Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਵਡੋਦਰਾ ਵਿਖੇ ਸਮਾਜਿਕ ਅਧਿਕਾਰਿਤਾ ਸ਼ਿਵਿਰ ‘ਚ ਦਿੱਤੇ ਭਾਸ਼ਣ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਵਡੋਦਰਾ ਵਿਖੇ ਸਮਾਜਿਕ ਅਧਿਕਾਰਿਤਾ ਸ਼ਿਵਿਰ ‘ਚ ਦਿੱਤੇ ਭਾਸ਼ਣ ਦਾ ਮੂਲ-ਪਾਠ


ਅੱਜ ਵਡੋਦਰਾ ਆਪਣੇ ਰੌਂਅ ਵਿੱਚ ਹੈ। ਮੈਨੂੰ ਇੱਥੇ ਆਉਣ ਵਿੱਚ ਥੋੜ੍ਹੀ ਦੇਰੀ ਹੋਈ, ਉਸ ਦਾ ਕਾਰਨ ਮੈਂ ਦੇਰੀ ਨਾਲ ਨਹੀਂ ਆਇਆ ਸੀ, ਪਰ ਏਅਰਪੋਰਟ ਤੋਂ ਇੱਥੋਂ ਤੱਕ ਪੂਰਾ ਵਡੋਦਰਾ (ਵਡੋਦਰਾ ਦੇ ਲੋਕ) ਰੋਡ ‘ਤੇ ਸੀ। ਮੇਰਾ ਸੁਭਾਗ ਸੀ ਕਿ ਵਡੋਦਰਾ ਦੇ ਨਗਰ ਵਾਸੀਆਂ ਦੇ ਦਰਸ਼ਨਾਂ ਦਾ ਮੈਨੂੰ ਮੌਕਾ ਮਿਲਿਆ ਅਤੇ ਵਿਸ਼ਾਲ ਗਿਣਤੀ ਵਿੱਚ ਤੁਸੀਂ ਇੱਥੇ ਆ ਕੇ ਮੈਨੂੰ ਅਸ਼ੀਰਵਾਦ ਦਿੱਤੇ। ਇਸ ਲਈ ਮੈਂ ਤੁਹਾਡਾ ਸਭ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ।

ਅੱਜ ਵਡੋਦਰਾ ‘ਚ ਸਰਕਾਰ ਦੇ ਦੋ ਕੰਮਾਂ ਵਿੱਚ ਆਉਣ ਦਾ ਮੈਨੂੰ ਮੌਕਾ ਮਿਲਿਆ। ਇੱਕ ਤਾਂ ਵਡੋਦਰਾ ‘ਚ ਬੇਹੱਦ ਆਧੁਨਿਕ ਏਅਰਪੋਰਟ ਦਾ ਉਦਘਾਟਨ ਸੀ ਅਤੇ ਇਹ ਆਮ ਏਅਰਪੋਰਟ ਨਹੀਂ ਹੈ। ਜਿਸ ਟੈਕਨਾਲੋਜੀ ਨਾਲ, ਵਸੀਲਿਆਂ ਨਾਲ ਵਾਤਾਵਰਨ ਦੀ ਚਿੰਤਾ ਕਰ ਕੇ ਬਣਾਇਆ ਇਹ ਖ਼ਾਸ ਕਿਸਮ ਦਾ ਏਅਰਪੋਰਟ ਹੈ। ਹਿੰਦੁਸਤਾਨ ਵਿੱਚ ਅਜਿਹਾ ਇੱਕ ਏਅਰਪੋਰਟ ਕੇਰਲ ‘ਚ ਬਣਿਆ ਅਤੇ ਦੂਜਾ ਅੱਜ ਵਡੋਦਰਾ ਦੇ ਵਿਹੜੇ ‘ਚ ਰਾਸ਼ਟਰ ਨੂੰ ਸਮਰਪਿਤ ਹੋਇਆ। ਦੂਜਾ ਬੇਹੱਦ ਅਹਿਮ ਪ੍ਰੋਗਰਾਮ ਅਤੇ ਮੇਰੇ ਸਾਹਮਣੇ ਪੰਜ-ਸੱਤ ਪ੍ਰੋਗਰਾਮਾਂ ਦੇ ਪ੍ਰੋਪੋਜ਼ਲ ਪਏ ਹੋਣ, ਤਾਂ ਮੇਰੇ ਸੁਭਾਅ ਮੁਤਾਬਕ ਮੈਂ ਦਿੱਵਯਾਂਗ ਦੇ ਪ੍ਰੋਗਰਾਮ ਨੂੰ ਪ੍ਰਮੁੱਖਤਾ ਦਿੰਦਾ ਹਾਂ। ਨਿਰਦੋਸ਼ ਬਾਲ-ਬੱਚਿਆਂ ਨੂੰ ਮਿਲਣਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਈਸ਼ਵਰ ਦਾ ਪ੍ਰਸਾਦ ਸਮਝ ਕੇ ਇਨ੍ਹਾਂ ਬੱਚਿਆਂ ਦਾ ਜੋ ਪਾਲਣ-ਪੋਸ਼ਣ ਕੀਤਾ ਹੁੰਦਾ ਹੈ, ਇੱਕ ਤਰ੍ਹਾਂ ਦੀ ਤਪੱਸਿਆ ਕੀਤੀ ਹੁੰਦੀ ਹੈ। ਇਸ ਲਈ ਮੈਨੂੰ ਇਨ੍ਹਾਂ ਦਿੱਵਯਾਂਗ ਵਿਅਕਤੀਆਂ ਦੇ ਮਾਪਿਆਂ ਨੂੰ ਵੀ ਪ੍ਰਣਾਮ ਕਰਨ ਦਾ ਮੌਕਾ ਮਿਲਦਾ ਹੈ ਕਿ ਜਿਨ੍ਹਾਂ ਨੇ ਆਪਣੀ ਔਲਾਦ ਲਈ ਖ਼ੁਦ ਦੇ ਜੀਵਨ ਨੂੰ ਅਤੇ ਆਪਣੇ ਸੁਪਨੇ ਕੁਰਬਾਨ ਕੀਤੇ ਹਨ। ਮਾਪੇ ਕਿਤੇ ਜਾ ਨਹੀਂ ਸਕਦੇ, ਔਲਾਦ ਨੂੰ ਇਕੱਲੇ ਰੱਖ ਨਹੀਂ ਸਕਦੇ। ਉਨ੍ਹਾਂ ਪਰਿਵਾਰਾਂ ਨੂੰ ਵੇਖੀਏ, ਤਾਂ ਪਤਾ ਚਲਦਾ ਹੈ ਕਿ ਪਰਿਵਾਰ ਕਿੰਨੀ ਤਪੱਸਿਆ ਕਰਦਾ ਹੈ ਅਤੇ ਇਹ ਜਦੋਂ ਵੇਖਦੇ ਹਾਂ, ਤਦ ਸਮਾਜ ਦੇ ਤੌਰ ‘ਤੇ, ਸਰਕਾਰ ਦੇ ਤੌਰ ‘ਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਪਰਿਵਾਰ ਦੇ ਇਸ ਕੰਮ ਵਿੱਚ ਅਸੀਂ ਵੀ ਮਦਦਗਾਰ ਹੋਈਏ, ਉਨ੍ਹਾਂ ਦੀ ਥੋੜ੍ਹੀ ਜ਼ਿੰਮੇਵਾਰੀ ਅਸੀਂ ਵੀ ਚੁੱਕੀਏ ਅਤੇ ਉਸ ਪਵਿੱਤਰ ਭਾਵ ਨਾਲ ਇਹ ਦਿੱਵਯਾਂਗ ਵਿਅਕਤੀਆਂ ਵਿਚਕਾਰ ਮੇਰੀ ਸਰਕਾਰ ਆਉਂਦੀ ਹੈ, ਮੈਂ ਆਉਂਦਾ ਹਾਂ ਅਤੇ ਇਹ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਇਸ ਪਿੱਛੇ ਮੇਰੇ ਮਨ ਵਿੱਚ ਇੱਕ ਵਿਚਾਰ ਹੈ, ਖ਼ਿਆਲ ਹੈ। ਇਹ ਮੌਕਾ ਸਹਾਇਤਾ ਦਾ ਮੌਕਾ ਨਹੀਂ ਹੈ, ਸਾਧਨ ਸਹਾਇਤਾ ਦਾ ਮੌਕਾ ਨਹੀਂ ਹੈ, ਇਹ ਤਾਂ ਇਸ ਦਾ ਇੱਕ ਛੋਟਾ ਜਿਹਾ ਭਾਗ ਹੈ। ਪਰ ਇਸ ਲੱਖਾਂ ਲੋਕਾਂ ਦੇ ਪ੍ਰੋਗਰਾਮ ਵੱਲੋਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਮਨ ਵਿੱਚ ਦਿੱਵਯਾਂਗ ਵਿਅਕਤੀਆਂ ਪ੍ਰਤੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ। ਜਿਸ ਦੇ ਘਰ ਵਿੱਚ ਦਿੱਵਯਾਂਗ ਵਿਅਕਤੀ ਹੈ, ਕੇਵਲ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ ਪਰ ਇਹ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ, ਉਸ ਵਾਤਾਵਰਨ ਦਾ ਨਿਰਮਾਣ ਕਰਨ ਦਾ ਮੇਰਾ ਇੱਕ ਯਤਨ ਹੈ। ਇਸ ਮੁੱਦੇ ‘ਤੇ ਇੱਕ ਦੇਸ਼ ਵਜੋਂ ਜਾਣ ਬੁੱਝ ਕੇ ਜਾਂ ਅਣਜਾਣਪੁਣੇ ਵਿੱਚ ਅਸੀਂ ਲੋਕ ਉਦਾਸੀਨ ਹਾਂ।

ਸਰਕਾਰੀ ਇਮਾਰਤਾਂ ਬਣੀਆਂ ਹੋਣ ਅਤੇ ਜੇ ਉੱਥੇ ਕਿਸੇ ਦਿੱਵਯਾਂਗ ਵਿਅਕਤੀ ਨੇ ਆਉਣਾ ਹੋਵੇ, ਤਾਂ ਉਨ੍ਹਾਂ ਲਈ ਵੀ ਇਹੋ ਵਿਵਸਥਾ ਹੁੰਦੀ ਹੈ, ਜੋ ਮਜ਼ਬੂਤ ਸਰੀਰ ਵਾਲੇ ਲੋਕਾਂ ਲਈ ਹੁੰਦੀ ਹੈ। ਹੁਣ ਇਹ ਕਿਵੇਂ ਜਾਣਗੇ ਉੱਥੇ? ਅਸੀਂ ਇੱਕ ‘ਸੁਗਮਯ’ ਯੋਜਨਾ ਉਲੀਕੀ, ਸਰਕਾਰੀ ਇਮਾਰਤਾਂ ਨੂੰ ਜਾਣੂ ਕਰਵਾਇਆ ਹੈ, ਰਾਤੋਂ-ਰਾਤ ਪੈਸੇ ਨਾ ਆਏ, ਇਹ ਸਮਝ ਸਕਦੇ ਹਾਂ, ਪਰ ਹੁਣ ਇਮਾਰਤਾਂ ਬਣਨ ਤਾਂ, ਰੇਲਵੇ ਪਲੇਟਫ਼ਾਰਮ ਬਣਨ ਤਾਂ, ਬੱਸ ਸਟੇਸ਼ਨ ਬਣਨ ਤਾਂ, ਉਸ ਵਿੱਚ ਇੱਕ ਇੰਤਜ਼ਾਮ ਅਜਿਹਾ ਵੀ ਹੋਣਾ ਚਾਹੀਦਾ ਹੈ ਕਿ ਜਿਸ ਨਾਲ ਦਿੱਵਯਾਂਗ ਵਿਅਕਤੀ ਸਰਲਤਾ ਨਾਲ ਕਿਤੇ ਜਾ ਸਕਣ ਅਤੇ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਲੋਕਾਂ ਨੂੰ ਇਸ ਵਿੱਚ ਕੋਈ ਵਿਰੋਧ ਨਹੀਂ ਹੁੰਦਾ ਹੈ, ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ। ਬੱਸ ਇਹੋ ਆਖਦੇ ਹਨ ਕਿ ਸਾਹਿਬ ਪਹਿਲਾਂ ਕਿਸੇ ਨੇ ਦੱਸਿਆ ਨਹੀਂ ਸੀ, ਤੁਸੀਂ ਦੱਸ ਦਿੱਤਾ ਹੁਣ ਅਸੀਂ ਕਰ ਦੇਵਾਂਗੇ।

ਹੌਲੀ-ਹੌਲੀ ਇਹ ਵਾਤਾਵਰਨ ਸਕੂਲ ਹੋਵੇ, ਕਾਲਜ ਹੋਵੇ, ਹਾਸਪਿਟਲ ਹੋਵੇ, ਸਰਕਾਰੀ ਜਗ੍ਹਾ ਹੋਵੇ, ਉੱਥੇ ਜੋ ਵੀ ਵਿਵਸਥਾ ਬਣਾਏ, ਉਸ ਵਿੱਚ ਦਿੱਵਯਾਂਗਾਂ ਲਈ ਸਾਡੇ ਦਿਮਾਗ਼ ਵਿੱਚ ਚਿੰਤਨ ਹੋਣਾ ਚਾਹੀਦਾ ਹੈ। ਆਰਕੀਟੈਕਚਰ ਕਾਲਜ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਜੋ ਨਵੇਂ ਆਰਕੀਟੈਕਚਰ ਤਿਆਰ ਹੋਣਗੇ, ਉਨ੍ਹਾਂ ਦੇ ਡਿਜ਼ਾਇਨ ਵਿੱਚ ਇਹ ਵਿਵਸਥਾ ਹੋਵੇ। ਇਹ ਇੱਕ ਲੋਕ-ਅੰਦੋਲਨ ਖੜ੍ਹਾ ਕਰਨਾ ਪਵੇਗਾ ਅਤੇ ਜੇ ਇਹ ਲੋਕ-ਅੰਦੋਲਨ ਅਸੀਂ ਕਰਾਂਗੇ, ਤਾਂ ਕਾਫ਼ੀ ਵਿਵਸਥਾਵਾਂ ਵਿਕਾਸ ਲੈ ਸਕਦੀਆਂ ਹਨ ਅਤੇ ਇੱਕ ਵਾਰ ਦਿੱਵਯਾਂਗ ਲੋਕਾਂ ਲਈ ਸਮਾਜ ਦਾ ਦ੍ਰਿਸ਼ਟੀਕੋਣ ਬਦਲੇ, ਕੋਈ ਦਿੱਵਯਾਂਗ ਵਿਅਕਤੀ ਜੇ ਜਾ ਰਿਹਾ ਹੋਵੇ ਅਤੇ ਚਾਰ-ਪੰਜ ਨੌਜਵਾਨ ਖੜ੍ਹੇ ਹੋ ਜਾਣ ਅਤੇ ਉਨ੍ਹਾਂ ਨੂੰ ਰਾਹ ਦੇਣ, ਤਦ ਸਨਮਾਨ ਦਾ ਭਾਵ ਉਨ੍ਹਾਂ ਵਿੱਚ ਆਉਂਦਾ ਹੈ ਕਿ ਇਹ ਦੇਸ਼, ਇਹ ਸਮਾਜ ਅਤੇ ਮੇਰੇ ਆਲੇ-ਦੁਆਲੇ ਦੇ ਲੋਕ ਮੇਰੇ ਲਈ ਜਾਗ੍ਰਿਤ ਹਨ।

ਜਦ ਤੋਂ ਸਰਕਾਰ ਵਿੱਚ ਇਹ ਵਿਵਸਥਾ ਬਣੀ ਹੈ, ਪਿਛਲੀਆਂ ਸਰਕਾਰਾਂ ਨੇ ਵੀ ਇਸ ਦਿਸ਼ਾ ਵਿੱਚ ਕੰਮ ਕੀਤਾ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 1992 ਤੋਂ ਇਸ ਤਰ੍ਹਾਂ ਦੇ ਕੰਮਾਂ ਦੀ ਸ਼ੁਰੂਆਤ ਹੋਈ। 1992 ਤੋਂ 2014 ਤੱਕ ਇਸ ਤਰ੍ਹਾਂ ਨਾਲ ਦਿੱਵਯਾਂਗ ਵਿਅਕਤੀਆਂ ਨੂੰ ਸਹਾਇਤਾ ਪਹੁੰਚਾਉਣ ਦੇ ਕੇਵਲ 56 ਪ੍ਰੋਗਰਾਮ ਹੋਏ ਸਨ। ਦੋ ਸਾਲਾਂ ਵਿੱਚ ਇਹ ਸਰਕਾਰ ਬਣਨ ਤੋਂ ਬਾਅਦ ਸਾਢੇ ਚਾਰ ਹਜ਼ਾਰ ਅਜਿਹੇ ਪ੍ਰੋਗਰਾਮ ਕੀਤੇ ਗਏ ਅਤੇ ਦੇਸ਼ ਭਰ ਵਿੱਚੋਂ ਲੱਭ-ਲੱਭ ਕੇ ਹੁਣ ਤੱਕ ਸਾਢੇ ਪੰਜ ਲੱਖ ਦਿੱਵਯਾਂਗ ਵਿਅਕਤੀਆਂ ਨੂੰ ਸਿੱਧੀ ਸਹਾਇਤਾ ਮੁਹੱਈਆ ਕਰਵਾ ਦਿੱਤੀ ਗਈ ਹੈ। ਕੇਵਲ ਯੋਜਨਾ ਉਲੀਕਣਾ ਨਹੀਂ, ਸਰਕਾਰ ਦੇ ਸਾਰੇ ਹਿੱਸੇ ਸੰਵੇਦਨਸ਼ੀਲ ਹੋਣ, ਯੋਜਨਾਵਾਂ ਗ਼ਰੀਬਾਂ ਦੇ ਘਰ, ਦਲਿਤ ਦੇ ਘਰ, ਹੁਣ ਤੱਕ ਵਾਂਝੇ ਰਹੇ ਲੋਕਾਂ ਦੇ ਘਰ… ਉਸ ਦੇ ਘਰ ਤੱਕ ਪੁੱਜੇ, ਭਾਰਤ ਸਰਕਾਰ ਇਹ ਚਾਹੁੰਦੀ ਹੈ ਅਤੇ ਨਤੀਜੇ ਦਿੰਦੀ ਹੈ।

ਸਾਡੇ ਦਿੱਵਯਾਂਗ ਵਿਅਕਤੀਆਂ ਲਈ ਜੋ ਸਾਧਨਾਂ ਦੀ ਜ਼ਰੂਰਤ ਹੋਵੇ, ਉਹ ਸਾਧਨ ਬਣਾਉਣ ਲਈ ਸਰਕਾਰ ਦਾ ਇੱਕ ਕੰਮ ਹੈ, ਜਿਸ ਵਿੱਚ ਇਨੋਵੇਸ਼ਨ ਹੁੰਦਾ ਹੈ। ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਕੇਵਲ ਨਾਮ ਦਾ ਰਹਿ ਗਿਆ ਸੀ, ਇਹ ਸਰਕਾਰ ਨੇ ਉਸ ਨੂੰ ਮੁੜ ਸੁਰਜੀਤ ਕੀਤਾ। ਨਵੇਂ-ਨਵੇਂ ਇੰਜੀਨੀਅਰਾਂ ਨੂੰ ਸੱਦਿਆ ਅਤੇ ਜੋ ਸੰਸਥਾ ਬੰਦ ਹੋ ਗਈ ਸੀ, ਉਸ ਵਿੱਚ ਨਵੇਂ-ਨਵੇਂ ਇਨੋਵੇਸ਼ਨ ਹੋਏ, ਨਵੀਆਂ-ਨਵੀਆਂ ਚੀਜ਼ਾਂ ਬਣਨ ਲਗੀਆਂ ਅਤੇ ਹੁਣ ਕਾਫ਼ੀ ਸਸਤੇ ਭਾਅ ‘ਚ, ਪਰਿਵਾਰ ਵਿੱਚ ਜੇ ਕਿਸੇ ਨੇ ਕੁਝ ਖ਼ਰੀਦਣਾ ਹੋਵੇ, ਤਾਂ ਖ਼ਰੀਦ ਸਕੇ; ਅਜਿਹਾ ਇੰਤਜ਼ਾਮ ਕੀਤਾ। ਕਹਿਣ ਦਾ ਭਾਵ ਇਹ ਹੈ ਕਿ ਇੱਕ ਸਰਕਾਰ ਵਜੋਂ ਸਰਕਾਰ ਦੇ ਇਸ ਵਰਗ ਦੀ ਵੀ ਚਿੰਤਾ, ਉਨ੍ਹਾਂ ਨੂੰ ਵੀ ਓਨੀ ਹੀ ਤਰਜੀਹ ਅਤੇ ਉਸ ਦਾ ਨਤੀਜਾ ਹੈ ਕਿ ਅੱਜ ਸਾਰਾ ਡਿਪਾਰਟਮੈਂਟ ਭਾਰਤ ਸਰਕਾਰ ਦੇ ਕੇਂਦਰ ਵਿੱਚ ਆ ਗਿਆ ਹੈ। ਦਲਿਤ, ਪੀੜਤ, ਵਾਂਝੇ ਰਹੇ ਦਿੱਵਯਾਂਗ ਵਿਅਕਤੀਆਂ ਲਈ ਸਮੁੱਚੇ ਡਿਪਾਰਟਮੈਂਟ ਨੂੰ ਸਜੀਵ ਬਣਾਉਣ ਦਾ ਬੀੜਾ ਸਰਕਾਰ ਨੇ ਚੁੱਕਿਆ ਹੈ ਅਤੇ ਦੋ ਸਾਲਾਂ ਦੇ ਘੱਟ ਸਮੇਂ ਵਿੱਚ ਇਹ ਕਰਨ ਵਿੱਚ ਅਸੀਂ ਸਫ਼ਲ ਹੋਏ ਹਾਂ।

