Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐਡਵਾਂਟੇਜ ਅਸਾਮ – ਗਲੋਬਲ ਨਿਵੇਸ਼ਕ ਸਿਖਰ ਸੰਮੇਲਨ 2018 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ – ਗਲੋਬਲ ਨਿਵੇਸ਼ਕ ਸਿਖਰ ਸੰਮੇਲਨ 2018 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ।

ਸਿਖਰ ਮੀਟਿੰਗ ਵਿੱਚ ਡੈਲੀਗੇਟਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ -ਪੂਰਬ ਕੇਂਦਰ ਸਰਕਾਰ ਦੀ ਐਕਟ ਈਸਟ ਨੀਤੀ ਦੇ ਕੇਂਦਰ ਵਿੱਚ ਹੈ। ਉਨ੍ਹਾਂ ਅੱਗੇ ਕਿਹਾ ਕਿ ਐਕਟ ਈਸਟ ਨੀਤੀ ਆਸੀਆਨ ਦੇਸ਼ਾਂ ਦੀ ਜਨਤਾ ਨਾਲ ਆਪਸੀ ਜਨਤਕ ਸਬੰਧਾਂ, ਵਪਾਰਕ ਸਬੰਧਾਂ ਅਤੇ ਹੋਰ ਰਿਸ਼ਤਿਆਂ ਨੂੰ ਵਧਾਉਣ ਉੱਤੇ ਕੇਂਦ੍ਰਿਤ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਆਸੀਆਨ ਦੀ ਮਿੱਤਰਤਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਹਾਲ ਹੀ ਵਿੱਚ ਆਯੋਜਿਤ ਆਸੀਆਨ- ਭਾਰਤ ਯਾਦਗਾਰੀ ਸਿਖਰ ਸੰਮੇਲਨ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸੀਆਨ ਦੇਸ਼ਾਂ ਦਰਮਿਆਨ ਸਬੰਧ ਹਜ਼ਾਰਾਂ ਸਾਲ ਪੁਰਾਣੇ ਹਨ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਵਿੱਚ 10 ਆਸੀਆਨ ਦੇਸ਼ਾਂ ਦੇ ਆਗੂਆਂ ਦਾ ਮੁੱਖ ਮਹਿਮਾਨ ਵਜੋਂ ਸਵਾਗਤ ਕਰਨਾ ਭਾਰਤ ਲਈ ਮਾਣ ਦੀ ਗੱਲ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਉੱਤਰ -ਪੂਰਬ ਖੇਤਰ ਦੇ ਸੰਤੁਲਿਤ ਅਤੇ ਤੇਜ਼ ਗਤੀ ਵਾਲੇ ਵਿਕਾਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ਹੋਰ ਊਰਜਾ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਉਦੇਸ਼ ਲੋਕਾਂ ਦੇ ਜੀਵਨ ਵਿੱਚ ਗੁਣਵੱਤਾ ਭਰੀ ਤਬਦੀਲੀ ਲਿਆਉਣਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਐਲਾਨੀ ‘ਆਯੂਸ਼ਮਾਨ ਭਾਰਤ’ ਯੋਜਨਾ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਹ ਸਿਹਤ ਬੀਮਾ ਯੋਜਨਾ 40-50 ਕਰੋੜ ਲੋਕਾਂ ਨੂੰ ਲਾਭ ਪਹੁੰਚਾਵੇਗੀ। ਉਨ੍ਹਾਂ ਗ਼ਰੀਬਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਹੋਰ ਕਦਮਾਂ ਦਾ ਵੀ ਜ਼ਿਕਰ ਕੀਤਾ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਲਾਗਤ ਖਰਚੇ ਨੂੰ ਘੱਟ ਕਰਕੇ ਅਤੇ ਹੋਰ ਢੁਕਵੀਂ ਕੀਮਤ ਦਾ ਪ੍ਰਬੰਧ ਕਰਕੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਦੀ ਭਲਾਈ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਹੋਰ ਕਦਮਾਂ ਦਾ ਵੀ ਵੇਰਵਾ ਦਿੱਤਾ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਸਤੇ ਘਰ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਐੱਲਈਡੀ ਬਲਬਾਂ ਦੀ ਵੰਡ ਲਈ ਉਜਾਲਾ ਯੋਜਨਾ ਦਾ ਵੀ ਜ਼ਿਕਰ ਕੀਤਾ ਜਿਸ ਕਾਰਨ ਘਰਾਂ ਦੇ ਬਿਜਲੀ ਦੇ ਬਿਲ ਨੂੰ ਕਾਫੀ ਘੱਟ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਰਾਸ਼ਟਰੀ ਬਾਂਸ ਮੁਹਿੰਮ ਦੇ ਪੁਨਰਗਠਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉੱਤਰ ਪੂਰਬ ਲਈ ਬੇਹੱਦ ਅਹਿਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨੌਕਰਸ਼ਾਹ ਢਾਂਚੇ ਵਿੱਚ ਸੁਧਾਰ ਨਾਲ ਪ੍ਰੋਜੈਕਟਾਂ ਦੇ ਅਮਲ ਵਿੱਚ ਕਾਫੀ ਤੇਜ਼ੀ ਆਈ ਹੈ।

ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ ਅਧੀਨ ਉੱਦਮੀਆਂ ਨੂੰ ਗਾਰੰਟੀ ਰਹਿਤ ਕਰਜ਼ੇ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕੇਂਦਰੀ ਬਜਟ ਵਿੱਚ ਛੋਟੇ, ਸੂਖਮ ਅਤੇ ਦਰਮਿਆਨੇ ਸੈਕਟਰ ਨੂੰ ਟੈਕਸਾਂ ਤੋਂ ਰਾਹਤ ਦਿੱਤੇ ਜਾਣ ਦੀ ਗੱਲ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਉੱਤੇ ਰੋਕ ਲਗਾਉਣ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਤਿੰਨ ਸਾਲ ਵਿੱਚ ਕਈ ਅਹਿਮ ਆਰਥਿਕ ਸੁਧਾਰ ਕੀਤੇ ਹਨ ਜਿਸ ਨਾਲ ਵਪਾਰ ਕਰਨ ਦਾ ਅਮਲ ਸੁਖਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ ਗਲੋਬਲ ਬੈਂਕ ਵੱਲੋਂ ਜਾਰੀ ਵਪਾਰ ਕਰਨ ਦੀ ਸੁਖਾਲਤਾ ਦੀ ਰਿਪੋਰਟ ਅਨੁਸਾਰ 190 ਦੇਸ਼ਾਂ ਵਿੱਚੋਂ ਭਾਰਤ 42 ਰੈਂਕ ਉੱਪਰ ਚੜ੍ਹ ਕੇ 100ਵੀਂ ਥਾਂ ‘ਤੇ ਪਹੁੰਚ ਗਿਆ ਹੈ।

ਮਹਾਨ ਅਸਾਮੀ ਸੰਗੀਤਕਾਰ ਭੂਪੇਨ ਹਜ਼ਾਰਿਕਾ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਅਜ਼ਾਦੀ ਦੀ ਜੰਗ ਦੇ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਅਤੇ 2022 ਤੱਕ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਖੇਤਰ ਵਿੱਚ ਟ੍ਰਾਂਸਪੋਰਟ ਦੇ ਇੱਕ ਨਵੇਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਰਾਜ ਵਿੱਚ ਵਪਾਰ ਅਤੇ ਵਿਕਾਸ ਲਈ ਮਿੱਤਰਤਾ ਪੂਰਨ ਮਾਹੌਲ ਤਿਆਰ ਕਰਨ ਲਈ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੂੰ ਵਧਾਈ ਦਿੱਤੀ।

***

ਏਕੇਟੀ/ ਐੱਸਐੱਚ