ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ।
‘ਮਨ ਕੀ ਬਾਤ’ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨਾਲ ਜੁੜ ਕੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। 2026 ਦਾ ਅੱਧਾ ਸਾਲ ਬੀਤਣ ਵਾਲਾ ਹੈ। ਇਨ੍ਹਾਂ 6 ਮਹੀਨਿਆਂ ਵਿੱਚ ਅਸੀਂ ‘ਮਨ ਕੀ ਬਾਤ’ ਵਿੱਚ ਦੇਸ਼ ਵਾਸੀਆਂ ਦੀਆਂ ਕਈ ਪ੍ਰਾਪਤੀਆਂ ਬਾਰੇ ਚਰਚਾ ਕੀਤੀ ਹੈ। ਜੂਨ ਵਿੱਚ ਵੀ, ਦੇਸ਼ ਨੇ ਕੁਝ ਅਜਿਹੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜੋ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੀਆਂ ਹਨ। ਇਹ ਕਾਮਯਾਬੀਆਂ ਦੇਸ਼ ਦੀ ਸੁਰੱਖਿਆ ਅਤੇ ਆਤਮ-ਨਿਰਭਰਤਾ ਨਾਲ ਜੁੜੀਆਂ ਹੋਈਆਂ ਹਨ। ਹਾਲ ਹੀ ਵਿੱਚ ਮੈਨੂੰ ਕੋਲਕਾਤਾ ਵਿੱਚ ਜਲ ਸੈਨਾ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉੱਥੇ ਆਈਐੱਨਐੱਸ ਦੂਨਾਗਿਰੀ, ਆਈਐੱਨਐੱਸ ਸੰਸ਼ੋਧਕ ਅਤੇ ਆਈਐੱਨਐੱਸ ਅਗ੍ਰਯ ਨੂੰ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਸਮੁੰਦਰੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਤੱਕ, ਸਭ ਕੁਝ ਸਵਦੇਸ਼ੀ ਹੈ।
ਸਾਥੀਓ,
ਜੂਨ ਮਹੀਨੇ ਵਿੱਚ ਹੀ ਹਵਾਬਾਜ਼ੀ ਸੈਕਟਰ ਵਿੱਚ ਵੀ ਦੇਸ਼ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੀ-295, ਇਹ ਜਹਾਜ਼ ‘ਮੇਕ ਇਨ ਇੰਡੀਆ’ ਹੈ ਅਤੇ ਸੀ-295 ਜਹਾਜ਼ ਨੇ ਆਪਣੀ ਪਹਿਲੀ ਉਡਾਣ ਪੂਰੀ ਕੀਤੀ ਹੈ, ਅਤੇ ਅਜਿਹੇ 40 ਜਹਾਜ਼, ਭਾਰਤ ਵਿੱਚ ਹੀ ਬਣਾਏ ਜਾ ਰਹੇ ਹਨ। ਇਸ ਨਾਲ ਐੱਮਐੱਸਐੱਮਈ ਅਤੇ ਐਰੋਸਪੇਸ ਸੈਕਟਰ ਨੂੰ ਨਵੀਂ ਤਾਕਤ ਮਿਲ ਰਹੀ ਹੈ। ਰੁਜ਼ਗਾਰ ਦੇ ਮੌਕੇ ਵਧ ਰਹੇ ਹਨ ਅਤੇ ਆਤਮ-ਨਿਰਭਰ ਭਾਰਤ ਦਾ ਸੰਕਲਪ ਵੀ ਮਜ਼ਬੂਤ ਹੋ ਰਿਹਾ ਹੈ। ਇਸੇ ਮਹੀਨੇ ਡੀਆਰਡੀਓ ਨੇ ਦੇਸੀ ‘ਲੌਂਗ ਰੇਂਜ ਲੈਂਡ ਅਟੈਕ ਕਰੂਜ਼ ਮਿਜ਼ਾਈਲ’ ਦਾ ਵੀ ਸਫ਼ਲ ਪ੍ਰੀਖਣ ਕੀਤਾ ਹੈ। ਇਸ ਨੂੰ ਡੀਆਰਡੀਓ ਦੀਆਂ ਲੈਬਾਰਟਰੀਆਂ ਅਤੇ ਭਾਰਤੀ ਸਨਅਤੀ ਭਾਈਵਾਲਾਂ ਨੇ ਮਿਲ ਕੇ ਬਣਾਇਆ ਹੈ, ਭਾਵ, ਅੱਜ ਸਮੁੰਦਰ ਤੋਂ ਲੈ ਕੇ ਅਸਮਾਨ ਤੱਕ ਸਾਡਾ ਭਾਰਤ ਵਧੇਰੇ ਸੁਰੱਖਿਅਤ ਅਤੇ ਆਤਮ-ਨਿਰਭਰ ਬਣ ਰਿਹਾ ਹੈ।
ਸਾਥੀਓ,
ਜੂਨ ਵਿੱਚ ਇੱਕ ਹੋਰ ਪ੍ਰੋਗਰਾਮ ਹੋਇਆ ਜਿਸ ਵਿੱਚ ਪੂਰੀ ਦੁਨੀਆ ਭਾਰਤ ਦੀਆਂ ਕੋਸ਼ਿਸ਼ਾਂ ਨਾਲ ਜੁੜੀ ਅਤੇ ਇਹ ਪ੍ਰੋਗਰਾਮ ਸੀ ‘ਕੌਮਾਂਤਰੀ ਯੋਗ ਦਿਵਸ’। ਇਸ ਵਾਰ ਦੁਨੀਆ ਦੀਆਂ 2500 ਤੋਂ ਵੱਧ ਥਾਵਾਂ ਉੱਤੇ ਯੋਗ ਦੇ ਵੱਖ-ਵੱਖ ਪ੍ਰੋਗਰਾਮ ਹੋਏ। ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਥਾਂ-ਥਾਂ ਉੱਤੇ ਯੋਗ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਇਸ ਮਹੀਨੇ, ਅਹਿਮਦਾਬਾਦ ਵਿੱਚ ਕਰਵਾਈ ਗਈ ‘ਵਿਸ਼ਵ ਯੋਗਾਸਨ ਚੈਂਪੀਅਨਸ਼ਿਪ’ ਦੀ ਵੀ ਕਾਫ਼ੀ ਚਰਚਾ ਹੋਈ। ਇਸ ਵਿੱਚ ਭਾਰਤ ਨੇ ਕੁੱਲ 114 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚ 102 ਗੋਲਡ ਮੈਡਲ ਵੀ ਸ਼ਾਮਲ ਹਨ। ਭਾਰਤ ਇਸ ਚੈਂਪੀਅਨਸ਼ਿਪ ਦੀ ਤਗਮਾ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਰਿਹਾ। ਮੈਂ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਕਿਸੇ ਵੀ ਦੇਸ਼ ਦੀ ਆਤਮਾ ਉਸ ਦੇ ਲੋਕ ਹੁੰਦੇ ਹਨ। ਅਤੇ ਜਦੋਂ ਉਸ ਦੇਸ਼ ਦੇ ਲੋਕ ਕੋਈ ਇਰਾਦਾ ਧਾਰ ਲੈਂਦੇ ਹਨ ਤਾਂ ਕੋਈ ਵੀ ਤਾਕਤ ਉਨ੍ਹਾਂ ਨੂੰ ਆਪਣੇ ਟੀਚੇ ਤੋਂ ਹਿਲਾ ਨਹੀਂ ਸਕਦੀ। ਦੇਸ਼ ਦੀ ਉਸਾਰੀ ਵਿੱਚ ਲੋਕਾਂ ਦੀ ਸ਼ਮੂਲੀਅਤ ਦੀ ਇਹ ਤਾਕਤ ਭਾਰਤ ਦਾ ਬਹੁਤ ਵੱਡਾ ਸਰਮਾਇਆ ਹੈ ਅਤੇ ਇਸ ਲੋਕ-ਭਾਈਵਾਲੀ ਦਾ ਅਸੀਂ ਵਾਰ-ਵਾਰ ਅਨੁਭਵ ਕਰ ਰਹੇ ਹਾਂ।
ਸਾਥੀਓ,
