Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਚੰਪਾਰਨ ਸੱਤਿਆਗ੍ਰਹਿ ਦੇ 100 ਵਰ੍ਹੇ ਪੂਰੇ ਹੋਣ ਮੌਕੇ ‘ਇੰਟਰਐਕਟਿਵ ਡਿਜੀਟਲ ਐਗਜ਼ੀਬਿਸ਼ਨ’ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਚੰਪਾਰਨ ਸੱਤਿਆਗ੍ਰਹਿ ਦੇ 100 ਵਰ੍ਹੇ ਪੂਰੇ ਹੋਣ ਮੌਕੇ ‘ਇੰਟਰਐਕਟਿਵ ਡਿਜੀਟਲ ਐਗਜ਼ੀਬਿਸ਼ਨ’ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਚੰਪਾਰਨ ਸੱਤਿਆਗ੍ਰਹਿ ਦੇ 100 ਵਰ੍ਹੇ ਪੂਰੇ ਹੋਣ ਮੌਕੇ ‘ਇੰਟਰਐਕਟਿਵ ਡਿਜੀਟਲ ਐਗਜ਼ੀਬਿਸ਼ਨ’ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ


 

ਅੱਜ ਅਸੀਂ 20ਵੀਂ ਸਦੀ ਦੇ ਇੱਕ ਮਹਾਨ ਘਟਨਾਕ੍ਰਮ ਨਾਲ ਸਬੰਧਤ ਸਮਾਰੋਹ ਦਾ ਸ਼ੁਭ-ਅਰੰਭ ਕਰਨ ਲਈ ਇਕੱਠੇ ਹੋਏ ਹਾਂ। 100 ਸਾਲ ਪਹਿਲਾਂ ਅੱਜ ਦਾ ਹੀ ਦਿਨ ਸੀ, ਜਦੋਂ ਗਾਂਧੀ ਜੀ ਪਟਨਾ ਪੁੱਜੇ ਸਨ ਅਤੇ ਚੰਪਾਰਣ ਦੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਚੰਪਾਰਣ ਦੀ ਜਿਸ ਧਰਤੀ ਨੂੰ ਭਗਵਾਨ ਬੁੱਧ ਦੇ ਪ੍ਰਵਚਨ ਦਾ ਆਸ਼ੀਰਵਾਦ ਮਿਲਿਆ ਸੀ, ਜੋ ਧਰਤੀ ਸੀਤਾ ਮਾਤਾ ਦੇ ਪਿਤਾ ਜਨਕ ਦੇ ਰਾਜ ਦਾ ਹਿੱਸਾ ਰਹੀ ਸੀ; ਉੱਥੋਂ ਦੇ ਕਿਸਾਨ ਬਹੁਤ ਔਖੀ ਸਥਿਤੀ ਦਾ ਸਾਹਮਣਾ ਕਰ ਰਹੇ ਸਨ। ਨਾ ਕੇਵਲ ਚੰਪਾਰਣ ਦੇ ਕਿਸਾਨਾਂ ਨੂੰ, ਸ਼ੋਸ਼ਿਤਾਂ ਨੂੰ, ਪੀੜਤਾਂ ਨੂੰ ਗਾਂਧੀ ਜੀ ਨੇ ਇੱਕ ਰਸਤਾ ਵਿਖਾਇਆ, ਸਗੋਂ ਸਮੁੱਚੇ ਦੇਸ਼ ਨੂੰ ਇਹ ਅਹਿਸਾਸ ਕਰਵਾਇਆ ਕਿ ਸ਼ਾਂਤੀਪੂਰਨ ਸੱਤਿਆਗ੍ਰਹਿ ਦੀ ਕੀ ਸ਼ਕਤੀ ਹੁੰਦੀ ਹੈ।

ਦੋਸਤੋ, ਸਾਡੇ ਦੇਸ਼ ਦਾ ਇਤਿਹਾਸ ਕੇਵਲ ਕੁਝ ਵਿਅਕਤੀਆਂ ਤੱਕ ਸੀਮਤ ਨਹੀਂ ਰਿਹਾ, ਸਗੋਂ ਕੁਝ ਪਰਿਵਾਰਾਂ ਤੱਕ ਸੀਮਤ ਨਹੀਂ ਰਿਹਾ। ਸਾਡੇ ਦੇਸ਼ ਦਾ ਇਤਿਹਾਸ ਵਿਸ਼ਾਲ, ਵਿਆਪਕ; ਇੱਕ ਅਜਿਹਾ ਇਤਿਹਾਸ ਹੈ, ਜੋ ਨਵੇਂ ਰੂਪ ਅਤੇ ਸੰਦਰਭਾਂ ਵਿੱਚ ਵਾਰ-ਵਾਰ ਪਰਤਦਾ ਹੈ ਅਤੇ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਆਪਣੀਆਂ ਅੱਖਾਂ ਖੋਲ੍ਹੀਏ ਅਤੇ ਆਪਣੇ ਰਾਸ਼ਟਰ ਦੀ ਮਾਣਮੱਤੀ ਸਭਿਆਚਾਰਕ ਰਵਾਇਤ ਨੂੰ ਪਛਾਣੀਏ। ਇਤਿਹਾਸ ਦੇ ਕੁਝ ਪੰਨੇ ਅਜਿਹੇ ਹੁੰਦੇ ਹਨ, ਕਿ ਉਹ ਜਦੋਂ ਵੀ ਤੁਹਾਨੂੰ ਜਾਂ ਤੁਸੀਂ ਉਨ੍ਹਾਂ ਨੂੰ ਛੋਹੰਦੇ ਹੋ , ਖੋਲ੍ਹਦੇ ਹੋ  ਤਾਂ ਤੁਹਾਨੂੰ ਕੁਝ ਨਵਾਂ ਬਣਾ ਕੇ ਜਾਂਦੇ ਹਨ। ਇਸ ਨੂੰ ਪਾਰਸ ਛੋਹ ਕਹਿੰਦੇ ਹਨ, ਇਤਿਹਾਸ ਦੀ ਪਾਰਸ ਛੋਹ। ਚੰਪਾਰਣ ਦਾ ਸੱਤਿਆਗ੍ਰਹਿ ਅਜਿਹਾ ਹੀ ਪਾਰਸ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਅਜਿਹੇ ਇਤਿਹਾਸਕ ਮੌਕਿਆਂ ਨੂੰ ਜਾਣੀਏ, ਉਨ੍ਹਾਂ ਨਾਲ ਜੁੜੀਏ, ਹੋ ਸਕੇ ਤਾਂ ਉਨ੍ਹਾਂ ਨੂੰ ਜਿਊਣ ਦਾ ਜਤਨ ਕਰੀਏ।

ਹੁਣ ਇੱਥੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ, online interactive quiz ਦੀ ਸ਼ੁਰੂਆਤ ਹੋਈ ਹੈ, ਨ੍ਰਿਤ-ਨਾਟਿਕਾ ਵੀ ਪੇਸ਼ ਕੀਤੀ ਗਈ ਹੈ। ਚੰਪਾਰਣ ਸੱਤਿਆਗ੍ਰਹਿ ਦੇ 100 ਸਾਲ ਪੂਰੇ ਹੋਣ ‘ਤੇ ਹੋਣ ਵਾਲੇ ਅਜਿਹੇ ਪ੍ਰੋਗਰਾਮ ਕੇਵਲ ਰਸਮਾਂ ਨਹੀਂ ਹਨ। ਇਹ ਸਾਡੇ ਲਈ ਇੱਕ ਪਵਿੱਤਰ ਮੌਕਾ ਹੈ। ਬਾਪੂ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਦੇਸ਼-ਹਿਤ ਲਈ ਖ਼ੁਦ ਨੂੰ ਸੰਕਲਪਬੱਧ ਕਰਨ ਦਾ, ਸਮਰਪਿਤ ਕਰਨ ਦਾ।

