Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਨੌਜਵਾਨ ਇਨੋਵੇਟਰਾਂ ਅਤੇ ਸਟਾਰਟ-ਅੱਪ ਉੱਦਮੀਆਂ ਨਾਲ ਵੀਡੀਓ ਬ੍ਰਿਜ ਰਾਹੀਂ ਸੰਵਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਭਰ ਦੇ ਨੌਜਵਾਨ ਇਨੋਵੇਟਰਾਂ ਅਤੇ ਸਟਾਰਟ-ਅੱਪ ਉੱਦਮੀਆਂ ਨਾਲ ਵੀਡੀਓ ਬ੍ਰਿਜ ਰਾਹੀਂ ਸੰਵਾਦ ਕੀਤਾ। ਪ੍ਰਧਾਨ ਮੰਤਰੀ ਦਾ ਸਰਕਾਰ ਦੀਆਂ ਸਕੀਮਾਂ ਤੋਂ ਲਾਭ ਉਠਾਉਣ ਵਾਲਿਆਂ ਨਾਲ ਵੀਡੀਓ ਬ੍ਰਿਜ ਲੜੀ ਵਿੱਚ ਇਹ ਚੌਥਾ ਸੰਵਾਦ ਹੈ।

ਭਾਰਤ ਦੇ ਨੌਜਵਾਨਾਂ ਦੇ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਕਾਬਲੀਅਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਸਟਾਰਟ-ਅੱਪ ਖੇਤਰ ਵਿੱਚ ਅੱਗੇ ਵਧਣ ਲਈ ਕਾਫੀ ਪੂੰਜੀ, ਦਲੇਰੀ ਅਤੇ ਲੋਕਾਂ ਨਾਲ ਸੰਪਰਕ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਉਸ ਸਮੇਂ ਤੋਂ ਸਥਿਤੀਆਂ ਵਿੱਚ ਕਾਫੀ ਤਬਦੀਲੀ ਆ ਗਈ ਹੈ ਜਦੋਂ ਕਿ ਸਟਾਰਟ ਅੱਪਸ ਦਾ ਮਤਲਬ ਸਿਰਫ ਡਿਜੀਟਲ ਅਤੇ ਟੈਕਨੋਲੋਜੀ ਦੀ ਖੋਜ ਹੀ ਹੁੰਦਾ ਸੀ। ਉਨ੍ਹਾਂ ਕਿਹਾ ਕਿ ਹੁਣ ਬਹੁਤ ਸਾਰੇ ਖੇਤਰਾਂ ਵਿੱਚ ਸਟਾਰਟ-ਅੱਪ ਉੱਦਮੀ ਮੌਜੂਦ ਹਨ। ਸਟਾਰਟ ਅੱਪਸ 28 ਰਾਜਾਂ, 6 ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 419 ਜ਼ਿਲ੍ਹਿਆਂ ਵਿੱਚ ਮੌਜੂਦ ਹਨ। ਇਨ੍ਹਾਂ ਰਜਿਸਟਰਡ ਸਟਾਰਟ ਅੱਪਸ ਵਿੱਚੋਂ 44% ਟਾਇਰ-2 ਅਤੇ ਟਾਇਰ-3 ਸ਼ਹਿਰਾਂ ਵਿੱਚੋਂ ਹਨ। ਭਾਰਤ ਵਿੱਚ ਸਟਾਰਟ ਅੱਪਸ ਨੂੰ ਆਪਣੇ ਸਥਾਨਕ ਖੇਤਰ ਵਿੱਚ ਸਥਾਨਕ ਖੋਜਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 45% ਸਟਾਰਟ ਅੱਪਸ ਮਹਿਲਾਵਾਂ ਵੱਲੋਂ ਕਾਇਮ ਕੀਤੇ ਜਾ ਰਹੇ ਹਨ।

ਸ਼੍ਰੀ ਨਰੇਂਦਰ ਮੋਦੀ ਨੇ ਸਪਸ਼ਟ ਕੀਤਾ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਤਹਿਤ ਪੇਟੈਂਟਸ ਅਤੇ ਟਰੇਡ ਮਾਰਕਸ ਦਾਖਲ ਕਰਨ ਦਾ ਕੰਮ ਸੁਖਾਲਾ ਹੋਇਆ ਹੈ। ਸਰਕਾਰ ਨੇ ਪੇਟੈਂਟ ਲਈ ਅਪਲਾਈ ਕਰਨ ਲਈ ਲੋੜੀਂਦੇ ਫਾਰਮਾਂ ਦੀ ਗਿਣਤੀ 74 ਤੋਂ ਘਟਾ ਕੇ 8 ਕਰ ਦਿੱਤੀ ਹੈ ਜਿਸ ਨਾਲ ਪਿਛਲੇ ਤਿੰਨ ਸਾਲਾਂ ਵਿੱਚ ਟਰੇਡ ਮਾਰਕ ਰਜਿਸਟ੍ਰੇਸ਼ਨ ਦੀ ਗਿਣਤੀ 3 ਗੁਣਾ ਵਧ ਗਈ ਹੈ। ਰਜਿਸਟਰਡ ਹੋਏ ਪੇਟੈਂਟਸ ਦੀ ਗਿਣਤੀ ਵਿੱਚ ਵੀ ਪਿਛਲੀ ਸਰਕਾਰ ਨਾਲੋਂ ਤਿੰਨ ਗੁਣਾ ਵਾਧਾ ਹੋਇਆ ਹੈ।

