Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਅਬੂ ਧਾਬੀ ਦੇ ਸ਼ਾਹੀ ਰਾਜਕੁਮਾਰ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ਦੌਰਾਨ ਪ੍ਰੈੱਸ ਬਿਆਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਅਬੂ ਧਾਬੀ ਦੇ ਸ਼ਾਹੀ ਰਾਜਕੁਮਾਰ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ਦੌਰਾਨ ਪ੍ਰੈੱਸ ਬਿਆਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਅਬੂ ਧਾਬੀ ਦੇ ਸ਼ਾਹੀ ਰਾਜਕੁਮਾਰ ਨਾਲ ਸਾਂਝੀ ਮੀਡੀਆ ਬ੍ਰੀਫ਼ਿੰਗ ਦੌਰਾਨ ਪ੍ਰੈੱਸ ਬਿਆਨ ਦਾ ਮੂਲ-ਪਾਠ


ਮਾਣਯੋਗ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਨ,

ਅਬੂ ਧਾਬੀ ਦੇ ਸ਼ਾਹੀ ਰਾਜਕੁਮਾਰ,

ਮੀਡੀਆ ਦੇ ਦੋਸਤੋ,

ਮੈਨੂੰ ਇੱਕ ਪਿਆਰੇ ਦੋਸਤ, ਮਾਣਯੋਗ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਨ ਦਾ ਭਾਰਤ ਵਿੱਚ ਸੁਆਗਤ ਕਰਦਿਆਂ ਬਹੁਤ ਪ੍ਰਸੰਨਤਾ ਹੋ ਰਹੀ ਹੈ। ਅਸੀਂ ਖ਼ੁਸ਼ ਹਾਂ ਕਿ ਮਾਣਯੋਗ ਰਾਜਕੁਮਾਰ ਦੂਜੀ ਵਾਰ ਆਪਣੇ ਸਰਕਾਰੀ ਦੌਰੇ ‘ਤੇ ਭਾਰਤ ਆਏ ਹਨ। ਇਸ ਵਾਰ ਕਿਉਂਕਿ ਉਹ ਭਲਕੇ ਦੇ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਸਾਡੇ ਮਾਣਯੋਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਰਹੇ ਹਨ, ਇਸ ਲਈ ਉਨ੍ਹਾਂ ਦਾ ਇਹ ਦੌਰਾਨ ਕੁਝ ਖ਼ਾਸ ਹੈ। ਮਾਣਯੋਗ ਰਾਜਕੁਮਾਰ ਜੀ, ਮੈਂ ਪਹਿਲਾਂ ਅਗਸਤ 2015 ਅਤੇ ਪਿਛਲੇ ਵਰ੍ਹੇ ਫ਼ਰਵਰੀ ‘ਚ ਹੋਈਆਂ ਪਿਛਲੀਆਂ ਮੁਲਾਕਾਤਾਂ ਨੂੰ ਬਹੁਤ ਨਿੱਘ ਨਾਲ ਚੇਤੇ ਕਰਦਾ ਹਾਂ। ਸਾਡੇ ਵਿਚਾਰ-ਵਟਾਂਦਰੇ ਵਿਆਪਕ ਪੱਧਰ ‘ਤੇ ਹੋਏ ਹਨ, ਜੋ ਸਾਡੇ ਦੁਵੱਲੇ ਸਬੰਧਾਂ ਦੇ ਸਮੁੱਚੇ ਵਰਨ-ਕ੍ਰਮ ਨੂੰ ਆਪਣੇ ਘੇਰੇ ਵਿੱਚ ਲੈਂਦੇ ਹਨ। ਨਿਜੀ ਤੌਰ ‘ਤੇ, ਮੈਨੂੰ ਸਾਡੀ ਭਾਈਵਾਲੀ, ਦੇ ਤੁਹਾਡੇ ਦ੍ਰਿਸ਼ਟੀਕੋਣ, ਸਾਡੇ ਖੇਤਰ ਲਈ ਤੁਹਾਡੇ ਵੱਲੋਂ ਕੀਤੀ ਸ਼ਲਾਘਾ ਅਤੇ ਵਿਸ਼ਵ ਬਾਰੇ ਤੁਹਾਡੇ ਦ੍ਰਿਸ਼ਟੀਕੋਣ ਤੋਂ ਬਹੁਤ ਲਾਭ ਪੁੱਜਾ ਹੈ। ਅਸੀਂ ਆਪਣੀ ਰਣਨੀਤਕ ਭਾਈਵਾਲੀ ਨੂੰ ਉਦੇਸ਼ਮੁਖੀ ਅਤੇ ਕਾਰਵਾਈ ਪਾਉਣ ਉੱਤੇ ਕੇਂਦ੍ਰਿਤ ਰੱਖਣ ਲਈ ਇੱਕ ਬੇਹੱਦ ਉਤਸ਼ਾਹਪੂਰਨ ਰੂਪ-ਰੇਖਾ ਉਲੀਕੀ ਹੈ। ਜਿਸ ਸਮਝੌਤੇ ਦਾ ਹੁਣੇ ਅਦਾਨ-ਪ੍ਰਦਾਨ ਹੋਇਆ ਹੈ, ਉਸ ਵਿੱਚ ਅਜਿਹੀ ਸਮਝ ਨੂੰ ਸੰਸਥਾਗਤ ਰੂਪ ਦਿੱਤਾ ਗਿਆ ਹੈ।

