ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਇੰਬਟੂਰ ਵਿੱਚ ਸ਼੍ਰੀ ਰਾਮਕ੍ਰਿਸ਼ਨ ਮੱਠ ਵੱਲੋਂ ਆਯੋਜਿਤ ਸੁਆਮੀ ਵਿਵੇਕਾਨੰਦ ਦੇ ਸ਼ਿਕਾਗੋ ਭਾਸ਼ਣ ਦੀ 125ਵੀਂ ਵਰ੍ਹੇਗੰਢ ਦੇ ਸਮਾਪਨ ਸਮਾਰਹ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਮਾਰੋਹ ਸੁਆਮੀ ਜੀ ਦੇ ਭਾਸ਼ਣ ਦੇ ਪ੍ਰਭਾਵ ਨੂੰ ਦਿਖਾਉਂਦਾ ਹੈ ਕਿ ਕਿਵੇਂ ਇਸ ਭਾਸ਼ਣ ਨੇ ਭਾਰਤ ਪ੍ਰਤੀ ਪੱਛਮ ਦੀ ਦ੍ਰਿਸ਼ਟੀ ਬਦਲ ਦਿੱਤੀ ਅਤੇ ਕਿਵੇਂ ਭਾਰਤੀ ਵਿਚਾਰ ਅਤੇ ਦਰਸ਼ਨ ਨੂੰ ਉੱਚਿਤ ਸਥਾਨ ਪ੍ਰਾਪਤ ਹੋਇਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਆਮੀ ਵਿਵੇਕਾਨੰਦ ਨੇ ਵਿਸ਼ਵ ਨੂੰ ਵੈਦਿਕ ਦਰਸ਼ਨ ਦੀ ਸ੍ਰੇਸ਼ਠਤਾ ਦੱਸੀ। ਸ਼ਿਕਾਗੋ ਵਿੱਚ ਉਨ੍ਹਾਂ ਨੇ ਵਿਸ਼ਵ ਨੂੰ ਵੈਦਿਕ ਦਰਸ਼ਨ ਦੀ ਸਿੱਖਿਆ ਦਿੱਤੀ ਬਲਕਿ ਉਨ੍ਹਾਂ ਨੇ ਦੇਸ਼ ਦੇ ਖੁਸ਼ਹਾਲ ਅਤੀਤ ਅਤੇ ਅਪਾਰ ਸਮਰੱਥਾ ਦੀ ਵੀ ਯਾਦ ਦਿਵਾਈ। ਉਨ੍ਹਾਂ ਨੇ ਗੁੰਮ ਹੋਇਆ ਵਿਸ਼ਵਾਸ, ਮਾਣ ਅਤੇ ਆਪਣੀਆਂ ਜੜ੍ਹਾਂ ਪ੍ਰਦਾਨ ਕੀਤੀਆਂ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੁਆਮੀ ਵਿਵੇਕਾਨੰਦ ਦੇ ਇਸ ਵਿਜ਼ਨ ਨਾਲ ਭਾਰਤ ਪੂਰੇ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ ਇਸ ਪ੍ਰਕਾਰ ਹੈ:
ਸ਼ਿਕਾਗੋ ਵਿੱਚ ਸੁਆਮੀ ਵਿਵੇਕਾਨੰਦ ਦੇ ਭਾਸ਼ਣ ਦੀ 125ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਹਾਜ਼ਰ ਹੋ ਕੇ ਮੈਂ ਆਪਣੇ-ਆਪ ਨੂੰ ਸੁਭਾਗਸ਼ਾਲੀ ਮੰਨਦਾ ਹਾਂ। ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਲਗਭਗ 4000 ਮਿੱਤਰ, ਨੌਜਵਾਨ ਅਤੇ ਸੀਨੀਅਰ ਹਾਜ਼ਰ ਹਨ।
ਸੰਜੋਗ ਨਾਲ 125 ਸਾਲ ਪਹਿਲਾਂ ਸ਼ਿਕਾਗੋ ਵਿੱਚ ਜਦੋਂ ਸੁਆਮੀ ਵਿਵੇਕਾਨੰਦ ਜੀ ਨੇ ਵਿਸ਼ਵ ਧਰਮ ਸੰਸਦ ਵਿੱਚ ਭਾਸ਼ਣ ਦਿੱਤਾ ਸੀ ਉਦੋਂ ਸਰੋਤਿਆਂ ਵਿੱਚ ਲਗਭਗ 4000 ਵਿਅਕਤੀ ਹਾਜ਼ਰ ਸਨ।
ਮੈਨੂੰ ਇੱਕ ਮਹਾਨ ਅਤੇ ਪ੍ਰੇਰਕ ਭਾਸ਼ਣ ਦੀ ਵਰ੍ਹੇਗੰਢ ਮਨਾਉਣ ਦਾ ਕੋਈ ਦੂਜਾ ਉਦਾਹਰਨ ਪਤਾ ਨਹੀਂ ਹੈ।
ਸ਼ਾਇਦ ਨਹੀਂ।