ਨੌਜਵਾਨ ਉੱਦਮੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ 1,000 ਕਰੋੜ ਰੁਪਏ ਦਾ ‘ਫੰਡ ਆਵ੍ ਫੰਡਜ਼’ ਕਾਇਮ ਕੀਤਾ ਹੈ ਜੋ ਕਿ ਇਹ ਯਕੀਨੀ ਬਣਾਉਣ ਲਈ ਹੈ ਕਿ ਨੌਜਵਾਨ ਉੱਦਮੀਆਂ ਨੂੰ ਆਪਣੇ ਸਟਾਰਟ ਅੱਪਸ ਲਈ ਫੰਡਾਂ ਦੀ ਕਮੀ ਨਾ ਆਵੇ ਅਤੇ ਨੌਜਵਾਨਾਂ ਨੂੰ ਨਵੀਆਂ ਖੋਜਾਂ ਕਰਨ ਲਈ ਸਹੂਲਤ ਹਾਸਲ ਰਹੇ। ‘ਫੰਡ ਆਵ੍ ਫੰਡਜ਼’ ਰਾਹੀਂ 1285 ਕਰੋੜ ਰੁਪਏ ਦੀ ਫੰਡਿੰਗ ਦਾ ਵਾਅਦਾ ਕੀਤਾ ਗਿਆ ਹੈ ਜਿਸ ਨਾਲ ਵੈਂਚਰ ਫੰਡ ਵਿੱਚ ਕੁੱਲ 6980 ਕਰੋੜ ਰੁਪਏ ਲੱਗ ਜਾਣਗੇ।

ਸਰਕਾਰ ਵੱਲੋਂ ਭਾਰਤ ਦੇ ਸਟਾਰਟ-ਅੱਪ ਈਕੋਸਿਸਟਮ ਨੂੰ ਤਕੜਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਈ-ਮਾਰਕੀਟ ਪਲੇਸ (ਜੀਈਐੱਮ-ਜੈੱਮ) ਨੂੰ ਸਟਾਰਟ-ਅੱਪ ਇੰਡੀਆ ਪੋਰਟਲ ਨਾਲ ਜੋੜ ਦਿੱਤਾ ਗਿਆ ਹੈ ਤਾਂ ਕਿ ਸਟਾਰਟ ਅੱਪਸ ਆਪਣੇ ਉਤਪਾਦਾਂ ਨੂੰ ਸਰਕਾਰ ਕੋਲ ਵੇਚ ਸਕਣ। ਸਟਾਰਟ ਅੱਪਸ ਨੂੰ 3 ਸਾਲਾਂ ਲਈ ਇਨਕਮ ਟੈਕਸ ਤੋਂ ਵੀ ਛੋਟ ਪ੍ਰਦਾਨ ਕੀਤੀ ਗਈ ਹੈ। 6 ਕਿਰਤ ਕਾਨੂੰਨ ਅਤੇ 3 ਵਾਤਾਵਰਣ ਕਾਨੂੰਨ ਬਦਲ ਦਿੱਤੇ ਗਏ ਹਨ ਤਾਂ ਕਿ ਨੌਜਵਾਨ ਉੱਦਮੀਆਂ ਨੂੰ ਸਿਰਫ ਸਵੈ-ਤਸਦੀਕ ਹੀ ਮੁਹੱਈਆ ਕਰਵਾਉਣੀ ਪਵੇ। ਸਰਕਾਰ ਨੇ ਵੰਨ ਸਟਾਪ ਡਿਜੀਟਲ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਸਟਾਰਟ-ਅੱਪ ਇੰਡੀਆ ਹੱਬ ਦਾ ਨਾਂ ਦਿੱਤਾ ਗਿਆ ਹੈ ਜਿਥੇ ਕਿ ਸਟਾਰਟ-ਅੱਪ ਅਤੇ ਇਸ ਦੇ ਈਕੋਸਿਸਟਮ ਨਾਲ ਸਬੰਧਤ ਪੂਰੀ ਜਾਣਕਾਰੀ ਉੱਦਮੀਆਂ ਲਈ ਉਪਲੱਬਧ ਹੈ।

