Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਪਹਿਲੀ ਅਸੈਂਬਲੀ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ ਵਿਖੇ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਪਹਿਲੀ ਅਸੈਂਬਲੀ ਦਾ ਉਦਘਾਟਨ ਕੀਤਾ। ਇਸੇ ਮੌਕੇ ਉੱਤੇ ਦੂਸਰੀ ਆਈਓਆਰਏ ਅਖੁੱਟ ਊਰਜਾ ਮੰਤਰੀਆਂ ਦੀ ਮੀਟਿੰਗ ਅਤੇ ਦੂਸਰੀ ਗਲੋਬਲ ਰੀਇਨਵੈਸਟ (ਰੀਨਿਊਏਬਲ ਐਨਰਜੀ ਇਨਵੈਸਟਰਜ਼ ਮੀਟ ਐਂਡ ਐਕਸਪੋ) ਦਾ ਵੀ ਉਦਘਾਟਨ ਕੀਤਾ ਗਿਆ। ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ, ਸ੍ਰੀ ਐਨਟੋਨੀਓ ਗੁਟੇਰੇਸ ਇਸ ਮੌਕੇ ਉੱਤੇ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 150 ਤੋਂ 200 ਸਾਲਾਂ ਵਿੱਚ ਮਨੁੱਖਤਾ ਊਰਜਾ ਲੋੜਾਂ ਦੀ ਪੂਰਤੀ ਲਈ ਜੀਵਾਸ਼ਮ ਈਂਧਨ ਉੱਤੇ ਨਿਰਭਰ ਕਰਦੀ ਸੀ। ਉਨ੍ਹਾਂ ਕਿਹਾ ਕਿ ਕੁਦਰਤ ਹੁਣ ਇਹ ਸੰਕੇਤ ਦੇ ਰਹੀ ਹੈ ਕਿ ਕਈ ਬਦਲ ਜਿਵੇਂ ਕਿ ਸੂਰਜ, ਹਵਾ ਅਤੇ ਪਾਣੀ ਊਰਜਾ ਦੇ ਵਧੇਰੇ ਟਿਕਾਊ ਹੱਲ ਪ੍ਰਦਾਨ ਕਰਦੇ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਵਿੱਖ ਵਿੱਚ ਜਦੋਂ ਲੋਕ 21ਵੀਂ ਸਦੀ ਵਿੱਚ ਮਨੁੱਖਤਾ ਦੀ ਭਲਾਈ ਲਈ ਕਾਇਮ ਹੋਏ ਸੰਗਠਨਾਂ ਦੀ ਗੱਲ ਕਰਨਗੇ, ਉਸ ਵੇਲੇ ਇੰਟਰਨੈਸ਼ਨਲ ਸੋਲਰ ਅਲਾਇੰਸ ਲਿਸਟ ਵਿੱਚ ਸਭ ਤੋਂ ਉੱਪਰ ਹੋਵੇਗਾ। ਉਨ੍ਹਾਂ ਕਿਹਾ ਕਿ ਜਲਵਾਯੂ ਨਿਆਂ ਲਈ ਕੰਮ ਕਰਨ ਲਈ ਇਹ ਇੱਕ ਵੱਡਾ ਮੰਚ ਹੈ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਸੋਲਰ ਅਲਾਇੰਸ ਭਵਿੱਖ ਵਿੱਚ ਵਿਸ਼ਵ ਊਰਜਾ ਸਪਲਾਇਰ ਵਜੋਂ ਓਪੀਈਸੀ ਦੀ ਜਗ੍ਹਾ ਵੀ ਲੈ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖੁੱਟ ਊਰਜਾ ਦੀ ਵਧ ਰਹੀ ਵਰਤੋਂ ਦਾ ਪ੍ਰਭਾਵ ਹੁਣ ਭਾਰਤ ਵਿੱਚ ਨਜ਼ਰ ਆਉਣ ਲੱਗਾ ਹੈ। ਉਨ੍ਹਾਂ ਹੋਰ ਕਿਹਾ ਕਿ ਭਾਰਤ ਇੱਕ ਕਾਰਜ ਯੋਜਨਾ ਰਾਹੀਂ ਪੈਰਿਸ ਸਮਝੌਤੇ ਦੇ ਟੀਚਿਆਂ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਚਾ ਸੰਨ 2030 ਤੱਕ ਭਾਰਤ ਦੀਆਂ ਕੁੱਲ ਊਰਜਾ ਲੋੜਾਂ ਦਾ 40% ਹਿੱਸਾ ਗ਼ੈਰ-ਜੀਵਾਸ਼ਮ ਈਂਧਨ ਅਧਾਰਤ ਸਰੋਤਾਂ ਤੋਂ ਪੈਦਾ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਵੇਂ ਸਵੈ-ਭਰੋਸੇ ਨਾਲ ‘ਗ਼ਰੀਬੀ ਤੋਂ ਪਾਵਰ’ ਵੱਲ ਵਿਕਸਤ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਜਲੀ ਪੈਦਾ ਕਰਨ ਦੇ ਨਾਲ-ਨਾਲ ਬਿਜਲੀ ਭੰਡਾਰਨ ਵੀ ਮਹੱਤਵਪੂਰਨ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਰਾਸ਼ਟਰੀ ਊਰਜਾ ਭੰਡਾਰਨ ਮਿਸ਼ਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਅਧੀਨ ਸਰਕਾਰ ਮੰਗ ਪੈਦਾ ਕਰਨ, ਦੇਸ਼ ਵਿੱਚ ਨਿਰਮਾਣ, ਇਨੋਵੇਸ਼ਨ ਅਤੇ ਊਰਜਾ ਭੰਡਾਰਨ ਵੱਲ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਲਰ ਅਤੇ ਪੌਣ ਊਰਜਾ ਤੋਂ ਇਲਾਵਾ ਭਾਰਤ ਬਾਇਓਮਾਸ, ਜੈਵਿਕ ਈਂਧਨ ਅਤੇ ਅਤੇ ਜੈਵਿਕ-ਊਰਜਾ ਬਾਰੇ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯਤਨ ਕੀਤੇ ਜਾ ਰਹੇ ਹਨ ਕਿ ਭਾਰਤ ਦੇ ਟਰਾਂਸਪੋਰਟ ਸਿਸਟਮ ਨੂੰ ਸਾਫ ਈਂਧਨ ਅਧਾਰਿਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੈਵਿਕ ਕੂੜਾ ਕਰਕਟ ਨੂੰ ਜੈਵਿਕ ਈਂਧਨ ਵਿੱਚ ਬਦਲਕੇ, ਭਾਰਤ ਇਕ ਚੁਣੌਤੀ ਨੂੰ ਇੱਕ ਮੌਕੇ ਵਿੱਚ ਬਦਲ ਰਿਹਾ ਹੈ।

ਏਕੇਟੀਐੱਸਐੱਚ