Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 30-31 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 30-31 ਅਕਤੂਬਰ 2026 ਨੂੰ ਗੁਜਰਾਤ ਦਾ ਦੌਰਾ ਕਰਨਗੇ। 30 ਅਕਤੂਬਰ ਨੂੰ ਸਵੇਰੇ ਲਗਭਗ 9:30 ਵਜੇ ਪ੍ਰਧਾਨ ਮੰਤਰੀ ਬਨਾਸਕਾਂਠਾ ਵਿੱਚ ਐਂਬਰਿਓ ਟ੍ਰਾਂਸਫਰ ਟੈਕਨੋਲੋਜੀ-ਇਨ ਵਿਟਰੋ ਫਰਟੀਲਾਈਜ਼ੇਸ਼ਨ (ਈਟੀ-ਆਈਵੀਐੱਫ) ਪ੍ਰਯੋਗਸ਼ਾਲਾ ਅਤੇ ਭਾਰਤ ਬੋਵਾਈਨ ਬ੍ਰੀਡਿੰਗ ਐਂਡ ਰਿਸਰਚ ਸੈਂਟਰ (ਬੀਬੀਬੀਆਰਸੀ) ਦੇ ਪਸ਼ੂ ਫਾਰਮ ਦਾ ਦੌਰਾ ਕਰਨਗੇ। ਸਵੇਰੇ ਲਗਭਗ 10:30 ਵਜੇ ਉਹ ਬਨਾਸਕਾਂਠਾ ਵਿੱਚ 14,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਪੀਐੱਮ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਤਹਿਤ 19,000 ਕਰੋੜ ਰੁਪਏ ਦੀ 24ਵੀਂ ਕਿਸ਼ਤ ਵੀ ਜਾਰੀ ਕਰਨਗੇ, ਦੋ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ ਅਤੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਏਕਤਾ ਨਗਰ, ਕੇਵੜੀਆ ਲਈ ਰਵਾਨਾ ਹੋਣਗੇ। ਸ਼ਾਮ ਲਗਭਗ 5 ਵਜੇ ਉਹ ਭਾਰਤ ਪਰਵ 2026 ਦਾ ਉਦਘਾਟਨ ਕਰਨਗੇ। ਸ਼ਾਮ ਲਗਭਗ 7:45 ਵਜੇ ਉਹ ਏਕਤਾ ਪ੍ਰਕਾਸ਼ ਪਰਵ ਦੇਖਣਗੇ, ਜਿਸ ਤੋਂ ਬਾਅਦ ਰਾਤ ਲਗਭਗ 8:15 ਵਜੇ ਨਰਮਦਾ ਆਰਤੀ ਹੋਵੇਗੀ।

31 ਅਕਤੂਬਰ ਨੂੰ ਸਵੇਰੇ ਲਗਭਗ 9 ਵਜੇ ਪ੍ਰਧਾਨ ਮੰਤਰੀ ਸਟੈਚੂ ਆਫ ਯੂਨਿਟੀ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਤੋਂ ਬਾਅਦ ਸਵੇਰੇ ਲਗਭਗ 9:15 ਵਜੇ ਉਹ ਏਕਤਾ ਨਗਰ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਉਹ ਏਕਤਾ ਨਗਰ ਵਿੱਚ ਰੇਨ ਫੋਰੈਸਟ ਅਤੇ ਵਾਮਨ ਵ੍ਰਿਕਸ਼ ਵਾਟਿਕਾ ਦਾ ਦੌਰਾ ਕਰਨਗੇ। ਸ਼ਾਮ ਲਗਭਗ 5:30 ਵਜੇ ਪ੍ਰਧਾਨ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਦੇ ਸਬੰਧ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਗਮ ਵਿੱਚ ਸ਼ਾਮਲ ਹੋਣਗੇ।

ਬਨਾਸਕਾਂਠਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਗੁਜਰਾਤ ਦੇ ਬਨਾਸਕਾਂਠਾ ਵਿੱਚ ਭੀਲੜੀ ਵਿਖੇ ਸਥਿਤ ਭਾਰਤ ਬੋਵਾਈਨ ਬ੍ਰੀਡਿੰਗ ਐਂਡ ਰਿਸਰਚ ਸੈਂਟਰ (ਬੀਬੀਬੀਆਰਸੀ) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। 127 ਏਕੜ ਵਿੱਚ ਫੈਲਿਆ ਇਹ ਕੇਂਦਰ ਅਤਿ-ਆਧੁਨਿਕ ਉੱਤਮਤਾ ਕੇਂਦਰ ਵਜੋਂ ਸਥਾਪਤ ਕੀਤਾ ਗਿਆ ਹੈ। ਬੀਬੀਬੀਆਰਸੀ ਪਸ਼ੂ ਪ੍ਰਜਣਨ, ਜੈਨੇਟਿਕ ਸੁਧਾਰ ਅਤੇ ਉੱਨਤ ਪ੍ਰਜਣਨ ਤਕਨਾਲੋਜੀਆਂ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਨਸਲ ਸੁਧਾਰ ਦੀ ਪ੍ਰਕਿਰਿਆ 10 ਤੋਂ 20 ਗੁਣਾ ਤੇਜ਼ ਹੋਵੇਗੀ। ਇਹ ਕਾਂਕਰੇਜ ਪਸ਼ੂ ਨਸਲ ਨੂੰ ਸਮਰਪਿਤ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੋਵੇਗੀ।

ਪ੍ਰਧਾਨ ਮੰਤਰੀ ਬਨਾਸ ਡੇਅਰੀ ਦੇ ਥਰਾਦ ਅਤੇ ਰਾਧਨਪੁਰ ਵਿਖੇ ਦੋ ਬਾਇਓ-ਸੀਐੱਨਜੀ ਪਲਾਂਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪਲਾਂਟਾਂ ਵਿੱਚ ਪਸ਼ੂਆਂ ਦੇ ਗੋਹੇ ਦੀ ਪ੍ਰੋਸੈਸਿੰਗ ਸਮਰੱਥਾ ਕ੍ਰਮਵਾਰ 75 ਮੀਟ੍ਰਿਕ ਟਨ ਪ੍ਰਤੀ ਦਿਨ ਅਤੇ 100 ਮੀਟ੍ਰਿਕ ਟਨ ਪ੍ਰਤੀ ਦਿਨ ਹੋਵੇਗੀ।

ਪ੍ਰਧਾਨ ਮੰਤਰੀ ਅਹਿਮਦਾਬਾਦ ਮੈਟਰੋ ਦੇ ਫੇਜ਼-2ਏ (ਹਵਾਈ ਅੱਡੇ ਤੱਕ ਵਿਸਤਾਰ) ਅਤੇ ਫੇਜ਼-2ਬੀ (ਗਿਫਟ ਸਿਟੀ ਤੱਕ ਵਿਸਤਾਰ) ਦਾ ਨੀਂਹ ਪੱਥਰ ਰੱਖਣਗੇ। ਫੇਜ਼-2ਏ ਦੀ ਲੰਬਾਈ 6 ਕਿਲੋਮੀਟਰ ਤੋਂ ਵੱਧ ਹੋਵੇਗੀ, ਜਿਸ ਵਿੱਚ ਕੋਟੇਸ਼ਵਰ ਰੋਡ ਤੋਂ ਹਵਾਈ ਅੱਡੇ ਤੱਕ ਪੰਜ ਸਟੇਸ਼ਨ ਸ਼ਾਮਲ ਹੋਣਗੇ, ਜਦਕਿ ਫੇਜ਼-2ਬੀ ਦੀ ਲੰਬਾਈ 3.3 ਕਿਲੋਮੀਟਰ ਤੋਂ ਵੱਧ ਹੋਵੇਗੀ, ਜਿਸ ਵਿੱਚ ਗਿਫਟ ਸਿਟੀ ਤੋਂ ਸ਼ਾਹਪੁਰ ਤੱਕ ਤਿੰਨ ਸਟੇਸ਼ਨ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਅਹਿਮਦਾਬਾਦ-ਮਹਿਸਾਣਾ ਸੜਕ (ਰਾਜ ਮਾਰਗ-41) ਨੂੰ ਚਾਰ ਮਾਰਗੀ ਤੋਂ ਅੱਠ ਮਾਰਗੀ ਬਣਾਉਣ ਲਈ ਇਸ ਦੇ ਅਪਗ੍ਰੇਡੇਸ਼ਨ ਅਤੇ ਮਜ਼ਬੂਤੀਕਰਨ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ‘ਤੇ ਲਗਭਗ 2,600 ਕਰੋੜ ਰੁਪਏ ਖਰਚ ਹੋਣਗੇ। ਇਸ ਨਾਲ ਅਹਿਮਦਾਬਾਦ ਅਤੇ ਉੱਤਰੀ ਗੁਜਰਾਤ ਵਿਚਕਾਰ ਯਾਤਰਾ ਤੇਜ਼, ਸੁਰੱਖਿਅਤ ਅਤੇ ਵਧੇਰੇ ਸੁਵਿਧਾਜਨਕ ਹੋਵੇਗੀ।

