Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਮਨ ਕੀ ਬਾਤ’ ਦੇ 134ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (31.05.2026)


ਮੇਰੇ ਪਿਆਰੇ ਦੇਸ਼-ਵਾਸੀਓ, ਨਮਸਕਾਰ।

‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਡੇ ਦੇਸ਼ ਦੇ ਲੋਕ ਦੇਸ਼ ਹਿੱਤ ਵਿੱਚ, ਸਮਾਜ ਦੇ ਹਿੱਤ ਵਿੱਚ, ਅਜਿਹੇ ਸ਼ਾਨਦਾਰ ਕੰਮ ਕਰ ਰਹੇ ਹਨ ਕਿ ਜਦੋਂ ਅਸੀਂ ਉਨ੍ਹਾਂ ਬਾਰੇ ਸੁਣਦੇ ਹਾਂ ਤਾਂ ਸਾਨੂੰ ਇੱਕ ਨਵੀਂ ਪ੍ਰੇਰਨਾ ਮਿਲਦੀ ਹੈ। ਅੱਜ ਪ੍ਰੋਗਰਾਮ ਦੀ ਸ਼ੁਰੂਆਤ, ਮੈਂ ਅਥਲੈਟਿਕਸ ਵਿੱਚ ਦੇਸ਼ ਦੀ ਅਜਿਹੀ ਹੀ ਪ੍ਰਾਪਤੀ ਤੋਂ ਕਰਾਂਗਾ। ਕੁਝ ਦਿਨ ਪਹਿਲਾਂ ਹੀ ਝਾਰਖੰਡ ਦੇ ਰਾਂਚੀ ਵਿੱਚ ਨੈਸ਼ਨਲ ਸੀਨੀਅਰ ਅਥਲੈਟਿਕਸ ਫੈਡਰੇਸ਼ਨ ਕੰਪੀਟੀਸ਼ਨ ਹੋਇਆ। ਇਸ ਵਿੱਚ ਦੇਸ਼ ਭਰ ਤੋਂ ਆਏ ਕਰੀਬ 800 ਅਥਲੀਟਾਂ ਨੇ ਹਿੱਸਾ ਲਿਆ। ਇਸ ਦੌਰਾਨ ਚਾਰ ਵੱਖ-ਵੱਖ ਈਵੈਂਟ ਵਿੱਚ ਚਾਰ ਨੈਸ਼ਨਲ ਰਿਕਾਰਡ ਟੁੱਟੇ। ਗੁਰਿੰਦਰਵੀਰ ਸਿੰਘ, ਵਿਸ਼ਾਲ ਟੀਕੇ, ਤੇਜਸਵਿਨ ਸ਼ੰਕਰ, ਦੇਵ ਮੀਣਾ ਅਤੇ ਕੁਲਦੀਪ ਕੁਮਾਰ। ਇਨ੍ਹਾਂ ਸਾਥੀਆਂ ਨੇ ਵੱਖ-ਵੱਖ ਕੈਟੇਗਰੀ ਵਿੱਚ ਨਵੇਂ ਰਿਕਾਰਡ ਬਣਾਏ। ਮੈਂ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਇੱਕ ਈਵੈਂਟ ਜਿਸ ਦੀ ਦੇਸ਼ ਭਰ ਵਿੱਚ ਬਹੁਤ ਚਰਚਾ ਹੋ ਰਹੀ ਹੈ, ਉਹ ਹੈ – 100 ਮੀਟਰ ਰੇਸ, ਸੌ ਮੀਟਰ ਦੀ ਦੌੜ। ਮਹਿਜ਼ ਦੋ ਦਿਨਾਂ ਦੇ ਅੰਦਰ ਮੈਨਜ਼ 100 ਮੀਟਰ ਰੇਸ ਵਿੱਚ ਨੈਸ਼ਨਲ ਰਿਕਾਰਡ ਤਿੰਨ ਵਾਰ ਟੁੱਟਿਆ। ਜਿਨ੍ਹਾਂ ਦੋ ਅਥਲੀਟਾਂ ਨੇ ਇਹ ਕਮਾਲ ਕੀਤਾ ਹੈ ਉਹ ਹਨ – ਗੁਰਿੰਦਰਵੀਰ ਸਿੰਘ ਅਤੇ ਅਨੀਮੇਸ਼ ਕੁਜੂਰ। ਮੈਂ ਸੋਚਿਆ ਇਸ ਵਾਰ ‘ਮਨ ਕੀ ਬਾਤ’ ਵਿੱਚ ਇਨ੍ਹਾਂ ਦੋਵਾਂ ਖਿਡਾਰੀਆਂ ਨਾਲ ਗੱਲਬਾਤ ਕੀਤੀ ਜਾਵੇ।

(ਫੋਨ ਕਾਲ)

ਪ੍ਰਧਾਨ ਮੰਤਰੀ: ਅਨੀਮੇਸ਼ ਜੀ ਨਮਸਕਾਰ। ਗੁਰਿੰਦਰਵੀਰ ਤੁਹਾਨੂੰ ਵੀ ਨਮਸਕਾਰ, ਸਤਿ ਸ੍ਰੀ ਅਕਾਲ।

ਅਨੀਮੇਸ਼, ਗੁਰਿੰਦਰਵੀਰ: ਨਮਸਕਾਰ ਸਰ, ਨਮਸਕਾਰ ਸਰ।

ਪ੍ਰਧਾਨ ਮੰਤਰੀ: ਅੱਛਾ ਭਈਆ, ਤੁਸੀਂ ਤਾਂ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ। ਤੁਹਾਡੀ ਜੋੜੀ ਨੇ ਵੀ ਵੱਡਾ ਕਮਾਲ ਕੀਤਾ ਹੈ। ਅਸੀਂ ਸੰਗੀਤ ਵਿੱਚ ਤਾਂ ਜੁਗਲਬੰਦੀ ਦੇਖੀ ਸੀ, ਪਰ ਚੁਣੌਤੀ ਵਿੱਚ ਹੁਣ ਜੁਗਲਬੰਦੀ ਹੁੰਦੀ ਹੈ ਕਿ ਇੱਕ ਵਾਰ ਇੱਕ ਚੁਣੌਤੀ ਦੇਵੇ ਫਿਰ ਦੂਜਾ ਉਸ ਚੁਣੌਤੀ ਨੂੰ ਕਬੂਲ ਕਰ ਲਵੇ। ਫਿਰ ਤੀਜੀ ਵਾਰ ਕਰ ਲਵੇ। ਬੜਾ ਦਿਲਚਸਪ ਵਿਸ਼ਾ ਰਿਹਾ ਹੈ ਤੁਹਾਡਾ। ਮੈਂ ਚਾਹੁੰਦਾ ਹਾਂ ਕਿ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਪਤਾ ਲੱਗੇ, ਕਿ ਤੁਹਾਡੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੋਵੇ। ਤੁਸੀਂ ਜੋ ਕਮਾਲ ਕੀਤਾ ਹੈ ਉਸ ਦਾ ਪਤਾ ਲੱਗੇ।

ਅਨੀਮੇਸ਼ ਜੀ: ਨਮਸਤੇ ਸਰ, ਮੇਰਾ ਨਾਮ ਅਨੀਮੇਸ਼ ਕੁਜੂਰ ਹੈ। ਮੈਂ 200 ਮੀਟਰ ਅਤੇ 400 ਮੀਟਰ ਦਾ ਨੈਸ਼ਨਲ ਰਿਕਾਰਡ ਹੋਲਡਰ ਹਾਂ ਅਤੇ ਮੈਂ ਛੱਤੀਸਗੜ੍ਹ ਤੋਂ ਬਿਲੌਂਗ ਕਰਦਾ ਹਾਂ ਸਰ। ਅਤੇ ਹੁਣ ਮੈਂ ਉੜੀਸਾ ਵੱਲੋਂ ਖੇਡਦਾ ਹਾਂ। ਮੈਂ ਪਿਛਲੇ ਸਾਲ ਏਸ਼ੀਅਨ ਮੈਡਲ ਅਤੇ ਵਰਲਡ ਯੂਨੀਵਰਸਿਟੀ ਗੇਮਜ਼ ਮੈਡਲ ਜਿੱਤ ਕੇ ਲਿਆਇਆ ਅਤੇ ਮੈਂ ਅਥਲੈਟਿਕਸ  2021 ਤੋਂ ਸ਼ੁਰੂ ਕੀਤਾ ਜਦੋਂ ਮੈਂ ਸਕੂਲ ਤੋਂ ਪਾਸ-ਆਊਟ ਹੋਇਆ। ਮੈਂ ਸੈਨਿਕ ਸਕੂਲ ਅੰਬਿਕਾਪੁਰ ਤੋਂ ਪਾਸ-ਆਊਟ ਹਾਂ, ਅਤੇ ਮੈਂ ਪਹਿਲਾਂ ਫੁਟਬਾਲ ਖੇਡਿਆ ਕਰਦਾ ਸੀ, ਅਤੇ ਮੇਰੇ ਮਾਪੇ ਕੋਵਿਡ ਵੇਲੇ ਮੈਨੂੰ ਥੋੜ੍ਹੀ ਬਹੁਤ ਛੋਟ ਦਿੰਦੇ ਸਨ ਕਿ ਤੂੰ ਜਾ ਕੇ ਬਾਹਰ ਦੌੜ ਲੈ ਜਾਂ ਖੇਡ ਲੈ। ਤਾਂ ਜਦੋਂ ਕੋਵਿਡ ਖ਼ਤਮ ਹੋਣ ਲੱਗਾ ਤਾਂ ਮੇਰੇ ਫੁਟਬਾਲ ਦੇ ਜੋ ਦੋਸਤ ਸਨ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਟੇਟ ਮੀਟ ਹੋਣ ਵਾਲੀ ਹੈ ਜਾ ਕੇ ਤੂੰ ਹਿੱਸਾ ਲੈ ਅਤੇ ਮੈਂ ਹਿੱਸਾ ਲਿਆ ਤੇ ਮੈਨੂੰ ਪਤਾ ਨਹੀਂ ਸੀ ਕਿ ਉੱਥੋਂ ਨੈਸ਼ਨਲ ਲੈਵਲ ਦੀ ਸਿਲੈਕਸ਼ਨ ਹੈ। ਮੈਂ ਉੱਥੋਂ ਨੈਸ਼ਨਲ ਵਿੱਚ ਸਿਲੈਕਟ ਹੋਇਆ ਅਤੇ ਅੱਜ ਮੈਂ ਇੰਡੀਆ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਰਿਪ੍ਰੈਜ਼ੈਂਟ ਕਰ ਰਿਹਾ ਹਾਂ।

ਪ੍ਰਧਾਨ ਮੰਤਰੀ: ਅਤੇ ਗੁਰਿੰਦਰਵੀਰ ਜੀ ਕੀ ਹੈ?

ਗੁਰਿੰਦਰਵੀਰ: ਨਮਸਤੇ ਸਰ, ਮੇਰਾ ਨਾਮ ਗੁਰਿੰਦਰਵੀਰ ਹੈ ਅਤੇ ਮੈਂ ਇੰਡੀਅਨ ਨੇਵੀ ਵਿੱਚ ਪੈਟੀ ਆਫਿਸਰ ਹਾਂ ਅਤੇ ਮੈਂ ਇੰਡੀਆ ਦਾ ਸਭ ਤੋਂ ਤੇਜ਼ ਸਪ੍ਰਿੰਟਰ ਹਾਂ, ਹਾਲ ਹੀ ਵਿੱਚ ਮੈਂ 100 ਮੀਟਰ ਵਿੱਚ 10.09 ਦਾ ਨੈਸ਼ਨਲ ਰਿਕਾਰਡ ਬਣਾਇਆ ਹੈ। ਅਤੇ ਮੈਂ ਪਹਿਲਾ ਭਾਰਤੀ ਹਾਂ ਜੋ 10.1 ਦੀ ਰੁਕਾਵਟ ਤੋਂ ਹੇਠਾਂ ਭੱਜਿਆ ਹੈ ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਮੈਂ ਟਰੈਕ ਅਤੇ ਵਰਦੀ ਵਿੱਚ ਵੀ ਆਪਣੇ ਦੇਸ਼ ਦੀ ਸੇਵਾ ਕਰਾਂ। ਮੇਰੇ ਪਿਤਾ ਜੀ ਅਤੇ ਦਾਦਾ ਜੀ ਦੋਵੇਂ ਖੇਡਦੇ ਸਨ ਤਾਂ ਸਾਡੇ ਇੰਡੀਆ ਦਾ ਸੱਭਿਆਚਾਰ ਹੈ ਕਿ ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ ਜਿਵੇਂ ਦੀਵਾਲੀ, ਜਿਵੇਂ ਨਵਾਂ ਸਾਲ, ਤਾਂ ਅਸੀਂ ਆਪਣੇ ਘਰ ਦੀ ਸਫ਼ਾਈ ਕਰਦੇ ਹਾਂ। ਤਾਂ ਮੈਂ ਆਪਣੇ ਪਿਤਾ ਜੀ ਦੀਆਂ ਟਰਾਫੀਆਂ ਅਤੇ ਮੈਡਲਾਂ ਦੀ ਸਫ਼ਾਈ ਕਰਦਾ ਸੀ ਤਾਂ ਮੈਨੂੰ ਉਹ ਬਹੁਤ ਚੰਗਾ ਲੱਗਦਾ ਸੀ, ਮੈਂ ਬਹੁਤ ਖ਼ੁਸ਼ ਹੁੰਦਾ ਸੀ। ਉਦੋਂ ਜਦੋਂ ਮੈਂ ਕੋਈ ਟਰਾਫੀ ਸਾਫ਼ ਕਰਦਾ ਸੀ ਤਾਂ ਮੈਂ ਪੁੱਛਦਾ ਸੀ ਕਿ ਬਈ ਇਹ ਟਰਾਫੀ ਕਿੱਥੇ ਜਿੱਤੀ, ਇਹ ਮੈਡਲ ਕਿੱਥੇ ਜਿੱਤਿਆ, ਇਹ ਫੋਟੋ ਕਦੋਂ ਦੀ ਹੈ, ਤਾਂ ਫਿਰ ਮੈਨੂੰ ਉਹ ਆਪਣੀ ਕਹਾਣੀ ਸੁਣਾਉਂਦੇ ਸਨ, ਕਿ ਬਈ ਮੈਂ ਇੱਥੇ ਖੇਡਣ ਗਿਆ, ਮੈਂ ਇਹ ਨੈਸ਼ਨਲ ਮੈਡਲ ਜਿੱਤਿਆ, ਮੈਂ ਆਪਣੀ ਟੀਮ ਨੂੰ ਇਸ ਵਿੱਚ ਜਿਤਾਇਆ। ਤਾਂ ਫਿਰ ਮੈਂ ਵੀ ਉਨ੍ਹਾਂ ਨੂੰ ਕਹਿੰਦਾ ਸੀ ਕਿ ਬਈ ਮੈਂ ਵੀ ਕੋਈ ਖੇਡ ਖੇਡਣੀ ਹੈ। ਉਹ ਰਨਿੰਗ ਕਰਨ ਜਾਂਦੇ ਸਨ ਸਵੇਰੇ, ਤਾਂ ਮੈਂ ਉਨ੍ਹਾਂ ਨੂੰ ਕਹਿਣ ਲੱਗਾ ਕਿ ਬਈ ਮੈਨੂੰ ਵੀ ਲੈ ਕੇ ਜਾਇਆ ਕਰੋ ਆਪਣੇ ਨਾਲ। ਤਾਂ ਮੈਨੂੰ ਲੈ ਕੇ ਜਾਣ ਲੱਗੇ ਤਾਂ ਉਨ੍ਹਾਂ ਨੇ ਜੋ ਆਪਣੀ ਗੇਮ ਸਪੋਰਟਸ ਵਿੱਚ ਸਿੱਖਿਆ ਸੀ ਤਾਂ ਮੈਨੂੰ ਸਿਖਾਉਣ ਲੱਗੇ। ਤਾਂ ਮੇਰੀ ਦਿਲਚਸਪੀ ਬਣਨ ਲੱਗੀ। ਮੈਂ ਉਸੈਨ ਬੋਲਟ ਦਾ ਵਰਲਡ ਰਿਕਾਰਡ ਟੁੱਟਦਾ ਹੋਇਆ ਦੇਖਿਆ। ਤਾਂ ਇੱਕ ਕਹਾਣੀ ਹੈ ਇੱਦਾਂ ਮਜ਼ਾਕੀਆ। ਮੈਂ ਅਜੇ ਟੀਵੀ ਦੇਖ ਰਿਹਾ ਸੀ ਤਾਂ ਮੰਮੀ ਨੇ ਮੇਰਾ ਟੀਵੀ ਬੰਦ ਕਰ ਦਿੱਤਾ ਕਿ ਹੁਣ ਬੇਟਾ ਪੜ੍ਹਨ ਦਾ ਸਮਾਂ ਹੋ ਗਿਆ, ਤੁਸੀਂ ਪੜ੍ਹੋ। ਤਾਂ ਮੈਂ ਕਿਹਾ ਬਈ ਠੀਕ ਹੈ ਤੁਸੀਂ ਮੈਨੂੰ ਟੀਵੀ ਨਹੀਂ ਦੇਖਣ ਦਿੰਦੇ, ਇੱਕ ਦਿਨ ਅਜਿਹਾ ਆਵੇਗਾ ਤੁਸੀਂ ਮੈਨੂੰ ਟੀਵੀ ਵਿੱਚ ਲੱਭੋਗੇ ਕਿ ਦੇਖੋ ਉਹ ਗੁਰਿੰਦਰ ਦੌੜ ਰਿਹਾ ਹੈ। ਤਾਂ ਮੈਨੂੰ ਵੀ ਖ਼ੁਸ਼ੀ ਹੁੰਦੀ ਹੈ ਜਦੋਂ ਮੇਰੀ ਮਾਂ ਮੈਨੂੰ ਟੀਵੀ ਉੱਤੇ ਦੌੜਦਾ ਹੋਇਆ ਦੇਖਦੀ ਹੈ।

ਪ੍ਰਧਾਨ ਮੰਤਰੀ: ਵਾਹ ਵਾਹ ਵਾਹ। ਬੜੀ ਸ਼ਾਨਦਾਰ ਗੱਲ ਹੈ ਬਈ ਤੁਹਾਡੀ ਤਾਂ।

ਗੁਰਿੰਦਰਵੀਰ: ਹਾਂ ਜੀ। ਮਿਡਲ ਕਲਾਸ ਫੈਮਿਲੀ ਹੈ ਸਰ, ਫਿਰ ਮੇਰੇ ਪਿਤਾ ਜੀ ਉਹ ਵੀ ਵਾਲੀਬਾਲ ਖੇਡਦੇ ਸਨ। ਘਰ ਦੀਆਂ ਮੁਸ਼ਕਲਾਂ ਕਰਕੇ ਉਨ੍ਹਾਂ ਨੇ ਆਪਣੀ ਖੇਡ ਛੱਡ ਦਿੱਤੀ। ਉਨ੍ਹਾਂ ਦਾ ਜੋ ਸੁਪਨਾ ਪੂਰਾ ਕਰਨ ਵਾਲਾ ਰਹਿ ਗਿਆ। ਤਾਂ ਉਨ੍ਹਾਂ ਨੇ ਮੇਰੇ ਅੰਦਰ ਉਹ ਸੁਪਨਾ ਦੇਖਿਆ ਕਿ ਬਈ ਮੇਰਾ ਬੇਟਾ ਉਹ ਸੁਪਨਾ ਪੂਰਾ ਕਰੇਗਾ ਤਾਂ ਮੈਂ ਉਨ੍ਹਾਂ ਨਾਲ ਗੱਲਾਂ ਕਰਦਾ ਸੀ, ਫਿਰ ਸੁਣਦਾ ਸੀ ਮਿਲਖਾ ਸਿੰਘ ਇੰਨੀ ਮਿਹਨਤ ਕਰਦੇ ਸਨ, ਮੈਂ ਉਨ੍ਹਾਂ ਨੂੰ ਕਹਿੰਦਾ ਸੀ ਮੈਂ ਵੀ ਇੱਕ ਦਿਨ ਤੁਹਾਡਾ ਸੁਪਨਾ ਪੂਰਾ ਕਰਾਂਗਾ। ਤਾਂ ਬੋਲਦੇ ਸੁਪਨਾ ਪੂਰਾ ਇੱਦਾਂ ਨਹੀਂ ਹੁੰਦਾ, ਉਸ ਲਈ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਰਨੀ ਪੈਂਦੀ ਹੈ। ਮਿਲਖਾ ਸਿੰਘ ਜੀ ਖ਼ੂਨ ਦੀਆਂ ਉਲਟੀਆਂ ਕਰਦੇ ਸਨ, ਧੁੱਪ ਵਿੱਚ ਭੱਜਦੇ ਸਨ। ਸਾਰਾ-ਸਾਰਾ ਦਿਨ ਟਰੇਨਿੰਗ ਕਰਦੇ ਸਨ ਤਾਂ ਉਹ ਚੀਜ਼ਾਂ ਮੈਨੂੰ ਪ੍ਰੇਰਿਤ ਕਰਦੀਆਂ ਸਨ। ਮੇਰੇ ਪਿਤਾ ਜੀ ਮੈਨੂੰ ਪ੍ਰੇਰਿਤ ਕਰਦੇ ਸਨ, ਕਿ ਮੈਂ ਭੱਜਾਂਗਾ ਤਾਂ ਆਪਣੇ ਦੇਸ਼ ਲਈ, ਦੇਸ਼ ਲਈ ਮੈਡਲ ਲਿਆਵਾਂ, ਜਿੱਤਾਂ। ਅਤੇ ਇਹ ਵੀ ਸੀ ਕਿ ਬਈ ਜਦੋਂ ਮੈਂ 100 ਮੀਟਰ ਦਾ ਈਵੈਂਟ ਚੁਣਿਆ ਤਾਂ ਸਾਰੇ ਮੈਨੂੰ ਕਹਿੰਦੇ ਸਨ ਕਿ ਬਈ 100 ਨਾ ਕਰੋ, 100 ਭਾਰਤੀਆਂ ਦਾ ਈਵੈਂਟ ਨਹੀਂ ਹੈ। ਭਾਰਤੀਆਂ ਦੀ ਬੌਡੀ 100 ਮੀਟਰ ਲਈ ਬਣੀ ਹੀ ਨਹੀਂ ਹੈ। ਤਾਂ ਮੈਂ ਅਤੇ ਮੇਰੇ ਪਿਤਾ ਜੀ ਹਮੇਸ਼ਾ ਬੋਲਦੇ ਸਨ ਕਿ ਹੁਣ ਗੁਰਿੰਦਰ ਅਸੀਂ ਇਹ ਚੁਣਿਆ ਹੈ, ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ। ਜੋ ਸਾਨੂੰ ਕਹਿੰਦੇ ਹਨ ਕਿ ਬਈ ਅਸੀਂ ਨਹੀਂ ਕਰ ਸਕਦੇ ਅਸੀਂ ਉਸ ਨੂੰ ਕਰ ਕੇ ਦਿਖਾਵਾਂਗੇ। ਅਤੇ ਤੂੰ ਕਰ ਕੇ ਦਿਖਾਵੇਂਗਾ, ਮੈਨੂੰ ਤੇਰੇ ਉੱਤੇ ਭਰੋਸਾ ਹੈ। ਤਾਂ ਉਹ ਭਰੋਸਾ ਜਦੋਂ ਮੈਨੂੰ ਮੇਰੇ ਪਿਤਾ ਜੀ ਨੇ ਮੇਰੇ ਉੱਤੇ ਕੀਤਾ ਤਾਂ ਮੈਂ ਉਸ ਭਰੋਸੇ ਨੂੰ ਆਪਣੀ ਹਿੰਮਤ ਬਣਾ ਕੇ ਮੈਂ ਤੁਰਿਆ ਅਤੇ ਮੈਂ ਅੱਜ ਹਰ ਭਾਰਤੀ ਨੂੰ ਕਹਿੰਦਾ ਹਾਂ ਕਿ ਬਈ ਇੰਡੀਅਨ ਸਪ੍ਰਿੰਟ ਕਰ।