ਇਸ ਲਈ ਇਹ ਸਮਾਰੋਹ ਸੁਆਮੀ ਜੀ ਦੇ ਭਾਸ਼ਣ ਦੇ ਪ੍ਰਭਾਵ ਨੂੰ ਦਿਖਾਉਂਦਾ ਹੈ। ਇਹ ਦਿਖਾਉਂਦਾ ਹੈ ਕਿ ਇਸ ਭਾਸ਼ਣ ਨੇ ਕਿਵੇਂ ਭਾਰਤ ਪ੍ਰਤੀ ਪੱਛਮ ਦੀ ਦ੍ਰਿਸ਼ਟੀ ਨੂੰ ਬਦਲ ਦਿੱਤਾ ਅਤੇ ਕਿਵੇਂ ਭਾਰਤ ਵਿਚਾਰ ਅਤੇ ਦਰਸ਼ਨ ਨੂੰ ਆਪਣਾ ਉੱਚਿਤ ਸਥਾਨ ਮਿਲਿਆ।
ਤੁਹਾਡੇ ਵੱਲੋਂ ਆਯੋਜਿਤ ਇਹ ਸਮਾਰੋਹ ਸ਼ਿਕਾਗੋ ਭਾਸ਼ਣ ਦੀ ਵਰ੍ਹੇਗੰਢ ਨੂੰ ਹੋਰ ਜ਼ਿਆਦਾ ਵਿਸ਼ੇਸ਼ ਬਣਾਉਂਦਾ ਹੈ।
ਸ਼੍ਰੀ ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਨਾਲ ਜੁੜੇ ਹਰੇਕ ਵਿਅਕਤੀ, ਤਾਮਿਲਨਾਡੂ ਸਰਕਾਰ ਅਤੇ ਇੱਥੇ ਹਾਜ਼ਰ ਆਪਣੇ ਹਜ਼ਾਰਾਂ ਨੌਜਵਾਨਾਂ ਮਿੱਤਰਾਂ ਨੂੰ ਵਧਾਈ ਦਿੰਦਾ ਹਾਂ ਕਿ ਉਹ ਇਸ ਇਤਿਹਾਸਕ ਭਾਸ਼ਣ ਦੇ ਯਾਦਗਾਰੀ ਸਮਾਰੋਹ ਦਾ ਹਿੱਸਾ ਬਣਨ ਲਈ ਇੱਥੇ ਹਾਜ਼ਰ ਹਨ। ਇਹ ਸਾਤਵਿਕ ਗੁਣਾਂ ਵਾਲੇ ਸੰਤਾਂ ਅਤੇ ਨੌਜਵਾਨਾਂ ਲੋਕਾਂ ਦੀ ਊਰਜਾ ਅਤੇ ਉਤਸ਼ਾਹ ਦਾ ਮਿਲਨ ਭਾਰਤ ਦੀ ਅਸਲ ਸ਼ਕਤੀ ਦਾ ਪ੍ਰਤੀਕ ਹੈ।
ਮੈਂ ਤੁਹਾਡੇ ਤੋਂ ਦੂਰ ਹੋ ਸਕਦਾਂ ਹਾਂ, ਫਿਰ ਵੀ ਇਸ ਅਨੂਠੀ ਊਰਜਾ ਨੂੰ ਮਹਿਸੂਸ ਕਰ ਸਕਦਾ ਹਾਂ।
ਮੈਨੂੰ ਦੱਸਿਆ ਗਿਆ ਹੈ ਕਿ ਤੁਸੀਂ ਇਸ ਦਿਨ ਨੂੰ ਸਿਰਫ ਭਾਸ਼ਣਾਂ ਤੱਕ ਸੀਮਤ ਨਹੀਂ ਰੱਖੋਗੇ। ਮੱਠ ਨੇ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਸੁਆਮੀ ਜੀ ਸ਼ਬਦਾਂ ਨੂੰ ਪ੍ਰਸਾਰਿਤ ਕਰਨ ਦੇ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਮੁਕਾਬਲੇ ਆਯੋਜਿਤ ਕੀਤੇ ਗਏ ਹਨ। ਸਾਡੇ ਨੌਜਵਾਨ ਲੋਕ ਮਹੱਤਵਪੂਰਨ ਵਿਸ਼ਿਆਂ ‘ਤੇ ਬਹਿਸ ਕਰਨਗੇ ਅਤੇ ਅੱਜ ਦੇ ਭਾਰਤ ਦੀਆਂ ਚੁਣੌਤੀਆਂ ਦੇ ਹੱਲ ਦਾ ਪ੍ਰਯਤਨ ਕਰਨਗੇ। ਜਨ ਭਾਗੀਦਾਰੀ ਦੀ ਇਹ ਭਾਵਨਾ ਦੇਸ਼ ਦੀਆਂ ਚੁਣੌਤੀਆਂ ਨਾਲ ਜੂਝਣ ਦਾ ਇਹ ਸੰਕਲਪ ਅਤੇ ਏਕ ਭਾਰਤ, ਸ੍ਰੇਸ਼ਠ ਭਾਰਤ ਦਾ ਇਹ ਦਰਸ਼ਨ ਸੁਆਮੀ ਜੀ ਦੇ ਸੰਦੇਸ਼ ਦਾ ਸਾਰ ਹੈ।
ਮਿੱਤਰੋ,
ਸੁਆਮੀ ਵਿਵੇਕਾਨੰਦ ਨੇ ਆਪਣੇ ਭਾਸ਼ਣ ਰਾਹੀਂ ਪੂਰੇ ਵਿਸ਼ਵ ਨੂੰ ਭਾਰਤੀ ਸੱਭਿਆਚਾਰ ਦਰਸ਼ਨ ਅਤੇ ਪ੍ਰਾਚੀਨ ਪਰੰਪਰਾਵਾਂ ਦੀ ਰੋਸ਼ਨੀ ਪ੍ਰਦਾਨ ਕੀਤੀ।