ਪ੍ਰਧਾਨ ਮੰਤਰੀ ਗੁਜਰਾਤ ਵਿੱਚ 4,030 ਨਵੇਂ ਬਾਲ-ਅਨੁਕੂਲ ਆਂਗਣਵਾੜੀ ਕੇਂਦਰਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਮੁਕੰਮਲ ਹੋ ਚੁੱਕੇ 361 ਬਾਲ-ਅਨੁਕੂਲ ਆਂਗਣਵਾੜੀ ਕੇਂਦਰਾਂ ਦਾ ਉਦਘਾਟਨ ਕਰਨਗੇ। 800 ਕਰੋੜ ਰੁਪਏ ਦੇ ਨਿਵੇਸ਼ ਵਾਲੀ ਇਸ ਪਹਿਲਕਦਮੀ ਨਾਲ 4 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਤਹਿਤ ਮੁਕੰਮਲ ਕੀਤੇ ਗਏ 521 ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਦੀ ਕੁੱਲ ਪ੍ਰੋਜੈਕਟ ਲਾਗਤ ਲਗਭਗ 4,950 ਕਰੋੜ ਰੁਪਏ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕੋਲਡ ਸਟੋਰੇਜ ਸਹੂਲਤਾਂ ਅਤੇ ਕੋਲਡ ਚੇਨ, ਗੋਦਾਮ, ਸਾਈਲੋਜ਼, ਪੌਲੀਹਾਊਸ ਅਤੇ ਗ੍ਰੀਨਹਾਊਸ, ਏਕੀਕ੍ਰਿਤ ਪ੍ਰਾਇਮਰੀ ਅਤੇ ਸੈਕੰਡਰੀ ਪ੍ਰੋਸੈਸਿੰਗ ਸਹੂਲਤਾਂ ਅਤੇ ਪ੍ਰਾਇਮਰੀ ਪ੍ਰੋਸੈਸਿੰਗ ਕੇਂਦਰ ਸ਼ਾਮਲ ਹਨ।

ਪ੍ਰਧਾਨ ਮੰਤਰੀ ਸਨਾਦਰ ਵਿਖੇ ਆਲੂ ਪ੍ਰੋਸੈਸਿੰਗ ਪਲਾਂਟ ਦੇ ਵਿਸਤਾਰ ਦਾ ਉਦਘਾਟਨ ਕਰਨਗੇ ਅਤੇ ਪਾਲਨਪੁਰ ਵਿਖੇ ਅਤਿ-ਉੱਚ ਤਾਪਮਾਨ (ਯੂਐੱਚਟੀ) ਉਤਪਾਦਾਂ ਲਈ ਸਵੈਚਾਲਿਤ ਸਟੋਰੇਜ ਅਤੇ ਰੀਟ੍ਰਾਈਵਲ ਪ੍ਰਣਾਲੀ (ਏਐੱਸਆਰਐੱਸ) ਨੂੰ ਚਾਲੂ ਕਰਨਗੇ।

