Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੂੰ 2018 ਸਿਓਲ ਸ਼ਾਂਤੀ ਪੁਰਸਕਾਰ ਪ੍ਰਦਾਨ


ਸਿਓਲ ਸ਼ਾਂਤੀ ਪੁਰਸਕਾਰ ਕਮੇਟੀ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੰਤਰਰਾਸ਼ਟਰੀ ਸਹਿਯੋਗ ਵਿੱਚ ਸੁਧਾਰ ਲਿਆਉਣ, ਗਲੋਬਲ ਆਰਥਕ ਵਿਕਾਸ ਵਧਾਉਣ, ਵਿਸ਼ਵ ਦੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਵਿਸ਼ਾਲ ਅਰਥਵਿਵਸਥਾ ਵਿੱਚ ਯੋਗਦਾਨ ਪਾਕੇ ਭਾਰਤੀਆਂ ਦੇ ਮਨੁੱਖੀ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਭ੍ਰਿਸ਼ਟਾਚਾਰ ਵਿਰੋਧੀ ਤੇ ਸਮਾਜਕ ਏਕੀਕਰਨ ਪ੍ਰਯਤਨਾਂ ਰਾਹੀਂ ਲੋਕਤੰਤਰ ਦੇ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੇ ਸਮਰਪਣ ਨੂੰ ਮਾਨਤਾ ਦਿੰਦਿਆਂ 2018 ਦਾ ਸਿਓਲ ਸ਼ਾਂਤੀ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ।

2018 ਦੇ ਸਿਓਲ ਸ਼ਾਂਤੀ ਪੁਰਸਕਾਰ ਦਾ ਐਲਾਨ ਕਰਦਿਆਂ ਪੁਰਸਕਾਰ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਭਾਰਤ ਅਤੇ ਵਿਸ਼ਵ ਦੀਆਂ ਅਰਥਵਿਵਸਥਾਵਾਂ ਦੇ ਵਿਕਾਸ, ਅਮੀਰ ਅਤੇ ਗ਼ਰੀਬ ਵਿੱਚ ਪਾੜੇ ਨੂੰ ਘਟਾਉਣ ਲਈ ‘ਮੋਦੀਨੌਮਿਕਸ’ ਨੂੰ ਸਿਹਰਾ ਸਿਲਾ ਦੇਣ ਵਿੱਚ ਉਨ੍ਹਾਂ ਦੀ ਦੇਣ ਨੂੰ ਮਾਨਤਾ ਦਿੱਤੀ। ਕਮੇਟੀ ਨੇ, ਪ੍ਰਧਾਨ ਮੰਤਰੀ ਮੋਦੀ ਦੇ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ਅਤੇ ਨੋਟਬੰਦੀ ਰਾਹੀਂ ਸਰਕਾਰ ਨੂੰ ਸਵੱਛ ਬਣਾਉਣ ਦੀਆਂ ਪਹਿਲਕਦਮੀਆਂ ਦੀ ਪ੍ਰਸ਼ੰਸਾ ਕੀਤੀ। ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਵਿਸ਼ਵ ਦੇ ਸਾਰੇ ਦੇਸ਼ਾਂ ਲਈ ‘ਮੋਦੀ ਸਿਧਾਂਤ’ ਅਤੇ ‘ਐਕਟ ਈਸਟ ਪਾਲਸੀ’ ਰਾਹੀਂ ਇੱਕ ਸਰਗਰਮ ਵਿਦੇਸ਼ ਨੀਤੀ ਅਧੀਨ ਖੇਤਰੀ ਅਤੇ ਵਿਸ਼ਵ ਸ਼ਾਂਤੀ ਕਾਇਮ ਰੱਖਣ ਦਾ ਸਿਲਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 14ਵੇਂ ਵਿਅਕਤੀ ਹਨ।

ਇਸ ਵੱਕਾਰੀ ਸਨਮਾਨ ਦੀ ਪ੍ਰਾਪਤੀ ਅਤੇ ਕੋਰੀਆ ਗਣਰਾਜ ਨਾਲ ਆਪਣੀ ਭਾਈਵਾਲੀ ਦੇ ਡੂੰਘੇ ਹੋਣ ’ਤੇ ਧੰਨਵਾਦ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਨਮਾਨ ਨੂੰ ਪ੍ਰਵਾਨ ਕਰ ਲਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਸਿਓਲ ਸ਼ਾਂਤੀ ਪੁਰਸਕਾਰ ਫਾਊਂਡੇਸ਼ਨ ਵੱਲੋਂ ਆਪਸੀ ਸਹਿਮਤੀ ਵਾਲੀ ਕਿਸੇ ਤਰੀਕ ’ਤੇ ਪ੍ਰਦਾਨ ਕੀਤਾ ਜਾਵੇਗਾ।

