Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸੰਮੇਲਨ 2026 ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਈਟੀ ਨਾਓ ਗਲੋਬਲ ਬਿਜ਼ਨਸ ਸੰਮੇਲਨ 2026 ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਈਟੀ ਨਾਓ ਗਲੋਬਲ ਬਿਜ਼ਨਸ ਸੰਮੇਲਨ 2026 ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਆਲਮੀ ਕਾਰੋਬਾਰੀ ਸੰਮੇਲਨ ਵਿੱਚ ਮੌਜੂਦ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ‘ਔਕੜਾਂ ਦਾ ਦਹਾਕਾ, ਬਦਲਾਅ ਦੀ ਸਦੀ’ ਵਿਸ਼ੇ ‘ਤੇ ਟਿੱਪਣੀ ਕੀਤੀ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਦੇ ਪਿਛਲੇ ਦਹਾਕੇ ਵਿੱਚ ਬੇਮਿਸਾਲ ਔਕੜਾਂ ਆਈਆਂ, ਜਿਨ੍ਹਾਂ ਵਿੱਚ ਆਲਮੀ ਮਹਾਮਾਰੀ, ਵੱਖ-ਵੱਖ ਖੇਤਰਾਂ ਵਿੱਚ ਤਣਾਅ ਅਤੇ ਜੰਗ ਅਤੇ ਸਪਲਾਈ ਲੜੀ ਦਾ ਟੁੱਟਣਾ ਸ਼ਾਮਲ ਹਨ, ਜਿਨ੍ਹਾਂ ਨੇ ਆਲਮੀ ਸੰਤੁਲਨ ਨੂੰ ਹਿਲਾ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੰਕਟ ਇੱਕ ਰਾਸ਼ਟਰ ਦੀ ਅਸਲ ਤਾਕਤ ਨੂੰ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਮਾਣ ਪ੍ਰਗਟ ਕੀਤਾ ਕਿ ਇਨ੍ਹਾਂ ਔਕੜਾਂ ਦੇ ਬਾਵਜੂਦ, ਭਾਰਤ ਦਾ ਦਹਾਕਾ ਸ਼ਾਨਦਾਰ ਤਰੱਕੀ, ਸ਼ਾਨਦਾਰ ਸਪੁਰਦਗੀ ਅਤੇ ਲੋਕਤੰਤਰ ਦੀ ਮਜ਼ਬੂਤੀ ਨਾਲ ਚਿੰਨ੍ਹਤ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਜਦੋਂ ਆਖਰੀ ਦਹਾਕਾ ਸ਼ੁਰੂ ਹੋਇਆ ਸੀ, ਭਾਰਤ ਗਿਆਰ੍ਹਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ ਅਤੇ ਉਥਲ-ਪੁਥਲ ਵਿਚਾਲੇ ਗਿਰਾਵਟ ਦਾ ਡਰ ਸੀ, ਪਰ ਅੱਜ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਬਦਲਾਅ ਦੀ ਸਦੀ ਦੀ ਇੱਕ ਪ੍ਰਮੁੱਖ ਬੁਨਿਆਦ ਹੋਵੇਗਾ, ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਭਾਰਤ ਵਰਤਮਾਨ ਵਿੱਚ ਆਲਮੀ ਵਿਕਾਸ ਵਿੱਚ 16 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਪਾ ਰਿਹਾ ਹੈ ਅਤੇ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਯੋਗਦਾਨ ਸਾਲ ਦਰ ਸਾਲ ਵਧਦਾ ਰਹੇਗਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਭਾਰਤ ਆਲਮੀ ਵਿਕਾਸ ਨੂੰ ਅੱਗੇ ਵਧਾਏਗਾ ਅਤੇ ਆਲਮੀ ਅਰਥ-ਵਿਵਸਥਾ ਦੇ ਨਵੇਂ ਇੰਜਣ ਵਜੋਂ ਉਭਰੇਗਾ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਇੱਕ ਨਵੀਂ ਆਲਮੀ ਵਿਵਸਥਾ ਉਭਰ ਕੇ ਸਾਹਮਣੇ ਆਈ ਸੀ, ਪਰ 7 ਦਹਾਕਿਆਂ ਬਾਅਦ ਉਹ ਵਿਵਸਥਾ ਟੁੱਟ ਰਹੀ ਹੈ ਅਤੇ ਦੁਨੀਆ ਇੱਕ ਨਵੀਂ ਵਿਵਸਥਾ ਵੱਲ ਵਧ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਅਜਿਹਾ ਕਿਉਂ ਹੋ ਰਿਹਾ ਹੈ ਅਤੇ ਦੱਸਿਆ ਕਿ ਪਹਿਲਾਂ ਵਾਲਾ ਸਿਸਟਮ ‘ਇੱਕ ਆਕਾਰ ਸਾਰਿਆਂ ਲਈ ਢੁਕਵਾਂ’ ਪਹੁੰਚ ‘ਤੇ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮੰਨਿਆ ਜਾਂਦਾ ਸੀ ਕਿ ਵਿਸ਼ਵ ਅਰਥ-ਵਿਵਸਥਾ ਕੇਂਦਰ ਵਿੱਚ ਰਹੇਗੀ, ਸਪਲਾਈ ਲੜੀ ਮਜ਼ਬੂਤ ​​ਅਤੇ ਭਰੋਸੇਮੰਦ ਰਹੇਗੀ, ਅਤੇ ਦੇਸ਼ਾਂ ਨੂੰ ਸਿਰਫ਼ ਯੋਗਦਾਨ ਪਾਉਣ ਵਾਲੇ ਵਜੋਂ ਦੇਖਿਆ ਜਾਵੇਗਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਮਾਡਲ ਨੂੰ ਹੁਣ ਚੁਣੌਤੀ ਦਿੱਤੀ ਗਈ ਹੈ ਅਤੇ ਇਹ ਸਾਰਥਕਤਾ ਗੁਆ ਰਿਹਾ ਹੈ, ਹਰ ਦੇਸ਼ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਉਸ ਨੂੰ ਆਪਣੀ ਲਚਕਤਾ ਬਣਾਉਣੀ ਚਾਹੀਦੀ ਹੈ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੁਨੀਆ ਜਿਸ ਬਾਰੇ ਚਰਚਾ ਕਰ ਰਹੀ ਹੈ, ਭਾਰਤ ਪਹਿਲਾਂ ਹੀ 2015 ਵਿੱਚ ਆਪਣੀ ਨੀਤੀ ਦਾ ਹਿੱਸਾ ਬਣ ਚੁੱਕਾ ਸੀ। ਉਨ੍ਹਾਂ ਯਾਦ ਕੀਤਾ ਕਿ ਜਦੋਂ ਨੀਤੀ ਆਯੋਗ ਦੀ ਸਥਾਪਨਾ ਇੱਕ ਦਹਾਕਾ ਪਹਿਲਾਂ ਹੋਈ ਸੀ, ਤਾਂ ਇਸਦੇ ਸੰਸਥਾਪਕ ਦਸਤਾਵੇਜ਼ ਨੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਤੌਰ ‘ਤੇ ਦਰਸਾਇਆ ਸੀ – ਕਿ ਦੇਸ਼ ਵਿਦੇਸ਼ਾਂ ਤੋਂ ਇੱਕ ਵੀ ਵਿਕਾਸ ਮਾਡਲ ਆਯਾਤ ਨਹੀਂ ਕਰੇਗਾ ਬਲਕਿ ਵਿਕਾਸ ਲਈ ਆਪਣੀ ਪਹੁੰਚ ਅਪਣਾਏਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨੀਤੀ ਨੇ ਭਾਰਤ ਨੂੰ ਆਪਣੀਆਂ ਲੋੜਾਂ ਅਤੇ ਹਿੱਤਾਂ ਅਨੁਸਾਰ ਫੈਸਲੇ ਲੈਣ ਦਾ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਇੱਕ ਵੱਡਾ ਕਾਰਨ ਰਿਹਾ ਹੈ ਕਿ, ਇੱਕ ਦਹਾਕੇ ਦੀਆਂ ਔਕੜਾਂ ਵਿੱਚ ਵੀ, ਭਾਰਤ ਦੀ ਆਰਥਿਕਤਾ ਕਮਜ਼ੋਰ ਨਹੀਂ ਹੋਈ ਸਗੋਂ ਮਜ਼ਬੂਤ ​​ਹੁੰਦੀ ਰਹੀ ਹੈ।

“21ਵੀਂ ਸਦੀ ਦੇ ਇਸ ਦਹਾਕੇ ਵਿੱਚ, ਭਾਰਤ ‘ਰਿਫਾਰਮ ਐਕਸਪ੍ਰੈਸ’ ‘ਤੇ ਸਵਾਰ ਹੈ”, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਦੀ ਸਭ ਤੋਂ ਵੱਡੀ ਤਾਕਤ ਇਸ ਤੱਥ ਵਿੱਚ ਹੈ ਕਿ ਸੁਧਾਰ ਮਜਬੂਰੀ ਨਾਲ ਨਹੀਂ ਸਗੋਂ ਦ੍ਰਿੜ੍ਹਤਾ ਅਤੇ ਵਚਨਬੱਧਤਾ ਨਾਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਜੂਦ ਮਾਹਰਾਂ ਅਤੇ ਆਰਥਿਕ ਮੋਹਰੀਆਂ ਨੇ 2014 ਤੋਂ ਪਹਿਲਾਂ ਦੇ ਯੁੱਗ ਨੂੰ ਦੇਖਿਆ ਹੈ, ਜਦੋਂ ਸੁਧਾਰ ਸਿਰਫ਼ ਸੰਕਟ ਜਾਂ ਮਜਬੂਰੀ ਵੱਸ ਹੀ ਕੀਤੇ ਜਾਂਦੇ ਸਨ। ਉਨ੍ਹਾਂ ਯਾਦ ਕੀਤਾ ਕਿ 1991 ਦੇ ਸੁਧਾਰ ਉਦੋਂ ਆਏ ਸਨ ਜਦੋਂ ਦੇਸ਼ ਦੀਵਾਲੀਆਪਨ ਦਾ ਸਾਹਮਣਾ ਕਰ ਰਿਹਾ ਸੀ ਅਤੇ ਸੋਨਾ ਗਹਿਣੇ ਰੱਖਣਾ ਪਿਆ ਸੀ ਅਤੇ ਉਨ੍ਹਾਂ ਜ਼ਿਕਰ ਕੀਤਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਉਸੇ ਪੈਟਰਨ ਦੀ ਪਾਲਣਾ ਕੀਤੀ ਸੀ, ਸਿਰਫ਼ ਮਜਬੂਰੀ ਵੱਸ ਹੀ ਸੁਧਾਰ ਪੇਸ਼ ਕੀਤੇ ਗਏ। ਸ਼੍ਰੀ ਮੋਦੀ ਨੇ ਅੱਗੇ ਉਦਾਹਰਣਾਂ ਦਿੱਤੀਆਂ ਜਿਵੇਂ ਕਿ 26/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਐੱਨਆਈਏ ਦਾ ਗਠਨ, ਗਰਿੱਡ ਫੇਲ੍ਹ ਹੋਣ ਤੋਂ ਬਾਅਦ ਹੀ ਬਿਜਲੀ ਖੇਤਰ ਵਿੱਚ ਸੁਧਾਰ, ਅਤੇ ਮਹਿੰਗਾਈ ਵਧਣ ਅਤੇ ਕਬਾਇਲੀ ਖੇਤਰਾਂ ਵਿੱਚ ਭੁੱਖਮਰੀ ਫੈਲਣ ‘ਤੇ ਲਾਗੂ ਕੀਤਾ ਗਿਆ ਖੁਰਾਕ ਸੁਰੱਖਿਆ ਕਾਨੂੰਨ, ਫਿਰ ਵੀ ਇਸਨੂੰ ਮਾੜੇ ਢੰਗ ਨਾਲ ਲਾਗੂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਜਬੂਰੀ ਤੋਂ ਪੈਦਾ ਹੋਏ ਸੁਧਾਰ ਕਦੇ ਵੀ ਦੇਸ਼ ਨੂੰ ਸਹੀ ਨਤੀਜੇ ਨਹੀਂ ਦਿੰਦੇ। ਉਨ੍ਹਾਂ ਮਾਣ ਪ੍ਰਗਟ ਕੀਤਾ ਕਿ ਪਿਛਲੇ ਗਿਆਰਾਂ ਸਾਲਾਂ ਵਿੱਚ ਨੀਤੀ, ਪ੍ਰਕਿਰਿਆ, ਸਪੁਰਦਗੀ ਅਤੇ ਇੱਥੋਂ ਤੱਕ ਕਿ ਮਾਨਸਿਕਤਾ ਵਿੱਚ ਵੀ ਦ੍ਰਿੜ੍ਹਤਾ ਨਾਲ ਸੁਧਾਰ ਕੀਤੇ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਨੀਤੀ ਬਦਲਦੀ ਹੈ ਪਰ ਪ੍ਰਕਿਰਿਆਵਾਂ ਅਤੇ ਮਾਨਸਿਕਤਾ ਓਵੇਂ ਰਹਿੰਦੀਆਂ ਹਨ, ਤਾਂ ਸੁਧਾਰ ਸਿਰਫ਼ ਕਾਗਜ਼ਾਂ ‘ਤੇ ਹੀ ਰਹਿੰਦੇ ਹਨ, ਇਸੇ ਕਰਕੇ ਉਨ੍ਹਾਂ ਦੀ ਸਰਕਾਰ ਨੇ ਸਮੁੱਚੀ ਪ੍ਰਣਾਲੀ ਨੂੰ ਬਦਲਣ ਲਈ ਕੰਮ ਕੀਤਾ। ਸ਼੍ਰੀ ਮੋਦੀ ਨੇ ਕੈਬਨਿਟ ਦੇ ਪਰਚਿਆਂ ਦੀ ਉਦਾਹਰਣ ਦਿੰਦੇ ਹੋਏ ਪ੍ਰਕਿਰਿਆ ਸੁਧਾਰਾਂ ਬਾਰੇ ਵਿਸਥਾਰ ਨਾਲ ਦੱਸਿਆ, ਜਿਨ੍ਹਾਂ ਨੂੰ ਤਿਆਰ ਕਰਨ ਵਿੱਚ ਪਹਿਲਾਂ ਹਫ਼ਤੇ ਜਾਂ ਮਹੀਨੇ ਲੱਗਦੇ ਸਨ, ਜਿਸ ਨਾਲ ਵਿਕਾਸ ਹੌਲੀ ਹੋ ਜਾਂਦਾ ਸੀ। ਉਨ੍ਹਾਂ ਦੀ ਸਰਕਾਰ ਨੇ ਫੈਸਲੇ ਲੈਣ ਨੂੰ ਸਮਾਂਬੱਧ ਅਤੇ ਤਕਨਾਲੋਜੀ ਅਧਾਰਤ ਬਣਾਇਆ ਅਤੇ ਇਹ ਯਕੀਨੀ ਬਣਾਇਆ ਕਿ ਫਾਈਲਾਂ ਅਣਮਿੱਥੇ ਸਮੇਂ ਲਈ ਲਟਕੀਆਂ ਨਾ ਰਹਿ ਸਕਣ ਅਤੇ ਇਸਦੇ ਨਤੀਜੇ ਅੱਜ ਦਿਖਾਈ ਦੇ ਰਹੇ ਹਨ।

ਰੇਲਵੇ ਓਵਰ-ਬ੍ਰਿਜ ਪ੍ਰਵਾਨਗੀਆਂ ਦੀ ਉਦਾਹਰਣ ਦਿੰਦੇ ਹੋਏ, ਜਿਸ ਵਿੱਚ ਪਹਿਲਾਂ ਕਈ ਸਾਲ ਲੱਗਦੇ ਸਨ ਅਤੇ ਕਈ ਪ੍ਰਵਾਨਗੀਆਂ ਦੀ ਲੋੜ ਹੁੰਦੀ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਇਸਨੂੰ ਹੁਣ ਸੁਚਾਰੂ ਬਣਾਇਆ ਗਿਆ ਹੈ, ਜਿਸ ਨਾਲ ਬੁਨਿਆਦੀ ਢਾਂਚੇ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ। ਯਾਦ ਕਰਦੇ ਹੋਏ ਕਿ ਪਹਿਲਾਂ ਸਰਹੱਦੀ ਖੇਤਰਾਂ ਵਿੱਚ ਇੱਕ ਸਧਾਰਨ ਸੜਕ ਲਈ ਵੀ ਦਿੱਲੀ ਤੋਂ ਇਜਾਜ਼ਤਾਂ ਦੀ ਲੋੜ ਹੁੰਦੀ ਸੀ, ਜਿਸ ਨਾਲ ਸਥਾਨਕ ਫੈਸਲੇ ਲੈਣ ਵਿੱਚ ਰੁਕਾਵਟਾਂ ਪੈਦਾ ਹੁੰਦੀਆਂ ਸਨ, ਉਨ੍ਹਾਂ ਨੇ ਸਰਹੱਦੀ ਬੁਨਿਆਦੀ ਢਾਂਚੇ ਨੂੰ ਵੀ ਉਜਾਗਰ ਕੀਤਾ। 