ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ!
‘ਮਨ ਕੀ ਬਾਤ’ ਦੇ ਇਸ ਨਵੇਂ ਐਪੀਸੋਡ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਇਹ ਇੱਕ ਅਜਿਹਾ ਮੰਚ ਹੈ, ਜਿੱਥੇ ਅਸੀਂ ਨਵੀਆਂ ਕੋਸ਼ਿਸ਼ਾਂ ਸਾਹਮਣੇ ਲਿਆਉਂਦੇ ਹਾਂ। ਦੇਸ਼ ਵਾਸੀਆਂ ਦੇ ਨਵੇਂ ਅਤੇ ਨਿਵੇਕਲੇ ਵਿਚਾਰਾਂ ’ਤੇ ਚਰਚਾ ਕਰਦੇ ਹਾਂ। ਇਨ੍ਹਾਂ ਵਿੱਚੋਂ ਕਿੰਨੇ ਹੀ ਵਿਚਾਰ ਅਜਿਹੇ ਹੁੰਦੇ ਹਨ, ਜਿਨ੍ਹਾਂ ਪਿੱਛੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਅਣਥੱਕ ਊਰਜਾ ਲਾਈ ਹੁੰਦੀ ਹੈ।
ਸਾਥੀਓ,
ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ’ਤੇ ਕਿਸੇ ਨੇ ਲਿਖਿਆ ਸੀ “ਆਸ਼ਾੜੀ ਏਕਾਦਸ਼ੀ ਦੇ ਪਵਿੱਤਰ ਮੌਕੇ ਮੈਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਮੈਂ ਇਤਿਹਾਸ ਨੂੰ ਦਿਲਚਸਪ ਬਣਾਉਣ ਦੀ ਆਪਣੀ ਕੋਸ਼ਿਸ਼ ਦੀ ਸ਼ੁਰੂਆਤ ਕਰ ਰਿਹਾ ਹਾਂ।” ਉਨ੍ਹਾਂ ਅੱਗੇ ਦੱਸਿਆ ਕਿ ਇਹ ਆਈਡੀਆ ਬਹੁਤ ਹੀ ਸਧਾਰਨ ਹੈ। ਤੁਸੀਂ ਇਸ ਵੈੱਬਸਾਈਟ ’ਤੇ ਜਾਓ ਅਤੇ ਕੋਈ ਵੀ ਇੱਕ ਸਾਲ ਚੁਣ ਲਓ। ਇੱਥੇ ਤੁਹਾਨੂੰ ਆਸਾਨੀ ਨਾਲ ਪਤਾ ਲੱਗੇਗਾ ਕਿ ਉਸ ਸਮੇਂ ਭਾਰਤ ਦੇ ਕਿਸ ਹਿੱਸੇ ’ਤੇ ਕਿਸ ਦਾ ਰਾਜ ਸੀ। ਮੈਨੂੰ ਵੀ ਇਹ ਕਾਫ਼ੀ ਦਿਲਚਸਪ ਲੱਗਾ। ਮੈਂ ਸੋਚਿਆ ਕਿ ਇਸ ਬਾਰੇ ਹੋਰ ਜਾਣਕਾਰੀ ਲਈ ਜਾਵੇ। ਮੈਨੂੰ ਪਤਾ ਲੱਗਾ ਕਿ ਇਹ ਕੰਮ ਮੁੰਬਈ ਵਿੱਚ ਰਹਿਣ ਵਾਲੇ ਸ਼੍ਰੀਮਾਨ ਕ੍ਰਿਸ਼ਨਾ ਸ਼ੇਸ਼ਾਦਰੀ ਜੀ ਨੇ ਕੀਤਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਕ੍ਰਿਸ਼ਨਾ ਜੀ ਨੇ ਵੈੱਬਸਾਈਟ ਦਾ ਨਾਮ ਵੀ ਬਹੁਤ ਸਿੰਪਲ ਰੱਖਿਆ ਹੈ www.bharatrajya.com। ਉਨ੍ਹਾਂ ਨੇ ਜੋ ਕੋਸ਼ਿਸ਼ ਕੀਤੀ ਹੈ, ਉਸ ਦੀ ਜਾਣਕਾਰੀ ਤੁਹਾਡੇ ਤੱਕ ਵੀ ਜ਼ਰੂਰ ਪਹੁੰਚਣੀ ਚਾਹੀਦੀ ਹੈ। ਇਸ ਲਈ, ਮੈਂ ਸੋਚਿਆ ਕਿ ਕਿਉਂ ਨਾ ਸਿੱਧਾ ਸ਼੍ਰੀ ਕ੍ਰਿਸ਼ਨਾ ਜੀ ਨਾਲ ਹੀ ਗੱਲ ਕੀਤੀ ਜਾਵੇ।
ਸਾਥੀਓ,
ਕ੍ਰਿਸ਼ਨਾ ਜੀ ਸਾਡੇ ਨਾਲ ਫੋਨ ’ਤੇ ਜੁੜ ਰਹੇ ਹਨ।
ਪ੍ਰਧਾਨ ਮੰਤਰੀ: ਕ੍ਰਿਸ਼ਨਾ ਜੀ ਨਮਸਤੇ।
ਕ੍ਰਿਸ਼ਨਾ ਸ਼ੇਸ਼ਾਦਰੀ: ਨਮਸਤੇ ਸਰ, ਨਮਸਤੇ।
ਪ੍ਰਧਾਨ ਮੰਤਰੀ: ਭਾਈ, ਮੈਨੂੰ ਪਤਾ ਲੱਗਾ ਹੈ ਕਿ ਨਾ ਤੁਸੀਂ ਤਕਨੀਕ ਦੀ ਦੁਨੀਆ ਤੋਂ ਹੋ, ਨਾ ਤੁਸੀਂ ਇਤਿਹਾਸ ਦੇ ਅਧਿਆਪਕ ਹੋ, ਫਿਰ ਵੀ, ਤੁਸੀਂ ਤਕਨੀਕ ਦੀ ਵਰਤੋਂ ਕਰ ਕੇ ਇਤਿਹਾਸ ਦੀ ਸਾਈਟ ਬਣਾ ਦਿੱਤੀ। ਤਾਂ ਮੈਨੂੰ ਬਹੁਤ ਉਤਸੁਕਤਾ ਹੈ ਕਿ ਇਹ ਸਭ ਕਿਵੇਂ ਹੋਇਆ?