ਸਾਥੀਓ, ਅਸੀਂ ਹੁਣ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਨਾਲ-ਨਾਲ ਕਿਰਿਆਂਜਲੀ ਵੀ ਅਰਪਿਤ ਕਰਨੀ ਹੈ। ਆਪਣੇ ਕੰਮ ਉਨ੍ਹਾਂ ਨੂੰ ਅਰਪਿਤ ਕਰਨੇ ਹਨ ਅਤੇ ਉਸ ਦਾ ਸਭ ਤੋਂ ਵੱਡਾ ਮਾਧਿਅਮ ਹੈ ਸਵੱਛਾਗ੍ਰਹਿ। ਸੱਚ ਪ੍ਰਤੀ ਅਨੁਰੋਧ ਵਾਂਗ ਸਵੱਛਤਾ ਪ੍ਰਤੀ ਅਨੁਰੋਧ।

ਦੋਸਤੋ, 1917 ਵਿੱਚ, Nineteen Seventeen ਵਿੱਚ ਜਦੋਂ ਗਾਂਧੀ ਜੀ ਚੰਪਾਰਣ ਗਏ, ਤਾਂ ਉਨ੍ਹਾਂ ਦਾ ਇਰਾਦਾ ਉੱਥੇ ਬਹੁਤੇ ਲੰਮੇ ਸਮੇਂ ਤੱਕ ਰੁਕਣ ਦਾ ਨਹੀਂ ਸੀ। ਉਹ ਚੰਪਾਰਣ ਦੀ ਹਾਲਤ ਬਾਰੇ ਬਹੁਤ ਜਾਣਦੇ ਵੀ ਨਹੀਂ ਸਨ। ਪਰ ਜਦੋਂ ਗਾਂਧੀ ਜੀ ਉੱਥੇ ਪੁੱਜੇ, ਤਾਂ ਕੁਝ ਹਫ਼ਤੇ ਨਹੀਂ, ਸਗੋਂ ਕਈ ਮਹੀਨਿਆਂ ਤੱਕ ਉੱਥੇ ਰੁਕੇ। ਚੰਪਾਰਣ ਨੇ ਹੀ ਉਨ੍ਹਾਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਤੋਂ ਮਹਾਤਮਾ ਗਾਂਧੀ ਬਣਾਇਆ ਸੀ। ਚੰਪਾਰਣ ਪੁੱਜਣ ਤੋਂ ਪਹਿਲਾਂ ਉਹ ਸੱਤਿਆਗ੍ਰਹਿ ਦੀ ਤਾਕਤ ਤੋਂ ਖ਼ੁਦ ਜਾਣੂ ਸਨ, ਉਹ ਉਸ ਨੂੰ ਜਾਣਦੇ ਸਨ। ਪਰ ਉਨ੍ਹਾਂ ਨੂੰ ਪਤਾ ਸੀ ਕਿ ਕੇਵਲ ਉਨ੍ਹਾਂ ਦੇ ਸੱਤਿਆਗ੍ਰਹਿ ਬਣਨ ਨਾਲ ਇੱਛਤ ਨਤੀਜੇ ਹਾਸਲ ਨਹੀਂ ਹੋਣਗੇ। ਉਹ ਦੇਸ਼ ਦੇ ਜਨ-ਸਾਧਾਰਨ ਨੂੰ ਸੱਤਿਆਗ੍ਰਹਿ ਦੀ ਤਾਕਤ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਸਨ।

ਜਦੋਂ Magistrate ਨੇ ਉਨ੍ਹਾਂ ਨੂੰ ਚੰਪਾਰਣ ਤੋਂ ਜਾਣ ਦਾ ਹੁਕਮ ਦਿੱਤਾ, ਤਾਂ ਉਨ੍ਹਾਂ ਕਿਹਾ ਸੀ, ਇਸ ਹੁਕਮ ਤੋਂ ਇਨਕਾਰ ਉਹ ਆਦਾਲਤ ਦੇ  ਅਪਮਾਨ ਲਈ ਨਹੀਂ ਕਰ ਰਹੇ ਹਨ, ਸਗੋਂ ਉਹ ਅਜਿਹਾ ਆਪਣੀ ਅੰਤਰ-ਆਤਮਾ ਦੀ ਆਵਾਜ਼ ਅਤੇ ਆਪਣੀ ਹੋਂਦ ਦੇ ਸਤਿਕਾਰ ਲਈ ਕਰ ਰਹੇ ਹਨ। ਸਮੁੱਚਾ ਅੰਗ੍ਰੇਜ਼ੀ ਸ਼ਾਸਨ ਗਾਂਧੀ ਦੇ ਉਸ ਫ਼ੈਸਲੇ ਨਾਲ back-foot ‘ਤੇ ਚਲਾ ਗਿਆ। ਜਦੋਂ ਗਾਂਧੀ ਜੀ ਨੇ ਕਿਹਾ ਸੀ ਕਿ ਮੈਂ ਜੇਲ੍ਹ ਜਾਣ ਲਈ ਤਿਆਰ ਹਾਂ, ਅੰਗਰੇਜ਼ਾਂ ਨੇ ਸੋਚਿਆ ਨਹੀਂ ਸੀ। ਜਨਤਾ ਵੇਖ ਰਹੀ ਸੀ ਕਿ ਦੱਖਣੀ ਅਫ਼ਰੀਕਾ ਤੋਂ ਪਰਤਿਆ ਇੱਕ ਬੈਰਿਸਟਰ ਇੱਥੇ ਚੰਪਾਰਣ ਵਿੱਚ ਆ ਕੇ ਕਿਵੇਂ ਜੇਲ੍ਹ ਜਾਣ ਲਈ ਤਿਆਰ ਹੋ ਗਿਆ। ਇੰਨੀ ਗਰਮੀ ਵਿੱਚ ਸਮੁੱਚੇ ਇਲਾਕੇ ਦੀ ਧੂੜ ਖਾ ਰਿਹਾ ਹੈ। ਤਪਦੀ ਧੁੱਪ ਵਿੱਚ ਕਦੇ ਬੈਲ-ਗੱਡੀ ‘ਚ ਅਤੇ ਕਦੇ ਪੈਦਲ ਹੀ ਇੱਕ ਥਾਂ ਤੋਂ ਦੂਜੀ ਥਾਂ ਗਾਂਧੀ ਚੱਲੀ ਜਾ ਰਿਹਾ ਸੀ।

ਤੁਸੀਂ ਧਿਆਨ ਦੇਵੋ, ਗਾਂਧੀ ਜੀ ਉਸ ਸਮੇਂ ਲੋਕਾਂ ਦੇ thought process ਨੂੰ ਜਗਾ ਰਹੇ ਸਨ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਉਨ੍ਹਾਂ ਦੇ ਬਿਆਨ ਲਏ ਜਾ ਰਹੇ ਸਨ, ਜਾਂਚ ਕੀਤੀ ਜਾ ਰਹੀ ਸੀ। ਪਰ ਇਸ ਪ੍ਰਕਿਰਿਆ ਵਿੱਚ ਗਾਂਧੀ ਜੀ ਖ਼ੁਦ ਨੂੰ ਲੋਕਾਂ ਨਾਲ ਜੋੜ ਕੇ, ਖ਼ੁਦ ਨੂੰ ਖਪਾ ਕੇ, ਖ਼ੁਦ ਦੀ ਉਦਾਹਰਨ ਪੇਸ਼ ਕਰ ਕੇ ਹਰੇਕ ਵਿਅਕਤੀ ਦਾ, ਉਸ ਦੀ ਸ਼ਕਤੀ ਨੂੰ ਆਪਸ ਵਿੱਚ ਜੋੜ ਰਹੇ ਸਨ।

