Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਆਈਆਈਐੱਮ ਕੋਜ਼ੀਕੋੜੇ (Kozhikode) ਵਿਖੇ ਵੀਡੀਓ ਕਾਨਫਰੰਸ ਰਾਹੀਂ ਦਿੱਤੇ ਗਏ ਭਾਸ਼ਣ ਦਾ ਮੂਲ-ਪਾਠ


ਪ੍ਰਤਿਸ਼ਠਿਤ ਅਤਿਥੀਗਣ, ਦੇਵੀਓ ਅਤੇ ਸੱਜਣੋਂ, ਦੋਸਤੋ, ਮੈਂ ਆਈਆਈਐੱਮ-ਕੋਜ਼ੀਕੋੜੇ (Kozhikode) ਵਰਗੇ ਗੌਰਵਸ਼ਾਲੀ ਸੰਸਥਾਨ ਵਿੱਚ ‘ਭਾਰਤੀ ਵਿਚਾਰਧਾਰਾ ਦਾ ਵਿਸ਼ਵੀਕਰਨ’ ਕਰਨ ’ਤੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਹੁਤ ਖਸ਼ ਹਾਂ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਜਿਹੇ ਉੱਘੇ ਸਿੱਖਿਆ ਕੇਂਦਰ ਇਨ੍ਹਾਂ ਵਿਸ਼ਿਆਂ ਵਿੱਚ ਰੁਚੀ ਲੈ ਰਹੇ ਹਨ। ਇਹ ਕੋਈ ਸੰਜੋਗ ਨਹੀਂ ਹੈ ਕਿ ਅਸੀਂ ਉਸ ਸਮੇਂ ਭਾਰਤੀ ਵਿਚਾਰਧਾਰਾ ਦਾ ਵਿਸ਼ਵੀਕਰਨ ਕਰਨ ਦੀ ਗੱਲ ਕਰ ਰਹੇ ਹਾਂ, ਜਦੋਂ ਸੁਆਮੀ ਵਿਵੇਕਾਨੰਦ ਦੀ ਆਦਮਕੱਦ ਪ੍ਰਤਿਮਾ ਨੂੰ ਇਸ ਕੈਂਪਸ ਵਿੱਚ ਇੱਕ ਵਿਸ਼ੇਸ਼ ਸਥਾਨ ਮਿਲਿਆ ਹੈ। ਭਾਰਤੀ ਵਿਚਾਰਧਾਰਾ ਨੂੰ ਵਿਸ਼ਵਵਿਆਪੀ ਬਣਾਉਣ ਵਿੱਚ ਸੁਆਮੀ ਵਿਵੇਕਾਨੰਦ ਦੇ ਯੋਗਦਾਨ ਨੂੰ ਕੌਣ ਭੁੱਲ ਸਕਦਾ ਹੈ। ਵਰ੍ਹਿਆਂ ਪਹਿਲਾਂ 11 ਸਤੰਬਰ, 1893 ਨੂੰ ਸੁਆਮੀ ਵਿਵੇਕਾਨੰਦ ਨੇ ਸ਼ਿਕਾਗੋ ਵਿੱਚ ਆਪਣੇ ਅਹਿਮ ਭਾਸ਼ਨ ਦੌਰਾਨ ਭਾਰਤੀ ਲੋਕਾਚਾਰ ਦੀ ਇੱਕ ਝਲਕ ਪੇਸ਼ ਕੀਤੀ ਸੀ।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਪਲ ਉਨ੍ਹਾਂ ਨੇ (ਸਿਸਟਰਜ਼ ਐਂਡ ਬ੍ਰਦਰਜ਼ ਆਵ੍ ਅਮੈਰਿਕਾ) ‘ਅਮਰੀਕਾ ਦੇ ਭੈਣੋਂ ਅਤੇ ਭਾਈਓ’ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਸੀ ਤਾਂ ਜ਼ੋਰ ਨਾਲ ਤਾੜੀਆਂ ਵੱਜੀਆਂ ਸਨ। ਇਹ ਜਾਦੂ ਭਰੇ ਪਲ ਸਨ। ਇਹ ਜਾਦੂ ਸ਼ਬਦਾਂ ਦਾ ਨਹੀਂ ਸੀ। ਜੋ ਦਰਸਾਇਆ ਗਿਆ, ਉਹ ਭਾਰਤ ਦਾ ਦ੍ਰਿੜ ਵਿਸ਼ਵਾਸ ਅਤੇ ਸਰਬਵਿਆਪੀ ਭਾਈਚਾਰੇ ਪ੍ਰਤੀ ਪ੍ਰਤੀਬੱਧਤਾ ਸੀ।

ਦੋਸਤੋ, ਭਾਰਤੀ ਵਿਚਾਰਧਾਰਾ ਜੀਵੰਤ ਅਤੇ ਵਿਵਿਧ ਹੈ। ਇਹ ਨਿਰੰਤਰ ਅਤੇ ਵਿਸਤ੍ਰਿਤ ਹੈ। ਇਹ ਇੱਕ ਲੈਕਚਰ ਜਾਂ ਸੈਮੀਨਾਰ ਜਾਂ ਇੱਥੋਂ ਤੱਕ ਕਿ ਪੁਸਤਕਾਂ ਵਿੱਚ ਸਮੇਟਣ ਨਾਲੋਂ ਤਾਂ ਬਹੁਤ ਵਿਸ਼ਾਲ ਹੈ। ਪਰ ਮੋਟੇ ਤੌਰ ’ਤੇ ਕੁਝ ਅਜਿਹੇ ਆਦਰਸ਼ ਹਨ ਜੋ ਭਾਰਤੀ ਕਦਰਾਂ-ਕੀਮਤਾਂ ਦੇ ਕੇਂਦਰ ਬਣੇ ਹੋਏ ਹਨ। ਉਹ ਹਨ ਦਇਆ, ਸਦਭਾਵਨਾ, ਸੇਵਾ ਅਤੇ ਖੁੱਲ੍ਹਾਪਣ।

