Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੁਣੇ ਮੈਟਰੋ ਪ੍ਰੋਜੈਕਟਾਂ ਦੇ ਨੀਂਹ ਪੱਥਰ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਪੁਣੇ ਮੈਟਰੋ ਪ੍ਰੋਜੈਕਟਾਂ ਦੇ ਨੀਂਹ ਪੱਥਰ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਜਿਸ਼ਣੁ ਦੇਵ ਵਰਮਾ ਜੀ, ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਮਨੋਹਰ ਲਾਲ ਜੀ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਸ਼੍ਰੀਮਤੀ ਸੁਨੇਤਰਾ ਅਜੀਤ ਪਵਾਰ ਜੀ, ਸਾਰੇ ਮੰਤਰੀ ਸਾਹਿਬਾਨ, ਸੰਸਦ ਮੈਂਬਰ ਅਤੇ ਵਿਧਾਇਕ ਸਾਹਿਬਾਨ, ਹੋਰ ਜਨਤਕ ਨੁਮਾਇੰਦੇ ਅਤੇ ਪੁਣੇ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ!

ਦੀਵਾਲੀ ਬਿਲਕੁਲ ਨੇੜੇ ਆ ਗਈ ਹੈ, ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!

ਸਾਥੀਓ,

ਤਿਉਹਾਰਾਂ ਦੀਆਂ ਖ਼ੁਸ਼ੀਆਂ ਉਦੋਂ ਹੋਰ ਵੀ ਵਧ ਜਾਂਦੀਆਂ ਹਨ, ਜਦੋਂ ਜੀਵਨ ਵਿੱਚ ਕੋਈ ਨਵੀਂ ਸਹੂਲਤ ਜੁੜਦੀ ਹੈ। ਅੱਜ ਪੁਣੇ ਦੇ ਲੋਕਾਂ ਲਈ ਅਜਿਹਾ ਹੀ ਇੱਕ ਸੁਖਦਾਈ ਮੌਕਾ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਪੁਣੇ ਮੈਟਰੋ ਦੀ ਇੱਕ ਹੋਰ ਲਾਈਨ ਦਾ ਉਦਘਾਟਨ ਹੋ ਰਿਹਾ ਹੈ। 10 ਸਾਲ ਪਹਿਲਾਂ ਮੈਨੂੰ ਪੁਣੇ ਵਿੱਚ ਪਹਿਲੇ ਪੜਾਅ ਦੇ ਕੰਮ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੀ। ਹੁਣ ਹਿੰਜਵੜੀ ਤੋਂ ਸ਼ਿਵਾਜੀਨਗਰ ਵਿਚਾਲੇ ਮੈਟਰੋ ਸ਼ੁਰੂ ਹੋਣ ਨਾਲ ਪੁਣੇ ਦੇ ਇੱਕ ਵੱਡੇ ਆਈਟੀ ਕੇਂਦਰ ਨੂੰ ਬਿਹਤਰ ਸੰਪਰਕ ਸਹੂਲਤ ਮਿਲੇਗੀ। ਅੱਜ ਜਿਸ ਨਵੀਂ ਲਾਈਨ ‘ਤੇ ਕੰਮ ਸ਼ੁਰੂ ਹੋਇਆ ਹੈ, ਉਸ ਨਾਲ ਪੁਣੇ ਦੇ ਪੁਰਾਣੇ ਅਤੇ ਨਵੇਂ ਇਲਾਕਿਆਂ ਵਿਚਕਾਰ ਸੰਪਰਕ ਹੋਰ ਮਜ਼ਬੂਤ ਹੋਵੇਗਾ। ਮੈਂ ਪੁਣੇ ਅਤੇ ਮਹਾਰਾਸ਼ਟਰ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਪੁਣੇ ਸ਼ਹਿਰ ਹਮੇਸ਼ਾ ਅਜਿਹੇ ਵਿਚਾਰਾਂ ਦਾ ਕੇਂਦਰ ਰਿਹਾ ਹੈ, ਜਿਨ੍ਹਾਂ ਨੇ ਰਾਸ਼ਟਰ ਅਤੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਹੈ। ਅੱਜ ਪੁਣੇ, ਵਿਕਸਿਤ ਭਾਰਤ ਦੀ ਨਵੀਂ ਊਰਜਾ ਨੂੰ ਵੀ ਦਿਸ਼ਾ ਦੇ ਰਿਹਾ ਹੈ। ਆਈਟੀ, ਆਟੋਮੋਬਾਈਲ, ਫਾਰਮਾ, ਸਟਾਰਟਅੱਪਸ, ਨਵੀਨਤਾ ਤੋਂ ਲੈ ਕੇ ਨਿਰਮਾਣ ਤੱਕ, ਪੁਣੇ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਸੰਕਲਪਾਂ ਦਾ ਸਥਾਨ ਹੈ। ਅਤੇ ਅਜਿਹੇ ਵਿੱਚ ਇੱਥੇ ਮਜ਼ਬੂਤ ਹੋ ਰਹੀ ਮੈਟਰੋ ਸੰਪਰਕ ਸਹੂਲਤ, ਪੁਣੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਜਾ ਰਹੀ ਹੈ।

ਸਾਥੀਓ,

ਪੁਣੇ ਮੈਟਰੋ ਦਾ ਉਦਘਾਟਨ ਅਤੇ ਇਸ ਦਾ ਵਿਸਥਾਰ ਇਹ ਦਰਸਾਉਂਦਾ ਹੈ ਕਿ ਵਿਕਸਿਤ ਭਾਰਤ ਲਈ ਅਸੀਂ ਕਿਸ ਤਰ੍ਹਾਂ ਦੇ ਸ਼ਹਿਰਾਂ ਦਾ ਨਿਰਮਾਣ ਕਰ ਰਹੇ ਹਾਂ। ਪਹਿਲਾਂ ਕਿਸੇ ਸ਼ਹਿਰ ਦੀ ਪਛਾਣ ਉਸ ਦੇ ਉਦਯੋਗਾਂ ਨਾਲ ਹੁੰਦੀ ਸੀ। ਜਾਂ ਉੱਥੋਂ ਦੇ ਕਿਸੇ ਪ੍ਰਸਿੱਧ ਖਾਣ-ਪੀਣ ਜਾਂ ਫਲ਼ਾਂ ਅਤੇ ਫ਼ਸਲਾਂ ਨਾਲ ਹੁੰਦੀ ਸੀ। ਪਰ ਅੱਜ ਸ਼ਹਿਰਾਂ ਦੀ ਪਛਾਣ ਨਾਲ ਦੋ ਹੋਰ ਮਿਆਰ ਵੀ ਜੁੜ ਗਏ ਹਨ। ਇੱਕ, ਕੋਈ ਸ਼ਹਿਰ ਕਿੰਨਾ ਮੁਕਾਬਲੇਬਾਜ਼ ਹੈ ਅਤੇ ਦੂਜਾ, ਉੱਥੇ ਜੀਵਨ ਦੀ ਸੌਖ ਦਾ ਪੱਧਰ ਕੀ ਹੈ? ਮੈਟਰੋ ਪ੍ਰੋਜੈਕਟ ਇਨ੍ਹਾਂ ਦੋਵਾਂ ਮਿਆਰਾਂ ‘ਤੇ ਕਿਸੇ ਵੀ ਸ਼ਹਿਰ ਨੂੰ ਹੋਰ ਬਿਹਤਰ ਬਣਾਉਂਦੇ ਹਨ। ਪੁਣੇ ਮੈਟਰੋ ਦਾ ਜਿੰਨਾ ਵਿਸਥਾਰ ਹੋ ਰਿਹਾ ਹੈ, ਉਸ ਨਾਲ ਸਮੇਂ ਦੀ ਵੀ ਬੱਚਤ ਹੋ ਰਹੀ ਹੈ ਅਤੇ ਪੁਣੇ ਵਾਸੀਆਂ ਨੂੰ ਵਧੇਰੇ ਸਹੂਲਤ ਵੀ ਮਿਲ ਰਹੀ ਹੈ। ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਸ਼ਹਿਰ ਦਾ ਸਮਾਂ ਬਚਦਾ ਹੈ, ਤਾਂ ਸ਼ਹਿਰ ਦੀ ਉਤਪਾਦਕਤਾ ਵਧਦੀ ਹੈ। ਜਦੋਂ ਸ਼ਹਿਰ ਦੀ ਉਤਪਾਦਕਤਾ ਵਧਦੀ ਹੈ, ਤਾਂ ਦੇਸ਼ ਦੀ ਆਰਥਿਕਤਾ ਨੂੰ ਰਫ਼ਤਾਰ ਮਿਲਦੀ ਹੈ। ਅਤੇ ਜਦੋਂ ਆਰਥਿਕਤਾ ਵਧਦੀ ਹੈ, ਤਾਂ ਗ਼ਰੀਬ ਅਤੇ ਮੱਧ ਵਰਗ, ਦੋਵਾਂ ਨੂੰ ਇਸ ਦਾ ਲਾਭ ਮਿਲਦਾ ਹੈ।

