Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਅਮਰਕੰਟਕ, ਮੱਧ ਪ੍ਰਦੇਸ਼ ਵਿੱਚ ‘ਨਮਾਮੀ ਨਰਮਦੇ-ਨਰਮਦਾ ਸੇਵਾ ਯਾਤਰਾ’ ਦੇ ਸਮਾਪਤ ਸਮਾਰੋਹ ਮੌਕੇ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵੱਲੋਂ ਅਮਰਕੰਟਕ, ਮੱਧ ਪ੍ਰਦੇਸ਼ ਵਿੱਚ ‘ਨਮਾਮੀ ਨਰਮਦੇ-ਨਰਮਦਾ ਸੇਵਾ ਯਾਤਰਾ’ ਦੇ ਸਮਾਪਤ ਸਮਾਰੋਹ ਮੌਕੇ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵੱਲੋਂ ਅਮਰਕੰਟਕ, ਮੱਧ ਪ੍ਰਦੇਸ਼ ਵਿੱਚ ‘ਨਮਾਮੀ ਨਰਮਦੇ-ਨਰਮਦਾ ਸੇਵਾ ਯਾਤਰਾ’ ਦੇ ਸਮਾਪਤ ਸਮਾਰੋਹ ਮੌਕੇ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵੱਲੋਂ ਅਮਰਕੰਟਕ, ਮੱਧ ਪ੍ਰਦੇਸ਼ ਵਿੱਚ ‘ਨਮਾਮੀ ਨਰਮਦੇ-ਨਰਮਦਾ ਸੇਵਾ ਯਾਤਰਾ’ ਦੇ ਸਮਾਪਤ ਸਮਾਰੋਹ ਮੌਕੇ ਕੀਤੇ ਸੰਬੋਧਨ ਦਾ ਮੂਲ ਪਾਠ


ਵਿਸ਼ਾਲ ਸੰਖਿਆ ਵਿੱਚ ਪੁੱਜੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਸਾਡੇ ਸ਼ਾਸਤਰਾਂ ਵਿੱਚ ਇੱਕ ਮਾਨਤਾ ਬਣੀ ਹੋਈ ਹੈ ਕਿ ਜੇਕਰ ਅਸੀਂ ਯਾਤਰਾ ਕਰ ਨਹੀਂ ਸਕਦੇ, ਪਰ ਕਿਸੇ ਯਾਤਰੀ ਨੂੰ ਜੇਕਰ ਪ੍ਰਣਾਮ ਕਰ ਲਈਏ ਤਾਂ ਯਾਤਰਾ ਦਾ ਪੁੰਨ ਪ੍ਰਾਪਤ ਹੁੰਦਾ ਹੈ। ਤਾਂ ਮੈਂ ਵੀ ਤੁਹਾਨੂੰ ਸਾਰੇ ਯਾਤਰੀਆਂ ਨੂੰ ਪ੍ਰਣਾਮ ਕਰਕੇ ਜੋ ਪੁੰਨ ਤੁਸੀਂ ਕਮਾਇਆ ਹੈ, ਤੁਹਾਡੇ ਤੋਂ ਉਹ ਕੁਝ ਹਿੱਸਾ ਮੰਗ ਰਿਹਾ ਹਾਂ। ਪਰ ਉਹ ਹਿੱਸਾ ਮੈਂ ਆਪਣੇ ਲਈ ਨਹੀਂ ਮੰਗ ਰਿਹਾ ਹਾਂ, ਤੁਹਾਡੀ ਇਸ ਯਾਤਰਾ ਤੋਂ ਕਮਾਇਆ ਹੋਇਆ ਪੁੰਨ ਮਾਂ ਭਾਰਤੀ ਦੇ ਕੰਮ ਆਏ, ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਕੰਮ ਆਏ, ਇਸ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਵਿੱਚ ਕੰਮ ਆਏ।

ਅਤੇ ਮੈਨੂੰ ਵਿਸ਼ਵਾਸ ਹੈ ਨਰਮਦਾ ਯਾਤਰਾ ਹੀ ਉਹ ਯਾਤਰਾ ਹੈ ਜਿਸ ਨੂੰ ਨਰਮਦਾ ਪਰਿਕਰਮਾ ਨਾਲ ਜੋੜਿਆ ਗਿਆ ਹੈ ਅਤੇ ਮੈਂ ਇਸ ਸ਼ਾਸਤਰ ਤੋਂ ਭਲੀਭਾਂਤ ਜਾਣੂ ਹਾਂ, ਮੈਂ ਉਸ ਦੁਨੀਆ ਨੂੰ ਜਿਊਣ ਦੀ ਕਦੇ ਕੋਸ਼ਿਸ਼ ਕੀਤੀ ਸੀ ਅਤੇ ਉਸ ਵਿੱਚ ਮੈਨੂੰ ਪਤਾ ਹੈ ਕਿ ਜਦੋਂ ਨਰਮਦਾ ਪਰਿਕਰਮਾ ਕਰਦੇ ਹਾਂ ਤਾਂ ਹੰਕਾਰ ਕਿਵੇਂ ਚੂਰ ਚੂਰ ਹੋ ਜਾਂਦਾ ਹੈ, ਹੰਕਾਰ ਕਿਵੇਂ ਮਿੱਟੀ ਵਿੱਚ ਮਿਲ ਜਾਂਦਾ ਹੈ ਅਤੇ ਪਰਿਕਰਮਾ ਕਰਨ ਵਾਲੇ ਵਿਅਕਤੀ ਨੂੰ ਮਾਂ ਨਰਮਦਾ ਜ਼ਮੀਨ ‘ਤੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ। ਸਾਰੇ ਬੰਧਨਾਂ ਤੋਂ ਮੁਕਤ ਕਰਾ ਦਿੰਦੀ ਹੈ। ਸਾਰੇ ਪਦਾਂ ਉਪਾਧੀਆਂ ਵਾਲੇ ਹੋਣ, ਉਸ ਤੋਂ ਵੀ ਪਰਿਕਰਮਾ ਦੌਰਾਨ ਮੁਕਤੀ ਮਿਲ ਜਾਂਦੀ ਹੈ। ਮਾਂ ਨਰਮਦਾ ਅਤੇ ਨਰਮਦਾ ਦੇ ਸੇਵਕ ਦੇ ਵਿਚਕਾਰ ਕੋਈ ਦਵੈਤ ਨਹੀਂ ਬਚਦਾ ਹੈ। ਇੱਕ ਅਦਵੈਤ ਦੀ ਅਨੁਭੂਤੀ ਹੁੰਦੀ ਹੈ। ਤੁਸੀਂ ਵੀ ਅੱਜ ਜਦੋਂ ਮਾਂ ਨਰਮਦਾ ਦੀ ਇਹ ਮਹਾਨ ਸੇਵਾ ਕਰਨ ਦਾ ਸੰਕਲਪ ਕੀਤਾ ਹੈ।