ਕ੍ਰਿਸ਼ਨਾ ਸ਼ੇਸ਼ਾਦਰੀ: ਧੰਨਵਾਦ ਸਰ, ਤੁਹਾਡੇ ਨਾਲ ਗੱਲ ਕਰਨਾ ਮੇਰੀ ਬਹੁਤ ਵੱਡੀ ਖ਼ੁਸ਼ਕਿਸਮਤੀ ਹੈ। ਸਰ, ਜੇ ਮੈਂ ਆਪਣੇ ਬਾਰੇ ਥੋੜ੍ਹਾ ਦੱਸਾਂ, ਤਾਂ ਮੈਂ ਇੱਕ ਇੰਜੀਨੀਅਰ ਸੀ, ਫਿਰ ਮੈਂ ਐੱਮਬੀਏ ਕੀਤੀ, ਫਿਰ ਮੈਂ ਮਾਰਕਿਟਿੰਗ ਖੇਤਰ ਵਿੱਚ ਚਲਾ ਗਿਆ। ਪਰ ਇਹ ਸਭ ਕਰਦਿਆਂ ਹੋਇਆਂ ਵੀ ਮੈਨੂੰ ਬਚਪਨ ਤੋਂ ਇਤਿਹਾਸ ਵਿੱਚ ਬਹੁਤ ਦਿਲਚਸਪੀ ਸੀ। ਇਸ ਲਈ ਮੈਂ ਹਮੇਸ਼ਾ ਇਤਿਹਾਸ ਬਾਰੇ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਕਿ ਇਸ ਨੂੰ ਦਿਲਚਸਪ ਕਿਵੇਂ ਬਣਾਇਆ ਜਾਵੇ ਅਤੇ ਮੈਨੂੰ ਇਹ ਵੀ ਲੱਗਦਾ ਸੀ ਕਿ ਜਿਵੇਂ ਅਸੀਂ ਇਤਿਹਾਸ ਪੜ੍ਹਾਉਂਦੇ ਹਾਂ, ਉਸ ਵਿੱਚ ਅਸੀਂ ਬਹੁਤ ਸੁਧਾਰ ਕਰ ਸਕਦੇ ਹਾਂ, ਉਸ ਵਿੱਚ ਅਸੀਂ ਬਹੁਤ ਬਦਲਾਅ ਲਿਆ ਸਕਦੇ ਹਾਂ। ਇਤਿਹਾਸ ਨੂੰ ਇੱਕ ਕਹਾਣੀ ਬਣਾ ਕੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ।
ਪ੍ਰਧਾਨ ਮੰਤਰੀ: ਕ੍ਰਿਸ਼ਨਾ ਜੀ, ਭਾਰਤੀ ਇਤਿਹਾਸ ਦਾ ਅਜਿਹਾ ਕਿਹੜਾ ਪਹਿਲੂ ਹੈ, ਜਿਸ ਬਾਰੇ ਤੁਹਾਨੂੰ ਲੱਗਾ ਕਿ ਇਸ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਨੂੰ ਹੋਣੀ ਚਾਹੀਦੀ ਹੈ?