ਸਾਥੀਓ,

ਅੱਜ ਦਾ ਇਹ ਦਿਨ ਲੋਕ-ਪੱਖੀ ਅਤੇ ਸਰਗਰਮ ਸੁਸ਼ਾਸਨ ਦੀ ਵੀ ਇੱਕ ਮਿਸਾਲ ਹੈ। ਸਾਡੇ ਦੇਸ਼ ਵਿੱਚ ਪਹਿਲੀ ਮੈਟਰੋ 1984 ਵਿੱਚ ਚੱਲੀ ਸੀ। ਉਸ ਤੋਂ ਬਾਅਦ ਦੇ 30 ਸਾਲਾਂ ਵਿੱਚ ਸਿਰਫ਼ 248 ਕਿੱਲੋਮੀਟਰ ਮੈਟਰੋ ਲਾਈਨ ਬਣੀ। 2014 ਤੱਕ ਦੇਸ਼ ਦੇ ਸਿਰਫ਼ 5 ਸ਼ਹਿਰਾਂ ਵਿੱਚ ਮੈਟਰੋ ਚੱਲ ਰਹੀ ਸੀ। ਜੇਕਰ ਉਹੀ ਪੁਰਾਣੀ ਸੋਚ ਚੱਲਦੀ ਰਹਿੰਦੀ, ਪੁਰਾਣੀ ਸਰਕਾਰ ਰਹਿੰਦੀ, ਪੁਰਾਣਾ ਕਾਰਜ-ਸੱਭਿਆਚਾਰ ਰਹਿੰਦਾ, ਤਾਂ ਪੁਣੇ ਵਿੱਚ ਮੈਟਰੋ ਪਹੁੰਚਣ ਵਿੱਚ ਕਈ ਹੋਰ ਦਹਾਕੇ ਲੱਗ ਜਾਂਦੇ। ਪਰ 2014 ਵਿੱਚ ਜਦੋਂ ਦੇਸ਼ ਨੇ ਐੱਨਡੀਏ ਨੂੰ ਸੇਵਾ ਦਾ ਮੌਕਾ ਦਿੱਤਾ, ਤਾਂ ਅਸੀਂ ਇੱਕ ਸੰਕਲਪ ਲੈ ਕੇ ਅੱਗੇ ਵਧੇ। ਇਹ ਸੰਕਲਪ ਸ਼ਹਿਰਾਂ ਵਿੱਚ ਰਹਿਣ ਵਾਲੇ ਮੱਧ ਵਰਗ ਦੇ ਜੀਵਨ ਨੂੰ ਸੁਖਾਲ਼ਾ ਬਣਾਉਣ ਅਤੇ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦਾ ਸੀ ਅਤੇ ਇਸ ਦਾ ਨਤੀਜਾ ਅੱਜ ਅਸੀਂ ਦੇਖ ਰਹੇ ਹਾਂ। ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਮੈਟਰੋ ਆਵਾਜਾਈ ਦਾ ਪੂਰੀ ਤਰ੍ਹਾਂ ਨਵੀਨੀਕਰਨ ਹੋ ਚੁੱਕਾ ਹੈ। 2014 ਵਿੱਚ ਜਿੱਥੇ 248 ਕਿੱਲੋਮੀਟਰ ਮੈਟਰੋ ਰੂਟ ਸੀ, ਹੁਣ ਇਹ ਵਧ ਕੇ ਲਗਭਗ 1200 ਕਿੱਲੋਮੀਟਰ ਹੋ ਚੁੱਕਾ ਹੈ। 2014 ਵਿੱਚ ਜਿੱਥੇ ਸਿਰਫ਼ 5 ਸ਼ਹਿਰਾਂ ਵਿੱਚ ਮੈਟਰੋ ਚੱਲ ਰਹੀ ਸੀ, ਹੁਣ ਦੇਸ਼ ਦੇ 26 ਸ਼ਹਿਰਾਂ ਵਿੱਚ ਮੈਟਰੋ ਚੱਲਣ ਲੱਗ ਪਈ ਹੈ। ਹੁਣ ਹਰ ਰੋਜ਼ ਇੱਕ ਕਰੋੜ ਤੋਂ ਵੱਧ ਲੋਕ ਮੈਟਰੋ ਰਾਹੀਂ ਸਫ਼ਰ ਕਰ ਰਹੇ ਹਨ। ਅੱਜ ਭਾਰਤੀ ਮੈਟਰੋ ਨੈੱਟਵਰਕ ਦੁਨੀਆ ਦੇ ਤਿੰਨ ਸਭ ਤੋਂ ਵੱਡੇ ਮੈਟਰੋ ਨੈੱਟਵਰਕਾਂ ਵਿੱਚ ਗਿਣਿਆ ਜਾਂਦਾ ਹੈ।

ਸਾਥੀਓ,

ਜਿਹੋ ਜਿਹੀ ਸਥਿਤੀ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸੀ, ਉਹੀ ਹਾਲਾਤ ਮਹਾਰਾਸ਼ਟਰ ਦੇ ਵੀ ਸਨ। 2014 ਵਿੱਚ ਜਦੋਂ ਪਹਿਲੀ ਵਾਰ ਐੱਨਡੀਏ ਦੀ ਡਬਲ ਇੰਜਣ ਵਾਲੀ ਸਰਕਾਰ ਬਣੀ, ਉਸ ਸਮੇਂ ਮਹਾਰਾਸ਼ਟਰ ਵਿੱਚ ਸਿਰਫ਼ 10-11 ਕਿੱਲੋਮੀਟਰ ਮੈਟਰੋ ਲਾਈਨ ਹੀ ਚਾਲੂ ਸੀ। ਅੱਜ ਮਹਾਰਾਸ਼ਟਰ ਵਿੱਚ ਲਗਭਗ 175 ਕਿੱਲੋਮੀਟਰ ਮੈਟਰੋ ਲਾਈਨ ਸੇਵਾ ਵਿੱਚ ਹੈ। 680 ਕਿੱਲੋਮੀਟਰ ਤੋਂ ਵੱਧ ਦੀਆਂ ਮੈਟਰੋ ਲਾਈਨਾਂ ‘ਤੇ ਕੰਮ ਚੱਲ ਰਿਹਾ ਹੈ। ਅੱਜ ਸਿਰਫ਼ ਮੈਟਰੋ ਬੁਨਿਆਦੀ ਢਾਂਚੇ ‘ਤੇ ਹੀ ਮਹਾਰਾਸ਼ਟਰ ਵਿੱਚ ਢਾਈ ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਹ ਪੈਸਾ ਮਜ਼ਦੂਰਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈ, ਇਹ ਪੈਸਾ ਇੰਜੀਨੀਅਰਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਇਹ ਪੈਸਾ ਦੁਕਾਨਾਂ ਅਤੇ ਫ਼ੈਕਟਰੀਆਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ।