ਪਿਛੋਕੜ

ਸਿਓਲ ਸ਼ਾਂਤੀ ਪੁਰਸਕਾਰ ਦੀ ਸਥਾਪਨਾ 1990 ਵਿੱਚ ਕੋਰੀਆ ਗਣਰਾਜ ਵਿੱਚ ਹੋਈਆਂ 24ਵੀਆਂ ਓਲੰਪਿਕ ਖੇਡਾਂ ਦੀ ਸਫ਼ਲਤਾ ਦੀ ਯਾਦ ਵਿੱਚ ਕੀਤੀ ਗਈ ਸੀ। ਇਹ ਇੱਕ ਅਜਿਹਾ ਪ੍ਰੋਗਰਾਮ ਸੀ ਜਿਸ ਵਿੱਚ ਦੁਨੀਆ ਭਰ ਦੇ 160 ਦੇਸ਼ਾਂ ਨੇ ਹਿੱਸਾ ਲਿਆ ਸੀ ਜਿਸ ਨਾਲ ਇਕਸੁਰਤਾ ਅਤੇ ਮਿੱਤਰਤਾ ਪੈਦਾ ਹੋਈ ਸੀ ਅਤੇ ਸ਼ਾਂਤੀ ਅਤੇ ਸੁਲ੍ਹਾ ਸਫ਼ਾਈ ਦਾ ਵਿਸ਼ਵ ਵਿਆਪੀ ਮਾਹੌਲ ਪੈਦਾ ਹੋਇਆ ਸੀ। ਸਿਓਲ ਸ਼ਾਂਤੀ ਪੁਰਸਕਾਰ ਕੋਰੀਆ ਦੇ ਲੋਕਾਂ ਦੀ ਕੋਰੀਆ ਪ੍ਰਾਯਦੀਪ ਅਤੇ ਬਾਕੀ ਦੁਨੀਆ ਵਿੱਚ ਸ਼ਾਂਤੀ ਦੀ ਚਾਹਤ ਨੂੰ ਦਰਸਾਉਣ ਲਈ ਸ਼ੁਰੂ ਕੀਤਾ ਗਿਆ।

ਸਿਓਲ ਸ਼ਾਂਤੀ ਪੁਰਸਕਾਰ ਹਰ ਦੋ ਸਾਲ ਬਾਅਦ ਉਨ੍ਹਾਂ ਵਿਅਕਤੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਮਨੁੱਖਤਾ ਦੀ ਇਕਸੁਰਤਾ, ਦੇਸ਼ਾਂ ਵਿੱਚ ਸੁਲ੍ਹਾ ਸਫ਼ਾਈ ਅਤੇ ਵਿਸ਼ਵ ਸ਼ਾਂਤੀ ਲਈ ਕੰਮ ਕੀਤਾ ਹੁੰਦਾ ਹੈ। ਇਹ ਪੁਰਸਕਾਰ ਜਿੱਤਣ ਵਾਲਿਆਂ ਵਿੱਚ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਕੋਫੀ ਅਨਾਨ, ਜਰਮਨ ਚਾਂਸਲਰ ਅੰਜੇਲਾ ਮਰਕੇਲ ਅਤੇ ਪ੍ਰਸਿੱਧ ਕੌਮਾਂਤਰੀ ਸੰਗਠਨ ਜਿਵੇਂ ਕਿ ਡਾਕਟਰਜ਼ ਵਿਦਾਊਟ ਬਾਰਡਰਜ਼ ਅਤੇ ਆਕਸਫੇਮ ਸ਼ਾਮਲ ਹਨ। ਦੁਨੀਆ ਭਰ ਤੋਂ 1300 ਨਾਮਜ਼ਦਕਾਰਾਂ ਵੱਲੋਂ ਭੇਜੀਆਂ 100 ਅਰਜ਼ੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਰਸਕਾਰ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘2018 ਸਿਓਲ ਸ਼ਾਂਤੀ ਪੁਰਸਕਾਰ ਲਈ ਢੁਕਵਾਂ ਉਮੀਦਵਾਰ’ ਕਰਾਰ ਦੇ ਕੇ ਇਹ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਹੈ।

***

ਏਕੇਟੀ/ ਏਪੀ