ਕ੍ਰਿਸ਼ਨਾ ਸ਼ੇਸ਼ਾਦਰੀ: ਸਰ, ਜੇ ਅਸੀਂ ਭਾਰਤੀ ਇਤਿਹਾਸ ਨੂੰ ਦੇਖੀਏ ਜਿਵੇਂ ਸਾਡੇ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹਾਇਆ ਜਾਂਦਾ ਹੈ, ਤਾਂ ਉਹ ਕਿਸੇ ਇੱਕ ਸਾਮਰਾਜ ਜਾਂ ਕਿਸੇ ਇੱਕ ਰਾਜ ਦੇ ਨਜ਼ਰੀਏ ਤੋਂ ਪੜ੍ਹਾਇਆ ਜਾਂਦਾ ਹੈ ਅਤੇ ਉਨ੍ਹਾਂ ਸਾਮਰਾਜਾਂ ਨੂੰ ਬਹੁਤ ਜ਼ਿਆਦਾ ਧਿਆਨ ਵੀ ਮਿਲਦਾ ਹੈ। ਇਸ ਚੱਕਰ ਵਿੱਚ ਬਾਕੀ ਦੇ ਬਹੁਤ ਸਾਰੇ ਜੋ ਸਾਡੇ ਸਾਮਰਾਜ ਸਨ, ਜੋ ਮਹਾਨ ਸਾਮਰਾਜ ਸਨ ਜਿਵੇਂ ਚੋਲ, ਪੱਲਵ, ਕਸ਼ਮੀਰ ਵਿੱਚ ਕਰਕੋਟ ਰਾਜਵੰਸ਼, ਅਹੋਮ ਸਨ ਜਿਨ੍ਹਾਂ ਨੇ ਘੱਟੋ-ਘੱਟ 600 ਸਾਲ ਅਸਾਮ ਵਿੱਚ ਆਪਣਾ ਸੱਭਿਆਚਾਰ ਅਤੇ ਆਪਣੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਿਆ, ਇਨ੍ਹਾਂ ਸਭ ਬਾਰੇ ਅਸੀਂ ਨਹੀਂ ਜਾਣਦੇ। ਤਾਂ ਮੈਂ ਸੋਚਿਆ ਕਿ ਕੋਈ ਅਜਿਹੀ ਸਾਈਟ ਬਣਾਈਏ ਜੋ ਅਜਿਹੇ ਮਹਾਨ ਸਾਮਰਾਜਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਏ।
ਪ੍ਰਧਾਨ ਮੰਤਰੀ: ਕ੍ਰਿਸ਼ਨਾ ਜੀ, ਤੁਸੀਂ ਇੰਨੀ ਮਿਹਨਤ ਕਰਦੇ ਹੋ, ਮੈਂ ਤੁਹਾਨੂੰ ਐਵੇਂ ਹੀ ਇੱਕ ਕਾਲਪਨਿਕ ਸਵਾਲ ਪੁੱਛਦਾ ਹਾਂ। ਜੇ ਤੁਹਾਨੂੰ ਭਾਰਤੀ ਇਤਿਹਾਸ ਦੇ ਕਿਸੇ ਵੀ ਤਿੰਨ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇ, ਤਾਂ ਤੁਸੀਂ ਕਿਸ ਨਾਲ ਗੱਲ ਕਰਨਾ ਚਾਹੋਗੇ ਅਤੇ ਕਿਉਂ?
ਕ੍ਰਿਸ਼ਨਾ ਸ਼ੇਸ਼ਾਦਰੀ: ਹਾਂ ਸਰ, ਤਾਂ ਪਹਿਲਾਂ ਮੈਂ ਗੱਲ ਕਰਾਂਗਾ, ਰਾਜਾਰਾਜਾ ਚੋਲ ਜਾਂ ਰਾਜੇਂਦਰ ਚੋਲ ਨਾਲ, ਜੋ ਚੋਲ ਸਾਮਰਾਜ ਦੇ ਸਭ ਤੋਂ ਤਾਕਤਵਰ ਜਾਂ ਸਭ ਤੋਂ ਅਹਿਮ ਰਾਜਿਆਂ ਵਿੱਚੋਂ ਸਨ। ਤਾਂ ਮੈਂ ਉਨ੍ਹਾਂ ਤੋਂ ਇਹ ਜਾਣਨਾ ਚਾਹਾਂਗਾ ਕਿ ਪਹਿਲਾਂ ਉਨ੍ਹਾਂ ਨੂੰ ਇਹ ਵਿਜ਼ਨ ਕਿਵੇਂ ਆਇਆ ਜਿਵੇਂ ਉਨ੍ਹਾਂ ਨੇ ਬ੍ਰਿਹਦੇਸ਼ਵਰ ਮੰਦਰ ਜਾਂ ਗੰਗਈਕੋਂਡਾ ਚੋਲਪੁਰਮ ਜੋ ਵੱਡੇ-ਵੱਡੇ ਮੰਦਰ ਹਨ, ਸ਼ਿਵ ਜੀ ਦੇ ਮੰਦਰ ਹਨ, ਉਨ੍ਹਾਂ ਨੂੰ ਬਣਾਉਣ ਦਾ ਵਿਜ਼ਨ ਕਿੱਥੋਂ ਆਇਆ, ਉਹ ਪਲੈਨਿੰਗ ਕਿਵੇਂ ਕੀਤੀ, ਉਨ੍ਹਾਂ ਨੂੰ ਇਹ ਵਿਚਾਰ ਕਿਵੇਂ ਆਇਆ ਕਿ ਅਸੀਂ ਅਜਿਹਾ ਕੁਝ ਬਣਾ ਕੇ ਜਾਈਏ ਜੋ ਅਗਲੇ ਹਜ਼ਾਰ ਜਾਂ ਦੋ ਹਜ਼ਾਰ ਸਾਲ ਤੱਕ ਦੂਜੇ ਲੋਕਾਂ ਨੂੰ ਪ੍ਰੇਰਿਤ ਕਰ ਸਕੇ। ਤਾਂ ਉਹ ਮੈਂ ਉਨ੍ਹਾਂ ਤੋਂ ਜਾਣਨਾ ਹੈ। ਅਤੇ ਦੂਜੀ ਜੋ ਸ਼ਖ਼ਸੀਅਤ ਹੈ, ਉਹ ਅਸਲ ਵਿੱਚ ਮੇਰੇ ਹਿਸਾਬ ਨਾਲ ਭਾਰਤੀ ਇਤਿਹਾਸ ਵਿੱਚ ਇੱਕ ਬਹੁਤ ਹੀ ਅਣਗੌਲੀ ਸ਼ਖ਼ਸੀਅਤ ਹੈ। ਸਰ, ਉਨ੍ਹਾਂ ਦਾ ਨਾਮ ਹੈ ਹੇਮੂ। ਅਸੀਂ ਉਨ੍ਹਾਂ ਬਾਰੇ ਭਾਰਤੀ ਇਤਿਹਾਸ ਵਿੱਚ ਵੱਧ ਤੋਂ ਵੱਧ ਦੋ ਜਾਂ ਤਿੰਨ ਲਾਈਨਾਂ ਪੜ੍ਹਦੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਹੇਮੂ ਜੋ ਸਨ, ਉਹ ਇੱਕ ਆਮ ਆਦਮੀ ਸਨ, ਇੱਕ ਸਧਾਰਨ ਇਨਸਾਨ ਸਨ, ਉਹ ਇੱਕ ਵਪਾਰੀ ਸਨ। ਉੱਥੋਂ ਉਨ੍ਹਾਂ ਨੇ ਇੱਕ ਸਾਮਰਾਜ ਖੜ੍ਹਾ ਕੀਤਾ ਅਤੇ ਉਹ ਨਾ ਸਿਰਫ਼ ਇੱਕ ਸਾਮਰਾਜ ਬਣਾਉਣ ਵਾਲੇ ਸਨ, ਸਗੋਂ ਉਹ ਇੱਕ ਮਿਲਟਰੀ ਥਿੰਕਰ ਵੀ ਸਨ, ਮਿਲਟਰੀ ਜੀਨੀਅਸ ਸਨ, ਜਿਨ੍ਹਾਂ ਨੇ ਆਪਣੇ ਕਰੀਅਰ ਵਿੱਚ 23 ਲੜਾਈਆਂ ਲੜੀਆਂ ਤੇ ਉਨ੍ਹਾਂ ਵਿੱਚੋਂ 22 ਜਿੱਤੀਆਂ। ਤਾਂ ਉਨ੍ਹਾਂ ਦਾ ਸੋਚਣ ਦਾ ਤਰੀਕਾ ਕਿਹੋ ਜਿਹਾ ਸੀ, ਅਤੇ ਉਹ ਕਿਵੇਂ ਇੱਕ ਆਮ ਆਦਮੀ ਤੋਂ ਇੰਨੇ ਵੱਡੇ ਰਾਜਾ ਬਣੇ, ਉਨ੍ਹਾਂ ਦੇ ਉਸ ਸਫ਼ਰ ਨੂੰ ਜਾਣਨ ਵਿੱਚ ਮੈਨੂੰ ਬਹੁਤ ਦਿਲਚਸਪੀ ਹੈ ਸਰ। ਅਤੇ ਤੀਜੀ ਜੋ ਹੈ, ਇਹ ਬਹੁਤ ਹੀ ਦਿਲਚਸਪ ਸ਼ਖ਼ਸੀਅਤ ਹੈ, ਉਹ ਇੱਕ ਔਰਤ ਹੈ ਸਰ, ਤ੍ਰਿਭੁਵਨ ਮਹਾਦੇਵੀ। ਓੜੀਸਾ ਵਿੱਚ ਇੱਕ ਰਾਜ ਹੈ ਜਿਸ ਦਾ ਨਾਮ ਸੀ ਭੌਮਕਰਾ ਰਾਜਵੰਸ਼, ਤਾਂ ਇਨ੍ਹਾਂ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। 