ਦੋਸਤੋ,

ਸੰਯੁਕਤ ਅਰਬ ਅਮੀਰਾਤ ਸਾਡੇ ਸਭ ਤੋਂ ਵੱਧ ਵਡਮੁੱਲੇ ਭਾਈਵਾਲਾਂ ਵਿੱਚੋਂ ਇੱਕ ਅਤੇ ਦੁਨੀਆ ਦੇ ਇੱਕ ਮਹੱਤਵਪੂਰਨ ਖੇਤਰ ਦਾ ਇੱਕ ਨੇੜਲਾ ਦੋਸਤ ਹੈ। ਮੈਂ ਮਾਣਯੋਗ ਰਾਜਕੁਮਾਰ ਨਾਲ ਹੁਣੇ ਬਹੁਤ ਹੀ ਸਫ਼ਲ ਤੇ ਸਿਰਜਣਾਤਮਕ ਵਿਚਾਰ-ਵਟਾਂਦਰਾ ਕਰ ਕੇ ਹਟਿਆ ਹਾਂ। ਅਸੀਂ ਖ਼ਾਸ ਤੌਰ ਉੱਤੇ ਪਿਛਲੀਆਂ ਦੋ ਮੁਲਾਕਾਤਾਂ ਦੌਰਾਨ ਵਿਭਿੰਨ ਫ਼ੈਸਲੇ ਲਾਗੂ ਕਰਨ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਹੈ। ਅਸੀਂ ਊਰਜਾ ਅਤੇ ਨਿਵੇਸ਼ਾਂ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਆਪਣੇ ਸਬੰਧਾਂ ਦੀ ਰਫ਼ਤਾਰ ਨੂੰ ਕਾਇਮ ਰੱਖਣ ਲਈ ਸਹਿਮਤ ਹੋਏ ਹਾਂ।

ਦੋਸਤੋ,

ਅਸੀਂ ਸੰਯੁਕਤ ਅਰਬ ਅਮੀਰਾਤ ਨੂੰ ਭਾਰਤ ਦੀ ਵਿਕਾਸ-ਕਹਾਣੀ ਵਿੱਚ ਇੱਕ ਅਹਿਮ ਭਾਈਵਾਲ ਮੰਨਦੇ ਹਾਂ। ਮੈਂ ਖ਼ਾਸ ਤੌਰ ਉੱਤੇ ਭਾਰਤ ਦੇ ਬੁਨਿਆਦੀ ਢਾਂਚੇ ਦੇ ਖੇਤਰ ‘ਚ ਨਿਵੇਸ਼ ਕੀਤੇ ਜਾਣ ‘ਚ ਸੰਯੁਕਤ ਅਰਬ ਅਮੀਰਾਤ ਵੱਲੋਂ ਦਿਖਾਈ ਗਈ ਦਿਲਚਸਪੀ ਦਾ ਸੁਆਗਤ ਕਰਦਾ ਹਾਂ। ਅਸੀਂ ਸੰਯੁਕਤ ਅਰਬ ਅਮੀਰਾਤ ਦੇ ਸੰਸਥਾਗਤ ਨਿਵੇਸ਼ਕਾਂ ਨੂੰ ਸਾਡੇ ‘ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਕੋਸ਼’ (ਨੈਸ਼ਨਲ ਇਨਵੈਸਟਮੈਂਟ ਐਂਡ ਇਨਫ਼੍ਰਾਸਟਰੱਕਚਰ ਫੰਡ) ਨਾਲ ਜੋੜਨ ਲਈ ਕੰਮ ਕਰ ਰਹੇ ਹਾਂ। ਮੈਂ ਸ਼ਾਹੀ ਰਾਜਕੁਮਾਰ ਨਾਲ ਭਾਰਤੀ ਕੰਪਨੀਆਂ ਵੱਲੋਂ ਪ੍ਰਗਟਾਈ ਗਈ ਉਹ ਦਿਲਚਸਪੀ ਵੀ ਸਾਂਝੀ ਕੀਤੀ, ਜਿਸ ਅਧੀਨ ਉਨ੍ਹਾਂ ਨੇ ਦੁਬਈ ‘ਚ ਹੋਣ ਵਾਲੇ ‘ਵਰਲਡ ਐਕਸਪੋ 2020’ ਲਈ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਭਾਈਵਾਲ ਬਣਨ ਦੀ ਗੱਲ ਕੀਤੀ ਹੈ। ਨਿਰਮਾਣ ਤੇ ਸੇਵਾਵਾਂ ਦੇ ਖੇਤਰ ਵਿੱਚ ਸਾਡੇ ਵਿਕਾਸ ਨਾਲ ਜੁੜ ਕੇ ਸੰਯੁਕਤ ਅਰਬ ਅਮੀਰਾਤ ਨੂੰ ਲਾਭ ਪੁੱਜ ਸਕਦਾ ਹੈ। ਅਸੀਂ ਅਸੀਂ ਭਾਰਤ ਵਿੱਚ ਡਿਜੀਟਲ ਅਰਥ ਵਿਵਸਥਾ, ਮਨੁੱਖੀ ਪੂੰਜੀ ਅਤੇ ਸਮਾਰਟ ਸਿਟੀਜ਼ ਦੀ ਉਸਾਰੀ ਵੱਲ ਸੇਧਤ ਸਾਡੀਆਂ ਪਹਿਲਕਦਮੀਆਂ ਕਾਰਨ ਪੈਦਾ ਹੋਣ ਵਾਲੇ ਅਥਾਹ ਮੌਕਿਆਂ ਦਾ ਸਾਂਝੇ ਤੌਰ ਉੱਤੇ ਲਾਹਾ ਲੈ ਸਕਦੇ ਹਾਂ। ਅਸੀਂ ਦੋਵੇਂ ਦੇਸ਼ਾਂ ਦੇ ਕਾਰੋਬਾਰਾਂ ਅਤੇ ਉਦਯੋਗ ਨੂੰ ਉਤਸ਼ਾਹਿਤ ਵੀ ਕਰ ਰਹੇ ਹਾਂ ਅਤੇ ਉਨ੍ਹਾਂ ਲਈ ਸੁਵਿਧਾਵਾਂ ਵੀ ਮੁਹੱਈਆ ਕਰਵਾ ਰਹੇ ਹਾਂ, ਤਾਂ ਜੋ ਦੁਵੱਲੇ ਵਪਾਰ ਦੀ ਗਿਣਤੀ ਤੇ ਗੁਣਵੱਤਾ ਦੋਵਾਂ ਵਿੱਚ ਵਾਧਾ ਹੋ ਸਕੇ। ਸਾਡੇ ਵੱਲੋਂ ਅੱਜ ਜਿਹੇ ਵਪਾਰਕ ਉਪਚਾਰਾਂ ਬਾਰੇ ਸਮਝੌਤੇ ਹੋਏ ਹਨ, ਉਨ੍ਹਾਂ ਨਾਲ ਸਾਡੀ ਵਪਾਰਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ। ਸਾਡੀ ਊਰਜਾ ਭਾਈਵਾਲੀ ਸਾਡੇ ਸਬੰਧਾਂ ਲਈ ਇੱਕ ਅਹਿਮ ਪੁਲ ਹੈ। ਇਸ ਰਾਹੀਂ ਸਾਡੀ ਊਰਜਾ ਸੁਰੱਖਿਆ ਵਿੱਚ ਯੋਗਦਾਨ ਪੈਂਦਾ ਹੈ। ਮਾਣਯੋਗ ਰਾਜਕੁਮਾਰ ਅਤੇ ਮੈਂ ਆਪਣੇ ਊਰਜਾ ਸਬੰਧਾਂ ਨੂੰ ਵਿਸ਼ੇਸ਼ ਪ੍ਰੋਜੈਕਟਾਂ ਤੇ ਤਜਵੀਜ਼ਾਂ ਰਾਹੀਂ ਇੱਕ ਰਣਨੀਤਕ ਦਿਸ਼ਾ ਵਿੱਚ ਤਬਦੀਲ ਕਰਨ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ। ਇਸ ਸਬੰਧੀ ਊਰਜਾ ਖੇਤਰ ਵਿੱਚ ਲੰਮੇ ਸਮੇਂ ਲਈ ਸਪਲਾਈ ਦੇ ਕੰਟਰੈਕਟ ਅਤੇ ਸਾਂਝੇ ਉੱਦਮਾਂ ਦੀ ਸਥਾਪਨਾ ਲਾਹੇਵੰਦ ਖੇਤਰ ਹੋ ਸਕਦੇ ਹਨ।

ਦੋਸਤੋ,

ਸੁਰੱਖਿਆ ਅਤੇ ਰੱਖਿਆ ਸਹਿਯੋਗ ਨੇ ਸਾਡੇ ਸਬੰਧ ਵਿੱਚ ਨਵੇਂ ਪਾਸਾਰ ਜੋੜੇ ਹਨ। ਅਸੀਂ ਰੱਖਿਆ ਖੇਤਰ ਤੋਂ ਲੈ ਕੇ ਸਮੁੰਦਰੀ ਯਾਤਰਾਵਾਂ ਦੇ ਖੇਤਰ ਸਮੇਤ ਨਵੇਂ ਖੇਤਰਾਂ ਤੱਕ ਵਿੱਚ ਆਪਣੇ ਲਾਹੇਵੰਦ ਸਹਿਯੋਗ ਦਾ ਪਾਸਾਰ ਕਰਨ ਲਈ ਸਹਿਮਤ ਹੋਏ ਹਾਂ। ਅੱਜ ਪਹਿਲਾਂ ਰੱਖਿਆ ਸਹਿਯੋਗ ਲਈ ਜਿਸ ਸਹਿਮਤੀ-ਪੱਤਰ ‘ਤੇ ਹਸਤਾਖਰ ਕੀਤੇ ਗਏ ਹਨ, ਉਹ ਸਾਡੀਆਂ ਰੱਖਿਆ ਗਤੀਵਿਧੀਆਂ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਿੱਚ ਮਦਦ ਕਰੇਗਾ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਸਾਡੇ ਸਮਾਜਾਂ ਨੂੰ ਸੁਰੱਖਿਅਤ ਰੱਖਣ ਲਈ ਹਿੰਸਾ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਦੀਆਂ ਗਤੀਵਿਧੀਆਂ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ।

ਦੋਸਤੋ,

ਮਾਣਯੋਗ ਰਾਜਕੁਮਾਰ ਅਤੇ ਮੈਂ ਮੰਨਦੇ ਹਾਂ ਕਿ ਸਾਡੇ ਨੇੜਲੇ ਸਬੰਧਾਂ ਦਾ ਵੱਡਾ ਮਹੱਤਵ ਕੇਵਲ ਸਾਡੇ ਦੋਵੇਂ ਦੇਸ਼ਾਂ ਤੱਕ ਹੀ ਸੀਮਤ ਨਹੀਂ ਹੈ। ਉਨ੍ਹਾਂ ਦੇ ਲਾਭ ਦੀ ਅਹਿਮੀਅਤ ਸਮੁੱਚੇ ਆਂਢ-ਗੁਆਂਢ ਲਈ ਵੀ ਹੈ। ਸਾਡੀ ਕੇਂਦਰਮੁਖਤਾ ਇਸ ਖੇਤਰ ਨੂੰ ਸਥਿਰ ਕਰਨ ਵਿੱਚ ਵੀ ਮਦਦ ਦੇ ਸਕਦੀ ਹੈ। ਸਾਡੀ ਆਰਥਿਕ ਭਾਈਵਾਲੀ ਖੇਤਰੀ ਤੇ ਵਿਸ਼ਵ ਖ਼ੁਸ਼ਹਾਲੀ ਦਾ ਸਰੋਤ ਵੀ ਹੋ ਸਕਦਾ ਹੈ। ਅਸੀਂ ਪੱਛਮੀ ਏਸ਼ੀਆ ਅਤੇ ਖਾੜੀ ਦੇਸ਼ਾਂ ਵਿੱਚ ਵਿਕਾਸ-ਕ੍ਰਮਾਂ ਬਾਰੇ ਵੀ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ, ਜਿੱਥੇ ਦੋਵੇਂ ਦੇਸ਼ਾਂ ਨੇ ਸ਼ਾਂਤੀ ਅਤੇ ਸਥਿਰਤਾ ਵਿੱਚ ਆਪਣੇ ਹਿਤਾਂ ਸਾਂਝੇ ਕੀਤੇ। ਅਸੀਂ ਅਫ਼ਗ਼ਾਨਿਸਤਾਨ ਸਮੇਤ ਆਪਣੇ ਖੇਤਰ ਵਿੱਚ ਹੋਏ ਵਿਕਾਸ-ਕ੍ਰਮਾਂ ਬਾਰੇ ਵੀ ਚਰਚਾ ਕੀਤੀ। ਸਾਡੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਬਣ ਕੇ ਉੱਭਰ ਰਹੇ ਮੂਲਵਾਦ ਤੇ ਦਹਿਸ਼ਤਗਰਦੀ ਪ੍ਰਤੀ ਸਾਡੀ ਸਾਂਝੀ ਚਿੰਤਾ ਇਸ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਅਕਾਰ ਦੇ ਰਹੀ ਹੈ।