ਪੱਛਮੀ ਏਸ਼ੀਆ ਵਿੱਚ ਬਣੇ ਜੰਗ ਦੇ ਹਾਲਾਤ ਨੂੰ ਵੇਖਦਿਆਂ, ਮੈਂ ਦੇਸ਼ ਵਾਸੀਆਂ ਨੂੰ ਕੁਝ ਅਪੀਲਾਂ ਕੀਤੀਆਂ ਸਨ। ਮੈਂ ਕਿਹਾ ਸੀ ਕਿ ਜਿੱਥੋਂ ਤੱਕ ਹੋ ਸਕੇ, ਕੁਝ ਸਮੇਂ ਲਈ ਗੋਲਡ, ਭਾਵ ਸੋਨਾ ਖਰੀਦਣ ਤੋਂ ਬਚੋ। ਲੋਕਾਂ ਨੂੰ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਛੁੱਟੀਆਂ ਮਨਾਉਣ ਤੋਂ ਬਚੋ, ਮੈਂ ਲੋਕਾਂ ਨੂੰ ਕਾਰ ਪੂਲਿੰਗ ਨੂੰ ਵੀ ਹੁਲਾਰਾ ਦੇਣ ਦੀ ਅਪੀਲ ਕੀਤੀ ਸੀ, ਮੈਂ ਕਿਸਾਨਾਂ ਨੂੰ ਰਸਾਇਣ ਮੁਕਤ ਖੇਤੀ ਲਈ, ਖੇਤ ਬਚਾਉਣ ਲਈ ਅਤੇ ਕੁਦਰਤੀ ਖਾਦ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਸੀ। ਸਾਥੀਓ, ਮੈਂ ਦੇਸ਼ ਦੇ ਹਰ ਨਾਗਰਿਕ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੀ ਅਪੀਲ ਦਾ ਨਾ ਸਿਰਫ਼ ਸਮਰਥਨ ਕੀਤਾ ਸਗੋਂ ਹਰ ਪਾਸਿਓਂ ਇਸ ਵਿੱਚ ਆਪਣਾ ਸਹਿਯੋਗ ਵੀ ਦੇ ਰਹੇ ਹਨ। ਮੈਨੂੰ ਕਈ ਪਰਿਵਾਰਾਂ ਨੇ ਸੁਨੇਹੇ ਭੇਜ ਕੇ ਆਪਣੇ ਤਜਰਬੇ ਸਾਂਝੇ ਕੀਤੇ ਹਨ। ਕਿੰਨੇ ਹੀ ਪਰਿਵਾਰਾਂ ਨੇ ਤੈਅ ਕੀਤਾ ਹੈ ਕਿ ਘਰ ਦੇ ਵਿਆਹ ਵਿੱਚ ਇਸ ਵਾਰ ਸੋਨਾ ਨਹੀਂ ਖਰੀਦਣਗੇ। ਜੇ ਲੋੜ ਪਈ ਤਾਂ ਪੁਰਾਣੇ ਸੋਨੇ ਨੂੰ ਰੀਸਾਈਕਲ ਕਰਕੇ ਨਵੇਂ ਗਹਿਣੇ ਬਣਾ ਲੈਣਗੇ। ਕਿੰਨੇ ਹੀ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਵੀ ਲਿਖਿਆ ਹੈ ਕਿ ਕਿਵੇਂ ਉਨ੍ਹਾਂ ਨੇ ਇਸ ਵਾਰ ਵਿਦੇਸ਼ ਯਾਤਰਾ ਟਾਲ ਦਿੱਤੀ ਹੈ।
ਸਾਥੀਓ,
ਕਾਰ ਪੂਲਿੰਗ ਨੂੰ ਲੈ ਕੇ ਵੀ ਲੋਕਾਂ ਨੇ ਕਈ ਤਜਰਬੇ ਸਾਂਝੇ ਕੀਤੇ ਹਨ। ਜਿਹੜੇ ਲੋਕ ਹਰ ਰੋਜ਼ ਇੱਕੋ ਪਾਸੇ ਆਪਣੇ-ਆਪਣੇ ਵਾਹਨਾਂ ਉੱਤੇ ਜਾਂਦੇ ਸਨ, ਉਹ ਹੁਣ ਇਕੱਠੇ ਜਾਣ ਲੱਗੇ ਹਨ। ਲੋਕ ਹਰ ਸੰਭਵ ਤਰੀਕੇ ਨਾਲ ਬੱਸ ਅਤੇ ਮੈਟਰੋ ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਬੱਚਤ ਹੋ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤੀ ਖਾਦ ਦੀ ਖਪਤ ਵਧਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਸਾਥੀਓ, ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇਸ ਆਲਮੀ ਸੰਕਟ ਦਾ ਅਸੀਂ ਭਾਰਤੀ ਮਿਲ ਕੇ ਟਾਕਰਾ ਕਰ ਰਹੇ ਹਾਂ। ਮੈਨੂੰ ਭਰੋਸਾ ਹੈ ਕਿ ਲੋਕਾਂ ਦੀ ਸ਼ਮੂਲੀਅਤ ਦੀ ਇਹ ਤਾਕਤ ਸਾਨੂੰ ਮਜ਼ਬੂਤੀ ਦੇਵੇਗੀ, ਸਾਨੂੰ ਕਾਮਯਾਬ ਬਣਾਏਗੀ।
ਮੇਰੇ ਪਿਆਰੇ ਦੇਸ਼ ਵਾਸੀਓ,
ਸਾਡੇ ਦੇਸ਼ ਵਿੱਚ ਜਨਮ ਦਿਨ, ਵਿਆਹ-ਸ਼ਾਦੀਆਂ ਪਰਿਵਾਰਕ ਪ੍ਰੋਗਰਾਮ ਹੋਣ ਦੇ ਨਾਲ-ਨਾਲ ਪੂਰੇ ਸਮਾਜ ਦਾ ਵੀ ਤਿਉਹਾਰ ਹੁੰਦੇ ਹਨ। ਹਰ ਪਰਿਵਾਰ ਚਾਹੁੰਦਾ ਹੈ ਕਿ ਉਸ ਦੀਆਂ ਖ਼ੁਸ਼ੀਆਂ ਦੂਜਿਆਂ ਨਾਲ ਵੀ ਸਾਂਝੀਆਂ ਹੋਣ। ਲੋਕ ਮਹਿਮਾਨਾਂ ਨੂੰ ਤੋਹਫ਼ੇ ਵੀ ਦਿੰਦੇ ਹਨ। ਸਾਥੀਓ, ਮਹਾਰਾਸ਼ਟਰ ਦੇ ਨਾਂਦੇੜ ਵਿੱਚ ਇੱਕ ਪਰਿਵਾਰ ਨੇ ਆਪਣੀਆਂ ਖ਼ੁਸ਼ੀਆਂ ਵੰਡਣ ਲਈ ਅਜਿਹਾ ਕੰਮ ਕੀਤਾ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਥੇ ਨਾਂਦੇੜ ਦੇ ਬਹਾਦੁਰਪੁਰਾ ਪਿੰਡ ਵਿੱਚ ਪੇਠਕਰ ਪਰਿਵਾਰ ਰਹਿੰਦਾ ਹੈ। ਇਸ ਪਰਿਵਾਰ ਨੇ ਸੋਚਿਆ ਕਿ ਜੇ ਖ਼ੁਸ਼ੀ ਵੰਡਣੀ ਹੀ ਹੈ, ਤਾਂ ਅਜਿਹੀ ਚੀਜ਼ ਦਿੱਤੀ ਜਾਵੇ, ਜੋ ਔਖੇ ਵੇਲੇ ਕਿਸੇ ਪਰਿਵਾਰ ਦਾ ਸਹਾਰਾ ਬਣੇ। ਆਪਣੇ ਘਰ ਵਿਆਹ ਦੇ ਮੌਕੇ ਉੱਤੇ ਇਸ ਪਰਿਵਾਰ ਨੇ ਪਿੰਡ ਦੇ ਕਰੀਬ ਸਾਢੇ ਤਿੰਨ ਹਜ਼ਾਰ ਲੋਕਾਂ ਲਈ ਦੁਰਘਟਨਾ ਬੀਮੇ ਦਾ ਪ੍ਰਬੰਧ ਕੀਤਾ। ਹਰ ਵਿਅਕਤੀ ਨੂੰ ਇੱਕ ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਗਿਆ। ਇਸ ਪਹਿਲਕਦਮੀ ਦੇ ਪਿੱਛੇ ਦੀ ਭਾਵਨਾ ਬਹੁਤ ਦਿਲ ਨੂੰ ਛੂਹਣ ਵਾਲੀ ਹੈ। ਪਰਿਵਾਰ ਨੇ ਵੇਖਿਆ ਸੀ ਕਿ ਹਾਦਸੇ ਤੋਂ ਬਾਅਦ ਪਰਿਵਾਰਾਂ ਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਇੱਕ ਛੋਟੀ ਜਿਹੀ ਮਦਦ ਵੀ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ।
ਸਾਥੀਓ,
ਸਰਕਾਰ ਦੇਸ਼ ਦੇ ਕਰੋੜਾਂ ਪਰਿਵਾਰਾਂ ਤੱਕ ਸੁਰੱਖਿਆ ਦਾ ਕਵਚ ਪਹੁੰਚਾ ਰਹੀ ਹੈ। ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ ਤਹਿਤ ਸਿਰਫ਼ 20 ਰੁਪਏ ਦੇ ਸਾਲਾਨਾ ਪ੍ਰੀਮੀਅਮ, ਭਾਵ ਸਿਰਫ਼ ਇੱਕ ਸਾਲ ਦੇ 20 ਰੁਪਏ ਦੇ ਪ੍ਰੀਮੀਅਮ ਉੱਤੇ, ਦੋ ਲੱਖ ਰੁਪਏ ਤੱਕ ਦਾ ‘ਦੁਰਘਟਨਾ ਬੀਮਾ’ ਮਿਲਦਾ ਹੈ। ਹੁਣ ਤੱਕ ਇਸ ਯੋਜਨਾ ਨਾਲ 58 ਕਰੋੜ ਤੋਂ ਵੱਧ ਲੋਕ ਜੁੜ ਚੁੱਕੇ ਹਨ। ਇਨ੍ਹਾਂ ਵਿੱਚੋਂ ਕਰੀਬ 28 ਕਰੋੜ ਸਾਡੀਆਂ ਮਾਵਾਂ, ਭੈਣਾਂ, ਧੀਆਂ ਅਤੇ ਔਰਤਾਂ ਹਨ। ਇਸ ਯੋਜਨਾ ਰਾਹੀਂ ਪੀੜਤ ਪਰਿਵਾਰਾਂ ਨੂੰ ਹੁਣ ਤੱਕ ਮਿਲੇ ਅੰਕੜਿਆਂ ਮੁਤਾਬਕ 3,700 ਕਰੋੜ ਰੁਪਏ ਤੋਂ ਵੱਧ ਦੀ ਮਦਦ ਮਿਲ ਚੁੱਕੀ ਹੈ।