ਸੰਵਾਦ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਗੱਲਬਾਤ ਕਰਦਿਆਂ ਨਰੇਂਦਰ ਮੋਦੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਨਵੀਆਂ ਖੋਜਾਂ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਨ ਲਈ ਸਰਕਾਰ ਨੇ ਕਈ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਹੈ ਜਿਵੇਂ ਕਿ ਅਟਲ ਨਿਊ ਇੰਡੀਆ ਚੈਲੰਜ, ਸਮਾਰਟ ਇੰਡੀਆ ਹੈਕਾਥੌਨ ਅਤੇ ਐਗਰੀਕਲਚਰ ਗ੍ਰੈਂਡ ਚੈਲੰਜ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨਾਲ ਆਪਣੀ ਗੱਲਬਾਤ ਵਿੱਚ ਉਨ੍ਹਾਂ ਨੇ ਸਿੰਗਾਪੁਰ ਅਤੇ ਭਾਰਤ ਦੇ ਇਨੋਵੇਟਰਾਂ ਦਰਮਿਆਨ ਇੱਕ ਸਮਾਰਟ ਇੰਡੀਆ ਹੈਕਾਥੌਨ ਵਰਗੀ ਚੁਣੌਤੀ ਸ਼ੁਰੂ ਕਰਨ ਬਾਰੇ ਚਰਚਾ ਕੀਤੀ ।

ਪ੍ਰਧਾਨ ਮੰਤਰੀ ਨੇ ਇਹ ਗੱਲ ਦੁਹਰਾਈ ਕਿ ਸਰਕਾਰ ਭਾਰਤ ਵਿੱਚ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਦੇਸ਼ ਭਰ ਵਿੱਚ 8 ਖੋਜ ਪਾਰਕ ਅਤੇ 2,500 ਅਟਲ ਟਿੰਕ੍ਰਿੰਗ ਲੈਬਜ਼ ਸਥਾਪਤ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਖੋਜ ਅਤੇ ਨਵੀਆਂ ਕਾਢਾਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਇਨੋਵੇਟਰਜ਼ ਨੂੰ ਸੰਬੋਧਨ ਕਰਦੇ ਹੋਏ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਤੀ ਖੇਤਰ ਦੇ ਕਾਇਆਕਲਪ ਬਾਰੇ ਆਪਣੇ ਵਿਚਾਰ ਰੱਖਣ। ਉਨ੍ਹਾਂ ਕਿਹਾ ਕਿ ‘ਮੇਕ ਇਨ ਇੰਡੀਆ’ ਦੇ ਨਾਲ-ਨਾਲ ‘ਡਿਜ਼ਾਈਨ ਇਨ ਇੰਡੀਆ’ ਵੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਨਵੀਆਂ ਖੋਜਾਂ ਜਾਰੀ ਰੱਖਣ ਅਤੇ ਨਾਲ ਹੀ ਇਹ ਮੰਤਰ ਵੀ ਦਿੱਤਾ ਕਿ ‘ਇਨੋਵੇਟ ਔਰ ਸਟੈਗਨੇਟ’।

ਪ੍ਰਧਾਨ ਮੰਤਰੀ ਨਾਲ ਸੰਵਾਦ ਕਰਦੇ ਹੋਏ ਇਨੋਵੇਟਰਜ਼ ਨੇ ਦੱਸਿਆ ਕਿ ਕਿਵੇਂ ਸਟਾਰਟ-ਅੱਪ ਇੰਡੀਆ ਦੀ ਪਹਿਲਕਦਮੀ ਦੇ ਅਧੀਨ ਵੱਖ-ਵੱਖ ਸਰਕਾਰੀ ਸਕੀਮਾਂ ਨੇ ਨਵੇਂ ਸਟਾਰਟ ਅੱਪਸ ਦੀ ਮਦਦ ਕੀਤੀ ਹੈ। ਉੱਦਮੀਆਂ ਅਤੇ ਇਨੋਵੇਟਰਜ਼ ਨੇ ਆਪਣੀਆਂ ਨਵੀਆਂ ਖੋਜਾਂ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਅਤੇ ਕਿਹਾ ਕਿ ਇਹ ਖੇਤੀਬਾੜੀ ਖੋਜਾਂ ਤੋਂ ਲੈ ਕੇ ਬਲਾਕ ਚੇਨ ਟੈਕਨੋਲੋਜੀ ਤੱਕ ਨਾਲ ਸਬੰਧਤ ਹਨ। ਵੱਖ-ਵੱਖ ਅਟਲ ਟਿੰਕ੍ਰਿੰਗ ਲੈਬਜ਼ ਦੇ ਸਕੂਲੀ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਸਕੂਲਾਂ ਦੇ ਬੱਚਿਆਂ ਦੀ ਵਿਗਿਆਨਕ ਮੁਹਾਰਤ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਹੋਰ ਅਜਿਹੀਆਂ ਖੋਜਾਂ ਜਾਰੀ ਰੱਖਣ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ‘ਇਨੋਵੇਟ ਇੰਡੀਆ’ ਨੂੰ ਜਨ ਅੰਦੋਲਨ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਵਿਚਾਰਾਂ ਅਤੇ ਖੋਜਾਂ ਨੂੰ hashtag #InnovateIndia. ਰਾਹੀਂ ਸਾਂਝੇ ਕਰਨ।

ਏਕੇਟੀ/ਐੱਸਐੱਚ