ਸ਼ਿਕਾਗੋ ਭਾਸ਼ਣ ਬਾਰੇ ਅਨੇਕ ਲੋਕਾਂ ਨੇ ਲਿਖਿਆ ਹੈ। ਤੁਸੀਂ ਵੀ ਅੱਜ ਆਪਣੀ ਚਰਚਾ ਦੌਰਾਨ ਉਨ੍ਹਾਂ ਦੇ ਭਾਸ਼ਣ ਦੇ ਮਹੱਤਵਪੂਰਨ ਬਿੰਦੂਆਂ ‘ਤੇ ਗੱਲ ਕੀਤੀ। ਅਸੀਂ ਸੁਆਮੀ ਜੀ ਦੇ ਸ਼ਬਦਾਂ ਨੂੰ ਦੁਹਰਾਉਂਦੇ ਰਹਾਂਗੇ ਅਤੇ ਉਨ੍ਹਾਂ ਤੋਂ ਨਵੀਆਂ ਗੱਲਾਂ ਸਿੱਖਾਂਗੇ।
ਮੈਂ ਉਨ੍ਹਾਂ ਦੇ ਭਾਸ਼ਣਾ ਦੇ ਪ੍ਰਭਾਵ ਨੂੰ ਦੱਸਣ ਲਈ ਸੁਆਮੀ ਜੀ ਦੇ ਹੀ ਸ਼ਬਦਾਂ ਦੀ ਵਰਤੋਂ ਕਰਾਂਗਾ। ਚੇਨਈ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਉਨ੍ਹਾਂ ਕਿਹਾ ਕਿ ਸ਼ਿਕਾਗੋ ਧਰਮ ਸੰਸਦ ਭਾਰਤ ਅਤੇ ਭਾਰਤੀ ਵਿਚਾਰਾਂ ਲਈ ਅਪਾਰ ਸਫਲਤਾ ਸੀ। ਇਸ ਨਾਲ ਵੇਦਾਂਤ ਦੇ ਜਵਾਰ ਨੂੰ ਮਦਦ ਮਿਲੀ ਅਤੇ ਇਹ ਵਿਸ਼ਵ ਵਿੱਚ ਪ੍ਰਵਾਹਿਤ ਹੋ ਰਿਹਾ ਹੈ।
ਮਿੱਤਰੋ,
ਜਦੋਂ ਤੁਸੀਂ ਸੁਆਮੀ ਜੀ ਦੇ ਕਾਲਖੰਡ ਨੂੰ ਯਾਦ ਕਰੋ ਤਾਂ ਉਨ੍ਹਾਂ ਦੀਆਂ ਉਪਲੱਬਧੀਆਂ ਦੇ ਆਕਾਰ ਹੋਰ ਵਿਆਪਕ ਦਿਖਣਗੇ।
ਸਾਡਾ ਦੇਸ਼ ਵਿਦੇਸ਼ੀ ਸ਼ਾਸਨ ਦੇ ਸ਼ਿੰਕਜੇ ਵਿੱਚ ਸੀ, ਅਸੀਂ ਗ਼ਰੀਬ ਸਾਂ, ਸਾਡੇ ਸਮਾਜ ਨੂੰ ਪਿਛੜੇ ਰੂਪ ਵਿੱਚ ਦੇਖਿਆ ਜਾਂਦਾ ਸੀ ਅਤੇ ਅਸਲ ਵਿੱਚ ਅਨੇਕ ਸਮਾਜਕ ਬੁਰਾਈਆਂ ਸਨ ਜੋ ਸਾਡੇ ਸਮਾਜਕ ਤਾਣੇ-ਬਾਣੇ ਦਾ ਹਿੱਸਾ ਹੋ ਗਈਆਂ ਸਨ।
ਵਿਦੇਸ਼ੀ ਸ਼ਾਸਕ, ਉਨ੍ਹਾਂ ਦੇ ਜੱਜ, ਉਨ੍ਹਾਂ ਦੇ ਉਪਦੇਸ਼ਕ ਸਾਡੇ ਹਜ਼ਾਰਾਂ ਸਾਲ ਦੇ ਗਿਆਨ ਅਤੇ ਸੱਭਿਆਚਾਰਕ ਵਿਰਾਸਤ ਨੂੰ ਨੀਵਾਂ ਦਿਖਾਉਣ ਦਾ ਕੋਈ ਮੌਕਾ ਨਹੀਂ ਗਵਾਉਂਦੇ ਸਨ।
ਸਾਨੂੰ ਆਪਣੇ ਲੋਕਾਂ ਨੂੰ, ਆਪਣੀ ਵਿਰਾਸਤ ਨੂੰ ਨੀਵਾਂ ਦੇਖਣ ਦੀ ਸਿੱਖਿਆ ਦਿੱਤੀ ਗਈ। ਆਪਣੀਆਂ ਜੜ੍ਹਾਂ ਤੋਂ ਕੱਟ ਦਿੱਤਾ ਗਿਆ। ਸੁਆਮੀ ਜੀ ਨੇ ਇਸ ਸੋਚ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਸਦੀਆਂ ਦੀ ਧੂੜ ਨੂੰ ਸਾਫ਼ ਕਰਨ ਦਾ ਬੀੜਾ ਉਠਾਇਆ, ਜੋ ਭਾਰਤੀ ਸੱਭਿਆਚਾਰ ਦੇ ਗਿਆਨ ਅਤੇ ਦਾਰਸ਼ਨਿਕ ਵਿਚਾਰ ‘ਤੇ ਜਮ ਗਈ ਸੀ।
ਉਨ੍ਹਾਂ ਨੇ ਵਿਸ਼ਵ ਨੂੰ ਵੈਦਿਕ ਦਰਸ਼ਨ ਦੀ ਸ੍ਰੇਸ਼ਠਤਾ ਦੱਸੀ। ਉਨ੍ਹਾਂ ਨੇ ਸ਼ਿਕਾਗੋ ਵਿੱਚ ਵਿਸ਼ਵ ਨੂੰ ਵੈਦਿਕ ਦਰਸ਼ਨ ਦਾ ਗਿਆਨ ਦਿੱਤਾ ਅਤੇ ਦੇਸ਼ ਦੇ ਖੁਸ਼ਹਾਲ ਅਤੀਤ ਤੇ ਅਪਾਰ ਸਮਰੱਥਾ ਦੀ ਵੀ ਯਾਦ ਦਿਵਾਈ। ਉਨ੍ਹਾਂ ਨੇ ਸਾਨੂੰ ਖੋਇਆ ਹੋਇਆ ਵਿਸ਼ਵਾਸ, ਆਪਣਾ ਮਾਣ ਅਤੇ ਆਪਣੀਆਂ ਜੜ੍ਹਾਂ ਦਿੱਤੀਆਂ।