ਗਾਂਧੀ ਜੀ ਆਖਦੇ ਸਨ,”ਮੇਰਾ ਜੀਵਨ ਹੀ ਮੇਰਾ ਦਰਸ਼ਨ ਹੈ।” ਅਤੇ ਇਹੋ ਅਸੀਂ ਚੰਪਾਰਣ ਵਿੱਚ ਵੇਖਿਆ ਹੈ। ਗਾਂਧੀ ਜੀ ਨੇ ਆਪਣੀ ਆਤਮ-ਕਥਾ ਵਿੱਚ ਲਿਖਿਆ ਹੈ ਕਿ ਕਿਵੇਂ ਲੋਕਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਹੋਇਆ ਅਤੇ ਇਹ ਵੀ ਸਮਾਂ ਆ ਗਿਆ ਕਿ ਤਬਦੀਲੀ ਹੋ ਸਕਦੀ ਹੈ, ਪਰਿਵਰਤਨ ਹੋ ਸਕਦਾ ਹੈ। ਉਨ੍ਹਾਂ ਲਿਖਿਆ ਹੈ ਕਿ 100 ਸਾਲ ਤੋਂ ਚੱਲੇ ਆਉਣ ਵਾਲੇ ਤਿੰਨ ਕਠੀਆ ਕਾਨੂੰਨ ਦੇ ਰੱਦ ਹੁੰਦੇ ਹੀ ਨੀਲ ਦੀ ਖੇਤੀ ਕਰਵਾਉਣ ਵਾਲੇ ਅੰਗਰੇਜ਼ਾਂ ਦਾ ਰਾਜ ਵੀ ਖ਼ਤਮ ਹੋਇਆ। ਜਨਤਾ ਦਾ ਜੋ ਭਾਈਚਾਰਾ ਲਗਾਤਾਰ ਦਬਿਆ ਹੀ ਰਹਿਦਾ ਸੀ, ਉਸ ਨੂੰ ਆਪਣੀ ਸ਼ਕਤੀ ਦਾ ਕੁਝ ਹੋਰ ਅਹਿਸਾਸ ਹੋਇਆ ਅਤੇ ਲੋਕਾਂ ਨੂੰ ਇਹ ਵਹਿਮ ਹੋਇਆ ਕਿ ਨੀਲ ਦਾ ਦਾਗ਼ ਹੋਣ ‘ਤੇ ਧੁਲ ਨਹੀਂ ਸਕਦਾ।

ਭਾਵ ਅਜਿਹੀ ਸਥਿਤੀ ਜਦੋਂ ਲੋਕ ਇਹ ਮੰਨਣ ਲੱਗੇ ਕਿ ਹੋ ਹੀ ਨਹੀਂ ਸਕਦਾ, ਕੋਈ ਤਬਦੀਲੀ ਹੋ ਹੀ ਨਹੀਂ ਸਕਦੀ, ਉਸ ਨੂੰ ਗਾਂਧੀ ਜੀ ਨੇ ਲੋਕਾਂ ਦਾ ਭਰਮ ਕਿਹਾ ਹੈ। ਇਸ ਭਰਮ ਨੂੰ ਉਨ੍ਹਾਂ ਤੋੜਿਆ ਅਤੇ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ।

ਭਰਾਵੋ ਅਤੇ ਭੈਣੋ, ਗਾਂਧੀ ਜੀ ਮੂਲ ਰੂਪ ਵਿੱਚ ਸਵੱਛਾਗ੍ਰਹੀ ਸਨ। ਉਹ ਕਹਿੰਦੇ ਸਨ,”ਸਵੱਛਤਾ ਆਜ਼ਾਦੀ ਤੋਂ ਕਿਤੇ ਵੱਧ ਅਹਿਮ ਹੈ।” ਉਹ ਇਹ ਵੇਖ ਕੇ ਦੁਖੀ ਹੋ ਜਾਂਦੇ ਸਨ ਕਿ ਪਿੰਡਾਂ ਵਿੱਚ ਲੋਕ ਅਗਿਆਨਤਾ ਤੇ ਲਾਪਰਵਾਹੀ ਕਾਰਨ ਗੰਦਗੀ ਤੇ ਅਸਵੱਛ ਸਥਿਤੀਆਂ ਵਿੱਚ ਰਹਿੰਦੇ ਹਨ।  1917 ਵਿੱਚ ਹੀ ਇੱਕ ਪ੍ਰੋਗਰਾਮ ਦੌਰਾਨ ਪੂਜਨੀਕ ਬਾਪੂ ਜੀ ਨੇ ਕਿਹਾ ਸੀ,”ਜਦੋਂ ਤੱਕ ਅਸੀਂ ਆਪਣੇ ਪਿੰਡਾਂ ਤੇ ਸ਼ਹਿਰਾਂ ਦੇ ਹਾਲਾਤ ਨਹੀਂ ਬਦਲਦੇ, ਆਪਣੇ-ਆਪ ਨੂੰ ਬੁਰੀਆਂ ਆਦਤਾਂ ਤੋਂ ਮੁਕਤ ਨਹੀਂ ਕਰਦੇ ਅਤੇ ਬਿਹਤਰ ਪਖਾਨੇ ਨਹੀਂ ਬਣਾਉਂਦੇ, ਤਦ ਤੱਕ ਸਵਰਾਜ ਦਾ ਸਾਡੇ ਲਈ ਕੋਈ ਮਹੱਤਵ ਨਹੀਂ ਹੈ।”

ਇੱਕ ਤਰ੍ਹਾਂ ਜੇ ਕਹੀਏ, ਤਾਂ ਦੇਸ਼ ਵਿੱਚ ਸਵੱਛਤਾ ਅੰਦੋਲਨ ਦਾ ਮੂਲ ਸਥਾਨ ਵੀ ਚੰਪਾਰਣ ਨੂੰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਸਾਫ਼-ਸਫ਼ਾਈ ਅਤੇ ਸਵੱਛਤਾ ਨੂੰ ਗਾਂਧੀਵਾਦੀ ਜੀਵਨ-ਸ਼ੈਲੀ ਦਾ ਇੱਕ ਅਟੁੱਟ ਹਿੱਸਾ ਬਣਾਇਆ। ਉਨ੍ਹਾਂ ਦਾ ਸੁਪਨਾ ਸੀ, ਸਭਨਾਂ ਲਈ ਮੁਕੰਮਲ ਸਵੱਛਤਾ।

ਦੋਸਤੋ, ਚੰਪਾਰਣ ਨਾਲ ਉੱਥੇ ਜੋ ਮੰਥਨ ਹੋਇਆ, ਜੋ ਯਤਨ ਹੋਏ, ਉਸ ਵਿੱਚੋਂ ਸਾਨੂੰ ‘ਪੰਚ-ਅੰਮ੍ਰਿਤ’ ਮਿਲਿਆ। ਜਨ-ਸਾਧਾਰਨ ਨੂੰ ਜੋੜ ਕੇ, ਮੰਥਨ ਕਰ ਕੇ, ਕੰਮ ਕਰ ਕੇ, ਸੰਘਰਸ਼ ਕਰ ਕੇ ਇਸ ‘ਪੰਚ-ਅੰਮ੍ਰਿਤ’ ਤੋਂ ਦੇਸ਼ ਦੇ ਸੁਤੰਤਰਤਾ ਅੰਦੋਲਨ ਨੂੰ ਨਵੀਂ ਧਾਰ ਮਿਲੀ।

ਜੇ ਅਸੀਂ ਬਾਰੀਕੀ ਨਾਲ ਵੇਖੀਏ, ਤਾਂ ਚੰਪਾਰਣ ਵਿੱਚ ਗਾਂਧੀ ਜੀ ਨੇ ਜੋ ਕੁਝ ਕੀਤਾ, ਉਸ ਤੋਂ ਪੰਜ ਵੱਖੋ-ਵੱਖਰੇ ਅੰਮ੍ਰਿਤ ਦੇਸ਼ ਸਾਹਮਣੇ ਪੇਸ਼ ਹੋਏ। ਇਹ ‘ਪੰਚ-ਅੰਮ੍ਰਿਤ’ ਅੱਜ ਵੀ ਦੇਸ਼ ਲਈ ਓਨੇ ਹੀ ਅਹਿਮ ਹਨ –