ਪ੍ਰਧਾਨ ਮੰਤਰੀ: ਦੇਖੋ ਤੁਸੀਂ ਦੋਵਾਂ ਨੇ ਬਹੁਤ ਵੱਡਾ ਕਮਾਲ ਕੀਤਾ ਹੈ ਅਤੇ ਸਿਰਫ਼ ਦੋ ਦਿਨਾਂ ਦੇ ਅੰਦਰ ਤੁਸੀਂ ਦੋਵਾਂ ਨੇ ਤਿੰਨ ਵਾਰ ਨੈਸ਼ਨਲ ਰਿਕਾਰਡ ਤੋੜਿਆ ਹੈ। 100 ਮੀਟਰ ਰੇਸ ਵਿੱਚ ਦੌੜਨਾ, ਜਿਵੇਂ ਗੁਰਿੰਦਰਵੀਰ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਭਾਰਤ ਦੇ ਲੋਕਾਂ ਦਾ ਤਾਂ ਸਰੀਰ ਇਸ ਕੰਮ ਲਈ ਹੈ ਹੀ ਨਹੀਂ। ਇੰਨਾ ਮੁਸ਼ਕਿਲ ਹੁੰਦਿਆਂ ਵੀ ਤੁਸੀਂ ਕੰਮ ਕੀਤਾ ਤਾਂ ਇਹ ਦੋਵਾਂ ਤੋਂ ਮੈਂ ਜਾਣਨਾ ਚਾਹਾਂਗਾ, ਅਤੇ ‘ਮਨ ਕੀ ਬਾਤ’ ਦੇ ਸਰੋਤੇ ਵੀ ਸੁਣਨਾ ਚਾਹੁਣਗੇ ਕਿ ਕਿਹੜਾ ਜਜ਼ਬਾ ਸੀ, ਕੀ ਜ਼ਿੱਦ ਸੀ, ਕੀ ਸੋਚਿਆ ਸੀ, ਅਤੇ ਕਿਵੇਂ ਕਰ ਰਹੇ ਸੀ? ਇਹ ਕਿੰਨਾ ਮੁਸ਼ਕਿਲ ਹੁੰਦਾ ਹੈ?

ਗੁਰਿੰਦਰਵੀਰ: ਜੀ ਸਰ, ਮੈਂ ਗੁਰਿੰਦਰ, ਮੈਂ ਜਦੋਂ ਸ਼ੁਰੂਆਤ ਵਿੱਚ ਸਰ ਬਹੁਤ ਸੰਘਰਸ਼ ਸੀ, ਬਹੁਤ ਵਾਰ ਸ਼ੱਕ ਵੀ ਹੋਇਆ ਕਿ ਮੈਂ ਸਹੀ ਕਰ ਰਿਹਾ ਹਾਂ, ਮੈਂ ਸਹੀ ਚੁਣਿਆ ਕਿਉਂਕਿ ਹਰ ਵਾਰ ਤੁਸੀਂ ਨਹੀਂ ਜਿੱਤਦੇ, ਕਦੇ-ਕਦੇ ਤੁਸੀਂ ਸਿੱਖਦੇ ਹੋ। ਜਦੋਂ ਮੈਂ ਹਾਰਦਾ ਸੀ, ਜਦੋਂ ਮੇਰੀ ਸਹੀ ਪਰਫਾਰਮੈਂਸ ਨਹੀਂ ਆਉਂਦੀ ਸੀ, ਕੋਈ ਸੱਟ ਲੱਗ ਜਾਂਦੀ ਸੀ ਤਾਂ ਮੇਰੇ ਘਰਵਾਲੇ ਮੈਨੂੰ ਸਹਿਯੋਗ ਕਰਦੇ ਸਨ ਕਿ ਬਈ ਕੋਈ ਨਹੀਂ ਇੱਕ ਦਿਨ ਮਾੜਾ ਚਲਾ ਗਿਆ, ਇੱਕ ਸਾਲ ਮਾੜਾ ਚਲਾ ਗਿਆ ਤਾਂ ਇਸ ਨਾਲ ਜ਼ਿੰਦਗੀ ਖਰਾਬ ਨਹੀਂ ਹੁੰਦੀ। ਸੁਪਨੇ ਦੇਖਣੇ ਨਹੀਂ ਛੱਡੀਦੇ। ਤਾਂ ਮੇਰੇ ਕੋਚ ਨੇ ਵੀ ਮੈਨੂੰ ਇਹ ਸਿਖਾਇਆ ਕਿ ਜੇ ਤੂੰ ਨਹੀਂ ਕਰੇਂਗਾ ਤਾਂ ਕੋਈ ਹੋਰ ਨਹੀਂ ਕਰ ਸਕੇਗਾ। ਤਾਂ ਇੱਦਾਂ ਜਦੋਂ ਸਾਡਾ ਭਾਈਚਾਰਾ ਸਾਡੇ ਆਲ਼ੇ-ਦੁਆਲ਼ੇ ਲੋਕ ਸਾਨੂੰ ਉਤਸ਼ਾਹਿਤ ਕਰਦੇ ਹਨ ਤਾਂ ਸਾਡਾ ਕਦੇ ਉਹ ਹੌਸਲਾ ਨਹੀਂ ਟੁੱਟਦਾ।

ਪ੍ਰਧਾਨ ਮੰਤਰੀ: ਅਨੀਮੇਸ਼ ਜੀ…

ਅਨੀਮੇਸ਼: ਸਰ, ਮੈਨੂੰ ਤਾਂ ਸਾਰੇ ਲੋਕ ਕਹਿੰਦੇ ਸਨ ਕਿ ਜਦੋਂ ਮੈਂ 2021 ਵਿੱਚ ਅਥਲੈਟਿਕਸ  ਸ਼ੁਰੂ ਕੀਤਾ ਤਾਂ ਮੈਨੂੰ ਕਹਿੰਦੇ ਸਨ ਕਿ ਦੇਖ ਇਹ ਨਵਾਂ ਫੀਲਡ ਹੈ, ਤੂੰ ਕਰ ਸਕੇਂਗਾ ਕਿ ਨਹੀਂ, ਤਾਂ ਮੈਂ ਕਿਹਾ ਕਿ ਹੁਣ ਮੈਂ ਇਸ ਫੀਲਡ ਵਿੱਚ ਵੜਿਆ ਹਾਂ ਤਾਂ ਕਰਾਂਗਾ ਹੀ। ਮੇਰੇ ਪਾਪਾ ਵੀ ਹਮੇਸ਼ਾ ਮੈਨੂੰ ਕਹਿੰਦੇ ਸਨ ਕਿ ਤੂੰ ਇਸ ਫੀਲਡ ਵਿੱਚ ਵੜਿਆ ਹੈ ਤਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ ਕਿਉਂਕਿ ਸੋਚਦੇ ਤਾਂ ਸਾਰੇ ਹਨ ਕਿ ਇਹ ਕਰਨਾ ਹੈ, ਉਹ ਕਰਨਾ ਹੈ ਪਰ ਕਰਕੇ ਬਹੁਤ ਘੱਟ ਹੀ ਦਿਖਾਉਂਦੇ ਹਨ। ਤੂੰ ਬਸ ਇਸ ਫੀਲਡ ਵਿੱਚ ਵੜਿਆ ਹੈ ਤਾਂ ਇਸ ਉੱਤੇ ਡਟੇ ਰਹਿਣਾ, ਇਸ ਉੱਤੇ ਅੱਗੇ ਵਧਣਾ ਹੈ। ਤੈਨੂੰ ਸਾਰੀਆਂ ਸਹੂਲਤਾਂ, ਸਭ ਚੀਜ਼ਾਂ ਵਿੱਚ ਅਸੀਂ ਸਹਿਯੋਗ ਕਰਾਂਗੇ, ਪਰਿਵਾਰਕ ਸਹਿਯੋਗ, ਵਿੱਤੀ ਸਹਿਯੋਗ, ਸਭ ਚੀਜ਼ਾਂ ਅਸੀਂ ਲੋਕ ਕਰਾਂਗੇ ਬਸ ਤੂੰ ਮਿਹਨਤ ਕਰ ਅਤੇ ਇੰਡੀਆ ਨੂੰ ਦਿਖਾ ਕਿ ਭਾਰਤੀ ਵੀ ਭੱਜ ਸਕਦੇ ਹਨ ਕਿਉਂਕਿ ਇਹ ਮੈਨੂੰ ਵੀ ਲੋਕ ਕਹਿੰਦੇ ਸਨ ਕਿ ਭਾਰਤੀਆਂ ਦੇ ਜੀਨਸ ਅਜਿਹੇ ਨਹੀਂ ਹਨ ਕਿ ਉਹ ਸਬ 10 ਜਾਂ ਸਬ 10.1 ਦੇ ਅੰਦਰ ਭੱਜ ਸਕਦੇ ਹਨ ਜਾਂ ਕੋਈ ਉਹ ਸਪ੍ਰਿੰਟ ਕਰ ਸਕਦਾ ਹੈ ਪਰ ਹੁਣ ਅਸੀਂ ਦੋਵਾਂ ਨੇ ਅਜਿਹਾ ਸਾਬਤ ਕੀਤਾ ਕਿ ਭਾਰਤੀ ਵੀ ਕਰ ਸਕਦੇ ਹਨ। ਅਜਿਹਾ ਕੋਈ ਔਖਾ ਨਹੀਂ ਹੈ ਸਾਡੇ ਲਈ, ਅਸੀਂ ਵੀ ਸਭ ਕੁਝ ਕਰ ਸਕਦੇ ਹਾਂ। ਤਾਂ ਸਰ ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਪ੍ਰੇਰਿਤ ਕਰਦੀਆਂ ਹਨ ਅਤੇ ਜਿਵੇਂ-ਜਿਵੇਂ ਅਸੀਂ ਟਰੇਨਿੰਗ ਕਰ ਰਹੇ ਹਾਂ ਅਸੀਂ ਹੋਰ ਟਾਈਮਿੰਗ ਤੋੜ ਰਹੇ ਹਾਂ ਆਪਣਾ ਅਤੇ ਬਾਕੀ ਭਾਰਤੀਆਂ ਨੂੰ ਵੀ ਇਹ ਚੀਜ਼ ਦਿਖ ਰਹੀ ਹੈ ਕਿ ਭਾਰਤੀ ਵੀ ਕਰ ਸਕਦੇ ਹਨ ਅਤੇ ਅਸੀਂ ਹੋਰ ਕਰਾਂਗੇ ਸਰ ਅਜੇ ਅਤੇ ਅਜੇ ਅਸੀਂ ਦੋਵਾਂ ਦੀ ਸਿਲੈਕਸ਼ਨ ਕਾਮਨਵੈਲਥ ਗੇਮਜ਼ ਲਈ ਵੀ ਹੋਈ ਹੈ ਤਾਂ ਉੱਥੇ ਆਉਣ ਵਾਲੇ ਮੁਕਾਬਲੇ ਵਿੱਚ ਅਸੀਂ ਹੋਰ ਵਧੀਆ ਪ੍ਰਦਰਸ਼ਨ ਕਰਾਂਗੇ।

ਪ੍ਰਧਾਨ ਮੰਤਰੀ: ਅੱਛਾ ਦੇਖੋ ਮੇਰੇ ਮਨ ਵਿੱਚ ਵੀ ਇੱਕ ਉਤਸੁਕਤਾ ਹੈ। ਅਤੇ ਲੋਕਾਂ ਨੂੰ ਵੀ ਹੋਵੇਗੀ ਮੈਂ ਸੁਣਿਆ ਹੈ ਕਿ ਤੁਸੀਂ ਦੋਵੇਂ ਚੰਗੇ ਦੋਸਤ ਵੀ ਹੋ ਤੁਸੀਂ ਦੋਵਾਂ ਨੇ ਕੁਝ ਠਾਣ ਰੱਖਿਆ ਸੀ ਕੀ ਕਿ ਤੂੰ ਮੇਰਾ ਰਿਕਾਰਡ ਤੋੜਿਆ ਤਾਂ ਮੈਂ ਤੇਰਾ ਰਿਕਾਰਡ ਤੋੜ ਦੇਵਾਂ ਕੀ ਪਹਿਲਾਂ ਅਨੀਮੇਸ਼ ਦੱਸ ਦੇਵੇ।