ਦੋਸਤੋ, ਉਹ ਕਿਹੜੀ ਚੀਜ਼ ਹੈ ਜੋ ਦੁਨੀਆ ਨੂੰ ਭਾਰਤ ਵੱਲ ਆਕਰਸ਼ਿਤ ਕਰਦੀ ਹੈ, ਮੈਂ ਇਸ ਬਾਰੇ ਗੱਲ ਕਰਨੀ ਚਾਹਾਂਗਾ। ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਜੋ ਮਨ ਵਿੱਚ ਆਉਂਦਾ ਹੈ, ਉਹ ਹੈ ਸ਼ਾਂਤੀ, ਏਕਤਾ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ। ਇੰਨੇ ਸਾਰੇ ਰਾਜ, ਇੰਨੀਆਂ ਭਾਸ਼ਾਵਾਂ, ਇੰਨੀਆਂ ਉਪ-ਭਾਸ਼ਾਵਾਂ, ਇੰਨੇ ਸਾਰੇ ਧਰਮ, ਇੰਨੇ ਰੀਤੀ ਰਿਵਾਜ਼ ਅਤੇ ਪਰੰਪਰਾਵਾਂ, ਇੰਨੇ ਸਾਰੇ ਖਾਣ-ਪਾਣ, ਇੰਨੀਆਂ ਜੀਵਨ ਸ਼ੈਲੀਆਂ ਅਤੇ ਵਿਭਿੰਨ ਤਰ੍ਹਾਂ ਦੇ ਪਹਿਰਾਵੇ। ਫਿਰ ਵੀ ਸਦੀਆਂ ਤੋਂ ਅਸੀਂ ਸ਼ਾਂਤੀ ਨਾਲ ਰਹਿ ਰਹੇ ਹਾਂ। ਸਦੀਆਂ ਤੋਂ ਅਸੀਂ ਦੁਨੀਆ ਦਾ ਆਪਣੀ ਧਰਤੀ ’ਤੇ ਸਵਾਗਤ ਕੀਤਾ ਹੈ। ਸਾਡੀ ਸੱਭਿਅਤਾ ਖੁਸ਼ਹਾਲ ਹੋਈ ਹੈ ਜਦੋਂ ਕਿ ਕਈ ਅਜਿਹਾ ਨਹੀਂ ਕਰ ਸਕੇ। ਕਿਉਂ? ਕਿਉਂਕਿ ਹਰ ਇੱਕ ਨੂੰ ਇੱਥੇ ਸ਼ਾਂਤੀ ਅਤੇ ਸਦਭਾਵਨਾ ਮਿਲਦੀ ਹੈ।

ਦੋਸਤੋ, ਇਹ ਵੀ ਸਾਡੀ ਤਾਕਤ ਵੀ ਰਹੀ ਹੈ ਕਿ ਸਰਲ ਅਗਵਾਈ ਅਤੇ ਸਬੰਧਿਤ ਪਿਰਤਾਂ ਰਾਹੀਂ ਸਾਡੇ ਵਿਚਾਰ ਸਾਡੀਆਂ ਪਰੰਪਰਾਵਾਂ ਬਣ ਗਏ। ਇਹ ਪਿਰਤਾਂ ਨਾ ਤਾਂ ਸਖ਼ਤ ਹਨ ਅਤੇ ਨਾ ਹੀ… ਇੱਕ ਆਯਾਮੀ। ਇਸ ਤੱਥ ਵਿੱਚ ਖੂਬਸੂਰਤੀ ਇਹ ਹੈ ਕਿ ਉਨ੍ਹਾਂ ਦਾ ਅਲੱਗ ਤਰੀਕੇ ਨਾਲ ਅਭਿਆਸ ਕੀਤਾ ਜਾ ਸਕਦਾ ਹੈ।