ਪਹਿਲਾ ਅੰਮ੍ਰਿਤ          – ਸੱਤਿਆਗ੍ਰਹਿ ਦੀ ਤਾਕਤ ਤੋਂ ਲੋਕ ਜਾਣੂ ਹੋਏ,

ਦੂਜਾ ਅੰਮ੍ਰਿਤ   – ਲੋਕ-ਸ਼ਕਤੀ ਦੀ ਤਾਕਤ ਤੋਂ ਲੋਕ ਜਾਣੂ ਹੋਏ,

ਤੀਜਾ ਅੰਮ੍ਰਿਤ  – ਸਵੱਛਤਾ ਅਤੇ ਸਿੱਖਿਆ ਨੂੰ ਲੈ ਕੇ ਭਾਰਤ ਦੇ ਜਨ-ਸਾਧਾਰਨ ਵਿੱਚ ਨਵੀਂ ਜਾਗ੍ਰਿਤੀ ਆਈ,

ਚੌਥਾ ਅੰਮ੍ਰਿਤ   – ਔਰਤਾਂ ਦੀ ਹਾਲਤ ਸੁਧਾਰਨ ਦਾ ਯਤਨ ਹੋਇਆ, ਅਤੇ

ਪੰਜਵਾਂ ਅੰਮ੍ਰਿਤ – ਆਪਣੇ ਹੱਥਾਂ ਨਾਲ ਕੱਤੇ ਗਏ ਕੱਪੜੇ ਪਹਿਨਣ ਦੀ ਸੋਚ ਪੈਦਾ ਹੋਈ। ਇਹ ‘ਪੰਚ-ਅੰਮਿਤ’ ਚੰਪਾਰਣ ਅੰਦੋਲਨ ਦਾ ਸਾਰ ਹੈ।

ਸਾਥੀਓ, ਜਦੋਂ ਮੈਂ ਚੰਪਾਰਣ ਦੀ ਗੱਲ ਕਰਦਾ ਹਾਂ, ਤਾਂ ਮੈਨੂੰ ਬਾਲ-ਮੋਹਨ ਭਾਵ ਬਾਲ ਕ੍ਰਿਸ਼ਨ ਦੀ ਯਾਦ ਆਉਂਦੀ ਹੈ। ਮੋਹਨ ਤੋਂ ਮੋਹਨ ਤੱਕ ਕਿਹੋ ਜਿਹੀ ਯਾਤਰਾ ਚੱਲੀ ਹੈ, ਇੱਕ ਸੁਦਰਸ਼ਨ ਚੱਕਰਧਾਨੀ ਮੋਹਨ ਅਤੇ ਦੂਜਾ ਚਰਖਾਧਾਰੀ ਮੋਹਨ। ਸਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਮਾਤਾ ਯਸ਼ੋਦਾ ਬਹੁਤ ਪਰੇਸ਼ਾਨ ਸਨ ਕਿ ਉਨ੍ਹਾਂ ਦੇ ਬਾਲਕ ਨੇ ਮਿੱਟੀ ਖਾ ਲਈ ਹੈ। ਇਸੇ ਚਿੰਤਾ ਵਿੱਚ ਜਦੋਂ ਉਨ੍ਹਾਂ ਨੇ ਬਾਲ ਮੋਹਨ ਨੂੰ ਮੂੰਹ ਖੋਲ੍ਹਣ ਲਈ ਆਖਿਆ, ਤਾਂ ਉਨ੍ਹਾਂ ਨੇ ਮਾਤਾ ਯਸ਼ੋਦਾ ਨੂੰ ਸਮੁੱਚੇ ਬ੍ਰਹਿਮੰਡ ਦੇ ਦਰਸ਼ਨ ਕਰਵਾ ਦਿੱਤੇ। ਅਜਿਹਾ ਕਰ ਕੇ ਬਾਲ ਮੋਹਨ ਨੇ ਆਪਣੀ ਮਾਤਾ ਨੂੰ ਚਿੰਤਾ ਤੋਂ ਮੁਕਤੀ ਦਿਵਾਈ।

ਜਦੋਂ ਮੈਂ ਚੰਪਾਰਣ ਦੀ ਗੱਲ ਕਰਦਾ ਹਾਂ, ਤਾਂ ਮੈਨੂੰ ਕਿਸ਼ੋਰ ਮੋਹਨ ਦੀ ਵੀ ਯਾਦ ਆਉਂਦੀ ਹੈ। ਉਹ ਚੱਕਰਧਾਰੀ ਮੋਹਨ ਜਦੋਂ ਕਿਸ਼ੋਰ ਸੀ, ਜਿਸ ਨੂੰ ਅਸੀਂ ਕ੍ਰਿਸ਼ਨ ਦੇ ਰੂਪ ਵਿੱਚ ਜਾਣਦੇ ਹਾਂ; ਜੋ ਰਾਸਲੀਲਾ ਕਰਦਾ ਸੀ, ਬੰਸਰੀ ਵਜਾਉਂਦਾ ਸੀ। ਕਿਸ਼ੋਰ ਮੋਹਨ ਨੇ ਜਦੋਂ ਭਾਰੀ ਮੀਂਹ ਤੋਂ ਪਿੰਡ ਵਾਸੀਆਂ ਦੀ ਰਾਖੀ ਲਈ ਗੋਵਰਧਨ ਚੁੱਕਿਆ, ਤਾਂ ਬਾਕੀ ਪਿੰਡ ਵਾਲਿਆਂ ਨੂੰ ਵੀ ਕਿਹਾ ਕਿ ਤੁਸੀਂ ਵੀ ਆਪਣੀ ਲਾਠੀ ਲੈ ਕੇ ਖੜ੍ਹੇ ਹੋ ਜਾਓ, ਤਦ ਜਾ ਕੇ ਗੋਵਰਧਨ ਉੱਠੇਗਾ। ਜਦੋਂ ਗੋਵਰਧਨ ਪਰਬਤ ਉੱਠਿਆ, ਤਾਂ ਹਰੇਕ ਨੂੰ ਲੱਗ ਰਿਹਾ ਸੀ ਕਿ ਉਹ ਮੇਰੀ ਤਾਕਤ ਨਾਲ ਉੱਠਿਆ ਹੈ; ਮੇਰੀ ਲਾਠੀ ਨਾਲ ਉੱਠਿਆ ਹੈ। ਅਤੇ ਅਜਿਹਾ ਕਰ ਕੇ ਕਿਸ਼ੋਰ ਮੋਹਨ ਨੇ ਜਨ-ਜਨ ਨੂੰ ਖ਼ੁਦ ਦੀ ਤਾਕਤ ਤੇ ਸਮੂਹਕ ਤਾਕਤ ਤੋਂ ਜਾਣੂ ਕਰਵਾਇਆ ਸੀ।

ਠੀਕ ਇਸੇ ਤਰ੍ਹਾਂ ਸਾਡੇ ਮੋਹਨ, ਮਹਾਤਮਾ ਗਾਂਧੀ ਨੇ ਲੋਕਾਂ ਨੂੰ ਗ਼ੁਲਾਮੀ ਦੀ ਚਿੰਤਾ ਤੋਂ ਮੁਕਤ ਕੀਤਾ, ਉਨ੍ਹਾਂ ਨੂੰ ਉਹ ਰਾਹ ਵਿਖਾਇਆ, ਜਿਸ ਉੱਤੇ ਚੱਲ ਕੇ ਆਜ਼ਾਦੀ ਮਿਲ ਸਕਦੀ ਸੀ। ਸਾਡੇ ਮੋਹਨ ਨੇ ਲੋਕਾਂ ਦੀ ਜਨ-ਸ਼ਕਤੀ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਸੱਤਿਆਗ੍ਰਹਿ ਤੋਂ, ਸਵਰੂਛਾਗ੍ਰਹਿ ਦੀ ਤਾਕਤ ਤੋਂ ਜਾਣੂ ਕਰਵਾਇਆ।

