Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ – ਤੁਰਕੀ ਵਪਾਰਕ ਸਿਖਰ ਸੰਮੇਲਨ ਵਿਖੇ ਪ੍ਰਧਾਨ ਮੰਤਰੀ ਦਾ ਭਾਸ਼ਣ

ਭਾਰਤ – ਤੁਰਕੀ ਵਪਾਰਕ ਸਿਖਰ ਸੰਮੇਲਨ ਵਿਖੇ ਪ੍ਰਧਾਨ ਮੰਤਰੀ ਦਾ ਭਾਸ਼ਣ

ਭਾਰਤ – ਤੁਰਕੀ ਵਪਾਰਕ ਸਿਖਰ ਸੰਮੇਲਨ ਵਿਖੇ ਪ੍ਰਧਾਨ ਮੰਤਰੀ ਦਾ ਭਾਸ਼ਣ


ਮਾਨਯੋਗ ਤੁਰਕੀ ਦੇ ਰਾਸ਼ਟਰਪਤੀ ਸ਼੍ਰੀ ਰੈਸੇਪ ਤੇਇਪ ਅਰਦੋਗਨ(Mr. Recep Tayyip Erdogan),

ਸਨਮਾਨਤ ਮੰਤਰੀਓ,

ਤੁਰਕੀ ਦੇ ਵਫਦ ਦੇ ਮੈਂਬਰੋ,

ਭਾਰਤੀ ਵਪਾਰਕ ਭਾਈਚਾਰੇ ਤੋਂ ਆਏ ਮਿੱਤਰੋ,

ਦੇਵੀਓ ਅਤੇ ਸੱਜਣੋ,

ਮੈਨੂੰ ਅੱਜ ਦੇ ਫੋਰਮ ਵਿਖੇ ਪ੍ਰਮੁੱਖ ਵਪਾਰੀਆਂ ਨਾਲ ਗੱਲਬਾਤ ਕਰ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਂ ਰਾਸ਼ਟਰਪਤੀ ਅਰਦੋਗਨ ਅਤੇ ਤੁਰਕੀ ਤੋਂ ਆਏ ਸਾਰੇ ਮਿੱਤਰਾਂ ਦਾ ਇੱਥੇ ਨਿੱਘਾ ਸਵਾਗਤ ਕਰਦਾ ਹਾਂ। ਰਾਸ਼ਟਰਪਤੀ ਅਰਦੋਗਨ ਨਾਲ ਆਏ ਵੱਡੇ ਵਪਾਰਕ ਵਫਦ ਨੂੰ ਵੇਖ ਕੇ ਮੈਨੂੰ ਭਾਰੀ ਖੁਸ਼ੀ ਹੋ ਰਹੀ ਹੈ। ਬਹੁਤ ਸਾਰੇ ਭਾਰਤੀ ਵਪਾਰਕ ਆਗੂਆਂ ਨੂੰ ਇਸ ਸਮਾਰੋਹ ਵਿੱਚ ਵੇਖ ਕੇ ਵੀ ਮੈਨੂੰ ਖੁਸ਼ੀ ਹੋ ਰਹੀ ਹੈ।

ਮਿੱਤਰੋ,

ਭਾਰਤ ਅਤੇ ਤੁਰਕੀ ਦਾ ਆਪਸ ਵਿੱਚ ਮਹਾਨ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਹੈ। ਵਿਸ਼ਵ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਅਸੀਂ ਇੱਕੋ ਨਜ਼ਰੀਏ ਨਾਲ ਵੇਖਦੇ ਹਾਂ।