ਪ੍ਰਧਾਨ ਮੰਤਰੀ ਅਹਿਮਦਾਬਾਦ (ਸਾਬਰਮਤੀ)-ਵਾਰਾਣਸੀ ਐਕਸਪ੍ਰੈੱਸ ਅਤੇ ਮਹਿਸਾਣਾ-ਬੇਚਰਾਜੀ-ਸਾਬਰਮਤੀ ਐੱਮਈਐੱਮਯੂ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੀ 24ਵੀਂ ਕਿਸ਼ਤ ਵਜੋਂ 19,000 ਕਰੋੜ ਰੁਪਏ ਜਾਰੀ ਕਰਨਗੇ, ਜਿਸ ਨਾਲ ਦੇਸ਼ ਭਰ ਦੇ ਕਿਸਾਨਾਂ ਨੂੰ ਲਗਾਤਾਰ ਵਿੱਤੀ ਸਹਾਇਤਾ ਮਿਲੇਗੀ। ਉਹ ਮਨਜ਼ੂਰ ਕੀਤੇ ਗਏ 12 ਬਾਗਬਾਨੀ ਕਲੱਸਟਰਾਂ ਵਿੱਚ ਜ਼ਮੀਨੀ ਪੱਧਰ ‘ਤੇ ਗਤੀਵਿਧੀਆਂ ਦੀ ਸ਼ੁਰੂਆਤ ਵੀ ਕਰਨਗੇ। ਲਗਭਗ 1.46 ਲੱਖ ਹੈਕਟੇਅਰ ਖੇਤਰ ਵਿੱਚ ਫੈਲੇ ਇਨ੍ਹਾਂ ਕਲੱਸਟਰਾਂ ਨਾਲ 1.3 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਉੱਤਰੀ ਗੁਜਰਾਤ ਦੇ ਦੋ ਕਲੱਸਟਰ ਆਲੂਆਂ ‘ਤੇ ਕੇਂਦ੍ਰਿਤ ਹੋਣਗੇ।

ਏਕਤਾ ਨਗਰ ਵਿੱਚ ਪ੍ਰਧਾਨ ਮੰਤਰੀ

30 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਸਮਾਗਮਾਂ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਏਕਤਾ ਨਗਰ ਵਿਖੇ ਭਾਰਤ ਪਰਵ 2026 ਦਾ ਉਦਘਾਟਨ ਕਰਨਗੇ। ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਰਾਸ਼ਟਰੀ ਏਕਤਾ ਦੇ ਜਸ਼ਨ ਵਜੋਂ ਇਹ ਉਤਸਵ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਦਾ ਪ੍ਰਤੀਕ ਹੈ। ਇਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੀਆਂ ਵਿਲੱਖਣ ਪਰੰਪਰਾਵਾਂ, ਲੋਕ-ਕਲਾਵਾਂ, ਖੇਤਰੀ ਪਕਵਾਨਾਂ, ਦਸਤਕਾਰੀ ਅਤੇ ਸੈਰ-ਸਪਾਟਾ ਸਥਾਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਮੰਚ ਪ੍ਰਦਾਨ ਕਰੇਗਾ। ਇਸ ਤਿਉਹਾਰ ਨਾਲ ਏਕਤਾ ਨਗਰ ਅਤੇ ਆਲੇ-ਦੁਆਲੇ ਦੇ ਸੈਰ-ਸਪਾਟਾ ਸਥਾਨਾਂ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਇਹ ਉਤਸਵ 15 ਨਵੰਬਰ 2026 ਤੱਕ ਜਾਰੀ ਰਹੇਗਾ।

ਪ੍ਰਧਾਨ ਮੰਤਰੀ ਏਕਤਾ ਪ੍ਰਕਾਸ਼ ਪਰਵ ਦੇਖਣਗੇ, ਜੋ ਭਾਰਤ ਦੀ ਏਕਤਾ, ਵਿਭਿੰਨਤਾ, ਸੱਭਿਆਚਾਰਕ ਵਿਰਾਸਤ ਅਤੇ ਤਰੱਕੀ ਦਾ ਜਸ਼ਨ ਮਨਾਉਣ ਵਾਲਾ ਰੌਸ਼ਨੀ ਦਾ ਉਤਸਵ ਹੈ। ਇਹ ਉਤਸਵ ਵਿਸ਼ੇਸ਼ ਵਿਸ਼ਾ-ਆਧਾਰਿਤ ਰੌਸ਼ਨੀ ਅਤੇ ਪ੍ਰਕਾਸ਼ ਪ੍ਰਦਰਸ਼ਨਾਂ ਰਾਹੀਂ ਏਕਤਾ ਨਗਰ ਵਿੱਚ ਰਾਤ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ। ਇਸ ਦੇ ਦੋ ਮੁੱਖ ਆਕਰਸ਼ਣ ਹਨ। 530 ਮੀਟਰ ਲੰਬੀ ਵੈਲੀ ਆਫ ਫਲਾਵਰਜ਼ ਰੋਡ ਦੀ ਰੌਸ਼ਨੀ ਸਜਾਵਟ ਦਾ ਵਿਸ਼ਾ ‘ਪ੍ਰਾਚੀਨ ਭਾਰਤ ਤੋਂ ਆਧੁਨਿਕ ਭਾਰਤ ਤੱਕ’ ਹੈ। ਇਹ ਭਾਰਤ ਦੀ ਰਾਸ਼ਟਰੀ ਪਛਾਣ, ਸੱਭਿਅਤਾ, ਮਹਿਲਾ ਸਸ਼ਕਤੀਕਰਨ, ਸੁਰੱਖਿਆ ਬਲਾਂ, ਤਕਨਾਲੋਜੀ, ਯੋਗ ਅਤੇ ਬੱਚਿਆਂ ਲਈ ਇੱਕ ਕਲਪਨਾਤਮਕ ਸੰਸਾਰ ਨੂੰ ਪ੍ਰਦਰਸ਼ਿਤ ਕਰਦੀ ਹੈ। 180 ਮੀਟਰ ਲੰਬੀ ਗਲੋਅ ਟਨਲ ਦਾ ਵਿਸ਼ਾ ‘ਭਾਰਤ ਦੀ ਅਨੇਕਤਾ ਵਿੱਚ ਏਕਤਾ’ ਹੈ। ਇਸ ਵਿੱਚੋਂ ਲੰਘਦਿਆਂ ਭਾਰਤ ਦੇ ਚਾਰ ਖੇਤਰਾਂ ਦੀਆਂ ਸੱਭਿਆਚਾਰਾਂ, ਵਾਸਤੂਕਲਾ, ਲੋਕ ਨਾਚਾਂ, ਦਸਤਕਾਰੀ ਅਤੇ ਜੀਵਨ-ਸ਼ੈਲੀਆਂ ਦਾ ਅਹਿਸਾਸ ਹੁੰਦਾ ਹੈ। ਇਨ੍ਹਾਂ ਪ੍ਰਦਰਸ਼ਨਾਂ ਵਿੱਚ 1.5 ਕਰੋੜ ਤੋਂ ਵੱਧ ਐੱਲਈਡੀ ਲਾਈਟਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਲਾਕਾਰਾਂ ਨੇ ਕਲਾਕ੍ਰਿਤੀਆਂ ਤਿਆਰ ਕੀਤੀਆਂ ਹਨ।

31 ਅਕਤੂਬਰ ਨੂੰ ਪ੍ਰਧਾਨ ਮੰਤਰੀ ਏਕਤਾ ਨਗਰ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਸੀਵਰੇਜ ਅਤੇ ਜਲ ਸੋਧ ਪਲਾਂਟ, ਇਮਾਰਤਾਂ ਦੇ ਬਾਹਰੀ ਹਿੱਸਿਆਂ ਲਈ ਰੌਸ਼ਨੀ ਪ੍ਰਬੰਧ, ਨਰਮਦਾ ਘਾਟ ਦਾ ਅਪਗ੍ਰੇਡੇਸ਼ਨ, ਆਈਆਰਸੀਟੀਸੀ ਹੋਟਲ ਅਤੇ ਏਕਤਾ ਨਗਰ ਵਿਖੇ ਰੇਨਫੋਰੈਸਟ, ਯੂਨਿਟੀ ਅਤੇ ਈਕੋ ਟ੍ਰੇਲ ਸਮੇਤ ਹੋਰ ਪ੍ਰੋਜੈਕਟ ਸ਼ਾਮਲ ਹਨ। ਪ੍ਰਧਾਨ ਮੰਤਰੀ ਗੋਰਾ-ਭਾਂਦਰਾ ਸੜਕ ਵਿਕਾਸ, ਏਕੀਕ੍ਰਿਤ ਜ਼ੀਰੋ ਵੇਸਟ ਸਮਾਰਟ ਠੋਸ ਕੂੜਾ ਪ੍ਰਬੰਧਨ ਪ੍ਰੋਜੈਕਟ, ਖਲਵਾਨੀ ਈਕੋ-ਟੂਰਿਜ਼ਮ ਵਿਕਾਸ ਅਤੇ ਕੈਕਟਸ ਐਂਡ ਬਟਰਫਲਾਈ ਗਾਰਡਨ ਵਿਖੇ ਏਕੀਕ੍ਰਿਤ ਵਿਕਾਸ ਸਮੇਤ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ 31 ਅਕਤੂਬਰ 2026 ਨੂੰ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਦੇ ਮੌਕੇ ‘ਤੇ ਰਾਸ਼ਟਰੀ ਏਕਤਾ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣਗੇ।