2014 ਤੋਂ ਬਾਅਦ, ਉਨ੍ਹਾਂ ਦੀ ਸਰਕਾਰ ਨੇ ਸਥਾਨਕ ਪ੍ਰਸ਼ਾਸਨ ਨੂੰ ਅਧਿਕਾਰਤ ਕੀਤਾ, ਜਿਸ ਦੇ ਨਤੀਜੇ ਵਜੋਂ ਤੇਜ਼ ਰਫ਼ਤਾਰ ਨਾਲ ਸਰਹੱਦੀ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਸੁਧਾਰ ਜਿਸਨੇ ਆਲਮੀ ਪ੍ਰਭਾਵ ਛੱਡਿਆ ਕੀਤਾ ਹੈ ਉਹ ਹੈ ਯੂਪੀਆਈ, ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ, ਜੋ ਕਿ ਸਿਰਫ਼ ਇੱਕ ਐਪ ਨਹੀਂ ਹੈ ਬਲਕਿ ਨੀਤੀ, ਪ੍ਰਕਿਰਿਆ ਅਤੇ ਸਪੁਰਦਗੀ ਦੇ ਸੁਮੇਲ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਯੂਪੀਆਈ ਨੇ ਉਨ੍ਹਾਂ ਨਾਗਰਿਕਾਂ ਨੂੰ ਬੈਂਕਿੰਗ ਅਤੇ ਵਿੱਤੀ ਲਾਭ ਦਿੱਤੇ ਹਨ, ਜਿਨ੍ਹਾਂ ਨੇ ਕਦੇ ਅਜਿਹੀਆਂ ਸੇਵਾਵਾਂ ਤੱਕ ਪਹੁੰਚ ਦੀ ਕਲਪਨਾ ਵੀ ਨਹੀਂ ਕੀਤੀ ਸੀ। ਸ਼੍ਰੀ ਮੋਦੀ ਨੇ ਅੱਗੇ ਜ਼ੋਰ ਦਿੱਤਾ ਕਿ ਡਿਜੀਟਲ ਇੰਡੀਆ, ਡਿਜੀਟਲ ਭੁਗਤਾਨ ਪ੍ਰਣਾਲੀ ਅਤੇ ਜਨ ਧਨ-ਆਧਾਰ-ਮੋਬਾਈਲ ਦੇ ਤਿਕੋਣ ਮਜਬੂਰੀ ਤੋਂ ਨਹੀਂ ਸਗੋਂ ਦ੍ਰਿੜ੍ਹਤਾ ਤੋਂ ਪੈਦਾ ਹੋਏ ਸਨ, ਜੋ ਪਹਿਲਾਂ ਛੱਡੇ ਗਏ ਨਾਗਰਿਕਾਂ ਨੂੰ ਸ਼ਾਮਲ ਕਰਨ ਦੇ ਦ੍ਰਿਸ਼ਟੀਕੋਣ ਤੋਂ ਸੰਚਾਲਿਤ ਸਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਅੱਜ ਵੀ, ਸਰਕਾਰ ਉਸੇ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੀ ਹੈ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦਾ ਨਵਾਂ ਦ੍ਰਿਸ਼ਟੀਕੋਣ ਬਜਟ ਵਿੱਚ ਵੀ ਝਲਕਦਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਜਟ ਦੇ ਆਲੇ-ਦੁਆਲੇ ਪਹਿਲਾਂ ਦੀਆਂ ਚਰਚਾਵਾਂ ਸਿਰਫ਼ ਖਰਚ ‘ਤੇ ਕੇਂਦ੍ਰਿਤ ਸਨ – ਬਿਨਾਂ ਉਨ੍ਹਾਂ ਐਲਾਨਾਂ ਦੇ ਨਤੀਜਿਆਂ ‘ਤੇ ਸਵਾਲ ਚੁੱਕੇ ਕਿੰਨਾ ਪੈਸਾ ਅਲਾਟ ਕੀਤਾ ਗਿਆ, ਕਿਹੜੀਆਂ ਚੀਜ਼ਾਂ ਸਸਤੀਆਂ ਜਾਂ ਮਹਿੰਗੀਆਂ ਹੋਈਆਂ, ਕਿੰਨੀਆਂ ਨਵੀਆਂ ਰੇਲਗੱਡੀਆਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੀ ਸਰਕਾਰ ਨੇ ਬਜਟ ਨੂੰ ਖਰਚ-ਕੇਂਦ੍ਰਿਤ ਦੇ ਨਾਲ-ਨਾਲ ਨਤੀਜਾ-ਕੇਂਦ੍ਰਿਤ ਬਣਾਇਆ। ਸ਼੍ਰੀ ਮੋਦੀ ਨੇ ਬਜਟ ਵਿੱਚ ਇੱਕ ਹੋਰ ਵੱਡੀ ਤਬਦੀਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ 2014 ਤੋਂ ਪਹਿਲਾਂ, ਬਜਟ ਤੋਂ ਬਾਹਰ ਉਧਾਰ ਲੈਣ ‘ਤੇ ਚਰਚਾਵਾਂ ਦਾ ਦਬਦਬਾ ਸੀ, ਜਦਕਿ ਹੁਣ ਬਜਟ ਤੋਂ ਬਾਹਰ ਸੁਧਾਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਬਜਟ ਤੋਂ ਬਾਹਰ ਸੁਧਾਰਾਂ ਨੂੰ ਯਾਦ ਕੀਤਾ ਜਿਵੇਂ ਕਿ ਅਗਲੀ ਪੀੜ੍ਹੀ ਦਾ ਜੀਐੱਸਟੀ, ਯੋਜਨਾ ਕਮਿਸ਼ਨ ਦੀ ਥਾਂ ਨੀਤੀ ਆਯੋਗ ਦੀ ਸਿਰਜਣਾ, ਧਾਰਾ 370 ਨੂੰ ਰੱਦ ਕਰਨਾ, ਤਿੰਨ ਤਲਾਕ ਵਿਰੁੱਧ ਕਾਨੂੰਨ ਅਤੇ ਨਾਰੀ ਸ਼ਕਤੀ ਵੰਦਨ ਕਾਨੂੰਨ ਨੂੰ ਲਾਗੂ ਕਰਨਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਵੇਂ ਬਜਟ ਵਿੱਚ ਐਲਾਨ ਕੀਤਾ ਗਿਆ ਹੋਵੇ ਜਾਂ ਇਸ ਤੋਂ ਬਾਹਰ, ਰਿਫਾਰਮ ਐਕਸਪ੍ਰੈਸ ਰਫ਼ਤਾਰ ਫੜ੍ਹ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੀ ਬੰਦਰਗਾਹਾਂ ਅਤੇ ਸਮੁੰਦਰੀ ਖੇਤਰ ਵਿੱਚ ਸੁਧਾਰ ਕੀਤੇ ਗਏ ਸਨ, ਜਹਾਜ਼ ਨਿਰਮਾਣ ਉਦਯੋਗ ਲਈ ਪਹਿਲਕਦਮੀਆਂ ਕੀਤੀਆਂ ਗਈਆਂ ਸਨ, ਜਨ ਵਿਸ਼ਵਾਸ ਐਕਟ ਅਧੀਨ ਸੁਧਾਰਾਂ ਨੂੰ ਅੱਗੇ ਵਧਾਇਆ ਗਿਆ ਸੀ, ਊਰਜਾ ਸੁਰੱਖਿਆ ਲਈ ਸ਼ਾਂਤੀ ਐਕਟ ਪੇਸ਼ ਕੀਤਾ ਗਿਆ ਸੀ, ਕਿਰਤ ਕਾਨੂੰਨ ਸੁਧਾਰ ਲਾਗੂ ਕੀਤੇ ਗਏ ਸਨ, ਭਾਰਤੀ ਨਿਆਏ ਸੰਹਿਤਾ ਲਿਆਂਦੀ ਗਈ ਸੀ, ਵਕਫ਼ ਐਕਟ ਵਿੱਚ ਸੁਧਾਰ ਕੀਤੇ ਗਏ ਸਨ ਅਤੇ ਪੇਂਡੂ ਰੁਜ਼ਗਾਰ ਪੈਦਾ ਕਰਨ ਲਈ ਇੱਕ ਨਵਾਂ ‘ਵਿਕਸਿਤ ਭਾਰਤ ਜੀ ਰਾਮ ਜੀ ਬਿੱਲ’ ਲਾਗੂ ਕੀਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਲ ਭਰ ਵਿੱਚ ਅਜਿਹੇ ਕਈ ਸੁਧਾਰ ਲਗਾਤਾਰ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਸਾਲ ਦੇ ਬਜਟ ਨੇ ‘ਰਿਫਾਰਮ ਐਕਸਪ੍ਰੈਸ’ ਨੂੰ ਹੋਰ ਅੱਗੇ ਵਧਾਇਆ ਹੈ ਅਤੇ ਦੋ ਮਹੱਤਵਪੂਰਨ ਕਾਰਕਾਂ – ਪੂੰਜੀ ਖਰਚ ਅਤੇ ਤਕਨਾਲੋਜੀ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ, ਪਿਛਲੇ ਸਾਲਾਂ ਵਾਂਗ, ਬੁਨਿਆਦੀ ਢਾਂਚੇ ਦੇ ਖਰਚ ਨੂੰ ਲਗਭਗ 17 ਲੱਖ ਕਰੋੜ ਰੁਪਏ ਤੱਕ ਵਧਾ ਦਿੱਤਾ ਗਿਆ ਹੈ, ਜਿਸ ਵਿੱਚ ਕਈ ਖੇਤਰਾਂ ਵਿੱਚ ਸਮਰੱਥਾ, ਉਤਪਾਦਕਤਾ ਅਤੇ ਰੁਜ਼ਗਾਰ ਦੀ ਸਿਰਜਣਾ ਨੂੰ ਵਧਾਉਣ ਵਿੱਚ ਪੂੰਜੀ ਖਰਚ ਦੇ ਮਹੱਤਵਪੂਰਨ ਗੁਣਕ ਪ੍ਰਭਾਵ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਪੰਜ ਯੂਨੀਵਰਸਿਟੀ ਟਾਊਨਸ਼ਿਪਾਂ ਦੇ ਨਿਰਮਾਣ, ਟੀਅਰ-2 ਅਤੇ ਟੀਅਰ-3 ਸ਼ਹਿਰਾਂ ਲਈ ਸ਼ਹਿਰੀ ਆਰਥਿਕ ਖੇਤਰਾਂ ਦੇ ਵਿਕਾਸ ਅਤੇ ਸੱਤ ਨਵੇਂ ਹਾਈ-ਸਪੀਡ ਰੇਲ ਕੌਰੀਡੋਰਾਂ ਵਰਗੇ ਐਲਾਨਾਂ ਵੱਲ ਇਸ਼ਾਰਾ ਕੀਤਾ ਅਤੇ ਉਨ੍ਹਾਂ ਨੂੰ ਨੌਜਵਾਨਾਂ ਅਤੇ ਦੇਸ਼ ਦੇ ਭਵਿੱਖ ਵਿੱਚ ਅਸਲ ਨਿਵੇਸ਼ ਕਰਾਰ ਦਿੱਤਾ।

ਇਹ ਜ਼ੋਰ ਦਿੰਦੇ ਹੋਏ ਕਿ ਪਿਛਲੇ ਦਹਾਕੇ ਦੌਰਾਨ, ਤਕਨਾਲੋਜੀ ਅਤੇ ਨਵੀਨਤਾ ਨੂੰ ਵਿਕਾਸ ਦੇ ਮੁੱਖ ਚਾਲਕਾਂ ਵਜੋਂ ਮਾਨਤਾ ਦਿੱਤੀ ਗਈ ਹੈ, ਸਟਾਰਟਅੱਪ ਅਤੇ ਹੈਕਾਥੌਨ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਨਾਲ, ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਭਾਰਤ ਵਿੱਚ ਹੁਣ ਦੋ ਲੱਖ ਤੋਂ ਵੱਧ ਰਜਿਸਟਰਡ ਸਟਾਰਟਅੱਪ ਕਈ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਜੋਖਮ ਲੈਣ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਨਵੀਨਤਾ ਦਾ ਸਨਮਾਨ ਕੀਤਾ ਹੈ, ਜਿਸਦੇ ਨਤੀਜੇ ਪ੍ਰਤੱਖ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦਾ ਬਜਟ  ਖ਼ਾਸ ਕਰਕੇ ਬਾਇਓਫਾਰਮਾ, ਸੈਮੀਕੰਡਕਟਰ ਅਤੇ ਮਸਨੂਈ ਬੁੱਧੀ ਵਰਗੇ ਖੇਤਰਾਂ ਲਈ ਮਹੱਤਵਪੂਰਨ ਐਲਾਨਾਂ ਨਾਲ ਇਨ੍ਹਾਂ ਤਰਜੀਹਾਂ ਨੂੰ ਮਜ਼ਬੂਤ ​​ਬਣਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਟਿੱਪਣੀ ਕੀਤੀ ਕਿ ਜਿਵੇਂ-ਜਿਵੇਂ ਭਾਰਤ ਦੀ ਆਰਥਿਕ ਤਾਕਤ ਵਧੀ ਹੈ, ਸਰਕਾਰ ਨੇ ਸੂਬਿਆਂ ਨੂੰ ਵੀ ਸਮਰੱਥ ਬਣਾਇਆ ਹੈ। ਉਨ੍ਹਾਂ ਨੇ ਅੰਕੜਿਆਂ ਦਾ ਹਵਾਲਾ ਦਿੱਤਾ ਜੋ ਦਰਸਾਉਂਦੇ ਹਨ ਕਿ 2004 ਅਤੇ 2014 ਦਰਮਿਆਨ ਸੂਬਿਆਂ ਨੂੰ ਟੈਕਸ ਵੰਡ ਰਾਹੀਂ ਲਗਭਗ 18 ਲੱਖ ਕਰੋੜ ਰੁਪਏ ਪ੍ਰਾਪਤ ਹੋਏ ਸਨ, ਜਦਕਿ 2014 ਤੋਂ 2025 ਤੱਕ, ਸੂਬਿਆਂ ਨੂੰ ਪਹਿਲਾਂ ਹੀ 84 ਲੱਖ ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਲਗਭਗ 14 ਲੱਖ ਕਰੋੜ ਰੁਪਏ ਦੀ ਤਜਵੀਜ਼ ਦੇ ਨਾਲ, ਉਨ੍ਹਾਂ ਦੀ ਸਰਕਾਰ ਦੇ ਤਹਿਤ ਸੂਬਿਆਂ ਨੂੰ ਕੁੱਲ ਟੈਕਸ ਵੰਡ ਲਗਭਗ 100 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗੀ, ਜਿਸ ਨਾਲ ਸੂਬਾ ਸਰਕਾਰਾਂ ਦੇਸ਼ ਭਰ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੇ ਯੋਗ ਹੋ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਮੁਕਤ ਵਪਾਰ ਸਮਝੌਤਿਆਂ ‘ਤੇ ਵਿਆਪਕ ਤੌਰ ‘ਤੇ ਚਰਚਾ ਅਤੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਨੇ ਇੱਕ ਮਹੱਤਵਪੂਰਨ ਦ੍ਰਿਸ਼ਟੀਕੋਣ ਪੇਸ਼ ਕੀਤਾ ਕਿ 2014 ਤੋਂ ਪਹਿਲਾਂ ਅਜਿਹੇ ਸੌਦੇ ਕਿਉਂ ਸੰਭਵ ਨਹੀਂ ਸਨ। ਉਨ੍ਹਾਂ ਸਵਾਲ ਕੀਤਾ ਕਿ ਇੱਕੋ ਦੇਸ਼, ਯੁਵਾ ਸ਼ਕਤੀ ਅਤੇ ਸਰਕਾਰੀ ਪ੍ਰਣਾਲੀ ਦੇ ਬਾਵਜੂਦ, ਵਿਕਸਿਤ ਦੇਸ਼ਾਂ ਨਾਲ ਵਿਆਪਕ ਵਪਾਰਕ ਸੌਦੇ ਪਹਿਲਾਂ ਕਿਉਂ ਨਹੀਂ ਹੋਏ ਸਨ। ਉਨ੍ਹਾਂ ਨੇ ਸਮਝਾਇਆ ਕਿ ਇਹ ਤਬਦੀਲੀ ਸਰਕਾਰ ਦੇ ਦ੍ਰਿਸ਼ਟੀਕੋਣ, ਨੀਤੀ, ਇਰਾਦੇ ਅਤੇ ਭਾਰਤ ਦੀ ਵਧੀ ਹੋਈ ਤਾਕਤ ਵਿੱਚ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਉਸ ਸਮੇਂ ਦੌਰਾਨ ਜਦੋਂ ਭਾਰਤ ਨੂੰ ਨਾਜ਼ੁਕ ਪੰਜ ਅਰਥਚਾਰਿਆਂ ਵਿੱਚ ਗਿਣਿਆ ਜਾਂਦਾ ਸੀ, ਨੀਤੀਗਤ ਅਧਰੰਗ ਤੋਂ ਪੀੜਤ ਅਤੇ ਘੁਟਾਲਿਆਂ ਨਾਲ ਘਿਰਿਆ ਹੋਇਆ ਸੀ, ਕੋਈ ਵੀ ਦੇਸ਼ ਭਾਰਤ ‘ਤੇ ਭਰੋਸਾ ਕਰਨ ਲਈ ਤਿਆਰ ਨਹੀਂ ਸੀ। ਸ਼੍ਰੀ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ, ਭਾਰਤ ਦਾ ਨਿਰਮਾਣ ਅਧਾਰ ਕਮਜ਼ੋਰ ਸੀ, ਅਤੇ ਪਹਿਲਾਂ ਦੀਆਂ ਸਰਕਾਰਾਂ ਨੂੰ ਡਰ ਸੀ ਕਿ ਵਿਕਸਿਤ ਦੇਸ਼ਾਂ ਨਾਲ ਵਪਾਰਕ ਸੌਦੇ ਬਜ਼ਾਰ ‘ਤੇ ਕਬਜ਼ਾ ਅਤੇ ਸਸਤੇ ਭਾਅ ਦੇ ਉਤਪਾਦਾਂ ਵੱਲ ਲੈ ਜਾਣਗੇ। ਉਨ੍ਹਾਂ ਯਾਦ ਦਿਵਾਇਆ ਕਿ ਨਿਰਾਸ਼ਾ ਦੇ ਉਸ ਮਾਹੌਲ ਵਿੱਚ, ਪਿਛਲੀ ਸਰਕਾਰ ਨੇ ਸਿਰਫ਼ ਚਾਰ ਵਿਆਪਕ ਵਪਾਰ ਸਮਝੌਤੇ ਕੀਤੇ ਸਨ। ਇਸ ਦੇ ਉਲਟ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਨੇ ਵਿਭਿੰਨ ਖੇਤਰਾਂ ਦੇ 38 ਦੇਸ਼ਾਂ ਨੂੰ ਕਵਰ ਕਰਨ ਵਾਲੇ ਵਪਾਰਕ ਸੌਦੇ ਕੀਤੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਭਾਰਤ ਆਤਮਵਿਸ਼ਵਾਸੀ ਹੈ, ਆਲਮੀ ਪੱਧਰ ‘ਤੇ ਮੁਕਾਬਲਾ ਕਰਨ ਲਈ ਤਿਆਰ ਹੈ ਅਤੇ ਪਿਛਲੇ ਗਿਆਰਾਂ ਸਾਲਾਂ ਵਿੱਚ ਇੱਕ ਮਜ਼ਬੂਤ ​​ਨਿਰਮਾਣ ਮਾਹੌਲ ਸਿਰਜਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਇਸ ਤਾਕਤ ਅਤੇ ਸਸ਼ਕਤੀਕਰਨ ਨੇ ਦੁਨੀਆ ਦਾ ਭਰੋਸਾ ਹਾਸਲ ਕੀਤਾ ਹੈ, ਜੋ ਭਾਰਤ ਦੀ ਵਪਾਰ ਨੀਤੀ ਵਿੱਚ ਇੱਕ ਆਦਰਸ਼ ਤਬਦੀਲੀ ਦਾ ਅਧਾਰ ਬਣਦਾ ਹੈ, ਜੋ ਕਿ ਇੱਕ ਵਿਕਸਿਤ ਭਾਰਤ ਵੱਲ ਯਾਤਰਾ ਦਾ ਇੱਕ ਜ਼ਰੂਰੀ ਥੰਮ੍ਹ ਬਣ ਗਿਆ ਹੈ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਹਰ ਨਾਗਰਿਕ ਨੂੰ ਵਿਕਾਸ ਵਿੱਚ ਭਾਗੀਦਾਰ ਬਣਾਉਣ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ, ਉਨ੍ਹਾਂ ਲੋਕਾਂ ਨੂੰ ਤਰਜੀਹ ਦਿੰਦੇ ਹੋਏ ਜੋ ਪਿੱਛੇ ਰਹਿ ਗਏ ਸਨ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਸਿਰਫ਼ ਦਿਵਯਾਂਗ ਨਾਗਰਿਕਾਂ ਲਈ ਐਲਾਨ ਕੀਤੇ ਸਨ, ਪਰ ਉਨ੍ਹਾਂ ਦੀ ਸਰਕਾਰ ਨੇ ਭਾਰਤੀ ਸੰਕੇਤਕ ਭਾਸ਼ਾ ਨੂੰ ਸੱਚੀ ਸੰਵੇਦਨਸ਼ੀਲਤਾ ਦੀ ਉਦਾਹਰਣ ਵਜੋਂ ਸੰਸਥਾਗਤ ਬਣਾਇਆ। ਉਨ੍ਹਾਂ ਕਿਹਾ ਕਿ ਟ੍ਰਾਂਸਜੈਂਡਰ ਭਾਈਚਾਰੇ ਨੇ ਲੰਬੇ ਸਮੇਂ ਤੋਂ ਅਧਿਕਾਰਾਂ ਲਈ ਸੰਘਰਸ਼ ਕੀਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਨੂੰ ਸਨਮਾਨ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਕਾਨੂੰਨ ਬਣਾਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦਹਾਕੇ ਵਿੱਚ, ਲੱਖਾਂ ਔਰਤਾਂ ਨੂੰ ਤਿੰਨ ਤਲਾਕ ਦੀ ਪ੍ਰਥਾ ਤੋਂ ਮੁਕਤ ਕੀਤਾ ਗਿਆ ਅਤੇ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਰਾਖਵਾਂਕਰਨ ਸੁਰੱਖਿਅਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰੀ ਮਸ਼ੀਨਰੀ ਦੀ ਮਾਨਸਿਕਤਾ ਵੀ ਬਦਲ ਗਈ ਹੈ, ਹੋਰ ਸੰਵੇਦਨਸ਼ੀਲ ਹੋ ਗਈ ਹੈ, ਜੋ ਕਿ ਮੁਫ਼ਤ ਰਾਸ਼ਨ ਵੰਡ ਵਰਗੀਆਂ ਯੋਜਨਾਵਾਂ ਵਿੱਚ ਸਪੱਸ਼ਟ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਇਸ ਯੋਜਨਾ ਦਾ ਮਜ਼ਾਕ ਉਡਾਉਣ ਲਈ ਵਿਰੋਧੀ ਧਿਰ ਦੀ ਆਲੋਚਨਾ ਕੀਤੀ, ਇਹ ਦੱਸਦੇ ਹੋਏ ਕਿ 25 ਕਰੋੜ ਲੋਕ ਗਰੀਬੀ ‘ਚੋਂ ਬਾਹਰ ਆਏ ਹਨ, ਮੁਫ਼ਤ ਰਾਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਨਵ-ਮੱਧਮ ਵਰਗ ਵਿੱਚ ਦਾਖਲ ਹੋਣ ਵਾਲੇ ਲੋਕ ਮੁੜ ਗ਼ਰੀਬੀ ਵਿੱਚ ਨਾ ਡਿੱਗਣ। ਉਨ੍ਹਾਂ ਕਿਹਾ ਕਿ ਗਰੀਬਾਂ ਅਤੇ ਨਵ-ਮੱਧਮ ਵਰਗ ਨੂੰ ਵੱਡੀ ਸਹਾਇਤਾ ਪ੍ਰਦਾਨ ਕਰਦੇ ਹੋਏ ਸਰਕਾਰ ਨੇ ਇਸ ਯੋਜਨਾ ‘ਤੇ ਲੱਖਾਂ ਕਰੋੜ ਖਰਚ ਕੀਤੇ ਹਨ।

