Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 28 ਮਾਰਚ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਮਾਰਚ 2026 ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਸਵੇਰੇ ਤਕਰੀਬਨ 11:30 ਵਜੇ ਉਹ ਗੌਤਮ ਬੁੱਧ ਨਗਰ ਵਿੱਚ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ ਮੁਆਇਨਾ ਕਰਨਗੇ। ਇਸ ਤੋਂ ਬਾਅਦ ਦੁਪਹਿਰ ਲਗਭਗ 12 ਵਜੇ ਪ੍ਰਧਾਨ ਮੰਤਰੀ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ ਅਤੇ ਇਸ ਮੌਕੇ ‘ਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।

ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਭਾਰਤ ਦੇ ਵਿਸ਼ਵ ਪੱਧਰੀ ਹਵਾਬਾਜ਼ੀ ਕੇਂਦਰ ਬਣਨ ਦੀ ਦਿਸ਼ਾ ਵਿੱਚ ਇੱਕ ਅਹਿਮ ਪ੍ਰਾਪਤੀ ਹੈ। ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਲਈ ਪ੍ਰਮੁੱਖ ਅੰਤਰਰਾਸ਼ਟਰੀ ਪ੍ਰਵੇਸ਼ ਦੁਆਰ ਵਜੋਂ ਵਿਉਂਤਿਆ ਗਿਆ ਇਹ ਹਵਾਈ ਅੱਡਾ, ਦੇਸ਼ ਦੇ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦਿੱਲੀ ਐੱਨਸੀਆਰ ਖੇਤਰ ਲਈ ਦੂਜੇ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਵਿਕਸਤ ਕੀਤਾ ਗਿਆ ਹੈ, ਜੋ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪੂਰਕ ਹੈ। ਇਹ ਦੋਵੇਂ ਹਵਾਈ ਅੱਡੇ ਮਿਲ ਕੇ ਇੱਕ ਏਕੀਕ੍ਰਿਤ ਹਵਾਬਾਜ਼ੀ ਪ੍ਰਣਾਲੀ ਵਜੋਂ ਕੰਮ ਕਰਨਗੇ, ਜਿਸ ਨਾਲ ਭੀੜ ਘੱਟ ਹੋਵੇਗੀ, ਯਾਤਰੀ ਸਮਰੱਥਾ ਵਧੇਗੀ ਅਤੇ ਦਿੱਲੀ ਐੱਨਸੀਆਰ ਨੂੰ ਵਿਸ਼ਵ ਪੱਧਰੀ ਹਵਾਬਾਜ਼ੀ ਕੇਂਦਰਾਂ ਵਿੱਚ ਮੋਹਰੀ ਸਥਾਨ ਹਾਸਲ ਹੋਵੇਗਾ।

ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦੇ ਸਭ ਤੋਂ ਵੱਡੇ ਗ੍ਰੀਨਫੀਲਡ ਹਵਾਈ ਅੱਡਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਨੂੰ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਤਹਿਤ ਤਕਰੀਬਨ 11,200 ਕਰੋੜ ਰੁਪਏ ਦੇ ਕੁੱਲ ਨਿਵੇਸ਼ ਨਾਲ ਵਿਕਸਤ ਕੀਤਾ ਗਿਆ ਹੈ। ਸ਼ੁਰੂਆਤੀ ਪੜਾਅ ਵਿੱਚ ਹਵਾਈ ਅੱਡੇ ਦੀ ਯਾਤਰੀ ਸੰਚਾਲਨ ਸਮਰੱਥਾ 12 ਮਿਲੀਅਨ ਯਾਤਰੀ ਪ੍ਰਤੀ ਸਾਲ (ਐੱਮਪੀਪੀਏ) ਹੋਵੇਗੀ, ਜੋ ਹਵਾਈ ਅੱਡੇ ਦੇ ਪੂਰੀ ਤਰ੍ਹਾਂ ਵਿਕਸਤ ਹੋਣ ਤੱਕ 70 ਐੱਮਪੀਪੀਏ ਤੱਕ ਹੋ ਜਾਵੇਗੀ। ਇਸ ਵਿੱਚ 3,900 ਮੀਟਰ ਲੰਬਾ ਰਨਵੇਅ ਹੈ ਜੋ ਵੱਡੇ ਆਕਾਰ ਦੇ ਜਹਾਜ਼ਾਂ ਦੇ ਸੰਚਾਲਨ ਦੇ ਯੋਗ ਹੈ। ਇਸ ਦੇ ਨਾਲ ਹੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਅਤੇ ਆਧੁਨਿਕ ਏਅਰਫੀਲਡ ਲਾਈਟਿੰਗ ਸਮੇਤ ਅਤਿ-ਆਧੁਨਿਕ ਨੇਵੀਗੇਸ਼ਨ ਸਿਸਟਮ ਹਨ, ਜੋ ਹਰ ਮੌਸਮ ਵਿੱਚ ਦਿਨ-ਰਾਤ ਸੰਚਾਲਨ ਵਿੱਚ ਕੁਸ਼ਲ ਹੈ।