ਦੋਸਤੋ,

ਸੰਯੁਕਤ ਅਰਬ ਅਮੀਰਾਤ ਵਿੱਚ 26 ਲੱਖ ਦੇ ਲਗਭਗ ਭਾਰਤੀ ਵਸਦੇ ਹਨ। ਉਨ੍ਹਾਂ ਦੇ ਯੋਗਦਾਨਾਂ ਦਾ ਮੁਲੰਕਣ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦੋਵੇਂ ਦੇਸ਼ਾਂ ਵਿੱਚ ਕੀਤਾ ਜਾਂਦਾ ਹੈ। ਅਬੂਧਾਬੀ ‘ਚ ਵਸਦੇ ਪ੍ਰਵਾਸੀ ਭਾਰਤੀਆਂ ਲਈ ਇੱਕ ਮੰਦਰ ਦੀ ਸਥਾਪਨਾ ਵਾਸਤੇ ਜ਼ਮੀਨ ਅਲਾਟ ਕੀਤੇ ਜਾਣ ਲਈ ਵੀ ਮੈਂ ਮਾਣਯੋਗ ਰਾਜਕੁਮਾਰ ਦਾ ਧੰਨਵਾਦ ਕੀਤਾ।

ਦੋਸਤੋ,

ਸਾਡੀ ਭਾਈਵਾਲੀ ਦੀ ਸਫ਼ਲਤਾ ਇਸ ਕਰ ਕੇ ਵੀ ਸੰਭਵ ਹੋ ਸਕੀ ਹੈ ਕਿਉਂਕਿ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮਾਣਯੋਗ ਸ਼ੇਖ਼ ਖ਼ਲੀਫ਼ਾ ਬਿਨ ਜ਼ਾਇਦ ਅਲ ਨਾਹਯਨ ਅਤੇ ਮਾਣਯੋਗ ਸ਼ੇਖ਼ ਮੁਹੰਮਦ ਨੇ ਖ਼ੁਦ ਇਸ ਮਾਮਲੇ ਵਿੱਚ ਨਿਜੀ ਦਿਲਚਸਪੀ ਦਿਖਾਈ ਹੈ। ਸਾਡਾ ਸਹਿਯੋਗ ਹੁਣ ਅੱਗੇ ਵਧਦਿਆਂ ਨਵੇਂ ਸਿਖ਼ਰ ਛੋਹਣ ਲਈ ਤਿਆਰ ਹੈ। ਮੈਨੂੰ ਭਰੋਸਾ ਹੈ ਮਾਣਯੋਗ ਰਾਜਕੁਮਾਰ ਜੀ ਕਿ ਤੁਹਾਡੇ ਇਸ ਦੌਰੇ ਤੋਂ ਸਾਡੇ ਪਿਛਲੇ ਵਿਚਾਰ-ਵਟਾਂਦਰਿਆਂ ਦੀ ਸਮਝ ਦੇ ਆਧਾਰ ਉੱਤੇ ਵੱਡੇ ਲਾਭ ਸਾਹਮਣੇ ਆਉਣਗੇ। ਸਾਡੀ ਭਾਈਵਾਲੀ ਦੀ ਡੂੰਘਾਈ ਅਤੇ ਵਿਭਿੰਨਤਾ ਰਾਹੀਂ ਇਸ ਦਾ ਭਵਿੱਖ ਦਾ ਤਾਣਾ-ਬਾਣਾ ਤੈਅ ਹੋਵੇਗਾ। ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫ਼ਦ ਦੇ ਸਾਰੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਭੇਟ ਕਰਦਾ ਹਾਂ ਕਿ ਉਨ੍ਹਾਂ ਦਾ ਇਹ ਭਾਰਤ ਦੌਰਾ ਬੇਹੱਦ ਸੁਹਾਵਣਾ ਰਹੇਗਾ।

ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਧੰਨਵਾਦ।