ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਅਕਤੂਬਰ 2026 ਨੂੰ ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਦਾ ਦੌਰਾ ਕਰਨਗੇ। ਲਗਭਗ ਸਵੇਰੇ 11 ਵਜੇ, ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਕੱਪੜੇ ਬਣਾਉਣ ਵਾਲੀ ਨਵੀਂ ਇਕਾਈ ਦਾ ਉਦਘਾਟਨ ਕਰਨਗੇ। ਲਗਭਗ ਦੁਪਹਿਰ 1 ਵਜੇ, ਉਹ ਵਾਰਾਣਸੀ ਦੇ ਨਮੋ ਘਾਟ ਵਿਖੇ ਮੁੱਖ ਮਹਿਮਾਨ ਵਜੋਂ ਹਵਾਈ ਫ਼ੌਜ ਦਿਵਸ ਦੇ ਹਵਾਈ ਪ੍ਰਦਰਸ਼ਨ-2026 ਨੂੰ ਦੇਖਣਗੇ।
ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਓਡੀਸ਼ਾ ਜਾਣਗੇ, ਜਿੱਥੇ ਲਗਭਗ ਸ਼ਾਮ 4:45 ਵਜੇ, ਉਹ ਭੁਵਨੇਸ਼ਵਰ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਡਾਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਵਾਰਾਣਸੀ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਅਰਵਿੰਦ ਲਿਮਟਿਡ ਦੀ ਕੱਪੜੇ ਬਣਾਉਣ ਵਾਲੀ ਨਵੀਂ ਇਕਾਈ ਦਾ ਉਦਘਾਟਨ ਕਰਨਗੇ। ਇਹ ਇਕਾਈ ਭਾਰਤ ਦੇ ਕੱਪੜਾ ਅਤੇ ਪਹਿਰਾਵਾ ਨਿਰਮਾਣ ਦੇ ਸਮੁੱਚੇ ਤੰਤਰ ਨੂੰ ਮਜ਼ਬੂਤ ਕਰਨ ਅਤੇ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਆਧੁਨਿਕ ਨਿਰਮਾਣ ਪ੍ਰਕਿਰਿਆਵਾਂ ’ਤੇ ਧਿਆਨ ਕੇਂਦਰਿਤ ਕਰਦਿਆਂ, ਇਹ ਇਕਾਈ ਰੁਜ਼ਗਾਰ ਦੇ ਅਰਥਪੂਰਨ ਮੌਕੇ ਪੈਦਾ ਕਰੇਗੀ, ਖ਼ਾਸ ਤੌਰ ’ਤੇ ਮਹਿਲਾਵਾਂ ਲਈ, ਅਤੇ ਖੇਤਰ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਵੇਗੀ। ਇਸ ਦਾ ਉਦਘਾਟਨ ਉਦਯੋਗਿਕ ਨਿਵੇਸ਼ ਅਤੇ ਨਿਰਮਾਣ-ਆਧਾਰਿਤ ਵਿਕਾਸ ਦੇ ਕੇਂਦਰ ਵਜੋਂ ਉੱਤਰ ਪ੍ਰਦੇਸ਼ ਦੀ ਵਧਦੀ ਭੂਮਿਕਾ ਨੂੰ ਵੀ ਉਜਾਗਰ ਕਰਦਾ ਹੈ। ਵਿਸ਼ਵ ਪੱਧਰ ’ਤੇ ਗਾਹਕਾਂ ਦੇ ਆਪਣੇ ਆਧਾਰ ਨਾਲ, ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਵਾਰਾਣਸੀ ਵਿੱਚ ਬਣੇ ਉਤਪਾਦ ਦੁਨੀਆ ਭਰ ਦੇ ਬਾਜ਼ਾਰਾਂ ਤੱਕ ਪਹੁੰਚਣਗੇ। ਮੁੱਖ ਤੌਰ ’ਤੇ ਮਹਿਲਾਵਾਂ ਦੀ ਅਗਵਾਈ ਵਾਲੀ ਪਹਿਲਕਦਮੀ ਹੋਣ ਕਰਕੇ, ਇਹ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਵਾਰਾਣਸੀ ਦੇ ਨਮੋ ਘਾਟ ਵਿਖੇ ਹਵਾਈ ਫ਼ੌਜ ਦਿਵਸ ਦੇ ਹਵਾਈ ਪ੍ਰਦਰਸ਼ਨ-2026 ਨੂੰ ਦੇਖਣਗੇ। ਇਹ ਪ੍ਰੋਗਰਾਮ ਭਾਰਤੀ ਹਵਾਈ ਫ਼ੌਜ ਦੀ 94ਵੀਂ ਵਰ੍ਹੇਗੰਢ ਦੀ ਯਾਦ ਵਿੱਚ ਕਰਵਾਇਆ ਜਾਵੇਗਾ ਅਤੇ ਇਸ ਦਾ ਵਿਸ਼ਾ “ਵਿੰਗਸ ਓਵਰ ਗੰਗਾ” ਹੋਵੇਗਾ।
ਇਸ ਹਵਾਈ ਪ੍ਰਦਰਸ਼ਨ ਵਿੱਚ ਤੇਜਸ, ਹਲਕਾ ਲੜਾਕੂ ਹੈਲੀਕਾਪਟਰ (ਐੱਲਸੀਐੱਚ) ਪ੍ਰਚੰਡ, ਐੱਸਯੂ-30ਐੱਮਕੇਆਈ ਅਤੇ ਰਾਫੇਲ ਸਮੇਤ ਟਰਾਂਸਪੋਰਟ ਜਹਾਜ਼ ਵੀ ਸ਼ਾਮਲ ਹੋਣਗੇ। ਭਾਰਤੀ ਨੌਸੈਨਾ ਅਤੇ ਭਾਰਤੀ ਫ਼ੌਜ ਦੇ ਜਹਾਜ਼ ਵੀ ਇਸ ਵਿੱਚ ਹਿੱਸਾ ਲੈਣਗੇ, ਜੋ ਸਾਂਝੇ ਤੌਰ ’ਤੇ ਕਾਰਵਾਈਆਂ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਭਾਰਤੀ ਹਵਾਈ ਫ਼ੌਜ ਦੀਆਂ ਪ੍ਰਮੁੱਖ ਪ੍ਰਦਰਸ਼ਨ ਟੀਮਾਂ, ਜਿਨ੍ਹਾਂ ਵਿੱਚ ਸੂਰਿਆ ਕਿਰਨ ਐਰੋਬੈਟਿਕ ਟੀਮ ਅਤੇ ਸਾਰੰਗ ਹੈਲੀਕਾਪਟਰ ਪ੍ਰਦਰਸ਼ਨ ਟੀਮ ਸ਼ਾਮਲ ਹਨ, ਵੀ ਇਸ ਸਮਾਗਮ ਵਿੱਚ ਹਿੱਸਾ ਲੈਣਗੀਆਂ। ਇਹ ਪ੍ਰਦਰਸ਼ਨ ਸਟੀਕ ਉਡਾਣ, ਤਾਲਮੇਲ ਅਤੇ ਕਾਰਜਕਾਰੀ ਉੱਤਮਤਾ ਦਾ ਪ੍ਰਦਰਸ਼ਨ ਕਰੇਗਾ।
ਭੁਵਨੇਸ਼ਵਰ ਵਿੱਚ ਪ੍ਰਧਾਨ ਮੰਤਰੀ
ਭਾਰਤ ਦੀ ਵਿੱਤੀ ਪ੍ਰਣਾਲੀ ਦੀਆਂ ਤਕਨੀਕੀ ਨੀਂਹਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ, ਪ੍ਰਧਾਨ ਮੰਤਰੀ ਭੁਵਨੇਸ਼ਵਰ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਸਥਾਪਤ ਡਾਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਦਾ ਉਦਘਾਟਨ ਕਰਨਗੇ। ਇਨ੍ਹਾਂ ਨੂੰ ਬੈਂਕ ਦੀਆਂ ਕੰਪਿਊਟਿੰਗ ਲੋੜਾਂ ਪੂਰੀਆਂ ਕਰਨ ਅਤੇ ਬੈਂਕ ਤੇ ਵਿਆਪਕ ਵਿੱਤੀ ਖੇਤਰ ਲਈ ਇੱਕ ਸੁਰੱਖਿਅਤ, ਲਚਕੀਲਾ, ਵਿਸਤਾਰਯੋਗ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕੰਪਿਊਟਿੰਗ ਤੰਤਰ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ।
