Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਨੰਦ ਵਿੱਚ ਕੇਨਜ਼ ਸੈਮੀਕਾਨ ਪਲਾਂਟ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸਾਨੰਦ ਵਿੱਚ ਕੇਨਜ਼ ਸੈਮੀਕਾਨ ਪਲਾਂਟ ਦਾ ਉਦਘਾਟਨ ਕੀਤਾ


ਕੇਨਜ਼ ਸੈਮੀਕਾਨ ਸਹੂਲਤ ਦੀ ਸ਼ੁਰੂਆਤ ਭਾਰਤ ਦੇ ਆਤਮ-ਨਿਰਭਰਤਾ ਵੱਲ ਵਧਦੇ ਕਦਮਾਂ ਨੂੰ ਹੋਰ ਮਜ਼ਬੂਤ ਕਰਦੀ ਹੈ; ਇਹ ਇੱਕ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਬਣਾਉਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਹੈ: ਪ੍ਰਧਾਨ ਮੰਤਰੀ

ਭਾਰਤ ਵਿਸ਼ਵ ਬਾਜ਼ਾਰ ਵਿੱਚ ਇੱਕ ਭਰੋਸੇਮੰਦ ਸੈਮੀਕੰਡਕਟਰ ਸਪਲਾਇਰ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਭਾਰਤ ਨੇ 2021 ਵਿੱਚ, ‘ਇੰਡੀਆ ਸੈਮੀਕੰਡਕਟਰ ਮਿਸ਼ਨ’ ਸ਼ੁਰੂ ਕੀਤਾ ਸੀ; ਇਹ ਮਿਸ਼ਨ ਸਿਰਫ਼ ਉਦਯੋਗਿਕ ਨੀਤੀ ਨਹੀਂ, ਸਗੋਂ ਭਾਰਤ ਦੇ ਆਤਮ-ਵਿਸ਼ਵਾਸ ਦਾ ਐਲਾਨ ਹੈ: ਪ੍ਰਧਾਨ ਮੰਤਰੀ

21ਵੀਂ ਸਦੀ ਦਾ ਇਹ ਦੌਰ ਸਿਰਫ਼ ਆਰਥਿਕ ਮੁਕਾਬਲੇਬਾਜ਼ੀ ਦਾ ਸਮਾਂ ਨਹੀਂ ਹੈ, ਸਗੋਂ ਇਹ ਭਵਿੱਖ ਦੇ ਤਕਨੀਕੀ ਦ੍ਰਿਸ਼ ਨੂੰ ਰੂਪ ਦੇਣ ਦਾ ਸਮਾਂ ਹੈ: ਪ੍ਰਧਾਨ ਮੰਤਰੀ

ਇਸ ਦਹਾਕੇ ਵਿੱਚ ਭਾਰਤ ਜੋ ਤਕਨੀਕੀ ਪਹਿਲਕਦਮੀਆਂ ਕਰ ਰਿਹਾ ਹੈ, ਉਹ ਆਉਣ ਵਾਲੇ ਦਹਾਕਿਆਂ ਵਿੱਚ ਉਸ ਦੀ ਅਗਵਾਈ ਨੂੰ ਹੋਰ ਮਜ਼ਬੂਤ ਕਰਨਗੀਆਂ: ਪ੍ਰਧਾਨ ਮੰਤਰੀ

