ਪੀਐੱਮਇੰਡੀਆ
ਮਾਣਯੋਗ ਪ੍ਰਧਾਨ ਮੰਤਰੀ ਐਨਟੋਨੀਓ ਕੋਸਟਾ, ਸਤਿਕਾਰਤ ਡੈਲੀਗੇਟ, ਮੀਡੀਆ ਦੇ ਮੈਂਬਰ ਸਹਿਬਾਨ,
ਸ਼ੁਰੂਆਤ ਵਿੱਚ ਮੈਂ ਪਿਛਲੇ ਹਫ਼ਤੇ ਪੁਰਤਗਾਲ ਵਿੱਚ ਭਿਆਨਕ ਜੰਗਲ ਦੀ ਅੱਗ ਦੇ ਪੀੜਤਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਅਤੇ ਹਮਦਰਦੀ ਪ੍ਰਗਟ ਕਰਨੀ ਚਾਹੁੰਦਾ ਹਾਂ। ਅਸੀਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਾਂ।
ਦੋਸਤੋ,
ਅਸੀਂ ਗਹਿਰੇ ਇਤਿਹਾਸਕ ਸਬੰਧਾਂ ਅਤੇ ਮਜ਼ਬੂਤ ਆਰਥਿਕ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਵਾਲੇ ਦੋ ਦੇਸ਼ ਹਾਂ। ਮੇਰੇ ਲਈ ਇਹ ਜਾਣਨਾ ਅਚੰਭੇ ਵਾਲਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਦੇ ਵੀ ਪੁਰਤਗਾਲ ਦਾ ਦੁਵੱਲਾ ਦੌਰਾ ਨਹੀਂ ਕੀਤਾ। ਹਾਲਾਂਕਿ, ਮੈਂ ਇਸ ਤੱਥ ਤੋਂ ਸੰਤੁਸ਼ਟ ਹਾਂ ਕਿ ਛੇ ਮਹੀਨੇ ਦੇ ਸਮੇਂ ਵਿੱਚ ਇਹ ਭਾਰਤ ਅਤੇ ਪੁਰਤਗਾਲ ਦਰਮਿਆਨ ਦੂਜਾ ਸਿਖਰ ਸੰਮੇਲਨ ਹੈ। ਮੈਂ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਪ੍ਰਧਾਨ ਮੰਤਰੀ ਐਨਟੋਨੀਓ ਕੋਸਟਾ ਦਾ ਆਪਣੇ ਨਿੱਘੇ ਅਤੇ ਪਿਆਰ ਭਰੇ ਸਤਿਕਾਰ ਲਈ ਧੰਨਵਾਦੀ ਹਾਂ।
ਅਸੀਂ ਪ੍ਰਧਾਨ ਮੰਤਰੀ ਕੋਸਟਾ ਦਾ ਭਾਰਤ ਵਿੱਚ ਜਨਵਰੀ ਵਿੱਚ ਸਵਾਗਤ ਕਰਨ ‘ਤੇ ਮਾਣ ਮਹਿਸੂਸ ਕਰ ਰਹੇ ਹਾਂ, ਇਹ ਨਾ ਕੇਵਲ ਦੁਵੱਲੀ ਯਾਤਰਾ ਲਈ ਸੀ ਬਲਕਿ ਭਾਰਤੀ ਪਰਵਾਸੀਆਂ ਵੱਲੋਂ ਮਨਾਏ ਗਏ ਪਰਵਾਸੀ ਭਾਰਤੀ ਦਿਵਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਵੀ ਆਏ ਸਨ। ਪ੍ਰਧਾਨ ਮੰਤਰੀ ਕੋਸਟਾ ਸਮੁੱਚੀ ਦੁਨੀਆ ਵਿੱਚ ਭਾਰਤੀ ਪਰਵਾਸੀਆਂ ਦੀ ਬਿਹਤਰ ਪ੍ਰਤੀਨਿਧਤਾ ਕਰਦੇ ਹਨ।