ਜਦੋਂ ਵਕਤ ਬਦਲਦਾ ਹੈ ਤਾਂ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦਾ ਹੈ ਅਤੇ ਜਦੋਂ ਅਧਿਕਾਰ ਦਾ ਭਾਵ ਪ੍ਰਬਲ ਹੋ ਜਾਂਦਾ ਹੈ, ਕਰਤੱਵ ਭਾਵ ਕਮਜ਼ੋਰ ਹੋ ਜਾਂਦਾ ਹੈ, ਤਾਂ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਅੱਜ ਸਾਨੂੰ ਨਰਮਦਾ ਸੇਵਾ ਲਈ ਨਿਕਲਣਾ ਪਿਆ। ਇਹੀ ਤਾਂ ਮਾਂ ਨਰਮਦਾ ਹੈ ਜਿਸ ਨੇ ਹਜ਼ਾਰਾਂ ਸਾਲ ਤੋਂ ਸਾਨੂੰ ਬਚਾਇਆ ਹੈ, ਸਾਨੂੰ ਜੀਵਨ ਦਿੱਤਾ ਹੈ, ਸਾਡੇ ਪੁਰਖਿਆਂ ਦੀ ਰੱਖਿਆ ਕੀਤੀ ਹੈ, ਪਰ ਅਸੀਂ ਆਪਣਾ ਅਧਿਕਾਰ ਮੰਨ ਲਿਆ, ਅਸੀਂ ਕਰਤੱਵ ਤੋਂ ਬੇਮੁੱਖ ਹੋ ਗਏ ਅਤੇ ਮਾਂ ਨਰਮਦਾ ਨੂੰ ਜਿੰਨਾ ਲੁੱਟ ਸਕਦੇ ਸੀ ਲੁੱਟਦੇ ਰਹੇ। ਆਪਣੇ ਸਵਾਰਥ ਕਾਰਨ ਆਪਣੀ ਲੋੜ ਅਨੁਸਾਰ ਮਾਂ ਨਰਮਦਾ ਦੀ ਤਾਂ ਪਰਵਾਹ ਨਹੀਂ ਕੀਤੀ, ਅਸੀਂ ਆਪਣੀ ਪਰਵਾਹ ਜ਼ਰੂਰ ਕੀਤੀ। ਮਨ ਵਿੱਚ ਉਹ ਅਧਿਕਾਰ ਭਾਵ ਸੀ ਕਿ ਮੈਂ ਮਾਂ ਨਰਮਦਾ ‘ਤੇ ਤਾਂ ਮੇਰਾ ਅਧਿਕਾਰ ਹੈ, ਮੈਂ ਉਸ ਨੂੰ ਜਿਵੇਂ ਚਾਹਾਂ ਉਸ ਤਰ੍ਹਾਂ ਉਸ ਦਾ ਉਪਭੋਗ ਕਰ ਸਕਦਾ ਹਾਂ ਅਤੇ ਉਸ ਦਾ ਹੀ ਨਤੀਜਾ ਹੋਇਆ ਕਿ ਜਿਸ ਮਾਂ ਨਰਮਦਾ ਨੇ ਸਾਨੂੰ ਬਚਾਇਆ ਸੀ, ਅੱਜ ਸਾਨੂੰ ਉਸ ਮਾਂ ਨਰਮਦਾ ਨੂੰ ਬਚਾਉਣ ਲਈ ਪਸੀਨਾ ਵਹਾਉਣ ਦੀ ਨੌਬਤ ਆਈ ਹੈ। ਜੇਕਰ ਕਰਤੱਵ ਭਾਵ ਤੋਂ ਅਸੀਂ ਬੇਮੁੱਖ ਨਾ ਹੋਏ ਹੁੰਦੇ, ਮਾਂ ਪ੍ਰਤੀ ਸਾਡੇ ਕਰਤੱਵਾਂ ਨੂੰ ਅਸੀਂ ਨਿਭਾਇਆ ਹੁੰਦਾ ਤਾਂ ਮਾਂ ਨਰਮਦਾ, ਉਸ ਨੂੰ ਬਚਾਉਣ ਦੀ ਨੌਬਤ ਮਨੁੱਖ ਦੇ ਜ਼ਿੰਮੇ ਨਹੀਂ ਆਉਂਦੀ। ਅਤੇ ਇਸ ਲਈ ਸਮਾਂ ਰਹਿੰਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਮੱਧ ਪ੍ਰਦੇਸ਼ ਦੀ ਜਨਤਾ, ਉਹ ਸੁਚੇਤ ਹੋ ਗਈ।

ਹਿੰਦੁਸਤਾਨ ਵਿੱਚ ਕਈ ਨਦੀਆਂ ਹਨ, ਨਕਸ਼ੇ ‘ਤੇ ਨਿਸ਼ਾਨ ਹਨ, ਪਾਣੀ ਦਾ ਨਾਮੋ ਨਿਸ਼ਾਨ ਨਹੀਂ। ਕਈ ਨਦੀਆਂ ਇਤਿਹਾਸ ਦੇ ਗਰਭ ਵਿੱਚ ਖਤਮ ਹੋ ਚੁੱਕੀਆਂ ਹਨ। ਸਾਡੇ ਦੇਸ਼ ਵਿੱਚ ਕੇਰਲ ਵਿੱਚ ਇੱਕ ਨਦੀ ਹੈ, ਸ਼ਾਇਦ ਇੱਕ ਹੀ ਨਦੀ ਹੈ ਜਿਸ ਦਾ ਨਾਂ ਭਾਰਤ ‘ਤੇ ਹੈ, ਭਾਰਤ ਪੂਜਾ। ਉਹ ਕੇਰਲ ਦੀ ਨਦੀ ਬਚੇਗੀ ਜਾਂ ਨਹੀਂ ਬਚੇਗੀ, ਇਹ ਚਿੰਤਾ ਦਾ ਵਿਸ਼ਾ ਹੈ। ਅਜਿਹਾ ਤਾਂ ਨਹੀਂ ਸੀ ਕਿ ਪਾਣੀ ਦੇ ਉਪਯੋਗ ਕਾਰਨ ਨਦੀ ਖਤਮ ਹੋਈ ਹੈ। ਨਦੀ ਦੀ ਰੱਖਿਆ ਲਈ ਜਿਨ੍ਹਾਂ ਤੱਤਾਂ ਨਾਲ ਉਸ ਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਜੇਕਰ ਅਸੀਂ ਨਹੀਂ ਨਿਭਾਵਾਂਗੇ ਤਾਂ ਮਾਨਵ ਜਾਤੀ ਨੂੰ ਕਿੰਨਾ ਵੱਡਾ ਨੁਕਸਾਨ ਹੋਏਗਾ।

ਅਸੀਂ ਭਲੀਭਾਂਤ ਜਾਣਦੇ ਹਾਂ ਕਿ ਮਾਂ ਨਰਮਦਾ ਬਰਫ਼ੀਲੀਆਂ ਪਹਾੜੀਆਂ ਤੋਂ ਨਹੀਂ ਆਉਂਦੀ, ਬਰਫ਼ ਦੀਆਂ ਚੱਟਾਨਾ ਤੋਂ ਪਿਘਲ ਕੇ ਨਹੀਂ ਆਉਂਦੀ ਹੈ। ਮਾਂ ਨਰਮਦਾ ਇੱਕ ਇੱਕ ਪੌਦੇ ਦੇ ਪ੍ਰਸ਼ਾਦ ਤੋਂ ਪ੍ਰਗਟ ਹੁੰਦੀ ਹੈ ਅਤੇ ਜੋ ਸਾਡੇ ਲੋਕਾਂ ਨੂੰ, ਸਾਡੇ ਜੀਵਨ ਨੂੰ ਪ੍ਰਫੁਲਿੱਤ ਕਰਦੀ ਹੈ ਅਤੇ ਇਸ ਲਈ ਮੱਧ ਪ੍ਰਦੇਸ਼ ਸਰਕਾਰ ਨੇ ਮਾਂ ਨਰਮਦਾ ਦੇ ਉੱਜਵਲ ਭਵਿੱਖ ਲਈ, ਮਾਂ ਨਰਮਦਾ ਦੀ ਗਰੰਟੀ ਲਈ, ਸਭ ਤੋਂ ਪਹਿਲਾ ਕੰਮ ਹੱਥ ਵਿੱਚ ਲਿਆ ਹੈ, ਉਹ ਹੈ ਪੌਦੇ ਲਗਾਉਣ ਦਾ, ਪੌਦਾਰੋਪਣ । ਅਸੀਂ ਜਦੋਂ ਪੌਦੇ ਲਗਾਵਾਂਗੇ ਤਾਂ ਸਾਨੂੰ ਵੀ ਅੰਦਾਜ਼ਾ ਨਹੀਂ ਹੋਏਗਾ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਕਿੰਨੀ ਵੱਡੀ ਸੇਵਾ ਕਰ ਰਹੇ ਹਾਂ। ਸਾਡੇ ਪੁਰਖਿਆਂ ਨੇ ਜੋ ਤਪ ਕੀਤਾ, ਸਾਧਨਾ ਕੀਤੀ, ਸੇਵਾ ਕੀਤੀ, ਉਸੀ ਦਾ ਪਰਿਣਾਮ ਹੈ ਕਿ ਅੱਜ ਅਸੀਂ ਨਰਮਦਾ ਮਾਂ ਦਾ ਲਾਭ ਲੈ ਰਹੇ ਹਾਂ। ਅੱਜ ਅਸੀਂ ਜੋ ਪੁਰਸਾਰਥ ਕਰਾਂਗੇ, ਆਉਣ ਵਾਲੀਆਂ ਅਨੇਕ ਪੀੜ੍ਹੀਆਂ ਸਾਨੂੰ ਯਾਦ ਕਰਨਗੀਆਂ ਕਿ ਕੋਈ ਇੱਕ ਸਮਾਂ ਸੀ, ਜਦੋਂ ਮਾਂ ਨਰਮਦਾ ਨੂੰ ਬਚਾਉਣ ਲਈ ਪੌਦਿਆਂ ਦੀ ਮਦਦ ਲੈ ਕੇ ਫਿਰ ਇੱਕ ਵਾਰ ਮਾਂ ਨਰਮਦਾ ਨੂੰ ਪੁਨਰਜੀਵਨ ਦਿੱਤਾ ਗਿਆ ਸੀ।

ਲਗਭਗ ਡੇਢ ਸੌ ਦਿਨ ਯਾਤਰਾ ਇਹ ਅਸੰਭਵ ਕਾਰਜ ਹੈ, ਪਰ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਜਿੱਥੇ ਕਿਧਰੇ ਸਰਕਾਰ ਜੁੜ ਜਾਏ, ਜਿੱਥੇ ਕਿਧਰੇ ਰਾਜਨੇਤਾ ਜੁੜ ਜਾਣ, ਤਾਂ ਉਸ ਵੱਡੇ ਕਾਰਜ ਨੂੰ ਖੰਡਿਤ ਕਰਨ ਦੀ ਹੀ ਕੋਸ਼ਿਸ਼ ਹੁੰਦੀ ਹੈ ਨਹੀਂ ਤਾਂ ਇਹ ਅਜਿਹੀ ਘਟਨਾ ਹੈ, ਮੈਂ ਮੱਧ ਪ੍ਰਦੇਸ਼ ਦੀ ਜਨਤਾ ਨੂੰ ਨਰਮਦਾ ਯਾਤਰਾ ਨਾਲ ਜੁੜੇ ਹੋਏ, ਇਸ ਸੇਵਾ ਯਾਤਰਾ ਨਾਲ ਜੁੜੇ ਹੋਏ, ਟੀਚਾਵਾਦੀ ਲੋਕਾਂ ਨੂੰ, ਨਰਮਦਾ ਤੱਟ ‘ਤੇ ਵਸੇ ਹੋਏ ਹਰ ਨਾਗਰਿਕ ਨੂੰ ਦਿਲ ਤੋਂ ਵਧਾਈ ਦਿੰਦਾ ਹਾਂ। ਇਹ ਅਜਿਹੀ ਘਟਨਾ ਹੈ ਕਿ ਦੁਨੀਆ ਦੇ ਕਿਸੇ ਦੇਸ਼ ਵਿੱਚ ਨਦੀ ਦੀ ਰੱਖਿਆ ਲਈ ਡੇਢ ਸੌ ਦਿਨ ਤੱਕ ਇੰਨੀ ਤਪੱਸਿਆ ਕੀਤੀ ਗਈ ਹੋਏਗੀ ਤਾਂ ਪੂਰੇ ਵਿਸ਼ਵ ਵਿੱਚ ਉਸ ਦੀ ਚਰਚਾ ਹੋਈ ਹੁੰਦੀ, ਪੂਰੇ ਵਿਸ਼ਵ ਵਿੱਚ ਉਸ ਦਾ ਜੈਕਾਰਾ ਬੋਲਿਆ ਗਿਆ ਹੁੰਦਾ, ਦੁਨੀਆ ਦੇ ਵੱਡੇ ਵੱਡੇ ਟੀਵੀ ਚੈਨਲ ਇਸ ਘਟਨਾ ਨੂੰ ਅੰਕਿਤ ਕਰਨ ਲਈ ਦੌੜ ਪੈਂਦੇ, ਪਰ ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਇਨ੍ਹਾਂ ਉਪਰਾਲਿਆਂ ਨੂੰ ਵਿਸ਼ਵ ਸ਼ਕਤੀ ਕੀ ਹੈ, ਨਾ ਉਸ ਨੂੰ ਜਾਣ ਸਕਦੇ ਹਾਂ , ਨਾ ਸਮਝ ਸਕਦੇ ਹਾਂ, ਅਤੇ ਮੌਕੇ ਗਵਾ ਦਿੰਦੇ ਹਾਂ।