21ਵੀਂ ਸਦੀ ਦਾ ਭਾਰਤ ਸਿਰਫ਼ ਬਦਲਾਅ ਦਾ ਗਵਾਹ ਨਹੀਂ ਬਣ ਰਿਹਾ, ਸਗੋਂ ਉਸ ਬਦਲਾਅ ਦੀ ਅਗਵਾਈ ਕਰਨ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਨੰਦ ਵਿੱਚ ਕੇਨਜ਼ ਟੈਕਨਾਲੋਜੀ ਦੇ ਸੈਮੀਕੰਡਕਟਰ ਪਲਾਂਟ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਇਸ ਕੇਂਦਰ ਵਿੱਚ ਉਤਪਾਦਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ 28 ਫਰਵਰੀ ਨੂੰ ਮਾਈਕ੍ਰੋਨ ਪਲਾਂਟ ਵਿੱਚ ਉਤਪਾਦਨ ਸ਼ੁਰੂ ਹੋਣ ਦੇ ਮੌਕੇ ’ਤੇ ਸਾਨੰਦ ਵਿੱਚ ਮੌਜੂਦ ਸਨ ਅਤੇ ਠੀਕ ਇੱਕ ਮਹੀਨੇ ਬਾਅਦ ਕੇਨਜ਼ ਦੀ ਇਸ ਉਪਲਬਧੀ ਦੇ ਮੌਕੇ ’ਤੇ ਫਿਰ ਤੋਂ ਇੱਥੇ ਆਏ ਹਨ। ਪ੍ਰਧਾਨ ਮੰਤਰੀ ਨੇ ਭਾਰਤ ਦੀ ਸੈਮੀਕੰਡਕਟਰ ਯਾਤਰਾ ਦੀ ਗਤੀ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ, “ਇਹ ਸਿਰਫ਼ ਇੱਕ ਇਤਫ਼ਾਕ ਨਹੀਂ ਹੈ, ਸਗੋਂ ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦਾ ਸੈਮੀਕੰਡਕਟਰ ਈਕੋਸਿਸਟਮ ਕਿੰਨੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਕੇਨਜ਼ ਟੈਕਨਾਲੋਜੀ ਦੀ ਲੀਡਰਸ਼ਿਪ, ਗੁਜਰਾਤ ਸਰਕਾਰ ਅਤੇ ਪਲਾਂਟ ਵਿੱਚ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਮਾਣ ਪ੍ਰਗਟਾਇਆ ਕਿ ਇੱਕ ਭਾਰਤੀ ਕੰਪਨੀ ਨੇ ਸੈਮੀਕੰਡਕਟਰ ਚਿੱਪ ਨਿਰਮਾਣ ਦੇ ਖੇਤਰ ਵਿੱਚ ਕਦਮ ਰੱਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੇਨਜ਼ ਹੁਣ ਵਿਸ਼ਵਵਿਆਪੀ ਸੈਮੀਕੰਡਕਟਰ ਸਪਲਾਈ ਚੇਨ ਦਾ ਹਿੱਸਾ ਬਣ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਇੱਕ ਸ਼ਾਨਦਾਰ ਸ਼ੁਰੂਆਤ ਹੈ। ਆਉਣ ਵਾਲੇ ਦਿਨਾਂ ਵਿੱਚ, ਕਈ ਭਾਰਤੀ ਕੰਪਨੀਆਂ ਵਿਸ਼ਵ-ਵਿਆਪੀ ਸਹਿਯੋਗ ਰਾਹੀਂ ਦੁਨੀਆ ਨੂੰ ਮਜ਼ਬੂਤ ਸੈਮੀਕੰਡਕਟਰ ਸਪਲਾਈ ਚੇਨ ਪ੍ਰਦਾਨ ਕਰਨਗੀਆਂ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਇਹ ਉਪਲਬਧੀ ਅਸਲ ਵਿੱਚ ‘ਮੇਕ ਇਨ ਇੰਡੀਆ, ਮੇਕ ਫ਼ਾਰ ਦ ਵਰਲਡ’ (ਭਾਰਤ ਵਿੱਚ ਬਣਾਓ, ਦੁਨੀਆ ਲਈ ਬਣਾਓ) ਦੇ ਮੰਤਰ ਨੂੰ ਸਾਕਾਰ ਕਰਦੀ ਹੈ। ਇਹ ਪਲਾਂਟ ਕੈਲੀਫੋਰਨੀਆ ਸਥਿਤ ਇੱਕ ਕੰਪਨੀ ਨੂੰ ‘ਇੰਟੈਲੀਜੈਂਟ ਪਾਵਰ ਮੋਡਿਊਲਜ਼’ ਦੀ ਸਪਲਾਈ ਕਰ ਰਿਹਾ ਹੈ ਅਤੇ ਇਸ ਦੇ ਉਤਪਾਦਨ ਦਾ ਵੱਡਾ ਹਿੱਸਾ ਪਹਿਲਾਂ ਹੀ ਨਿਰਯਾਤ ਲਈ ਬੁੱਕ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੰਦ ਅਤੇ ਸਿਲੀਕਾਨ ਵੈਲੀ ਦਰਮਿਆਨ ਅਸਲ ਵਿੱਚ ਇੱਕ ਨਵਾਂ ਪੁਲ ਬਣ ਗਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਸਾਨੰਦ ਵਿੱਚ ਬਣੇ ਇਹ ਮੋਡਿਊਲ ਅਮਰੀਕੀ ਕੰਪਨੀਆਂ ਤੱਕ ਪਹੁੰਚਣਗੇ ਅਤੇ ਉੱਥੋਂ ਪੂਰੀ ਦੁਨੀਆ ਨੂੰ ਊਰਜਾ ਪ੍ਰਦਾਨ ਕਰਨਗੇ।”