ਜਨ-ਸ਼ਕਤੀ ਜਾਗਰਣ ਦੀ ਇਸ ਮੁਹਿੰਮ ਵਿੱਚ ਬਾਪੂ ਨੇ ਔਰਤਾਂ ਨੂੰ ਵੀ ਬਰਾਬਰ ਦੀਆਂ ਭਾਗੀਦਾਰ ਬਣਾਇਆ। ਚੰਪਾਰਣ ਵਿੱਚ ਵੀ ਔਰਤਾਂ ਦੀ ਹਾਲਤ ਵੇਖ ਕੇ ਉਹ ਸੋਚਣ ਲਈ ਮਜਬੂਰ ਹੋਏ ਕਿ ਕਿਉਂ ਨਾ ਲੋਕ ਆਪਣੇ ਹੀ ਹੱਥ ਨਾਲ ਧਾਗਾ ਬੁਣਨ ਤੇ ਆਪਣੇ ਕੱਪੜੇ ਖ਼ੁਦ ਬਣਾਉਣ। ਉਹ ਇਸ ਨੂੰ ਸਸ਼ੱਕਤੀਕਰਨ ਦਾ ਵੀ ਇੱਕ ਵਸੀਲਾ ਮੰਨਦੇ ਸਨ। ਖਾਦੀ ਦੇ ਵਿਕਸਤ ਹੋਣ ਪਿੱਛੇ ਮਹਾਤਮਾ ਗਾਂਧੀ ਜੀ ਦਾ ਚੰਪਾਰਣ ਪ੍ਰਵਾਸ ਵੀ ਬਹੁਤ ਵੱਡਾ ਕਾਰਨ ਰਿਹਾ ਹੈ।

ਸਾਥੀਓ, ਸੱਤਿਆਗ੍ਰਹਿ ਨੇ ਗਾਂਧੀ ਜੀ ਦੀ ਅਗਵਾਈ ਹੇਠ ਸਾਨੂੰ ਆਜ਼ਾਦੀ ਦਿਵਾਈ, ਪਰ ਆਜ਼ਾਦੀ ਤੋਂ ਬਾਅਦ ਗਾਂਧੀ ਜੀ ਦਾ ਸਵੱਛ ਭਾਰਤ ਦਾ ਸੁਪਨਾ ਅਧੂਰਾ ਹੀ ਰਹਿ ਗਿਆ ਸੀ। ਸੱਤ ਦਹਾਕਿਆਂ ਬਾਅਦ ਵੀ ਅਸੀਂ ਇਸ ਬੁਰਾਈ ਤੋਂ ਮੁਕਤ ਨਹੀਂ ਹੋ ਸਕੇ। ਇਸ ਲਈ ਜਦੋਂ 2014 ਵਿੱਚ ਮੈਂ ਲਾਲ ਕਿਲੇ ਤੋਂ ਹਰ ਘਰ ਵਿੱਚ ਪਖਾਨੇ ਦੀ ਗੱਲ ਕੀਤੀ, ਤਾਂ ਲੋਕ ਹੈਰਾਨ ਸਨ ਕਿ ਇਸ ਤਰ੍ਹਾਂ ਦੀ ਗੱਲ ਮੈਂ ਕਿਉਂ ਕਰ ਰਿਹਾ ਹਾਂ।

ਦੋਸਤੋ, ਸਵੱਛ ਭਾਰਤ ਮਿਸ਼ਨ ਬਾਪੂ ਦੇ ਅਧੂਰੇ ਸੁਪਨੇ ਪੂਰਾ ਕਰਨ ਦੀ ਮੁਹਿੰਮ ਹੈ। ਇਹ ਸੁਪਨਾ ਲਗਭਗ 100 ਸਾਲਾਂ ਤੋਂ ਅਧੂਰਾ ਹੈ ਅਤੇ ਸਾਨੂੰ ਇਸ ਨੂੰ ਮਿਲ ਕੇ ਪੂਰਾ ਕਰਨਾ ਹੈ। ਮੈਨੂੰ ਖ਼ੁਸ਼ੀ ਹੈ ਕਿ ਅੱਜ ਸਵੱਛ ਭਾਰਤ ਮਿਸ਼ਨ ਦੁਆਰਾ ਦੇਸ਼ ਦੇ ਲੋਕ ਬਾਪੂ ਦੇ ਸੁਪਨੇ ਪੂਰਾ ਕਰਨ ਲਈ ਉੱਠ ਖਲੋਏ ਹਨ। ਸਵੱਛ ਭਾਰਤ ਅਭਿਆਨ ਸੱਚੇ ਅਰਥਾਂ ਵਿੱਚ ਇੱਕ ਜਨ-ਅੰਦੋਲਨ ਬਣਦਾ ਚਲਿਆ ਜਾ ਰਿਹਾ ਹੈ। ਸਮਾਜ ਦਾ ਹਰ ਵਰਗ ਇਸ ਸਵੱਛਾਗ੍ਰਹਿ ਨਾਲ ਜੁੜ ਰਿਹਾ ਹੈ। ਜਦੋਂ ਸਵੱਛ ਭਾਰਤ ਮਿਸ਼ਨ ਸ਼ੁਰੂ ਹੋਇਆ ਸੀ, ਤਾਂ ਉਸ ਸਮੇਂ ਕੇਵਲ 42 ਫ਼ੀ ਸਦੀ ਦਿਹਾਤੀ ਆਬਾਦੀ ਹੀ ਪਖਾਨਿਆਂ ਦੀ ਵਰਤੋਂ ਕਰਦੀ ਸੀ। ਅੱਜ ਇਹ ਵਧ ਕੇ 63 ਫ਼ੀ ਸਦੀ ਉੱਤੇ ਪੁੱਜ ਗਈ ਹੈ।

ਪਿਛਲੇ ਢਾਈ ਸਾਲਾਂ ਤੋਂ ਇੱਕ ਲੱਖ 80 ਹਜ਼ਾਰ ਤੋਂ ਵੱਧ ਪਿੰਡ ਅਤੇ 130 ਜ਼ਿਲ੍ਹੇ ਖ਼ੁਦ ਨੂੰ ਖੁੱਲ੍ਹੇ ਵਿੱਚ ਮਲ-ਤਿਆਗ ਤੋਂ ਮੁਕਤ ਐਲਾਨ ਚੁੱਕੇ ਹਨ। ਹੁਣ ਸੂਬਿਆਂ ਵਿੱਚ ਵੀ ਇੱਕ ਦੌੜ ਜਿਹੀ ਸ਼ੁਰੂ ਹੋਈ ਹੈ, ਇੱਕ ਮੁਕਾਬਲਾ ਸ਼ੁਰੂ ਹੋਇਆ ਹੈ ਕਿ ਕੌਣ ਪਹਿਲਾਂ ਖ਼ੁਦ ਨੂੰ ਖੁੱਲ੍ਹੇ ਵਿੱਚ ਮਲ-ਤਿਆਗ ਤੋਂ ਮੁਕਤ ਜਾਂ Open Defecation Free ਰਾਜ ਐਲਾਨ ਕਰਦਾ ਹੈ।

ਅੱਜ ਦੀ ਸਥਿਤੀ ਹੈ ਕਿ ਸਿੱਕਿਮ, ਹਿਮਾਚਲ ਪ੍ਰਦੇਸ਼ ਅਤੇ ਕੇਰਲ ਪੂਰੀ ਤਰ੍ਹਾਂ ODF ਉਨ੍ਹਾਂ ਨੇ ਐਲਾਨਿਆ ਹੈ। ਗੁਜਰਾਤ, ਹਰਿਆਣਾ, ਉਤਰਾਖੰਡ ਤੇ ਕੁਝ ਹੋਰ ਰਾਜ ਵੀ ਖ਼ੁਦ ਨੂੰ ਖੁੱਲ੍ਹੇ ਵਿੱਚ ਮਲ-ਤਿਆਗ ਤੋਂ ਮੁਕਤ ਐਲਾਨ ਵੱਲ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਬਹੁਤ ਛੇਤੀ ਸਾਨੂੰ ਉਹ ਖ਼ਬਰਾਂ ਵੀ ਪੁੱਜਣਗੀਆਂ।