ਸਰਕਾਰ ਕੋਈ ਨਿਯਮ ਬਣਾਏ ਕਿ ਹੁਣ ਸਰਕਾਰ ਵਿੱਚ ਦਿੱਵਯਾਂਗ ਵਿਅਕਤੀਆਂ ਨੂੰ ਨੌਕਰੀ ਮਿਲੇਗੀ। ਅਖ਼ਬਾਰ ਵਿੱਚ ਹੈੱਡਲਾਈਨ ਆਉਂਦੀ ਹੈ, ਸਰਕਾਰ ਦੀ ਵਾਹ-ਵਾਹ ਹੁੰਦੀ ਹੈ, ਚੁਪਾਸੇ ਹੋਰ ਸ਼ਲਾਘਾ ਹੋਵੇ, ਸਭ ਨੂੰ ਵਧੀਆ ਲੱਗੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਅਤੇ ਸਦਮਾ ਵੀ ਲੱਗੇਗਾ; ਜਦੋਂ ਮੈਂ ਪ੍ਰਧਾਨ ਮੰਤਰੀ ਬਣ ਕੇ ਦਿੱਲੀ ਗਿਆ, ਭਾਰਤ ਸਰਕਾਰ ਦੀ ਕਮਾਂਡ ਸੰਭਾਲੀ, ਤਦ ਸਭ ਤੋਂ ਪਹਿਲਾਂ ਮੈਂ ਜਾਂਚ ਕਰਨ ਦੀ ਸੂਚਨਾ ਦਿੱਤੀ। ਮੈਂ ਪੁੱਛਿਆ ਕਿ ਭਾਰਤ ਸਰਕਾਰ ਵਿੱਚ ਦਿੱਵਯਾਂਗ ਵਿਅਕਤੀਆਂ ਲਈ ਅਹੁਦਾ ਤਾਂ ਹੈ, ਪਰ ਉਸ ਵਿੱਚੋਂ ਕਿੰਨੇ ਸਥਾਨ ਖ਼ਾਲੀ ਹਨ? ਸਰਸਰੀ ਨਜ਼ਰ ਨਾਲ ਵੇਖਿਆ ਸੀ, ਬਰੀਕੀ ਨਾਲ ਜਾਂਚ ਨਹੀਂ ਕੀਤੀ ਸੀ, ਕੇਵਲ ਸਰਸਰੀ ਜਿਹੀ ਨਜ਼ਰ ਮਾਰੀ ਸੀ। ਮੈਂ ਅਰੰਭਲੇ ਦਿਨਾਂ ਦੀ ਗੱਲ ਕਰ ਰਿਹਾ ਹਾਂ। ਬੜੌਦਾ ਤੋਂ ਤੁਹਾਡੇ ਇੱਥੋਂ ਸਾਂਸਦ ਬਣ ਕੇ ਦਿੱਲੀ ਗਿਆ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ, ਉਨ੍ਹਾਂ ਹੀ ਦਿਨਾਂ ਦੀ ਗੱਲ ਕਰ ਰਿਹਾ ਹਾਂ। ਲਗਭਗ 16,500 ਪਦ, ਜੋ ਦਿੱਵਯਾਂਗ ਵਿਅਕਤੀਆਂ ਲਈ ਸਨ, ਉਹ ਖ਼ਾਲੀ ਸਨ।

ਮੈਂ ਆਪਣੇ ਮੰਤਰੀ-ਮੰਡਲ ਦੇ ਸਾਥੀ ਮੈਂਬਰ ਮੰਤਰੀ ਅਤੇ ਡਿਪਾਰਟਮੈਂਟ ਦੇ ਅਫ਼ਸਰਾਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਭਰਤੀ ਕਰੋ, ਇਨ੍ਹਾਂ ਖ਼ਾਲੀ ਪਦਾਂ ਨੂੰ ਭਰੋ। ਅੱਜ ਮੈਂ ਤਸੱਲੀ ਨਾਲ ਆਖ ਸਕਦਾ ਹਾਂ ਕਿ ਲਗਭਗ 14,500 ਪਦਾਂ ਲਈ ਭਰਤੀ ਪ੍ਰਕਿਰਿਆ ਸੰਪੰਨ ਹੋ ਗਈ ਹੈ ਅਤੇ ਖ਼ਾਲੀ ਪਦਾਂ ਉੱਤੇ ਅੱਜ ਦਿੱਵਯਾਂਗ ਵਿਅਕਤੀ ਕੰਮ ਕਰ ਰਹੇ ਹਨ। ਅਸੀਂ ਕੇਵਲ ਇਸ ਤਰ੍ਹਾਂ ਦੇ ਮੌਕੇ ਉੱਤੇ ਸਾਧਨ ਸਹਾਇਤਾ ਹੀ ਨਹੀਂ ਕਰਦੇ, ਉਨ੍ਹਾਂ ਲਈ ਕੰਮ ਵੀ ਕਰ ਕੇ ਵਿਖਾਉਂਦੇ ਹਾਂ।

ਤੁਹਾਨੂੰ ਹੈਰਾਨੀ ਹੋਵੇਗੀ ਕਿ ਇੱਥੇ ਦੋ ਭੈਣਾਂ ਮੇਰੇ ਭਾਸ਼ਣ ਨੂੰ ਦਿੱਵਯਾਂਗ ਵਿਅਕਤੀਆਂ ਲਈ, ਜੋ ਲੋਕ ਸੁਣ ਨਹੀਂ ਸਕਦੇ ਹਨ, ਉਨ੍ਹਾਂ ਲਈ ਉਨ੍ਹਾਂ ਦੀ ਭਾਸ਼ਾ ਵਿੱਚ, ਸੰਕੇਤਕ ਭਾਸ਼ਾ ਵਿੱਚ ਮੇਰੇ ਭਾਸ਼ਣ ਨੂੰ ਸਮਝਾ ਰਹੀਆਂ ਹਨ, ਪੇਸ਼ ਕਰ ਰਹੀਆਂ ਹਨ। ਪਰ ਸਾਡਾ ਦੇਸ਼ ਵਿਸ਼ਾਲ ਹੈ। ਰਾਜਕੋਟ ਵਿੱਚ ਕੋਈ ਭੈਣ ਵੱਖਰੇ ਤਰੀਕੇ ਨਾਲ ਸੰਕੇਤ ਕਰ ਕੇ ਪੜ੍ਹਾਉਂਦੀ ਹੈ, ਮੁੰਬਈ ਵਿੱਚ ਦੂਜੇ ਤਰੀਕੇ ਨਾਲ, ਦਿੱਲੀ ਵਿੱਚ ਤੀਜੇ ਤਰੀਕੇ ਨਾਲ, ਕੋਲਕਾਤਾ ਵਿੱਚ ਚੌਥੇ ਤਰੀਕੇ ਨਾਲ – ਕਹਿਣ ਦਾ ਮਤਲਬ ਹੈ ਕਿ ਹਰੇਕ ਸੂਬੇ ਨੇ ਆਪੋ-ਆਪਣੀ ਨਿਸ਼ਾਨੀ, ਸੰਕੇਤ ਘੜ ਲਏ ਹਨ, ਵਿਕਸਤ ਕੀਤੇ ਹਨ।