ਸਾਥੀਓ, ਉਸੇ ਤਰ੍ਹਾਂ ‘ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ’ ਵੀ ਓਨੀ ਹੀ ਅਹਿਮ ਹੈ। ਇਹ ਯੋਜਨਾ ਵਿਅਕਤੀ ਦੀ ਦੁਖਦਾਈ ਮੌਤ ਹੋਣ ਉੱਤੇ ਉਸ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਬੀਮਾ ਕਵਰ ਦਿੰਦੀ ਹੈ। ਇਸ ਦਾ ਸਾਲਾਨਾ ਪ੍ਰੀਮੀਅਮ ਸਿਰਫ਼ 436 ਰੁਪਏ ਹੈ। ਮਤਲਬ ਇੱਕ ਦਿਨ ਦਾ ਮੁਸ਼ਕਿਲ ਨਾਲ ਡੇਢ ਰੁਪਿਆ। ਇਸ ਯੋਜਨਾ ਨਾਲ ਹੁਣ ਤੱਕ 27 ਕਰੋੜ ਤੋਂ ਵੱਧ ਲੋਕ ਜੁੜੇ ਹਨ। ਇਸ ਤਹਿਤ ਦੇਸ਼ ਦੇ ਕਰੀਬ 11 ਲੱਖ ਪਰਿਵਾਰਾਂ ਨੂੰ ਕਰੀਬ 22 ਹਜ਼ਾਰ ਕਰੋੜ ਰੁਪਏ ਦੀ ਮਦਦ ਮਿਲ ਚੁੱਕੀ ਹੈ। ਇਹ ਅੰਕੜੇ ਬਹੁਤ ਵੱਡੇ ਹਨ। ਇਨ੍ਹਾਂ ਅੰਕੜਿਆਂ ਦੇ ਪਿੱਛੇ ਲੱਖਾਂ ਪਰਿਵਾਰਾਂ ਦੀ ਆਪਣੀ-ਆਪਣੀ ਕਹਾਣੀ ਹੈ। ਕਿਤੇ ਕਿਸੇ ਮਾਂ ਨੂੰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਮਿਲ ਗਈ, ਕਿਤੇ ਕਿਸੇ ਪਤਨੀ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸਾਂਭਣ ਦਾ ਸਹਾਰਾ ਮਿਲ ਗਿਆ। ਸਾਥੀਓ, ਕਈ ਵਾਰ ਬਹੁਤ ਵੱਡੀ ਸੁਰੱਖਿਆ ਦੀ ਸ਼ੁਰੂਆਤ ਬਹੁਤ ਛੋਟੀ ਰਕਮ ਅਤੇ ਇੱਕ ਛੋਟੇ ਜਿਹੇ ਕਦਮ ਨਾਲ ਹੋ ਸਕਦੀ ਹੈ, ਇੱਕ ਛੋਟਾ ਜਿਹਾ ਫ਼ੈਸਲਾ ਵੀ ਬਹੁਤ ਵੱਡਾ ਬਦਲਾਅ ਕਰਦਾ ਹੈ। ਮੇਰੀ ਤੁਹਾਡੇ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਪਰਿਵਾਰ ਵਿੱਚ ਇਨ੍ਹਾਂ ਯੋਜਨਾਵਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੋ।
ਮੇਰੇ ਪਿਆਰੇ ਦੇਸ਼ ਵਾਸੀਓ,
‘ਮਨ ਕੀ ਬਾਤ’ ਵਿੱਚ ਹੁਣ ਗੱਲ ਇੱਕ ਅਜਿਹੇ ਵਿਸ਼ੇ ਦੀ ਜੋ ਹਜ਼ਾਰਾਂ ਸਾਲ ਪੁਰਾਣਾ ਹੈ, ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸਮਾਜ ਵਿੱਚ ਘਰ ਕਰ ਕੇ ਬੈਠ ਗਿਆ ਹੈ। ਇਹ ਵਿਸ਼ਾ ਹੈ – ਅੰਧ-ਵਿਸ਼ਵਾਸ ਦਾ। ਅੰਧ-ਵਿਸ਼ਵਾਸ ਕਈ ਵਾਰ ਸਿਰਫ਼ ਇੱਕ ਗਲਤ ਧਾਰਨਾ ਨਹੀਂ ਹੁੰਦਾ। ਇਹ ਡਰ ਪੈਦਾ ਕਰਦਾ ਹੈ ਅਤੇ ਜਦੋਂ ਡਰ ਮਨ ਉੱਤੇ ਭਾਰੂ ਹੋ ਜਾਂਦਾ ਹੈ, ਤਾਂ ਇਨਸਾਨ ਸੱਚ ਨੂੰ ਵੇਖਣਾ ਹੀ ਬੰਦ ਕਰ ਦਿੰਦਾ ਹੈ। ਅੰਧ-ਵਿਸ਼ਵਾਸ ਵਿੱਚ ਡੁੱਬੇ ਲੋਕ, ਫਿਰ ਬਿਨਾਂ ਤਰਕ ਦੇ, ਬਿਨਾਂ ਸੱਚ ਜਾਣੇ, ਅਜਿਹੇ ਫ਼ੈਸਲੇ ਲੈਣ ਲੱਗਦੇ ਹਨ, ਜਿਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉੱਥੇ ਹੀ ਸਮਾਜ ਵਿੱਚ ਅਜਿਹੇ ਲੋਕ ਵੀ ਹੁੰਦੇ ਹਨ, ਜੋ ਵਿਗਿਆਨ, ਤਜਰਬੇ ਅਤੇ ਤਰਕ ਦੇ ਆਧਾਰ ਉੱਤੇ ਉਨ੍ਹਾਂ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਹਨ। ਅੰਧ-ਵਿਸ਼ਵਾਸ ਤੋਂ ਵਿਸ਼ਵਾਸ ਤੱਕ ਦਾ ਇਹ ਸਫ਼ਰ ਆਸਾਨ ਨਹੀਂ ਹੁੰਦਾ ਅਤੇ ਅੱਜ ਮੈਂ ਅਜਿਹੇ ਹੀ ਇੱਕ ਸਫ਼ਲ ਸਫ਼ਰ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ।
ਸਾਥੀਓ,
ਅਸਾਮ ਵਿੱਚ ਇੱਕ ਪੰਛੀ ਪਾਇਆ ਜਾਂਦਾ ਹੈ। ਉਸ ਪੰਛੀ ਦਾ ਨਾਮ ਹੈ ‘ਹਰਗਿਲਾ’। ‘ਹਰਗਿਲਾ’ ਇੱਕ ਦੁਰਲੱਭ ਪੰਛੀ ਹੈ। ਇਹ ਕੁਦਰਤ ਨੂੰ ਸਾਫ਼ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰ ਅਸਾਮ ਦੇ ਕੁਝ ਇਲਾਕਿਆਂ ਵਿੱਚ ਲੰਮੇ ਸਮੇਂ ਤੱਕ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਸੀ। ਲੋਕ ਇਸ ਨੂੰ ਆਪਣੇ ਆਲੇ-ਦੁਆਲੇ ਵੇਖਣਾ ਪਸੰਦ ਨਹੀਂ ਕਰਦੇ ਸਨ। ਕਈ ਵਾਰ ਉਨ੍ਹਾਂ ਦਰੱਖਤਾਂ ਨੂੰ ਵੀ ਕੱਟ ਦਿੱਤਾ ਜਾਂਦਾ ਸੀ ਜਿਨ੍ਹਾਂ ਉੱਤੇ ਹਰਗਿਲਾ ਦੇ ਆਲ੍ਹਣੇ ਬਣੇ ਹੁੰਦੇ ਸਨ। ਸੋਚੋ, ਅਜਿਹਾ ਪੰਛੀ ਜੋ ਵਾਤਾਵਰਨ ਦੀ ਸਫ਼ਾਈ ਵਿੱਚ ਮਦਦ ਕਰਦਾ ਹੈ, ਉਹੀ ‘ਹਰਗਿਲਾ’ ਲੋਕਾਂ ਦੇ ਡਰ ਦਾ ਸ਼ਿਕਾਰ ਬਣ ਗਿਆ ਸੀ। ਇਸੇ ਦੌਰਾਨ ਜੀਵ-ਵਿਗਿਆਨੀ ਪੂਰਨਿਮਾ ਦੇਵੀ ਬਰਮਨ ਨੇ ਇਹ ਸਭ ਵੇਖਿਆ। ਉਨ੍ਹਾਂ ਨੇ ਲੋਕਾਂ ਦੇ ਮਨ ਵਿੱਚ ਬੈਠੀ ਗਲਤ ਧਾਰਨਾ ਨੂੰ ਬਦਲਣ ਦਾ ਪ੍ਰਣ ਲਿਆ। ਉਨ੍ਹਾਂ ਨੇ ਔਰਤਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਲੋਕਾਂ ਨੂੰ ਵਿਗਿਆਨ ਦੇ ਆਧਾਰ ਉੱਤੇ ਸਮਝਾਇਆ, ਹੌਲੀ-ਹੌਲੀ ਔਰਤਾਂ ਇਸ ਮੁਹਿੰਮ ਨਾਲ ਜੁੜਨ ਲੱਗੀਆਂ। ਫਿਰ ਇੱਕ ਵੱਡਾ ਬਦਲਾਅ ਸ਼ੁਰੂ ਹੋਇਆ। ਜਿਸ ਪੰਛੀ ਨੂੰ ਕਦੇ ਅਸ਼ੁਭ ਮੰਨ ਕੇ ਭਜਾਇਆ ਜਾਂਦਾ ਸੀ, ਉਹੀ ਪਿੰਡਾਂ ਦੀ ਪਛਾਣ ਬਣਨ ਲੱਗਾ। ਹਜ਼ਾਰਾਂ ਪੇਂਡੂ ਔਰਤਾਂ ‘ਹਰਗਿਲਾ’ ਨੂੰ ਬਚਾਉਣ ਲਈ ਅੱਗੇ ਆਈਆਂ – ਅੱਜ ਉਨ੍ਹਾਂ ਨੂੰ ‘ਹਰਗਿਲਾ ਆਰਮੀ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਔਰਤਾਂ ਨੇ ਸਮਾਜ ਨਾਲ ਸੰਘਰਸ਼ ਵੀ ਕੀਤਾ। ਸਮਾਜ ਨੂੰ ਸਮਝਾਉਣ ਲਈ ਦਿਨ-ਰਾਤ ਕੰਮ ਕੀਤਾ ਅਤੇ ਅੰਧ-ਵਿਸ਼ਵਾਸ ਨੂੰ ਪਿੱਛੇ ਛੱਡ ਕੇ ਹੀ ਦਮ ਲਿਆ। ਉਨ੍ਹਾਂ ਨੇ ਵਿਖਾਇਆ ਹੈ ਕਿ ਜਦੋਂ ਸਹੀ ਜਾਣਕਾਰੀ ਪਹੁੰਚਾਈ ਜਾਂਦੀ ਹੈ, ਤਾਂ ਸਾਲਾਂ ਪੁਰਾਣੀ ਸੋਚ ਵੀ ਬਦਲ ਸਕਦੀ ਹੈ।
