Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੇ ਆਸੇ-ਪਾਸੇ ਨਾਈਜੀਰੀਆ ਦੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਬ੍ਰਿਕਸ ਸਿਖ਼ਰ ਸੰਮੇਲਨ ਦੇ ਆਸੇ-ਪਾਸੇ ਸੰਘੀ ਗਣਰਾਜ ਨਾਈਜੀਰੀਆ ਦੇ ਮਾਣਯੋਗ ਉਪ ਰਾਸ਼ਟਰਪਤੀ ਮਿਸਟਰ ਕਾਸ਼ਿਮ ਸ਼ੇਟੀਮਾ ਮੁਸਤਫਾ, ਜੀਸੀਓਐੱਨ ਨਾਲ ਮੁਲਾਕਾਤ ਕੀਤੀ। ਉਪ ਰਾਸ਼ਟਰਪਤੀ ਕਾਸ਼ਿਮ ਸ਼ੇਟੀਮਾ ਮੁਸਤਫਾ, ਜੀਸੀਓਐੱਨ ਨਵੀਂ ਦਿੱਲੀ ਵਿੱਚ ਬ੍ਰਿਕਸ ਸਿਖ਼ਰ ਸੰਮੇਲਨ ਲਈ ਨਾਈਜੀਰੀਆਈ ਵਫ਼ਦ ਦੀ ਅਗਵਾਈ ਕਰ ਰਹੇ ਹਨ। ਇਸ ਵਫ਼ਦ ਵਿੱਚ ਵਿਦੇਸ਼ ਮਾਮਲਿਆਂ, ਉਦਯੋਗ, ਵਪਾਰ ਅਤੇ ਨਿਵੇਸ਼, ਸੰਚਾਰ, ਨਵੀਨਤਾ ਅਤੇ ਡਿਜੀਟਲ ਤਕਨਾਲੋਜੀ, ਮਨੁੱਖੀ ਮਾਮਲੇ ਤੇ ਗਰੀਬੀ ਘਟਾਉਣ, ਮਹਿਲਾ ਮਾਮਲੇ ਅਤੇ ਵਿਗਿਆਨ ਅਤੇ ਤਕਨਾਲੋਜੀ ਸਮੇਤ ਕਈ ਮੰਤਰੀ ਸ਼ਾਮਲ ਹਨ।

ਦੋਵਾਂ ਆਗੂਆਂ ਨੇ ਭਾਰਤ-ਨਾਈਜੀਰੀਆ ਸਬੰਧਾਂ ਦੇ ਕਈ ਪੱਖਾਂ ਦੀ ਸਮੀਖਿਆ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਹੋਈ ਲਗਾਤਾਰ ਤਰੱਕੀ ’ਤੇ ਤਸੱਲੀ ਪ੍ਰਗਟਾਈ। ਚਰਚਾ ਵਿੱਚ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਊਰਜਾ ਭਾਈਵਾਲੀ, ਖੇਤੀਬਾੜੀ, ਸਿਹਤ ਅਤੇ ਡਿਜੀਟਲ ਤਕਨਾਲੋਜੀਆਂ ਸਮੇਤ ਮੁੱਖ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਉਨ੍ਹਾਂ ਨੇ ਭਾਰਤ-ਨਾਈਜੀਰੀਆ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਉਪ ਰਾਸ਼ਟਰਪਤੀ ਸ਼ੇਟੀਮਾ ਮੁਸਤਫਾ ਨੇ ਆਪਸੀ ਹਿੱਤਾਂ ਨਾਲ ਸਬੰਧਤ ਖੇਤਰੀ ਅਤੇ ਆਲਮੀ ਮਾਮਲਿਆਂ, ਜਿਨ੍ਹਾਂ ਵਿੱਚ ਗਲੋਬਲ ਸਾਊਥ ਦੀਆਂ ਤਰਜੀਹਾਂ ਅਤੇ ਚਿੰਤਾਵਾਂ ਵੀ ਸ਼ਾਮਲ ਹਨ, ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਬਹੁਪੱਖੀ ਮੰਚਾਂ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਧੇਰੇ ਪ੍ਰਤੀਨਿਧੀ, ਸੰਮਲਿਤ ਅਤੇ ਬਹੁ-ਧਰੁਵੀ ਅੰਤਰਰਾਸ਼ਟਰੀ ਵਿਵਸਥਾ ਵੱਲ ਮਿਲ ਕੇ ਕੰਮ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਾਈਜੀਰੀਆ ਨਾਲ ਭਾਰਤ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਅਫ਼ਰੀਕਾ ਨਾਲ ਭਾਰਤ ਦੀ ਭਾਗੀਦਾਰੀ ਨੂੰ ਹੋਰ ਡੂੰਘਾ ਕਰਨ ਪ੍ਰਤੀ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕੀਤਾ। ਉਪ ਰਾਸ਼ਟਰਪਤੀ ਸ਼ੇਟੀਮਾ ਮੁਸਤਫਾ ਨੇ ਭਾਰਤ ਦੇ ਵਿਕਾਸ ਤਜ਼ਰਬੇ ਅਤੇ ਨਾਈਜੀਰੀਆ ਵਿੱਚ ਸਮਰੱਥਾ ਨਿਰਮਾਣ ਅਤੇ ਆਰਥਿਕ ਵਿਕਾਸ ਵਿੱਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਮੁਲਾਕਾਤ ਨੇ ਭਾਰਤ ਅਤੇ ਨਾਈਜੀਰੀਆ ਦੀ ਇੱਕ ਹੋਰ ਮਜ਼ਬੂਤ ਅਤੇ ਭਵਿੱਖਮੁਖੀ ਭਾਈਵਾਲੀ ਬਣਾਉਣ ਪ੍ਰਤੀ ਸਾਂਝੀ ਵਚਨਬੱਧਤਾ ਦੀ ਮੁੜ ਪੁਸ਼ਟੀ ਕੀਤੀ, ਜੋ ਦੋਵਾਂ ਦੇਸ਼ਾਂ ਅਤੇ ਵਿਆਪਕ ਗਲੋਬਲ ਸਾਊਥ ਵਿੱਚ ਅਮਨ, ਖੁਸ਼ਹਾਲੀ ਅਤੇ ਵਿਕਾਸ ਵਿੱਚ ਯੋਗਦਾਨ ਪਾਵੇਗੀ।

***********

ਐੱਮਜੇਪੀਐੱਸ/ਐੱਸਐੱਸ/ਐੱਸਟੀ