850 ਈਸਵੀ ਦੇ ਆਸ-ਪਾਸ ਜਦੋਂ ਉਨ੍ਹਾਂ ਦੇ ਗੁਆਂਢੀ ਪਾਲ ਸਾਮਰਾਜ ਨੇ ਉਨ੍ਹਾਂ ਦੇ ਰਾਜ ’ਤੇ ਹਮਲਾ ਕਰ ਦਿੱਤਾ ਸੀ ਸਰ, ਅਤੇ ਉਨ੍ਹਾਂ ਦੇ ਰਾਜਾ ਜੋ ਉਨ੍ਹਾਂ ਦੇ ਪਤੀ ਸਨ, ਉਹ ਉਸ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਇਸ ਕਾਰਨ ਉਹ ਸਾਮਰਾਜ ਬਹੁਤ ਛੋਟਾ ਹੋ ਗਿਆ ਅਤੇ ਉਸ ਦੇ ਜੋ ਆਗੂ ਸਨ, ਉਹ ਸਾਮਰਾਜ ਛੱਡ ਕੇ ਜਾਣ ਲੱਗ ਪਏ ਸਨ। ਫਿਰ ਤ੍ਰਿਭੁਵਨ ਮਹਾਦੇਵੀ ਨੇ ਉਹ ਸਰਕਾਰ ਸੰਭਾਲੀ ਅਤੇ ਉਹ ਭਾਰਤ ਦੇ ਇਤਿਹਾਸ ਦੀਆਂ ਪਹਿਲੀਆਂ ਆਜ਼ਾਦ ਸ਼ਾਸਕਾਂ ਵਿੱਚੋਂ ਇੱਕ ਬਣੀ। ਅਤੇ ਉਨ੍ਹਾਂ ਨੇ ਸਰਕਾਰ ਨੂੰ ਨਾ ਸਿਰਫ਼ ਸਥਿਰ ਕੀਤਾ ਬਲਕਿ ਇੰਨਾ ਤਾਕਤਵਰ ਬਣਾ ਦਿੱਤਾ ਕਿ ਉਹ ਅਗਲੇ ਸੌ ਸਾਲ ਤੱਕ ਕਲਿੰਗਾ ਅਤੇ ਉਸ ਇਲਾਕੇ ਵਿੱਚ ਰਾਜ ਕਰਦੇ ਰਹੇ। ਤਾਂ ਇਹ ਉਹ ਤਿੰਨ ਦਿਲਚਸਪ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੂੰ ਮੈਂ ਇਤਿਹਾਸ ਵਿੱਚ ਮਿਲਣਾ ਚਾਹਾਂਗਾ ਸਰ।
ਪ੍ਰਧਾਨ ਮੰਤਰੀ: ਕ੍ਰਿਸ਼ਨਾ ਜੀ, ਹੁਣ ਲੱਗਦਾ ਹੈ ਕਿ ਤੁਸੀਂ ਇਤਿਹਾਸ ਨੂੰ ਜੀਅ ਰਹੇ ਹੋ। ਤੁਸੀਂ ਪੂਰੀ ਤਰ੍ਹਾਂ ਇਤਿਹਾਸ ਵਿੱਚ ਡੁੱਬ ਚੁੱਕੇ ਹੋ। ਦੇਖੋ, ਮੈਂ ਵੀ ਬੜੀ ਉਤਸੁਕਤਾ ਨਾਲ ਤੁਹਾਡੀ ਸਾਈਟ ਦੇਖੀ ਹੈ ਅਤੇ ਮੈਨੂੰ ਸਭ ਤੋਂ ਦਿਲਚਸਪ ਇਹ ਲੱਗਾ ਕਿ ਤੁਹਾਡੀ ਸਾਈਟ ’ਤੇ ਇੱਕ ਅਜਿਹਾ ਟੈਬ ਹੈ, ਜਿੱਥੇ ਲੋਕ ਸੁਧਾਰਾਂ ਅਤੇ ਸੁਝਾਵਾਂ ਬਾਰੇ ਵੀ ਦੱਸ ਸਕਦੇ ਹਨ। ਅਜਿਹੇ ਉਸਾਰੂ ਫੀਡਬੈਕ ਲਈ ਖੁੱਲ੍ਹੇ ਰਹਿਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਕੀ ਤੁਹਾਨੂੰ ਲੋਕਾਂ ਤੋਂ ਸੁਝਾਅ ਮਿਲਣੇ ਸ਼ੁਰੂ ਹੋਏ ਹਨ? ਅਤੇ ਤੁਸੀਂ ਉਨ੍ਹਾਂ ’ਤੇ ਕਿਵੇਂ ਕੰਮ ਕਰਦੇ ਹੋ?
ਕ੍ਰਿਸ਼ਨਾ ਸ਼ੇਸ਼ਾਦਰੀ: ਹਾਂ ਸਰ, ਲੋਕਾਂ ਤੋਂ ਬਹੁਤ ਸੁਝਾਅ ਆਉਂਦੇ ਹਨ। ਸੁਝਾਅ ਦੋ ਤਰ੍ਹਾਂ ਦੇ ਆਉਂਦੇ ਹਨ। ਇੱਕ ਸੁਝਾਅ ਅਜਿਹੇ ਆਉਂਦੇ ਹਨ ਜੋ ਸਾਨੂੰ ਸੁਧਾਰ ਦੱਸਦੇ ਹਨ – ਕਿ ਇਸ ਸੂਬੇ ਵਿੱਚ, ਇਸ ਸਮੇਂ ਵਿੱਚ, ਇਸ ਰਾਸ਼ਟਰ ਵਿੱਚ ਇਹ ਰਾਜਾ ਸਨ ਜਾਂ ਇਸ ਸਮੇਂ ਵਿੱਚ ਇਹ ਯੁੱਧ ਹੋਇਆ ਸੀ, ਅਜਿਹੇ ਕੁਝ ਸੁਝਾਅ ਆਉਂਦੇ ਹਨ। ਦੂਜੇ ਸੁਝਾਅ ਆਉਂਦੇ ਹਨ ਕਿ ਤੁਸੀਂ ਇਸ ਵੈੱਬਸਾਈਟ ਵਿੱਚ ਇਹ ਫੀਚਰ ਵੀ ਪਾ ਸਕਦੇ ਹੋ ਜਾਂ ਉਹ ਫੀਚਰ ਵੀ ਪਾ ਸਕਦੇ ਹੋ। ਸਾਨੂੰ ਦੋਵੇਂ ਤਰ੍ਹਾਂ ਦੇ ਸੁਝਾਅ ਆਉਂਦੇ ਹਨ। ਜਿਵੇਂ ਜੇ ਸਾਨੂੰ ਅਜਿਹਾ ਕੋਈ ਸੁਝਾਅ ਆਵੇ ਕਿ ਇਸ ਸੂਬੇ ਵਿੱਚ, ਇਸ ਰਾਜੇ ਨੇ, ਇਸ ਸਮੇਂ ’ਤੇ ਰਾਜ ਕੀਤਾ ਸੀ, ਤਾਂ ਅਸੀਂ ਉਸ ਸੁਝਾਅ ਨੂੰ ਲੈਂਦੇ ਹਾਂ ਅਤੇ ਆਪਣੇ ਸਰੋਤਾਂ ਤੋਂ ਪੜਤਾਲ ਕਰਦੇ ਹਾਂ। ਜਿਵੇਂ ਸਾਨੂੰ ਕਿਸੇ ਨੇ ਸੁਝਾਅ ਦਿੱਤਾ ਸੀ ਕਿ ਤੁਸੀਂ ਭਾਰਤ ਨੂੰ ਤਾਂ ਦਿਖਾ ਦਿੱਤਾ, ਜੇ ਸੂਬਿਆਂ ਦੇ ਪੱਧਰ ’ਤੇ ਵੀ ਦਿਖਾ ਸਕੋ ਤਾਂ ਹੋਰ ਵਧੀਆ ਹੋਵੇਗਾ, ਤਾਂ ਅਸੀਂ ਉਹ ਫੀਚਰ ਲਾਗੂ ਕੀਤਾ। ਫਿਰ ਸਾਡੇ ਕੋਲ ਇੱਕ ਹੋਰ ਫੀਚਰ ਦਾ ਸੁਝਾਅ ਆਇਆ ਸੀ, ਜਿਸ ਵਿੱਚ ਅਸੀਂ ਟਰੰਪ ਕਾਰਡ ਵਰਗਾ ਬਣਾਇਆ ਸੀ ਜਿਸ ਵਿੱਚ ਸਾਰੇ ਸਾਮਰਾਜਾਂ ਦਾ ਡੇਟਾ ਅਤੇ ਅੰਕੜੇ ਦਿੱਤੇ ਸਨ ਤਾਂ ਜੋ ਉਹ ਬੱਚਿਆਂ ਤੱਕ ਪਹੁੰਚ ਸਕਣ। ਕਿਸੇ ਨੇ ਸੁਝਾਅ ਦਿੱਤਾ ਸੀ ਕਿ ਉਸ ਨੂੰ ਤੁਸੀਂ ਇੱਕ ਜਗ੍ਹਾ ’ਤੇ ਲੈ ਕੇ ਆਓ ਤਾਂ ਜੋ ਅਸੀਂ ਸਾਰੇ ਡਾਊਨਲੋਡ ਕਰ ਕੇ ਸਾਂਝਾ ਕਰ ਸਕੀਏ, ਤਾਂ ਉਹ ਫੀਚਰ ਅਸੀਂ ਲਾਗੂ ਕਰ ਰਹੇ ਹਾਂ। ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਸੀਂ ਗਲਤੀ ਕਰਾਂਗੇ, ਕਿਉਂਕਿ ਅਸੀਂ ਸਰਵਸ੍ਰੇਸ਼ਠ ਨਹੀਂ ਹਾਂ, ਅਤੇ ਇਹ ਜਾਣ ਕੇ ਹੀ ਅਸੀਂ ਉਹ ਸੁਧਾਰ ਦਾ ਟੈਬ ਲਾਇਆ ਹੈ ਤਾਂ ਜੋ ਇਹ ਸਾਡੇ ਸਾਰਿਆਂ ਦੀ ਸਾਈਟ ਬਣੇ। ਅਤੇ ਅੱਗੇ ਜਾ ਕੇ ਸਾਰੇ ਯੋਗਦਾਨਾਂ ਦੇ ਹਿਸਾਬ ਨਾਲ ਅਸੀਂ ਇੱਕ ਅਜਿਹੀ ਸਾਈਟ ਬਣਾਈਏ ਜੋ ਅਗਲੇ ਕੁਝ ਸਾਲਾਂ ਤੱਕ ਇਤਿਹਾਸ ਨੂੰ ਇੱਕ ਮਜ਼ੇਦਾਰ ਵਿਸ਼ਾ ਬਣਾਵੇ।
ਪ੍ਰਧਾਨ ਮੰਤਰੀ: ਕ੍ਰਿਸ਼ਨਾ ਜੀ, ਤੁਸੀਂ ਸੱਚਮੁੱਚ ਬਹੁਤ ਵੱਡਾ ਕੰਮ ਕੀਤਾ ਹੈ। ਅੱਛਾ, ਇਤਿਹਾਸ ਤੋਂ ਇਲਾਵਾ ਤੁਹਾਡੇ ਹੋਰ ਵੀ ਕਈ ਸ਼ੌਕ ਹੋਣਗੇ ਅਤੇ ਹੋਰ ਵੀ ਬਹੁਤ ਕੁਝ ਕਰਦੇ ਹੋਵੋਗੇ ਤੁਸੀਂ?