ਸੁਆਮੀ ਜੀ ਨੇ ਸਾਨੂੰ ਸਭ ਨੂੰ ਯਾਦ ਦਿਵਾਇਆ ਕਿ ਇਹ ਧਰਤੀ ਹੈ ਜਿੱਥੋਂ ਅਧਿਆਤਮਕਤਾ ਅਤੇ ਦਰਸ਼ਨ ਸਮੁੰਦਰੀ ਜਵਾਰ ਦੀ ਤਰ੍ਹਾਂ ਵਾਰ-ਵਾਰ ਉਭਰਦੇ ਹਨ ਅਤੇ ਵਿਸ਼ਵ ਨੂੰ ਜਲ ਪਲਾਵਿਤ ਕਰਦੇ ਹਨ ਅਤੇ ਇਹ ਧਰਤੀ ਹੈ ਜਿੱਥੋਂ ਮਾਨਵਤਾ ਦੀਆਂ ਡਿੱਗਦੀਆਂ ਨਸਲਾਂ ਵਿੱਚ ਜੀਵਨ ਅਤੇ ਸ਼ਕਤੀ ਲਿਆਉਣ ਦੇ ਜਵਾਰ ਉਠਦੇ ਹਨ।
ਸੁਆਮੀ ਵਿਵੇਕਾਨੰਦ ਨੇ ਨਾ ਕੇਵਲ ਵਿਸ਼ਵ ‘ਤੇ ਆਪਣੀ ਛਾਪ ਛੱਡੀ, ਬਲਕਿ ਦੇਸ਼ ਦੇ ਸੁਤੰਤਰਤਾ ਅੰਦੋਲਨ ਨੂੰ ਨਵੀਂ ਊਰਜਾ ਅਤੇ ਨਵਾਂ ਵਿਸ਼ਵਾਸ ਵੀ ਦਿੱਤਾ। ਉਨ੍ਹਾਂ ਨੇ ਦੇਸ਼ ਦੇ ਲੋਕਾਂ ਵਿੱਚ ਅਸੀਂ ਕਰ ਸਕਦੇ ਹਾਂ, ਅਸੀਂ ਸਮਰੱਥ ਹਾਂ, ਦੀ ਭਾਵਨਾ ਭਰਕੇ ਜਾਗ੍ਰਿਤ ਕੀਤਾ। ਇਹ ਆਤਮਵਿਸ਼ਵਾਸ ਹੈ, ਇਹ ਵਿਸ਼ਵਾਸ ਨੌਜਵਾਨ ਸੰਨਿਆਸੀ ਦੇ ਖੂਨ ਦੀ ਹਰੇਕ ਬੂੰਦ ਵਿੱਚ ਸੀ। ਉਨ੍ਹਾਂ ਨੇ ਦੇਸ਼ ਨੂੰ ਇਹ ਆਤਮ ਵਿਸ਼ਵਾਸ ਦਿੱਤਾ। ਉਨ੍ਹਾਂ ਦਾ ਮੰਤਰ ਸੀ – ‘ਆਪਣੇ-ਆਪ ‘ਤੇ ਵਿਸ਼ਵਾਸ ਕਰੋ, ਦੇਸ਼ ਨੂੰ ਪਿਆਰ ਕਰੋ।’
ਮਿੱਤਰੋ,
ਸੁਆਮੀ ਵਿਵੇਕਾਨੰਦ ਜੀ ਦੇ ਇਸ ਵਿਜ਼ਨ ਨਾਲ ਭਾਰਤ ਪੂਰੇ ਵਿਸ਼ਵ ਤੋਂ ਅੱਗੇ ਵਧ ਰਿਹਾ ਹੈ। ਜੇ ਅਸੀਂ ਆਪਣੇ ਆਪ ‘ਤੇ ਵਿਸ਼ਵਾਸ ਕਰੀਏ ਅਤੇ ਕਠਿਨ ਮਿਹਨਤ ਦਾ ਪ੍ਰਣ ਕਰੀਏ ਤਾਂ ਅਸੀਂ ਕੀ ਕੁਝ ਹਾਸਲ ਨਹੀਂ ਕਰ ਸਕਦੇ।
ਵਿਸ਼ਵ ਨੇ ਮੰਨਿਆ ਹੈ ਕਿ ਭਾਰਤ ਕੋਲ ਯੋਗ ਅਤੇ ਸਿਹਤ ਲਈ ਆਯੁਰਵੈਦ ਦੀ ਸਦੀਆਂ ਪੁਰਾਣੀ ਪਰੰਪਰਾ ਹੈ ਅਤੇ ਨਾਲ-ਨਾਲ ਭਾਰਤ ਆਧੁਨਿਕ ਟੈਕਨੋਲੋਜੀ ਦੀ ਸ਼ਕਤੀ ਦੀ ਵਰਤੋਂ ਕਰ ਰਿਹਾ ਹੈ।
ਅੱਜ ਭਾਰਤ ਇੱਕ ਵਾਰ ਵਿੱਚ 100 ਉਪਗ੍ਰਹਿ ਲਾਂਚ ਕਰ ਰਿਹਾ ਹੈ। ਵਿਸ਼ਵ ਭਾਈਚਾਰਾ ਮੰਗਲਯਾਨ ਅਤੇ ਗਗਨਯਾਨ ਦੀਆਂ ਗੱਲਾਂ ਕਰ ਰਿਹਾ ਹੈ। ਦੂਜੇ ਦੇਸ਼ ਭੀਮ ਵਰਗੇ ਐਪ ਵਿਕਸਤ ਕਰ ਰਹੇ ਹਨ। ਇਸ ਨਾਲ ਦੇਸ਼ ਦੇ ਆਤਮਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ। ਅਸੀਂ ਗ਼ਰੀਬਾਂ ਅਤੇ ਵਾਂਝਿਆਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਕਠਿਨ ਮਿਹਨਤ ਕਰ ਰਹੇ ਹਾਂ। ਇਸ ਯਤਨ ਦਾ ਪ੍ਰਭਾਵ ਸਾਡੇ ਨੌਜਵਾਨਾਂ ਅਤੇ ਸਾਡੀਆਂ ਬੇਟੀਆਂ ਦੇ ਆਤਮਵਿਸ਼ਵਾਸ ਵਿੱਚ ਦੇਖਿਆ ਜਾ ਸਕਦਾ ਹੈ।
ਹਾਲ ਹੀ ਵਿੱਚ ਏਸ਼ਿਆਈ ਖੇਡਾਂ ਵਿੱਚ ਅਸੀਂ ਦੇਖਿਆ ਕਿ ਇਸ ਗੱਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਗ਼ਰੀਬ ਹੋ ਜਾਂ ਤੁਸੀਂ ਕਿਸ ਪਰਿਵਾਰ ਤੋਂ ਆਉਂਦੇ ਹੋ। ਆਪਣੇ ਆਤਮਵਿਸ਼ਵਾਸ ਅਤੇ ਕਠਿਨ ਮਿਹਨਤ ਨਾਲ ਆਪਣੇ ਦੇਸ਼ ਨੂੰ ਮਾਣ ਪ੍ਰਦਾਨ ਕਰ ਸਕਦੇ ਹੋ।
ਅੱਜ ਦੇਸ਼ ਵਿੱਚ ਖੇਤੀਬਾੜੀ ਰਿਕਾਰਡ ਪੱਧਰ ‘ਤੇ ਹੈ। ਇਸ ਵਿੱਚ ਸਾਨੂੰ ਕਿਸਾਨਾਂ ਦਾ ਸਮਾਨ ਦ੍ਰਿਸ਼ਟੀਕੋਣ ਦਿਖਾਈ ਦਿੰਦਾ ਹੈ। ਉਦਯੋਗ ਜਗਤ ਦੇ ਵਿਅਕਤੀ ਅਤੇ ਸਾਡੇ ਮਜ਼ਦੂਰ ਟੈਕਨੋਲੋਜੀ ਉਤਪਾਦਨ ਵਿੱਚ ਵਾਧਾ ਕਰ ਰਹੇ ਹਨ। ਨੌਜਵਾਨ ਇੰਜਨੀਅਰ, ਉੱਦਮੀ ਅਤੇ ਵਿਗਿਆਨੀ ਦੇਸ਼ ਨੂੰ ਇਨੋਵੇਸ਼ਨ ਦੀ ਨਵੀਂ ਕ੍ਰਾਂਤੀ ਵੱਲ ਲੈ ਜਾ ਰਹੇ ਹਨ।
ਮਿੱਤਰੋ,
ਸੁਆਮੀ ਜੀ ਦਾ ਪੂਰਨ ਵਿਸ਼ਵਾਸ ਸੀ ਕਿ ਭਾਰਤ ਦਾ ਭਵਿੱਖ ਨੌਜਵਾਨਾਂ ‘ਤੇ ਨਿਰਭਰ ਹੈ। ਵੇਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਸੀ, ‘ਯੁਵਾ ਸ਼ਕਤੀਸ਼ਾਲੀ, ਤੰਦਰੁਸਤ ਅਤੇ ਤੀਬਰ ਬੁੱਧੀ ਵਾਲਾ ਭਗਵਾਨ ਕੋਲ ਪਹੁੰਚੇਗਾ।
ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਅੱਜ ਦਾ ਯੁਵਾ ਸੰਕਲਪ ਨਾਲ ਅੱਗੇ ਵਧ ਰਿਹਾ ਹੈ । ਨੌਜਵਾਨਾਂ ਦੀਆਂ ਆਕਾਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇੱਕ ਨਵੀਂ ਕਾਰਜ ਪ੍ਰਣਾਲੀ ਅਤੇ ਇੱਕ ਨਵਾਂ ਦ੍ਰਿਸ਼ਟੀਕੋਣ ਸਾਹਮਣੇ ਰੱਖਿਆ ਹੈ। ਮਿੱਤਰੋ, ਸੁਤੰਤਰਤਾ ਦੇ 70 ਸਾਲਾਂ ਬਾਅਦ ਸਾਡੇ ਨੌਜਵਾਨਾਂ ਵਿੱਚ ਅਨੇਕ ਅਜਿਹੇ ਹਨ ਜਿਨ੍ਹਾਂ ਕੋਲ ਰੋਜ਼ਗਾਰ ਪ੍ਰਾਪਤ ਕਰਨ ਲਾਇਕ ਕੌਸ਼ਲ ਨਹੀਂ ਹੈ। ਹਾਲਾਂਕਿ ਸਾਖਰਤਾ ਵਿੱਚ ਵਾਧਾ ਹੋਇਆ ਹੈ, ਪਰ ਸਾਡੀ ਸਿੱਖਿਆ ਵਿਵਸਥਾ ਨੇ ਕੌਸ਼ਲ ਵਿਕਾਸ ‘ਤੇ ਵਿਸ਼ੇਸ਼ ਧਿਆਨ ਨਹੀਂ ਦਿੱਤਾ ਹੈ।
ਨੌਜਵਾਨਾਂ ਲਈ ਕੌਸ਼ਲ ਵਿਕਾਸ ਦੇ ਮਹੱਤਵ ਨੂੰ ਸਮਝਦਿਆਂ ਸਰਕਾਰ ਨੇ ਕੌਸ਼ਲ ਵਿਕਾਸ ਲਈ ਇੱਕ ਅਲੱਗ ਮੰਤਰਾਲੇ ਦਾ ਗਠਨ ਕੀਤਾ ਹੈ।