ਅਨੀਮੇਸ਼: ਸਰ ਜੀ ਪਹਿਲਾਂ ਰਿਕਾਰਡ 10.18 ਦਾ ਸੀ ਜੋ ਕਿ ਮੇਰਾ ਹੀ ਸੀ ਅਤੇ ਫਿਰ ਉਸ ਨੂੰ ਗੁਰਿੰਦਰਵੀਰ ਨੇ ਸੈਮੀ-ਫਾਈਨਲ ਵਿੱਚ ਤੋੜ ਦਿੱਤਾ 10.17 ਕਰਕੇ ਅਤੇ ਮੈਂ ਫਿਰ ਤੋਂ ਉਸ ਨੂੰ ਸੈਮੀ-ਫਾਈਨਲ 2 ਵਿੱਚ 10.15 ਕਰਕੇ ਤੋੜ ਦਿੱਤਾ ਤਾਂ ਉਸ ਸਮੇਂ ਜਦੋਂ ਮੇਰਾ ਸੈਮੀ-ਫਾਈਨਲ ਹੋਇਆ ਤਾਂ ਅਸੀਂ ਦੋਵੇਂ ਹੀ ਖ਼ੁਸ਼ ਸੀ ਕਿ ਹਾਂ ਚਲੋ ਠੀਕ ਹੈ, ਅੱਜ ਰਿਕਾਰਡ ਟੁੱਟਿਆ ਅਤੇ ਚਲੋ ਅਸੀਂ ਦੋਵਾਂ ਨੇ ਤੋੜਿਆ ਇੱਦਾਂ, ਕਿਉਂਕਿ ਉਸ ਸਮੇਂ ਕੰਪੀਟੀਸ਼ਨ ਵਿੱਚ ਮੁਕਾਬਲੇਬਾਜ਼ੀ ਰਹਿੰਦੀ ਹੈ ਪਰ ਅਸੀਂ ਦੋਵੇਂ ਠਾਣ ਕੇ ਰੱਖੇ ਸੀ ਪਹਿਲਾਂ ਤੋਂ ਹੀ ਉਸ ਤੋਂ ਪਹਿਲਾਂ ਅਸੀਂ ਸਾਊਦੀ ਅਰਬ ਵੀ ਗਏ ਸੀ ਕੰਪੀਟੀਸ਼ਨ ਕਰਨ ਲਈ ਤਾਂ ਉੱਥੇ ਵੀ ਅਸੀਂ ਦੋਵੇਂ ਰੂਮਮੇਟਸ ਸੀ ਤਾਂ ਅਸੀਂ ਦੋਵੇਂ ਉੱਥੇ ਵੀ ਗੱਲ ਕਰਦੇ ਸੀ ਕਿ ਇੰਡੀਆ ਦੇ ਸਪ੍ਰਿੰਟਿੰਗ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਸਾਡੇ ਹੀ ਹੱਥਾਂ ਵਿੱਚ ਹੈ ਉਹ ਚੀਜ਼ ਅਸੀਂ ਜੋ ਕਰਾਂਗੇ ਉਹੀ ਬਾਕੀਆਂ ਨੂੰ ਪ੍ਰੇਰਿਤ ਕਰੇਗਾ।

ਪ੍ਰਧਾਨ ਮੰਤਰੀ: ਗੁਰਿੰਦਰਵੀਰ ਕੀ ਕਹਿਣਾ ਚਾਹੋਗੇ?

ਗੁਰਿੰਦਰਵੀਰ: ਅਸੀਂ ਦੋਵਾਂ ਨੇ ਫੈਸਲਾ ਕੀਤਾ ਸੀ ਅਸੀਂ ਦੋਵੇਂ ਚੰਗਾ ਭੱਜਾਂਗੇ। ਤਾਂ ਕਦੇ ਵੀ ਸਰ ਇੱਕ-ਦੂਜੇ ਨੂੰ ਲੋੜ ਹੁੰਦੀ ਹੈ ਤਾਂ ਇੱਕ-ਦੂਜੇ ਦੇ ਨਾਲ ਖੜ੍ਹੇ ਹੁੰਦੇ ਹਾਂ ਜਿਵੇਂ ਹੁਣ ਰਿਕਾਰਡ ਕਰਨ ਤੋਂ ਪਹਿਲਾਂ ਜਦੋਂ ਮੈਂ ਰਿਕਾਰਡ ਕੀਤਾ ਫਿਰ ਅਨੀਮੇਸ਼ ਨੇ ਕੀਤਾ। ਤਾਂ ਜਦੋਂ ਅਸੀਂ ਵਾਰਮ-ਅੱਪ ਕਰ ਰਹੇ ਸੀ ਤਾਂ ਮੈਂ ਅਨੀਮੇਸ਼ ਨੂੰ ਦੱਸ ਰਿਹਾ ਸੀ, ਅਨੀਮੇਸ਼ ਉਹ ਬਲਾਕ ਸਹੀ ਹੈ ਉਸ ਉੱਤੇ ਜਾ ਕੇ ਬੈਠ ਉੱਥੇ ਸਟ੍ਰਾਈਡ ਕਰ ਲੈ ਅਸੀਂ ਵਾਰਮ-ਅੱਪ ਇੱਥੇ ਕਰਾਂਗੇ, ਇੱਥੇ ਵਾਰਮ-ਅੱਪ ਸਹੀ ਹੋਵੇਗਾ ਤਾਂ ਇੱਕ-ਦੂਜੇ ਦੀ ਮਦਦ ਕਰਦੇ ਹਾਂ, ਇੱਕ-ਦੂਜੇ ਦੀ ਮਦਦ ਕਰਦੇ ਹਾਂ ਤਾਂ ਦੂਜਾ ਵੀ ਇੰਪਰੂਵ ਕਰਦਾ ਹੈ, ਅਸੀਂ ਵੀ ਇੰਪਰੂਵ ਕਰਦੇ ਹਾਂ। ਤਾਂ ਦੋਸਤੀ ਵੀ ਚਾਹੀਦੀ ਹੈ ਪਰ ਸਰ ਅਸੀਂ ਗਰਾਊਂਡ ਦੇ ਬਾਹਰ ਹਾਂ, ਕੰਪੀਟੀਸ਼ਨ ਦੇ ਬਾਹਰ ਹਾਂ ਤਾਂ ਅਸੀਂ ਦੋਸਤ ਹਾਂ, ਜਦੋਂ ਅਸੀਂ ਗਰਾਊਂਡ ਵਿੱਚ ਚਲੇ ਜਾਂਦੇ ਹਾਂ ਤਾਂ ਇੱਕ-ਦੂਜੇ ਦੇ ਮੁਕਾਬਲੇਬਾਜ਼ ਹੋ ਜਾਂਦੇ ਹਾਂ। ਤਾਂ ਇਹ ਹੁੰਦਾ ਹੈ ਕਿ ਮੈਂ ਇਸ ਤੋਂ ਤੇਜ਼ ਭੱਜਾਂਗਾ, ਮੈਂ ਇਸ ਤੋਂ ਤੇਜ਼ ਭੱਜਾਂਗਾ।

ਪ੍ਰਧਾਨ ਮੰਤਰੀ: ਦੇਖੋ ਤੁਸੀਂ ਲੋਕਾਂ ਨੇ ਜੋ ਮੁਕਾਬਲਾ ਕੀਤਾ ਹੈ ਨਾ ਉਹ ਦੇਸ਼ ਦਾ ਮਾਣ ਵਧਾਉਣ ਲਈ ਕੀਤਾ ਹੈ, ਦੇਸ਼ ਨੂੰ ਭਵਿੱਖ ਵਿੱਚ ਇਸ ਜਗ੍ਹਾ ਉੱਤੇ ਪਹੁੰਚਾਉਣ ਲਈ ਕੀਤਾ ਹੈ ਅਤੇ ਸਕਾਰਾਤਮਕ ਭਾਵਨਾ ਨਾਲ ਕੀਤਾ ਹੈ ਅਤੇ ਮੈਂ ਮੰਨਦਾ ਹਾਂ ਕਿ ਤੁਹਾਡਾ ਇਹ ਜੋ ਸਪੋਰਟਸਮੈਨ ਸਪਿਰਿਟ ਹੈ, ਖੇਡਣਾ ਵੀ ਹੈ, ਇੱਕ-ਦੂਜੇ ਨੂੰ ਚੁਣੌਤੀ ਵੀ ਦੇਣਾ ਹੈ ਅਤੇ ਫਿਰ ਅੱਗੇ ਨਿਕਲਣ ਲਈ ਯਤਨ ਕਰਨਾ ਹੈ ਅਤੇ ਫਿਰ ਅੱਗੇ ਜਾਣ ਲਈ ਇੱਕ-ਦੂਜੇ ਦੀ ਮਦਦ ਕਰਨਾ ਹੈ ਇਹ ਅਦਭੁਤ ਕੰਮ ਕੀਤਾ ਹੈ ਤੁਸੀਂ ਲੋਕਾਂ ਨੇ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈ, ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਤੁਸੀਂ ਦੇਸ਼ ਦਾ ਨਾਮ ਵੀ ਰੋਸ਼ਨ ਕਰੋਗੇ ਮੈਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਇੱਦਾਂ ਹੀ ਮਿਹਨਤ ਕਰਦੇ ਰਹੋ ਬਹੁਤ ਤਰੱਕੀ ਹੋਵੇਗੀ, ਬਹੁਤ-ਬਹੁਤ ਸ਼ੁਭਕਾਮਨਾਵਾਂ ਮੇਰੀਆਂ।

ਗੁਰਿੰਦਰਵੀਰ/ਅਨੀਮੇਸ਼: ਸ਼ੁਕਰੀਆ ਸਰ, ਸ਼ੁਕਰੀਆ ਤੁਹਾਡਾ।

ਪ੍ਰਧਾਨ ਮੰਤਰੀ: ਬਹੁਤ-ਬਹੁਤ ਧੰਨਵਾਦ।

#####

ਮੇਰੇ ਪਿਆਰੇ ਦੇਸ਼-ਵਾਸੀਓ,

ਇਸ ਵੇਲੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਹੁਤ ਗਰਮੀ ਪੈ ਰਹੀ ਹੈ। ਤੇਜ਼ ਧੁੱਪ, ਗਰਮ ਹਵਾਵਾਂ, ਅਜਿਹੇ ਮੌਸਮ ਵਿੱਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਪੀਂਦੇ ਰਹੋ। ਧੁੱਪ ਵਿੱਚ ਜੇ ਨਿਕਲਣਾ ਹੀ ਪਵੇ ਤਾਂ ਥੋੜ੍ਹਾ ਸੰਭਲ ਕੇ ਨਿਕਲੋ। ਇਸ ਦਿਸ਼ਾ ਵਿੱਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੇ ਜੋ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਉਹ ਵੀ ਨਾ ਭੁੱਲਿਓ।

ਸਾਥੀਓ,

ਸਾਡੇ ਇੱਥੇ ਗਰਮੀ ਨਾਲ ਲੜਨ ਦਾ ਤਰੀਕਾ ਕਈ ਵਾਰ ਰਸੋਈ ਵਿੱਚ ਵੀ ਮਿਲਦਾ ਹੈ। ਤੁਸੀਂ ਵੀ ਦੇਖਿਆ ਹੋਵੇਗਾ ਜਿਵੇਂ-ਜਿਵੇਂ ਗਰਮੀ ਵਧਦੀ ਹੈ, ਉਵੇਂ-ਉਵੇਂ ਘਰ ਦੀ ਰਸੋਈ ਦਾ ਸਵਾਦ ਬਦਲ ਜਾਂਦਾ ਹੈ, ਰਸੋਈ ਦੀ ਕਿਸਮ ਬਦਲ ਜਾਂਦੀ ਹੈ। ਕਿਤੇ ਘੜੇ ਦਾ ਪਾਣੀ ਨਿਕਲ ਆਉਂਦਾ ਹੈ, ਕਿਤੇ ਦਹੀਂ ਜੰਮਣ ਲੱਗਦਾ ਹੈ, ਤਾਂ ਕਿਤੇ ਕੱਚੇ ਅੰਬ ਉੱਬਲਣ ਲੱਗਦੇ ਹਨ – ਅਤੇ ਫਿਰ ਸ਼ੁਰੂ ਹੁੰਦਾ ਹੈ ਦੇਸੀ ਪੀਣ ਵਾਲੇ ਪਦਾਰਥਾਂ ਦਾ ਦੌਰ। ਦੇਸੀ ਸ਼ਰਬਤਾਂ ਤੋਂ ਤੁਸੀਂ ਵੀ ਜਾਣੂ ਹੋ, ਜੇ ਤੁਸੀਂ ਉੱਤਰ ਭਾਰਤ ਵਿੱਚ ਜਾਓਗੇ ਤਾਂ ਕਾਫੀ ਜਗ੍ਹਾ ਤੁਹਾਨੂੰ ਮਿਲੇਗਾ ਆਮ ਪੰਨਾ, ਕੱਚੇ ਅੰਬ ਦਾ ਸਵਾਦ ਅਤੇ ਗਰਮੀ ਤੋਂ ਰਾਹਤ ਵੀ। ਪੰਜਾਬ-ਹਰਿਆਣਾ ਜਾਓ ਤਾਂ ਲੱਸੀ ਮਿਲ ਜਾਵੇਗੀ, ਵੱਡੇ ਗਲਾਸ ਵਾਲੀ ਲੱਸੀ। ਰਾਜਸਥਾਨ ਅਤੇ ਗੁਜਰਾਤ ਵਿੱਚ ਛਾਛ, ਜਿਵੇਂ ਹਰ ਖਾਣੇ ਦੀ ਸਾਥੀ ਬਣ ਜਾਂਦੀ ਹੈ। ਅਤੇ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੱਤੂ ਦਾ ਸ਼ਰਬਤ, ਉਸ ਦੀ ਤਾਂ ਗੱਲ ਹੀ ਕੀ ਹੈ – ਪੇਟ ਵੀ ਭਰੇ, ਤਾਕਤ ਵੀ ਦੇਵੇ। ਕੋਂਕਣ ਅਤੇ ਗੋਆ ਵਿੱਚ ਕੋਕਮ ਸ਼ਰਬਤ, ਸੋਲ ਕੜ੍ਹੀ। ਦੱਖਣ ਭਾਰਤ ਵਿੱਚ ਪਾਨਕਮ, ਨੀਰ ਮੋਰ, ਸੰਬਾਰਮ ਅਤੇ ਉੜੀਸਾ ਵਿੱਚ ਬੇਲ ਪਨਾ, ਉਹ ਸਿਰਫ਼ ਸ਼ਰਬਤ ਨਹੀਂ, ਭਾਰਤ ਦੇ ਵੱਖ-ਵੱਖ ਖੇਤਰਾਂ ਦੀ ਪਰੰਪਰਾ ਦਾ ਹਿੱਸਾ ਹੈ। ਅਤੇ ਇਸ ਵਿੱਚ ‘ਏਕ ਭਾਰਤ-ਸ੍ਰੇਸ਼ਠ ਭਾਰਤ’ ਦੀ ਭਾਵਨਾ ਦੀ ਝਲਕ ਵੀ ਮਿਲਦੀ ਹੈ। ਅਤੇ ਇੱਕ ਗੱਲ ਜ਼ਰੂਰ ਧਿਆਨ ਰੱਖਿਓ, ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਸਾਡੀ ਆਪਣੀ ਰਸੋਈ ਵਿੱਚੋਂ ਨਿਕਲੀਆਂ ਹਨ, ਸਾਡੇ ਖੇਤ-ਖਲਿਆਣ ਵਿੱਚੋਂ ਨਿਕਲੀਆਂ ਹਨ। ਕੋਈ ਵੱਡੀ ਬ੍ਰਾਂਡਿੰਗ ਨਹੀਂ ਹੈ। ਪਰ ਪੀੜ੍ਹੀਆਂ ਦਾ ਤਜਰਬਾ ਉਨ੍ਹਾਂ ਵਿੱਚ ਸਮਾਇਆ ਹੋਇਆ ਹੈ। ਤੁਸੀਂ ਵੀ ਗਰਮੀ ਦੌਰਾਨ ਦੇਸੀ ਸ਼ਰਬਤਾਂ ਦਾ ਖੂਬ ਆਨੰਦ ਲਓ।

ਸਾਥੀਓ,

ਗਰਮੀ ਆਉਂਦਿਆਂ ਹੀ ਇੱਕ ਹੋਰ ਚਰਚਾ ਹਰ ਘਰ ਵਿੱਚ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਹੈ ਅੰਬ। ਅੰਬ, ਆਮ ਚਰਚਾ ਦਾ ਵਿਸ਼ਾ ਹੁੰਦਾ ਹੈ, ਭਾਰਤ ਵਿੱਚ ਸ਼ਾਇਦ ਹੀ ਕੋਈ ਘਰ ਹੋਵੇਗਾ ਜਿੱਥੇ ਗਰਮੀਆਂ ਵਿੱਚ ਅੰਬ ਦੀ ਗੱਲ ਨਾ ਹੁੰਦੀ ਹੋਵੇ। ਹਰ ਇਲਾਕੇ ਦਾ ਆਪਣਾ ਅੰਬ, ਆਪਣਾ ਸਵਾਦ, ਆਪਣੀ ਖ਼ੁਸ਼ਬੂ। ਮਹਾਰਾਸ਼ਟਰ ਅਤੇ ਕੋਂਕਣ ਦਾ ਹਾਪੁਸ, ਅਲਫੌਂਸੋ, ਗੁਜਰਾਤ ਦਾ ਕੇਸਰ, ਇਹ ਤਾਂ ਆਮਰਸ ਦੀ ਜਾਨ ਹੈ, ਉੱਤਰ ਪ੍ਰਦੇਸ਼ ਦਾ ਦਸ਼ਹਿਰੀ ਅਤੇ ਮੇਰੀ ਕਾਸ਼ੀ ਦਾ ਲੰਗੜਾ। ਵੈਸੇ, ਲੰਗੜੇ ਅੰਬ ਦੀ ਇੱਕ ਖ਼ਾਸ ਗੱਲ ਹੁੰਦੀ ਹੈ – ਪੱਕਣ ਤੋਂ ਬਾਅਦ ਵੀ ਉਸਦਾ ਰੰਗ ਕਈ ਵਾਰ ਹਰਾ ਹੀ ਰਹਿੰਦਾ ਹੈ। ਬਿਹਾਰ ਦਾ ਜਰਦਾਲੂ ਜਿਸਦੀ ਖ਼ੁਸ਼ਬੂ ਦੂਰੋਂ ਪਛਾਣ ਵਿੱਚ ਆ ਜਾਵੇ। ਚੌਸਾ, ਮਾਲਦਾ – ਹਰ ਨਾਮ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਦੱਖਣ ਭਾਰਤ ਜਾਓ, ਤਾਂ ਬੰਗਨਪੱਲੀ, ਤੋਤਾਪੁਰੀ, ਨੀਲਮ, ਮਲਗੋਵਾ, ਬੰਗਾਲ ਦਾ ਹਿਮਸਾਗਰ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦਾ ਸੁਵਰਨਰੇਖਾ। ਭਾਵ, ਜਗ੍ਹਾ ਬਦਲਦੀ ਹੈ, ਅੰਬ ਦਾ ਰੂਪ-ਰੰਗ ਅਤੇ ਉਸਦਾ ਸਵਾਦ ਵੀ ਬਦਲ ਜਾਂਦਾ ਹੈ। ਅਤੇ ਸਾਥੀਓ ਅੰਬ ਦੀ ਇਹ ਯਾਤਰਾ, ਹੁਣ ਪਿੰਡ ਤੋਂ, ਆਲਮੀ ਬਾਜ਼ਾਰ ਤੱਕ ਵੀ ਪਹੁੰਚ ਰਹੀ ਹੈ। ਅੱਜ ‘ਮਨ ਕੀ ਬਾਤ’ ਰਾਹੀਂ ਮੈਂ ਅੰਬ ਦੀ ਪੈਦਾਵਾਰ ਨਾਲ ਜੁੜੇ ਆਪਣੇ ਕਿਸਾਨ ਭੈਣ-ਭਰਾਵਾਂ ਦੀ ਸ਼ਲਾਘਾ ਕਰਾਂਗਾ। ਤੁਸੀਂ ਦੇਸ਼ ਦੀ ਖੇਤੀ ਅਰਥ-ਵਿਵਸਥਾ ਲਈ ਆਮ ਕਿਸਾਨ ਨਹੀਂ ਬਹੁਤ ਵਿਸ਼ੇਸ਼ ਹੋ। ਇੱਦਾਂ ਹੀ ਛਾਏ ਰਹੋ।

ਸਾਥੀਓ,

ਗਰਮੀ ਦੇ ਇਨ੍ਹਾਂ ਦਿਨਾਂ ਵਿੱਚ, ਇੱਦਾਂ ਤਾਂ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਹਨ, ਪਰ, ਮੈਂ ਇੱਕ ਅਜਿਹੀ ਕਲਾਸ ਦੀ ਗੱਲ ਕਰਾਂਗਾ, ਜਿਸ ਵਿੱਚ ਤੁਹਾਡਾ ਦਾਖ਼ਲਾ ਕਰਵਾਉਣ ਦਾ ਮਨ ਕਰ ਜਾਵੇਗਾ। ਸਾਥੀਓ, ਇੱਕ ਸਥਿਤੀ ਦੀ ਕਲਪਨਾ ਕਰੋ, ਇੱਕ ਅਜਿਹਾ ਸਕੂਲ ਜਿੱਥੇ ਬੱਚੇ ਵੀ ਆਉਂਦੇ ਹੋਣ, ਨੌਜਵਾਨ ਵੀ ਅਤੇ ਬਜ਼ੁਰਗ ਵੀ, ਜਿੱਥੇ ਕੋਈ ਫੀਸ ਨਾ ਹੋਵੇ, ਕੋਈ ਵੱਡੀ ਇਮਾਰਤ ਨਾ ਹੋਵੇ, ਕੋਈ ਕਲਾਸਰੂਮ ਵੀ ਨਾ ਹੋਵੇ ਅਤੇ ਸਭ ਤੋਂ ਰੋਚਕ ਗੱਲ, ਉੱਥੇ ਕਲਾਸ ਨਦੀ ਵਿੱਚ ਲੱਗਦੀ ਹੋਵੇ।

ਸਾਥੀਓ,

ਇਹ ਕੋਈ ਕਹਾਣੀ ਨਹੀਂ ਹੈ। ਇਹ ਇੱਕ ਸੱਚਾ ਯਤਨ ਹੈ। ਕੇਰਲਮ ਦੇ ਆਲੁਵਾ ਵਿੱਚ, ਸਾਜੀ ਵਲਾਸ਼ੇਰਿਲ ਜੀ ਅਜਿਹਾ ਹੀ ਇੱਕ ਸਵਿਮਿੰਗ ਕਲੱਬ ਚਲਾ ਰਹੇ ਹਨ। ਹੁਣ ਤੱਕ 15 ਹਜ਼ਾਰ ਤੋਂ ਵੱਧ ਲੋਕ ਇੱਥੇ ਤੈਰਨਾ ਸਿੱਖ ਚੁੱਕੇ ਹਨ। ਸਾਜੀ ਜੀ ਨੇ ਦਿਵਯਾਂਗ ਬੱਚਿਆਂ ਨੂੰ ਵੀ ਤੈਰਾਕੀ ਸਿਖਾਈ ਹੈ। ਇਸ ਕੋਸ਼ਿਸ਼ ਦੇ ਪਿੱਛੇ, ਇੱਕ ਪੀੜ ਵੀ ਲੁਕੀ ਹੈ। ਕੁਝ ਸਾਲ ਪਹਿਲਾਂ, ਇੱਕ ਕਿਸ਼ਤੀ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਉਸ ਘਟਨਾ ਨੇ ਸਾਜੀ ਜੀ ਨੂੰ ਅੰਦਰ ਤੱਕ ਝੰਜੋੜ ਦਿੱਤਾ। ਉਨ੍ਹਾਂ ਨੇ ਸੋਚਿਆ, ਜੇ ਬੱਚਿਆਂ ਨੂੰ ਤੈਰਨਾ ਆਉਂਦਾ ਹੁੰਦਾ, ਤਾਂ ਸ਼ਾਇਦ ਕਈ ਜਾਨਾਂ ਬਚ ਜਾਂਦੀਆਂ – ਬਸ ਇੱਥੋਂ ਹੀ ਸ਼ੁਰੂ ਹੋਈ ਉਨ੍ਹਾਂ ਦੀ ਇਹ ਮੁਹਿੰਮ।