ਹੁਣ, ਆਰਥਿਕ ਸਹਿਯੋਗ ਹਰ ਦੋ-ਪੱਖੀ ਸਬੰਧਾਂ ਦਾ ਇੱਕ ਅਹਿਮ ਥੰਮ ਬਣ ਰਿਹਾ ਹੈ। ਭਾਰਤ ਅਤੇ ਤੁਰਕੀ ਦੇ ਚੰਗੇ ਆਰਥਿਕ ਸਬੰਧ ਹਨ। ਬੀਤੇ ਸਾਲਾਂ ਵਿੱਚ ਸਾਡੇ ਦੋ-ਪੱਖੀ ਵਪਾਰਕ ਸਬੰਧਾਂ ਵਿੱਚ ਭਾਰੀ ਵਾਧਾ ਹੋਇਆ ਹੈ। ਮੈਂ ਇਹ ਸਮਝਦਾ ਹਾਂ ਕਿ ਰਾਸ਼ਟਰਪਤੀ ਅਰਦੋਗਨ ਦੇ ਭਾਰਤ ਦੇ ਪਿਛਲੇ ਦੌਰੇ ਤੋਂ ਬਾਅਦ ਆਪਸੀ ਦੋ-ਪੱਖੀ ਵਪਾਰ ਵਿੱਚ ਕਾਫੀ ਵਾਧਾ ਹੋਇਆ ਹੈ। ਇਹ ਵਪਾਰ 2008 ਵਿੱਚ ਜਿੱਥੇ 2.8 ਬਿਲੀਅਨ ਅਮਰੀਕੀ ਡਾਲਰ ਦਾ ਸੀ, ਉਥੇ 2016 ਵਿੱਚ ਵਧ ਕੇ 6.4 ਬਿਲੀਅਨ ਡਾਲਰ ਹੋ ਗਿਆ ਹੈ। ਭਾਵੇਂ ਇਹ ਕਾਫੀ ਉਤਸ਼ਾਹਜਨਕ ਹੈ, ਪਰ ਸਾਡੇ ਮੌਜੂਦਾ ਆਰਥਿਕ ਅਤੇ ਵਪਾਰਕ ਸਬੰਧਾਂ ਦਾ ਪੱਧਰ ਇਨ੍ਹਾਂ ਨਹੀਂ ਹੈ ਜਿੰਨਾਂ ਕਿ ਇਸ ਵਿੱਚ ਹੋਣ ਦੀ ਸਮਰੱਥਾ ਹੈ।

ਮਿੱਤਰੋ,

ਭਾਰਤ ਅਤੇ ਤੁਰਕੀ ਦੁਨੀਆ ਦੀਆਂ 20 ਪ੍ਰਮੁੱਖ ਆਰਥਿਕਤਾਵਾਂ ਵਿੱਚ ਸ਼ਾਮਲ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਦੋਹਾਂ ਆਰਥਿਕਤਾਵਾਂ ਨੇ ਗੜਬੜ ਵਾਲੀ ਵਿਸ਼ਵ ਆਰਥਿਕ ਸਥਿਤੀ ਵਿੱਚ ਵੀ ਭਾਰੀ ਸਥਿਰਤਾ ਵਿਖਾਈ ਹੈ। ਸਾਡੀਆਂ ਆਰਥਿਕਤਾਵਾਂ ਮਜ਼ਬੂਤ ਮੁਢਲੇ ਆਧਾਰ ਉੱਤੇ ਖੜੀਆਂ ਹਨ ਅਤੇ ਇਸੇ ਕਾਰਣ ਅਸੀਂ ਆਪਣੀਆਂ ਸੰਭਾਵਨਾਵਾਂ ਪ੍ਰਤੀ ਆਸਵੰਦ ਹਾਂ।

ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਇੱਕ ਦੂਜੇ ਪ੍ਰਤੀ ਭਾਰੀ ਸਦਭਾਵਨਾ ਮੌਜੂਦ ਹੈ। ਅਸੀਂ ਜਿਥੇ ਮਜ਼ਬੂਤ ਸਿਆਸੀ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਥੇ ਸਮਾਂ ਆ ਗਿਆ ਹੈ ਕਿ ਅਸੀਂ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰੀਏ। ਸਾਡਾ ਇੱਕ ਦੂਜੇ ਨਾਲ ਵਪਾਰ ਕਰਨ ਦਾ ਲੰਬਾ ਇਤਿਹਾਸ ਹੈ। ਸਾਨੂੰ ਇਸ ਅਮੀਰ ਵਿਰਸੇ ਨੂੰ ਹੋਰ ਮਜ਼ਬੂਤ ਕਰਨਾ ਪਵੇਗਾ।

ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਡੀ ਸਮਰੱਥਾ ਅਤੇ ਮੌਕੇ ਮੌਜੂਦ ਹਨ। ਅਜਿਹਾ ਵਪਾਰ ਅਤੇ ਐੱਫ ਡੀ ਆਈ ਲੈਣ ਦੇਣ, ਟੈਕਨੋਲੋਜੀ ਸਹਿਯੋਗ ਅਤੇ ਵੱਖ -ਵੱਖ ਪ੍ਰੋਜੈਕਟਾਂ ਵਿੱਚ ਆਪਸੀ ਸਹਿਯੋਗ ਵਧਾ ਕੇ ਕੀਤਾ ਜਾ ਸਕਦਾ ਹੈ। ਇਸ ਸੰਦਰਭ ਵਿੱਚ ਅਸੀਂ ਤੁਰਕੀ ਦੀਆਂ ਕੁਝ ਕੰਪਨੀਆਂ ਦੀ ਭਾਰਤ ਵਿੱਚ ਸ਼ਮੂਲੀਅਤ ਵਿੱਚ ਵਾਧਾ ਵੇਖਿਆ ਹੈ। ਇਹ ਵਾਧਾ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਕੰਪਨੀਆਂ ਵਿੱਚ ਬਲਿਯੂ ਚਿਪ ਅਤੇ ਐੱਫ ਡੀ ਆਈ ਵਿੱਚ ਨਿਵੇਸ਼ ਵਿੱਚ ਨਜ਼ਰ ਆਇਆ ਹੈ। ਪਰ ਅਜਿਹਾ ਸਹਿਯੋਗ ਛੋਟੇ ਅਤੇ ਦਰਮਿਆਨੇ ਉੱਦਮਾਂ ਤੱਕ ਚੱਲਦਾ ਹੈ। ਅੱਜ ਦੀ ਗਿਆਨ ਆਧਾਰਤ ਵਿਸ਼ਵ ਆਰਥਿਕਤਾ ਨਵੇਂ ਰਾਹ ਖੋਲ੍ਹ ਰਹੀ ਹੈ। ਸਾਨੂੰ ਆਪਣੀ ਆਰਥਿਕ ਅਤੇ ਵਪਾਰਕ ਗੱਲਬਾਤ ਵਿੱਚ ਇਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਤੁਸੀਂ ਵੇਖ ਸਕਦੇ ਹੋ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਪਾਰਕ ਮਿੱਤਰਤਾ ਦਾ ਮਾਹੌਲ ਬਣਾਉਣ ਲਈ ਵਚਨਬੱਧ ਹਨ, ਪਰ ਇਹ ਵਪਾਰਕ ਆਗੂ ਹੀ ਹਨ ਜੋ ਕਿ ਸਾਡੇ ਕੌਮੀ ਟੀਚੇ ਨੂੰ ਦੋਹਾਂ ਦੇਸ਼ਾਂ ਦੇ ਸਾਂਝੇ ਲਾਭ ਲਈ ਵਰਤ ਸਕਦੇ ਹਨ।

ਮਿੱਤਰੋ,

ਭਾਰਤ ਦਾ ਸਿਆਸੀ ਢਾਂਚਾ ਆਪਣੇ ਸੰਵੇਦਨਸ਼ੀਲ, ਖੁਲ੍ਹੇ ਅਤੇ ਸ਼ਮੂਲੀਅਤ ਵਾਲੇ ਲੋਕਤੰਤਰ ਕਾਰਣ ਜਾਣਿਆ ਜਾਂਦਾ ਹੈ। ਸਿਆਸੀ ਅਤੇ ਪ੍ਰਸ਼ਾਸਕੀ ਕਾਰਜ ਪ੍ਰਣਾਲੀ ਵਿੱਚ ਸਥਿਰਤਾ ਅਤੇ ਕਾਨੂੰਨ ਦਾ ਰਾਜ ਸਾਡੇ ਇਸ ਢਾਂਚੇ ਦੀਆਂ ਵਿਸ਼ੇਸ਼ਤਾਵਾਂ ਹਨ। ਕਿਸੇ ਵੀ ਲੰਬੀ ਮਿਆਦ ਦੀ ਆਰਥਿਕ ਕਾਰਵਾਈ ਲਈ ਇਹ ਚੀਜ਼ਾਂ ਕਾਫੀ ਮਾਇਨੇ ਰੱਖਦੀਆਂ ਹਨ।