ਸਾਥੀਓ,

ਇਹ ਮੈਟਰੋ ਪ੍ਰੋਜੈਕਟ ਇੱਕ ਹੋਰ ਕਾਰਨ ਕਰਕੇ ਵੀ ਵਿਸ਼ੇਸ਼ ਹੈ। ਇਸ ਮੈਟਰੋ ਲਾਈਨ ਦਾ ਨਿਰਮਾਣ ਪੀਪੀਪੀ ਮਾਡਲ ਰਾਹੀਂ ਕੀਤਾ ਗਿਆ ਹੈ। ਭਾਵ, ਇਹ ਸਰਕਾਰ ਅਤੇ ਨਿੱਜੀ ਖੇਤਰ ਦੇ ਸਾਂਝੇ ਯਤਨਾਂ ਨਾਲ ਬਣੀ ਹੈ। ਇਹ ਵਿਕਾਸ ਦਾ ਇੱਕ ਅਜਿਹਾ ਮਾਡਲ ਹੈ, ਜਿਸ ਦੀ ਸਫ਼ਲਤਾ ਨਾਲ ਦੇਸ਼ ਦੀ ਤਰੱਕੀ ਨੂੰ ਹੋਰ ਰਫ਼ਤਾਰ ਮਿਲੇਗੀ।

ਸਾਥੀਓ,

ਅੱਜ ਵਿਕਸਿਤ ਭਾਰਤ ਬਣਾਉਣ ਲਈ ਭਾਰਤ ਦਾ ਇੱਕ-ਇੱਕ ਨਾਗਰਿਕ, ਭਾਰਤ ਦਾ ਹਰ ਨੌਜਵਾਨ ਪੁੱਤਰ ਅਤੇ ਧੀ ਪੂਰੀ ਤਾਕਤ ਨਾਲ ਜੁਟੇ ਹੋਏ ਹਨ। ਅੱਜ ਹਰ ਕੋਈ ਪੂਰੇ ਆਤਮ-ਵਿਸ਼ਵਾਸ ਨਾਲ ਆਖ ਰਿਹਾ ਹੈ- ਅਸੀਂ ਇਹ ਕਰਕੇ ਦਿਖਾਵਾਂਗੇ। ਅਸੀਂ ਇਹ ਕਰਕੇ ਦਿਖਾਵਾਂਗੇ। ਇਹ ਭਾਵਨਾ ਪੂਰੇ ਦੇਸ਼ ਵਿੱਚ ਹੈ। ਪਿਛਲੇ 12 ਸਾਲਾਂ ਵਿੱਚ ਦੇਸ਼ ਦੀ ਊਰਜਾ ਪਿੰਡਾਂ ਦੀਆਂ ਸੜਕਾਂ, ਹਾਈਵੇਅ-ਐਕਸਪ੍ਰੈੱਸਵੇਅ, ਨਵੀਂਆਂ ਰੇਲ ਲਾਈਨਾਂ ਦੇ ਬਿਜਲੀਕਰਨ, ਲੰਮੀਆਂ-ਲੰਮੀਆਂ ਸੁਰੰਗਾਂ, ਉੱਚੇ-ਉੱਚੇ ਪੁਲਾਂ ਦੇ ਨਿਰਮਾਣ ਅਤੇ ਅਨੇਕਾਂ ਵੱਖ-ਵੱਖ ਯੋਜਨਾਵਾਂ ਰਾਹੀਂ ਨਵੇਂ-ਨਵੇਂ ਪ੍ਰੋਜੈਕਟਾਂ ਨੂੰ ਸਾਕਾਰ ਕਰਨ ਵਿੱਚ ਲੱਗੀ ਹੋਈ ਹੈ। ਹੁਣ ਆਉਣ ਵਾਲੇ ਸਾਲਾਂ ਵਿੱਚ ਇਸ ਦੇ ਨਾਲ-ਨਾਲ ਦੇਸ਼ ਆਪਣੀ ਊਰਜਾ ਆਪਣੇ ਸ਼ਹਿਰਾਂ ਨੂੰ ਦੁਨੀਆ ਦੇ ਸਭ ਤੋਂ ਬਿਹਤਰੀਨ ਸ਼ਹਿਰਾਂ ਵਿੱਚੋਂ ਇੱਕ ਬਣਾਉਣ ਲਈ ਲਗਾਉਣ ਜਾ ਰਿਹਾ ਹੈ।