ਦੋਸਤੋ,
ਪ੍ਰਧਾਨ ਮੰਤਰੀ ਕੋਸਟਾ ਅਤੇ ਮੈਂ ਅੱਜ ਵਿਸਥਾਰਤ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਦੇ ਭਾਰਤ ਦੌਰੇ ਦੀਆਂ ਉਪਲੱਬਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸਾਡੇ ਆਰਥਿਕ ਸਬੰਧਾਂ ਦਾ ਅੱਗੇ ਦੀ ਤਰਫ਼ ਵਧਣਾ ਜਾਰੀ ਹੈ। ਦੁਵੱਲੇ ਵਪਾਰ ਵਿੱਚ ਪਿਛਲੇ ਸਾਲ 17 ਫੀਸਦੀ ਦਾ ਵਾਧਾ ਹੋਇਆ ਹੈ। ਅਤੇ ਪੁਰਤਗਾਲ ਤੋਂ ਭਾਰਤ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਹਾਲਾਂਕਿ ਘੱਟ ਹੈ, ਪਰ ਇਹ 2016-17 ਦੌਰਾਨ ਦੁੱਗਣਾ ਹੋ ਗਿਆ ਹੈ। ਪਰ ਅਸੀਂ ਦੋਨੋਂ ਅਰਥਵਿਵਸਥਾਵਾਂ ਵਿੱਚ ਵਸਤਾਂ, ਸੇਵਾਵਾਂ, ਪੂੰਜੀ ਅਤੇ ਮਨੁੱਖੀ ਵਸੀਲਿਆਂ ਨੂੰ ਵਧਾਉਣ ਲਈ ਬਹੁਤ ਕੁਝ ਕਰ ਸਕਦੇ ਹਾਂ। ਇਸ ਸਬੰਧੀ ਪੁਰਤਗਾਲ ਅਰਥਵਿਵਸਥਾ ਅਤੇ ਭਾਰਤ ਦਾ ਮਜ਼ਬੂਤ ਵਿਕਾਸ ਸਾਨੂੰ ਮਿਲਕੇ ਅੱਗੇ ਵਧਣ ਦੇ ਢੁਕਵੇਂ ਮੌਕੇ ਪ੍ਰਦਾਨ ਕਰਦਾ ਹੈ।
ਦੋਸਤੋ,
ਉਦਯੋਗੀਕਰਨ ਲਈ ਪੁਰਤਗਾਲ ਸ਼ਕਤੀਸ਼ਾਲੀ ਯੂਰਪੀਅਨ ਈਕੋਸਿਸਟਮ ਵਿੱਚੋਂ ਉੱਭਰਿਆ ਹੈ। ਭਾਰਤ ਵੀ ਮਜ਼ਬੂਤ ਅਤੇ ਗਤੀਸ਼ੀਲ ਸਟਾਰਟ- ਅੱਪਸ ਉਦਯੋਗਾਂ ਦਾ ਘਰ ਹੈ। ਸਟਾਰਟ- ਅੱਪ ਇੱਕ ਰੁਮਾਂਚਕ ਖੇਤਰ ਹੈ ਜੋ ਸਮਾਜ ਦੇ ਲਾਭ ਲਈ ਮੁੱਲ ਅਤੇ ਧਨ ਉਤਪੰਨ ਕਰਨ ਲਈ ਨੌਜਵਾਨਾਂ, ਵਿਚਾਰਾਂ, ਟੈਕਨੋਲੋਜੀ, ਨਵੀਨਤਾ ਅਤੇ ਰਚਨਾਤਮਕਤਾ ਨੂੰ ਜੋੜਦਾ ਹੈ। ਪ੍ਰਧਾਨ ਮੰਤਰੀ ਕੋਸਟਾ ਦੇ ਭਾਰਤ ਦੌਰੇ ਦੌਰਾਨ ਉਨ੍ਹਾਂ ਅਤੇ ਮੈਂ ਭਾਰਤ-ਪੁਰਤਗਾਲ ਅੰਤਰਰਾਸ਼ਟਰੀ ਸਟਾਰਟ- ਅੱਪ ਕੇਂਦਰ ‘ਤੇ ਚਰਚਾ ਕੀਤੀ ਸੀ। ਇੰਨੇ ਘੱਟ ਸਮੇਂ ਵਿੱਚ ਇਹ ਅਨੁਭਵ ਕਰਨ ‘ਤੇ ਮੈਂ ਬਹੁਤ ਖੁਸ਼ ਹਾਂ। ਮੈਂ ਪ੍ਰਧਾਨ ਮੰਤਰੀ ਕੋਸਟਾ ਨਾਲ ਇਸ ਨੂੰ ਸ਼ੁਰੂ ਕਰਨ ਲਈ ਉਤਸੁਕ ਹਾਂ। ਕਰ, ਪ੍ਰਸ਼ਾਸਕੀ ਸੁਧਾਰ, ਵਿਗਿਆਨ, ਪੁਲਾੜ, ਯੁਵਕ ਮਾਮਲੇ ਅਤੇ ਖੇਡਾਂ ਦੇ ਖੇਤਰ ਵਿੱਚ ਨਵੇਂ ਸਮਝੌਤੇ ਸਾਡੀ ਭਾਈਵਾਲੀ ਦੇ ਵਿਸਥਾਰ ਨੂੰ ਦਰਸਾਉਂਦੇ ਹਨ। ਸਾਡਾ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਹਿਯੋਗ ਵੀ ਗਤੀ ਪ੍ਰਾਪਤ ਕਰ ਰਿਹਾ ਹੈ। ਅਤਿ ਆਧੁਨਿਕ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਆਪਣਾ ਸਮਰਥਨ ਕਰਨ ਲਈ ਅਸੀਂ 4 ਮਿਲੀਅਨ ਯੂਰੋ ਦਾ ਸਾਂਝਾ ਐੱਸ ਐਂਡ ਟੀ ਫੰਡ ਸਥਾਪਿਤ ਕਰਨ ਲਈ ਸਹਿਮਤ ਹੋਏ ਹਾਂ। ਅਸੀਂ ਨੈਨੋ ਟੈਕਨੋਲੋਜੀ ਅਤੇ ਸਮੁੰਦਰੀ ਵਿਗਿਆਨ ਵਿੱਚ ਪੁਰਤਗਾਲੀ ਮੁਹਾਰਤ ਤੋਂ ਸਿੱਖਣ ਲਈ ਵੀ ਉਤਸੁਕ ਹਾਂ। ਪੁਲਾੜ ਸਾਡੇ ਦੁਵੱਲੇ ਸਬੰਧਾਂ ਦਾ ਨਵਾਂ ਖੇਤਰ ਹੈ। ਇਹ ਵਿਚਾਰ ਉਦੋਂ ਪੈਦਾ ਹੋਇਆ ਜਦੋਂ ਪ੍ਰਧਾਨ ਮੰਤਰੀ ਕੋਸਟਾ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਦਾ ਦੌਰਾ ਕੀਤਾ। ਅਸੀਂ ਪੁਲਾੜ ਅਤੇ ਸਮੁੰਦਰੀ ਵਿਗਿਆਨ ਦੇ ਦੋਨੋਂ ਖੇਤਰਾਂ ਵਿੱਚ ਅਟਲਾਂਟਿਕ ਅੰਤਰਰਾਸ਼ਟਰੀ ਖੋਜ ਕੇਂਦਰ ਵਿੱਚ ਪੁਰਤਗਾਲ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ।
ਦੋਸਤੋ,
ਸਾਡੇ ਦੋਨੋਂ ਦੇਸ਼ ਸ਼ਕਤੀਸ਼ਾਲੀ ਅਤੇ ਅਗਾਂਹ ਵਧੂ ਲੋਕਾਂ ਦੇ ਲੋਕਾਂ ਨਾਲ ਸਬੰਧ ਸਾਂਝੇ ਕਰਦੇ ਹਨ। ਪੁਰਤਗਾਲ ਵਿੱਚ ਭਾਰਤ ਪਰਵਾਸੀ ਸਾਡੇ ਦੁਵੱਲੇ ਸਬੰਧਾਂ ਨੂੰ ਗਹਿਰੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਫੁੱਟਬਾਲ ਪ੍ਰਤੀ ਪੁਰਤਗਾਲੀ ਜਨੂੰਨ ਗਹਿਰਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਕੋਸਟਾ ਖੁਦ ਫੁੱਟਬਾਲ ਦੇ ਵੱਡੇ ਪ੍ਰਸ਼ੰਸਕ ਹਨ। ਇਹ ਸਾਡੇ ਸਮਾਜਾਂ ਨੂੰ ਜੋੜਨ ਲਈ ਇੱਕ ਹੋਰ ਕੜੀ ਹੋ ਸਕਦਾ ਹੈ। ਸਾਡੇ ਸੱਭਿਆਚਾਰਕ ਸਬੰਧਾਂ ਦਾ ਵਿਸਥਾਰ ਹੋ ਰਿਹਾ ਹੈ। ਅਸੀਂ ਲਿਸਬਨ ਯੂਨੀਵਰਸਿਟੀ ਵਿੱਚ ਭਾਰਤੀ ਪੜ੍ਹਾਈ ਲਈ ਇੱਕ ਚੇਅਰ ਸਥਾਪਿਤ ਕੀਤੀ ਹੈ। ਭਾਰਤੀ ਫਿਲਮਾਂ ਨੂੰ ਪੁਰਤਗਾਲ ਵਿੱਚ ਡੱਬ ਕੀਤਾ ਜਾਂਦਾ ਹੈ। ਅਤੇ ਸਾਡੇ ਆਪਸੀ ਫਾਇਦੇ ਲਈ ਹਿੰਦੀ-ਪੁਰਤਗਾਲੀ ਡਿਕਸ਼ਨਰੀ ਬਣਾਈ ਜਾ ਰਹੀ ਹੈ। ਮੈਂ 17ਵੀਂ ਸਦੀ ਵਿੱਚ ਗੋਆ ਅਤੇ ਪੁਰਤਗਾਲ ਵਿੱਚ ਚਿੱਠੀਆਂ ਦੇ ਹੋਏ ਅਦਾਨ-ਪ੍ਰਦਾਨ ਵਾਲੇ 12,000 ਦਸਤਾਵੇਜ਼ਾਂ ਦਾ ਡਿਜੀਟਲ ਸੰਸਕਰਣ ਸਾਡੇ ਨਾਲ ਸਾਂਝਾ ਕਰਨ ਲਈ ਪੁਰਤਗਾਲ ਦਾ ਸ਼ੁਕਰੀਆ ਵੀ ਅਦਾ ਕਰਦਾ ਹਾਂ। ਇਹ ਅਹਿਮ ਸੰਗ੍ਰਹਿ ਸਾਡੇ ਖੋਜਾਰਥੀਆਂ ਲਈ ਫਾਇਦੇਮੰਦ ਸਾਬਤ ਹੋਏਗਾ।
ਦੋਸਤੋ,
ਅੰਤਰਰਾਸ਼ਟਰੀ ਖੇਤਰ ਵਿੱਚ ਭਾਰਤ ਅਤੇ ਪੁਰਤਗਾਲ ਮਜ਼ਬੂਤ ਭਾਈਵਾਲ ਹਨ। ਅਸੀਂ ਯੂਐੱਨ ਸੁਰੱਖਿਆ ਕੌਂਸਲ ਅਤੇ ਬਹੁਪੱਖੀ ਨਿਰਯਾਤ ਕੰਟਰੋਲ ਪ੍ਰਬੰਧ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਪੁਰਤਗਾਲ ਵੱਲੋਂ ਲਗਾਤਾਰ ਸਮਰਥਨ ਦੇਣ ਲਈ ਧੰਨਵਾਦ ਕਰਦੇ ਹਾਂ। ਅਸੀਂ ਦਹਿਸ਼ਤਗਰਦੀ ਅਤੇ ਹਿੰਸਕ ਅਤਿਵਾਦ ਖਿਲਾਫ਼ ਆਪਣਾ ਸਹਿਯੋਗ ਗਹਿਰਾ ਕਰਨ ਲਈ ਵੀ ਦ੍ਰਿੜ੍ਹ ਹਾਂ।
ਮਾਣਯੋਗ,
ਮੈਂ ਇੱਕ ਵਾਰ ਫਿਰ ਤੁਹਾਡਾ ਨਿੱਘੇ ਸਵਾਗਤ ਅਤੇ ਉਦਾਰ ਮੇਜ਼ਬਾਨੀ ਅਤੇ ਸਾਡੇ ਲਈ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਣ ਲਈ ਧੰਨਵਾਦ ਕਰਦਾ ਹਾਂ।
ਮੁਈਟੋ ਔਬਰਿਗੈਡੋ (Muito Obrigado), ਤੁਹਾਡਾ ਬਹੁਤ-ਬਹੁਤ ਧੰਨਵਾਦ।
***
VBA/HS