ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਲ ਸ਼ਕਤੀ ਮੰਤਰਾਲੇ ਵੱਲੋਂ ਆਯੋਜਿਤ ਦੋ ਦਿਨਾ ਪਾਣੀ ‘ਤੇ ਰਾਸ਼ਟਰੀ ਵਿਭਾਗੀ ਸੰਮੇਲਨ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਹ ਸੰਮੇਲਨ ਪ੍ਰਧਾਨ ਮੰਤਰੀ ਵੱਲੋਂ ਟੀਮ ਇੰਡੀਆ ਦੀ ਭਾਵਨਾ ਨੂੰ ਮਜ਼ਬੂਤ ਕਰਨ, ਸਹਿਕਾਰੀ ਸੰਘਵਾਦ ਨੂੰ ਹੋਰ ਮਜ਼ਬੂਤ ਕਰਨ ਅਤੇ ਕੇਂਦਰ ਅਤੇ ਰਾਜਾਂ ਦਰਮਿਆਨ ਨਜ਼ਦੀਕੀ ਸਹਿਯੋਗ ਰਾਹੀਂ ਰਾਸ਼ਟਰੀ ਤਰਜੀਹਾਂ ਪ੍ਰਤੀ ਸਮੂਹਿਕ ਮਾਲਕੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਲਪਨਾ ਕੀਤੇ ਗਏ ਵਿਭਾਗੀ ਸੰਮੇਲਨਾਂ ਦੀ ਲੜੀ ਵਿੱਚ ਪਹਿਲਾ ਸੰਮੇਲਨ ਹੈ। ਇਸ ਵਿੱਚ ਭਾਰਤ ਦੀ ਪਾਣੀ ਦੀ ਸੰਭਾਲ ਦੇ ਵੱਖ-ਵੱਖ ਪੱਖਾਂ ’ਤੇ ਕੇਂਦਰਿਤ ਵਿਚਾਰ-ਵਟਾਂਦਰੇ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਦੋ ਦਿਨਾਂ ਦੇ ਡੂੰਘੇ ਵਿਚਾਰ-ਵਟਾਂਦਰਿਆਂ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ ਸੰਮੇਲਨ ਤੋਂ ਉੱਭਰਨ ਵਾਲੇ ਕਾਰਵਾਈਯੋਗ ਅਤੇ ਸਮਾਂਬੱਧ ਕਾਰਜ ਬਿੰਦੂਆਂ ਨੂੰ ਸਮੀਖਿਆ ਅਤੇ ਸਿੱਖਣ ਦੀ ਨਿਰੰਤਰ ਪ੍ਰਕਿਰਿਆ ਰਾਹੀਂ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸੰਮੇਲਨ ਇੱਕ ਵਾਰ ਦੀ ਕਵਾਇਦ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਅਤੇ ਨਿਰੰਤਰ ਸਮੀਖਿਆ ਅਤੇ ਫਾਲੋ-ਅੱਪ ਦੀ ਪ੍ਰਕਿਰਿਆ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਸ਼ਹਿਰੀਕਰਨ ਕਾਰਨ ਪੈਦਾ ਹੋਣ ਵਾਲੀਆਂ ਚੁਣੌਤੀਆਂ, ਜਿਨ੍ਹਾਂ ਵਿੱਚ ਆਬਾਦੀ ਵਿੱਚ ਵਾਧਾ ਅਤੇ ਭਵਿੱਖ ਦੀਆਂ ਪਾਣੀ ਦੀਆਂ ਲੋੜਾਂ ਸ਼ਾਮਲ ਹਨ, ਬਾਰੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੰਵੇਦਨਸ਼ੀਲ ਬਣਾਉਣ ਦਾ ਸੱਦਾ ਦਿੱਤਾ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਇਸੇ ਤਰ੍ਹਾਂ ਦੇ ਚਿੰਤਨ ਸ਼ਿਵਰ ਆਯੋਜਿਤ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਪਾਣੀ ਬਚਾਉਣ ਵਾਲੀਆਂ ਤਕਨਾਲੋਜੀਆਂ ਨੂੰ ਵਧੇਰੇ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਭਾਰਤੀ ਨਿਰਮਾਤਾਵਾਂ ਅਤੇ ਹਿੱਸੇਦਾਰਾਂ ਨੂੰ ਕੁਸ਼ਲ ਹੱਲ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਅਮਲ ਦੇ ਯੋਗ ਬਣਾਉਣ ਲਈ ਵਿਸ਼ਵ ਪੱਧਰੀ ਸਰਵੋਤਮ ਤਰੀਕਿਆਂ ਨਾਲ ਜਾਣ-ਪਛਾਣ ਸਮੇਤ ਸਮਰਪਿਤ ਪ੍ਰਦਰਸ਼ਨੀਆਂ ਅਤੇ ਵਰਕਸ਼ਾਪਾਂ ਦਾ ਵੀ ਸੁਝਾਅ ਦਿੱਤਾ।
ਲੋਕ ਭਾਗੀਦਾਰੀ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਵਿੱਚ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ “ਜਲ ਉਤਸਵ”ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਗਾਰ ਕੱਢਣ ਨੂੰ ਇੱਕ ਨਿਯਮਤ ਪ੍ਰੋਗਰਾਮ ਬਣਾਉਣ ਅਤੇ ਗਾਰ ਕੱਢਣ ਲਈ ਸਪੱਸ਼ਟ ਮਿਆਰ ਅਤੇ ਐੱਸਓਪੀ ਵਿਕਸਿਤ ਕਰਨ ਦਾ ਸੱਦਾ ਦਿੱਤਾ। ਡੈਮ ਸੁਰੱਖਿਆ ’ਤੇ ਉਨ੍ਹਾਂ ਹਰ ਮਾਨਸੂਨ ਤੋਂ ਪਹਿਲਾਂ ਮਜ਼ਬੂਤ ਤਿਆਰੀ, ਨਿਰਧਾਰਿਤ ਸਾਵਧਾਨੀਆਂ ਦੀ ਪਾਲਣਾ ਅਤੇ ਸਕੂਲੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ’ਤੇ ਜ਼ੋਰ ਦਿੱਤਾ, ਜਿਸ ਵਿੱਚ ਸਿੱਖਿਆ ਦੇ ਪਾਠਕ੍ਰਮ ਵਿੱਚ ਢੁਕਵੇਂ ਢੰਗ ਨਾਲ ਇਸ ਨੂੰ ਸ਼ਾਮਲ ਕਰਨਾ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਪਾਣੀ ਪ੍ਰਬੰਧਨ ਅਤੇ ਗਵਰਨੈਂਸ ਬਾਰੇ ਗਿਆਨ ਅਤੇ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪਾਣੀ ਨਾਲ ਸਬੰਧਿਤ ਮੁੱਦਿਆਂ ’ਤੇ ਲੋਕ ਪ੍ਰਤੀਨਿਧੀਆਂ, ਅਧਿਕਾਰੀਆਂ ਅਤੇ ਕਿਸਾਨਾਂ ਨੂੰ ਸ਼ਾਮਲ ਕਰਦੇ ਹੋਏ ਢਾਂਚਾਗਤ ਅੰਤਰ-ਰਾਜ ਅਧਿਐਨ ਦੌਰਿਆਂ ਦਾ ਸੁਝਾਅ ਦਿੱਤਾ, ਤਾਂ ਜੋ ਸਫਲ ਦਖਲਅੰਦਾਜ਼ੀਆਂ ਤੋਂ ਵਿਹਾਰਕ ਸਿੱਖਿਆ ਅਤੇ ਉਨ੍ਹਾਂ ਦੀ ਨਕਲ ਨੂੰ ਸੁਖਾਲ਼ਾ ਬਣਾਇਆ ਜਾ ਸਕੇ।