ਦੋਸਤੋ, ਸਾਡੀ ਧਰਤੀ ਜਿਸ ਨੇ ਦੁਨੀਆ ਨੂੰ ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ ਅਤੇ ਸਿੱਖ ਧਰਮ ਵਰਗੇ ਜੀਵੰਤ ਧਰਮ ਦਿੱਤੇ ਹਨ। ਇਸ ਧਰਤੀ ਵਿੱਚ ਸੂਫ਼ੀ ਪਰੰਪਰਾ ਪਣਪੀ ਹੈ। ਇਨ੍ਹਾਂ ਸਭਨਾਂ ਦੀ ਬੁਨਿਆਦ ਅਹਿੰਸਾ ਹੈ। 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਨੇ ਇਨ੍ਹਾਂ ਆਦਰਸ਼ਾਂ ਦਾ ਪਾਲਣ ਕੀਤਾ ਅਤੇ ਇਸ ਨੇ ਭਾਰਤ ਦੀ ਅਜ਼ਾਦੀ ਵਿੱਚ ਯੋਗਦਾਨ ਦਿੱਤਾ। ਨਾਲ ਹੀ ਉਨ੍ਹਾਂ ਨੇ ਬਾਹਰ ਦੇ ਲੱਖਾਂ ਲੋਕਾਂ ਨੂੰ ਤਾਕਤ ਦਿੱਤੀ। ਚਾਹੇ ਡਾਕਟਰ ਮਾਰਟਿਨ ਲੂਥਰ ਕਿੰਗ ਜੂਨੀਅਰ ਹੋਣ ਜਾਂ ਨੈਲਸਨ ਮੰਡੇਲਾ ਜਾਂ ਅਫ਼ਰੀਕੀ ਦੇਸ਼ਾਂ ਵਿੱਚ ਅਜ਼ਾਦੀ ਸੰਗਰਾਮ, ਉਨ੍ਹਾਂ ਨੇ ਗਾਂਧੀ ਜੀ ਤੋਂ ਪ੍ਰੇਰਨਾ ਲਈ। ਦੋਹਾਂ ਵਿਸ਼ਵ ਯੁੱਧਾਂ ਵਿੱਚ ਕਈ ਭਾਰਤੀ ਸੈਨਿਕਾਂ ਨੇ ਆਪਣੀ ਜਾਨ ਦਿੱਤੀ। ਉਹ ਬਹਾਦਰੀ ਨਾਲ ਲੜੇ, ਬੇਸ਼ੱਕ ਭਾਰਤ ਦੀ ਇਨ੍ਹਾਂ ਯੁੱਧਾਂ ਵਿੱਚ ਕੋਈ ਹਿੱਸੇਦਾਰੀ ਨਹੀਂ ਸੀ। ਅਸੀਂ ਕਿਸੇ ਦੀ ਜ਼ਮੀਨ ਤੋਂ ਭਾਰਤ ਵਿਸ਼ਵ ਪੱਧਰ ’ਤੇ ਸੰਯੁਕਤ ਰਾਸ਼ਟਰ ਦੀਆਂ ਸ਼ਾਂਤੀ ਮੁਹਿੰਮਾਂ ਵਿੱਚ ਸਭ ਤੋਂ ਵੱਡੇ ਯੋਗਦਾਨ ਦਾਤਿਆਂ ਵਿੱਚੋਂ ਇੱਕ ਬਣਿਆ ਹੋਇਆ ਹੈ। ਜੇਕਰ ਕੁਝ ਬਹੁਤ ਜ਼ਿਆਦਾ ਸੰਘਰਸ਼ ਕਰਨ ਵਾਲੇ ਖੇਤਰ ਸ਼ਾਂਤਮਈ ਹਵਾ ਵਿੱਚ ਸਾਹ ਲੈ ਸਕੇ ਤਾਂ ਉਸ ਵਿੱਚ ਵੀ ਸਾਡੇ ਸੈਨਿਕਾਂ ਦੀ ਭੂਮਿਕਾ ਰਹੀ ਹੈ। ਫਜ਼ੂਲ ਦੀ ਨਫ਼ਰਤ, ਹਿੰਸਾ, ਟਕਰਾਅ ਅਤੇ ਦਹਿਸ਼ਤਗਰਦੀ ਤੋਂ ਮੁਕਤ ਹੋਣ ਦੀ ਕੋਸ਼ਿਸ਼ ਵਿੱਚ, ਭਾਰਤੀ ਜੀਵਨ-ਵਿਧੀ ਆਸ਼ਾ ਦੀਆਂ ਕਿਰਨਾਂ ਪ੍ਰਦਾਨ ਕਰਦੀ ਹੈ। ਟਕਰਾਅ ਤੋਂ ਬਚਣ ਦਾ ਭਾਰਤੀ ਤਰੀਕਾ ਅਸੱਭਿਆ ਸ਼ਕਤੀ ਨਾਲ ਨਹੀਂ ਬਲਕਿ ਸੰਵਾਦ ਦੀ ਸ਼ਕਤੀ ਹੈ।

ਦੋਸਤੋ, ਜਦੋਂ ਮੈਂ ਕਹਿੰਦਾ ਹਾਂ ਕਿ ਭਾਰਤ ਸ਼ਾਂਤੀ ਅਤੇ ਸਦਭਾਵਨਾ ਵਿੱਚ ਵਿਸ਼ਵਾਸ ਰੱਖਦਾ ਹੈ, ਇਸ ਵਿੱਚ ਮਾਂ ਪ੍ਰਕਿਰਤੀ ਅਤੇ ਸਾਡੇ ਵਾਤਾਵਰਣ ਨਾਲ ਤਾਲਮੇਲ ਕਰਨਾ ਸ਼ਾਮਲ ਹੈ।

ਵੇਦਾਂ ਅਨੁਸਾਰ, ‘‘ਯਾਂ ਰਕਸ਼ਨਤਯਸਵਪਨਾ ਵਿਸ਼ਵਦਾਨੀਂ ਦੇਵਾ ਭੂਮਿੰ ਪ੍ਰਿਥਵੀਮਪ੍ਰਮਾਦਮ੍’ (यां रक्षन्त्यस्वप्ना विश्वदानीं देवा भूमिं पृथिवीमप्रमादम्)।

ਧਰਤੀ ਮਾਂ ਜਿੱਥੇ ਸੰਤ ਸਿਮਰਨ ਕਰਦੇ ਹਨ, ਉਸ ਨੂੰ ਹਰ ਉਸ ਚੀਜ਼ ਦੀ ਦਾਤਾ ਕਿਹਾ ਜਾਂਦਾ ਹੈ ਜਿਸ ’ਤੇ ਜੀਵਨ ਦੇ ਸਾਰੇ ਰੂਪ ਨਿਰਭਰ ਕਰਦੇ ਹਨ।