ਅੱਜ ਕਿਧਰੇ ਇੱਕ Solar park ਲੱਗ ਜਾਏ ਤਾਂ ਵੀ ਦੁਨੀਆ ਵਿੱਚ ਚਰਚਾ ਹੁੰਦੀ ਹੈ ਕਿ ਉਸ ਦੇਸ਼ ਦੇ ਉਸ ਇਲਾਕੇ ਵਿੱਚ Solar park ਲੱਗਿਆ ਹੈ। ਮਾਨਵਤਾ ਦੀ ਰਾਖੀ ਦੇ ਲਈ ਇਹ ਨਦੀ ਬਚਾਉਣ ਦਾ ਇੰਨਾ ਵੱਡਾ ਕੰਮ ਹੋਇਆ ਹੈ, ਵਾਤਾਵਰਣ ਦੀ ਰੱਖਿਆ ਦਾ ਇੰਨਾ ਵੱਡਾ ਕੰਮ ਹੋਇਆ ਹੈ, 25 ਲੱਖ ਤੋਂ ਜ਼ਿਆਦਾ ਲੋਕਾਂ ਨੇ ਸੰਕਲਪ ਲਏ ਹਨ, ਕੋਟਿ ਕੋਟਿ ਜਨ ਉਸ ਨਾਲ ਜੁੜੇ ਹਨ, ਸਰੀਰ ਨੂੰ ਕਸ਼ਟ ਦਿੱਤਾ ਹੈ, ਕਠਿਨਾਈਆਂ ਤੋਂ ਦਿਨ ਗੁਜ਼ਾਰੇ ਹਨ, ਖੁਦ ਮਿਹਨਤ ਕਰਕੇ, ਪੈਦਲ ਚੱਲਕੇ, ਮਾਂ ਪ੍ਰਿਥਵੀ ਦੀ ਰਾਖੀ ਲਈ, ਨਦੀ ਦੀ ਰਾਖੀ ਲਈ, ਵਾਤਾਵਰਣ ਦੀ ਰਾਖੀ ਲਈ, ਮਾਨਵਤਾ ਦੀ ਰਾਖੀ ਲਈ, ਇੰਨਾ ਵੱਡਾ ਅਹਿਮ ਕਦਮ ਉਠਾਇਆ ਹੈ। ਅਤੇ ਇਸ ਦੀ ਅਗਵਾਈ ਕਰਨ ਲਈ ਮੈਂ ਸ਼ਿਵਰਾਜ ਜੀ ਨੂੰ, ਉਨ੍ਹਾਂ ਦੀ ਪੂਰੀ ਟੀਮ ਨੂੰ ਅਤੇ ਮੱਧ ਪ੍ਰਦੇਸ਼ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ।

ਮੇਰਾ ਜਨਮ ਗੁਜਰਾਤ ਵਿੱਚ ਹੋਇਆ। ਨਰਮਦਾ ਦੀ ਇੱਕ ਇੱਕ ਬੂੰਦ ਪਾਣੀ ਦੀ ਕੀਮਤ ਕੀ ਹੈ, ਉਹ ਗੁਜਰਾਤ ਦੇ ਲੋਕ ਭਲੀਭਾਂਤ ਜਾਣਦੇ ਹਨ ਅਤੇ ਅੱਜ ਜਦੋਂ ਤੁਸੀਂ ਨਰਮਦਾ ਦੇ ਭਵਿੱਖ ਲਈ ਇੰਨਾ ਵੱਡਾ ਅਭਿਆਨ ਉਠਾਇਆ ਹੈ, ਤਾਂ ਮੈਂ ਗੁਜਰਾਤ ਦੇ ਪਿੰਡਾਂ, ਕਿਸਾਨਾਂ ਦੀ ਤਰਫ਼ ਤੋਂ, ਉੱਥੋਂ ਦੇ ਨਾਗਰਿਕਾਂ ਦੀ ਤਰਫ਼ ਤੋਂ, ਰਾਜਸਥਾਨ ਦੇ ਪਿੰਡਾਂ ਦੀ ਤਰਫ਼ ਤੋਂ, ਕਿਸਾਨਾਂ ਦੀ ਤਰਫ਼ ਤੋਂ, ਉੱਥੋਂ ਦੇ ਨਾਗਰਿਕਾਂ ਦੀ ਤਰਫ਼ ਤੋਂ, ਮਹਾਰਾਸ਼ਟਰ ਦੇ ਪਿੰਡਾਂ ਦੀ ਤਰਫ਼ ਤੋਂ, ਮਹਾਰਾਸ਼ਟਰ ਦੇ ਕਿਸਾਨਾਂ ਦੀ ਤਰਫ਼ ਤੋਂ, ਮਹਾਰਾਸ਼ਟਰ ਦੇ ਨਾਗਰਿਕਾਂ ਦੀ ਤਰਫ਼ ਤੋਂ, ਮੱਧ ਪ੍ਰਦੇਸ਼ ਦੀ ਜਨਤਾ ਦਾ, ਮੱਧ ਪ੍ਰਦੇਸ਼ ਦੀ ਸਰਕਾਰ ਦਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਅਨੇਕ ਅਨੇਕ ਅਭਿਨੰਦਨ ਕਰਦਾ ਹਾਂ, ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਇਨ੍ਹਾਂ ਦਿਨਾਂ ਵਿੱਚ ਦੇਸ਼ ਵਿੱਚ ਸਵੱਛਤਾ ਅਭਿਆਨ, ਉਸ ਨੂੰ ਹੁਣ ਇੱਕ ਢਾਂਚਾਗਤ ਵਿਵਸਥਾ ਮਿਲੀ ਹੈ। ਲਗਾਤਾਰ Third party ਰਾਹੀਂ, ਹਿੰਦੁਸਤਾਨ ਵਿੱਚ Evaluation ਹੋ ਰਿਹਾ ਹੈ। ਕਿਸ ਰਾਜ ਵਿੱਚ ਸਵੱਛਤਾ ਦਾ ਕੀ ਚੱਲ ਰਿਹਾ ਹੈ, ਕਿਹੜਾ ਸ਼ਹਿਰ ਸਵੱਛ ਹੈ। ਜਨ ਸ਼ਮੂਲੀਅਤ, ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਅਤੇ ਜੇਕਰ ਅਸੀਂ ਜਨ ਸਮਰੱਥਾ, ਜਨ ਸ਼ਕਤੀ, ਜਨ ਸ਼ਮੂਲੀਅਤ, ਇਸ ਨੂੰ ਅਣਡਿੱਠ ਕਰਾਂਗੇ ਤਾਂ ਸਰਕਾਰਾਂ ਕੁਝ ਵੀ ਕਰਨ ਵਿੱਚ ਯੋਗ ਨਹੀਂ ਹੁੰਦੀਆਂ ਹਨ। ਕਿੰਨੇ ਹੀ ਚੰਗੇ ਵਿਚਾਰ ਕਿਉਂ ਨਾ ਹੋਣ, ਕਿੰਨੀ ਹੀ ਚੰਗੀ ਅਗਵਾਈ ਕਿਉਂ ਨਾ ਹੋਵੇ, ਕਿੰਨੀ ਹੀ ਚੰਗੀ ਵਿਵਸਥਾ ਕਿਉਂ ਨਾ ਹੋਵੇ, ਪਰ ਜਨ ਸਮਰਥਨ ਤੋਂ ਬਿਨਾਂ ਕਦੇ ਵੀ ਕੋਈ ਚੀਜ਼ ਸਫ਼ਲ ਨਹੀਂ ਹੁੰਦੀ ਹੈ ਅਤੇ ਜਨ ਸਮਰਥਨ ਤੋਂ ਕਿਵੇਂ ਸਫ਼ਲ ਹੁੰਦੀ ਹੈ, ਇਸ ਦਾ ਉੱਤਮ ਉਦਾਹਰਨ ਮੱਧ ਪ੍ਰਦੇਸ਼ ਨੇ ਪੇਸ਼ ਕੀਤਾ ਹੈ।

ਪਿਛਲੀ ਵਾਰ ਜਦੋਂ ਸਰਵੇਖਣ ਹੋਇਆ ਤਾਂ ਸਵੱਛਤਾ ਦੀ ਦਿਸ਼ਾ ਵਿੱਚ ਮੱਧ ਪ੍ਰਦੇਸ਼ ਦਾ ਨਾਂ ਬਦਨਾਮੀ ਦੀ ਸੀਮਾ ਵਿੱਚ ਆ ਗਿਆ ਸੀ, ਪਰ ਮੱਧ ਪ੍ਰਦੇਸ਼ ਨੇ ਮਨ ਵਿੱਚ ਠਾਣ ਲਿਆ, ਇਹ ਕਲੰਕ ਮਿਟਾਉਣ ਦਾ ਸੰਕਲਪ ਲਿਆ, ਜਨ ਜਾਗਰਣ ਕੀਤਾ, ਜਨ ਸ਼ਮੂਲੀਅਤ ਵਧਾਈ, ਜਨ ਜਨ ਨੂੰ ਜੋੜਿਆ ਅਤੇ ਅੱਜ ਮੈਂ ਮੱਧ ਪ੍ਰਦੇਸ਼ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਦੇਸ਼ ਵਿੱਚ ਜੋ hundred city ਸਫ਼ਾਈ ਲਈ ਚੁਣੇ ਗਏ, ਉਨ੍ਹਾਂ 100 ਵਿੱਚ 22 ਮੱਧ ਪ੍ਰਦੇਸ਼ ਦੇ ਹਨ। ਇਹ ਬਹੁਤ ਵੱਡੀ ਸਿੱਧੀ ਹੈ। ਹਿੰਦੁਸਤਾਨ ਤੇ ਹੋਰ ਰਾਜਾਂ ਨੂੰ ਵੀ ਪ੍ਰੇਰਨਾ ਦੇਣ ਵਾਲਾ ਕੰਮ, ਸਵੱਛਤਾ ਦੀ ਦਿਸ਼ਾ ਵਿੱਚ ਮੱਧ ਪ੍ਰਦੇਸ਼ ਨੇ ਜਨ ਸ਼ਮੂਲੀਅਤ ਤੋਂ ਕਰਕੇ ਦਿਖਾਇਆ। ਇੰਦੌਰ ਅਤੇ ਭੁਪਾਲ ਹਿੰਦੁਸਤਾਨ ਦੇ Top ‘ਤੇ ਪਹਿਲੇ ਅਤੇ ਦੂਜੇ ਨੰਬਰ ‘ਤੇ ਆਏ।

100 ਵਿੱਚੋਂ 22 ਸ਼ਹਿਰ ਸਵੱਛਤਾ ਦੇ ਅੰਦਰ ਪਹਿਲੀ ਕਤਾਰ ਵਿੱਚ ਆ ਜਾਣ, ਇਸ ਦਾ ਮਤਲਬ ਇਹ ਹੋਇਆ ਕਿ ਪੂਰੇ ਰਾਜ ਵਿੱਚ ਪ੍ਰਸ਼ਾਸਨ ਨੇ, ਸ਼ਾਸਨ ਨੇ, ਜਨਤਾ ਜਨਾਰਥਨ ਨੇ ਇਸ ਨੂੰ ਆਪਣਾ ਕੰਮ ਮੰਨਿਆ ਅਤੇ ਉਸੀ ਦਾ ਪਰਿਣਾਮ ਹੋਇਆ ਹੈ ਇਹ ਨਰਮਦਾ ਯੋਜਨਾ ਸੇਵਾ ਯਾਤਰਾ ਦੀ ਸਫਲਤਾ। ਇਹ ਸਫਲਤਾ ਵੀ ਸਰਕਾਰ ਦੀ ਤਾਕਤ ਦੇ ਭਰੋਸੇ ਨਹੀਂ ਹੋਈ ਹੈ, ਇਹ ਜਨਤਾ ਜਨਾਰਧਨ ਦੀ ਤਾਕਤ ਦੇ ਭਰੋਸੇ ਹੋਇਆ ਹੈ ਅਤੇ ਜਨਤਾ ਦੀ ਤਾਕਤ ਜਦੋਂ ਜੁੜਦੀ ਹੈ ਤਾਂ ਕਿੰਨੇ ਵੱਡੇ ਪਰਿਣਾਮ ਆਉਂਦੇ ਹਨ, ਸ਼ਿਵਰਾਜ ਜੀ ਨੇ 6 ਕਰੋੜ ਦਾ ਟੀਚਾ ਰੱਖਿਆ ਹੈ, 2 ਜੁਲਾਈ ਨੂੰ ਪੌਦੇ ਲਗਾਉਣ ਦਾ ਅਤੇ ਉਹ ਇਨ੍ਹਾਂ 6 ਕਰੋੜ ਪੌਦਿਆਂ ਦੀ ਵਿਵਸਥਾ ਲਈ ਵੀ ਪਿਛਲੇ ਡੇਢ ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਨ, ਇਹ ਅਚਾਨਕ ਨਹੀਂ ਹੋ ਰਿਹਾ ਹੈ। ਉਸ ਲਈ ਨਰਸਰੀ ਦੇ ਅੰਦਰ ਸਾਰੀਆਂ ਵਿਵਸਥਾਵਾਂ ਕੀਤੀਆਂ ਜਾਂਦੀਆਂ ਹਨ ਤਾਂ ਜਾ ਕੇ ਹੁੰਦਾ ਹੈ। ਪਰ ਅਸੀਂ ਜਿਵੇਂ ਪਰਿਵਾਰ ਵਿੱਚ ਇੱਕ ਸੰਤਾਨ ਦੀ ਦੇਖਭਾਲ ਕਰਦੇ ਹਾਂ, ਉਵੇਂ ਹੀ ਇਨ੍ਹਾਂ ਨਵੇਂ ਅਸੀਂ ਲਾਉਣ ਵਾਲੇ ਪੌਦਿਆਂ ਦੀ ਦੇਖਭਾਲ ਕਰਾਂਗੇ, ਚਿੰਤਾ ਕਰਾਂਗੇ, ਤਾਂ ਜਾ ਕੇ ਉਹ ਰੁੱਖ ਤਿਆਰ ਹੋਏਗਾ।

ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਜਾਂਦਾ ਹੈ ਜੋ ਇੱਕ ਸਾਲ ਦਾ ਸੋਚਦਾ ਹੈ ਉਹ ਅਨਾਜ ਬੀਜਦਾ ਹੈ, ਪਰ ਜੋ ਅੱਗੇ ਦਾ ਭਵਿੱਖ ਸੋਚਦਾ ਹੈ, ਉਹ ਫਲਦਾਰ ਪੌਦੇ ਬੀਜਦਾ ਹੈ। ਉਹ ਫਲਦਾਰ ਪੌਦੇ ਲਾਉਣ ਦਾ ਕੰਮ, ਇਹ ਆਉਣ ਵਾਲੇ ਦਿਨਾਂ ਵਿੱਚ ਅਨੇਕ ਪਰਿਵਾਰਾਂ ਦਾ ਇੱਕ ਆਰਥਿਕ ਗਰੰਟੀ ਦਾ ਵੀ ਕਾਰਨ ਬਣਨ ਵਾਲਾ ਹੈ। ਮੈਨੂੰ ਵਿਸ਼ਵਾਸ ਹੈ ਕਿ ਮੱਧ ਪ੍ਰਦੇਸ਼ ਸਰਕਾਰ ਨੇ ਜੋ ਬੀੜਾ ਉਠਾਇਆ ਹੈ ਅਤੇ ਜੋ ਉਨ੍ਹਾਂ ਨੇ ਕਾਰਜ ਯੋਜਨਾ ਬਣਾਈ ਹੈ, ਉਸ ਕਾਰਜ ਯੋਜਨਾ ਦੀ ਕਿਤਾਬ ਮੈਨੂੰ ਉਨ੍ਹਾਂ ਨੇ ਪਹਿਲਾਂ ਪਹੁੰਚਾਈ ਸੀ, ਮੈਂ ਉਸ ਦਾ ਅਧਿਐਨ ਕੀਤਾ, ਹਰ ਕਿਸੇ ਲਈ ਉਸ ਵਿੱਚ ਕੰਮ ਹੈ, ਹਰ ਥਾਂ ਲਈ ਕੰਮ ਹੈ, ਕਦੋਂ ਕਰਨਾ, ਕਿਵੇਂ ਕਰਨਾ, ਉਸਦਾ ਵਿਧੀ ਵਿਧਾਨ ਹੈ, ਕਿਹੜਾ ਕਿਸ ਕੰਮ ਨੂੰ ਦੇਖੇਗਾ ਇਸ ਦਾ ਪੂਰਾ ਖਾਕਾ ਹੈ। ਇੱਕ ਪ੍ਰਕਾਰ ਨਾਲ perfect document ਹੈ future vision ਦਾ। ਮੈਂ ਦੇਸ਼ ਦੇ ਦੂਜੇ ਰਾਜਾਂ ਨੂੰ ਵੀ ਬੇਨਤੀ ਕਰਾਂਗਾ ਅਤੇ ਸ਼ਿਵਰਾਜ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਹਿੰਦੁਸਤਾਨ ਦੇ ਸਾਰੇ ਰਾਜਾਂ ਨੂੰ ਇੱਕ ਕਿਤਾਬ ਭੇਜਣ ਅਤੇ ਕੁਦਰਤੀ ਸਰੋਤਾਂ ਦੀ ਰਾਖੀ ਦਾ ਤਰੀਕਾ ਕੀ ਹੁੰਦਾ ਹੈ, ਮੱਧ ਪ੍ਰਦੇਸ਼ ਨੂੰ ਇੱਕ ਨਮੂਨੇ ਦੇ ਰੂਪ ਵਿੱਚ, ਇੱਕ ਉਦਾਹਰਨ ਦੇ ਤੌਰ ‘ਤੇ, ਉਸ ਨੂੰ ਲੈ ਕੇ ਸਾਰੇ ਆਪਣੀ ਆਪਣੀ ਯੋਜਨਾ ਬਣਾਉਣ।

ਜਲ ਹੀ ਜੀਵਨ ਹੈ, ਇਹ ਤਾਂ ਅਸੀਂ ਕਹਿੰਦੇ ਹਾਂ, ਨਦੀ ਮਾਤਾ, ਇਹ ਅਸੀਂ ਕਹਿੰਦੇ ਹਾਂ, ਪਰ ਸਾਡੀ ਪੂਰੀ ਅਰਥਵਿਵਸਥਾ ਉਸੀ ‘ਤੇ ਅਧਾਰਿਤ ਹੈ। ਉਸ ਦੇ ਬਿਨਾਂ ਅਰਥਵਿਵਸਥਾ ਖੋਖਲੀ ਹੋ ਜਾਂਦੀ ਹੈ। ਜੇਕਰ ਅੱਜ ਮੱਧ ਪ੍ਰਦੇਸ਼ ਵਿੱਚ ਕ੍ਰਿਸ਼ੀ ਵਿਕਾਸ 20 ਫੀਸਦੀ ਪਹੁੰਚਿਆ ਹੈ ਤਾਂ ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਮਾਤਾ ਨਰਮਦਾ ਦਾ ਹੈ। ਇਹ ਤਾਕਤ ਹੈ, ਕਿਸਾਨ ਦੀ ਜ਼ਿੰਦਗੀ ਬਦਲਣ ਦੀ ਤਾਕਤ, ਇਹ ਮਾਤਾ ਨਰਮਦਾ ਵਿੱਚ ਹੈ।