ਮੇਰੀ ਸਰਕਾਰ 3 ਸਾਲ ਪਹਿਲਾਂ ਇਸੇ ਹੀ ਮਹੀਨੇ ਹੋਂਦ ਵਿੱਚ ਆਈ ਸੀ। ਉਸ ਵੇਲੇ ਤੋਂ ਅਸੀਂ ਆਰਥਿਕਤਾ ਅਤੇ ਪ੍ਰਸ਼ਾਸਕੀ ਢਾਂਚੇ ਵਿੱਚ ਸੁਧਾਰ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਅਸੀਂ ਕਈ ਵੱਡੇ ਪ੍ਰੋਗਰਾਮ, ਜਿਵੇਂ ਕਿ ਡਿਜ਼ੀਟਲ ਇੰਡੀਆ, ਸਟਾਰਟ ਅੱਪ ਇੰਡੀਆ ਅਤੇ ਮੇਕ ਇਨ ਇੰਡੀਆ ਸ਼ੁਰੂ ਕੀਤੇ ਹਨ। ਇਹਨਾਂ ਦਾ ਨਤੀਜਾ ਭਾਰਤ ਦੀ ਆਰਥਿਕਤਾ ਦੇ ਮੁੜ ਰਾਹ ਉੱਤੇ ਆਉਣ ਤੋਂ ਨਜ਼ਰ ਆਉਂਦਾ ਹੈ। ਭਾਰਤ ਦੀ ਆਰਥਿਕਤਾ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਫੁਲ ਰਹੀ ਹੈ। ਇਸ ਤੋਂ ਇਲਾਵਾ ਇਸ ਗਤੀ ਨੂੰ ਕਾਇਮ ਰੱਖਣ ਲਈ ਸਾਡਾ ਧਿਆਨ ਢਾਂਚੇ ਵਿਚੋਂ ਖ਼ਾਮੀਆਂ ਨੂੰ ਦੂਰ ਕਰਨ ਵੱਲ ਲੱਗਾ ਹੋਇਆ ਹੈ। ਅਸੀਂ ਇੱਕ ਨਵਾਂ ਭਾਰਤ ਬਣਾਉਣ ਦੇ ਯਤਨ ਵਿੱਚ ਹਾਂ ਇਸ ਲਈ ਸਾਡਾ ਧਿਆਨ ਕੰਮ ਨੂੰ ਸੁਖਾਲਾ ਕਰਨ, ਖਾਸ ਤੌਰ ‘ਤੇ ਵਪਾਰ ਨੂੰ ਸੁਖਾਲਾ ਕਰਨ ਵੱਲ ਲੱਗਾ ਹੈ। ਇਸ ਵਿੱਚ ਨੀਤੀਆਂ, ਕਾਰਜ ਢੰਗਾਂ ਵਗੈਰਾ ਵਿੱਚ ਸੁਧਾਰ ਕਰਨਾ ਸ਼ਾਮਲ ਹਨ। ਇਸ ਵਿੱਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਲਈ ਰਾਹ ਸੁਖਾਲਾ ਕਰਨ ਵਾਲਾ ਮਾਹੌਲ ਵੀ ਸ਼ਾਮਲ ਹੈ।

