Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਫਿੱਕੀ ਦੀ 90ਵੀਂ ਸਲਾਨਾ ਆਮ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਿੱਕੀ ਦੀ 90ਵੀਂ ਸਲਾਨਾ ਆਮ ਮੀਟਿੰਗ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਤ ਕੀਤਾ।

ਉਨ੍ਹਾਂ ਨੇ 1927 ਵਿੱਚ ਫਿੱਕੀ ਦੀ ਸਥਾਪਨਾ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤੀ ਉਦਯੋਗ ਉਸ ਵੇਲੇ ਬ੍ਰਿਟਿਸ਼ ਸਰਕਾਰ ਵਲੋਂ ਕਾਇਮ ਕੀਤੇ ਸਾਈਮਨ ਕਮਿਸ਼ਨ ਦੇ ਵਿਰੁੱਧ ਇਕਜੁੱਟ ਸਨ। ਉਨ੍ਹਾਂ ਕਿਹਾ ਕਿ ਭਾਰਤੀ ਸਨਅਤਾਂ ਨੇ ਵੀ ਰਾਸ਼ਟਰੀ ਹਿਤ ਵਿੱਚ ਉਸ ਵੇਲੇ ਭਾਰਤੀ ਸਮਾਜ ਦੇ ਸਾਰੇ ਵਰਗਾਂ ਦਾ ਸਾਥ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਉਸੇ ਤਰ੍ਹਾਂ ਦਾ ਮਾਹੌਲ ਮੌਜੂਦ ਹੈ ਜਦੋਂ ਕਿ ਦੇਸ਼ ਦੇ ਲੋਕ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਹਨ ਕਿ ਦੇਸ਼ ਨੂੰ ਅੰਦਰੂਨੀ ਸਮੱਸਿਆਵਾਂ, ਜਿਵੇਂ ਕਿ ਭ੍ਰਿਸ਼ਟਾਚਾਰ, ਕਾਲੇ ਧਨ ਵਿਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਅਤੇ ਚੈਂਬਰ ਆਵ੍ ਇੰਡਸਟਰੀ ਨੂੰ ਦੇਸ਼ ਦੀਆਂ ਲੋੜਾਂ ਅਤੇ ਜਨਤਾ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਉਸ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਤੋਂ ਕਾਫੀ ਕੁਝ ਹਾਸਲ ਕੀਤਾ ਜਾ ਚੁੱਕਾ ਹੈ, ਪਰ ਕਈ ਚੁਣੌਤੀਆਂ ਵੀ ਉੱਠ ਖੜ੍ਹੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਗ਼ਰੀਬ ਵਿਅਕਤੀ ਸਥਾਪਤ ਹੋ ਰਹੇ ਢਾਂਚੇ ਵਿਰੁੱਧ ਸੰਘਰਸ਼ ਕਰ ਰਿਹਾ ਹੈ ਜਿਵੇਂ ਕਿ ਬੈਂਕ ਖਾਤਿਆਂ, ਗੈਸ ਕੁਨੈਕਸ਼ਨਾਂ, ਵਜ਼ੀਫਿਆਂ, ਪੈਨਸ਼ਨਾਂ ਆਦਿ ਲਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਸਮਾਪਤ ਕਰਨ ਅਤੇ ਇੱਕ ਅਜਿਹਾ ਸਿਸਟਮ ਕਾਇਮ ਕਰਨ ਲਈ ਕੰਮ ਕਰ ਰਹੀ ਹੈ ਜੋ ਕਿ ਪਾਰਦਰਸ਼ੀ ਹੋਵੇ। ਉਨ੍ਹਾਂ ਕਿਹਾ ਕਿ ਜਨ ਧਨ ਯੋਜਨਾ ਇਸ ਦੀ ਇੱਕ ਉਦਾਹਰਣ ਹੈ ਅਤੇ ‘ਈਜ਼ ਆਵ੍ ਲਿਵਿੰਗ’ ਦਾ ਵਧਣਾ ਕੇਂਦਰ ਸਰਕਾਰ ਦੇ ਧਿਆਨ ਵਿੱਚ ਹੈ। ਉਨ੍ਹਾਂ ਉਜਵਲਾ ਯੋਜਨਾ, ਸਵੱਛ ਭਾਰਤ ਮਿਸ਼ਨ ਅਧੀਨ ਪਖ਼ਾਨਿਆਂ ਦੀ ਉਸਾਰੀ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਗ਼ਰੀਬੀ ਵਿੱਚੋਂ ਲੰਘ ਕੇ ਆਏ ਹਨ ਅਤੇ ਗ਼ਰੀਬਾਂ ਦੀ ਲੋੜ ਅਨੁਸਾਰ ਕੰਮ ਕਰਨ ਦੀ ਲੋੜ ਨੂੰ ਮਹਿਸੂਸ ਕਰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਮੁਦਰਾ ਯੋਜਨਾ ਉੱਦਮੀਆਂ ਨੂੰ ਕਰਜ਼ਾ ਦੇਣ ਲਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਬੈਂਕਿੰਗ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨਪੀਏ ਇੱਕ ਅਜਿਹਾ ਮੁੱਦਾ ਹੈ ਜੋ ਕਿ ਮੌਜੂਦਾ ਸਰਕਾਰ ਨੂੰ ਵਿਰਸੇ ਵਿੱਚ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਵਿੱਤੀ ਰੈਗੂਲੇਸ਼ਨ ਅਤੇ ਡਿਪਾਜ਼ਿਟ ਇੰਸ਼ੋਰੈਂਸ (ਐੱਫਆਰਡੀਆਈ) ਬਿਲ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖਾਤਾਧਾਰੀਆਂ ਦੇ ਹਿਤਾ ਲਈ ਕੰਮ ਕਰ ਰਹੀ ਹੈ ਪਰ ਅਫਵਾਹਾਂ ਠੀਕ ਇਸ ਦੇ ਉਲਟ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਿੱਕੀ ਵਰਗੇ ਸੰਗਠਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਮੁੱਦਿਆਂ ਉੱਤੇ ਜਾਗਰੂਕਤਾ ਪੈਦਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜੀ ਐੱਸਟੀਨਾਲ ਵੱਧ ਤੋਂ ਵੱਧ ਵਪਾਰ ਰਜਿਸਟਰ ਹੋਵੇ। ਉਨ੍ਹਾਂ ਕਿਹਾ ਕਿ ਜਿੰਨਾ ਵੱਧ ਤੋਂ ਵੱਧ ਰਸਮੀ ਸਿਸਟਮ ਬਣੇਗਾ ਓਨਾ ਹੀ ਇਹ ਗਰੀਬਾਂ ਦਾ ਭਲਾ ਕਰੇਗਾ। ਇਸ ਨਾਲ ਬੈਂਕਾਂ ਤੋਂ ਕਰਜ਼ਾ ਅਸਾਨੀ ਨਾਲ ਮਿਲ ਸਕੇਗਾ ਅਤੇ ਲਾਜਿਸਟਿਕਸ ਦੀ ਲਾਗਤ ਘਟੇਗੀ ਜਿਸ ਨਾਲ ਵਪਾਰ ਵਿੱਚ ਮੁਕਾਬਲੇਬਾਜ਼ੀ ਵਧੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਫਿੱਕੀ ਛੋਟੇ ਵਪਾਰੀਆਂ ਵਿੱਚ ਵੱਡੀ ਪੱਧਰ ’ਤੇ ਜਾਗਰੂਕਤਾ ਪੈਦਾ ਕਰਨ ਲਈ ਕੋਈ ਯੋਜਨਾ ਲਿਆਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿੱਕੀ ਨੂੰ ਉਸ ਵੇਲੇ ਆਪਣੀ ਚਿੰਤਾ ਦਾ ਇਜ਼ਹਾਰ ਕਰਨਾ ਚਾਹੀਦਾ ਹੈ ਜਿਸ ਵੇਲੇ ਇਸ ਦੀ ਜ਼ਰੂਰਤ ਹੋਵੇ, ਜਿਵੇਂ ਕਿ ਬਿਲਡਰਾਂ ਵੱਲੋਂ ਆਮ ਆਦਮੀ ਦੇ ਕੀਤੇ ਜਾ ਰਹੇ ਸ਼ੋਸ਼ਣ ਸਮੇਂ।