ਸਾਥੀਓ,

ਸਾਜੀ ਵਲਾਸ਼ੇਰਿਲ ਜੀ ਦਾ ਜੀਵਨ, ਸਾਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੰਦਾ ਹੈ। ਸੇਵਾ ਕਰਨ ਲਈ ਬਹੁਤ ਵੱਡੇ ਸਾਧਨ ਜ਼ਰੂਰੀ ਨਹੀਂ ਹੁੰਦੇ – ਜ਼ਰੂਰੀ ਹੁੰਦਾ ਹੈ, ਇੱਕ ਚੰਗਾ ਇਰਾਦਾ ਅਤੇ ਲਗਾਤਾਰ ਕੀਤੀ ਗਈ ਕੋਸ਼ਿਸ਼। ਇਨ੍ਹਾਂ ਦੇ ਦਮ ਉੱਤੇ, ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ।

ਮੇਰੇ ਪਿਆਰੇ ਦੇਸ਼-ਵਾਸੀਓ,

ਪਿਛਲੇ ਦਿਨੀਂ ਮੈਨੂੰ ਯੂਰਪ ਦੇ ਨੀਦਰਲੈਂਡਜ਼ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਕਈ ਮੀਟਿੰਗਾਂ ਵਿੱਚ ਸ਼ਾਮਲ ਹੋਇਆ। ਇਸੇ ਦੌਰਾਨ ਇੱਕ ਅਜਿਹਾ ਪਲ ਆਇਆ ਜਿਸ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਨੀਦਰਲੈਂਡਜ਼ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਚੋਲ ਕਾਲ ਦੀਆਂ ਪ੍ਰਾਚੀਨ ਤਾਂਬੇ ਦੀਆਂ ਪਲੇਟਾਂ (ਤਾਮਰ ਪੱਤਰੀਆਂ) ਭਾਰਤ ਨੂੰ ਵਾਪਸ ਸੌਂਪੀਆਂ ਗਈਆਂ। ਉਸ ਪ੍ਰੋਗਰਾਮ ਵਿੱਚ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ। ਇਨ੍ਹਾਂ ਤਾਂਬੇ ਦੀਆਂ ਪਲੇਟਾਂ ਨੂੰ ਲੈ ਕੇ ਮੈਨੂੰ ਦੇਸ਼-ਵਿਦੇਸ਼ ਤੋਂ ਲਗਾਤਾਰ ਸੰਦੇਸ਼ ਮਿਲ ਰਹੇ ਹਨ। ਲੋਕ ਖ਼ੁਸ਼ੀ ਜਤਾ ਰਹੇ ਹਨ, ਮਾਣ ਪ੍ਰਗਟ ਕਰ ਰਹੇ ਹਨ। ਦੁਨੀਆ ਭਰ ਦੇ ਤਾਮਿਲ ਭਾਈਚਾਰੇ ਵਿੱਚ ਵੀ ਇਸ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਹੈ।

ਸਾਥੀਓ,

ਇਨ੍ਹਾਂ ਤਾਂਬੇ ਦੀਆਂ ਪਲੇਟਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸੁਕਤਾ ਵੀ ਹੈ। ਇਸ ਲਈ ਅੱਜ ਮੈਂ ਇਸ ਨਾਲ ਜੁੜੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਇਨ੍ਹਾਂ ਵਿੱਚ 21 ਵੱਡੀਆਂ ਅਤੇ ਤਿੰਨ ਛੋਟੀਆਂ ਤਾਂਬੇ ਦੀਆਂ ਪਲੇਟਾਂ ਹਨ। ਇਹ ਮੁੱਖ ਤੌਰ ਉੱਤੇ ਰਾਜਾ ਰਾਜੇਂਦਰ ਚੋਲ-ਪਹਿਲੇ ਵੱਲੋਂ ਆਪਣੇ ਪਿਤਾ ਰਾਜਾ ਰਾਜਰਾਜਾ ਚੋਲ ਦੇ ਇੱਕ ਵਚਨ ਨੂੰ ਪੂਰਾ ਕਰਨ ਨਾਲ ਜੁੜੀਆਂ ਹਨ। ਇਨ੍ਹਾਂ ਵਿੱਚ ਆਨਇਮੰਗਲਮ ਪਿੰਡ ਨੂੰ ਇੱਕ ਬੋਧੀ ਵਿਹਾਰ ਨੂੰ ਦਾਨ ਦੇਣ ਦਾ ਜ਼ਿਕਰ ਹੈ। ਇਨ੍ਹਾਂ ਤਾਂਬੇ ਦੀਆਂ ਪਲੇਟਾਂ ਵਿੱਚ ਚੋਲ ਵੰਸ਼ ਦੀਆਂ ਪ੍ਰਾਪਤੀਆਂ ਦਾ ਵੀ ਵਰਣਨ ਮਿਲਦਾ ਹੈ। ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਚੋਲ ਸਾਮਰਾਜ ਦੀ ਸਮੁੰਦਰੀ ਤਾਕਤ ਕਿੰਨੀ ਮਜ਼ਬੂਤ ਸੀ। ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਣਕਾਰੀ ਵੀ ਇਨ੍ਹਾਂ ਵਿੱਚ ਮਿਲਦੀ ਹੈ।

ਚੋਲ ਸਾਮਰਾਜ ਦੇ ਅਮੀਰ ਇਤਿਹਾਸ ਅਤੇ ਸੱਭਿਆਚਾਰ ਉੱਤੇ ਸਾਡੇ ਸਾਰਿਆਂ ਨੂੰ ਬਹੁਤ ਮਾਣ ਹੈ। ਸਾਥੀਓ, ਸਾਡੀ ਸਰਕਾਰ ਭਾਰਤ ਦੀਆਂ ਅਜਿਹੀਆਂ ਅਨਮੋਲ ਵਿਰਾਸਤਾਂ ਦੀ ਸੰਭਾਲ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸੇ ਲੜੀ ਵਿੱਚ ‘ਗਿਆਨ ਭਾਰਤਮ ਅਭਿਆਨ’ ਤਹਿਤ ਛੱਤੀਸਗੜ੍ਹ ਦੇ ਮਲਹਾਰ ਵਿੱਚ ਵੀ ਇੱਕ ਅਹਿਮ ਖੋਜ ਹੋਈ ਹੈ। ਇੱਥੇ ਤਿੰਨ ਦੁਰਲੱਭ ਤਾਂਬੇ ਦੀਆਂ ਪਲੇਟਾਂ ਮਿਲੀਆਂ ਹਨ। ਇਹ ਪਾਂਡੂਵੰਸ਼ੀ ਰਾਜਵੰਸ਼ ਦੇ ਮਹਾਰਿਸ਼ੀ ਬਾਲਾਰਜੁਨ ਦੇ ਸ਼ਾਸਨਕਾਲ ਨਾਲ ਜੁੜੀਆਂ ਮੰਨੀਆਂ ਜਾ ਰਹੀਆਂ ਹਨ। ਮਾਹਿਰ ਮੰਨਦੇ ਹਨ ਕਿ ਇਹ ਸ਼ਿਲਾਲੇਖ ਛੇਵੀਂ-ਸੱਤਵੀਂ ਸਦੀ ਦੇ ਹਨ ਭਾਵ 1400, 1500 ਸਾਲ ਪੁਰਾਣੀਆਂ ਇਹ ਤਾਂਬੇ ਦੀਆਂ ਪਲੇਟਾਂ ਪ੍ਰਾਚੀਨ ਬ੍ਰਾਹਮੀ ਲਿਪੀ ਅਤੇ ਪਾਲੀ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ। ਇਨ੍ਹਾਂ ਤੋਂ ਉਸ ਸਮੇਂ ਦੀ ਸ਼ਾਸਨ-ਵਿਵਸਥਾ, ਧਰਮ ਅਤੇ ਸੱਭਿਆਚਾਰ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ।

ਸਾਥੀਓ,

ਸਾਡੇ ਭਾਰਤੀਆਂ ਵਿੱਚ ਖਗੋਲ ਵਿਗਿਆਨ ਯਾਨੀ ਐਸਟ੍ਰੋਨੌਮੀ ਨੂੰ ਲੈ ਕੇ ਹਮੇਸ਼ਾ ਵਿਸ਼ੇਸ਼ ਖਿੱਚ ਰਹੀ ਹੈ। ਸਾਡੇ ਦੇਸ਼ ਵਿੱਚ ਅੱਜ ਵੀ ਸਦੀਆਂ ਪੁਰਾਣੀਆਂ ਆਬਜ਼ਰਵੇਟਰੀਆਂ ਮੌਜੂਦ ਹਨ। ਇੱਥੇ ਸ਼ਾਨਦਾਰ ਗਣਿਤਿਕ ਖੋਜਾਂ ਹੋਈਆਂ ਹਨ। ਦਿਸ਼ਾ-ਨਿਰਦੇਸ਼ਨ ਹੋਵੇ, ਪੰਚਾਂਗ ਹੋਵੇ, ਜਾਂ ਸਾਡੇ ਪੁਰਬ-ਤਿਉਹਾਰ, ਇਨ੍ਹਾਂ ਸਭ ਦਾ ਸਬੰਧ ਅਕਾਸ਼ ਅਤੇ ਤਾਰਿਆਂ ਨਾਲ ਰਿਹਾ ਹੈ। ਸਾਡੇ ਇੱਥੇ ਐਸਟ੍ਰੋਨੌਮੀ ਨੇ ਹਰ ਪੀੜ੍ਹੀ ਵਿੱਚ ਉਤਸੁਕਤਾ ਜਗਾਈ ਹੈ। ਉਸ ਨੂੰ ਖੋਜ ਲਈ ਪ੍ਰੇਰਿਤ ਕੀਤਾ ਹੈ ਅਤੇ ਅੱਜ ਦੇ ਨੌਜਵਾਨਾਂ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦਿੰਦਾ ਹੈ। ਅੱਜ-ਕੱਲ੍ਹ ਤੁਸੀਂ ਵੀ ਦੇਖਦੇ ਹੋਵੋਗੇ, ਦੇਸ਼ ਭਰ ਵਿੱਚ ਐਸਟ੍ਰੋਨੌਮੀ ਕਲੱਬਸ ਤੇਜ਼ੀ ਨਾਲ ਮਸ਼ਹੂਰ ਹੋ ਰਹੇ ਹਨ। ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਸਕੂਲਾਂ ਤੋਂ ਲੈ ਕੇ ਪਾਰਕਾਂ ਤੱਕ ਇਨ੍ਹਾਂ ਦੀਆਂ ਗਤੀਵਿਧੀਆਂ ਦਿਖਾਈ ਦਿੰਦੀਆਂ ਹਨ। ਮੈਨੂੰ ਬੈਂਗਲੁਰੂ ਐਸਟ੍ਰੋਨੌਮੀਕਲ ਸੁਸਾਇਟੀ ਬਾਰੇ ਜਾਣਕਾਰੀ ਮਿਲੀ। ਇੱਥੇ ਨਿਰੀਖਣ ਸੈਸ਼ਨ ਕਰਵਾਏ ਜਾਂਦੇ ਹਨ। ਇਸ ਸੰਸਥਾ ਨੇ ਪੇਂਡੂ ਖੇਤਰਾਂ ਵਿੱਚ ਐਸਟ੍ਰੋਨੌਮੀ ਨੂੰ ਮਸ਼ਹੂਰ ਕਰਨ ਦਾ ਮਿਸ਼ਨ ਵੀ ਸ਼ੁਰੂ ਕੀਤਾ ਹੈ। ‘ਖਗੋਲ ਮੰਡਲ’ ਨਾਮ ਦੀ ਇੱਕ ਟੀਮ ਨੇ 30 ਘੰਟੇ ਦਾ ਇੱਕ ਬਹੁਤ ਹੀ ਨਵੀਨਤਾਕਾਰੀ ਕੋਰਸ ਸ਼ੁਰੂ ਕੀਤਾ ਹੈ।