ਅਸੀਂ ਇਸ ਮੋਰਚੇ ਉੱਤੇ ਭਾਰੀ ਸਫਲਤਾ ਅਤੇ ਮਾਨਤਾ ਹਾਸਲ ਕੀਤੀ ਹੈ। ਵਿਸ਼ਵ ਵਿੱਚ ਸਾਡੀ ਰੈਂਕਿੰਗ ਕਈ ਤਰੀਕਿਆਂ ਨਾਲ ਵਧੀ ਹੈ, ਪਰ ਇਹ ਇੱਕ ਲਗਾਤਾਰ ਜਾਰੀ ਰਹਿਣ ਵਾਲਾ ਅਮਲ ਹੈ ਅਤੇ ਇਸ ਨੇ ਜਾਰੀ ਰਹਿਣਾ ਹੈ। ਇਹ ਮੁਢਲੇ ਤੌਰ ਤੇ ਵਤੀਰੇ ਅਤੇ ਪਹੁੰਚ ਵਿੱਚ ਫਰਕ ਹੈ। ਇਸ ਦਾ ਉਦੇਸ਼ ਭਾਰਤ ਨੂੰ ਇੱਕ ਚੰਗੀ ਜਗ੍ਹਾ ਦਿਵਾਉਣਾ ਅਤੇ ਇਸ ਦੇ ਲੋਕਾਂ ਨੂੰ ਆਪਣੀ ਸਮਰੱਥਾ ਤੋਂ ਜਾਣੂ ਕਰਵਾਉਣਾ ਹੈ। ਅਜਿਹਾ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਹੋ ਸਕਦਾ ਹੈ। ਬੀਤੇ ਦਿਨੀਂ ਜੋ ਜੀ ਐੱਸ ਟੀ ਬਿੱਲ ਪਾਸ ਕੀਤਾ ਗਿਆ ਹੈ, ਉਹ ਮੇਰੀ ਸਰਕਾਰ ਦੀ ਇੱਕ ਹੋਰ ਪਹਿਲਕਦਮੀ ਹੈ। ਕਾਫੀ ਸਮੇਂ ਤੋਂ ਦੇਸ਼ ਵਿੱਚ ਇੱਕ ਸਾਂਝਾ ਅਤੇ ਨਿਪੁੰਨ ਵਪਾਰਕ ਮਾਹੌਲ ਬਣਾਉਣ ਦੀ ਮੰਗ ਉਠ ਰਹੀ ਸੀ।

ਮੈਂ ਜਾਣਦਾ ਹਾਂ ਕਿ ਤੁਰਕੀ ਦੀਆਂ ਉਸਾਰੀ ਕੰਪਨੀਆਂ ਨੇ ਕਈ ਦੇਸ਼ਾਂ ਵਿੱਚ ਕਈ ਢਾਂਚੇ ਸਬੰਧੀ ਅਤੇ ਉਸਾਰੀ ਪ੍ਰੋਜੈਕਟ ਮੁਕੰਮਲ ਕੀਤੇ ਹਨ। ਸਾਡੇ ਢਾਂਚੇ ਦੀਆਂ ਜ਼ਰੂਰਤਾਂ ਕਾਫੀ ਜ਼ਿਆਦਾ ਹਨ, ਜਿਨ੍ਹਾਂ ਵਿੱਚ ਮੁਢਲੇ ਢਾਂਚੇ ਤੋਂ ਇਲਾਵਾ ਸਮਾਜਿਕ ਅਤੇ ਸਨਅਤੀ ਢਾਂਚਾ ਸ਼ਾਮਲ ਹੈ। ਅਸੀਂ ਇਸ ਨੂੰ ਮਜ਼ਬੂਤੀ ਅਤੇ ਤੇਜ਼ੀ ਨਾਲ ਤਿਆਰ ਕਰਨਾ ਚਾਹੁੰਦੇ ਹਾਂ। ਤੁਰਕੀ ਦੀਆਂ ਕੰਪਨੀਆਂ ਇਸ ਵਿੱਚ ਆਸਾਨੀ ਨਾਲ ਹਿੱਸਾ ਲੈ ਸਕਦੀਆਂ ਹਨ। ਇਸ ਬਾਰੇ ਤੁਹਾਨੂੰ ਕੁਝ ਉਦਾਹਰਣਾਂ ਪੇਸ਼ ਕਰਦਾ ਹਾਂ—