2022 ਤੱਕ ਹਿੰਦੁਸਤਾਨ ਦੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਲੈ ਕੇ ਪੂਰੇ ਦੇਸ਼ ਵਿੱਚ ਕੰਮ ਚੱਲ ਰਿਹਾ ਹੈ, ਮੱਧ ਪ੍ਰਦੇਸ਼ ਨੇ ਉਸ ਦੀ ਪੂਰੀ ਯੋਜਨਾ ਤਿਆਰ ਕਰ ਦਿੱਤੀ ਹੈ ਅਤੇ ਉਸ ਦਾ ਲਾਭ ਕਿਸਾਨਾਂ ਦੇ ਸਹਿਯੋਗ ਨਾਲ ਹਿੰਦੁਸਤਾਨ ਦੇ ਹਰ ਪਿੰਡ ਨੂੰ ਮਿਲੇਗਾ, ਇਹ ਮੇਰਾ ਵਿਸ਼ਵਾਸ ਹੈ।

ਭਾਈਓ, ਭੈਣੋਂ! 2022, ਆਜ਼ਾਦੀ ਦੇ 75 ਸਾਲ ਹੋ ਰਹੇ ਹਨ। ਕੀ ਹਿੰਦੁਸਤਾਨ ਦੇ ਸਵਾ ਸੌ ਕਰੋੜ ਦੇਸ਼ਵਾਸੀ ਹਰ ਪਲ 2022 ਨੂੰ ਯਾਦ ਨਹੀਂ ਕਰ ਸਕਦੇ ਹਨ? ਹਰ ਪਲ ਆਜ਼ਾਦੀ ਦੇ 75 ਸਾਲ ਨੂੰ ਯਾਦ ਨਹੀਂ ਕਰ ਸਕਦੇ ਹਨ? ਜਿਨ੍ਹਾਂ ਮਹਾਪੁਰਖਾਂ ਨੇ ਦੇਸ਼ ਲਈ ਬਲੀਦਾਨ ਦਿੱਤਾ, ਜੀਵਨ ਲਗਾ ਦਿੱਤਾ, ਜਵਾਨੀ ਜੇਲ੍ਹਾਂ ਵਿੱਚ ਖਪਾ ਦਿੱਤੀ, ਕੁਝ ਫਾਂਸੀ ਦੇ ਤਖਤੇ ‘ਤੇ ਚੜ੍ਹ ਗਏ, ਜਿਨ੍ਹਾਂ ਨੇ ਆਪਣੇ ਜੀਵਨ ਦੇ ਪਰਿਵਾਰ ਦੇ ਪਰਿਵਾਰ ਤਬਾਹ ਕਰ ਦਿੱਤੇ, ਮਾਂ ਭਾਰਤੀ ਦੀ ਆਜ਼ਾਦੀ ਲਈ ਕੀ ਉਨ੍ਹਾਂ ਦੇ ਸੁਪਨਿਆਂ ਨੂੰ ਯਾਦ ਕਰਦੇ ਹੋਏ ਅਸੀਂ ਸੰਕਲਪ ਨਹੀਂ ਕਰ ਸਕਦੇ ਕਿ 2022 ਤੱਕ, ਵਿਅਕਤੀ ਦੇ ਨਾਤੇ ਮੈਂ ਦੇਸ਼ ਲਈ ਇੰਨਾ ਕਰਾਂਗਾ, ਪਰਿਵਾਰ ਦੇ ਨਾਤੇ ਇੰਨਾ ਕਰਾਂਗਾ, ਸਮਾਜ ਦੇ ਨਾਤੇ ਇੰਨਾ ਕਰਾਂਗਾ। ਅਸੀਂ ਪਿੰਡ ਦੇ ਲੋਕ ਮਿਲਕੇ ਇਹ ਕਰਾਂਗੇ, ਅਸੀਂ ਨਗਰ ਦੇ ਲੋਕ ਮਿਲ ਕੇ ਇਹ ਕਰਾਂਗੇ, ਅਸੀਂ ਸੰਸਥਾ ਦੇ ਨਾਤੇ ਇਹ ਕੰਮ ਕਰਾਂਗੇ, ਅਸੀਂ ਸਮਾਜ ਦੇ ਨਾਤੇ ਇਹ ਕੰਮ ਕਰਾਂਗੇ, ਅਸੀਂ ਰਾਜ ਦੇ ਨਾਤੇ, ਦੇਸ਼ ਦੇ ਨਾਤੇ ਇਹ ਸੰਕਲਪ ਕਰਾਂਗੇ।

2022, ‘ਨਵਾਂ ਭਾਰਤ’ ਬਣਾਉਣ ਦਾ ਸੁਪਨਾ ਲੈ ਕੇ ਚੱਲਣਾ ਹੈ। ਹਰ ਹਿੰਦੁਸਤਾਨੀ ਨੂੰ ਜੋੜਨਾ ਹੈ। ਆਜ਼ਾਦੀ ਦੇ ਅੰਦੋਲਨ ਵਿੱਚ ਜਿਵੇਂ ਦੇਸ਼ ਜੁੜ ਗਿਆ ਸੀ, ਦੇਸ਼ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਣ ਲਈ, ‘ਨਵਾਂ ਭਾਰਤ’ ਬਣਾਉਣ ਲਈ ਹਰ ਦੇਸ਼ਵਾਸੀ ਨੂੰ ਜੋੜਨਾ ਹੈ। ਅਤੇ ਇਸ ਲਈ ਮੈਂ ਬੇਨਤੀ ਕਰਾਂਗਾ, ਦੇਸ਼ਵਾਸੀਆਂ ਨੂੰ ਬੇਨਤੀ ਕਰਾਂਗਾ, ਮੈਂ ਮੱਧ ਪ੍ਰਦੇਸ਼ ਦੇ ਸਾਰੇ ਸੰਗਠਨਾਂ ਨੂੰ ਬੇਨਤੀ ਕਰਾਂਗਾ, ਤੁਸੀਂ ਵੀ ਮਿਲ ਬੈਠ ਕੇ ਤੈਅ ਕਰੋ ਕਿ 2022 ਤੱਕ ਦੇਸ਼ ਲਈ ਤੁਹਾਡੀ ਸੰਸਥਾ, ਤੁਹਾਡਾ ਪਰਿਵਾਰ, ਤੁਹਾਡਾ ਸਮਾਜ, ਤੁਹਾਡਾ ਸੰਗਠਨ, ਤੁਹਾਡਾ ਦਲ ਕੀ ਕਰੇਗਾ, ਤੁਸੀਂ ਲੋਕ ਤੈਅ ਕਰੋ। ਇੱਕ ਵਾਰ ਦੇਸ਼ ਵਿੱਚ ਮਾਹੌਲ ਬਣੇ, ਅਜੇ ਸਾਡੇ ਪੰਜ ਸਾਲ ਹਨ। ਪੰਜ ਸਾਲ ਵਿੱਚ ਅਸੀਂ ਦੇਸ਼ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਜੇਕਰ ਸਵਾ ਸੌ ਕਰੋੜ ਦੇਸ਼ਵਾਸੀ ਇੱਕ ਕਦਮ ਦੇਸ਼ ਲਈ ਅੱਗੇ ਚੱਲ ਪੈਣਗੇ ਤਾਂ ਦੇਸ਼ ਪੰਜ ਸਾਲ ਦੇ ਅੰਦਰ ਅੰਦਰ ਸਵਾ ਸੌ ਕਰੋੜ ਕਦਮ ਅੱਗੇ ਨਿਕਲ ਜਾਏਗਾ ਅਤੇ ਇਸ ਲਈ ਅਸੀਂ ਇਸ ਸੰਕਲਪ ਨੂੰ ਲੈ ਕੇ ਚੱਲੀਏ।

