Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਬ੍ਰਿਕਸ ਬਿਜ਼ਨਸ ਕੌਂਸਲ’ ਦੀ ਮੀਟਿੰਗ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

‘ਬ੍ਰਿਕਸ ਬਿਜ਼ਨਸ ਕੌਂਸਲ’ ਦੀ ਮੀਟਿੰਗ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮਾਣਯੋਗ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ,

ਮਾਣਯੋਗ ਰਾਸ਼ਟਰਪਤੀ ਜੈਕਬ ਜ਼ੁਮਾ ਜੀ,

ਮਾਣਯੋਗ ਰਾਸ਼ਟਰਪਤੀ ਮਿਸ਼ੇਲ ਟੇਮੀ ਜੀ,

ਮਾਣਯੋਗ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੀ,

ਬ੍ਰਿਕਸ ਬਿਜ਼ਨਸ ਕੌਂਸਲ ਦੇ ਵਿਲੱਖਣ ਮੈਂਬਰ ਸਾਹਿਬਾਨ।

‘ਬ੍ਰਿਕਸ ਬਿਜ਼ਨਸ ਕੌਂਸਲ’ ਦੀ ਮੀਟਿੰਗ ਵਿੱਚ ਤੁਹਾਡਾ ਸੁਆਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

ਇਸ ਕੌਂਸਲ ਦੇ ਸਾਡੇ ਮੈਂਬਰ ਦੇਸ਼ਾਂ ਵਿਚਾਲੇ ਪੂਰੀ ਤਰ੍ਹਾਂ ਆਰਥਿਕ ਵਿਭਿੰਨਤਾ ਅਤੇ ਵਪਾਰਕ ਸ਼ਮੂਲੀਅਤ ਦੀ ਡੂੰਘਾਈ ਪ੍ਰਤੀਬਿੰਬਤ ਹੋ ਰਹੀ ਹੈ।

ਮੈਂ ਜ਼ਿੰਮੇਵਾਰ ਅਤੇ ਸਮੂਹਕ ਪੱਧਰ ‘ਤੇ ਹੱਲ ਲੱਭਣ ਰਾਹੀਂ ਸਭਨਾਂ ਦੀ ਸ਼ਮੂਲੀਅਤ ਵਾਲੇ ਅਰਥਚਾਰਿਆਂ ਦੀ ਉਸਾਰੀ ਦੇ ਬ੍ਰਿਕਸ ਏਜੰਡੇ ਵਿੱਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਲਈ ਧੰਨਵਾਦ ਕਰਦਾ ਹਾਂ।

ਮਾਣਯੋਗ ਰਾਸ਼ਟਰਪਤੀ ਸਾਹਿਬਾਨ ਅਤੇ ਦੋਸਤੋ,

ਆਰਥਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਬ੍ਰਿਕਸ ਦੀ ਸਥਾਪਨਾ ਦੀ ਇੱਕ ਬੁਨਿਆਦੀ ਭਾਵਨਾ ਰਹੀ ਹੈ। ਇਸੇ ਲਈ ਡਰਬਨ ‘ਚ ਇਸ ਸੰਗਠਨ ਦੀ ਸਥਾਪਨਾ ਦੇ ਤਿੰਨ ਸਾਲਾਂ ਬਾਅਦ ਹੁਣ ਜਦੋਂ ਵੇਖਦੇ ਹਾਂ ਕਿ ਬ੍ਰਿਕਸ ਬਿਜ਼ਨਸ ਕੌਂਸਲ ਇੱਕ ਸਿਹਤਮੰਦ ਆਕਾਰ ਲੈ ਰਹੀ ਹੈ, ਤਾਂ ਇਹ ਸਭ ਉਤਸ਼ਾਹਜਨਕ ਜਾਪਦਾ ਹੈ।

ਸਾਡੇ ਵਪਾਰਕ ਭਾਈਚਾਰੇ ਬ੍ਰਿਕਸ ਦੇਸ਼ਾਂ ਵਿਚਾਲੇ ਨੇੜਲੇ ਅਤੇ ਤੇਜ਼ ਰਫ਼ਤਾਰ ਵਪਾਰਕ ਸਹਿਯੋਗ ਵਧਾਉਣ ਵਾਲੇ ਮਜ਼ਬੂਤ ਪੁਲ ਹਨ।
ਉਨ੍ਹਾਂ ਦੀਆਂ ਭਾਈਵਾਲੀਆਂ ਨਾਲ ਸਾਡੇ ਸਮਾਜਾਂ ਵਿੱਚ ਦੌਲਤ ਅਤੇ ਕੀਮਤ ਪੈਦਾ ਹੁੰਦੀ ਹੈ। ਅਤੇ ਇਨ੍ਹਾਂ ਕਰ ਕੇ ਹੀ ਸਾਡੀਆਂ ਅਰਥ ਵਿਵਸਥਾਵਾਂ ਵਿੱਚ ਨਵੀਂਆਂ ਤਕਨਾਲੋਜੀਕਲ ਖੋਜਾਂ ਅਤੇ ਸਮਰੱਥਾ ਵਾਧੇ ਰਾਹੀਂ ਉਤਪਾਦਕਤਾ ਵਧਦੀ ਹੈ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ।