ਪ੍ਰਧਾਨ ਮੰਤਰੀ ਨੇ ਯੂਰੀਆ, ਟੈਕਸਟਾਈਲ, ਸਿਵਲ ਹਵਾਬਾਜ਼ੀ ਅਤੇ ਸਿਹਤ ਦੇ ਖੇਤਰਾਂ ਵਿੱਚ ਲਏ ਗਏ ਨੀਤੀ ਸਬੰਧੀ ਫੈਸਲਿਆਂ ਦਾ ਜ਼ਿਕਰ ਕੀਤਾ ਅਤੇ ਇਹ ਵੀ ਦੱਸਿਆ ਕਿ ਇਸ ਦੇ ਕੀ ਲਾਭ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰੱਖਿਆ, ਉਸਾਰੀ, ਖੁਰਾਕ ਪ੍ਰੋਸੈੱਸਿੰਗ ਆਦਿ ਦੇ ਖੇਤਰਾਂ ਵਿੱਚ ਸੁਧਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਦੇ ਸਦਕਾ ਹੀ ਭਾਰਤ ਵਿਸ਼ਵ ਬੈਂਕ ਦੀ ‘ਈਜ਼ ਆਵ੍ ਡੂਇੰਗ ਬਿਜ਼ਨਸ’ ਵਿੱਚ 142ਵੇਂ ਸਥਾਨ ਤੋਂ 100ਵੇਂ ਸਥਾਨ ਤੇ ਆ ਗਿਆ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਹੋਰ ਸੰਕੇਤ ਵੀ ਭਾਰਤ ਦੀ ਆਰਥਿਕਤਾ ਦੀ ਚੰਗੀ ਸਿਹਤ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਕਦਮ ਚੁੱਕੇ ਗਏ ਹਨ, ਉਹ ਨੌਕਰੀਆਂ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿੱਕੀ ਨੂੰ ਖੁਰਾਕ ਪ੍ਰੋਸੈਸਿੰਗ, ਸਟਾਰਟ ਅੱਪਸ, ਨਕਲੀ ਆਰਟੀਫੀਸ਼ਲ, ਸੂਰਜੀ ਊਰਜਾ ਅਤੇ ਸਿਹਤ ਸੰਭਾਲ ਆਦਿ ਦੇ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਫਿੱਕੀ ਨੂੰ ਤਾਕੀਦ ਕੀਤੀ ਕਿ ਉਹ ਐੱਮਐੱਸਐੱਮਈ ਖੇਤਰ ਦੇ ਥਿੰਕ-ਟੈਂਕ ਦੀ ਭੂਮਿਕਾ ਨਿਭਾਵੇ।

*****

ਏਕੇਟੀ/ਐੱਚਐੱਸ