ਪ੍ਰਧਾਨ ਮੰਤਰੀ ਨੇ ਮਜ਼ਬੂਤ ਪਾਣੀ ਡਾਟਾ ਗਵਰਨੈਂਸ ਦਾ ਸੱਦਾ ਦਿੱਤਾ, ਜਿਸ ਤਹਿਤ ਪਾਣੀ ਖੇਤਰ ਨਾਲ ਸਬੰਧਿਤ ਡਾਟਾ ਨੂੰ ਇਕੱਠਾ ਕਰਕੇ, ਵਿਵਸਥਿਤ ਢੰਗ ਨਾਲ ਪ੍ਰਬੰਧਿਤ, ਵਿਸ਼ਲੇਸ਼ਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾਵੇ। ਉਨ੍ਹਾਂ ਇਕਸਾਰ ਫਾਰਮੈਟ ਰਾਹੀਂ ਡਾਟਾ ਇਕੱਠਾ ਕਰਨ ਅਤੇ ਵਿਸ਼ਲੇਸ਼ਣ ਲਈ ਏਆਈ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਪਾਣੀ ਦੀ ਕਮੀ ਨਾਲ ਨਜਿੱਠਣ ਲਈ ਅਗਾਊਂ ਅਤੇ ਏਕੀਕ੍ਰਿਤ ਯੋਜਨਾਬੰਦੀ ’ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਖੇਤੀਬਾੜੀ ਅਤੇ ਉਦਯੋਗਿਕ ਮੰਤਵਾਂ ਲਈ ਸੋਧੇ ਹੋਏ ਪਾਣੀ ਦੀ ਢੁਕਵੀਂ ਵਰਤੋਂ ਸ਼ਾਮਲ ਹੈ।
ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਤਜਰਬੇ ਤੋਂ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਵਸਥਿਤ ਯੋਜਨਾਬੰਦੀ, ਵਚਨਬੱਧਤਾ ਅਤੇ ਲੋੜੀਂਦੇ ਸਰੋਤਾਂ ਅਤੇ ਸਮਰੱਥ ਅਧਿਕਾਰੀਆਂ ਦੀ ਤਾਇਨਾਤੀ ਰਾਹੀਂ ਪਾਣੀ ਦੀ ਕਮੀ ਦੀਆਂ ਸਥਿਤੀਆਂ ਨੂੰ ਮੌਕਿਆਂ ਵਿੱਚ ਬਦਲਿਆ ਜਾ ਸਕਦਾ ਹੈ।
ਜਲ ਸ਼ਕਤੀ ਮੰਤਰੀ ਸ਼੍ਰੀ ਸੀ. ਆਰ. ਪਾਟਿਲ ਨੇ ਸਿਖਰ ਸੰਮੇਲਨ ਦੇ ਚਾਰ ਮੁੱਖ ਨਤੀਜਿਆਂ ਨੂੰ ਉਜਾਗਰ ਕੀਤਾ: ਪਾਣੀ ਦੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨਾ; ਪਾਣੀ ਦੀ ਸੰਭਾਲ ਨੂੰ ਇੱਕ ਨਿਰੰਤਰ ਲੋਕ ਲਹਿਰ ਵਜੋਂ ਮਜ਼ਬੂਤ ਕਰਨਾ; ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਲੰਬੇ ਸਮੇਂ ਦਾ ਟਿਕਾਊਪਣ ਯਕੀਨੀ ਬਣਾਉਣਾ; ਅਤੇ ਪੇਂਡੂ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਅਤੇ ਰੱਖ-ਰਖਾਅ ਨੂੰ ਸੰਸਥਾਗਤ ਰੂਪ ਦੇਣਾ।
**************
ਐਮਜੇਪੀਐਸ/ਐਸਐਸ/ਪੀਆਰਕੇ
Water security is vital for India and for our planet.
— Narendra Modi (@narendramodi) September 2, 2026
It calls for innovative ideas, technology and above all, Jan Bhagidari.
At the National Departmental Summit on Water, highlighted some key priorities:
Take Jal Utsav deeper among the people.
Harness AI and data to improve…