ਮੈਂ ਉਸ ਦੂਰ-ਦ੍ਰਿਸ਼ਟੀ ਦੀ ਸ਼ਲਾਘਾ ਕਰਦਾ ਹਾਂ। ਮੈਂ ਉਹ ਦੂਰ-ਦ੍ਰਿਸ਼ਟੀ ਸਾਂਝੀ ਕਰਦਾ ਹਾਂ।

ਮਾਣਯੋਗ ਰਾਸ਼ਟਰਪਤੀ ਸਾਹਿਬਾਨ,

ਭਾਰਤ ਵਿੱਚ, ਅਸੀਂ ਪਿਛਲੇ ਦੋ ਵਰ੍ਹਿਆਂ ਦੌਰਾਨ ਸ਼ਾਸਨ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ, ਖ਼ਾਸ ਕਰ ਕੇ ਭਾਰਤ ਵਿੱਚ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਲਈ ਵੱਡੇ ਪੱਧਰ ‘ਤੇ ਸੁਧਾਰ ਲਿਆਂਦੇ ਹਨ।

ਉਨ੍ਹਾਂ ਦੇ ਨਤੀਜੇ ਹੁਣ ਪੂਰੀ ਤਰ੍ਹਾਂ ਸਭ ਦੇ ਸਾਹਮਣੇ ਹਨ।

ਅਜਿਹੀਆਂ ਕਾਰਗੁਜ਼ਾਰੀਆਂ ਨੂੰ ਨਾਪਣ ਵਾਲੇ ਲਗਭਗ ਸਾਰੇ ਅੰਤਰਰਾਸ਼ਟਰੀ ਸੂਚਕ-ਅੰਕਾਂ ‘ਚ ਅਸੀਂ ਉਤਾਂਹ ਗਏ ਹਾਂ।

ਅਸੀਂ ਅੱਜ ਭਾਰਤ ਨੂੰ ਵਿਸ਼ਵ ਦੀਆਂ ਸਭ ਤੋਂ ਵੱਧ ਖੁੱਲ੍ਹੀਆਂ ਅਰਥ-ਵਿਵਸਥਾਵਾਂ ਵਿੱਚ ਤਬਦੀਲ ਕਰ ਦਿੱਤਾ ਹੈ।

ਵਿਕਾਸ ਮਜ਼ਬੂਤ ਹੈ ਅਤੇ ਅਸੀਂ ਇਸ ਰਫ਼ਤਾਰ ਨੂੰ ਕਾਇਮ ਰੱਖਣ ਲਈ ਕਦਮ ਚੁੱਕ ਰਹੇ ਹਾਂ।

ਮੈਂ ਇਹ ਵੇਖ ਕੇ ਖ਼ੁਸ਼ ਹਾਂ ਕਿ ਬ੍ਰਿਕਸ ਬਿਜ਼ਨਸ ਕੌਂਸਲ ਦੀਆਂ ਤਰਜੀਹਾਂ ਵੀ ਕਾਰੋਬਾਰ ਕਰਨਾ ਸੁਖਾਲਾ ਬਣਾਉਣ, ਰੁਕਾਵਟਾਂ ਦੂਰ ਕਰਨ, ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ, ਨਿਰਮਾਣ ਸਪਲਾਈ ਲੜੀਆਂ ਸਥਾਪਤ ਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਹੀ ਸੇਧਤ ਹਨ।

ਕੌਂਸਲ ਨੇ ਹਾਲੇ ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ ਅਤੇ ਕਾਰੋਬਾਰ ਵਧਾਉਣ ਲਈ ਬਹੁਤ ਜ਼ਿਆਦਾ ਕੰਮ ਕਰਨੇ ਹਨ।
ਮਾਣਯੋਗ ਰਾਸ਼ਟਰਪਤੀ ਸਾਹਿਬਾਨ,

ਨਵਾਂ ਵਿਕਾਸ ਬੈਂਕ (ਐੱਨ.ਡੀ.ਬੀ. – ਨਿਊ ਡਿਵੈਲਪਮੈਂਟ ਬੈਂਕ) ਹੁਣ ਪੂਰੀ ਤਰ੍ਹਾਂ ਕੰਮ ਕਰਨ ਲੱਗ ਪਿਆ ਹੈ। ਇਸ ਦੀ ਸਫ਼ਲਤਾ ਸਾਡੇ ਸਾਂਝੇ ਜਤਨਾਂ ਦਾ ਇੱਕ ਠੋਸ ਨਤੀਜਾ ਹੈ।