ਸਾਡੀ ਪਰੰਪਰਾ ਧਰਤੀ ਨੂੰ ਸਾਡੀ ਮਾਤਾ ਦੇ ਰੂਪ ਵਿੱਚ ਮੰਨਦੀ ਹੈ। ਭਾਰਤ ਵਿੱਚ ਦੈਵੀ ਸ਼ਕਤੀ ਕਈ ਜਾਨਵਰਾਂ ਨਾਲ ਜੁੜੀ ਹੋਈ ਹੈ। ਕੌਟਿਲਿਆ ਨੇ ਬਨਸਪਤੀਆਂ ਅਤੇ ਜੀਵਾਂ ਦੀ ਸੁਰੱਖਿਆ ਬਾਰੇ ਵਿਆਪਕ ਪੱਧਰ ’ਤੇ ਲਿਖਿਆ ਹੈ।

ਅੱਜ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਅਸੀਂ ਇਸ ਭਾਵਨਾ ਦੇ ਚਿੰਨ੍ਹ ਦੇਖਦੇ ਹਾਂ। ਭਾਰਤ ਨੇ ਭਵਿੱਖ ਨੂੰ ਸਵੱਛ ਰੱਖਣ ਲਈ ਸੌਰ ਊਰਜਾ ਦਾ ਉਪਯੋਗ ਕਰਨ ਲਈ ਅੰਤਰਰਾਸ਼ਟਰੀ ਸੌਰ ਗੱਠਜੋੜ ਬਣਾਉਣ ਦਾ ਬੀੜਾ ਚੁੱਕਿਆ ਸੀ। ਅਸੀਂ ਅਖੁੱਟ ਊਰਜਾ ਦੇ ਵਧਦੇ ਉਪਯੋਗ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਐੱਲਈਡੀ ਬਲਬਾਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਭਾਰਤ ਦੇ ਜਨ ਅੰਦੋਲਨ ਨੇ ਮਹੱਤਵਪੂਰਨ ਊਰਜਾ ਬੱਚਤ ਵਿੱਚ ਯੋਗਦਾਨ ਦਿੱਤਾ ਹੈ। 36 ਕਰੋੜ ਐੱਲਈਡੀ ਬਲਬ ਵੰਡੇ ਗਏ ਹਨ। 1ਕਰੋੜ ਸਟ੍ਰੀਟ ਲਾਈਟਾਂ ਨੂੰ ਐੱਲਈਡੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਨਾਲ ਲਾਗਤ ਬਚਤ ਲਗਭਗ ਪੰਝੀ ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਚਾਰ ਕਰੋੜ ਟਨ ਤੋਂ ਜ਼ਿਆਦਾ ਕਾਰਬਨ ਡਾਈਔਕਸਾਈਡ ਦੀ ਨਿਕਾਸੀ ਘਟ ਗਈ ਹੈ। ਊਰਜਾ ਦੀ ਬਚਤ ਹੀ ਬਹੁਤ ਵੱਡੀ ਬਚਤ ਹੈ।
ਵਿਸ਼ੇਸ਼/ਵਿਲੱਖਣ ਅਤਿਥੀਗਣ, ਭਾਰਤ ਵਿੱਚ ਬਾਘਾਂ ਦੀ ਆਬਾਦੀ 2006 ਤੋਂ ਦੁੱਗਣੀ ਹੋ ਗਈ ਹੈ। ਅੱਜ, ਭਾਰਤ ਲਗਭਗ 2970 ਬਾਘਾਂ ਦਾ ਘਰ ਹੈ। ਦੁਨੀਆ ਦੇ ਬਾਘਾਂ ਦੀ ਆਬਾਦੀ ਦਾ ਤਿੰਨ ਚੌਥਾਈ ਹਿੱਸਾ ਭਾਰਤ ਵਿੱਚ ਰਹਿੰਦਾ ਹੈ। ਬਾਘਾਂ ਲਈ ਸਭ ਤੋਂ ਸੁਰੱਖਿਅਤ ਨਿਵਾਸਾਂ ਵਿੱਚੋਂ ਅਸੀਂ ਇੱਕ ਹਾਂ। 2010 ਵਿੱਚ ਦੁਨੀਆ, 2022 ਤੱਕ ਬਾਘਾਂ ਦੀ ਆਬਾਦੀ ਨੂੰ ਦੁੱਗਣਾ ਕਰਨ ਲਈ ਸਹਿਮਤ ਹੋਈ ਸੀ। ਅਸੀਂ ਇਸ ਪਹਿਲ ਨੂੰ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇਸੇ ਤਰ੍ਹਾਂ ਭਾਰਤ ਵਿੱਚ ਸ਼ੇਰਾਂ ਦੀ ਆਬਾਦੀ 2010 ਤੋਂ 2015 ਤੱਕ ਲਗਭਗ ਤੀਹ ਪ੍ਰਤੀਸ਼ਤ ਵਧ ਗਈ ਹੈ। 2010 ਵਿੱਚ ਇਹ ਸੰਖਿਆ ਚਾਰ ਸੌ ਗਿਆਰਾਂ ਸੀ। ਮੈਨੂੰ ਦੱਸਿਆ ਗਿਆ ਕਿ ਅੱਜ ਇਹ ਸੰਖਿਆ ਛੇ ਸੌ ਤੋਂ ਉੱਪਰ ਹੈ।