ਸਾਥੀਓ,

ਸਾਡੇ ਸ਼ਹਿਰ ਸਿਰਫ਼ ਰਹਿਣ ਦੀਆਂ ਥਾਵਾਂ ਨਹੀਂ ਹਨ। ਇਹ ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਦੇ ਵੱਡੇ ਕੇਂਦਰ ਵੀ ਹਨ। ਅਸੀਂ ਦੇਸ਼ ਦੇ ਸੈਂਕੜੇ ਛੋਟੇ ਸ਼ਹਿਰਾਂ ਨੂੰ ਵਿਕਾਸ ਦੇ ਕੇਂਦਰ ਵੀ ਬਣਾਉਣਾ ਹੈ। ਇਸੇ ਦ੍ਰਿਸ਼ਟੀਕੋਣ ਨਾਲ ਇਸ ਸਾਲ ਫਰਵਰੀ ਵਿੱਚ ਅਰਬਨ ਚੈਲੇਂਜ ਫੰਡ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਫੰਡ ਲਈ ਕੇਂਦਰ ਸਰਕਾਰ ਇੱਕ ਲੱਖ ਕਰੋੜ ਰੁਪਏ ਦੀ ਸਹਾਇਤਾ ਦੇ ਰਹੀ ਹੈ। ਇਸ ਰਾਹੀਂ ਆਉਣ ਵਾਲੇ ਸਾਲਾਂ ਵਿੱਚ ਦੇਸ਼ ਦੇ ਸ਼ਹਿਰਾਂ ਵਿੱਚ ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਜੁਟਾਉਣ ਦਾ ਟੀਚਾ ਹੈ। ਮੈਂ ਸਥਾਨਕ ਸੰਸਥਾਵਾਂ ਨੂੰ, ਨਿੱਜੀ ਖੇਤਰ ਦੇ ਸਾਥੀਆਂ ਨੂੰ, ਸਾਰਿਆਂ ਨੂੰ ਅੱਗੇ ਆਉਣ ਦੀ ਅਪੀਲ ਕਰਦਾ ਹਾਂ। ਅਸੀਂ ਸਾਰਿਆਂ ਨੇ ਮਿਸ਼ਨ ਮੋਡ ਵਿੱਚ ਜੁੱਟਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਮਹਾਰਾਸ਼ਟਰ ਇਸ ਵਿੱਚ ਆਪਣੀ ਭੂਮਿਕਾ ਦਾ ਹੋਰ ਵਿਸਥਾਰ ਕਰੇਗਾ।

ਸਾਥੀਓ!
ਅੱਜ ਦੋ ਹੋਰ ਕਾਰਨਾਂ ਕਰਕੇ ਦੁਨੀਆ ਵਿੱਚ ਭਾਰਤ ਦੀ ਬਹੁਤ ਚਰਚਾ ਹੋ ਰਹੀ ਹੈ। ਇੱਕ, ਭਾਰਤ ਨੇ ਮੁਸ਼ਕਲ ਆਲਮੀ ਹਾਲਾਤ ਦੇ ਬਾਵਜੂਦ ਵੀ ਦੁਨੀਆ ਵਿੱਚ ਸਭ ਤੋਂ ਤੇਜ਼ ਵਿਕਾਸ ਰਫ਼ਤਾਰ ਬਰਕਰਾਰ ਰੱਖੀ ਹੈ। ਅਤੇ ਦੂਜਾ, ਭਾਰਤ ਵਿੱਚ ਸਿਰਫ਼ 10-12 ਸਾਲਾਂ ਦੇ ਅੰਦਰ ਹੀ 50 ਕਰੋੜ ਲੋਕਾਂ ਨੇ ਭਾਰੀ ਗ਼ਰੀਬੀ ਨੂੰ ਮਾਤ ਦਿੱਤੀ ਹੈ। ਇਹ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ। ਦੇਸ਼ ਦੀਆਂ ਕਈ ਪੀੜ੍ਹੀਆਂ ਗ਼ਰੀਬੀ ਹਟਾਉਣ ਦੇ ਵਾਅਦਿਆਂ ਅਤੇ ਦਾਅਵਿਆਂ ਦਰਮਿਆਨ ਹੀ ਵੱਡੀਆਂ ਹੋਈਆਂ ਹਨ। ਪਹਿਲਾਂ ਗ਼ਰੀਬੀ ਨਾਲ ਲੜਾਈ ਸਿਰਫ਼ ਨਾਅਰਿਆਂ ਤੱਕ ਸੀਮਤ ਸੀ, ਅੱਜ ਭਾਰਤ ਜ਼ਮੀਨੀ ਪੱਧਰ ‘ਤੇ ਗ਼ਰੀਬੀ ਨੂੰ ਹਰਾ ਰਿਹਾ ਹੈ।