ਗੰਗਾ ਦੇ ਕੰਢੇ ਬਣੇ ਪਿੰਡਾਂ ਨੂੰ ਤਰਜੀਹ ਦੇ ਆਧਾਰ ਉੱਤੇ Open Defecation Free ਦੱਸਿਆ ਜਾ ਰਿਹਾ ਹੈ। ਮੈਨੂੰ ਤੁਹਾਨੂੰ ਇਹ ਦੱਸਦਿਆਂ ਖ਼ੁਸ਼ੀ ਹੈ ਕਿ ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ, ਜਿਹੜੇ ਪੰਜ ਰਾਜਾਂ ਵਿੱਚੋਂ ਗੰਗਾ ਜੀ ਹੋ ਕੇ ਲੰਘਦੇ ਹਨ, ਉੱਥੇ ਗੰਗਾ ਕੰਢੇ ਦੇ 75 ਫ਼ੀ ਸਦੀ ਪਿੰਡਾਂ ਨੇ ਖ਼ੁਦ ਨੂੰ ‘ਖੁੱਲ੍ਹੇ ਵਿੱਚ ਮਲ-ਤਿਆਗ’ ਤੋਂ ਮੁਕਤ ਐਲਾਨ ਦਿੱਤਾ ਹੈ। ਗੰਗਾ ਕੰਢੇ ਵਸੇ ਪਿੰਡਾਂ ਵਿੱਚ ਕੂੜਾ-ਕਰਕਟ ਦੇ ਪ੍ਰਬੰਧ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਿੰਡ ਦਾ ਕੂੜਾ-ਕਰਕਟ ਵੀ ਨਦੀ ਵਿੱਚ ਨਾ ਵਹਾਇਆ ਜਾਵੇ। ਮੈਨੂੰ ਆਸ ਹੈ ਕਿ ਛੇਤੀ ਹੀ ਗੰਗਾ ਦਾ ਕੰਢਾ ਪੂਰੀ ਤਰ੍ਹਾਂ ‘ਖੁੱਲ੍ਹੇ ਵਿੱਚ ਮਲ-ਤਿਆਗ’ ਤੋਂ ਮੁਕਤ ਹੋ ਜਾਵੇਗਾ।

ਭਰਾਵੋ ਅਤੇ ਭੈਣੋ, ਅੱਜ ਸਾਰੇ ਸਰਕਾਰੀ ਸਕੂਲਾਂ ਵਿੱਚ ਲੜਕਿਆਂ ਤੇ ਲੜਕੀਆਂ ਲਈ ਵੱਖੋ-ਵੱਖਰੇ ਪਖਾਨੇ ਹਨ। ਹੁਣ ਬੱਚਿਆਂ ਦੇ syllabus ਵਿੱਚ ਸਵੱਛਤਾ ਨਾਲ ਜੁੜੇ chapter ਸ਼ਾਮਲ ਕੀਤੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਸ ਦੇ ਫ਼ਾਇਦਿਆਂ ਤੇ ਨੁਕਸਾਨ ਬਾਰੇ ਪਤਾ ਚੱਲੇ ਅਤੇ ਜੋ ਸਵੱਛਤਾ ਨੂੰ ਆਪਣੀ ਜ਼ਿੰਦਗੀ ਦਾ, ਆਪਣੀ ਆਦਤ ਦਾ ਹਿੱਸਾ ਬਣਾਉਣ।

ਦੋਸਤੋ, ਸਵੱਛ ਭਾਰਤ ਮਿਸ਼ਨ ਨੇ ਸਾਨੂੰ ਕਿਰਿਆਂਜਲੀ ਦਾ ਇੱਕ ਹੋਰ ਨਵਾਂ ਮੰਤਰ ਦਿੱਤਾ ਹੈ। ਇਹ ਮੰਤਰ ਹੈ Waste ਤੋਂ Wealth. ਘਰਾਂ ਵਿੱਚੋਂ ਜੋ ਗੰਦਗੀ ਨਿੱਕਲਦੀ ਹੈ, ਬਿਲਡਿੰਗ ਬਣਾਉਣ ਦੌਰਾਨ ਜੋ ਮਲਬਾ ਨਿੱਕਲਦਾ ਹੈ, ਉਹ ਵੀ ਕਮਾਈ ਦਾ ਇੱਕ ਵਸੀਲਾ ਹੋ ਸਕਦਾ ਹੈ। ਇਸ ਤੋਂ ਬਿਜਲੀ ਬਣਾਈ ਜਾ ਸਕਦੀ ਹੈ, ਖਾਦ ਬਣਾਈ ਜਾ ਸਕਦੀ ਹੈ, ਇਸ ਨੂੰ Recycle ਕਰ ਕੇ construction ਨਾਲ ਜੁੜੇ ਕੰਮਾਂ ਵਿੱਚ ਉਨ੍ਹਾਂ ਨੂੰ re-use ਕੀਤਾ ਜਾ ਸਕਦਾ ਹੈ। ਅਤੇ ਇਸ ਲਈ Waste ਤੋਂ Wealth ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਸਾਨੰ ਜਤਨ ਕਰਨਾ ਚਾਹੀਦਾ ਹੈ।

ਸਰਕਾਰ ਦੇ ਵੱਖੋ-ਵੱਖਰੇ ਵਿਭਾਗ ਵੀ ਸਵੱਛਾ ਨੂੰ ਵਧਾਉਣ ਲਈ, ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ-ਨਵੇਂ initiative ਲੈ ਰਹੇ ਹਨ। ਇਸ ਵਿੱਚ ਟੈਕਨਾਲੋਜੀ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਕਿਵੇਂ ਰੇਲਵੇ ਵਿੱਚ ਗੰਦਗੀ ਨਾਲ ਜੁੜਿਆ ਇੱਕ ਟਵੀਟ ਹੋਣ ਉੱਤੇ ਕਿੰਨੀ ਤੇਜ਼ੀ ਨਾਲ ਉਸ ਨੂੰ respond ਕੀਤਾ ਜਾਂਦਾ ਹੈ। ਨਹੀਂ ਤਾਂ ਤੁਸੀਂ ਲੋਕ ਯਾਦ ਕਰੋ, ਪਹਿਲਾਂ ਕਿਵੇਂ ਰੇਲ ਦੇ ਡੱਬਿਆਂ ਵਿੱਚ, ਪਲੇਟਫ਼ਾਰਮ ਉੱਤੇ ਗੰਦਗੀ ਦੀ ਵਿਵਸਥਾ ਦਾ ਹਿੱਸਾ ਮੰਨ ਲਿਆ ਗਿਆ ਸੀ।

ਹਾਲੇ ਪਿੱਛੇ ਜਿਹੇ ਪੈਟਰੋਲੀਅਮ ਮੰਤਰਾਲੇ ਨੇ swachhta@ petrol pump ਦੇ ਨਾਮ ਨਾਲ ਇੱਕ ਮੋਬਾਇਲ App ਲਾਂਚ ਕੀਤੀ ਹੈ। ਜੇ ਪੈਟਰੋਲ ਪੰਪ ਉੱਤੇ ਬਣੇ ਪਖਾਨਿਆਂ ਵਿੱਚ ਗੰਦਗੀ ਹੈ, ਉਹ ਸਾਫ਼ ਨਹੀਂ ਹਨ ਤਾਂ ਇਸ ਦੀ ਸ਼ਿਕਾਇਤ ਤੁਰੰਤ ਇਸ App ਦੇ ਮਾਧਿਅਮ ਰਾਹੀਂ ਕੀਤੀ ਜਾ ਸਕਦੀ ਹੈ। ਦੇਸ਼ ਦੇ ਲਗਭਗ 55 ਹਜ਼ਾਰ ਪੈਟਰੋਲ ਪੰਪਾਂ ਉੱਤੇ ਇਹ ਸਹੂਲਤ ਉਪਲਬਧ ਹੋਵੇਗੀ।