ਪ੍ਰਧਾਨ ਮੰਤਰੀ ਨੇ ਇਸ ਫੈਕਟਰੀ ਵਿੱਚ ਬਣ ਰਹੇ ਇੰਟੈਲੀਜੈਂਟ ਪਾਵਰ ਮੋਡਿਊਲਜ਼ ਦੇ ਰਣਨੀਤਕ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਭਾਰਤ ਅਤੇ ਦੁਨੀਆ, ਦੋਵਾਂ ਥਾਵਾਂ ’ਤੇ ਇਲੈਕਟ੍ਰਿਕ ਵਾਹਨ ਈਕੋਸਿਸਟਮ ਅਤੇ ਭਾਰੀ ਉਦਯੋਗਾਂ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਅਜਿਹੀਆਂ ਵਿਸ਼ਵ-ਵਿਆਪੀ ਸਾਂਝੇਦਾਰੀਆਂ ਨੂੰ ਦੁਨੀਆ ਦੇ ਬਿਹਤਰ ਭਵਿੱਖ ਦੀ ਨੀਂਹ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਇਹ ਸਿਰਫ਼ ਇੱਕ ਉਤਪਾਦ ਦੀ ਗੱਲ ਨਹੀਂ ਹੈ, ਇਹ ਭਾਰਤ ਦੇ ਵਿਸ਼ਵ ਬਾਜ਼ਾਰ ਵਿੱਚ ਭਰੋਸੇਮੰਦ ਸੈਮੀਕੰਡਕਟਰ ਸਪਲਾਇਰ ਬਣਨ ਦੀ ਗੱਲ ਹੈ।”

ਮਹਾਮਾਰੀ ਤੋਂ ਲੈ ਕੇ ਭੂ-ਰਾਜਨੀਤਿਕ ਸੰਘਰਸ਼ਾਂ ਤੱਕ ਇਸ ਦਹਾਕੇ ਵਿੱਚ ਆਈਆਂ ਚੁਣੌਤੀਆਂ ’ਤੇ ਵਿਚਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ-ਵਿਆਪੀ ਸਪਲਾਈ ਚੇਨ, ਖਾਸ ਕਰਕੇ ਚਿਪਸ, ਦੁਰਲੱਭ ਖਣਿਜ ਅਤੇ ਊਰਜਾ ਦੇ ਖੇਤਰ ਵਿੱਚ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਨ੍ਹਾਂ ਸਪਲਾਈ ਚੇਨਾਂ ਵਿੱਚ ਰੁਕਾਵਟਾਂ ਪੂਰੀ ਮਨੁੱਖਤਾ ਦੀ ਪ੍ਰਗਤੀ ਵਿੱਚ ਰੁਕਾਵਟ ਪਾਉਂਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਵਰਗੇ ਲੋਕਤੰਤਰੀ ਦੇਸ਼ ਦਾ ਇਸ ਦਿਸ਼ਾ ਵਿੱਚ ਅੱਗੇ ਵਧਣਾ ਪੂਰੀ ਦੁਨੀਆ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।”

ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਭਾਰਤ ਨੂੰ ਵਿਸ਼ਵ-ਵਿਆਪੀ ਸੈਮੀਕੰਡਕਟਰ ਹੱਬ ਬਣਾਉਣ ਦਾ ਸੰਕਲਪ ਕੋਵਿਡ ਮਹਾਮਾਰੀ ਦੇ ਦੌਰਾਨ ਹੀ ਲਿਆ ਗਿਆ ਸੀ, ਜਿਸ ਦੇ ਕਾਰਨ 2021 ਵਿੱਚ ਇੰਡੀਆ-ਸੈਮੀਕੰਡਕਟਰ ਮਿਸ਼ਨ ਸ਼ੁਰੂ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸੈਮੀਕੰਡਕਟਰ ਵਿੱਚ ਆਤਮ-ਨਿਰਭਰਤਾ ਦਾ ਅਸਰ ਏਆਈ, ਇਲੈਕਟ੍ਰਿਕ ਵਾਹਨਾਂ, ਸਵੱਛ ਊਰਜਾ, ਰੱਖਿਆ ਅਤੇ ਇਲੈਕਟ੍ਰੌਨਿਕਸ ਵਰਗੇ ਖੇਤਰਾਂ ਵਿੱਚ ਵੀ ਆਤਮ-ਨਿਰਭਰਤਾ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਮਿਸ਼ਨ ਸਿਰਫ਼ ਇੱਕ ਉਦਯੋਗਿਕ ਨੀਤੀ ਨਹੀਂ ਹੈ, ਇਹ ਭਾਰਤ ਦੇ ਆਤਮ-ਵਿਸ਼ਵਾਸ ਦਾ ਐਲਾਨ ਹੈ।”

ਪ੍ਰਧਾਨ ਮੰਤਰੀ ਨੇ ਮਿਸ਼ਨ ਦੀ ਪ੍ਰਗਤੀ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਛੇ ਰਾਜਾਂ ਵਿੱਚ ₹1,60,000 ਕਰੋੜ ਤੋਂ ਵੱਧ ਦੀ ਲਾਗਤ ਵਾਲੇ 10 ਪ੍ਰੋਜੈਕਟਾਂ ’ਤੇ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿੱਚ ਕੇਨਜ਼ ਅਤੇ ਮਾਈਕ੍ਰੋਨ ਦੇ ਪ੍ਰੋਜੈਕਟ ਮਹੱਤਵਪੂਰਨ ਹਿੱਸੇ ਹਨ। ਉਨ੍ਹਾਂ ਨੇ ਸਵਦੇਸ਼ੀ ‘ਧਰੁਵ 64’ ਮਾਈਕ੍ਰੋਪ੍ਰੋਸੈੱਸਰ ਦੇ ਵਿਕਾਸ ਬਾਰੇ ਵੀ ਜਾਣਕਾਰੀ ਦਿੱਤੀ ਜੋ 5ਜੀ ਇਨਫ੍ਰਾਸਟ੍ਰਕਚਰ, ਆਟੋਮੋਟਿਵ ਇਲੈਕਟ੍ਰੌਨਿਕਸ ਅਤੇ ਉਦਯੋਗਿਕ ਆਟੋਮੇਸ਼ਨ ਲਈ ਸੁਰੱਖਿਅਤ ਪ੍ਰੋਸੈੱਸਰ ਪਲੈਟਫਾਰਮ ਮੁਹੱਈਆ ਕਰਵਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਸੈਮੀਕੰਡਕਟਰ ਵੈਲਿਊ ਚੇਨ ਦੇ ਹਰ ਪੱਧਰ ’ਤੇ ਡਿਜ਼ਾਈਨ ਅਤੇ ਨਿਰਮਾਣ ਦੀ ਸਮਰੱਥਾ ਵਿਕਸਿਤ ਕਰ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਭਾਰਤ ਦੀ ਸੈਮੀਕੰਡਕਟਰ ਮਹੱਤਵਕਾਂਖਿਆ ਦੇ ਅਗਲੇ ਪੜਾਅ ਦੀ ਘੋਸ਼ਣਾ ਕਰਦੇ ਹੋਏ, ‘ਇੰਡੀਆ-ਸੈਮੀਕੰਡਕਟਰ ਮਿਸ਼ਨ 2.0’ ਬਾਰੇ ਗੱਲ ਕੀਤੀ, ਜਿਸ ਨੂੰ ਇਸ ਸਾਲ ਦੇ ਕੇਂਦਰੀ ਬਜਟ ਵਿੱਚ ਪੇਸ਼ ਕੀਤਾ ਗਿਆ ਸੀ। ਸੈਮੀਕੰਡਕਟਰ ਉਪਕਰਨਾਂ ਅਤੇ ਸਮੱਗਰੀਆਂ ਦੇ ਘਰੇਲੂ ਉਤਪਾਦਨ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇਸ ਨਵੇਂ ਪੜਾਅ ਦਾ ਟੀਚਾ ਪੂਰਨ-ਪੱਧਰੀ ਭਾਰਤੀ ਸੈਮੀਕੰਡਕਟਰ ਈਕੋਸਿਸਟਮ ਤਿਆਰ ਕਰਨਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਸਾਡਾ ਯਤਨ ਹੁਣ ਅਜਿਹਾ ਈਕੋਸਿਸਟਮ ਬਣਾਉਣਾ ਹੈ, ਜਿਸ ਨਾਲ ਅਸੀਂ ਘਰੇਲੂ ਅਤੇ ਵਿਸ਼ਵ-ਵਿਆਪੀ, ਦੋਵਾਂ ਤਰ੍ਹਾਂ ਦੀਆਂ ਸਪਲਾਈ ਚੇਨਾਂ ਵਿੱਚ ਵੱਡੀਆਂ ਸਾਂਝੇਦਾਰੀਆਂ ਕਰ ਸਕੀਏ।”