ਸਾਥੀਓ,
ਮੈਂ ਅਕਸਰ ਕਹਿੰਦਾ ਹਾਂ, ਜੋ ਖੇਡਦਾ ਹੈ, ਉਹ ਖਿੜਦਾ ਹੈ। ਅੱਜ ਦੇਸ਼ ਵਿੱਚ ਅਜਿਹੇ ਨੌਜਵਾਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਜੋ ਖੇਡ ਵੀ ਰਹੇ ਹਨ ਅਤੇ ਖਿੜ ਵੀ ਰਹੇ ਹਨ। ਪਹਿਲਾਂ ਦੇ ਮੁਕਾਬਲੇ ਹੁਣ ਕਿਤੇ ਵੱਧ ਨੌਜਵਾਨ ਖੇਡਾਂ ਨੂੰ ਕਰੀਅਰ ਦੇ ਰੂਪ ਵਿੱਚ ਅਪਣਾ ਰਹੇ ਹਨ। ਮੈਨੂੰ ਨਾਗਾਲੈਂਡ ਦੀਆਂ ਦੋ ਅਜਿਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਮਿਲੀ ਹੈ, ਜੋ ਬਹੁਤ ਦਿਲਚਸਪ ਹਨ। ਪਹਿਲੀ ਕੋਸ਼ਿਸ਼ ਹੈ ‘ਨਾਗਾਲੈਂਡ ਬੇਬੀ ਲੀਗ’। ਨਾਮ ਸੁਣ ਕੇ ਤੁਹਾਨੂੰ ਜ਼ਰੂਰ ਲੱਗਦਾ ਹੋਵੇਗਾ ਕਿ ਇਹ ਬਹੁਤ ਛੋਟੇ ਬੱਚਿਆਂ ਦੀ ਕੋਈ ਆਮ ਜਿਹੀ ਲੀਗ ਹੋਵੇਗੀ, ਪਰ ਅਜਿਹਾ ਨਹੀਂ ਹੈ। ਇਹ 5 ਤੋਂ 10-12 ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚਿਆਂ, ਫੁੱਲਾਂ ਵਰਗੇ ਬੱਚਿਆਂ ਦੀ ਇੱਕ ਬੇਮਿਸਾਲ ਲੀਗ ਹੈ ਅਤੇ ਇਨ੍ਹਾਂ ਬੱਚਿਆਂ ਦੇ ਫੁੱਟਬਾਲ ਖਿਡਾਰੀਆਂ ਦੀ ਇੱਕ ਅਜਿਹੀ ਲੀਗ ਹੈ, ਜੋ ਉਨ੍ਹਾਂ ਦੀ ਰਫ਼ਤਾਰ ਅਤੇ ਪ੍ਰਤਿਭਾ ਲਈ ਉਨ੍ਹਾਂ ਨੂੰ ਪ੍ਰੇਰਿਤ ਵੀ ਕਰਦੀ ਹੈ ਅਤੇ ਉਨ੍ਹਾਂ ਦੀ ਪਛਾਣ ਵੀ ਬਣਾਉਂਦੀ ਹੈ। ਇਸ ਦੀ ਸ਼ੁਰੂਆਤ ਨਾਗਾਲੈਂਡ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਫੁਟਬਾਲ ਨਾਲ ਜੋੜਨ ਲਈ ਹੋਈ ਸੀ। ਪੰਜ ਤੋਂ ਬਾਰਾਂ ਸਾਲ ਤੱਕ ਦੇ ਮੁੰਡੇ ਅਤੇ ਕੁੜੀਆਂ ਇਸ ਵਿੱਚ ਹਿੱਸਾ ਲੈ ਸਕਦੇ ਹਨ। ਇਹ ਲੀਗ ਹੁਣ ਆਪਣੇ ਤਿੰਨ ਸਾਲ ਪੂਰੇ ਕਰ ਚੁੱਕੀ ਹੈ। ਇਸ ਲੀਗ ਦਾ ਬੱਚਿਆਂ ਦੇ ਮਨ ਉੱਤੇ ਬਹੁਤ ਚੰਗਾ ਅਸਰ ਪਿਆ ਹੈ।
ਸਾਥੀਓ,
ਨਾਗਾਲੈਂਡ ਵਿੱਚ ਇੱਕ ਹੋਰ ਵਧੀਆ ਉਪਰਾਲਾ ਹੋ ਰਿਹਾ ਹੈ। ਇਸ ਦਾ ਨਾਮ ਹੈ, ‘ਨਾਗਾਲੈਂਡ ਵੂਮੈਨ ਫੁਟਸਲ ਲੀਗ’, ਹੋ ਸਕਦਾ ਹੈ ਤੁਹਾਡੇ ਲਈ ਇਹ ‘ਫੁਟਸਲ’ ਇੱਕ ਨਵਾਂ ਨਾਮ ਹੋਵੇ, ਮੈਂ ਤੁਹਾਨੂੰ ਦੱਸਦਾ ਹਾਂ ਫੁਟਸਲ ਨੂੰ ਇਨਡੋਰ ਫੁਟਬਾਲ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਟੀਮ ਵਿੱਚ ਸਿਰਫ਼ ਪੰਜ ਖਿਡਾਰੀ ਹੁੰਦੇ ਹਨ। ਖੇਡ ਦਾ ਮੈਦਾਨ ਵੀ ਫੁਟਬਾਲ ਦੇ ਮੈਦਾਨ ਨਾਲੋਂ ਕਾਫ਼ੀ ਛੋਟਾ ਹੁੰਦਾ ਹੈ। ਇਸ ਕਾਰਨ ਖਿਡਾਰੀਆਂ ਨੂੰ ਤੇਜ਼ ਫ਼ੈਸਲੇ ਲੈਣੇ ਪੈਂਦੇ ਹਨ। ਉਨ੍ਹਾਂ ਨੂੰ ਆਪਣੀ ਤਕਨੀਕ ਅਤੇ ਹੁਨਰ ਦੀ ਬਿਹਤਰ ਵਰਤੋਂ ਕਰਨੀ ਪੈਂਦੀ ਹੈ। ਨਾਗਾਲੈਂਡ ਦੀ ਵੂਮੈਨ ਫੁਟਸਲ ਲੀਗ ਸਾਡੀਆਂ ਧੀਆਂ ਨੂੰ ਆਪਣਾ ਹੁਨਰ ਵਿਖਾਉਣ ਦਾ ਵਧੀਆ ਮੌਕਾ ਦੇ ਰਹੀ ਹੈ। ਮੈਂ ਅਜਿਹੀਆਂ ਪਹਿਲਕਦਮੀਆਂ ਲਈ ਨਾਗਾਲੈਂਡ ਦੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ। ਅਜਿਹੀਆਂ ਕੋਸ਼ਿਸ਼ਾਂ ਦੇਸ਼ ਦੇ ਹੋਰਨਾਂ ਹਿੱਸਿਆਂ ਨੂੰ ਵੀ ਪ੍ਰੇਰਨਾ ਦਿੰਦੀਆਂ ਹਨ।
ਸਾਥੀਓ,
ਇਹ ਤਕਨਾਲੋਜੀ ਦਾ ਦੌਰ ਹੈ। ਹਰ ਰੋਜ਼ ਨਵੀਂ ਰਿਸਰਚ ਹੋ ਰਹੀ ਹੈ। ਨਵੇਂ-ਨਵੇਂ ਏਆਈ ਇਨੋਵੇਸ਼ਨ ਸਾਹਮਣੇ ਆ ਰਹੇ ਹਨ। ਇਸ ਦੌਰ ਵਿੱਚ ਇੱਕ ਸਵਾਲ ਬਹੁਤ ਅਹਿਮ ਹੈ – ਲੋਕਾਂ ਦੀ ਰਚਨਾਤਮਕਤਾ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ? ਨਵੀਂ ਤਕਨਾਲੋਜੀ ਨਾਲ ਅੱਗੇ ਵਧਦਿਆਂ ਹੋਇਆਂ ਅਸੀਂ ਆਪਣੀਆਂ ਜੜ੍ਹਾਂ ਨਾਲ ਕਿਵੇਂ ਜੁੜੇ ਰਹੀਏ? ਇਨ੍ਹਾਂ ਸਵਾਲਾਂ ਦਾ ਹੱਲ ਲੱਭਿਆ ਹੈ ‘ਨਾਲੰਦਾ ਯੂਨੀਵਰਸਿਟੀ’ ਨੇ। ਹਜ਼ਾਰਾਂ ਸਾਲ ਪੁਰਾਣੀ ਸਾਡੀ ਨਾਲੰਦਾ ਯੂਨੀਵਰਸਿਟੀ ਹੁਣ ਨਵੇਂ ਰੂਪ ਵਿੱਚ ਭਾਰਤ ਦੀ ਕਿਸਮਤ ਘੜ ਰਹੀ ਹੈ। ਦੋ ਸਾਲ ਪਹਿਲਾਂ ਮੈਨੂੰ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਸੀ। ਨਾਲੰਦਾ ਯੂਨੀਵਰਸਿਟੀ ਨੇ ਸ਼ਾਸਤਰਾਰਥ (ਗਿਆਨ ਦੀ ਚਰਚਾ) ਦੀ ਸਾਡੀ ਪੁਰਾਤਨ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਹੈ। ਸ਼ਾਸਤਰਾਰਥ ਸਿਰਫ਼ ਆਪਣੀ ਗੱਲ ਰੱਖਣ ਦਾ ਮਾਧਿਅਮ ਨਹੀਂ ਹੈ। ਇਹ ਵਿਚਾਰ-ਵਟਾਂਦਰੇ ਅਤੇ ਮੰਥਨ ਦੀ ਇੱਕ ਅਨੁਸ਼ਾਸਿਤ ਪ੍ਰਕਿਰਿਆ ਹੈ। ਇਸ ਵਿੱਚ ਤਰਕ ਦੇ ਨਾਲ, ਤੱਥਾਂ ਦੇ ਨਾਲ, ਆਪਣੀ ਗੱਲ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ, ਅਤੇ ਉਸ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ। ਦੂਜਿਆਂ ਦੇ ਵਿਚਾਰਾਂ ਨੂੰ ਧੀਰਜ ਨਾਲ ਸੁਣਨ ਅਤੇ ਸਮਝਣ ਦੀ ਸਿੱਖਿਆ ਵੀ ਇਸ ਸ਼ਾਸਤਰਾਰਥ ਦੀ ਪ੍ਰਕਿਰਿਆ ਤੋਂ ਮਿਲਦੀ ਹੈ। ਮੈਨੂੰ ਖ਼ੁਸ਼ੀ ਹੈ ਕਿ ਨਾਲੰਦਾ ਯੂਨੀਵਰਸਿਟੀ ਨੇ ਇਸ ਨੂੰ ਆਪਣੀ ਕਨਵੋਕੇਸ਼ਨ ਦਾ ਹਿੱਸਾ ਬਣਾਇਆ। ਇਸ ਵਿੱਚ ਹਿੱਸਾ ਲੈਣ ਵਾਲੇ ਕਰੀਬ ਅੱਧੇ ਵਿਦਿਆਰਥੀ ਹੋਰਨਾਂ ਦੇਸ਼ਾਂ ਤੋਂ ਆਏ ਸਨ। ਇੱਕ ਪੁਰਾਤਨ ਪਰੰਪਰਾ ਨੂੰ ਅੱਜ ਦੇ ਸਮੇਂ ਨਾਲ ਜੋੜਨ ਦੀ ਇਹ ਕੋਸ਼ਿਸ਼ ਬਹੁਤ ਸ਼ਲਾਘਾਯੋਗ ਹੈ। ਮੈਂ ਇਸ ਲਈ ਨਾਲੰਦਾ ਯੂਨੀਵਰਸਿਟੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਦੇਸ਼ ਦੀਆਂ ਹੋਰਨਾਂ ਯੂਨੀਵਰਸਿਟੀਆਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਅਜਿਹੀ ਪਹਿਲਕਦਮੀ ਉੱਤੇ ਵਿਚਾਰ ਕਰਨ।
ਸਾਥੀਓ,
ਜੜ੍ਹਾਂ ਨਾਲ ਜੁੜੇ ਰਹਿ ਕੇ ਨੌਜਵਾਨਾਂ ਨੂੰ ਨਵੀਂ ਤਕਨਾਲੋਜੀ ਲਈ ਤਿਆਰ ਕਰਨ ਦਾ ਇੱਕ ਹੋਰ ਵਧੀਆ ਉਪਰਾਲਾ ਹੋ ਰਿਹਾ ਹੈ। ਦਿੱਲੀ ਸਥਿਤ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਵਿੱਚ ਬੀਟੈੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਆਧੁਨਿਕ ਤਕਨਾਲੋਜੀ ਨੂੰ ਭਾਰਤ ਦੇ ਰਵਾਇਤੀ ਗਿਆਨ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਇਸ ਨਾਲ ਭਾਰਤੀ ਭਾਸ਼ਾਵਾਂ ਲਈ ਨਵੇਂ ਏਆਈ ਟੂਲਜ਼ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਾਡੇ ਪੁਰਾਤਨ ਗ੍ਰੰਥਾਂ ਅਤੇ ਹੱਥ-ਲਿਖਤਾਂ ਨੂੰ ਡਿਜੀਟਲ ਰੂਪ ਵਿੱਚ ਸਾਂਭਣ ਦੇ ਕੰਮ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ। ਮੈਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨੂੰ ਇਸ ਕੋਸ਼ਿਸ਼ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚ ਰਹੀ ਹੈ। ਸਾਡੇ ਗੀਤ, ਸੰਗੀਤ ਅਤੇ ਅਧਿਆਤਮ ਨੂੰ ਦੁਨੀਆ ਭਰ ਦੇ ਲੋਕ ਜਾਣ ਰਹੇ ਹਨ ਅਤੇ ਅਪਣਾ ਰਹੇ ਹਨ। ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕੈਰੇਬੀਅਨ ਸਾਗਰ ਵਿੱਚ ਡੋਮਿਨਿਕਨ ਰਿਪਬਲਿਕ ਨਾਮ ਦਾ ਇੱਕ ਦੇਸ਼ ਹੈ। ਉੱਥੇ ਭਾਰਤੀਆਂ ਦੀ ਗਿਣਤੀ ਕਰੀਬ 100 ਹੈ ਜਾਂ ਸ਼ਾਇਦ ਇਸ ਤੋਂ ਵੀ ਘੱਟ ਹੋਵੇਗੀ। ਇਸ ਦੇ ਬਾਵਜੂਦ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮ ਨਾਲ ਜੁੜਿਆ ਇੱਕ ਬਹੁਤ ਵਧੀਆ ਉਪਰਾਲਾ ਉੱਥੇ ਹੋ ਰਿਹਾ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਲੋਕਾਂ ਨੇ ਇੱਕ ਟੀਮ ਬਣਾਈ ਹੈ। ਇਸ ਟੀਮ ਦਾ ਨਾਮ ਹੈ, ‘ਬ੍ਰਹਮਕਮਲ ਡੋਮਿਨੀਕਾਨਾ’। ਟੀਮ ਦੇ ਮੈਂਬਰ ਮਿਲ ਕੇ ਵੈਦਿਕ ਸਾਹਿਤ ਦਾ ਅਧਿਐਨ ਕਰਦੇ ਹਨ। ਉਹ ਵੈਦਿਕ ਮੰਤਰਾਂ ਦਾ ਉਚਾਰਣ ਵੀ ਸਿੱਖ ਰਹੇ ਹਨ। ਉਨ੍ਹਾਂ ਨੂੰ ਇਸ ਦੀ ਕੋਈ ਰਸਮੀ ਟ੍ਰੇਨਿੰਗ ਨਹੀਂ ਮਿਲੀ ਹੈ। ਪਰ ਉਨ੍ਹਾਂ ਨੇ ਆਡੀਓ ਰਿਕਾਰਡਿੰਗਜ਼ ਸੁਣ ਕੇ ਵੈਦਿਕ ਮੰਤਰਾਂ ਦਾ ਸਹੀ ਉਚਾਰਣ ਸਿੱਖਿਆ ਹੈ। ਅੱਜ ਉਹ ਕਈ ਮੰਤਰਾਂ ਦਾ ਬਹੁਤ ਵਧੀਆ ਢੰਗ ਨਾਲ ਜਾਪ ਕਰ ਲੈਂਦੇ ਹਨ। ਇਨ੍ਹਾਂ ਵਿੱਚ ਪੁਰਸ਼ ਸੂਕਤਮ, ਸ਼੍ਰੀ ਸੂਕਤਮ, ਸ਼੍ਰੀ ਰੁਦਰਮ, ਦੁਰਗਾ ਸੂਕਤਮ ਅਤੇ ਦੇਵੀ ਮਹਾਤਮਯਮ ਸ਼ਾਮਲ ਹਨ। ਭਾਰਤ ਤੋਂ ਇੰਨੀ ਦੂਰ ਰਹਿ ਕੇ ਸਾਡੀਆਂ ਪਰੰਪਰਾਵਾਂ ਨੂੰ ਸਿੱਖਣ ਦੀ ਉਨ੍ਹਾਂ ਦੀ ਇਹ ਕੋਸ਼ਿਸ਼ ਬਹੁਤ ਪ੍ਰੇਰਣਾਦਾਇਕ ਹੈ। ਮੈਂ ‘ਬ੍ਰਹਮਕਮਲ ਡੋਮਿਨੀਕਾਨਾ’ ਦੇ ਉੱਥੋਂ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਅਜਿਹੇ ਸਾਰੇ ਲੋਕਾਂ ਦੀ ਦਿਲੋਂ ਸ਼ਲਾਘਾ ਕਰਦਾ ਹਾਂ ਜੋ ਭਾਰਤੀ ਸੰਸਕ੍ਰਿਤੀ ਨੂੰ ਦੁਨੀਆ ਭਰ ਵਿੱਚ ਹਰਮਨ-ਪਿਆਰਾ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਮੇਰੇ ਪਿਆਰੇ ਦੇਸ਼ ਵਾਸੀਓ,