ਸਾਥੀਓ,

ਅੱਜ ਭਾਰਤ ਉਹ ਦੇਸ਼ ਹੈ, ਜੋ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਵੀ ਹੈ ਅਤੇ ਸਭ ਤੋਂ ਤੇਜ਼ੀ ਨਾਲ ਗ਼ਰੀਬੀ ਘਟਾਉਣ ਵਾਲਾ ਦੇਸ਼ ਵੀ ਹੈ। ਇਹ ਦੋਵੇਂ ਪ੍ਰਾਪਤੀਆਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ, ਭਾਰਤ ਦਾ ਬਜਟ ਵਧ ਰਿਹਾ ਹੈ, ਦੇਸ਼ ਵਾਸੀਆਂ ‘ਤੇ ਵਧੇਰੇ ਨਿਵੇਸ਼ ਹੋ ਰਿਹਾ ਹੈ। ਪਹਿਲਾਂ ਜਿਹੜਾ ਪੈਸਾ ਘੁਟਾਲਿਆਂ ਅਤੇ ਭਾਈ-ਭਤੀਜਾਵਾਦ ਕਾਰਨ ਰਾਹ ਵਿੱਚ ਹੀ ਲੀਕ ਹੋ ਜਾਂਦਾ ਸੀ, ਹੁਣ ਸਿੱਧਾ ਲਾਭਪਾਤਰੀ ਤੱਕ ਪਹੁੰਚ ਰਿਹਾ ਹੈ। ਜਦੋਂ ਦੇਸ਼ ਦੇ ਖ਼ਜ਼ਾਨੇ ਦਾ ਪੈਸਾ ਸੜਕਾਂ, ਰੇਲਵੇ, ਹਵਾਈ ਅੱਡਿਆਂ ਅਤੇ ਮੈਟਰੋ ‘ਤੇ ਖ਼ਰਚ ਹੁੰਦਾ ਹੈ, ਜਦੋਂ ਸਰਕਾਰ ਬਿਜਲੀ, ਪਾਣੀ ਅਤੇ ਗੈਸ ਪਾਈਪਲਾਈਨਾਂ ‘ਤੇ ਨਿਵੇਸ਼ ਵਧਾਉਂਦੀ ਹੈ, ਤਾਂ ਲੋਕਾਂ ਦਾ ਜੀਵਨ ਵੀ ਸੁਧਰਦਾ ਹੈ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਦੇ ਹਨ।

ਸਾਥੀਓ,

ਗ਼ਰੀਬਾਂ ਨੂੰ ਘਰ, ਪਖਾਨੇ, ਹਰ ਘਰ ਤੱਕ ਪਾਣੀ ਅਤੇ ਗੈਸ ਕੁਨੈਕਸ਼ਨ ਵਰਗੀਆਂ ਸਹੂਲਤਾਂ ਮਿਲਣ ਨਾਲ ਲੋਕਾਂ ਦਾ ਆਤਮ-ਵਿਸ਼ਵਾਸ ਵਧਿਆ ਹੈ, ਉਨ੍ਹਾਂ ਦਾ ਸਮਾਂ ਬਚ ਰਿਹਾ ਹੈ। ਅਤੇ ਇਸ ਸਮੇਂ ਦੀ ਵਰਤੋਂ ਆਪਣੇ ਪਰਿਵਾਰ ਲਈ ਵਾਧੂ ਕਮਾਈ ਕਰਨ ਵਿੱਚ ਹੋ ਰਹੀ ਹੈ।

ਸਾਥੀਓ,

ਪਿਛਲੇ ਮਹੀਨੇ ਹੀ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ ਸਰਕਾਰ ਦੇ ਮੁਖੀ ਵਜੋਂ ਕੰਮ ਕਰਦਿਆਂ ਮੈਨੂੰ 25 ਸਾਲ ਪੂਰੇ ਹੋਏ ਹਨ। ਸਾਡੀ ਸਰਕਾਰ ਦਾ ਹਮੇਸ਼ਾ ਤੋਂ ਮੰਤਰ ਰਿਹਾ ਹੈ ਕਿ ਗ਼ਰੀਬ ਨੂੰ ਸਮਰੱਥ ਬਣਾਓ, ਤਾਂ ਗ਼ਰੀਬ ਵਿੱਚ ਆਪਣੀ ਗ਼ਰੀਬੀ ਤੋਂ ਬਾਹਰ ਨਿਕਲਣ ਦਾ ਹੌਸਲਾ ਆ ਜਾਂਦਾ ਹੈ। ਮੈਨੂੰ ਯਾਦ ਹੈ, ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਤਾਂ ਇਸੇ ਸੋਚ ਨਾਲ ਮੈਂ ਗ਼ਰੀਬ ਕਲਿਆਣ ਮੇਲਿਆਂ ਦੀ ਪਰੰਪਰਾ ਸ਼ੁਰੂ ਕੀਤੀ ਸੀ। ਇਨ੍ਹਾਂ ਮੇਲਿਆਂ ਵਿੱਚ ਗ਼ਰੀਬਾਂ ਦੀ ਭਲਾਈ ਲਈ ਬਣਾਈਆਂ ਗਈਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ‘ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਸੀ। ਗ਼ਰੀਬਾਂ ਨੂੰ ਮੰਚ ‘ਤੇ ਸੱਦਾ ਦਿੱਤਾ ਜਾਂਦਾ ਸੀ। ਉਹ ਗ਼ਰੀਬੀ ਨੂੰ ਮਾਤ ਦੇਣ ਦਾ ਸੰਕਲਪ ਲੈਂਦੇ ਸਨ ਅਤੇ ਇੱਕ ਨਵਾਂ ਆਤਮ-ਵਿਸ਼ਵਾਸ ਲੈ ਕੇ ਸਮਾਗਮ ਤੋਂ ਵਾਪਸ ਜਾਂਦੇ ਸਨ।