ਏਕਤਾ ਪਰੇਡ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ), ਰਾਜ ਪੁਲਿਸ ਬਲਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਦੇ ਅਨੁਸ਼ਾਸਨ, ਪੇਸ਼ੇਵਰਾਨਾ ਯੋਗਤਾ, ਬਹਾਦਰੀ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਾਲ ਦੀ ਪਰੇਡ ਵਿੱਚ ਖੱਬੇ-ਪੱਖੀ ਕੱਟੜਵਾਦ ਦਾ ਮੁਕਾਬਲਾ ਕਰਨ ਵਿੱਚ ਸੁਰੱਖਿਆ ਬਲਾਂ ਦੀਆਂ ਪ੍ਰਾਪਤੀਆਂ ਅਤੇ ਪਹਿਲਾਂ ਇਸ ਤੋਂ ਪ੍ਰਭਾਵਿਤ ਰਹੇ ਖੇਤਰਾਂ ਵਿੱਚ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਵੱਲ ਆਏ ਬਦਲਾਅ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਸਮਾਗਮਾਂ ਦਾ ਇੱਕ ਮੁੱਖ ਆਕਰਸ਼ਣ ਨੈਸ਼ਨਲ ਸਕੂਲ ਆਫ ਡਰਾਮਾ (ਐੱਨਐੱਸਡੀ) ਵੱਲੋਂ ਆਯੋਜਿਤ ‘ਨਕਸਲ ਮੁਕਤ ਭਾਰਤ’ ਬਾਰੇ ਇੱਕ ਵਿਸ਼ੇਸ਼ ਨਾਟਕੀ ਪੇਸ਼ਕਾਰੀ ਹੋਵੇਗੀ, ਜਿਸ ਵਿੱਚ ਖੱਬੇ-ਪੱਖੀ ਕੱਟੜਵਾਦ ਤੋਂ ਪ੍ਰਭਾਵਿਤ 126 ਜ਼ਿਲ੍ਹਿਆਂ ਦੇ ਲਗਭਗ 2,000 ਕਲਾਕਾਰ ਹਿੱਸਾ ਲੈਣਗੇ। ਨਾਟਕੀ ਪੇਸ਼ਕਾਰੀਆਂ ਰਾਹੀਂ ਕਲਾਕਾਰ ਇਨ੍ਹਾਂ ਖੇਤਰਾਂ ਦੇ ਭਾਈਚਾਰਿਆਂ ਵੱਲੋਂ ਦਰਪੇਸ਼ ਚੁਣੌਤੀਆਂ ਅਤੇ ਸ਼ਾਂਤੀ, ਸੁਰੱਖਿਆ ਤੇ ਵਿਕਾਸ ਵੱਲ ਉਨ੍ਹਾਂ ਦੇ ਸਫ਼ਰ ਨੂੰ ਦਰਸਾਉਣਗੇ।

ਝਾਕੀਆਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਕੇਂਦਰੀ ਵਿਸ਼ਾ ‘ਵੰਦੇ ਮਾਤਰਮ’ ਹੋਵੇਗਾ, ਜੋ ਦੇਸ਼ ਭਗਤੀ, ਰਾਸ਼ਟਰੀ ਮਾਣ ਅਤੇ ਸਮੂਹਿਕ ਆਪਣੇਪਣ ਦੀ ਭਾਵਨਾ ਨੂੰ ਦਰਸਾਏਗਾ। ਝਾਕੀਆਂ ਵਿੱਚ ਲੋਕਾਂ ਦੀਆਂ ਖਾਹਿਸ਼ਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੱਭਿਆਚਾਰਕ ਅਮੀਰੀ ਅਤੇ ਲੋਕਾਂ ਦੀ ਵਿਕਾਸ ਯਾਤਰਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਦੇਸ਼ ਭਰ ਦੇ ਲਗਭਗ 5,000 ਕਲਾਕਾਰਾਂ ਦੀ ਇੱਕ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ ਭਾਰਤ ਦੀਆਂ ਵਿਭਿੰਨ ਸ਼ਾਸਤਰੀ ਅਤੇ ਲੋਕ ਪਰੰਪਰਾਵਾਂ, ਸੰਗੀਤ, ਨਾਚ ਅਤੇ ਕਲਾਤਮਕ ਵਿਰਾਸਤ ਦਾ ਜਸ਼ਨ ਮਨਾਏਗੀ।

****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