ਕਹਿਣ ਦਾ ਅਰਥ ਹੈ ਕਿ ਜੇ ਅਹਿਮਦਾਬਾਦ ਦਾ ਕੋਈ ਦਿੱਵਯਾਂਗ ਜੇ ਦਿੱਲੀ ਜਾਵੇ, ਤਾਂ ਉਸ ਨੂੰ ਪਤਾ ਨਹੀਂ ਚਲਦਾ ਕਿ ਇਹ ਕੀ ਕਹਿੰਦੇ ਹਨ? ਕਿਉਂਕਿ ਨਿਸ਼ਾਨੀ ਜਾਂ ਸੰਕੇਤ ਬਦਲ ਜਾਂਦੇ ਹਨ। ਹੁਣ ਤੁਸੀਂ ਹੀ ਮੈਨੂੰ ਦੱਸੋ ਕਿ ਇੰਨੇ ਵਿਸ਼ਾਲ ਦੇਸ਼ ਵਿੱਚ ਦਿੱਵਯਾਂਗ ਵਿਅਕਤੀਆਂ ਲਈ ਨਿਸ਼ਾਨੀ ਦੀ ਭਾਸ਼ਾ, ਸੰਕੇਤਕ ਭਾਸ਼ਾ ਇੱਕ ਸਮਾਨ ਹੋਣੀ ਚਾਹੀਦੀ ਹੈ ਕਿ ਨਹੀਂ? ਹਿੰਦੁਸਤਾਨ ਦੇ ਕਿਸੇ ਵੀ ਕੋਣੇ ਵਿੱਚ ਜੇ ਸਾਡਾ ਦਿੱਵਯਾਂਗ ਭੈਣ-ਭਰਾ ਜਾਵੇ ਅਤੇ ਉਹ ਨਿਸ਼ਾਨੀ ਕਰੇ, ਤਾਂ ਸਾਹਮਣੇ ਵਾਲੇ ਨੂੰ ਸਮਝ ਵਿੱਚ ਆਉਣਾ ਚਾਹੀਦਾ ਹੈ ਕਿ ਨਹੀਂ? ਮੈਨੂੰ ਕਹਿਣ ਵਿੱਚ ਸ਼ਰਮ ਆਉਂਦੀ ਹੈ, ਮੈਨੂੰ ਮੁਆਫ਼ ਕਰਨਾ, ਇਹ ਕੰਮ ਵੀ ਦੇਸ਼ ਵਿੱਚ ਨਹੀਂ ਹੋਇਆ ਸੀ। ਇਸ ਸਰਕਾਰ ਨੇ ਆ ਕੇ ਦੇਸ਼ ਦੇ ਸਾਰੇ ਦਿੱਵਯਾਂਗ ਵਿਅਕਤੀਆਂ ਲਈ ਇੱਕਸਮਾਨ ਭਾਸ਼ਾ ਬਣਾਉਣਾ ਤੈਅ ਕੀਤਾ, ਉਸ ਲਈ ਕਾਨੂੰਨ ਬਣਾਉਣ ਦਾ ਫ਼ੈਸਲਾ ਲਿਆ। ਉਸ ਦੀ ਤਾਲੀਮ ਦਾ ਇੰਤਜ਼ਾਮ ਕੀਤਾ। ਕਿਸੇ ਇੱਕ ਵਿਸ਼ੇ ‘ਤੇ ਜੇ ਡੂੰਘੀ ਪੜਤਾਲ ਕਰਦੇ ਹਾਂ, ਉਸ ਵਿੱਚ ਡੁੱਬ ਜਾਂਦੇ ਹਾਂ, ਤਾਂ ਸਮੱਸਿਆ ਦਾ ਹੱਲ ਕਿਵੇਂ ਆਉਂਦਾ ਹੈ, ਉਹ ਅਸੀਂ ਵੇਖਿਆ ਹੈ।

ਭਰਾਵੋ ਅਤੇ ਭੈਣੋ,

ਅੱਜ ਸਮੁੱਚੇ ਵਿਸ਼ਵ ਵਿੱਚ ਇੱਕ ਗੱਲ ਦੀ ਸ਼ਲਾਘਾ ਹੋ ਰਹੀ ਹੈ। ਚੁਪਾਸੇ ਗੌਰਵ-ਗਾਇਨ ਹੋ ਰਿਹਾ ਹੈ। ਕਿਸ ਗੱਲ ‘ਤੇ? ਕਿਸ ਗੱਲ ਦੀ ਸ਼ਲਾਘਾ ਹੋ ਰਹੀ ਹੈ? ਬਈ, ਮੈਨੂੰ ਸੁਣਾਈ ਦੇਵੇ, ਇੰਨੇ ਕੁ ਜ਼ੋਰ ਨਾਲ ਤਾਂ ਬੋਲੋ। ਸਮੁੱਚੇ ਵਿਸ਼ਵ ਵਿੱਚ ਕਿਹੜੀ ਗੱਲ ਦੀ ਤਾਰੀਫ਼ ਹੋ ਰਹੀ ਹੈ? ਕਿਸ ਗੱਲ ਦੀ? ਓ ਪਿਆਰਿਓ, ਸਮੁੱਚਾ ਵਿਸ਼ਵ ਇਹ ਆਖ ਰਿਹਾ ਹੈ, ਆਰਥਿਕ ਵਿਕਾਸ ਦੀ ਦੁਨੀਆ ਵਿੱਚ, ਦੁਨੀਆ ਦੇ ਜੋ ਵੱਡੇ-ਵੱਡੇ ਅਰਥ-ਤੰਤਰ ਹਨ, ਉਸ ਵਿੱਚ ਸਭ ਤੋਂ ਵੱਧ ਰਫ਼ਤਾਰ ਨਾਲ ਅੱਗੇ ਵਧਦੀ ਇਕੌਨੋਮੀ ਸਾਡੇ ਭਾਰਤ ਦੀ ਹੈ। ਸਾਡੇ ਦੇਸ਼ ਵਿੱਚ ਨਿਰੰਤਰ ਦੋ ਸਾਲ ਸੋਕਾ ਪੈਣ ਦੇ ਬਾਵਜੂਦ ਵਰਲਡ ਬੈਂਕ ਹੋਵੇ, ਆਈ.ਐੱਮ.ਐੱਫ਼. ਹੋਵੇ, ਕ੍ਰੈਡਿਟ ਰੇਟਿੰਗ ਏਜੰਸੀ ਹੋਵੇ, ਸਭ ਇੱਕ ਸੁਰ ਨਾਲ ਆਖ ਰਹੇ ਹਨ ਕਿ ਭਾਰਤ ਦਾ ਵਿਕਾਸ ਜ਼ਬਰਦਸਤ ਰਫ਼ਤਾਰ ਨਾਲ ਹੋ ਰਿਹਾ ਹੈ। ਸਾਰੀਆਂ ਸਮੱਸਿਆਵਾਂ ਦਾ ਹੱਲ ਵਿਕਾਸ ਹੈ। ਅਤੇ ਵਿਕਾਸ ਦੇ ਰਾਹ ਤੋਂ ਹੀ ਅਨਪੜ੍ਹਤਾ ਦੂਰ ਹੋਵੇਗੀ, ਬੀਮਾਰੀ ਵੀ ਦੂਰ ਹੋਵੇਗੀ, ਗ਼ਰੀਬੀ ਵੀ ਦੂਰ ਹੋਵੇਗੀ ਅਤੇ ਦੁਨੀਆ ਦੇ ਖ਼ੁਸ਼ਹਾਲ ਰਾਸ਼ਟਰਾਂ ਦੇ ਮੁਕਾਬਲੇ ਭਾਰਤ ਵੀ ਉੱਨਤੀ ’ਚ ਸਿਰ ਚੁੱਕ ਕੇ ਖੜ੍ਹਾ ਹੋਵੇਗਾ।

ਰਤਾ ਸਾਲ 2014 ਦੇ ਦਿਨਾਂ ਨੂੰ ਚੇਤੇ ਕਰੋ, 2014 ਦੇ ਦਿਨਾਂ ਨੂੰ, 2013 ਦੇ ਦਿਨਾਂ ਨੂੰ। ਜੇ ਭੁੱਲ ਗਏ ਹੋ, ਤਾਂ ਅਖ਼ਬਾਰ ਕੱਢ ਕੇ ਵੇਖ ਲੈਣਾ। ਹੈੱਡਲਾਈਨਜ਼ ਕੀ ਸਨ – ਇੰਨੇ ਕਰੋੜ ਦਾ ਘੁਟਾਲਾ, ਕੋਲਾ ਖਾਣਾਂ ਵਿੱਚ ਇੰਨੇ ਕਰੋੜ ਦਾ ਘੁਟਾਲਾ, ਸਪੈੱਕਟਰਮ ਦੀ ਨੀਲਾਮੀ ਵਿੱਚ ਇੰਨੇ ਕਰੋੜ ਦਾ ਘੁਟਾਲਾ… ਇਹ ਸਭ ਹੈੱਡਲਾਈਨਜ਼ ਬਣਦੀਆਂ ਸਨ, ਸਹੀ ਹੈ ਨਾ? ਜਦ ਤੋਂ ਤੁਸੀਂ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ, ਅੱਜ ਤਕਰੀਬਨ ਢਾਈ ਸਾਲ ਹੋ ਗਏ ਹਨ, ਅੱਜ ਖ਼ਬਰ ਦਿੱਵਯਾਂਗ ਵਿਅਕਤੀਆਂ ਦੇ ਭਲੇ ਕੰਮਾਂ ਦੀ ਬਣਦੀ ਹੈ। ਅੱਜ ਦੁਨੀਆ ਵਿੱਚ ਭਾਰਤ ਦੇ ਅਰਥ-ਤੰਤਰ ਦੇ ਵਿਕਾਸ ਦੀਆਂ ਖ਼ਬਰਾਂ ਆ ਰਹੀਆਂ ਹਨ। ਅੱਜ ਤਰੱਕੀ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਭ੍ਰਿਸ਼ਟਾਚਾਰ ਦੇ ਸਾਹਮਣੇ ਬੜਬੋਲਾਪਣ ਵਿਖਾਏ ਬਿਨਾ, ਮੈਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਇੱਕ ਜੰਗ ਦੀ ਸ਼ੁਰੂਆਤ ਕੀਤੀ ਹੈ। ਛੋਟੀਆਂ-ਛੋਟੀਆਂ ਚੀਜ਼ਾਂ ਨੂੰ, ਵੱਡੀਆਂ-ਵੱਡੀਆਂ ਚੀਜ਼ਾਂ ਦੀ ਗੱਲ ਨਹੀਂ ਕਰਦਾ, ਉਹ ਕਿਸੇ ਹੋਰ ਦਿਨ ਕਹਾਂਗਾ, ਆਧਾਰ ਦੇ ਮਾਧਿਅਮ ਰਾਹੀਂ, ਜਨਧਨ ਅਕਾਊਂਟ ਦੇ ਮਾਧਿਅਮ ਰਾਹੀਂ, ਸਰਕਾਰ ਦੀ ਗ੍ਰਾਂਟ ਨੂੰ ਸਿੱਧਾ ਲਾਭਪਾਤਰੀ ਦੇ ਖਾਤੇ ਵਿੱਚ ਪਾਉਣਾ ਸ਼ੁਰੂ ਕੀਤਾ, ਕਿਸੇ ਵਿਚੋਲੇ ਤੋਂ ਬਗ਼ੈਰ, ਦਲਾਲ ਤੋਂ ਬਿਨਾ। ਹੁਣ ਸਹਾਇਤਾ ਉਸੇ ਨੂੰ ਮਿਲਦੀ ਹੈ, ਜਿਸ ਨੂੰ ਮਿਲਣੀ ਚਾਹੀਦੀ ਹੈ। ਸੱਚੇ ਲਾਭਪਾਤਰੀ ਨੂੰ ਗ੍ਰਾਂਟ ਮਿਲਦੀ ਹੈ। ਨਕਲੀ ਲਾਭਪਾਤਰੀ ਲਈ ਕੋਈ ਰਾਹ ਖੁੱਲ੍ਹਾ ਨਹੀਂ ਰੱਖਿਆ।

ਤੁਹਾਨੂੰ ਪਤਾ ਹੈ ਕਿ ਇਸ ਦਾ ਕੀ ਅਸਰ ਹੋਇਆ ਹੈ? ਹਾਲੇ ਸੂਬਿਆਂ ਨੂੰ ਇਸ ਕੰਮ ਲਈ ਤਿਅਰ ਕਰ ਰਿਹਾ ਹਾਂ। ਪਰ ਜੋ ਸ਼ੁਭ ਸ਼ੁਰੂਆਤ ਹੋਈ ਹੈ। ਸਾਡਾ ਯਤਨ ਸੱਚੇ ਲਾਭਪਾਤਰੀ ਨੂੰ ਉਸ ਦਾ ਹੱਕ ਮਿਲੇ, ਨਕਲੀ ਲਾਭਪਾਤਰੀ ਜਾਂ ਗ਼ਲਤ ਇਨਸਾਨ ਉਸ ਦਾ ਲਾਭ ਨਾ ਲੈ ਜਾਵੇ, ਇਸ ਗੱਲ ਦਾ ਖ਼ਿਆਲ ਰੱਖਣਾ ਹੈ। ਅਸੀਂ ਕੇਵਲ ਇੰਨਾ ਖ਼ਿਆਲ ਰੱਖਿਆ ਅਤੇ ਤੁਸੀਂ ਜਾਣਦੇ ਹੀ ਹੋ ਕਿ 36,000 ਕਰੋੜ ਰੁਪਏ ਦੀ ਬੱਚਤ ਹੋਈ ਹੈ, 36,000 ਕਰੋੜ ਰੁਪਏ ਦੀ। ਇੰਨੀ ਰਕਮ ਦੀ ਬਰਬਾਦੀ ਗੈਸ ਦੇ ਸਿਲੰਡਰ ਵਿੱਚ, ਵਜ਼ੀਫ਼ੇ ਵਿੱਚ, ਪੈਨਸ਼ਨ ਵਿੱਚ ਸ਼ਾਇਦ ਹੋ ਰਹੀ ਸੀ। ਕੋਈ ਪੁੱਛਣ ਵਾਲਾ ਹੀ ਨਹੀਂ ਸੀ।