ਸ਼੍ਰੀ ਮੋਦੀ ਨੇ ਦ੍ਰਿਸ਼ਟੀਕੋਣਾਂ ਵਿੱਚ ਅੰਤਰ ਬਾਰੇ ਵੀ ਗੱਲ ਕੀਤੀ, ਕਿਹਾ ਕਿ ਕੁਝ ਲੋਕ ਸਵਾਲ ਕਰਦੇ ਹਨ ਕਿ ਉਹ 2047 ਅਤੇ ਇੱਕ ਵਿਕਸਿਤ ਭਾਰਤ ਬਾਰੇ ਕਿਉਂ ਗੱਲ ਕਰਦੇ ਹਨ ਅਤੇ ਇਸਨੂੰ ਅਨਿਸ਼ਚਿਤ ਦੱਸ ਕੇ ਖਾਰਜ ਕਰਦੇ ਹਨ। ਉਨ੍ਹਾਂ ਨੇ ਜਵਾਬ ਦਿੱਤਾ ਕਿ ਜੇਕਰ ਆਜ਼ਾਦੀ ਘੁਲਾਟੀਆਂ ਨੇ ਇਸੇ ਤਰ੍ਹਾਂ ਸੋਚਿਆ ਹੁੰਦਾ ਤਾਂ ਭਾਰਤ ਕਦੇ ਵੀ ਆਜ਼ਾਦੀ ਹਾਸਲ ਨਾ ਕਰਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਰਾਸ਼ਟਰ ਪਹਿਲਾਂ ਆਉਂਦਾ ਹੈ, ਤਾਂ ਹਰ ਫੈਸਲਾ ਅਤੇ ਨੀਤੀ ਦੇਸ਼ ਲਈ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਸਰਕਾਰ ਦਾ ਦ੍ਰਿਸ਼ਟੀਕੋਣ ਸਪਸ਼ਟ ਹੈ – ਜੋ ਭਾਰਤ ਨੂੰ ਵਿਕਸਿਤ ਬਣਾਉਣ ਲਈ ਨਿਰੰਤਰ ਕੰਮ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀ ਪੀੜ੍ਹੀ 2047 ਤੱਕ ਰਹੇ ਜਾਂ ਨਾ ਰਹੇ, ਰਾਸ਼ਟਰ ਅਤੇ ਇਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ, ਅਤੇ ਇਸ ਲਈ ਇਹ ਵਰਤਮਾਨ ਦਾ ਫਰਜ਼ ਹੈ ਕਿ ਉਹ ਆਪਣੇ ਆਪ ਨੂੰ ਸਮਰਪਿਤ ਕਰੇ ਤਾਂ ਜੋ ਭਵਿੱਖ ਸੁਰੱਖਿਅਤ ਅਤੇ ਰੋਸ਼ਨ ਹੋਵੇ।

ਇਹ ਜ਼ਿਕਰ ਕਰਦੇ ਹੋਏ ਕਿ ਉਨ੍ਹਾਂ ਦਾ ਸੁਭਾਅ ਵਿਕਸਿਤ ਹੁੰਦਾ ਰਹੇਗਾ ਪਰ ਸਿਸਟਮ ਤੇਜ਼ੀ ਨਾਲ ਬਦਲਣਗੇ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੁਨੀਆ ਨੂੰ ਹੁਣ ਔਕੜਾਂ ਦੇ ਨਾਲ ਰਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਮਸਨੂਈ ਬੁੱਧੀ ਸਦਕਾ ਪਹਿਲਾਂ ਤੋਂ ਦਿਖਾਈ ਦੇਣ ਵਾਲੀਆਂ ਰੁਕਾਵਟਾਂ ਨੂੰ ਉਜਾਗਰ ਕੀਤਾ ਅਤੇ ਜ਼ੋਰ ਦਿੱਤਾ ਕਿ ਏਆਈ ਭਵਿੱਖ ਵਿੱਚ ਹੋਰ ਵੀ ਇਨਕਲਾਬੀ ਬਦਲਾਅ ਲਿਆਏਗਾ, ਜਿਸ ਲਈ ਭਾਰਤ ਤਿਆਰ ਹੈ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਕੁਝ ਦਿਨਾਂ ਵਿੱਚ, ‘ਗਲੋਬਲ ਏਆਈ ਇਮਪੈਕਟ ਸੰਮੇਲਨ’ ਭਾਰਤ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਦੁਨੀਆ ਭਰ ਦੇ ਕਈ ਦੇਸ਼ਾਂ ਅਤੇ ਤਕਨਾਲੋਜੀ ਮੋਹਰੀਆਂ ਦੀ ਭਾਗੀਦਾਰੀ ਹੋਵੇਗੀ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਭਾਸ਼ਣ ਦੀ ਸਮਾਪਤੀ ਕੀਤੀ ਕਿ ਰਲ਼-ਮਿਲ ਕੇ, ਇੱਕ ਬਿਹਤਰ ਦੁਨੀਆ ਬਣਾਉਣ ਲਈ ਯਤਨ ਜਾਰੀ ਰਹਿਣਗੇ ਅਤੇ ਉਨ੍ਹਾਂ ਇਸ ਭਰੋਸੇ ਨਾਲ ਸੰਮੇਲਨ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

https://x.com/narendramodi/status/2022324032541245647

https://x.com/PMOIndia/status/2022324991359082893

https://x.com/PMOIndia/status/2022326276149952986

https://x.com/PMOIndia/status/2022328723454980165

https://x.com/PMOIndia/status/2022329216117965009

https://x.com/PMOIndia/status/2022330841163243695

https://youtu.be/1n7vLpeilHw 

***** 

ਐੱਮਜੇਪੀਐੱਸ/ਐੱਸਆਰ