ਮੇਘਾਲਿਆ ਦੀ ਪਛਾਣ ਬੱਦਲਾਂ ਨਾਲ ਹੈ, ਖੂਬਸੂਰਤ ਨਜ਼ਾਰਿਆਂ ਨਾਲ ਹੈ। ਜੋ ਮੇਘਾਲਿਆ ਜਾਂਦਾ ਹੈ, ਉਸ ਨੂੰ ਉੱਥੋਂ ਦੇ ਲੋਕਾਂ ਦਾ ਆਪਣਾਪਣ ਵੀ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਪਰ, ਮੇਘਾਲਿਆ ਦੀ ਇੱਕ ਹੋਰ ਖਾਸੀਅਤ ਹੈ, ਜਿਸ ਦੀ ਮੈਂ ਅੱਜ, ‘ਮਨ ਕੀ ਬਾਤ’ ਵਿੱਚ, ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਹਾਂ। ਇਹ ਹਨ – ਮੇਘਾਲਿਆ ਦੇ ਰੂਟ ਬ੍ਰਿਜ। ਰਸਤੇ ਵਾਲਾ ਰੂਟ ਨਹੀਂ, ਸਗੋਂ ਜੜ੍ਹਾਂ ਵਾਲਾ ਰੂਟ। ਇਨ੍ਹਾਂ ਰੂਟ ਬ੍ਰਿਜਾਂ ਦੀ ਕਹਾਣੀ ਬਹੁਤ ਦਿਲਚਸਪ ਹੈ। ਇਹ ਬ੍ਰਿਜ ਕੁਝ ਦਿਨਾਂ ਜਾਂ ਕੁਝ ਸਾਲਾਂ ਵਿੱਚ ਨਹੀਂ ਬਣਦੇ। ਇਨ੍ਹਾਂ ਨੂੰ ਤਿਆਰ ਹੋਣ ਵਿੱਚ ਕਈ ਦਹਾਕੇ ਲੱਗਦੇ ਹਨ। ਰਬੜ ਦੇ ਦਰੱਖਤਾਂ ਦੀਆਂ ਜੜ੍ਹਾਂ ਨੂੰ ਹੌਲੀ-ਹੌਲੀ ਦਿਸ਼ਾ ਦਿੱਤੀ ਜਾਂਦੀ ਹੈ। ਇਨ੍ਹਾਂ ਜੜ੍ਹਾਂ ਨੂੰ ਪਾਣੀ ਦੀਆਂ ਧਾਰਾਵਾਂ ਦੇ ਪਾਰ ਲਿਜਾਇਆ ਜਾਂਦਾ ਹੈ। ਸਮੇਂ ਦੇ ਨਾਲ ਉਹੀ ਜੜ੍ਹਾਂ ਇੱਕ ਮਜ਼ਬੂਤ ਪੁਲ (ਬ੍ਰਿਜ) ਦਾ ਰੂਪ ਲੈ ਲੈਂਦੀਆਂ ਹਨ। ਇਨ੍ਹਾਂ ਬ੍ਰਿਜਾਂ ਦੀ ਇੱਕ ਹੋਰ ਖਾਸੀਅਤ ਹੈ। ਇਹ ਜਿਉਂਦੇ ਬ੍ਰਿਜ ਹਨ। ਸਮਾਂ ਬੀਤਣ ਦੇ ਨਾਲ ਇਹ ਹੋਰ ਮਜ਼ਬੂਤ ਹੋ ਜਾਂਦੇ ਹਨ। ਇਨ੍ਹਾਂ ਵਿੱਚ ਮੇਘਾਲਿਆ ਦੇ ਲੋਕਾਂ ਦੀ ਸਿਰਜਣਾਤਮਕਤਾ ਦਿਖਾਈ ਦਿੰਦੀ ਹੈ। ਇਨ੍ਹਾਂ ਦੇ ਪਿੱਛੇ ਸਾਲਾਂ ਦਾ ਧੀਰਜ ਅਤੇ ਕੁਦਰਤ ਪ੍ਰਤੀ ਡੂੰਘਾ ਸਤਿਕਾਰ ਹੈ। ਇਹ ਪੁਲ ਦੱਸਦੇ ਹਨ ਕਿ ਇਨਸਾਨ ਕੁਦਰਤ ਨਾਲ ਮਿਲ ਕੇ ਕਿੰਨੀਆਂ ਅਦਭੁਤ ਚੀਜ਼ਾਂ ਬਣਾ ਸਕਦਾ ਹੈ। ਇਹ ਸਾਡੇ ਦੇਸ਼ ਦੀ, ਇਸ ਧਰਤੀ ਦੀ, ਵਿਰਾਸਤ ਹਨ। ਹੁਣ ਭਾਰਤ ਨੇ ਮੇਘਾਲਿਆ ਦੇ ਰੂਟ ਬ੍ਰਿਜਾਂ ਨੂੰ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੈੱਟਵਰਕ ਵਿੱਚ ਸ਼ਾਮਲ ਕਰਵਾਉਣ ਲਈ ਅਰਜ਼ੀ ਦਿੱਤੀ ਹੈ।
ਸਾਥੀਓ, ਜਲਵਾਯੂ ਤਬਦੀਲੀ ਕਾਰਨ ਇਨ੍ਹਾਂ ਰੂਟ ਬ੍ਰਿਜਾਂ ਦੇ ਸਾਹਮਣੇ ਕਈ ਚੁਣੌਤੀਆਂ ਵੀ ਆਉਂਦੀਆਂ ਹਨ। ਅਜਿਹੇ ਸਮੇਂ ਵਿੱਚ ਮੇਘਾਲਿਆ ਦੇ ਲੋਕਾਂ ਨੇ ਇਸ ਕੁਦਰਤੀ ਵਿਰਾਸਤ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ ਹੈ। ਪਹਿਲਾਂ ਇਹ ਪਤਾ ਲਾਉਣਾ ਵੀ ਸੌਖਾ ਨਹੀਂ ਸੀ ਕਿ ਅਜਿਹੇ ਬ੍ਰਿਜਾਂ ਦੀ ਗਿਣਤੀ ਕਿੰਨੀ ਹੈ? ਸਥਾਨਕ ਲੋਕਾਂ ਨੇ ਖੁਦ ਇਨ੍ਹਾਂ ਦੀ ਗਿਣਤੀ ਸ਼ੁਰੂ ਕੀਤੀ। ਇਸ ਤੋਂ ਬਾਅਦ ਭਾਈਚਾਰਿਆਂ ਨੇ ਇਨ੍ਹਾਂ ਪੁਲਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਵੀ ਸਾਂਭੀ। ਅੱਜ ਸਥਾਨਕ ਲੋਕ 120 ਤੋਂ ਵੱਧ ਰੂਟ ਬ੍ਰਿਜਾਂ ਦੀ ਦੇਖ-ਰੇਖ ਕਰ ਰਹੇ ਹਨ। ਕੁਝ ਟੀਮਾਂ ਹਰ ਸਾਲ ਇਨ੍ਹਾਂ ਪੁਲਾਂ ਦੀ ਸਥਿਤੀ ਦੀ ਜਾਂਚ ਕਰਦੀਆਂ ਹਨ। ਕੁਝ ਲੋਕਾਂ ਨੇ ਆਲੇ-ਦੁਆਲੇ ਦੇ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਨਰਸਰੀ ਵੀ ਤਿਆਰ ਕੀਤੀ ਹੈ। ਇਸ ਤਰ੍ਹਾਂ ਇਨ੍ਹਾਂ ਦੀ ਸੰਭਾਲ ਲਈ ਇੱਕ ਪੂਰਾ ਈਕੋਸਿਸਟਮ ਤਿਆਰ ਹੋ ਗਿਆ ਹੈ। ਤੁਸੀਂ ਵੇਖਿਆ ਹੋਵੇਗਾ, ਇਸ ਸਾਲ ਹੈਲੀ ਵਾਰ ਜੀ ਨੂੰ ਪਦਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਜੀਵਨ ਦੇ 50 ਤੋਂ ਵੱਧ ਸਾਲ ਇਨ੍ਹਾਂ ਰੂਟ ਬ੍ਰਿਜਾਂ ਦੀ ਦੇਖਭਾਲ ਵਿੱਚ ਲਗਾਏ ਹਨ। ਉਨ੍ਹਾਂ ਦਾ ਸਮਰਪਣ ਸਾਡੇ ਸਾਰਿਆਂ ਲਈ ਪ੍ਰੇਰਣਾਦਾਇਕ ਹੈ। ਸਾਥੀਓ, ਜੇ ਤੁਸੀਂ ਕਦੇ ਇਨ੍ਹਾਂ ਰੂਟ ਬ੍ਰਿਜਾਂ ਦੀ ਯਾਤਰਾ ਕੀਤੀ ਹੋਵੇ, ਤਾਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜ਼ਰੂਰ ਸਾਂਝੀਆਂ ਕਰੋ। ਤੁਹਾਡੀਆਂ ਤਸਵੀਰਾਂ ਦੂਜੇ ਲੋਕਾਂ ਨੂੰ ਵੀ ਮੇਘਾਲਿਆ ਦੀ ਇਸ ਅਨੋਖੀ ਵਿਰਾਸਤ ਬਾਰੇ ਜਾਣਨ ਲਈ ਪ੍ਰੇਰਿਤ ਕਰਨਗੀਆਂ।
ਮੇਰੇ ਪਿਆਰੇ ਦੇਸ਼ ਵਾਸੀਓ,
ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਪਿੰਡ ਸਾਫ਼-ਸੁਥਰਾ ਹੋਵੇ, ਸਾਡਾ ਸ਼ਹਿਰ ਸੁੰਦਰ ਦਿਖੇ। ਪਰ ਸ਼ਾਇਦ ਹੀ ਕਦੇ ਰੁਕ ਕੇ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਆਲੇ-ਦੁਆਲੇ ਜੋ ਕੂੜਾ ਜਮ੍ਹਾਂ ਹੁੰਦਾ ਹੈ, ਉਸ ਨੂੰ ਕੌਣ ਸਾਫ਼ ਕਰਦਾ ਹੈ? ਜ਼ਿਆਦਾਤਰ ਲੋਕ ਤਾਂ ਇਹੀ ਮੰਨ ਕੇ ਚੱਲਦੇ ਹਨ ਕਿ ਇਹ ਕਿਸੇ ਹੋਰ ਦੀ ਜ਼ਿੰਮੇਵਾਰੀ ਹੈ, ਅਤੇ, ਉਹ ਹੀ ਸਫ਼ਾਈ ਕਰੇਗਾ। ਪਰ ਸਾਡੇ ਵਿੱਚ ਕੁਝ ਅਜਿਹੇ ਵੀ ਲੋਕ ਹੁੰਦੇ ਹਨ, ਜੋ ਆਪਣੀ ਸੋਚ ਨਾਲ ਸਾਨੂੰ ਬਹੁਤ ਪ੍ਰੇਰਿਤ ਕਰਦੇ ਹਨ। ਮੈਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੀਆਂ ਕੁਝ ਭੈਣਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਫੈਲੇ ਪਲਾਸਟਿਕ ਦੇ ਕੂੜੇ ਨੂੰ ਹਟਾਉਣ ਦਾ ਇਰਾਦਾ ਕੀਤਾ। ਇਹ ਨਹੀਂ ਸੋਚਿਆ ਕਿ ਕੋਈ ਆ ਕੇ ਬਦਲਾਅ ਲਿਆਵੇਗਾ। ਉਨ੍ਹਾਂ ਨੇ ਖੁਦ ਪੂਰੇ ਸ਼ਹਿਰ ਵਿੱਚੋਂ ਪਲਾਸਟਿਕ ਦਾ ਕੂੜਾ ਅਤੇ ਖਾਲੀ ਬੋਤਲਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਹੌਲੀ-ਹੌਲੀ ਇਹ ਕੋਸ਼ਿਸ਼ ਅੱਗੇ ਵਧਦੀ ਗਈ ਅਤੇ ਫਿਰ ਉਸ ਪਲਾਸਟਿਕ ਨੂੰ ਈਕੋ-ਬ੍ਰਿਕਸ ਵਿੱਚ ਬਦਲਿਆ ਜਾਣ ਲੱਗਾ। ਅੱਜ ਇਨ੍ਹਾਂ ਈਕੋ-ਬ੍ਰਿਕਸ ਦੀ ਵਰਤੋਂ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਵਿੱਚ ਕੀਤੀ ਜਾ ਰਹੀ ਹੈ। ਰਾਜਗੜ੍ਹ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਸੈਂਕੜੇ ਕਿੱਲੋ ਪਲਾਸਟਿਕ ਨੂੰ ਰੀਸਾਈਕਲ ਕਰਕੇ ਉਸ ਦੀ ਬਿਹਤਰ ਵਰਤੋਂ ਕੀਤੀ ਗਈ ਹੈ। ਭਾਵ, ਜੋ ਪਲਾਸਟਿਕ ਪਹਿਲਾਂ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਂਦਾ ਸੀ, ਅੱਜ ਉਹੀ ਇਨ੍ਹਾਂ ਭੈਣਾਂ ਦੀ ਕੋਸ਼ਿਸ਼ ਸਦਕਾ ਸ਼ਹਿਰ ਦੀ ਸੁੰਦਰਤਾ ਵਧਾਉਣ ਵਿੱਚ ਯੋਗਦਾਨ ਪਾ ਰਿਹਾ ਹੈ। ਮੈਂ ਬਿਆਵਰਾ ਦੀਆਂ ਸਾਰੀਆਂ ਭੈਣਾਂ ਅਤੇ ਇਸ ਮੁਹਿੰਮ ਨਾਲ ਜੁੜੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ,
ਮੈਨੂੰ ਕਈ ਲੋਕਾਂ ਨੇ ਚਿੱਠੀ ਲਿਖ ਕੇ ਇੱਕ ਖ਼ਾਸ ਵਿਸ਼ੇ ਉੱਤੇ ਗੱਲ ਕਰਨ ਦਾ ਸੁਝਾਅ ਭੇਜਿਆ ਹੈ। ਇਹ ਵਿਸ਼ਾ ‘ਗਣੇਸ਼ ਉਤਸਵ’ ਨਾਲ ਜੁੜਿਆ ਹੈ। ਉਂਝ ਤਾਂ ‘ਗਣੇਸ਼ ਉਤਸਵ’ ਵਿੱਚ ਹਾਲੇ ਕਾਫ਼ੀ ਸਮਾਂ ਬਾਕੀ ਹੈ, ਪਰ ਲੋਕਾਂ ਨੇ ਇਹ ਅਪੀਲ ਕੀਤੀ ਹੈ ਕਿ ਇਸ ਵਿਸ਼ੇ ਉੱਤੇ ਹੁਣੇ ਹੀ ਗੱਲ ਹੋਣੀ ਚਾਹੀਦੀ ਹੈ। ਅਸਲ ਵਿੱਚ, ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਦਾ ਕੰਮ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਮੂਰਤੀ ਬਣਾਉਣ ਵਾਲੇ, ਮੂਰਤੀਆਂ ਦੇ ਵਪਾਰ ਨਾਲ ਜੁੜੇ ਲੋਕ ਹੁਣ ਤੋਂ ਹੀ ਸਰਗਰਮ ਹੋ ਜਾਂਦੇ ਹਨ। ਇਸ ਲਈ ਮੇਰੀ ਤੁਹਾਡੇ ਸਾਰਿਆਂ ਨੂੰ ਇੱਕ ਅਪੀਲ ਹੈ। ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਡੇ ਘਰ, ਸੁਸਾਇਟੀ ਜਾਂ ਆਲੇ-ਦੁਆਲੇ ਦੀਆਂ ਥਾਵਾਂ ਉੱਤੇ ਗਣਪਤੀ ਬੱਪਾ ਦੀ ਜੋ ਮੂਰਤੀ ਸਥਾਪਿਤ ਹੋਵੇ, ਉਹ ਸਾਡੇ ਦੇਸ਼ ਦੀ ਮਿੱਟੀ ਨਾਲ ਬਣੀ ਹੋਵੇ, ਉਹ ਸਾਡੇ ਆਪਣੇ ਘੁਮਿਆਰਾਂ ਅਤੇ ਸਥਾਨਕ ਕਲਾਕਾਰਾਂ ਦੇ ਹੱਥਾਂ ਨਾਲ ਤਿਆਰ ਹੋਈ ਹੋਵੇ। ਜਿਹੜੇ ਲੋਕ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਂਦੇ ਹਨ, ਉਨ੍ਹਾਂ ਨੂੰ ਵੀ ਮੇਰੀ ਅਪੀਲ ਹੈ ਕਿ ਉਹ ਮਿੱਟੀ ਦੀਆਂ ਮੂਰਤੀਆਂ ਨੂੰ ਪਹਿਲ ਦੇਣ, ਅਤੇ ਜਿਹੜੇ ਲੋਕ ਮੂਰਤੀਆਂ ਖਰੀਦਦੇ ਹਨ, ਉਹ ਵੀ ਇਹ ਜ਼ਰੂਰ ਵੇਖਣ, ਕਿ ਗਣਪਤੀ ਬੱਪਾ ਦੀ ਮੂਰਤੀ ਕਿਸ ਚੀਜ਼ ਤੋਂ ਬਣੀ ਹੈ ਅਤੇ ਕਿਸ ਦੇਸ਼ ਵਿੱਚ ਤਿਆਰ ਹੋਈ ਹੈ। ਪਲਾਸਟਰ ਆਫ਼ ਪੈਰਿਸ ਦੀਆਂ ਬਣੀਆਂ ਮੂਰਤੀਆਂ ਬਿਲਕੁਲ ਨਾ ਖਰੀਦੋ। ਸਾਥੀਓ, ਮਿੱਟੀ ਦੀਆਂ ਮੂਰਤੀਆਂ ਪੂਜਾ ਤੋਂ ਬਾਅਦ ਆਸਾਨੀ ਨਾਲ ਪਾਣੀ ਵਿੱਚ ਘੁਲ ਜਾਂਦੀਆਂ ਹਨ। ਇਸ ਨਾਲ ਸਾਡੀਆਂ ਨਦੀਆਂ, ਤਲਾਬਾਂ ਅਤੇ ਵਾਤਾਵਰਨ ਦੀ ਰਾਖੀ ਹੁੰਦੀ ਹੈ। ਸਾਡੀ ਆਸਥਾ ਵੀ ਬਣੀ ਰਹਿੰਦੀ ਹੈ ਅਤੇ ਕੁਦਰਤ ਪ੍ਰਤੀ ਸਾਡਾ ਫ਼ਰਜ਼ ਵੀ ਪੂਰਾ ਹੁੰਦਾ ਹੈ। ਜਦੋਂ ਅਸੀਂ ਸਥਾਨਕ ਕਾਰੀਗਰਾਂ ਤੋਂ ਮੂਰਤੀ ਖਰੀਦਦੇ ਹਾਂ, ਤਾਂ ਅਸੀਂ ‘ਵੋਕਲ ਫਾਰ ਲੋਕਲ’ ਦੇ ਸੰਕਲਪ ਨੂੰ ਮਜ਼ਬੂਤ ਕਰਦੇ ਹਾਂ। ਮੈਨੂੰ ਭਰੋਸਾ ਹੈ ਕਿ ਇਸ ਵਾਰ ‘ਗਣੇਸ਼ ਉਤਸਵ’ ਵਿੱਚ ਅਤੇ ਅਜਿਹੇ ਹਰ ਤਿਉਹਾਰ ਵਿੱਚ ਅਸੀਂ ਅਜਿਹੀਆਂ ਸਾਰੀਆਂ ਗੱਲਾਂ ਉੱਤੇ ਜ਼ਰੂਰ ਗੰਭੀਰਤਾ ਨਾਲ ਸੋਚਾਂਗੇ ਅਤੇ ਦੇਸ਼ ਦੇ ਹਿੱਤ ਵਿੱਚ ਕਦਮ ਵੀ ਚੁੱਕਾਂਗੇ।
ਸਾਥੀਓ,
ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ, ਸਾਡੇ ਦੇਸ਼ ਦੇ ਲੋਕ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀਆਂ ਛੋਟੀਆਂ-ਵੱਡੀਆਂ ਕੋਸ਼ਿਸ਼ਾਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਇਹ ਕੋਸ਼ਿਸ਼ਾਂ ਦੱਸਦੀਆਂ ਹਨ ਕਿ ਜਦੋਂ ਮਨ ਵਿੱਚ ਇਰਾਦਾ ਹੋਵੇ ਅਤੇ ਸਮਾਜ ਦਾ ਸਾਥ ਮਿਲੇ, ਤਾਂ ਕੋਈ ਵੀ ਵੱਡਾ ਬਦਲਾਅ ਲਿਆਂਦਾ ਜਾ ਸਕਦਾ ਹੈ। ਤੁਸੀਂ ਆਪਣੇ ਆਲੇ-ਦੁਆਲੇ ਹੋ ਰਹੀਆਂ ਅਜਿਹੀਆਂ ਕੋਸ਼ਿਸ਼ਾਂ ਬਾਰੇ ਮੈਨੂੰ ਜ਼ਰੂਰ ਲਿਖਦੇ ਰਹੋ। ਆਪਣੇ ਵਿਚਾਰ ਅਤੇ ਆਪਣੇ ਸੁਝਾਅ ਭੇਜਦੇ ਰਹੋ, ਹੋ ਸਕਦਾ ਹੈ ਤੁਹਾਡੇ ਆਲੇ-ਦੁਆਲੇ ਦੀ ਕੋਈ ਛੋਟੀ ਜਿਹੀ ਪਹਿਲ, ਪੂਰੇ ਦੇਸ਼ ਲਈ ਪ੍ਰੇਰਨਾ ਬਣ ਜਾਵੇ। ਅਗਲੇ ਮਹੀਨੇ ਅਸੀਂ ਫਿਰ ਮਿਲਾਂਗੇ। ਦੇਸ਼ ਵਾਸੀਆਂ ਦੀਆਂ ਕੁਝ ਨਵੀਆਂ ਕੋਸ਼ਿਸ਼ਾਂ ਬਾਰੇ ਚਰਚਾ ਕਰਾਂਗੇ। ਉਦੋਂ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਅਤੇ ਹਾਂ! ਜਲ ਸੰਭਾਲ ਤਾਂ ਕਰਨੀ ਹੀ ਕਰਨੀ ਹੈ। ਮੀਂਹ ਦੇ ਪਾਣੀ ਦੀ ਇੱਕ-ਇੱਕ ਬੂੰਦ ਨੂੰ ਅਸੀਂ ਬਚਾਉਣਾ ਹੈ। ‘ਕੈਚ ਦਿ ਰੇਨ’ ਇਸ ਮੁਹਿੰਮ ਨੂੰ ਜ਼ਰਾ ਵੀ ਮੱਠਾ ਨਹੀਂ ਪੈਣ ਦੇਣਾ ਹੈ। ਇਸ ਲਈ ਮੇਰੀ ਖ਼ਾਸ ਅਪੀਲ ਹੈ, ਮੀਂਹ ਦਾ ਬੂੰਦ-ਬੂੰਦ