ਸਾਡੇ ਤੋਂ ਪਹਿਲਾਂ ਸਰਕਾਰ ਜੋ ਵੀ ਰਹੀ, ਉਸ ਨੇ ਘੁਟਾਲੇ ਕੀਤੇ ਹੋਣਗੇ। ਹੁਣ ਜੇ ਗੱਡੀ ਲੀਹ ਉੱਤੇ ਲਿਆਉਣੀ ਹੋਵੇ, ਤਾਂ ਸਾਨੂੰ ਥੋੜ੍ਹਾ ਸਮਾਂ ਦੇਵੋ। ਇਸ ਲਈ ਅਸੀਂ ਥੋੜ੍ਹਾ ਸਮਾਂ ਦਿੱਤਾ। ਪਰ ਅਸੀਂ ਮੁਆਫ਼ੀ ਨਹੀਂ ਦਿੱਤੀ। ਪੂਰਾ ਟੈਕਸ ਲਿਆ, ਪੂਰਾ ਜੁਰਮਾਨਾ ਲਿਆ, ਪਰ ਤੱਕ ਪ੍ਰਦਾਨ ਕੀਤੀ ਲਾਈਨ ‘ਤੇ ਆਉਣ ਦੀ। ਤੁਹਾਨੂੰ ਖ਼ੁਸ਼ੀ ਹੋਵੇਗੀ, ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੀ ਯੋਜਨਾ ਪਹਿਲਾਂ ਵੀ ਪੇਸ਼ ਕੀਤੀ ਗਈ ਸੀ ਪਰ ਸਾਡੀ ਸਰਕਾਰ ਦੀ ਭਰੋਸੇਯੋਗਤਾ ਕਾਰਨ 65,000 ਕਰੋੜ ਰੁਪਏ ਦਾ ਕਾਲਾ ਧਨ ਬਾਹਰ ਆਇਆ, ਦੇਸ਼ ਦੇ ਅਰਥ-ਤੰਤਰ ਦੇ ਮੁੱਖ ਪ੍ਰਵਾਹ ਵਿੱਚ ਆਇਆ।

ਤੁਸੀਂ ਸੋਚੋ ਕਿ 36,000 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਹੁੰਦਾ ਸੀ, ਗ਼ੈਰ-ਵਾਜਬ ਵਿਅਕਤੀ ਨੂੰ ਮਿਲਦੇ ਸਨ, ਉਹ ਸਹੀ ਨਾਗਰਿਕਾਂ ਨੂੰ ਮਿਲਣਾ ਸ਼ੁਰੂ ਹੋਇਆ। ਅਤੇ 65,000 ਕਰੋੜ ਰੁਪਏ ਦਾ ਕਾਲਾ ਧਨ। ਲਗਭਗ ਇੱਕ ਲੱਖ ਕਰੋੜ। ਅਤੇ ਇਹ ਇੱਕ ਲੱਖ ਕਰੋੜ ਵੀ ਕੋਈ ਸਰਜੀਕਲ ਸਟਰਾਈਕ ਕਰ ਕੇ ਇਕੱਠੇ ਨਹੀਂ ਕੀਤੇ। ਇਹ ਸਾਰੇ ਬਿਨਾ ਸਰਜੀਕਲ ਦੇ। ਜਿਸ ਦਿਨ ਸਰਜੀਕਲ ਸਟ੍ਰਾਈਕ ਕੀਤੇ, ਉਸੇ ਦਿਨ ਕਿੰਨਾ ਧਨ ਮਿਲੇਗਾ, ਉਸ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ।

ਇੱਕ ਸੱਚੀ ਸਰਕਾਰ, ਇੱਕ ਨੇਕ ਸਰਕਾਰ, ਇੱਕ ਅਸਰਕਾਰਕ ਸਰਕਾਰ, ਜਨਤਾ ਜਨਾਰਦਨ ਦੇ ਸੁਖ ਅਤੇ ਦੁਖ ਪ੍ਰਤੀ ਸਮਰਪਿਤ ਸਰਕਾਰ ਹੋਵੇ, ਤਾਂ ਕੋਈ ਰੁਕਾਵਟ ਉਸ ਦੇ ਅੜਿੱਕੇ ਨਹੀਂ ਆ ਸਕਦੀ ਅਤੇ ਹਿੰਮਤ ਨਾਲ ਹੌਸਲੇ ਦੇ ਜਨਹਿਤ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ – ਇਹ ਦਿੱਲੀ ਵਿੱਚ ਸਾਡੀ ਸਰਕਾਰ ਨੇ ਵਿਖਾ ਦਿੱਤਾ ਹੈ। ਉਸ ਦਾ ਲਾਭ ਹਿੰਦੁਸਤਾਨ ਦੇ ਹਰ ਕੋਣੇ ਨੂੰ ਮਿਲ ਰਿਹਾ ਹੈ।

ਥੋੜ੍ਹੇ ਸਮੇਂ ਵਿੱਚ ਮੈਂ ਗ਼ਰੀਬਾਂ ਲਈ ਗੈਸ ਦੇ ਸਿਲੰਡਰ ਦਾ ਇੰਤਜ਼ਾਮ ਕਰਨ ਵਿੱਚ ਲੱਗਾ ਹੋਇਆ ਹਾਂ। ਪਹਿਲਾਂ ਕਿਸੇ ਦੇ ਘਰ ਵਿੱਚ ਗੈਸ ਦਾ ਸਿਲੰਡਰ ਹੁੰਦਾ ਸੀ, ਤਾਂ ਉਹ ਬਹੁਤ ਅਸਰ-ਰਸੂਖ਼ ਵਾਲਾ ਪਰਿਵਾਰ ਸਮਝਿਆ ਜਾਂਦਾ ਸੀ। ਉਸ ਪਰਿਵਾਰ ਦੀ ਪਹੁੰਚ ਉੱਪਰ ਤੱਕ ਹੋਵੇਗੀ, ਇਹ ਮੰਨਿਆ ਜਾਂਦਾ ਸੀ। ਵਿਚਾਰੇ ਗ਼ਰੀਬ ਇਨਸਾਨ ਤਾਂ ਸਿਲੰਡਰ ਬਾਰੇ ਸੋਚ ਵੀ ਨਹੀਂ ਸਕਦਾ ਸੀ। ਲੋਕ ਸਾਂਸਦਾਂ ਦੇ ਘਰ ਸਿਲੰਡਰ ਲਈ ਚਿੱਠੀ ਲਿਖਵਾਉਣ ਜਾਂਦੇ ਸਨ। ਬੜੌਦਾ ਦੇ ਲੋਕਾਂ ਨੂੰ ਇਸ ਸਮੱਸਿਆ ਦਾ ਅਹਿਸਾਸ ਨਹੀਂ ਹੈ ਕਿਉਂਕਿ ਇੱਥੇ ਤਾਂ ਪਾਈਪਲਾਈਨ ਰਾਹੀਂ ਗੈਸ ਆਉਂਦੀ ਹੈ। ਗੈਸ ਦੇ ਸਿਲੰਡਰ ਨਹੀਂ ਮਿਲਦੇ ਸਨ। ਗ਼ਰੀਬ ਮਾਵਾਂ ਨੂੰ ਚੁੱਲ੍ਹੇ ਉੱਤੇ ਧੂੰਏਂ ਵਿੱਚ ਰਸੋਈ ਬਣਾਉਣੀ ਪੈਂਦੀ ਸੀ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇੱਕ ਦਿਨ ਵਿੱਚ 400 ਸਿਗਰੇਟਾਂ ਜਿੰਨਾ ਧੂੰਆਂ ਗ਼ਰੀਬ ਮਾਤਾ ਦੇ ਸਰੀਰ ਵਿੱਚ ਜਾਂਦਾ ਹੈ। ਇਸ ਗ਼ਰੀਬ ਮਾਂ ਦੀ ਸਿਹਤ ਦੀ ਫ਼ਿਕਰ ਕੌਣ ਕਰੇ?

