਆ ਏਜੰਸੀਆਂ ਵਿਚਾਲੇ ਨਿਰੰਤਰ ਨੇੜਲਾ ਸਹਿਯੋਗ ਸਾਡੇ ਵਧਦੇ ਕਾਰੋਬਾਰ, ਆਰਥਿਕ, ਸੱਭਿਆਚਾਰਕ ਤੇ ਵਿਕਾਸ ਭਾਈਵਾਲੀ ਦੇ ਨਾਲ-ਨਾਲ ਦੋਵੇਂ ਦੇਸ਼ਾਂ ਦੀ ਜਨਤਾ ਦੀ ਸਲਾਮਤੀ ਲਈ ਵੀ ਅਹਿਮ ਹੈ।
ਦੋਸਤੋ,
ਵਪਾਰ, ਆਪਸ ਵਿੱਚ ਜੁੜਨਾ, ਆਪਣੇ ਸਾਰੇ ਪਸਾਰਾਂ ਵਿੱਚ ਵਿਕਾਸ ਪ੍ਰੋਜੈਕਟ ਤੇ ਪਰਸਪਰ ਨਿਵੇਸ਼ ਨੇਪਾਲ ਨਾਲ ਸਾਡੀ ਭਾਈਵਾਲੀ ਦੇ ਪ੍ਰਮੁੱਖ ਥੰਮ੍ਹ ਹਨ।
ਖੁੱਲ੍ਹੇ ਅਕਾਸ਼, ਸਰਹੱਦ-ਪਾਰ ਬਿਜਲੀ ਵਪਾਰ, ਲਾਂਘਾ-ਰੂਟ, ਸਰਹੱਦ-ਪਾਰ ਕੁਨੈਕਟੀਵਿਟੀ ਲਈ ਭਾਰਤ ਦੀਆਂ ਪਹਿਲਕਦਮੀਆਂ ਨਾਲ ਨੇਪਾਲ ਨੂੰ ਸਿੱਧਾ ਲਾਭ ਹੋਵੇਗਾ ਅਤੇ ਸਾਡੀ ਆਰਥਿਕ ਭਾਈਵਾਲੀ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਨੇਪਾਲ ਅਤੇ ਭਾਰਤ ਦੋਵੇਂ ਊਰਜਾ ਤੇ ਜਲ-ਸਰੋਤਾਂ ਦੇ ਖੇਤਰਾਂ ਸਮੇਤ ਆਰਥਿਕ ਸ਼ਮੂਲੀਅਤ ਦੇ ਕਈ ਖੇਤਰਾਂ ਵਿੱਚ ਵੀ ਮਿਲ ਕੇ ਕੰਮ ਕਰ ਰਹੇ ਹਨ।
ਪ੍ਰਧਾਨ ਮੰਤਰੀ ਪ੍ਰਚੰਡ ਅਤੇ ਮੈਂ; ਚਲ ਰਹੇ ਪਣ-ਬਿਜਲੀ ਪ੍ਰੋਜੈਕਟਾਂ ਅਤੇ ਟ੍ਰਾਂਸਮਿਸ਼ਨ ਲਾਈਨਾਂ ਦੇ ਵਿਕਾਸ ਅਤੇ ਸੰਚਾਲਨ ਨੂੰ ਤੇਜ਼ ਰਫ਼ਤਾਰ ਨਾਲ ਸਫ਼ਲਤਾਪੂਰਬਕ ਲਾਗੂ ਕਰਨ ਲਈ ਸਹਿਮਤ ਹੋਏ ਹਾਂ।
ਇਹ ਨੇਪਾਲ ਲਈ ਬਹੁ-ਲੋੜੀਂਦੀ ਊਰਜਾ ਤੇ ਆਮਦਨ ਵਧਾਉਣ ਦਾ ਸਰੋਤ ਹੋਵੇਗਾ।
ਅਸੀਂ ਸਾਡੇ ਸਮਾਜਾਂ ਵਿਚਲੇ ਸਬੰਧਾਂ ਨੂੰ ਹੋਰ ਡੂੰਘਾਈ ਅਤੇ ਅਹਿਮੀਅਤ ਦੇਣ ਦੀ ਲੋੜ ‘ਤੇ ਵੀ ਸਹਿਮਤ ਹੋਏ ਹਾਂ।
ਅਸੀਂ ਆਪਣੀ ਸਾਂਝੀ ਬੋਧੀ ਵਿਰਾਸਤ ਦਾ ਪ੍ਰਦਰਸ਼ਨ ਕਰਨ ਅਤੇ ਆਯੁਰਵੇਦ ਅਤੇ ਦਵਾ ਦੀਆਂ ਹੋਰ ਰਵਾਇਤੀ ਪ੍ਰਣਾਲੀਆਂ ਦੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਸਹਿਮਤ ਹੋਏ ਹਾਂ।