ਇਸ ਲੜੀ ੳਿੱਚ ਦਿੱਲੀ ਵਿਖੇ ਇੱਕ ਰਾਸ਼ਟਰੀ ਸਵੱਛਤਾ ਕੇਂਦਰ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ। ਇਹ ਕੇਂਦਰ ਸਵੱਛਤਾ ਅਭਿਆਨ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ, ਆਧੁਨਿਕ ਤਕਨੀਕਾਂ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇਕ ਸਿੱਧ ਹੋਵੇਗਾ।

ਦੋਸਤੋ, ਵੱਖੋ-ਵੱਖਰੇ ਪੱਧਰ ਉੱਤੇ, ਗਵਰਨਮੈਂਟ ਤੋਂ ਲੈ ਕੇ ਪਿੰਡ ਤੱਕ ਸਵੱਛਾਗ੍ਰਹਿ ਦਾ ਅਭਿਆਨ ਇਸ ਵੇਲੇ ਦੇਸ਼ ਵਿੱਚ ਛਿੜਿਆ ਹੋਇਆ ਹੈ, ਉਹ ਅਦਭੁਤ ਹੈ। ਹੁਣ ਲੋਕਾਂ ਦੇ thought process ਵਿੱਚ ਆ ਰਿਹਾ ਹੈ ਕਿ ਗੰਦਗੀ ਨਹੀਂ ਫੈਲਾਉਣੀ ਹੈ, ਬੱਚੇ ਵੱਡਿਆਂ ਨੂੰ ਟੋਕ ਰਹੇ ਹਨ, ਸ਼ਿਕਾਇਤ ਕਰ ਰਹੇ ਹਨ ਅਤੇ ਇਸ ਲਈ ਸਵੱਛਤਾ, ਸਵੱਛਾਗ੍ਰਹਿ ਇਸ ਅਭਿਆਨ ਨੂੰ ਅੱਗੇ ਵਧਾਉਣ ਲਈ ਸ਼ਿਕਾਇਤ ਦੇ ਨਾਲ ਹੀ ਇੱਕ ਭਾਵ ਇਹ ਵੀ ਤਾਂ ਆ ਰਿਹਾ ਹੈ ਕਿ ਅਸੀਂ ਗੰਦਗੀ ਨਹੀਂ ਕਰਨੀ ਹੈ, ਆਪਣੇ ਆਲੇ-ਦੁਆਲੇ, ਘਰ, ਦਫ਼ਤਰ, ਸੜਕ-ਸ਼ਹਿਰ ਨੂੰ ਸਾਫ਼ ਰੱਖਣਾ ਹੈ। ਸਵੱਛਤਾ ਪ੍ਰਤੀ ਇਹ ਭਾਵ ਹੀ ਸਵੱਛਾਗ੍ਰਹਿ ਹੈ, ਸਵੱਛਤਾ ਲਈ ਕੀਤਾ ਗਿਆ ਕਾਰਜ ਹੀ ਬਾਪੂ ਨੂੰ ਕਿਰਿਆਂਜਲੀ ਹੈ।

ਦੋਸਤੋ, ਗਾਂਧੀ ਜੀ ਕੇਵਲ ਵਿਵਸਥਾ ਪਰਿਵਰਤਨ ਹੀ ਨਹੀਂ ਮੁੱਲ-ਪਰਿਵਰਤਨ ਵੀ ਚਾਹੁੰਦੇ ਸਨ। ਉਨ੍ਹਾਂ ਆਪਣੀ ਆਤਮ-ਕਥਾ ਵਿੱਚ ਲਿਖਿਆ ਹੈ,”ਮੈਂ ਚਾਹੁੰਦਾ ਹਾਂ ਕਿ ਭਾਰਤ ਇਸ ਗੱਲ ਨੂੰ ਪਛਾਣ ਲਵੇ ਕਿ ਉਹ ਸਰੀਰ ਨਹੀਂ, ਸਗੋਂ ਅਮਰ ਆਤਮਾ ਹੈ, ਜੋ ਹਰੇਕ ਸਰੀਰਕ ਕਮਜ਼ੋਰੀ ਤੋਂ ਉੱਪਰ ਉੱਠ ਸਕਦੀ ਹੈ ਅਤੇ ਸਾਰੀ ਦੁਨੀਆ ਦੇ ਸਮੂਹਕ ਸਰੀਰਕ ਬਲ ਨੂੰ ਚੁਣੌਤੀ ਦੇ ਸਕਦੀ ਹੈ।”

ਸਾਨੂੰ ਦੇਸ਼ ਦੀ ਆਤਮਾ ਨੂੰ ਪਛਾਣਨਾ ਹੋਵੇਗਾ। ਤਬਦੀਲੀ ਆ ਸਕਦੀ ਹੈ, ਇਸ ਸੋਚ ਨਾਲ ਅੱਗੇ ਵਧਣਾ ਹੋਵੇਗਾ। ਜਿੰਨੀ ਇਹ ਸੋਚ ਮਜ਼ਬੂਤ ਹੋਵੇਗੀ, ਓਨਾ ਹੀ NEW INDIA ਦੀ ਨੀਂਹ ਮਜ਼ਬੂਤ ਹੋਵੇਗੀ। ਸਾਨੂੰ ਸਵੱਛਤਾ ਨਾਲ ਜੁੜੇ ਆਪਣੇ ਟੀਚੇ ਤੈਅ ਕਰਨੇ ਹੋਣਗੇ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਲਗਾਤਾਰ ਜਤਨ ਕਰਨਾ ਹੋਵੇਗਾ। ਕੋਈ ਕਾਰਨ ਨਹੀਂ ਹੈ ਕਿ ਭਾਰਤ ਦੀ ਪਛਾਣ ਇੱਕ ਅਸਵੱਛ ਦੇਸ਼ ਦੇ ਤੌਰ ਉੱਤੇ ਰਹੇ। ਕੋਈ ਕਾਰਨ ਨਹੀਂ ਕਿ ਸਾਡਾ ਦੇਸ਼ ਸਵੱਛ ਨਾ ਹੋ ਸਕੇ। ਕੋਈ ਕਾਰਨ ਨਹੀਂ ਕਿ ਅਸੀਂ ਸਵੱਛਾਗ੍ਰਹਿ ਦੇ ਇਸ ਅਭਿਆਨ ਨੂੰ ਪੂਰਾ ਨਾ ਕਰ ਸਕੀਏ। ਮਹਾਤਮਾ ਗਾਂਧੀ ਦੇ ਇੱਕ ਸਵੱਛ, ਤੰਦਰੁਸਤ ਅਤੇ ਖ਼ੁਸ਼ਹਾਲ ਭਾਰਤ ਦਾ ਸੁਪਨਾ ਹਰੇਕ ਭਾਰਤੀ ਦਾ ਸੁਪਨਾ ਹੋਣਾ ਚਾਹੀਦਾ ਹੈ। ਇਸ ਮਿਸ਼ਨ ਦੀ ਸਫ਼ਲਤਾ ਹੀ, ਬਾਪੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਸੱਚੀ ਕਿਰਿਆਂਜਲੀ ਹੋਵੇਗੀ।