ਦਿੱਲੀ ਵਿੱਚ ਸਾਡੀ ਸਰਕਾਰ ਨੇ ਤੈਅ ਕੀਤਾ ਕਿ ਪੰਜ ਕਰੋੜ ਪਰਿਵਾਰਾਂ ਨੂੰ, ਜਿਨ੍ਹਾਂ ਕੋਲ ਗੈਸ ਕੁਨੈਕਸ਼ਨ ਨਹੀਂ ਹੈ, ਇਹ ਸਰਕਾਰ ਸਾਹਮਣੇ ਤੋਂ ਉਨ੍ਹਾਂ ਨੂੰ ਗੈਸ ਕੁਨੈਕਸ਼ਨ ਦੇਵੇਗੀ ਅਤੇ ਉਨ੍ਹਾਂ ਗ਼ਰੀਬ ਮਾਵਾਂ ਨੂੰ ਚੁੱਲ੍ਹੇ ਦੇ ਧੂੰਏਂ ਤੋਂ ਅਜ਼ਾਦੀ ਦਿਲਾਵਾਂਗੇ। ਉਨ੍ਹਾਂ ਲਈ ਹਰ ਰੋਜ਼ ਮੁਹਿੰਮ ਚਲ ਰਹੀ ਹੈ। ਭਾਰਤ ਸਰਕਾਰ ਨੇ ਦਾਹੋਦ ‘ਚ ਸ਼ੁਰੂਆਤ ਕੀਤੀ ਸੀ, ਅੱਜ ਸਮੁੱਚੇ ਹਿੰਦੁਸਤਾਨ ਵਿੱਚ ਮੁਹਿੰਮ ਚਲ ਰਹੀ ਹੈ। ਇਸ ਸਰਕਾਰ ਦੇ ਕੇਂਦਰ ਵਿੱਚ ਇਸ ਦੇਸ਼ ਦਾ ਗ਼ਰੀਬ, ਪੀੜਤ, ਦਲਿਤ, ਸ਼ੋਸ਼ਿਤ, ਵਾਂਝਾ ਰਿਹਾ ਵਿਅਕਤੀ ਹੈ, ਆਦਿਵਾਸੀ ਭਰਾ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਇਹ ਸਰਕਾਰ ਹੈ।

ਅੱਜ ਦਿੱਵਯਾਂਗ ਵਿਅਕਤੀਆਂ ਨੂੰ ਲਗਭਗ 10,000 ਲੋਕਾਂ ਨੂੰ ਇਸ ਸਹਾਇਤਾ ਦਾ ਲਾਭ ਮਿਲਣ ਵਾਲਾ ਹੈ ਅਤੇ ਸਾਡੇ ਗਹਿਲੋਤ ਜੀ ਨੇ ਕਿਹਾ ਉਸ ਪ੍ਰਕਾਰ ਨਾਲ, ਸਮੁੱਚੀ ਜਾਣਕਾਰੀ ਵੈੱਬਸਾਈਟ ਉੱਤੇ ਉਪਲੱਬਧ ਹੈ। ਲੋਕ ਦੇਖ ਸਕਦੇ ਹਨ ਕਿ ਸਾਡੇ ਪਿੰਡ ਨੂੰ, ਉਹ ਦਿੱਵਯਾਂਗ ਦਾ ਨਾਮ ਹੈ, ਪਰ ਉਸ ਨੂੰ ਸੱਚਮੁਚ ਸਹਾਇਤਾ ਮਿਲੀ ਹੈ ਕਿ ਨਹੀਂ, ਉਹ ਦੇਖ ਸਕਦੇ ਹਨ। ਮੁਕੰਮਲ ਪਾਰਦਰਸ਼ਤਾ ਸਾਡੀ ਸਰਕਾਰ ਦੀ ਤਰਜੀਹ ਹੈ। ਵਿਆਪਕ ਜਨ-ਸਮਾਜ ਦੇ ਹਿਤਾਂ ਦੇ ਕੰਮਾਂ ਨੂੰ ਬਲ ਮਿਲੇ, ਇਸ ਤਰ੍ਹਾਂ ਦੇ ਕੰਮਾਂ ਨੂੰ ਅਸੀਂ ਕਰ ਰਹੇ ਹਾਂ।

ਮੈਨੂੰ ਤੁਹਾਡੇ ਸਾਰਿਆਂ ਵਿੱਚ ਆਉਣ ਦਾ ਮੌਕਾ ਮਿਲਿਆ, ਬੜੌਦਾ ਵਿੱਚ ਆਉਣ ਨਾਲ ਮੈਨੂੰ ਘਰ ਆਉਣ ਦਾ ਅਹਿਸਾਸ ਹੁੰਦਾ ਹੈ। ਜ਼ਿੰਦਗੀ ਦੇ ਕਾਫ਼ੀ ਅਹਿਮ ਵਰ੍ਹੇ ਬੜੌਦਾ ਵਿੱਚ ਬਿਤਾਏ ਹਨ। ਸ਼ਾਸਤਰੀ ਪੋਲ ਵਿੱਚ ਰਹਿੰਦਾ ਸਾਂ। ਅੱਜ ਪੁਰਾਣੇ ਜਾਣਕਾਰ ਪਰਿਵਾਰ ਮੇਰੇ ਸਾਹਮਣੇ ਹਨ। ਸਾਲਾਂ ਤੱਕ ਤੁਹਾਡੇ ਵਿੱਚ ਰਿਹਾ। ਤੁਹਾਡੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਸਾਲਾਂ ਤੱਕ ਇਸ ਸੰਸਕਾਰ ਨਗਰੀ ਨੇ ਮੈਨੂੰ ਕਾਫ਼ੀ ਕੁਝ ਸਿਖਾਇਆ ਹੈ। ਅਤੇ ਉਹ ਸਭ ਅੱਜ ਇਸ ਦੇਸ਼ ਦੀ ਸੇਵਾ ਲਈ ਉਪਯੋਗੀ ਹੈ। ਮੈਂ ਇਸ ਨਗਰੀ ਦਾ ਇਸ ਰਾਜ ਦਾ ਰਿਣੀ ਹਾਂ। ਮੇਰੇ ਗੁਜਰਾਤ ਦੇ ਕੋਟਿ-ਕੋਟਿ ਭਰਾਵਾਂ ਦਾ ਰਿਣੀ ਹਾਂ ਕਿਉਂਕਿ ਉਨ੍ਹਾਂ ਦੇ ਸੰਸਕਾਰ ਦੀ ਬਦੌਲਤ ਅੱਜ ਭਾਰਤ ਮਾਤਾ ਦੀ ਉੱਤਮ ਤਰੀਕੇ ਨਾਲ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਮੈਂ ਇਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ, ਇਸ ਸੰਸਕਾਰ ਸਰਿਤਾ ਨੂੰ ਨਮਨ ਕਰਦਾ ਹਾਂ, ਇੱਥੋਂ ਦੀ ਮਹਾਨ ਪਰੰਪਰਾ ਨੂੰ ਵੰਦਨ ਕਰਦਾ ਹਾਂ।

ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ,

ਭਾਰਤ ਮਾਤਾ ਕੀ

ਜੈ

ਅਵਾਜ਼ ਬੁਲੰਦ ਕਰੋ,

ਭਾਰਤ ਮਾਤਾ ਕੀ

ਜੈ

ਭਾਰਤ ਮਾਤਾ ਕੀ ਜੈ

ਬਹੁਤ-ਬਹੁਤ ਧੰਨਵਾਦ…

KSP/J.Khunt/GP