ਇਸ ਹਵਾਈ ਅੱਡੇ ਵਿੱਚ ਇੱਕ ਮਜ਼ਬੂਤ ਕਾਰਗੋ ਪ੍ਰਣਾਲੀ ਵੀ ਸ਼ਾਮਲ ਹੈ, ਜਿਸ ਵਿੱਚ ਇੱਕ ਮਲਟੀ-ਮੋਡਲ ਕਾਰਗੋ ਹੱਬ, ਇੰਟੀਗ੍ਰੇਟਿਡ ਕਾਰਗੋ ਟਰਮੀਨਲ ਅਤੇ ਲੌਜਿਸਟਿਕਸ ਜ਼ੋਨ ਸ਼ਾਮਲ ਹਨ। ਕਾਰਗੋ ਸਹੂਲਤ ਨੂੰ ਪ੍ਰਤੀ ਸਾਲ 2.5 ਲੱਖ ਮੀਟ੍ਰਿਕ ਟਨ ਤੋਂ ਵੱਧ ਮਾਲ ਢੋਆ-ਢੁਆਈ ਲਈ ਤਿਆਰ ਕੀਤਾ ਗਿਆ ਹੈ, ਜਿਸ ਨੂੰ ਲਗਭਗ 18 ਲੱਖ ਮੀਟ੍ਰਿਕ ਟਨ ਤੱਕ ਵਧਾਇਆ ਜਾ ਸਕਦਾ ਹੈ ਅਤੇ ਇਸ ਵਿੱਚ 40 ਏਕੜ ਦਾ ਇੱਕ ਸਮਰਪਿਤ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ ਸਹੂਲਤ ਖੇਤਰ ਵੀ ਸ਼ਾਮਲ ਹੈ।

ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਇੱਕ ਟਿਕਾਊ ਅਤੇ ਭਵਿੱਖ ਲਈ ਤਿਆਰ ਬੁਨਿਆਦੀ ਢਾਂਚਾ ਪ੍ਰੋਜੈਕਟ ਵਜੋਂ ਤਿਆਰ ਕੀਤਾ ਗਿਆ ਹੈ, ਜਿਸ ਦਾ ਮਕਸਦ ਊਰਜਾ-ਕੁਸ਼ਲ ਪ੍ਰਣਾਲੀਆਂ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਰਵਾਇਤਾਂ ਨੂੰ ਜੋੜਦੇ ਹੋਏ ਸਿਫ਼ਰ ਨਿਕਾਸ ਵਾਲੀ ਸਹੂਲਤ ਵਜੋਂ ਸੰਚਾਲਿਤ ਹੋਣਾ ਹੈ। ਇਸ ਦੀ ਉਸਾਰੀ ਕਲਾ ਭਾਰਤੀ ਵਿਰਾਸਤ ਤੋਂ ਪ੍ਰੇਰਿਤ ਹੈ, ਜਿਸ ਵਿੱਚ ਰਵਾਇਤੀ ਘਾਟਾਂ ਅਤੇ ਹਵੇਲੀਆਂ ਦੀ ਯਾਦ ਦਿਵਾਉਣ ਵਾਲੇ ਤੱਤ ਸ਼ਾਮਲ ਹਨ ਜਿਸ ਨਾਲ ਸਭਿਆਚਾਰਕ ਸੁੰਦਰਤਾ ਆਧੁਨਿਕ ਬੁਨਿਆਦੀ ਢਾਂਚੇ ਨਾਲ ਘੁਲ-ਮਿਲ ਜਾਂਦੀ ਹੈ।

ਯਮੁਨਾ ਐਕਸਪ੍ਰੈਸਵੇਅ ‘ਤੇ ਰਣਨੀਤਕ ਤੌਰ ‘ਤੇ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸੜਕ, ਰੇਲ, ਮੈਟਰੋ ਅਤੇ ਖੇਤਰੀ ਆਵਾਜਾਈ ਪ੍ਰਣਾਲੀਆਂ ਦੇ ਬੇਰੋਕ ਜੁੜਾਅ ਦੇ ਨਾਲ ਇੱਕ ਬਹੁ-ਮਾਧਿਅਮੀ ਆਵਾਜਾਈ ਕੇਂਦਰ ਵਜੋਂ ਵਿਕਸਤ ਕੀਤਾ ਗਿਆ ਹੈ, ਜੋ ਯਾਤਰੀਆਂ ਅਤੇ ਮਾਲ ਢੋਆ-ਢੁਆਈ ਲਈ ਕੁਸ਼ਲ ਸੰਪਰਕ ਯਕੀਨੀ ਬਣਾਉਂਦਾ ਹੈ।

 

****

ਐੱਮਜੇਪੀਐੱਸ/ਐੱਸਟੀ