ਸਾਥੀਓ,

ਰਾਤ ਨੂੰ ਤਾਰਿਆਂ ਨੂੰ ਨਿਹਾਰਨਾ ਆਪਣੇ ਆਪ ਵਿੱਚ ਸ਼ਾਨਦਾਰ ਅਨੁਭਵ ਹੁੰਦਾ ਹੈ। ਐਸਟ੍ਰੋ ਕੇਰਲਾ ਨਾਮ ਦੀ ਇੱਕ ਸੰਸਥਾ ਨਾਈਟ ਆਬਜ਼ਰਵੇਸ਼ਨ ਕੈਂਪਸ ਅਤੇ ਵਰਕਸ਼ਾਪਸ ਲਾਉਂਦੀ ਹੈ। ਇੱਥੇ ਨੌਜਵਾਨ ਸਾਥੀ ਟੈਲੀਸਕੋਪ ਬਣਾਉਣਾ ਅਤੇ ਸਟਾਰ ਮੈਪਸ ਦੀ ਵਰਤੋਂ ਕਰਨਾ ਸਿੱਖਦੇ ਹਨ। ਰਾਜਕੋਟ ਦੇ ਬਿੱਗ ਬੈਂਗ ਐਸਟ੍ਰੋਨੌਮੀ ਕਲੱਬ ਨੇ ਗਿਰ ਦੇ ਜੰਗਲਾਂ ਤੋਂ ਲੈ ਕੇ ਕੱਛ ਦੇ ਰਣ ਤੱਕ ਕਈ ਐਸਟ੍ਰੋਨੌਮੀ ਈਵੈਂਟਸ ਕਰਵਾਏ ਹਨ। ‘ਜੋਤਿਰਵਿਦਿਆ ਪਰਿਸੰਸਥਾ’ ਵੀ ਐਸਟ੍ਰੋਨੌਮੀ ਦੇ ਸਭ ਤੋਂ ਪੁਰਾਣੇ ਸੰਸਥਾਨਾਂ ਵਿੱਚੋਂ ਇੱਕ ਹੈ। ਇੱਥੇ ਆਬਜ਼ਰਵੇਸ਼ਨਲ ਫੈਸਿਲਿਟੀਜ਼ ਦੇ ਨਾਲ-ਨਾਲ ਕਿਤਾਬਾਂ, ਲਾਇਬ੍ਰੇਰੀ ਅਤੇ ਟੈਲੀਸਕੋਪ ਲਾਇਬ੍ਰੇਰੀ ਦੀ ਸਹੂਲਤ ਵੀ ਹੈ। ਮੈਂ ਆਈਸੈਕ ਦਾ ਵੀ ਜ਼ਿਕਰ ਕਰਨਾ ਚਾਹਾਂਗਾ। ਇਹ ਇੱਕ ਵਿਦਿਆਰਥੀਆਂ ਦੀ ਅਗਵਾਈ ਵਾਲਾ ਰਾਸ਼ਟਰ-ਵਿਆਪੀ ਨੈੱਟਵਰਕ ਹੈ, ਜੋ ਐਸਟ੍ਰੋਨੌਮੀ ਅਤੇ ਐਸਟ੍ਰੋਫਿਜ਼ਿਕਸ ਕਲੱਬਸ ਨੂੰ ਆਪਸ ਵਿੱਚ ਜੋੜਦਾ ਹੈ।

ਸਾਥੀਓ,

ਆਪਣੇ ਸ਼ੌਕ ਲਈ ਸਮਾਂ ਕੱਢਣਾ ਅਤੇ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਕਿਸੇ ਐਸਟ੍ਰੋਨੌਮੀ ਕਲੱਬ ਨਾਲ ਜ਼ਰੂਰ ਜੁੜਨ ਅਤੇ ਇਨ੍ਹਾਂ ਛੁੱਟੀਆਂ ਵਿੱਚ ਕਿਸੇ ਪਲੈਨੇਟੇਰੀਅਮ ਨੂੰ ਵੀ ਜ਼ਰੂਰ ਦੇਖਣ ਜਾਣ।

ਸਾਥੀਓ,

‘ਮਨ ਕੀ ਬਾਤ’ ਪ੍ਰੋਗਰਾਮ ਨੂੰ ਜੋ ਲੋਕ ਟੀਵੀ ਉੱਤੇ ਦੇਖ ਰਹੇ ਹਨ, ਮੈਂ ਉਨ੍ਹਾਂ ਨੂੰ ਕਹਾਂਗਾ – ਇੱਕ ਵੀਡੀਓ ਜ਼ਰੂਰ ਦੇਖਿਓ। ਇਹ ਵੀਡੀਓ ਪਿਛਲੇ ਦਿਨੀਂ ਬਹੁਤ ਚਰਚਾ ਵਿੱਚ ਰਿਹਾ। ਇਸ ਵਿੱਚ ਕੁਝ ਲੋਕ ਬਹੁਤ ਧੀਰਜ ਨਾਲ, ਬਹੁਤ ਸਾਵਧਾਨੀ ਨਾਲ ਇੱਕ ਗੰਗਾ ਡੌਲਫਿਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ, ਇਸ ਪੂਰੀ ਕੋਸ਼ਿਸ਼ ਵਿੱਚ ਕਰੀਬ 13 ਘੰਟੇ ਲੱਗੇ ਅਤੇ ਆਖਿਰਕਾਰ ਉਹ ਡੌਲਫਿਨ ਬਚ ਗਈ।

ਸਾਥੀਓ,

ਇਸ ਵਿੱਚ ਬਹੁਤ ਵੱਡੀ ਭੂਮਿਕਾ ਰਹੀ – ਭਾਰਤ ਦੀ ਪਹਿਲੀ ਗੰਗਾ ਡੌਲਫਿਨ ਰੈਸਕਿਊ ਐਂਬੂਲੈਂਸ ਦੀ। ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ। ਉੱਥੇ ਇੱਕ ਗੰਗਾ ਡੌਲਫਿਨ ਨਹਿਰ ਵਿੱਚ ਫਸ ਗਈ ਸੀ। ਅਜਿਹੇ ਸਮੇਂ ਵਿੱਚ ‘ਨਮਾਮਿ ਗੰਗੇ ਅਭਿਆਨ’ ਤਹਿਤ ਬਣੀ ਇਹ ਐਂਬੂਲੈਂਸ ਉਸ ਲਈ ਉਮੀਦ ਬਣ ਕੇ ਪਹੁੰਚੀ। ਫਿਰ ਬਹੁਤ ਸਾਵਧਾਨੀ ਨਾਲ ਉਸ ਨੂੰ ਬਾਹਰ ਕੱਢਿਆ ਗਿਆ। ਉਸ ਦੀ ਜਾਂਚ ਕੀਤੀ ਗਈ, ਉਸ ਦਾ ਇਲਾਜ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਰਾਪਤੀ ਨਦੀ ਵਿੱਚ ਛੱਡ ਦਿੱਤਾ ਗਿਆ। ਇੱਕ ਤਰ੍ਹਾਂ ਕਹੀਏ, ਤਾਂ ਇੱਕ ਜੀਵਨ, ਫਿਰ ਆਪਣੇ ਘਰ ਪਰਤ ਗਿਆ।

ਸਾਥੀਓ,

ਇਹ ਡੌਲਫਿਨ ਰੈਸਕਿਊ ਐਂਬੂਲੈਂਸ ਬਹੁਤ ਖ਼ਾਸ ਹੈ। ਇਸ ਨੂੰ ਇੱਕ ਚੱਲਦੇ-ਫਿਰਦੇ ਹਸਪਤਾਲ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ। ਇਸ ਵਿੱਚ ਡੌਲਫਿਨ ਨੂੰ ਸੁਰੱਖਿਅਤ ਰੱਖਣ ਦਾ ਪ੍ਰਬੰਧ ਹੈ। ਆਕਸੀਜਨ ਦੀ ਸਹੂਲਤ ਹੈ, ਵਿਸ਼ੇਸ਼ ਸਟ੍ਰੈਚਰ ਹਨ, ਬਚਾਅ ਦੇ ਉਪਕਰਨ ਹਨ, ਭਾਵ ਜੇ ਕੋਈ ਡੌਲਫਿਨ ਜ਼ਖ਼ਮੀ ਹੋ ਜਾਵੇ, ਨਹਿਰ ਵਿੱਚ ਫਸ ਜਾਵੇ ਜਾਂ ਨਦੀ ਤੋਂ ਵੱਖ ਹੋ ਜਾਵੇ, ਤਾਂ ਤੁਰੰਤ ਉਸ ਦੀ ਮਦਦ ਕੀਤੀ ਜਾ ਸਕਦੀ ਹੈ।

ਸਾਥੀਓ,

ਜਦੋਂ ਅਸੀਂ ਗੰਗਾ ਡੌਲਫਿਨ ਨੂੰ ਬਚਾਉਂਦੇ ਹਾਂ, ਤਾਂ ਅਸੀਂ ਸਿਰਫ਼ ਇੱਕ ਪ੍ਰਜਾਤੀ ਨੂੰ ਨਹੀਂ ਬਚਾਉਂਦੇ, ਅਸੀਂ ਗੰਗਾ ਦੀ ਜੈਵਿਕ ਵਿਭਿੰਨਤਾ ਨੂੰ ਬਚਾਉਂਦੇ ਹਾਂ। ਨਦੀ ਦੇ ਪੂਰੇ ਜੀਵਨ ਤੰਤਰ ਨੂੰ ਬਚਾਉਂਦੇ ਹਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਦੀ ਇੱਕ ਅਨਮੋਲ ਵਿਰਾਸਤ ਵੀ ਬਚਾਉਂਦੇ ਹਾਂ।

ਮੇਰੇ ਪਿਆਰੇ ਦੇਸ਼-ਵਾਸੀਓ,

ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਨਦੀ, ਤਲਾਬ ਜਾਂ ਖੂਹ ਦੇ ਪਾਣੀ ਨਾਲ ਜੁੜੀਆਂ ਯਾਦਾਂ ਜ਼ਰੂਰ ਹੋਣਗੀਆਂ। ਕਿਸੇ ਨੂੰ ਤਲਾਬ ਵਿੱਚ ਤੈਰਨਾ ਯਾਦ ਹੋਵੇਗਾ, ਕਿਸੇ ਨੂੰ ਦੋਸਤਾਂ ਨਾਲ ਤਲਾਬ ਕਿਨਾਰੇ ਖੇਡਣਾ, ਕਿਸੇ ਨੂੰ ਉਸ ਮਿੱਟੀ ਦੀ ਖ਼ੁਸ਼ਬੂ ਯਾਦ ਹੋਵੇਗੀ। ਬਚਪਨ ਦੀਆਂ ਅਜਿਹੀਆਂ ਯਾਦਾਂ ਜੀਵਨ ਭਰ ਮਨ ਵਿੱਚ ਵਸੀਆਂ ਰਹਿੰਦੀਆਂ ਹਨ।