ਇਸ ਦੇ ਇਲਾਵਾ ਸਰਕਾਰ ਨੇ ਉਨ੍ਹਾਂ ਨੌਜਵਾਨਾਂ ਲਈ ਬੈਂਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਜੋ ਆਪਣੇ ਬਲ ‘ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਮੁਦਰਾ ਯੋਜਨਾ ਤਹਿਤ ਹੁਣ ਤੱਕ 13 ਕਰੋੜ ਲੋਕਾਂ ਨੂੰ ਕਰਜ਼ੇ ਦਿੱਤੇ ਗਏ ਹਨ। ਇਸ ਯੋਜਨਾ ਨੇ ਦੇਸ਼ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਵੈ-ਰੋਜ਼ਗਾਰ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸਟਾਰਟਅੱਪ ਇੰਡੀਆ ਅਭਿਆਨ ਤਹਿਤ ਇਨੋਵੇਟਿਵ ਵਿਚਾਰਾਂ ਲਈ ਸਰਕਾਰ ਨੇ ਸਹੀ ਮੰਚ ਪ੍ਰਦਾਨ ਕੀਤਾ ਹੈ।
ਨਤੀਜੇ ਵਜੋਂ ਪਿਛਲੇ ਸਾਲ 8000 ਸਟਾਰਟਅੱਪ ਨੂੰ ਮਾਨਤਾ ਪ੍ਰਮਾਣ-ਪੱਤਰ ਪ੍ਰਾਪਤ ਹੋਏ, ਜਦੋਂ ਕਿ 2016 ਵਿੱਚ ਇਹ ਸੰਖਿਆ 800 ਸੀ। ਇਸ ਦਾ ਅਰਥ ਹੈ ਕਿ ਇੱਕ ਸਾਲ ਦੌਰਾਨ ਦਸ ਗੁਣਾ ਵਾਧਾ ਹੋਇਆ।
ਸਕੂਲਾਂ ਵਿੱਚ ਇਨੋਵੇਸ਼ਨ ਦੇ ਵਾਤਾਵਰਨ ਦੇ ਨਿਰਮਾਣ ਲਈ ‘ਅਟਲ ਇਨੋਵੇਸ਼ਨ ਮਿਸ਼ਨ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਅਗਲੇ ਪੰਜ ਸਾਲਾਂ ਵਿੱਚ ਪੂਰੇ ਦੇਸ਼ ਵਿੱਚ 5000 ਅਟਲ ਟਿੰਕਰਿੰਗ ਲੈਬ ਦੀ ਸਥਾਪਨਾ ਕੀਤੀ ਜਾਵੇਗੀ।
ਇਨੋਵੇਟਿਵ ਵਿਚਾਰਾਂ ਨੂੰ ਅੱਗੇ ਲਿਆਉਣ ਲਈ ਸਮਾਰਟ ਇੰਡੀਆ ਹੈਕਥੌਨ ਵਰਗੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਮਿੱਤਰੋ,
ਸੁਆਮੀ ਵਿਵੇਕਾਨੰਦ ਨੇ ਸਾਡੇ ਸਮਾਜਕ-ਆਰਥਕ ਸਮੱਸਿਆਵਾਂ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਸੀ ਕਿ ਸਮਾਜ ਵਿੱਚ ਸਮਾਨਤਾ ਉਦੋਂ ਹੋਵੇਗੀ, ਜਦੋਂ ਅਸੀਂ ਗ਼ਰੀਬਾਂ ਵਿੱਚੋਂ ਜ਼ਿਆਦਾਤਰ ਗ਼ਰੀਬਾਂ ਨੂੰ ਸਭ ਤੋਂ ਉੱਚੇ ਸਥਾਨ ‘ਤੇ ਬੈਠੇ ਵਿਅਕਤੀ ਦੇ ਬਰਾਬਰ ਬੈਠਾ ਦੇਵਾਂਗੇ। ਪਿਛਲੇ ਚਾਰ ਸਾਲਾਂ ਤੋਂ ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਜਨ-ਧਨ ਖਾਤਿਆਂ ਅਤੇ ਇੰਡੀਆ ਪੋਸਟ ਪੇਮੈਂਟ ਬੈਂਕ ਰਾਹੀਂ ਬੈਂਕਾਂ ਨੂੰ ਗ਼ਰੀਬਾਂ ਦੇ ਘਰ ਦੇ ਦਰਵਾਜੇ ਤੱਕ ਪਹੁੰਚਾ ਦਿੱਤਾ ਗਿਆ ਹੈ। ਗ਼ਰੀਬਾਂ ਵਿੱਚੋਂ ਜ਼ਿਆਦਾਤਰ ਗ਼ਰੀਬਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਆਵਾਸ, ਗੈਸ ਅਤੇ ਬਿਜਲੀ ਕਨੈਕਸ਼ਨ, ਸਿਹਤ ਅਤੇ ਜੀਵਨ ਬੀਮਾ ਵਰਗੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ।
ਇਸ ਮਹੀਨੇ ਦੀ 25 ਤਾਰੀਖ ਨੂੰ ਅਸੀਂ ਪੂਰੇ ਦੇਸ਼ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਯੋਜਨਾ ਤਹਿਤ 10 ਕਰੋੜ ਤੋਂ ਅਧਿਕ ਗ਼ਰੀਬ ਪਰਿਵਾਰਾਂ ਨੂੰ ਗੰਭੀਰ ਬਿਮਾਰੀਆਂ ਦੇ ਮੁਫ਼ਤ ਇਲਾਜ ਲਈ 5 ਲੱਖ ਰੁਪਏ ਤੱਕ ਦੀ ਆਰਥਕ ਸਹਾਇਤਾ ਸੁਨਿਸ਼ਚਿਤ ਕੀਤੀ ਜਾਵੇਗੀ। ਮੈਂ ਤਾਮਿਲਨਾਡੂ ਸਰਕਾਰ ਅਤੇ ਇੱਥੋਂ ਦੇ ਲੋਕਾਂ ਨੂੰ ਇਸ ਯੋਜਨਾ ਨਾਲ ਜੁੜਨ ਲਈ ਵਧਾਈ ਦਿੰਦਾ ਹਾਂ।
ਸਾਡਾ ਦ੍ਰਿਸ਼ਟੀਕੋਣ ਸਿਰਫ ਗ਼ਰੀਬੀ ਨੂੰ ਸਮਾਪਤ ਕਰਨਾ ਨਹੀਂ ਹੈ, ਬਲਕਿ ਦੇਸ਼ ਵਿੱਚ ਗ਼ਰੀਬੀ ਦੇ ਕਾਰਨਾਂ ਨੂੰ ਜੜ੍ਹਾਂ ਤੋਂ ਸਮਾਪਤ ਕਰਨਾ ਹੈ।
ਮੈਂ ਤਾਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਅੱਜ ਦਾ ਦਿਨ ਇੱਕ ਹੋਰ ਪ੍ਰਕਾਰ ਦੀ ਘਟਨਾ ਦੀ ਯਾਦ ਦਿਵਾਉਂਦਾ ਹੈ, ਉਹ ਹੈ 9/11 ਦੀ ਆਤੰਕਵਾਦੀ ਘਟਨਾ। ਇਸ ਘਟਨਾ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਸੀ। ਅੰਤਰ ਰਾਸ਼ਟਰੀ ਭਾਈਚਾਰਾ ਇਸ ਸਮੱਸਿਆ ਦਾ ਹੱਲ ਤਲਾਸ਼ਣ ਦਾ ਯਤਨ ਕਰ ਰਿਹਾ ਹੈ। ਸਚਮੁੱਚ ਇਸ ਸਮੱਸਿਆ ਦਾ ਹੱਲ ਸੁਆਮੀ ਜੀ ਵੱਲੋਂ ਸ਼ਿਕਾਗੋ ਵਿੱਚ ਦਿਖਾਏ ਗਏ ਮਾਰਗ ਵਿੱਚ ਹੈ- ਸਹਿਣਸ਼ੀਲਤਾ ਅਤੇ ਪ੍ਰਵਾਨਗੀ।
ਸੁਆਮੀ ਜੀ ਕਹਿੰਦੇ ਸਨ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਅਜਿਹੇ ਧਰਮ ਦਾ ਧਾਰਨੀ ਹਾਂ ਜਿਸ ਨੇ ਪੂਰੇ ਵਿਸ਼ਵ ਨੂੰ ਸਹਿਣਸ਼ੀਲਤਾ ਅਤੇ ਸਦਾ ਲਈ ਪ੍ਰਵਾਨਗੀ ਦਾ ਸੰਦੇਸ਼ ਦਿੱਤਾ ਹੈ।
ਮਿੱਤਰੋ,
ਸਾਡਾ ਦੇਸ਼ ਸੁਤੰਤਰ ਵਿਚਾਰਾਂ ਦਾ ਦੇਸ਼ ਹੈ। ਸਦੀਆਂ ਤੋਂ ਸਾਡੀ ਧਰਤੀ ‘ਤੇ ਵੱਖ-ਵੱਖ ਵਿਚਾਰਧਾਰਾਵਾਂ ਅਤੇ ਸੱਭਿਆਚਾਰਾਂ ਦਾ ਸਥਾਨ ਰਿਹਾ ਹੈ। ਵਿਚਾਰ-ਵਟਾਂਦਰਾ ਕਰਨਾ ਅਤੇ ਫ਼ੈਸਲਾ ਲੈਣਾ ਸਾਡੀ ਪਰੰਪਰਾ ਰਹੀ ਹੈ। ਲੋਕਤੰਤਰ ਅਤੇ ਬਹਿਸ, ਸਾਡੀਆਂ ਕਦਰਾਂ-ਕੀਮਤਾਂ ਰਹੀਆਂ ਹਨ।
ਪਰੰਤੂ ਮਿੱਤਰੋ, ਇਸ ਦਾ ਅਰਥ ਇਹ ਨਹੀਂ ਹੈ ਕਿ ਸਾਡਾ ਸਮਾਜ ਹਰ ਤਰ੍ਹਾਂ ਦੀਆਂ ਬੁਰਾਈਆਂ ਤੋਂ ਮੁਕਤ ਹੋ ਗਿਆ ਹੈ। ਵਿਲੱਖਣ ਵਿਭਿੰਨਤਾਵਾਂ ਵਾਲੇ ਇਸ ਵਿਸ਼ਾਲ ਦੇਸ਼ ਦੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ।