ਪ੍ਰਧਾਨ ਮੰਤਰੀ ਨੇ ਭਵਿੱਖ ਲਈ ਤਿਆਰ ਮਨੁੱਖੀ ਸ਼ਕਤੀ ਬਣਾਉਣ ਦੇ ਭਾਰਤ ਦੇ ਯਤਨਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 85,000 ਤੋਂ ਵੱਧ ਡਿਜ਼ਾਈਨ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਦਾ ਟੀਚਾ ਬਹੁਤ ਜਲਦ ਹਾਸਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ‘ਚਿਪਸ ਟੂ ਸਟਾਰਟਅੱਪ’ ਪ੍ਰੋਗਰਾਮ ਬਾਰੇ ਵੀ ਗੱਲ ਕੀਤੀ, ਜਿਸ ਦੇ ਤਹਿਤ ਲਗਭਗ 400 ਯੂਨੀਵਰਸਿਟੀਆਂ ਅਤੇ ਸਟਾਰਟਅੱਪਸ ਨੂੰ ਆਧੁਨਿਕ ਡਿਜ਼ਾਈਨ ਟੂਲਸ ਤੱਕ ਪਹੁੰਚ ਦਿੱਤੀ ਗਈ ਹੈ, ਜਿਸ ਦੇ ਨਤੀਜੇ ਵਜੋਂ 55 ਤੋਂ ਵੱਧ ਚਿਪਸ ਦਾ ਡਿਜ਼ਾਈਨ ਅਤੇ ਨਿਰਮਾਣ ਹੋਇਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਤਕਨੀਕੀ ਵਿਕਾਸ ਅਤੇ ਹੁਨਰਮੰਦ ਮਨੁੱਖੀ ਸ਼ਕਤੀ ਨੂੰ ਨਾਲ-ਨਾਲ ਚੱਲਣਾ ਚਾਹੀਦਾ ਹੈ ਅਤੇ ਭਾਰਤ ਇਨ੍ਹਾਂ ਦੋਵਾਂ ਨੂੰ ਯਕੀਨੀ ਬਣਾ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਉਦਯੋਗ ਦੇ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਭਾਰਤ ਦਾ ਸੈਮੀਕੰਡਕਟਰ ਬਾਜ਼ਾਰ ਹੁਣ ਲਗਭਗ $50 ਬਿਲੀਅਨ ਦਾ ਹੈ ਅਤੇ ਇਸ ਦਹਾਕੇ ਦੇ ਅੰਤ ਤੱਕ ਇਸ ਦੇ $100 ਬਿਲੀਅਨ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਭਾਰਤ ਦੇ ਸੈਮੀਕੰਡਕਟਰ ਸੰਕਲਪ ਬਾਰੇ ਵਿਸ਼ਵ-ਵਿਆਪੀ ਨਿਵੇਸ਼ਕਾਂ ਵਿੱਚ ਦਿਖ ਰਹੇ ਜ਼ਬਰਦਸਤ ਉਤਸ਼ਾਹ ਨੂੰ ਦੇਖਦੇ ਹੋਏ ਸ਼੍ਰੀ ਮੋਦੀ ਨੇ ਕਿਹਾ, “ਸਾਡਾ ਟੀਚਾ ਆਪਣੀਆਂ ਜ਼ਰੂਰਤਾਂ ਲਈ ਵੱਧ ਤੋਂ ਵੱਧ ਚਿਪਸ ਇੱਥੇ ਭਾਰਤ ਵਿੱਚ ਹੀ ਬਣਾਉਣਾ ਹੈ।”