ਸਾਥੀਓ,

ਉਹ ਕੰਮ ਜੋ ਮੈਂ 25 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਉਹ ਅੱਜ ਤੱਕ ਨਿਰੰਤਰ ਜਾਰੀ ਹੈ। ਇਸੇ ਨੂੰ ਮੈਂ ਪਾਵਰ ਟੂ ਇੰਪਾਵਰ ਆਖਦਾ ਹਾਂ। ਪਾਵਰ ਟੂ ਇੰਪਾਵਰ, ਇਹੀ ਸੁਸ਼ਾਸਨ ਹੈ। ਭਾਵ, ਇਹ ਤਬਦੀਲੀ ਅਚਾਨਕ ਨਹੀਂ ਆਈ ਹੈ। ਪਿਛਲੇ ਸਮੇਂ ਵਿੱਚ ਸਰਕਾਰਾਂ ਨਾਅਰੇ ਲਗਾਉਂਦੀਆਂ-ਲਗਾਉਂਦੀਆਂ ਥੱਕ ਚੁੱਕੀਆਂ ਹਨ। ਅਸੀਂ ਇੱਕ-ਇੱਕ ਕੜੀ ਨੂੰ ਜੋੜਿਆ ਹੈ। ਇੱਕ-ਇੱਕ ਜੀਵਨ ਦੇ ਸੁਪਨਿਆਂ ਨੂੰ ਬੁਣਿਆ ਹੈ। ਇਹ ਸਾਲਾਂ ਦੇ ਸੋਚੇ-ਸਮਝੇ ਅਤੇ ਯੋਜਨਾਬੱਧ ਯਤਨਾਂ ਦਾ ਨਤੀਜਾ ਹੈ। ਅਤੇ ਇਸੇ ਲਈ 50 ਕਰੋੜ ਭਾਰਤੀਆਂ ਨੇ ਗ਼ਰੀਬੀ ਨੂੰ ਮਾਤ ਦਿੱਤੀ ਹੈ।

ਸਾਥੀਓ,

ਜਦੋਂ ਗ਼ਰੀਬੀ ਘਟਦੀ ਹੈ, ਤਾਂ ਇਸ ਦਾ ਲਾਭ ਸਿਰਫ਼ ਉਨ੍ਹਾਂ ਪਰਿਵਾਰਾਂ ਨੂੰ ਹੀ ਨਹੀਂ ਹੁੰਦਾ, ਜੋ ਇਸ ਕੁਚੱਕਰ ਵਿੱਚੋਂ ਬਾਹਰ ਨਿਕਲਦੇ ਹਨ। ਇਹ ਦੇਸ਼ ਦੀ ਅਰਥਵਿਵਸਥਾ ਵਿੱਚ ਨਵੀਂ ਜਾਨ ਭਰਦਾ ਹੈ। ਇਹ ਇੱਕ ਨਵੇਂ ਮੱਧ ਵਰਗ ਨੂੰ ਜਨਮ ਦਿੰਦਾ ਹੈ। ਨਵਾਂ ਮੱਧ ਵਰਗ ਨਵੇਂ ਸੁਪਨੇ ਲੈ ਕੇ ਆਉਂਦਾ ਹੈ। ਉਸ ਦੀ ਖ਼ਰੀਦ ਸ਼ਕਤੀ ਬਾਜ਼ਾਰ ਨੂੰ ਰਫ਼ਤਾਰ ਦਿੰਦੀ ਹੈ। ਦੁਕਾਨਾਂ ਤੋਂ ਲੈ ਕੇ ਫ਼ੈਕਟਰੀਆਂ ਤੱਕ ਨਵੀਂਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਭਾਵ, ਭਾਰਤ ਵਿੱਚ ਘਟ ਰਹੀ ਗ਼ਰੀਬੀ, ਭਾਰਤ ਦੀ ਅਰਥਵਿਵਸਥਾ ਨੂੰ ਨਵੀਂਆਂ ਉਚਾਈਆਂ ‘ਤੇ ਲੈ ਕੇ ਜਾ ਰਹੀ ਹੈ।

