ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀਰਵਾਰ ਨੂੰ ਭਾਰਤ ਸਰਕਾਰ ਵਿੱਚ ਸੇਵਾ ਨਿਭਾ ਰਹੇ 80 ਐਡੀਸ਼ਨਲ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਹ ਇਸ ਤਰ੍ਹਾਂ ਦੀਆਂ ਪੰਜਵੀਂ ਚੋਂ ਦੂਜੀ ਗੱਲਬਾਤ ਹੈ।
ਗੱਲਬਾਤ ਦੌਰਾਨ ਅਫ਼ਸਰਾਂ ਨੇ ਕਾਰਗੁਜ਼ਾਰੀ ਅਧਾਰਤ ਪ੍ਰਸ਼ਾਸਨ, ਸ਼ਾਸਨ ਵਿੱਚ ਨਵੀਨਤਾ, ਰਹਿੰਦ ਖੂੰਹਦ ਪ੍ਰਬੰਧਨ, ਨਦੀ ਅਤੇ ਵਾਤਾਵਰਣ ਪ੍ਰਦੂਸ਼ਣ, ਜੰਗਲ, ਸਫ਼ਾਈ, ਜਲਵਾਯੂ ਪਰਿਵਰਤਨ, ਖੇਤੀਬਾੜੀ ਵਿੱਚ ਗੁਣਵੱਤਾ ਵਾਧਾ, ਸਿੱਖਿਆ ਅਤੇ ਹੁਨਰ ਵਿਕਾਸ ਜਿਹੇ ਵਿਸ਼ਿਆਂ ‘ਤੇ ਆਪਣੇ ਅਨੁਭਵ ਸਾਂਝੇ ਕੀਤੇ।
ਅਫ਼ਸਰਾਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਅਫ਼ਸਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਫਾਇਲਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਉਹ ਫੈਸਲਿਆਂ ਦੇ ਅਸਲੀ ਪ੍ਰਭਾਵ ਨੂੰ ਸਮਝਣ ਲਈ ਖੇਤਰ ਵਿੱਚ ਜਾਣ। ਇਸ ਸੰਦਰਭ ਵਿੱਚ ਉਨ੍ਹਾਂ ਨੇ 2001 ਵਿੱਚ ਗੁਜਰਾਤ ਵਿੱਚ ਭੂਚਾਲ ਤੋਂ ਬਾਅਦ ਦੇ ਪੁਨਰ ਨਿਰਮਾਣ ਸਬੰਧੀ ਅਫ਼ਸਰਾਂ ਦੇ ਤਜਰਬੇ ਯਾਦ ਕੀਤੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫ਼ਸਰਾਂ ਨੂੰ ਕੰਮ ਨੂੰ ਸਿਰਫ਼ ਆਪਣੀ ਡਿਊਟੀ ਵਜੋਂ ਹੀ ਦੇਖਣਾ ਨਹੀਂ ਚਾਹੀਦਾ, ਬਲਕਿ ਉਹ ਇਸਨੂੰ ਦੇਸ਼ ਦੇ ਸ਼ਾਸਨ ਲਈ ਸਾਕਾਰਾਤਮਕ ਤਬਦੀਲੀ ਕਰਨ ਦੇ ਅਵਸਰ ਵਜੋ ਲੈਣ। ਉਨ੍ਹਾਂ ਤਾਕੀਦ ਕੀਤੀ ਕਿ ਉਹ ਸ਼ਾਸਨ ਪ੍ਰਕਿਰਿਆ ਨੂੰ ਸਰਲ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਨ। ਉਨ੍ਹਾਂ ਅਫ਼ਸਰਾਂ ਨੂੰ ਕਿਹਾ ਕਿ ਉਹ ਭਾਰਤ ਦੇ 100 ਸਭ ਤੋਂ ਵੱਧ ਪੱਛੜੇ ਜਿਲ੍ਹਿਆਂ ‘ਤੇ ਧਿਆਨ ਕੇਂਦਰਤ ਕਰਨ ਤਾਂ ਜੋ ਉਨ੍ਹਾਂ ਨੂੰ ਵਿਭਿੰਨ ਵਿਕਾਸ ਮਾਪਦੰਡਾਂ ਵਿੱਚ ਰਾਸ਼ਟਰੀ ਔਸਤ ਪੱਧਰ ‘ਤੇ ਲਿਆਂਦਾ ਜਾ ਸਕੇ।
*****
AKT/SH