ਸਾਥੀਓ,

ਅਜਿਹੀਆਂ ਹੀ ਯਾਦਾਂ ਨੂੰ ਬਚਾਉਣ ਦੀ ਇੱਕ ਪ੍ਰੇਰਕ ਗਾਥਾ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਬਸਤੀ ਦੇ ਆਕਾਸ਼ ਗੁਪਤਾ ਆਪਣੇ ਪਿੰਡ ਦੀ ਮਨੋਰਮਾ ਨਦੀ ਨੂੰ ਦੇਖ ਕੇ ਬਹੁਤ ਦੁਖੀ ਹੁੰਦੇ ਸਨ। ਕਿਉਂਕਿ ਜਿਸ ਨਦੀ ਨੂੰ ਉਨ੍ਹਾਂ ਨੇ ਬਚਪਨ ਵਿੱਚ ਸਾਫ਼ ਅਤੇ ਜੀਵੰਤ ਦੇਖਿਆ ਸੀ। ਸਮੇਂ ਦੇ ਨਾਲ ਉਸ ਨਦੀ ਵਿੱਚ ਪਲਾਸਟਿਕ ਜਮ੍ਹਾਂ ਹੋਣ ਲੱਗਾ ਸੀ। ਗੰਦਗੀ ਵਧਦੀ ਜਾ ਰਹੀ ਸੀ। ਸ਼੍ਰੀਮਾਨ ਆਕਾਸ਼ ਨੇ ਤੈਅ ਕੀਤਾ ਕਿ ਸ਼ਿਕਾਇਤ ਨਹੀਂ ਕਰਨਗੇ, ਇੱਕ ਨਵੀਂ ਸ਼ੁਰੂਆਤ ਕਰਨਗੇ। “ਸ਼ਿਕਾਇਤ ਨਹੀਂ, ਸ਼ੁਰੂਆਤ” ਮੰਤਰ ਬਣ ਗਿਆ। ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਨਾਲ ਲਿਆ। ਸਿਰਫ਼ ਜਾਲ ਸੀ, ਕਹੀ ਸੀ, ਟੋਕਰੀ ਸੀ ਅਤੇ ਸਭ ਤੋਂ ਵੱਡੀ ਤਾਕਤ ਸੀ, ਕੁਝ ਬਦਲਣ ਦਾ ਸੰਕਲਪ। ਇਹ ਨੌਜਵਾਨ ਨਦੀ ਵਿੱਚ ਉੱਤਰਦੇ ਸਨ, ਜਲਕੁੰਭੀ ਕੱਢਦੇ ਸਨ। ਪਲਾਸਟਿਕ ਅਤੇ ਕੂੜਾ ਬਾਹਰ ਲਿਆਉਂਦੇ ਸਨ। ਕਈ ਵਾਰ ਇੱਕ ਦਿਨ ਵਿੱਚ 50-60 ਕਿੱਲੋ ਤੱਕ ਕੂੜਾ ਨਦੀ ਵਿੱਚੋਂ ਕੱਢਿਆ ਗਿਆ। ਹੌਲ਼ੀ-ਹੌਲ਼ੀ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਤੋਂ ਸਾਫ਼ ਦਿਖਣ ਲੱਗਾ। ਆਸਪਾਸ ਦੇ ਲੋਕਾਂ ਦਾ ਧਿਆਨ ਵੀ ਇਸ ਕੰਮ ਵੱਲ ਗਿਆ। ਲੋਕਾਂ ਵਿੱਚ ਸਫ਼ਾਈ ਨੂੰ ਲੈ ਕੇ ਜਾਗਰੂਕਤਾ ਵਧੀ।

ਸਾਥੀਓ,

ਅਜਿਹੀ ਹੀ ਇੱਕ ਪ੍ਰੇਰਕ ਕਹਾਣੀ ਗੋਆ ਤੋਂ ਵੀ ਸਾਹਮਣੇ ਆਈ ਹੈ। ਗੋਆ ਦੇ ਬਾਲਕ੍ਰਿਸ਼ਨ ਅਈਆ ਜੀ ਰਿਟਾਇਰਡ ਟੀਚਰ ਹਨ। ਪਰ ਸਮਾਜ ਲਈ ਕੰਮ ਕਰਨ ਦਾ ਉਨ੍ਹਾਂ ਦਾ ਉਤਸ਼ਾਹ ਅੱਜ ਵੀ ਉਹੀ ਹੈ। ਉਨ੍ਹਾਂ ਨੂੰ ਮੱਡੀ-ਤੋਲਾਪ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਪਰੇਸ਼ਾਨ ਕਰਦੀ ਸੀ। ਉਨ੍ਹਾਂ ਨੇ ਵੀ ਹੱਲ ਲਈ ਕੰਮ ਸ਼ੁਰੂ ਕੀਤਾ। ਬਾਲਕ੍ਰਿਸ਼ਨ ਜੀ ਨੇ ਪਾਈਪਲਾਈਨ ਵਿਛਾਉਣ ਦੇ ਕੰਮ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਨਾਲ ਕਈ ਘਰਾਂ ਤੱਕ ਪਾਣੀ ਪਹੁੰਚਿਆ। ਜਿਨ੍ਹਾਂ ਪਰਿਵਾਰਾਂ ਨੂੰ ਪਾਣੀ ਲਈ ਰੋਜ਼ ਸੰਘਰਸ਼ ਕਰਨਾ ਪੈਂਦਾ ਸੀ, ਉਨ੍ਹਾਂ ਲਈ ਇਹ ਬਹੁਤ ਵੱਡੀ ਰਾਹਤ ਬਣੀ।

ਸਾਥੀਓ,

ਪਿਛਲੇ ਮਹੀਨੇ ਮੈਨੂੰ ਇੱਕ ਬਹੁਤ ਵਧੀਆ ਅਨੁਭਵ ਹੋਇਆ। ਇਸ ਦਾ ਸਬੰਧ ‘ਮਨ ਕੀ ਬਾਤ’ ਨਾਲ ਵੀ ਜੁੜਿਆ ਹੈ। ਇਸ ਲਈ ਅੱਜ ਮੈਂ ਇਸ ਦੀ ਚਰਚਾ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ। ਤਾਮਿਲਨਾਡੂ ਦੇ ਨਾਗਰਕੋਇਲ ਵਿੱਚ ਮੇਰੀ ਮੁਲਾਕਾਤ ਇੱਕ ਟੀਚਰ ਨਾਲ ਹੋਈ। ਕਰੀਬ ਤਿੰਨ ਦਹਾਕੇ ਪਹਿਲਾਂ ਵੀ ਮੈਂ ਉਨ੍ਹਾਂ ਨੂੰ ਮਿਲਿਆ ਸੀ। ਮੈਂ ਗੱਲ ਕਰ ਰਿਹਾ ਹਾਂ, ਗਿਰਿਜਾ ਅੰਮਾ ਜੀ ਦੀ। ਇਸ ਮੁਲਾਕਾਤ ਦੌਰਾਨ ਕੁਝ ਨੌਜਵਾਨ ਵਿਦਿਆਰਥੀ ਵੀ ਉਨ੍ਹਾਂ ਦੇ ਨਾਲ ਸਨ।

ਸਾਥੀਓ,

ਗਿਰਿਜਾ ਅੰਮਾ ਜੀ ਕਰੀਬ 15 ਸਕੂਲ ਚਲਾਉਂਦੀਆਂ ਹਨ। ਇਨ੍ਹਾਂ ਵਿੱਚ ਚੇਨੱਈ ਦਾ ਜੈਗੋਪਾਲ ਗਰੋਡੀਆ ਹਿੰਦੂ ਵਿਦਿਆਲਿਆ ਬਹੁਤ ਪ੍ਰਮੁੱਖ ਹੈ। ਉਨ੍ਹਾਂ ਦੀ ਦੇਸ਼ ਭਗਤੀ ਦੀ ਭਾਵਨਾ ਹਰ ਭਾਰਤਵਾਸੀ ਨੂੰ ਪ੍ਰੇਰਿਤ ਕਰਨ ਵਾਲੀ ਹੈ। ਉਨ੍ਹਾਂ ਨੇ ‘ਮਨ ਕੀ ਬਾਤ’ ਤੋਂ ਪ੍ਰੇਰਨਾ ਲੈ ਕੇ ਦੇਸ਼ ਦੇ ਕਈ ਸੈਨਿਕਾਂ ਲਈ ਯੋਗਦਾਨ ਦਾ ਸੰਕਲਪ ਲਿਆ। ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਵੀਰ ਜਵਾਨਾਂ ਲਈ ਹਰ ਦਿਨ ਇੱਕ ਰੁਪਿਆ ਯੋਗਦਾਨ ਦੇਣ। ਭਾਵ ਇੱਕ ਸਾਲ ਵਿੱਚ ਹਰ ਵਿਦਿਆਰਥੀ ਨੇ 365 ਰੁਪਏ ਜਮ੍ਹਾਂ ਕੀਤੇ। ਇਸ ਛੋਟੇ-ਛੋਟੇ ਯੋਗਦਾਨ ਨਾਲ ਕਰੀਬ 40 ਲੱਖ ਰੁਪਏ ਇਕੱਠੇ ਹੋਏ। ਗਿਰਿਜਾ ਅੰਮਾ ਜੀ ਨੇ ਇਸ ਪੂਰੀ ਰਾਸ਼ੀ ਦਾ ਚੈੱਕ ਮੈਨੂੰ ਸੌਂਪਿਆ। ਉਨ੍ਹਾਂ ਨਾਲ ਗੱਲਬਾਤ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਪ੍ਰਤੀ ਉਨ੍ਹਾਂ ਦਾ ਸਮਰਪਣ ਕਿੰਨਾ ਡੂੰਘਾ ਹੈ। ਪਿਛਲੇ ਸਾਲ ਹੀ ਚੇਨਈ ਦੇ ਪਹਿਲੇ ਹਿੰਦੂ ਵਿਦਿਆਲਿਆ ਨੇ ਆਪਣੇ 50 ਸਾਲ ਪੂਰੇ ਕੀਤੇ ਹਨ। ਦੇਸ਼ ਦੀ ਸਿੱਖਿਆ ਅਤੇ ਸੱਭਿਆਚਾਰਕ ਮਾਣ ਨੂੰ ਅੱਗੇ ਵਧਾਉਣ ਵਿੱਚ ਇਸ ਸਕੂਲ ਨੈੱਟਵਰਕ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਵਿਦਿਆਰਥੀਆਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਵੀਰ ਸੈਨਿਕਾਂ ਲਈ ਯੋਗਦਾਨ ਦਿੱਤਾ।

ਸਾਥੀਓ,

ਭਾਰਤ ਦੇ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ, ਕੁਝ ਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਸਾਨੂੰ ਪ੍ਰੇਰਨਾ ਦਿੰਦਾ ਹੈ। ਕਈ ਵਾਰ, ਇਨ੍ਹਾਂ ਕੋਸ਼ਿਸ਼ਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ, ਪਰ ਜਦੋਂ ਅਸੀਂ ਇਨ੍ਹਾਂ ਨੂੰ ਜਾਣਦੇ ਹਾਂ, ਤਾਂ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਦੇਸ਼ ਆਪਣੇ ਲੋਕਾਂ ਦੀ ਤਾਕਤ ਨਾਲ ਅੱਗੇ ਵਧ ਰਿਹਾ ਹੈ। ਮੇਰੀ ਤੁਹਾਨੂੰ ਅਪੀਲ ਹੈ, ਆਪਣੇ ਆਲ਼ੇ-ਦੁਆਲ਼ੇ ਅਜਿਹੀਆਂ ਕੋਸ਼ਿਸ਼ਾਂ ਨੂੰ ਜ਼ਰੂਰ ਦੇਖੋ। ਜੋ ਲੋਕ ਸਮਾਜ ਲਈ ਚੰਗਾ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਪਛਾਣੋ, ਉਨ੍ਹਾਂ ਦੀ ਸ਼ਲਾਘਾ ਕਰੋ, ਉਨ੍ਹਾਂ ਤੋਂ ਸਿੱਖੋ ਅਤੇ ਹੋ ਸਕੇ ਤਾਂ ਖ਼ੁਦ ਵੀ ਕਿਸੇ ਚੰਗੇ ਕੰਮ ਨਾਲ ਜੁੜੋ। ਅਗਲੇ ਮਹੀਨੇ ‘ਮਨ ਕੀ ਬਾਤ’ ਵਿੱਚ ਕੁਝ ਹੋਰ ਪ੍ਰੇਰਕ ਗਾਥਾਵਾਂ ਦੇ ਨਾਲ ਮੈਂ ਫਿਰ ਤੁਹਾਡੇ ਨਾਲ ਜੁੜਾਂਗਾ। ਬਹੁਤ-ਬਹੁਤ ਧੰਨਵਾਦ। ਨਮਸਕਾਰ।
 

***

ਐੱਮਜੇਪੀਐੱਸ/ਐੱਸਟੀ/ਵੀਕ