ਸਾਥੀਓ,

ਵਿਕਸਿਤ ਭਾਰਤ ਦੀ ਇਸ ਯਾਤਰਾ ਵਿੱਚ ਸਾਡੇ ਕਿਸਾਨ ਭੈਣਾਂ-ਭਰਾਵਾਂ ਦੀ ਵੀ ਵੱਡੀ ਭੂਮਿਕਾ ਹੈ। ਅਤੇ ਇਸੇ ਲਈ ਸਾਡੀ ਸਰਕਾਰ ਕਿਸਾਨ ਭੈਣਾਂ-ਭਰਾਵਾਂ ਨੂੰ ਨਿਰੰਤਰ ਸਮਰੱਥ ਬਣਾ ਰਹੀ ਹੈ। ਹਾਲਾਂਕਿ ਮਹਾਰਾਸ਼ਟਰ ਵਿੱਚ ਮੌਸਮ ਦੀ ਬੇਰੁਖ਼ੀ ਕਾਰਨ ਕਈ ਕਿਸਾਨ ਪਰਿਵਾਰਾਂ ਨੂੰ ਇਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਦੇਵੇਂਦਰ ਫੜਨਵੀਸ ਜੀ ਦੀ ਅਗਵਾਈ ਵਿੱਚ ਜਲ ਸੰਭਾਲ ਦਾ ਬਹੁਤ ਸਾਰਾ ਕੰਮ ਹੋਇਆ ਹੈ। ਪਰ ਇਸ ਕੁਦਰਤੀ ਆਫ਼ਤ ਨੇ ਵੱਡੀ ਮੁਸ਼ਕਲ ਪੈਦਾ ਕਰ ਦਿੱਤੀ ਹੈ। ਮੈਂ ਮਹਾਰਾਸ਼ਟਰ ਦੇ ਹਰ ਕਿਸਾਨ ਭੈਣ-ਭਰਾ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਸੰਕਟ ਦੀ ਇਸ ਘੜੀ ਵਿੱਚ ਐੱਨਡੀਏ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਕਿਸਾਨਾਂ ਦੇ ਨਾਲ ਖੜ੍ਹੀ ਹੈ। ਮੈਨੂੰ ਮਹਾਰਾਸ਼ਟਰ ਵਿੱਚ ਸੋਕੇ ਦੀ ਸਥਿਤੀ ਬਾਰੇ ਜਾਣਕਾਰੀ ਹੈ। ਸੂਬਾ ਸਰਕਾਰ ਨੇ ਅਗਾਊਂ ਸਹਾਇਤਾ ਵੀ ਦਿੱਤੀ ਹੈ। ਮੈਂ ਪੀਐੱਮ-ਕਿਸਾਨ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ। ਬਿਲਕੁਲ ਵੀ ਚਿੰਤਾ ਨਾ ਕਰੋ, ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ।

ਸਾਥੀਓ,

ਮੈਂ ਦੇਸ਼ ਵਾਸੀਆਂ ਨੂੰ ਵੀ ਕਹਾਂਗਾ ਕਿ ਇਹ ਤਿਉਹਾਰਾਂ ਦਾ ਸਮਾਂ ਹੈ। ਅਸੀਂ ਆਪਣੇ ਕਿਸਾਨ ਭੈਣਾਂ-ਭਰਾਵਾਂ ਨੂੰ ਯਾਦ ਰੱਖਣਾ ਹੈ। ਉਨ੍ਹਾਂ ਦੇ ਘਰਾਂ ਵਿੱਚ ਵੀ ਦੀਵਾਲੀ ਦੀਆਂ ਖ਼ੁਸ਼ੀਆਂ ਬਣੀਆਂ ਰਹਿਣ, ਇਸ ਦਾ ਅਸੀਂ ਧਿਆਨ ਰੱਖਣਾ ਹੈ। ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਵੀ ਹੈ ਕਿ ਜਿਹੜੇ ਸਾਡੇ ਸੋਕੇ ਤੋਂ ਪ੍ਰਭਾਵਿਤ ਨਾਗਰਿਕ ਹਨ, ਕਿਸਾਨ ਭੈਣ-ਭਰਾ ਹਨ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਹੋਰ ਲੋਕ ਹਨ, ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਵੀ ਅਸੀਂ ਨਹੀਂ ਭੁੱਲਣਾ ਹੈ। ਅਸੀਂ ਸਾਰੇ ਮਿਲ ਕੇ ਹੀ ਇਸ ਆਫ਼ਤ ਦਾ ਟਾਕਰਾ ਕਰਾਂਗੇ।

ਸਾਥੀਓ,

ਸਾਰਿਆਂ ਦਾ ਯਤਨ, ਇੱਕਜੁੱਟ ਯਤਨ, ਇਹੀ ਵਿਕਸਿਤ ਭਾਰਤ ਦੀ ਪ੍ਰਾਣਵਾਯੂ ਹੈ। ਇਸੇ ਭਾਵਨਾ ਨਾਲ ਅਸੀਂ ਦੇਸ਼ ਦੇ ਵਿਕਾਸ ਵਿੱਚ ਜੁਟੇ ਰਹਿਣਾ ਹੈ। ਇੱਕ ਵਾਰ ਫਿਰ, ਤੁਹਾਨੂੰ ਸਾਰਿਆਂ ਨੂੰ ਮੈਟਰੋ ਪ੍ਰੋਜੈਕਟਾਂ ਦੀਆਂ ਸ਼ੁਭਕਾਮਨਾਵਾਂ। ਆਉਣ ਵਾਲੇ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਡਾ ਬਹੁਤ-ਬਹੁਤ ਧੰਨਵਾਦ! ਪੁਣੇ ਵਾਸੀਓ, ਮੇਰੇ ਨਾਲ ਬੋਲੋ, ਉੱਚੀ ਆਵਾਜ਼ ਵਿੱਚ, ਪੂਰੀ ਤਾਕਤ ਨਾਲ, ਦੋਵੇਂ ਹੱਥ ਉੱਪਰ ਕਰਕੇ ਬੋਲੋ—

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

ਭਾਰਤ ਮਾਤਾ ਦੀ ਜੈ!

****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