ਪਾਣੀ, ਅਸੀਂ ਮਿਲ ਕੇ ਬਚਾਈਏ।
ਬਹੁਤ-ਬਹੁਤ ਧੰਨਵਾਦ। ਨਮਸਕਾਰ।
*******
ਐੱਮਜੇਪੀਐੱਸ/ਐੱਸਟੀ/ਵੀਕੇ
#MannKiBaat has begun. Do hear! https://t.co/KxXEVbfnmI
— PMO India (@PMOIndia) June 28, 2026
This month, India has witnessed several achievements that make every citizen proud. These achievements have further strengthened India's journey towards self-reliance.#MannKiBaat pic.twitter.com/CkEa0CiFJP
— PMO India (@PMOIndia) June 28, 2026
International Day of Yoga once again united people across the world.
— PMO India (@PMOIndia) June 28, 2026
India's outstanding performance at the World Yogasana Championship made the occasion even more special.#MannKiBaat pic.twitter.com/mXUX9W5Bv4
A thoughtful gesture by a family in Maharashtra...#MannKiBaat pic.twitter.com/1uZiS2eOrC
— PMO India (@PMOIndia) June 28, 2026
Affordable social security schemes are providing families across India with financial protection and support during times of need.#MannKiBaat pic.twitter.com/2KXB40ITwN
— PMO India (@PMOIndia) June 28, 2026
An inspiring community-led movement in Assam has shown how awareness and collective effort can transform mindsets and protect nature.#MannKiBaat pic.twitter.com/6aIkb7Clpu
— PMO India (@PMOIndia) June 28, 2026
Grassroots sporting initiatives are empowering young talent... Here are two commendable efforts from Nagaland.#MannKiBaat pic.twitter.com/2F25YC5sQW
— PMO India (@PMOIndia) June 28, 2026
Nalanda University is making a commendable effort to connect India's ancient tradition of 'Shaastraarth' with the needs of the modern world.#MannKiBaat pic.twitter.com/1Sibd2DDSI
— PMO India (@PMOIndia) June 28, 2026
A noteworthy initiative by the Central Sanskrit University...#MannKiBaat pic.twitter.com/fzcMD7sOiL
— PMO India (@PMOIndia) June 28, 2026
A remarkable initiative in the Dominican Republic reflects the growing global appeal of India's culture and traditions.#MannKiBaat pic.twitter.com/if4tZ3YWkX
— PMO India (@PMOIndia) June 28, 2026
Meghalaya's root bridges are a remarkable example of harmony between people and nature. #MannKiBaat pic.twitter.com/bpvT4lR3rG
— PMO India (@PMOIndia) June 28, 2026
An inspiring initiative by women in Madhya Pradesh is transforming plastic waste into eco-bricks. #MannKiBaat pic.twitter.com/w7RmFnq4Xe
— PMO India (@PMOIndia) June 28, 2026
This Ganesh Utsav, let us choose eco-friendly clay idols crafted by local artisans.#MannKiBaat pic.twitter.com/ct7pYNrER6
— PMO India (@PMOIndia) June 28, 2026