ਮੈਂ ਅੱਜ ਪੂਜਨੀਕ ਅਵਧੇਸ਼ਾਨੰਦ ਜੀ ਦਾ ਵਿਸ਼ੇਸ਼ ਆਭਾਰੀ ਹਾਂ, ਜੋ ਆਸ਼ੀਰਵਚਨ ਉਨ੍ਹਾਂ ਨੇ ਮੇਰੇ ਲਈ ਕਹੇ ਹਨ, ਜੋ ਭਾਵ ਉਨ੍ਹਾਂ ਨੇ ਪ੍ਰਗਟ ਕੀਤੇ ਹਨ, ਮੈਂ ਈਸ਼ਵਰ ਤੋਂ ਇਹੀ ਪ੍ਰਾਰਥਨਾ ਕਰਾਂਗਾ ਕਿ ਸਾਡੇ ਸਾਰਿਆਂ ਵਿੱਚ ਉਹ ਸਮਰੱਥਾ ਆਏ, ਉਹ ਚੰਗਿਆਈਆਂ ਆਉਣ, ਉਹ ਸਮਰਪਣ ਦਾ ਭਾਵ ਆਏ ਤਾਂ ਕਿ ਦੇਸ਼ ਦੀ ਸਹੀ ਸੇਵਾ ਕਰਨ ਲਈ ਅਸੀਂ ਆਪਣੇ ਆਪ ਨੂੰ ਯੋਗ ਪਾਈਏ, ਯੋਗ ਬਣ ਸਕੀਏ। ਮੈਂ ਉਨ੍ਹਾਂ ਦੇ ਆਸ਼ੀਰਵਾਦ ਵਚਨ ਲਈ ਦਿਲ ਤੋਂ ਬਹੁਤ ਬਹੁਤ ਆਭਾਰ ਪ੍ਰਗਟ ਕਰਦਾ ਹਾਂ ਅਤੇ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ।

ਮੈ ਤੁਹਾਨੂੰ ਸਾਰਿਆਂ ਨੂੰ ਵੀ ਦਿਲ ਤੋਂ ਵਧਾਈ ਦਿੰਦਾ ਹਾਂ, ਅਤੇ ਜਿਵੇਂ ਸ਼ਿਵਰਾਜ ਜੀ ਨੇ ਕਿਹਾ, ਯਾਤਰਾ ਦਾ ਇੱਥੇ ਵਿਰਾਮ ਹੈ, ਪਰ ਹੁਣ ਯਾਤਰਾ ਵਿੱਚ ਜੋ ਵੀ ਸੋਚਿਆ, ਜੋ ਵੀ ਦੇਖਿਆ, ਜੋ ਵੀ ਕੀਤਾ, ਇਸ ਨੂੰ ਚਰਿਤਾਰਥ ਕਰਨ ਦਾ ਯੱਗ ਸ਼ੁਰੂ ਹੋ ਰਿਹਾ ਹੈ। ਇਹ ਸੇਵਾ ਦਾ ਯੱਗ ਸ਼ੁਰੂ ਹੋ ਰਿਹਾ ਹੈ। ਯਾਤਰਾ ਸਮਾਪਤ ਹੋਈ, ਯੱਗ ਆਰੰਭ ਹੋਇਆ। ਯੱਗ ਵਿੱਚ ਆਹੁਤੀ ਦੇਣੀ ਪੈਂਦੀ ਹੈ, ਸਮਾਂ ਦੇਣਾ ਪੈਂਦਾ ਹੈ, ਆਪਣੀ ਸਾਰੀਆਂ ਇੱਛਾਵਾਂ-ਉਮੀਦਾਂ ਨੂੰ ਸਮਾਜ ਲਈ ਕੁਰਬਾਨ ਕਰਨਾ ਪੈਂਦਾ ਹੈ। ਮੈਨੂੰ ਵਿਸ਼ਵਾਸ ਹੈ ਇਹ ਨਰਮਦਾ ਦੇ ਉੱਜਵਲ ਭਵਿੱਖ ਦਾ ਯੱਗ ਤੁਹਾਡੇ ਸਭ ਦੇ ਸਫਲ ਯਤਨਾਂ ਨਾਲ ਅਤੇ ਜ਼ਰੂਰੀ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕਰੇਗਾ। ਇਸੇ ਇੱਕ ਭਾਵਨਾ ਨਾਲ ਤੁਸੀਂ ਸਾਰੇ ਮੇਰੇ ਨਾਲ ਬੋਲੋਗੇ- ਦੋਨੋਂ ਮੁੱਠੀਆਂ ਬੰਦ ਕਰਕੇ, ਹੱਥ ਉੱਪਰ ਕਰਕੇ ਬੋਲਾਂਗੇ-ਮੈਂ ਕਹਾਂਗਾ ਨਰਮਦੇ, ਤੁਸੀਂ ਕਹੋਗੇ ਸਰਵਦੇ।

ਨਰਮਦੇ-ਸਰਵਦੇ

ਆਵਾਜ਼ ਮਾਂ ਨਰਮਦਾ ਦੇ ਉਸ ਕਿਨਾਰੇ ਤੱਕ ਪਹੁੰਚਣੀ ਚਾਹੀਦੀ ਹੈ, ਖੰਬਾਤ ਦੀ ਖਾੜੀ ਤੱਕ।

ਨਰਮਦੇ-ਸਰਵਦੇ

ਨਰਮਦੇ-ਸਰਵਦੇ

ਬਹੁਤ ਬਹੁਤ ਧੰਨਵਾਦ।

***

अतुल तिवारी/अमित कुमार/निर्मल शर्मा