ਪੀਐੱਮਇੰਡੀਆ
ਮਾਣਯੋਗ ਪ੍ਰਧਾਨ ਮੰਤਰੀ ਥੋਂਗਲੂਨ ਸਿਸੂਲਿਥ (Thongloun Sisoulith)
ਮਾਣਯੋਗ ਸੱਜਣੋ, v
ਇਹ ਮੇਰਾ ਤੀਜਾ ਭਾਰਤ-ਆਸੀਆਨ ਸਿਖ਼ਰ ਸੰਮੇਲਨ ਹੈ। ਮੈਨੂੰ ਉਸ ਦੋਸਤੀ ਦੇ ਨੇੜਲੇ ਬੰਧਨ ਹੋਰ ਮਜ਼ਬੂਤ ਕਰ ਕੇ ਖ਼ੁਸ਼ੀ ਹੋ ਰਹੀ ਹੈ ਜੋ ਪਿਛਲੇ ਕਈ ਸਾਲਾਂ ਦੌਰਾਨ ਆਸੀਆਨ ਰਾਹੀਂ ਵਿਕਸਤ ਹੋਈ ਹੈ। ਮੈਂ ਤੁਹਾਡੇ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਅਤੇ ਤੁਹਾਡੇ ਨਿੱਘੇ ਸੁਆਗਤ ਲਈ ਤੁਹਾਡਾ ਧੰਨਵਾਦ ਵੀ ਕਰਨਾ ਚਾਹਾਂਗਾ।
ਇਸ ਸੁੰਦਰ ਵਿਰਾਸਤੀ ਸ਼ਹਿਰ ਵਿਯਾਨਤਿਯਾਨੇ ‘ਚ ਆ ਕੇ ਮੈਨੂੰ ਭਾਰਤ ਨਾਲ ਇਸ ਸ਼ਹਿਰ ਦੇ ਉਹ ਡੂੰਘੇ ਇਤਿਹਾਸਕ ਸੱਭਿਆਚਾਰਕ ਸਬੰਧ ਯਾਦ ਆਉਂਦੇ ਹਨ। ਮੈਂ ਵੀਅਤਨਾਮ ਵੱਲੋਂ ਆਸੀਆਨ-ਭਾਰਤ ਦੀ ਇੱਕ ‘ਕੋਆਰਡੀਨੇਟਰ’ ਦੇਸ਼ ਵਜੋਂ ਕੀਤੀ ਯੋਗ ਅਗਵਾਈ ਦੀ ਵੀ ਸ਼ਲਾਘਾ ਕਰਦਾ ਹਾਂ।
ਮਾਣਯੋਗ ਸੱਜਣੋ,
ਆਸੀਆਨ ‘ਚ ਸਾਡੀ ਸ਼ਮੂਲੀਅਤ ਕੇਵਲ ਸਾਂਝੀ ਸੱਭਿਅਕ ਵਿਰਾਸਤ ਦੇ ਮਜ਼ਬੂਤ ਅਧਾਰ ਕਾਰਨ ਹੀ ਨਹੀਂ ਹੈ। ਇਹ ਸਾਡੇ ਸਮਾਜਾਂ ਨੂੰ ਸੁਰੱਖਿਅਤ ਰੱਖਣ ਅਤੇ ਇਸ ਖੇਤਰ ‘ਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਲਿਆਉਣ ਦੀਆਂ ਸਾਂਝੀਆਂ ਰਣਨੀਤਕ ਤਰਜੀਹਾਂ ਕਰ ਕੇ ਵੀ ਹੈ। ਆਸੀਆਨ; ਭਾਰਤ ਦੀ ‘ਐਕਟ ਈਸਟ’ ਨੀਤੀ ਦੇ ਕੇਂਦਰ ‘ਚ ਸਥਿਤ ਹੈ। ਅਤੇ, ਸਾਡੇ ਸਬੰਧ ਇਸ ਖੇਤਰ ਵਿੱਚ ਸੰਤੁਲਨ ਅਤੇ ਇੱਕਸੁਰਤਾ ਦਾ ਇੱਕ ਸਰੋਤ ਹਨ।