ਦੋਸਤੋ, ਭਾਰਤ ਦਾ ਜੰਗਲਾਤ ਰਕਬਾ ਵਧ ਰਿਹਾ ਹੈ। 2014 ਵਿੱਚ ਸੁਰੱਖਿਅਤ ਖੇਤਰਾਂ ਦੀ ਸੰਖਿਆ 692 ਸੀ। ਇਹ 2019 ਵਿੱਚ ਵਧ ਕੇ 860 ਤੋਂ ਜ਼ਿਆਦਾ ਹੋ ਗਈ। 2014 ਵਿੱਚ 43 ਕਮਿਊਨਿਟੀ ਰਿਜ਼ਰਵਜ਼ ਸਨ। ਹੁਣ 100 ਤੋਂ ਜ਼ਿਆਦਾ ਹਨ। ਇਹ ਤੱਥ ਭਾਰਤ ਵਿੱਚ ਕਈ ਵਾਤਾਵਰਨ ਅਤੇ ਵਣਜੀਵ ਪ੍ਰੇਮੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਤੁਸੀਂ ‘ਮੈਨ ਵਰਸਿਜ਼ ਵਾਈਲਡ’ ਪ੍ਰੋਗਰਾਮ ਦੇਖਿਆ ਹੋਵੇਗਾ। ਇਸ ਨੇ ਭਾਰਤ ਵਿੱਚ ਬਹੁਤ ਰੁਚੀ ਪੈਦਾ ਕੀਤੀ ਹੈ।

ਦੋਸਤੋ, ਅੱਜ ਦੇ ਸਮੇਂ ਵਿੱਚ ਚੰਗਾ ਖਾਣ-ਪੀਣ, ਸਿਹਤ ਪ੍ਰਤੀ ਜਾਗਰੂਕਤਾ, ਰੋਜ਼ਾਨਾ ਜੀਵਨ ਵਿੱਚ ਵਿਭਿੰਨ ਪ੍ਰਕਾਰ ਦੀ ਫਿਟਨਸ ਭਰਪੂਰ ਜ਼ਿੰਦਗੀ (ਮਾਈਂਡਫੂਲ ਲਿਵਿੰਗ) ਬਹੁਤ ਲੋਕਪ੍ਰਿਯ ਹੋ ਰਹੀ ਹੈ। ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਭਰ ਵਿੱਚ ਪ੍ਰਚਲਿਤ ਇਨ੍ਹਾਂ ਸਿਹਤ ਪਿਰਤਾਂ ਵਿੱਚੋਂ ਕਈ ਦੀਆਂ ਜੜ੍ਹਾਂ ਭਾਰਤ ਵਿੱਚ ਹਨ। ਸਦੀਆਂ ਪਹਿਲਾਂ, ਭਾਰਤ ਦੇ ਸੰਤਾਂ ਨੇ ਯੋਗ ਦਾ ਅਭਿਆਸ ਕੀਤਾ ਅਤੇ ਦੁਨੀਆ ਨੂੰ ਆਯੁਰਵੇਦ ਦਿੱਤਾ। ਯੋਗ ਸਿਰਫ਼ ਕਸਰਤ ਦਾ ਇੱਕ ਸੈੱਟ ਨਹੀਂ ਹੈ। ਇਹ ਉਸਤੋਂ ਬਹੁਤ ਜ਼ਿਆਦਾ ਹੈ। ਯੋਗ ਫਿਟਨਸ ਅਤੇ ਤੰਦਰੁਸਤੀ ਦੋਵਾਂ ਦਾ ਸਾਧਨ ਹੈ। ਇਹ ਸਰੀਰ ਨੂੰ ਫਿਟ ਅਤੇ ਮਨ ਨੂੰ ਤੰਦਰੁਸਤ ਕਰਦਾ ਹੈ। ਆਈਆਈਐੱਮ ਭਾਈਚਾਰਾ ਸਭ ਤੋਂ ਪ੍ਰਤਿਭਾਸ਼ਾਲੀ, ਪਰੰਤੂ ਲੋਕਾਂ ਦੇ ਸਭ ਤੋਂ ਬਿਜ਼ੀ ਗਰੁੱਪਾਂ ਵਿੱਚੋਂ ਇੱਕ ਹੈ। ਉੱਤਮ ਕਾਰਜ ਉਮੀਦਾਂ ਕਰਕੇ ਵੀ ਇਸ ਦੀ ਰੁਟੀਨ ਤਣਾਅਪੂਰਨ ਹੁੰਦੀ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਯੋਗ ਲਈ ਸਮਾਂ ਕੱਢਣ ਦੀ ਤਾਕੀਦ ਕਰਦਾ ਹਾਂ। ਇਸ ਨਾਲ ਤੁਸੀਂ ਸਕਾਰਾਤਮਕ ਫਰਕ ਮਹਿਸੂਸ ਕਰੋਗੇ।

ਦੋਸਤੋ, ਇਸ ਧਰਤੀ ਦਾ ਸਭ ਤੋਂ ਸ਼ਾਨਦਾਰ ਪਹਿਲੂ ਔਰਤਾਂ ਨੂੰ ਦਿੱਤਾ ਜਾਣ ਵਾਲਾ ਸਤਿਕਾਰ, ਮਹੱਤਵ ਅਤੇ ਮਾਣ ਹੈ। ‘ਨਾਰੀ ਤੂ ਨਾਰਾਇਣੀ’। ਔਰਤਾਂ ਦੇਵੀ ਸ਼ਕਤੀ ਦਾ ਪ੍ਰਗਟਾਵਾ ਹਨ। ਸਦੀ ਦਰ ਸਦੀ ਭਾਰਤੀ ਵਿਚਾਰਧਾਰਾ ਦੇ ਆਗੂਆਂ ਵੱਲੋਂ ਔਰਤ ਦੇ ਸਸ਼ਕਤੀਕਰਨ ਲਈ ਆਵਾਜ਼ ਉਠਾਈ ਜਾਂਦੀ ਰਹੀ ਹੈ। ਭਾਰਤ ਦੇ ਭਗਤੀ ਸੰਤਾਂ ਨੂੰ ਕੌਣ ਭੁੱਲ ਸਕਦਾ ਹੈ? ਰਾਜਾ ਰਾਮ ਮੋਹਨ ਰਾਏ ਅਤੇ ਈਸ਼ਵਰ ਚੰਦਰ ਵਿੱਦਿਆ ਸਾਗਰ ਵਰਗੇ ਮਹਾਨ ਵਿਅਕਤੀਆਂ ਦੀ ਭੂਮਿਕਾ ਨੂੰ ਕੌਣ ਭੁੱਲ ਸਕਦਾ ਹੈ? ਮਹਾਤਮਾ ਫੂਲੇ ਅਤੇ ਸਾਵਿੱਤਰੀ ਭਾਈ ਫੂਲੇ ਦੀਆਂ ਕੋਸ਼ਿਸ਼ਾਂ ਨੂੰ ਕੌਣ ਭੁੱਲ ਸਕਦਾ ਹੈ?