ਅਸੀਂ 2022 ਤੱਕ 50 ਮਿਲੀਅਨ ਮਕਾਨ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਉਦੇਸ਼ ਲਈ ਅਸੀਂ ਉਸਾਰੀ ਖੇਤਰ ਵਿੱਚ ਆਪਣੀ ਐੱਫ ਡੀ ਆਈ ਨੀਤੀ ਵਿੱਚ ਕਈ ਵਾਰੀ ਸੁਧਾਰ ਕੀਤਾ ਹੈ।

ਅਸੀਂ ਵੱਖ ਵੱਖ ਕੌਮੀ ਕਾਰੀਡੋਰਾਂ ਦੇ 50 ਸ਼ਹਿਰਾਂ ਵਿੱਚ ਮੈਟਰੋ ਰੇਲ ਪ੍ਰੋਜੈਕਟਾਂ ਅਤੇ ਤੇਜ਼ ਗਤੀ ਦੀਆਂ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਹੇ ਹਾਂ।

ਅਗਲੇ ਕੁਝ ਸਾਲਾਂ ਵਿੱਚ ਅਸੀਂ 175 ਗੀਗਾਵਾਟ ਨਵਿਆਉਣਯੋਗ ਊਰਜਾ ਪੈਦਾ ਕਰਨ ਦਾ ਟੀਚਾ ਰੱਖਿਆ ਹੈ।

ਬਿਜਲੀ ਪੈਦਾ ਕਰਨ ਤੋਂ ਇਲਾਵਾ ਇਸ ਦੀ ਟ੍ਰਾਂਸਮਿਸ਼ਨ, ਭੰਡਾਰਨ ਅਤੇ ਵੰਡ ਵੀ ਸਾਡੇ ਲਈ ਬਰਾਬਰ ਦੀ ਅਹਿਮੀਅਤ ਰੱਖਦੇ ਹਨ।

ਅਸੀਂ ਆਪਣੀ ਰੇਲਵੇ ਦਾ ਆਧੁਨਿਕੀਕਰਨ ਕਰ ਰਹੇ ਹਾਂ ਅਤੇ ਹਾਈਵੇਜ਼ ਨੂੰ ਅੱਪਗਰੇਡ ਕਰ ਰਹੇ ਹਾਂ। ਇਹਨਾਂ ਦੋਹਾਂ ਖੇਤਰਾਂ ਲਈ ਅਸੀਂ ਵੱਧ ਤੋਂ ਵੱਧ ਰਕਮ ਜਾਰੀ ਕੀਤੀ ਹੈ।

ਅਸੀਂ ਨਵੀਆਂ ਬੰਦਰਗਾਹਾਂ ਤਿਆਰ ਕਰ ਰਹੇ ਹਾਂ ਅਤੇ ਪੁਰਾਣੀਆਂ ਦਾ ਆਧੁਨਿਕੀਕਰਨ ਸਾਗਰਮਾਲਾ ਯੋਜਨਾ ਅਧੀਨ ਕਰ ਰਹੇ ਹਾਂ।

ਮੌਜੂਦਾ ਹਵਾਈ ਅੱਡਿਆਂ ਨੂੰ ਅੱਪਗ੍ਰੇਡ ਕਰਨ ਅਤੇ ਖੇਤਰੀ ਹਵਾਈ ਅੱਡੇ ਵਧਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਆਰਥਿਕ ਅਤੇ ਸੈਰ ਸਪਾਟੇ ਦੀ ਅਹਿਮੀਅਤ ਵਾਲੀਆਂ ਥਾਵਾਂ ਦਾ ਸੰਪਰਕ ਵਧਾਇਆ ਜਾ ਸਕੇ।