ਮੈਂ ਸੱਚਮੁਚ ਅਨੁਰੋਧ ਕਰਦਾ ਹਾਂ, ਦੇਸ਼ ਵਾਸੀਓ, 2019 ਵਿੱਚ ਜਦੋਂ ਗਾਂਧੀ ਦੇ 150 ਸਾਲ ਹੋਣਗੇ, 1915 ਵਿੱਚ ਜਦੋਂ ਗਾਂਧੀ ਭਾਰਤ ਪਰਤੇ ਸਨ, ਦੋ ਸਾਲਾਂ ਦੇ ਅੰਦਰ-ਅੰਦਰ 1917 ਵਿੱਚ ਚੰਪਾਰਣ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਮਹਾਤਮਾ ਗਾਂਧੀ ਬਣ ਗਏ। ਬਾਰਦੌਲੀ ਦੇ ਸੱਤਿਆਗ੍ਰਹਿ ਵਿੱਚ ਵੱਲਭ ਭਾਈ ਪਟੇਲ, ਸਰਦਾਰ ਪਟੇਲ ਬਣ ਗਏ ਸਨ। ਦੇਸ਼ ਉਨ੍ਹਾਂ ਦੇ ਪਿੱਛੇ ਚੱਲ ਪਏ ਸਨ। ਸਾਡੇ ਲਈ ਚੰਪਾਰਣ ਸੱਤਿਆਗ੍ਰਹਿ ਆਜ਼ਾਦੀ ਦੇ ਅੰਦੋਲਨ ਦੀ ਇੱਕ ਨਵੀਂ ਧਾਰਾ ਨੂੰ ਸਸ਼ੱਕਤ ਬਣਾਉਣ ਦਾ ਮੁਢਲਾ ਨੁਕਤਾ ਸੀ। ਅੱਜ ਉਸ ਦੀ ਜਦੋਂ ਸ਼ਤਾਬਦੀ ਮਨਾ ਰਹੇ ਹਾਂ, ਤਦ ਸਵੱਛਾਗ੍ਰਹਿ ਦਾ ਸਾਡਾ ਸੰਕਲਪ ਵੀ ਸੱਤਿਆਗ੍ਰਹਿ ਤੋਂ ਸਵੱਛਾਗ੍ਰਹਿ ਦੀ ਯਾਤਰਾ, ਅਤੇ ਇਹ ਦੋਵੇਂ ਚੀਜ਼ਾਂ ਗਾਂਧੀ ਦੀ ਦੇਣ ਹਨ। ਉਸ ਸਮੇਂ ਸੱਤਿਆਗ੍ਰਹਿ ਆਜ਼ਾਦੀ ਲਈ ਜ਼ਰੂਰੀ ਸੀ, ਇਸ ਵੇਲੇ ਸਵੱਛਾਗ੍ਰਹਿ ਦੇਸ਼ ਨੂੰ ਗੰਦਗੀ ਤੋਂ ਮੁਕਤੀ ਲਈ ਜ਼ਰੂਰੀ ਹੈ। ਅਤੇ ਗੰਦਗੀ ਤੋਂ ਮੁਕਤੀ ਭਾਵ ਗ਼ਰੀਬਾਂ ਦੀ ਭਲਾਈ। ਜੇ ਸੱਚਮੁਚ ਗ਼ਰੀਬਾਂ ਦੀ ਸੇਵਾ ਕਰਨੀ ਹੈ, ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣਾ ਹੈ, ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਲਿਆਉਣੀ ਹੈ, ਤਾਂ ਗੰਦਗੀ ਤੋਂ ਮੁਕਤੀ ਦੇ ਇਸ ਮੰਤਰ ਨੂੰ ਲੈ ਕੇ ਦੇਸ਼ ਵਾਸੀਓ ਅਸੀਂ ਚੱਲਣਾ ਹੈ।

ਮੈਂ ਫਿਰ ਇੱਕ ਵਾਰ ਚੰਪਾਰਣ ਦੀ ਸੱਤਿਆਗ੍ਰਹਿ ਦੀ ਸ਼ਤਾਬਦੀ ਦੇ ਪ੍ਰਾਰਬਧ ਵਿੱਚ ਹੀ, ਸਾਲ ਭਰ ਚੰਪਾਰਣ ਸੱਤਿਆਗ੍ਰਹਿ ਦੀ ਸ਼ਤਾਬਦੀ ਹੋਵੇ, ਸਾਬਰਮਤੀ ਆਸ਼ਰਮ ਨੂੰ ਸੌ ਵਰ੍ਹੇ ਹੋਣ ਜਾ ਰਹੇ ਹਨ, ਜਿੱਥੇ ਮਹਾਤਮਾ ਗਾਂਧੀ ਨੇ ਤਪੱਸਿਆ ਕੀਤੀ ਮੇਰੇ ਹਿਸਾਬ ਨਾਲ। ਅਤੇ 150 ਗਾਂਧੀ ਦੇ 2019 ਵਿੱਚ ਸਾਡੇ ਸਾਹਮਣੇ ਹਨ। ਇਹ ਅਜਿਹਾ ਕਾਲਖੰਡ ਹੈ, ਜੋ ਅਸੀਂ 20ਵੀਂ ਸਦੀ ਦੇ ਗਾਂਧੀ ਨੂੰ 21ਵੀਂ ਸਦੀ ਵਿੱਚ ਜਿਉਣ ਦਾ, ਆਧੁਨਿਕ ਰੂਪ-ਰੰਗ ਨਾਲ ਜਿਊਣ ਦਾ, ਨਵੀਂ ਸੋਚ ਨਾਲ ਜਿਊਣ ਦਾ, ਨਵੇਂ ਸੰਕਲਪ ਨਾਲ ਜਿਊਣ ਦਾ, ਨਵੀਂਆਂ ਆਸਾਂ ਨੂੰ ਜਗਾਉਣ ਲਈ ਜਿਊਣ ਦਾ ਇੱਕ ਨਵੇਂ ਮੌਕੇ ਦੇ ਰੂਪ ਵਿੱਚ ਲੈ ਕੇ ਚੱਲਣ ਦਾ ਜੇ ਅਸੀਂ ਕਰ ਕੇ ਚੱਲਾਂਗੇ, ਮੈਨੂੰ ਵਿਸ਼ਵਾਸ ਹੈ ਕਿ ਉਹੀ ਸੱਚੇ ਅਰਥ ਵਿੱਚ ਕਿਰਿਆਂਜਲੀ ਹੋਵੇਗੀ। ਸ਼ਰਧਾਂਜਲੀ ਅਸੀਂ ਬਹੁਤ ਦਿੱਤੀ ਹੈ, ਸ਼ਰਧਾਂਜਲੀ ਦੇਵਾਂਗੇ ਵੀ, ਪਰ ਹੁਣ ਜ਼ਰੂਰਤ ਹੈ ਕਿਰਿਆਂਜਲੀ ਦੀ। ਸਾਡਾ ਸੰਕਲਪ, ਸਾਡੀ ਮਿਹਨ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੈ। ਸਾਡੀ ਨਿੱਤ-ਨਿਰੰਤਰ ਕੋਸ਼ਿਸ਼ ਹੈ ਉਸ ਕਿਰਿਆਂਜਲੀ ਰਾਹੀਂ ਬਾਪੂ ਦੇ ਸੁਪਨਿਆਂ ਦੇ ਭਾਰਤ ਨੂੰ ਅਸੀਂ ਅੱਖਾਂ ਸਾਹਮਣੇ ਵੇਖ ਸਕਦੇ ਹਾਂ। ਇਸੇ ਇੱਕ ਭਾਵਨਾ ਦੇ ਨਾਲ, ਇਸ ਮਹਾਨ ਮੌਕੇ ਨੂੰ ਦੇਸ਼ ਵਾਸੀ ਜਿਉਂ ਕੇ ਵਿਖਾਉਣ, ਇਸੇ ਇੱਕ ਆਸ ਨਾਲ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਵੰਦੇ ਮਾਤਰਮ। ਭਾਰਤ ਮਾਤਾ ਕੀ ਜੈ।

****

AKT/AK/NS