ਅਸੀਂ ਐਨ.ਡੀ.ਬੀ. ਅਤੇ ਉਸ ਦੇ ਪ੍ਰਬੰਧਕਾਂ ਨੂੰ ਪ੍ਰੋਜੈਕਟਾਂ ਦੇ ਪਹਿਲੇ ਬੈਚ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੰਦੇ ਹਾਂ।

ਐੱਨ.ਡੀ.ਬੀ. ਨੇ ਸਵੱਛ ਊਰਜਾ ਅਤੇ ਪ੍ਰਦੂਸ਼ਣ-ਮੁਕਤ ਅਤੇ ਟਿਕਾਊ ਬੁਨਿਆਦੀ ਢਾਂਚੇ ਨੂੰ ਆਪਣੀ ਤਰਜੀਹ ਬਣਾਇਆ ਹੈ।

ਅਸੀਂ ਇਸ ਦਾ ਸੁਆਗਤ ਕਰਦੇ ਹਾਂ।

ਅਸੀਂ ਬ੍ਰਿਕਸ ਬਿਜ਼ਨਸ ਕੌਂਸਲ ਨੂੰ ਸੰਭਾਵੀ ਆਰਥਿਕ ਪ੍ਰੋਜੈਕਟਾਂ ਦੀ ਸ਼ਨਾਖ਼ਤ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਐੱਨ.ਡੀ.ਬੀ. ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਾਂਗੇ।

ਭਾਰਤ ਨੇ ਦੋ ਦਿਨ ਪਹਿਲਾਂ ਨਵੀਂ ਦਿੱਲੀ ‘ਚ ਪਹਿਲੇ ‘ਬ੍ਰਿਕਸ ਵਪਾਰ ਮੇਲੇ’ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਤੁਹਾਡੇ ਸਾਰੇ ਦੇਸ਼ਾਂ ਨੇ ਸਰਗਰਮੀ ਨਾਲ ਭਾਗ ਲਿਆ।
ਅਜਿਹੀਆਂ ਗਤੀਵਿਧੀਆਂ ਨੂੰ ਜ਼ਰੂਰ ਹੀ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ ਕਿ ਤਾਂ ਜੋ ਵੱਡੇ ਪੱਧਰ ‘ਤੇ ਵਪਾਰਕ ਜਾਗਰੂਕਤਾ ਅਤੇ ਵਪਾਰਕ ਆਦਾਨ-ਪ੍ਰਦਾਨ ਵਧਣ।

ਮਾਣਯੋਗ ਰਾਸ਼ਟਰਪਤੀ ਸਾਹਿਬਾਨ,

ਮੈਂ ਆਪਣਾ ਭਾਸ਼ਣ ਇਹ ਕਹਿੰਦਿਆਂ ਖ਼ਤਮ ਕਰਨਾ ਚਾਹੁੰਦਾ ਹਾਂ ਕਿ ਸਰਕਾਰਾਂ ਵਜੋਂ, ਅਸੀਂ ਚਾਹੁੰਦੇ ਹਾਂ ਕਿ ਬ੍ਰਿਕਸ ਬਿਜ਼ਨਸ ਕੌਂਸਲ ਸਾਡੇ ਨਾਲ ਸਾਡੇ ਇਨ੍ਹਾਂ ਸਾਂਝੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰੇ:

• ਆਪਸੀ ਵਪਾਰ ਮਜ਼ਬੂਤ ਕਰਨ ਲਈ;

• ਵਪਾਰਕ ਮੌਕਿਆਂ ਵਿੱਚ ਵਾਧਾ ਕਰਨ ਲਈ;

• ਨਿਵੇਸ਼ ਸੰਪਰਕਾਂ ਦੀ ਉਸਾਰੀ ਕਰਨ ਲਈ;

• ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ ਲਈ; ਅਤੇ

• ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ ਦੇ ਰਾਹ ‘ਚ ਆਉਣ ਵਾਲੇ ਅੜਿੱਕੇ ਦੂਰ ਕਰਨ ਲਈ।

ਥੋੜ੍ਹੇ ਹੀ ਸਮੇਂ ‘ਚ ਅਸੀਂ ਬ੍ਰਿਕਸ ਬਿਜ਼ਨਸ ਕੌਂਸਲ ਅਤੇ ਐੱਨ.ਡੀ.ਬੀ. ਦੀ ਲੀਡਰਸ਼ਿਪ ਦੇ ਵਿਚਾਰ ਸੁਣਾਂਗੇ।

ਤੁਹਾਡਾ ਧੰਨਵਾਦ, ਤੁਹਾਡਾ ਬਹੁਤ-ਬਹੁਤ ਧੰਨਵਾਦ।

AKT/AK