ਪ੍ਰਧਾਨ ਮੰਤਰੀ ਨੇ ਭਾਰਤ ਦੇ ਸਮਾਨਾਂਤਰ ਯਤਨਾਂ ਬਾਰੇ ਗੱਲ ਕੀਤੀ, ਜਿਨ੍ਹਾਂ ਦਾ ਉਦੇਸ਼ ਕੱਚੇ ਮਾਲ ਦੀ ਮਜ਼ਬੂਤ ਸਪਲਾਈ ਚੇਨ ਯਕੀਨੀ ਬਣਾਉਣਾ ਹੈ। ਇਨ੍ਹਾਂ ਯਤਨਾਂ ਵਿੱਚ ‘ਪੈਕਸ ਸਿਲਿਕਾ’ ਵਿੱਚ ਭਾਰਤ ਦੀ ਮੈਂਬਰਸ਼ਿਪ ਅਤੇ ‘ਰਾਸ਼ਟਰੀ ਕ੍ਰਿਟੀਕਲ ਮਿਨਰਲਸ ਮਿਸ਼ਨ’ ਦੀ ਸ਼ੁਰੂਆਤ ਸ਼ਾਮਲ ਹੈ। ਉਨ੍ਹਾਂ ਨੇ ਖਣਿਜ ਰੀਸਾਈਕਲਿੰਗ ਲਈ 1,500 ਕਰੋੜ ਰੁਪਏ ਦੀ ਯੋਜਨਾ ਅਤੇ ਉਡੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਵਰਗੇ ਤਟਵਰਤੀ ਰਾਜਾਂ ਨੂੰ ਜੋੜਨ ਵਾਲੇ ‘ਰੇਅਰ ਅਰਥ ਕੋਰੀਡੋਰ’ ਦੀ ਘੋਸ਼ਣਾ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਬਿਹਤਰ ਹੁੰਦਾ ਜੇਕਰ ਇਹ ਕੰਮ 30-40 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਹੁੰਦਾ, ਪਰ ਹੁਣ ਭਾਰਤ ਇਸ ’ਤੇ ‘ਮਿਸ਼ਨ ਮੋਡ’ ਵਿੱਚ ਕੰਮ ਕਰ ਰਿਹਾ ਹੈ।”

ਇਸ ਦਹਾਕੇ ਨੂੰ ਭਾਰਤ ਦਾ ‘ਟੈਕੇਡ’ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੌਜੂਦਾ ਦੌਰ ਸਿਰਫ਼ ਆਰਥਿਕ ਮੁਕਾਬਲੇਬਾਜ਼ੀ ਦਾ ਨਹੀਂ ਹੈ, ਸਗੋਂ ਭਵਿੱਖ ਦੇ ਤਕਨੀਕੀ ਦ੍ਰਿਸ਼ ਨੂੰ ਰੂਪ ਦੇਣ ਦਾ ਵੀ ਹੈ। ਉਨ੍ਹਾਂ ਨੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਨੂੰ ਅਪਣਾਉਣ ਵਿੱਚ ਭਾਰਤ ਦੀ ਅਗਵਾਈ, ‘ਡਿਜੀਟਲ ਇੰਡੀਆ’ ਅਤੇ ‘ਫਿਨਟੈੱਕ’ ਦੀ ਸਫਲਤਾ, ਅਤੇ ਹਾਲ ਹੀ ਵਿੱਚ ਹੋਏ ‘ਏਆਈ ਇੰਪੈਕਟ ਸਮਿਟ’ ਦਾ ਜ਼ਿਕਰ ਕੀਤਾ। ਇਹ ਸਾਰੀਆਂ ਗੱਲਾਂ ਇਸ ਗੱਲ ਦਾ ਸਬੂਤ ਹਨ ਕਿ ਭਾਰਤੀ ਲੋਕ ਤਕਨੀਕ ’ਤੇ ਕਿੰਨਾ ਭਰੋਸਾ ਕਰਦੇ ਹਨ ਅਤੇ ਉਸ ਨੂੰ ਖੁੱਲ੍ਹੇ ਦਿਲ ਨਾਲ ਅਪਣਾਉਂਦੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਸਾਡੇ ਸੈਮੀਕੰਡਕਟਰ ਖੇਤਰ ਦੇ ਉਭਾਰ ਨਾਲ ਭਾਰਤ ਦੇ ਏਆਈ ਈਕੋਸਿਸਟਮ ਨੂੰ ਬਹੁਤ ਵੱਡੀ ਤਾਕਤ ਮਿਲੇਗੀ।”