ਤੁਰਕੀ ਦਾ ਸੈਰ ਸਪਾਟਾ ਖੇਤਰ ਦੁਨੀਆ ਵਿੱਚ ਮੰਨਿਆ ਹੋਇਆ ਹੈ। ਪਿਛਲੇ ਕੁਝ ਸਾਲਾਂ ਵਿੱਚ ਤੁਰਕੀ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਧੀ ਹੈ। ਭਾਰਤੀ ਫਿਲਮ ਅਤੇ ਟੀ ਵੀ ਸਨਅਤ ਦੀ ਸ਼ੂਟਿੰਗ ਲਈ ਤੁਰਕੀ ਇੱਕ ਹਰਮਨ ਪਿਆਰਾ ਸਥਾਨ ਬਣਿਆ ਹੈ। ਸਾਨੂੰ ਦੋ-ਪੱਖੀ ਸੈਰ-ਸਪਾਟੇ ਨੂੰ ਤਾਂ ਵਧਾਉਣਾ ਚਾਹੀਦਾ ਹੀ ਹੈ, ਸਨਅਤ ਨੂੰ ਇਸ ਖੇਤਰ ਵਿੱਚ ਹੋਰ ਸੰਭਾਵਨਾਵਾਂ ਦਾ ਵੀ ਪਤਾ ਲਗਾਉਣਾ ਚਾਹੀਦਾ ਹੈ। ਇੱਕ ਉਦਾਹਰਣ ਇਹ ਹੈ ਕਿ ਸਾਡੀ ਖੇਤਰੀ ਫਿਲਮ ਸਨਅਤ ਵੀ ਇਸ ਬਾਰੇ ਵਿਚਾਰ ਕਰੇ।

ਅਸੀਂ ਇਹ ਜਾਣਦੇ ਹਾਂ ਕਿ ਭਾਰਤ ਅਤੇ ਤੁਰਕੀ ਦੋਵੇਂ ਹੀ ਊਰਜਾ ਦੀ ਕਮੀ ਦਾ ਸ਼ਿਕਾਰ ਹਨ ਅਤੇ ਸਾਡੀਆਂ ਊਰਜਾ ਲੋੜਾਂ ਲਗਾਤਾਰ ਵਧ ਰਹੀਆਂ ਹਨ। ਇਸ ਲਈ ਹਾਈਡ੍ਰੋਕਾਰਬਨ ਖੇਤਰ ਦੋਹਾਂ ਦੇਸ਼ਾਂ ਲਈ ਇੱਕ ਸਾਂਝੇ ਹਿੱਤ ਦਾ ਖੇਤਰ ਬਣ ਸਕਦਾ ਹੈ। ਅਜਿਹਾ ਹੀ ਸੂਰਜੀ ਅਤੇ ਪੌਣ ਊਰਜਾ ਬਾਰੇ ਵੀ ਹੋ ਸਕਦਾ ਹੈ।

ਇਸ ਲਈ ਊਰਜਾ ਖੇਤਰ ਸਾਡੇ ਦੋ-ਪੱਖੀ ਸਬੰਧਾਂ ਦਾ ਇੱਕ ਅਹਿਮ ਥੰਮ ਬਣ ਗਿਆ ਹੈ। ਖਾਨਾਂ ਅਤੇ ਖੁਰਾਕ ਪ੍ਰੋਸੈਸਿੰਗ ਖੇਤਰ ਵੀ ਚੰਗੇ ਲਾਹੇਵੰਦ ਸਿੱਧ ਹੋ ਸਕਦੇ ਹਨ। ਕੱਪੜਾ ਅਤੇ ਆਟੋ ਖੇਤਰ ਵਿੱਚ ਵੀ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ। ਤੁਰਕੀ ਦਾ ਇੱਕ ਮਜ਼ਬੂਤ ਨਿਰਮਾਣ ਖੇਤਰ ਹੈ ਅਤੇ ਭਾਰਤ ਇੱਕ ਘੱਟ ਲਾਗਤ ਵਾਲਾ ਨਿਰਮਾਣ ਧੁਰਾ ਹੈ। ਲਾਗਤ ਦੇ ਪਹਿਲੂ ਤੋਂ ਇਲਾਵਾ ਸਾਡੇ ਕੋਲ ਵੱਡੀ ਗਿਣਤੀ ਵਿੱਚ ਮਾਹਰ ਅਤੇ ਅਰਧ -ਮਾਹਰ ਕਾਮੇ ਅਤੇ ਮਜ਼ਬੂਤ ਖੋਜ ਅਤੇ ਵਿਕਾਸ ਸਹੂਲਤਾਂ ਹਨ।