ਮਾਣਯੋਗ ਸੱਜਣੋ,
ਸਾਡੀ ਰਣਨੀਤਕ ਭਾਈਵਾਲੀ ਦੇ ਨਿਚੋੜ ਵਿੱਚ ਆਸੀਆਨ ਗਤੀਵਿਧੀਆਂ ਦੇ ਸਾਰੇ ਤਿੰਨ ਮੁੱਖ ਖੰਡ – ਸੁਰੱਖਿਆ, ਆਰਥਿਕ ਤੇ ਸਮਾਜਕ-ਸੱਭਿਆਚਾਰਕ ਆ ਜਾਂਦੇ ਹਨ। ਅਤੇ ਸਾਲ 2016-2000 ਲਈ ਆਸੀਆਨ ਭਾਰਤ ਦੀ ਕਾਰਜ-ਯੋਜਨਾ ਨੇ ਸਾਡੇ ਉਦੇਸ਼ਾਂ ਦੀ ਪੂਰਤੀ ਵਿੱਚ ਬਹੁਤ ਮਦਦ ਕੀਤੀ ਹੈ। ਅਸੀਂ ਕਾਰਜ-ਯੋਜਨਾ ਵਿੱਚ ਸ਼ਨਾਖ਼ਤ ਕੀਤੀਆਂ 130 ਗਤੀਵਿਧੀਆਂ ਵਿੱਚੋਂ 54 ਨੂੰ ਪਹਿਲਾਂ ਹੀ ਲਾਗੂ ਕਰ ਚੁੱਕੇ ਹਾਂ।
ਮਾਣਯੋਗ ਸੱਜਣੋ,
ਆਸੀਆਨ ਨਾਲ ਭਾਰਤ ਦੀ ਰਣਨੀਤਕ ਭਾਈਵਾਲੀ ਦੇ ਕੇਂਦਰ ‘ਚ – ਭੌਤਿਕ, ਡਿਜੀਟਲ, ਆਰਥਿਕ, ਸੰਸਥਾਗਤ ਤੇ ਸੱਭਿਆਚਾਰਕ – ਸਾਰੇ ਪਸਾਰਾਂ ਵਿੱਚ ਨੇੜਤਾ ਹੋਰ ਵਧਾਉਣਾ ਸ਼ਾਮਲ ਹਨ। ਅਤੇ, ਸਾਡੀ ਆਰਥਿਕ ਸਫ਼ਲਤਾ ਨੂੰ ਜੋੜਨ ਤੇ ਆਸੀਆਨ ਦੇਸ਼ਾਂ, ਖ਼ਾਸ ਕਰ ਕੇ ਸੀ.ਐੱਲ.ਐੱਮ.ਵੀ. ਦੇਸ਼ਾਂ ਨਾਲ ਵਿਕਾਸ ਦੇ ਤਜਰਬੇ ਸਾਂਝੇ ਕਰਨ ਦੀ ਤਿਆਰੀ ਸਾਡੀ ਸ਼ਮੂਲੀਅਤ ਦਾ ਸੰਚਾਲਨ ਕਰਦੀ ਹੈ।
ਮਾਣਯੋਗ ਸੱਜਣੋ,
ਨਿੱਤ ਵਧਦੀਆਂ ਜਾ ਰਹੀਆਂ ਰਵਾਇਤੀ ਤੇ ਗ਼ੈਰ-ਰਵਾਇਤੀ ਚੁਣੌਤੀਆਂ ਦੇ ਮੱਦੇਨਜ਼ਰ, ਸਿਆਸੀ-ਸੁਰੱਖਿਆ ਸਹਿਯੋਗ ਸਾਡੇ ਸਬੰਧ ਦਾ ਇੱਕ ਪ੍ਰਮੁੱਖ ਉੱਭਰਦਾ ਥੰਮ੍ਹ ਹੈ। ਦਹਿਸ਼ਤ ਦੀ ਵਧਦੀ ਜਾ ਰਹੀ ਬਰਾਮਦ, ਨਫ਼ਰਤ ਭਰੀ ਵਿਚਾਰਧਾਰਾ ਰਾਹੀਂ ਮੂਲਵਾਦ ਵਧਾਉਣ ਅਤੇ ਅੱਤ-ਹਿੰਸਾ ਦਾ ਪਸਾਰ ਸਾਡੇ ਸਮਾਜਾਂ ਨੂੰ ਦਰਪੇਸ਼ ਸਾਂਝੇ ਸੁਰੱਖਿਆ ਖ਼ਤਰਿਆਂ ਦੇ ਭੂ-ਦ੍ਰਿਸ਼ ਨੂੰ ਪਰਿਭਾਸ਼ਿਤ ਕਰਦੇ ਹਨ। ਇਹ ਖ਼ਤਰਾ ਇੱਕੋ ਵੇਲੇ ਸਥਾਨਕ, ਖੇਤਰੀ ਅਤੇ ਸਰਹੱਦ-ਪਾਰ ਤੋਂ ਹੈ। ਆਸੀਆਨ ਨਾਲ ਸਾਡੀ ਭਾਈਵਾਲੀ ਇੱਕ ਅਜਿਹਾ ਹੁੰਗਾਰਾ ਤਿਆਰ ਕਰਨਾ ਚਾਹੁੰਦੀ ਹੈ ਜੋ ਤਾਲਮੇਲ, ਸਹਿਯੋਗ ਤੇ ਅਨੇਕਾਂ ਪੱਧਰਾਂ ‘ਤੇ ਤਜਰਬੇ ਸਾਂਝੇ ਕਰਨ ਉੱਤੇ ਨਿਰਭਰ ਹੈ।
ਮਾਣਯੋਗ ਸੱਜਣੋ,
ਅਗਲਾ ਸਾਲ ਸਾਡੇ ਸਬੰਧਾਂ ਲਈ ਇੱਕ ਇਤਿਹਾਸਕ ਮੀਲ-ਪੱਥਰ ਹੋਵੇਗਾ। ਅਸੀਂ ਆਪਣੀ ਵਾਰਤਾ-ਭਾਈਵਾਲੀ ਦੇ 25 ਵਰ੍ਹਿਆਂ, ਸਾਡੀ ਸਿਖ਼ਰ-ਪੱਧਰ ਦੀ ਗੱਲਬਾਤ ਦੇ 15 ਵਰ੍ਹਿਆਂ ਅਤੇ ਸਾਡੀ ਰਣਨੀਤਕ ਭਾਈਵਾਲੀ ਦੇ 5 ਵਰ੍ਹਿਆਂ ਦੇ ਜਸ਼ਨ ਮਨਾਵਾਂਗੇ।
ਇਹ ਜਸ਼ਨ 2017 ‘ਚ ਆਸੀਆਨ-ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਮਨਾਏ ਜਾਣਗੇ। ਅਸੀਂ ”ਸਾਂਝੀਆਂ ਕਦਰਾਂ-ਕੀਮਤਾਂ, ਸਾਂਝੀ ਕਿਸਮਤ” ਵਿਸ਼ੇ ਉੱਤੇ ਇੱਕ ਯਾਦਗਾਰੀ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਵੀ ਕਰਾਂਗੇ। ਵਪਾਰ ਸਿਖ਼ਰ ਸੰਮੇਲਨ; ਸੀ.ਈ.ਓਜ਼ ਫ਼ੋਰਮ; ਇੱਕ ਕਾਰ ਰੈਲੀ ਤੇ ਕਿਸ਼ਤੀ-ਚਾਲਨ ਮੁਹਿੰਮ; ਅਤੇ ਸੱਭਿਆਚਾਰਕ ਮੇਲਿਆਂ ਜਿਹੇ ਹੋਰ ਸਮਾਰੋਹਾਂ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਵੀ ਹੈ। ਮੈਂ ਇਸ ਯਾਦਗਾਰ ਨੂੰ ਸਫ਼ਲ ਬਣਾਉਣ ਲਈ ਤੁਹਾਡੇ ਸਾਰਿਆਂ ਨਾਲ ਮਿਲ ਕੇ ਕੰਮ ਕਰਨ ਦਾ ਚਾਹਵਾਨ ਹਾਂ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
AKT/SH