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 21ਵੀਂ ਸਦੀ ਦਾ ਭਾਰਤ ਸਿਰਫ਼ ਬਦਲਾਅ ਦਾ ਗਵਾਹ ਬਣ ਕੇ ਨਹੀਂ ਰਹਿ ਗਿਆ ਹੈ, ਸਗੋਂ ਉਹ ਇਨ੍ਹਾਂ ਬਦਲਾਵਾਂ ਦੀ ਅਗਵਾਈ ਕਰਨ ਲਈ ਵੀ ਪੂਰੀ ਤਰ੍ਹਾਂ ਦ੍ਰਿੜ੍ਹ-ਸੰਕਲਪ ਹੈ। ਉਨ੍ਹਾਂ ਨੇ ਕਈ ਇਤਿਹਾਸਕ ਨੀਤੀਗਤ ਫੈਸਲਿਆਂ ਦਾ ਜ਼ਿਕਰ ਕੀਤਾ—ਜਿਵੇਂ ‘ਇਨ-ਸਪੇਸ’ ਰਾਹੀਂ ਪੁਲਾੜ ਖੇਤਰ ਨੂੰ ਨਿੱਜੀ ਕੰਪਨੀਆਂ ਲਈ ਖੋਲ੍ਹਣਾ, ਪ੍ਰਮਾਣੂ ਖੇਤਰ ਵਿੱਚ ਇਤਿਹਾਸਕ ‘ਸ਼ਾਂਤੀ ਬਿਲ’ ਲਿਆਉਣਾ ਅਤੇ ‘ਕੁਆਂਟਮ ਕੰਪਿਊਟਿੰਗ’ ਵਿੱਚ ਮਿਸ਼ਨ-ਮੋਡ ’ਤੇ ਨਿਵੇਸ਼ ਕਰਨਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਕਦਮ ਆਉਣ ਵਾਲੇ ਕਈ ਦਹਾਕਿਆਂ ਲਈ ਭਾਰਤ ਦੀ ਤਕਨੀਕੀ ਅਤੇ ਊਰਜਾ ਸੁਰੱਖਿਆ ਦੀ ਨੀਂਹ ਰੱਖ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਵਿਸ਼ਵਾਸ ਨਾਲ ਕਿਹਾ, “ਭਾਰਤ ਹਰ ਮਹੱਤਵਪੂਰਨ ਤਕਨੀਕ ਦੇ ਖੇਤਰ ਵਿੱਚ ਬੇਮਿਸਾਲ ਨਿਵੇਸ਼ ਅਤੇ ਸੁਧਾਰ ਕਰ ਰਿਹਾ ਹੈ; ਇਹ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਬਹੁਤ ਵੱਡਾ ਮੌਕਾ ਹੈ।”

ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ‘ਕੇਨਜ਼’ ਪਲਾਂਟ ਵਿੱਚ ਬਣਨ ਵਾਲੇ ਉਤਪਾਦ, ‘ਦੁਨੀਆ ਦੀ ਫੈਕਟਰੀ’ ਵਜੋਂ ਭਾਰਤ ਦੀ ਯਾਤਰਾ ਨੂੰ ਹੋਰ ਵੀ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਨੇ ਸਰਕਾਰ ਦੀ ਉਸ ਵਚਨਬੱਧਤਾ ਨੂੰ ਦੁਹਰਾਇਆ ਜਿਸ ਦੇ ਤਹਿਤ ‘ਈਜ਼ ਆਫ਼ ਡੂਇੰਗ ਬਿਜ਼ਨਸ’ (ਵਪਾਰ ਕਰਨ ਵਿੱਚ ਆਸਾਨੀ), ‘ਈਜ਼ ਆਫ਼ ਮੈਨੂਫੈਕਚਰਿੰਗ’ (ਨਿਰਮਾਣ ਵਿੱਚ ਆਸਾਨੀ), ਅਤੇ ‘ਈਜ਼ ਇਨ ਲੌਜਿਸਟਿਕਸ’ (ਲੌਜਿਸਟਿਕਸ ਵਿੱਚ ਆਸਾਨੀ) ਨੂੰ ਲਗਾਤਾਰ ਬਿਹਤਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।