ਮੈਨੂੰ ਇਹ ਦਸਦਿਆਂ ਖੁਸ਼ੀ ਹੋ ਰਹੀ ਹੈ ਕਿ ਆਰਥਿਕ ਅਤੇ ਤਕਨੀਕੀ ਸਹਿਯੋਗ ਬਾਰੇ ਭਾਰਤ ਅਤੇ ਤੁਰਕੀ ਦੀ ਸਾਂਝੀ ਕਮੇਟੀ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਇਸ ਦੀ ਅਗਲੀ ਮੀਟਿੰਗ ਵਿੱਚ ਦੋ- ਪੱਖੀ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਲਿਆ ਜਾਵੇਗਾ।

ਇਸੇ ਤਰ੍ਹਾਂ ਮੈਂ ਦੋਹਾਂ ਦੇਸ਼ਾਂ ਦੇ ਚੈਂਬਰਜ਼ ਆਵ੍ ਕਾਮਰਸ ਐਂਡ ਇੰਡਸਟ੍ਰੀਜ਼ ਨੂੰ ਬੇਨਤੀ ਕਰਾਂਗਾ ਕਿ ਉਹ ਇੱਕ ਦੂਜੇ ਨਾਲ ਸਰਗਰਮ ਸਹਿਯੋਗ ਕਰਨ। ਸਾਡਾ ਇਹ ਸਹਿਯੋਗ ਸਰਕਾਰ ਅਤੇ ਬੀ -ਟੂ- ਬੀ ਪੱਧਰ ਉੱਤੇ ਨੇੜ੍ਹਤਾ ਵਾਲਾ ਹੋਣਾ ਚਾਹੀਦਾ ਹੈ।

ਮੈਂ ਰਾਸ਼ਟਰਪਤੀ ਅਰਦੋਗਨ, ਭਾਰਤ-ਤੁਰਕੀ ਵਪਾਰ ਚੈਂਬਰਾਂ ਦੇ ਵਫਦਾਂ ਦੇ ਮੈਂਬਰਾਂ ਦਾ ਅੱਜ ਦੇ ਫੋਰਮ ਵਿੱਚ ਹਿੱਸਾ ਲੈਣ ਉੱਤੇ ਧੰਨਵਾਦ ਕਰਦਾ ਹਾਂ। ਭਾਰਤ ਅਤੇ ਤੁਰਕੀ ਦੇ ਵਪਾਰਕ ਭਾਈਚਾਰੇ ਨੂੰ ਇੱਕਠੇ ਕਰਨ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ।

ਮਿੱਤਰੋ,

ਜਨਤਾ ਦੀ ਭਲਾਈ ਲਈ ਆਪਣੀਆਂ ਆਰਥਿਕ ਸਰਗਰਮੀਆਂ ਦਾ ਪੱਧਰ ਉੱਚਾ ਚੁੱਕਣ ਲਈ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਭਾਰਤ ਵੱਲੋਂ ਮੈਂ ਤੁਹਾਡਾ ਖੁਲ੍ਹੀਆਂ ਬਾਹਾਂ ਨਾਲ ਸਵਾਗਤ ਕਰਦਾ ਹਾਂ।

ਮੈਂ ਇਹ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਭਾਰਤ ਕਦੀ ਵੀ ਏਨਾ ਮਜ਼ਬੂਤ ਟਿਕਾਣਾ ਪਹਿਲਾਂ ਨਹੀਂ ਬਣਿਆ ਜਿੰਨਾਂ ਕਿ ਇਹ ਅੱਜ ਹੈ।

ਇਸ ਨੂੰ ਹੋਰ ਵਧੀਆ ਬਣਾਉਣ ਲਈ ਮੈਂ ਆਪਣੀ ਨਿੱਜੀ ਦੇਖ ਰੇਖ ਅਤੇ ਸਹਿਯੋਗ ਦਾ ਭਰੋਸਾ ਦਿਵਾਉਂਦਾ ਹਾਂ।

ਧੰਨਵਾਦ।

AKT/SH