ਸੁਆਮੀ ਵਿਵੇਕਾਨੰਦ ਕਹਿੰਦੇ ਸਨ, ‘ਸਭ ਯੁੱਗਾਂ ਵਿੱਚ ਕਮੋਬੇਸ਼ ਸਭ ਜਗ੍ਹਾ ਦੁਸ਼ਟ ਵਿਅਕਤੀ ਰਹਿੰਦੇ ਸੀ। ਸਾਨੂੰ ਸਮਾਜ ਦੇ ਇਨ੍ਹਾਂ ਦੁਸ਼ਟ ਵਿਅਕਤੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹਰਾਉਣਾ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਸੰਸਾਧਨਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਭਾਰਤੀ ਸਮਾਜ ਵਿੱਚ ਵੰਡ ਹੋਈ ਹੈ ਅਤੇ ਅੰਦਰੂਨੀ ਸੰਘਰਸ਼ ਹੋਏ ਹਨ, ਬਾਹਰੀ ਦੁਸ਼ਮਣਾਂ ਨੇ ਇਸ ਸਥਿਤੀ ਦਾ ਲਾਭ ਉਠਾਇਆ ਹੈ।’
ਇਨ੍ਹਾਂ ਸੰਘਰਸ਼ਾਂ ਦੇ ਦੌਰ ਵਿੱਚ ਸਾਡੇ ਸੰਤਾਂ ਅਤੇ ਸਮਾਜ ਸੁਧਾਰਕਾਂ ਨੇ ਸਾਨੂੰ ਸਹੀ ਰਸਤਾ ਦਿਖਾਇਆ ਹੈ। ਇਹ ਰਸਤਾ ਸਾਨੂੰ ਇਕੱਠੇ ਮਿਲ-ਜੁਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ।
ਸੁਆਮੀ ਵਿਵੇਕਾਨੰਦ ਦੀ ਪ੍ਰੇਰਣਾ ਨਾਲ ਸਾਨੂੰ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ।
ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਦੇ ਨਾਲ ਹੀ ਮੈਂ ਆਪਣਾ ਸੰਬੋਧਨ ਸਮਾਪਤ ਕਰਦਾ ਹਾਂ। ਤੁਸੀਂ ਸਾਨੂੰ ਇਸ ਇਤਿਹਾਸਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੁਭ ਮੌਕਾ ਪ੍ਰਦਾਨ ਕੀਤਾ ਹੈ। ਸਕੂਲ ਅਤੇ ਕਾਲਜ ਦੇ ਉਨ੍ਹਾਂ ਹਜ਼ਾਰਾਂ ਮਿੱਤਰਾਂ ਨੂੰ ਵਧਾਈ, ਜੋ ਸੁਆਮੀ ਜੀ ਦੇ ਸੰਦੇਸ਼ ਨੂੰ ਪੜ੍ਹਦੇ ਹਨ, ਸਮਝਦੇ ਹਨ ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਅਤੇ ਪੁਰਸਕਾਰ ਜਿੱਤਦੇ ਹਨ।
ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ।
***
ਏਕੇਟੀ/ਐੱਸਐੱਚ/ਐੱਸਬੀਪੀ
Addressing a programme to mark the 125th anniversary of Swami Vivekananda’s historic Chicago speech. https://t.co/WORuGJkLQF
— Narendra Modi (@narendramodi) September 11, 2018