ਪ੍ਰਧਾਨ ਮੰਤਰੀ ਅਤੇ ਮੈਂ ਸਾਰੇ ਵਿਕਾਸ ਪ੍ਰੋਜੈਕਟਾਂ ਉੱਤੇ ਨੇੜਿਓਂ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਇੱਕ ਨਿਸ਼ਚਤ ਸਮਾਂ-ਸੀਮਾ ਅੰਦਰ ਮੁਕੰਮਲ ਕਰਨ ਲਈ ਵੀ ਸਹਿਮਤ ਹੋਏ ਹਾਂ।
ਪ੍ਰਧਾਨ ਮੰਤਰੀ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅੱਜ ਲਏ ਸਾਡੇ ਫ਼ੈਸਲਿਆਂ ਨਾਲ ਸਾਡੀ ਆਰਥਿਕ ਸ਼ਮੂਲੀਅਤ ਹੋਰ ਮਜ਼ਬੂਤ ਹੋਵੇਗੀ ਅਤੇ ਅਸੀਂ ਨਵੇਂ ਸਿਖ਼ਰਾਂ ‘ਤੇ ਜਾਵਾਂਗੇ।
ਮਾਣਯੋਗ ਪ੍ਰਧਾਨ ਮੰਤਰੀ ਜੀ,
ਤੁਹਾਡਾ ਇਹ ਦੌਰਾ ਬਹੁਤ ਸਮੇਂ ਸਿਰ ਹੋਇਆ ਹੈ।
ਮੈਨੂੰ ਭਰੋਸਾ ਹੈ ਕਿ ਅੱਜ ਦੀ ਸਾਡੀ ਵਿਚਾਰ-ਚਰਚਾ ਸਾਡੇ ਸਦੀਆਂ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।
ਅਤੇ, ਸਾਡੀ ਭਾਈਵਾਲੀ ਦਾ ਇੱਕ ਨਵਾਂ ਤੇ ਸ਼ਾਨਦਾਰ ਅਧਿਆਇ ਲਿਖੇਗੀ। ਇੱਕ ਵਾਰ ਫਿਰ, ਮਾਣਯੋਗ ਪ੍ਰਧਾਨ ਮੰਤਰੀ ਜੀ, ਭਾਰਤ ‘ਚ ਤੁਹਾਡਾ ਬਹੁਤ ਨਿੱਘਾ ਸੁਆਗਤ ਹੈ। ਮੈਨੂੰ ਆਸ ਹੈ ਕਿ ਤੁਹਾਡੀ ਭਾਰਤ ਦੀ ਇਹ ਯਾਤਰਾ ਸੁਹਾਵਣੀ ਅਤੇ ਫਲਦਾਇਕ ਰਹੇਗੀ।
ਤੁਹਾਡਾ ਧੰਨਵਾਦ।
***
AKT/AK/NT
PM @narendramodi Nepal PM Pushpa Kamal Dahal Prachanda meet to discuss further strengthening of India-Nepal ties. pic.twitter.com/zkqqMeoqGu
— PMO India (@PMOIndia) September 16, 2016