ਇੱਥੋਂ ਤੱਕ ਕਿ ਜ਼ਿਆਦਾਤਰ ਪੱਛਮੀ ਦੇਸ਼ਾਂ ਵਿੱਚ ਔਰਤਾਂ ਨੂੰ ਮਤਦਾਨ ਦਾ ਅਧਿਕਾਰ ਦੇਣ ਵਿੱਚ ਦਹਾਕੇ ਲੱਗ ਗਏ ਪਰੰਤੂ ਸਾਡੇ ਸੰਵਿਧਾਨ ਨਿਰਮਾਤਿਆਂ ਨੇ ਯਕੀਨੀ ਬਣਾਇਆ ਕਿ ਔਰਤਾਂ ਨੂੰ ਪਹਿਲੇ ਦਿਨ ਤੋਂ ਹੀ ਮਤਦਾਨ ਦਾ ਅਧਿਕਾਰ ਮਿਲੇ।

ਅੱਜ ਮੁਦਰਾ ਲੋਨ ਲਾਭਪਾਤਰੀਆਂ ਵਿੱਚੋਂ ਸੱਤਰ ਪ੍ਰਤੀਸ਼ਤ (70%) ਤੋਂ ਜ਼ਿਆਦਾ ਔਰਤਾਂ ਹਨ। ਔਰਤਾਂ ਸਾਡੇ ਹਥਿਆਰਬੰਦ ਬਲਾਂ ਵਿੱਚ ਸਰਗਰਮੀ ਨਾਲ ਯੋਗਦਾਨ ਦੇ ਰਹੀਆਂ ਹਨ। ਮਹਿਲਾ ਜਲ ਸੈਨਾ ਅਧਿਕਾਰੀਆਂ ਦਾ ਇੱਕ ਸਮੂਹ ਸਮੁੰਦਰ ਦੇ ਰਸਤੇ ਪੂਰੀ ਦੁਨੀਆ ਦਾ ਚੱਕਰ ਲਗਾਉਣ ਗਿਆ। ਇਹ ਇਤਿਹਾਸਿਕ ਪਲ ਸਨ।

ਭਾਰਤ ਵਿੱਚ ਅੱਜ ਸਭ ਤੋਂ ਜ਼ਿਆਦਾ ਮਹਿਲਾ ਸਾਂਸਦ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਮਹਿਲਾ ਮਤਦਾਤਾ ਸਭ ਤੋਂ ਜ਼ਿਆਦਾ ਸਨ।

ਦੋਸਤੋ, ਭਾਰਤ ਖੁੱਲ੍ਹੇਪਣ ਨੂੰ ਮਾਣਦਾ ਹੈ।

ਮਹਾਤਮਾ ਗਾਂਧੀ ਨੇ ਬਿਲਕੁਲ ਸਹੀ ਕਿਹਾ:

‘‘ਮੈਂ ਨਹੀਂ ਚਾਹੁੰਦਾ ਕਿ ਮੇਰੇ ਘਰ ਨੂੰ ਚਾਰੇ ਪਾਸਿਓਂ ਅਤੇ ਮੇਰੀਆਂ ਖਿੜਕੀਆਂ ਨੂੰ ਸਭ ਪਾਸਿਓਂ ਬੰਦ ਕਰ ਦਿੱਤਾ ਜਾਵੇ। ਮੈਂ ਚਾਹੁੰਦਾ ਹਾਂ ਕਿ ਮੇਰੇ ਘਰ ਵਿੱਚ ਜਿੱਥੋਂ ਤੱਕ ਸੰਭਵ ਹੋਵੇ ਸਭ ਦੇਸ਼ਾਂ ਦੀ ਸੰਸਕ੍ਰਿਤੀ ਦਾ ਬੁੱਲ੍ਹਾ ਆਉਣ ਦਿੱਤਾ ਜਾਵੇ। ਪਰ ਮੈਂ ਕਿਸੇ ਵੀ ਤਰ੍ਹਾਂ ਨਾਲ ਕਿਸੇ ਨੂੰ ਵੀ ਆਪਣੇ ਪੈਰਾਂ ਨਾਲ ਉਡਾਉਣ ਤੋਂ ਇਨਕਾਰ ਕਰਦਾ ਹਾਂ।’

ਗਾਂਧੀ ਜੀ ਨੇ ਦਿਖਾਇਆ ਕਿ ਸਾਡੇ ਆਪਣੇ ਸੱਭਿਆਚਾਰ ’ਤੇ ਮਾਣ ਕਰਨਾ ਅਤੇ ਫਿਰ ਵੀ ਹੋਰ ਸੱਭਿਆਚਾਰਾਂ ਨੂੰ ਖੁੱਲ੍ਹੇ ਦਿਲ ਨਾਲ ਅਪਣਾਉਣਾ ਅਤੇ ਉਨ੍ਹਾਂ ਨਾਲ ਤਾਲਮੇਲ ਬਣਾ ਕੇ ਰੱਖਣਾ ਸੰਭਵ ਹੈ।

ਇਸ ਰਚਨਾ ਵਿੱਚ ਭਾਰਤ ਤੀਰਥ, ਗੁਰੂਦੇਵ ਟੈਗੋਰ ਨੇ ਭਾਰਤ ਬਾਰੇ ਲਿਖਿਆ ਹੈ:

‘‘ਸਾਰੇ ਲੈਣ-ਦੇਣ ਕਰਨਗੇ

ਸਾਰੇ ਰਲ ਮਿਲ ਕੇ ਰਹਿਣਗੇ,

ਕੋਈ ਵੀ ਅਲਹਿਦਾ, ਉਦਾਸ ਨਹੀਂ ਹੋਵੇਗਾ

ਭਾਰਤ ਦੀ ਵਿਸ਼ਾਲ ਮਾਨਵਤਾ ਦੇ ਇਸ ਸਮੁੰਦਰ ਦੇ ਕਿਨਾਰੇ ਤੋਂ।’’

ਦੋਸਤੋ, ਜਿੱਥੇ ਖੁੱਲ੍ਹਾਪਣ ਹੈ, ਵਿਭਿੰਨ ਮਤਾਂ ਦਾ ਸਨਮਾਨ ਹੈ, ਉੱਥੇ ਨਵੀਨਤਾ ਸੁਭਾਵਿਕ ਹੈ। ਭਾਰਤੀਆਂ ਦਾ ਇਨੋਵੇਟਿਵ ਉਤਸ਼ਾਹ ਦੁਨੀਆ ਨੂੰ ਭਾਰਤ ਵੱਲ ਆਕਰਸ਼ਿਤ ਕਰ ਰਿਹਾ ਹੈ। ਸਾਡੀ ਧਰਤੀ ‘ਤੇ ਪੈਦਾ ਹੋਇਆ ਜ਼ੀਰੋ ਦਾ ਖਿਆਲ ਸ਼ਾਇਦ ਸਭ ਤੋਂ ਸਰਬਵਿਆਪੀ ਅਤੇ ਮੌਲਿਕ ਹੈ। ਇਸ ਨੇ ਗਣਿਤ ਦੇ ਅਧਿਐਨ ਨੂੰ ਬਦਲ ਦਿੱਤਾ। ਅਸੀਂ ਇੱਕ ਜੀਵੰਤ ਯੁਵਾ ਆਬਾਦੀ ਵਾਲਾ ਦੇਸ਼ ਹਾਂ। ਸਾਡਾ ਜਨਸੰਖਿਆ ਲਾਭਅੰਸ਼ ਸਾਨੂੰ ਨਿਵੇਸ਼ ਲਈ ਇੱਕ ਚੁੰਬਕ ਬਣਾਉਂਦਾ ਹੈ। ਅੱਜ ਹਰ ਕੋਈ ਭਾਰਤ ਵਿੱਚ ਰਹਿਣਾ ਚਾਹੁੰਦਾ ਹੈ। ਦੋ ਦਹਾਕੇ ਪਹਿਲਾਂ ਦਾ ਸਾਡਾ ਸੌਫਟਵੇਅਰ ਉਦਯੋਗ ਅਤੇ ਅੱਜ ਦਾ ਸਾਡਾ ਸਟਾਰਟ-ਅੱਪ ਈਕੋਸਿਸਟਮ ਭਾਰਤ ਦੇ ਯੁਵਾ ਦੀ ਸ਼ਕਤੀ ਨੂੰ ਦਰਸਾਉਂਦਾ ਹੈ।

ਦੋਸਤੋ, ਜਦੋਂ ਅਸੀਂ ਵਿਸ਼ਵੀਕਰਨ ਅਤੇ ਭਾਰਤੀ ਵਿਚਾਰਧਾਰਾ ਬਾਰੇ ਗੱਲ ਕਰ ਰਹੇ ਹਾਂ, ਤਾਂ ਇਸ ਦੇ ਲਾਗੂਕਰਨ ’ਤੇ ਚਰਚਾ ਕਰਨਾ ਵੀ ਮਹੱਤਵਪੂਰਨ ਹੈ। ਇਸ ’ਤੇ ਸਾਨੂੰ ਸਾਰਿਆਂ ਨੂੰ ਮਾਣ ਹੋਵੇਗਾ ਕਿ ਭਾਰਤੀ ਪ੍ਰਣਾਲੀਆਂ ਅਤੇ ਪਰੰਪਰਾਵਾਂ ਨਾਲ ਜੁੜ ਕੇ ਭਾਰਤ ਵਿਕਾਸ ਦੇ ਪਥ ’ਤੇ ਅੱਗੇ ਵਧ ਰਿਹਾ ਹੈ। ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਰਤ ਨੇ ਜ਼ਿਕਰਯੋਗ ਵਿੱਤੀ ਸਮਾਵੇਸ਼ ਹਾਸਲ ਕੀਤਾ ਹੈ ਜਾਂ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਸੇਵਾ ਪ੍ਰੋਗਰਾਮ ਕਿਵੇਂ ਚਲਾਇਆ ਹੈ। ਜਾਂ ਭਾਰਤ ਨੇ ਲੱਖਾਂ ਲੋਕਾਂ ਨੂੰ ਕਰੋੜਾਂ ਦੀ ਲਾਗਤ ਵਾਲੀ ਧੂੰਆਂ ਮੁਕਤ ਰਸੋਈ ਕਿਵੇਂ ਦਿੱਤੀ ਹੈ। ਬੇਹੱਦ ਗ਼ਰੀਬਾਂ ਲਈ ਲੱਖਾਂ ਘਰ ਬਣਾਏ ਗਏ ਹਨ। ਸਾਡੀ ਚੋਣ ਪ੍ਰਕਿਰਿਆ ਨੂੰ ਹੀ ਦੇਖ ਲਓ। ਲੱਖਾਂ ਮਤਦਾਤਾ ਸ਼ਾਂਤੀ ਨਾਲ ਮਤਦਾਨ ਕਰਦੇ ਹਨ। ਦੂਰ ਦਰਾਜ ਦੇ ਇਲਾਕਿਆਂ ਵਿੱਚ ਜਿੱਥੇ ਇੱਕ ਹੀ ਵੋਟ ਹੈ, ਉੱਥੇ ਵੀ ਮਤਦਾਨ ਕੇਂਦਰ ਬਣਾਏ ਗਏ ਹਨ। ਕੋਈ ਹੈਰਾਨੀ ਨਹੀਂ ਕਿ ਵਿਸ਼ਵ ਵਿਵਸਥਾ ਵਿੱਚ ਭਾਰਤ ਦਾ ਕੱਦ ਵਧ ਰਿਹਾ ਹੈ।

ਦੋਸਤੋ ਭਾਰਤੀ ਵਿਚਾਰਧਾਰਾ ਨੇ ਦੁਨੀਆ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਇਸ ਵਿੱਚ ਹੋਰ ਵੀ ਜ਼ਿਆਦਾ ਯੋਗਦਾਨ ਪਾਉਣ ਦੀ ਸਮਰੱਥਾ ਹੈ। ਇਸ ਵਿੱਚ ਸਾਡੇ ਗ੍ਰਹਿ ਦੀਆਂ ਸਭ ਤੋਂ ਪ੍ਰਮੁੱਖ ਚੁਣੌਤੀਆਂ ਵਿੱਚੋਂ ਕੁਝ ਦਾ ਸਮਾਧਾਨ ਕਰਨ ਦੀ ਸਮਰੱਥਾ ਹੈ।

ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ:

ਸਰਵੇ ਭਵੰਤੁ ਸੁਖਿਨ : ਸਰਵੇ ਸੰਤੁ ਨਿਰਾਮਯਾ:।

ਸਰਵੇ ਭਦਰਾਣੀ ਪਸ਼ਯੰਤੁ ਮਾ ਕਸ਼ਚਿੱਦੁ: ਖਭਾਗਭਵੇਤ੍।

(सर्वे भवन्तु सुखिनः सर्वे सन्तु निरामयाः ।

सर्वे भद्राणि पश्यन्तु मा कश्चिद्दुःखभाग्भवेत् ।)

ਸਭ ਲੋਕ ਖੁਸ਼ ਰਹਿਣ। ਹਰ ਕੋਈ ਬਿਮਾਰੀ ਤੋਂ ਮੁਕਤ ਰਹੇ। ਸਾਰਿਆਂ ਨੂੰ ਚੰਗਿਆਈ ਦਿਖੇ। ਕੋਈ ਦੁਖ ਨਾ ਹੋਵੇ।

ਇੱਥੇ ਹਰ ਕੋਈ ਸਿਰਫ਼ ਭਾਰਤ ਅਤੇ ਭਾਰਤੀਆਂ ਦਾ ਜ਼ਿਕਰ ਨਹੀਂ ਕਰਦਾ ਹੈ।

ਇਹ ਦੁਨੀਆ ਨੂੰ ਸੰਦਰਭਿਤ ਕਰਦਾ ਹੈ।

ਭਾਰਤ ਦਾ ਵਿਸ਼ਵਾਸ ਹੈ ਕਿ ਜਦੋਂ ਭਾਰਤ ਪ੍ਰਗਤੀ ਕਰੇਗਾ ਤਾਂ ਦੁਨੀਆ ਪ੍ਰਗਤੀ ਕਰੇਗੀ। ਅਤੇ ਜਦੋਂ ਦੁਨੀਆ ਖੁਸ਼ਹਾਲ ਹੋਵੇਗੀ ਤਾਂ ਭਾਰਤ ਨੂੰ ਇਸ ਤੋਂ ਲਾਭ ਮਿਲੇਗਾ। ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਸੈਮੀਨਾਰ ਲੋਕਾਂ ਦਰਮਿਆਨ ਭਾਰਤੀ ਵਿਚਾਰਧਾਰਾ ਨੂੰ ਹੋਰ ਜ਼ਿਆਦਾ ਲੋਕਪ੍ਰਿਯ ਬਣਾਉਣਗੇ।

ਇਸਦੇ ਨਾਲ ਹੀ ਮੈਂ ਆਪਣੇ ਰਿਮਾਰਕਸ ਨੂੰ ਪੂਰਾ ਕਰਦਾ ਹਾਂ ਅਤੇ ਆਈਆਈਐੱਮ ਕੋਜ਼ੀਕੋੜੇ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਤੁਹਾਡਾ ਧੰਨਵਾਦ!

ਤੁਹਾਡਾ ਬਹੁਤ-ਬਹੁਤ ਧੰਨਵਾਦ!

***

ਵੀਆਰਆਰਕੇ/ਏਕੇ/ਬੀਜੇ/ਜੇਐੱਸ