ਅਤਿ-ਆਧੁਨਿਕ ਚਾਰ ਡਾਟਾ ਸੈਂਟਰਾਂ ਵਿੱਚ ਮਹੱਤਵਪੂਰਨ ਭੁਗਤਾਨ ਅਤੇ ਨਿਪਟਾਰਾ ਪ੍ਰਣਾਲੀਆਂ ਦੇ ਨਾਲ-ਨਾਲ ਹੋਰ ਪ੍ਰਮੁੱਖ ਪਹਿਲਕਦਮੀਆਂ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਸ ਸਹੂਲਤ ਨੂੰ ਅਪਟਾਈਮ ਇੰਸਟੀਚਿਊਟ ਟੀਅਰ-4 ਮਿਆਰ ਅਨੁਸਾਰ ਪ੍ਰਮਾਣਿਤ ਕੀਤਾ ਗਿਆ ਹੈ, ਜੋ ਡਾਟਾ ਕੇਂਦਰ ਦੇ ਬੁਨਿਆਦੀ ਢਾਂਚੇ ਲਈ ਵਿਸ਼ਵ ਪੱਧਰੀ ਮਿਆਰ ਹੈ ਅਤੇ ਇਸ ਨੂੰ ਕਾਰਜਕਾਰੀ ਲਚਕਤਾ ਦੇ ਸਭ ਤੋਂ ਉੱਚੇ ਪੱਧਰ ’ਤੇ ਰੱਖਦਾ ਹੈ। ਇਹ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ (ਬੀਐੱਫਐੱਸਆਈ) ਖੇਤਰ ਵਿੱਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਟੀਅਰ-4 ਪ੍ਰਮਾਣਿਤ ਸਹੂਲਤਾਂ ਵਿੱਚੋਂ ਇੱਕ ਹੈ। ਇਹ ਡਿਜੀਟਲ ਵਿੱਤੀ ਸੇਵਾਵਾਂ ਦੀ ਪਹੁੰਚ, ਕਾਰਜਕੁਸ਼ਲਤਾ ਅਤੇ ਭਰੋਸੇਯੋਗਤਾ ਨੂੰ ਵਧਾਉਣ ਵਿੱਚ ਯੋਗਦਾਨ ਪਾਵੇਗਾ ਅਤੇ ਇੱਕ ਅਜਿਹੀ ਸੁਰੱਖਿਅਤ ਡਿਜੀਟਲ ਨੀਂਹ ਬਣੇਗਾ, ਜਿਸ ਦੇ ਆਧਾਰ ’ਤੇ ਭਾਰਤ ਦੀ ਵਧਦੀ ਤਕਨਾਲੋਜੀ-ਆਧਾਰਿਤ ਵਿੱਤੀ ਅਰਥਵਿਵਸਥਾ ਵਿਕਸਿਤ ਹੋ ਸਕੇਗੀ। ਇਹ ਕੇਂਦਰੀ ਬੈਂਕਿੰਗ ਭਾਈਚਾਰੇ ਵਿੱਚ ਡਿਜੀਟਲ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਭਾਰਤੀ ਰਿਜ਼ਰਵ ਬੈਂਕ ਦੀ ਵਿਲੱਖਣ ਮੋਹਰੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗਾ।
ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਵੇਗਾ ਅਤੇ ਸਾਈਬਰ ਸੁਰੱਖਿਆ ਤੇ ਉੱਦਮ ਤਕਨਾਲੋਜੀ ਸਿਖਲਾਈ, ਖੋਜ ਅਤੇ ਸਮੁੱਚੇ ਖੇਤਰ ਵਿੱਚ ਸਮਰੱਥਾ ਵਿਕਾਸ ਲਈ ਇੱਕ ਸਮਰਪਿਤ ਸੰਸਥਾਗਤ ਮੰਚ ਮੁਹੱਈਆ ਕਰਵਾਏਗਾ। ਇਹ ਸੰਸਥਾਨ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ ਖੇਤਰ ਨਾਲ ਸਬੰਧਤ ਅਤਿ-ਆਧੁਨਿਕ ਤਕਨਾਲੋਜੀਆਂ, ਜਿਨ੍ਹਾਂ ਵਿੱਚ ਕੁਆਂਟਮ ਕੰਪਿਊਟਿੰਗ, ਮਸਨੂਈ ਬੁੱਧੀ ਅਤੇ ਹੋਰ ਉੱਭਰਦੀਆਂ ਤਕਨਾਲੋਜੀਆਂ ਸ਼ਾਮਲ ਹਨ, ’ਤੇ ਧਿਆਨ ਕੇਂਦਰਿਤ ਕਰੇਗਾ।
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