ਕ੍ਰਿਸ਼ਨਾ ਸ਼ੇਸ਼ਾਦਰੀ: ਹਾਂ, ਨਹੀਂ ਸਰ, ਅਸੀਂ ਥੋੜ੍ਹੇ ਬੋਰਿੰਗ ਟਾਈਪ ਆਦਮੀ ਹਾਂ ਸਰ।
ਪ੍ਰਧਾਨ ਮੰਤਰੀ: (ਹੱਸਦੇ ਹੋਏ)
ਕ੍ਰਿਸ਼ਨਾ ਸ਼ੇਸ਼ਾਦਰੀ: ਅਸੀਂ ਟੈਕਨਾਲੋਜੀ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ ਅਤੇ ਇਤਿਹਾਸ ਵਿੱਚ ਰੱਖਦੇ ਹਾਂ, ਅਤੇ ਹੁਣ ਜਦੋਂ ਤਕਨੀਕ ਅਤੇ ਇਤਿਹਾਸ ਮਿਲ ਗਏ ਹਨ, ਤਾਂ ਅਸੀਂ ਪੂਰਾ ਦਿਨ ਇਸੇ ਵਿੱਚ ਡੁੱਬੇ ਰਹਿੰਦੇ ਹਾਂ।
ਪ੍ਰਧਾਨ ਮੰਤਰੀ: ਚਲੋ ਕ੍ਰਿਸ਼ਨਾ ਜੀ, ਤੁਹਾਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਸੀਂ ਇੱਕ ਵਧੀਆ ਸ਼ੁਰੂਆਤ ਕੀਤੀ ਹੈ ਅਤੇ ਤੁਹਾਡਾ ਤਰੀਕਾ ਵੀ ਅਜਿਹਾ ਹੈ ਕਿ ਲੋਕ ਜੁੜਨਗੇ, ਮੈਨੂੰ ਪੂਰਾ ਵਿਸ਼ਵਾਸ ਹੈ। ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਸਾਥੀਓ,
ਕ੍ਰਿਸ਼ਨਾ ਜੀ ਦਾ ਇਹ ਯਤਨ ਸਿਰਫ਼ ਇਤਿਹਾਸ ਦੇ ਵਿਦਿਆਰਥੀਆਂ ਨੂੰ ਹੀ ਨਹੀਂ, ਸਗੋਂ ਇਹ ਸਾਨੂੰ ਸਾਰਿਆਂ ਨੂੰ ਆਪਣੇ ਅਤੀਤ ਨੂੰ ਦਿਲਚਸਪ ਤਰੀਕੇ ਨਾਲ ਜਾਣਨ ਵਿੱਚ ਮਦਦ ਕਰੇਗਾ। ਤੁਹਾਡੇ ਕੋਲ ਵੀ ਅਜਿਹੇ ਯਤਨਾਂ ਬਾਰੇ ਜਾਣਕਾਰੀ ਹੋਵੇ, ਤਾਂ ਉਸ ਨੂੰ ਜ਼ਰੂਰ ਸਾਂਝਾ ਕਰੋ।
ਮੇਰੇ ਪਿਆਰੇ ਦੇਸ਼ ਵਾਸੀਓ,
‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ’ ਮੁਹਿੰਮ ਇਸ ਸਮੇਂ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਦਾ ਟੀਚਾ ਬਿਲਕੁਲ ਸਾਫ਼ ਹੈ – ਨਸ਼ਾ ਮੁਕਤ ਨੌਜਵਾਨ, ਡਰੱਗ ਫ੍ਰੀ ਇੰਡੀਆ। ਬਹੁਤ ਸਾਰੇ ਲੋਕ, ਖ਼ਾਸ ਕਰਕੇ ਸਾਡੇ ਨੌਜਵਾਨ, ਵੱਡੀ ਗਿਣਤੀ ਵਿੱਚ ਇਸ ਦਾ ਹਿੱਸਾ ਬਣ ਰਹੇ ਹਨ। ਆਖਿਰ ਇਹ ਭਾਰਤ ਦੇ ਨੌਜਵਾਨਾਂ ਦੀ ਸਿਹਤ, ਉਨ੍ਹਾਂ ਦੀ ਖ਼ੁਸ਼ੀ ਅਤੇ ਸੁਨਹਿਰੀ ਭਵਿੱਖ ਲਈ ਹੀ ਸਾਡਾ ਸਾਂਝਾ ਸੰਕਲਪ ਹੈ।
ਸਾਥੀਓ,
ਨਸ਼ੇ ਦੀ ਲਤ ਸਿਰਫ਼ ਇੱਕ ਵਿਅਕਤੀ ਨੂੰ ਆਪਣੀ ਲਪੇਟ ਵਿੱਚ ਨਹੀਂ ਲੈਂਦੀ, ਇਸ ਦੇ ਮਾੜੇ ਨਤੀਜੇ ਪੂਰੇ ਪਰਿਵਾਰ ਅਤੇ ਸਮਾਜ ਨੂੰ ਵੀ ਝੱਲਣੇ ਪੈਂਦੇ ਹਨ। ਮੈਂ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰਾਂਗਾ ਜੋ ਨਸ਼ਿਆਂ ਖ਼ਿਲਾਫ਼ ਦੂਜਿਆਂ ਨੂੰ ਜਾਗਰੂਕ ਕਰਦੇ ਹਨ ਅਤੇ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਕੀ ਨਸ਼ਾ ਮੁਕਤ ਭਾਰਤ ਲਈ ਤੁਸੀਂ ਕੋਈ ਜ਼ੋਰਦਾਰ ਨਾਅਰਾ ਬਣਾ ਸਕਦੇ ਹੋ? ਕੀ ਸਾਡੇ ਨੌਜਵਾਨ ਸੰਗੀਤਕਾਰ ਅਜਿਹੇ ਗੀਤ ਬਣਾ ਸਕਦੇ ਹਨ, ਜਿਨ੍ਹਾਂ ਵਿੱਚ ਨਸ਼ਾ ਮੁਕਤ ਜੀਵਨ ਦਾ ਸੰਦੇਸ਼ ਹੋਵੇ? ਕੀ ਵਿਦਿਆਰਥੀ ਅਤੇ ਥੀਏਟਰ ਗਰੁੱਪ ਦਿਲ ਨੂੰ ਛੂਹ ਲੈਣ ਵਾਲੇ ਛੋਟੇ ਨਾਟਕ ਲਿਖ ਸਕਦੇ ਹਨ, ਜਿਨ੍ਹਾਂ ਵਿੱਚ ਨਸ਼ਿਆਂ ਦੇ ਖ਼ਤਰਿਆਂ ਦੇ ਨਾਲ-ਨਾਲ ਉਨ੍ਹਾਂ ਤੋਂ ਬਾਹਰ ਨਿਕਲਣ ਦਾ ਰਸਤਾ ਵੀ ਹੋਵੇ? ਸਾਡੇ ਦੇਸ਼ ਵਿੱਚ ਬਿਹਤਰੀਨ ਕੰਟੈਂਟ ਕ੍ਰਿਏਟਰਜ਼ ਦੀ ਕੋਈ ਕਮੀ ਨਹੀਂ ਹੈ। ਮੇਰੀ ਅਪੀਲ ਹੈ ਕਿ ਉਹ ਵੱਖ-ਵੱਖ ਭਾਸ਼ਾਵਾਂ ਵਿੱਚ ਅਜਿਹਾ ਕੰਟੈਂਟ ਬਣਾਉਣ ਜਿਸ ਨਾਲ ਇਸ ਦਿਸ਼ਾ ਵਿੱਚ ਸਮਾਜ ਨੂੰ ਮਦਦ ਮਿਲੇ। ਤੁਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਹੈਸ਼ਟੈਗ ਨਾਲ ਸੋਸ਼ਲ ਮੀਡੀਆ ’ਤੇ ਵੀ ਜ਼ਰੂਰ ਸਾਂਝਾ ਕਰੋ। ਕਈ ਵਾਰ ਰਚਨਾਤਮਕ ਯਤਨ ਰਸਮੀ ਮੁਹਿੰਮਾਂ ਤੋਂ ਜ਼ਿਆਦਾ ਅਸਰਦਾਰ ਹੁੰਦੇ ਹਨ। ਆਓ, ਭਾਰਤ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ, ਨਸ਼ੇ ਤੋਂ ਮੁਕਤ ਰੱਖਣ ਦੇ ਇਸ ਪਵਿੱਤਰ ਕੰਮ ਵਿੱਚ ਅਸੀਂ ਸਾਰੇ ਆਪਣੀ ਭੂਮਿਕਾ ਨਿਭਾਈਏ। ਤੁਸੀਂ ਆਪਣੀ ਕੋਸ਼ਿਸ਼ ਨੂੰ #NashaMuktYuva ਦੇ ਨਾਲ ਸੋਸ਼ਲ ਮੀਡੀਆ ’ਤੇ ਵੀ ਜ਼ਰੂਰ ਸਾਂਝਾ ਕਰੋ।
ਮੇਰੇ ਪਿਆਰੇ ਦੇਸ਼ ਵਾਸੀਓ,
ਅਗਸਤ ਦੇ ਮਹੀਨੇ ਵਿੱਚ ਸਾਨੂੰ ਹਰ ਪਾਸੇ ਦੇਸ਼ ਭਗਤੀ ਦੇ ਕਈ ਰੰਗ ਦੇਖਣ ਨੂੰ ਮਿਲਦੇ ਹਨ। ਇਸ ਸਮੇਂ ਹਰ ਵਿਅਕਤੀ ਦੇ ਮਨ ਵਿੱਚ ਦੇਸ਼-ਪ੍ਰੇਮ ਦੀ ਭਾਵਨਾ ਹੋਰ ਮਜ਼ਬੂਤ ਹੋ ਜਾਂਦੀ ਹੈ। ‘ਨੈਸ਼ਨਲ ਹੈਂਡਲੂਮ ਡੇਅ’ ਅਤੇ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਤੋਂ ਲੈ ਕੇ ‘ਵੰਡ ਦਾ ਦੁਖਾਂਤ ਯਾਦਗਾਰੀ ਦਿਵਸ’ ਇਸ ਨੂੰ ਖ਼ਾਸ ਬਣਾਉਂਦੇ ਹਨ। ‘ਸੁਤੰਤਰਤਾ ਦਿਵਸ’ ਅਤੇ ‘ਨੈਸ਼ਨਲ ਸਪੇਸ ਡੇ’ ਵਰਗੇ ਮੌਕੇ ਤਾਂ ਹਰ ਦੇਸ਼ ਵਾਸੀ ਨੂੰ ਮਾਣ ਨਾਲ ਭਰ ਦਿੰਦੇ ਹਨ। ‘ਹਰ ਘਰ ਤਿਰੰਗਾ ਮੁਹਿੰਮ’ ਇਸ ਭਾਵਨਾ ਨੂੰ ਹੋਰ ਮਜ਼ਬੂਤ ਕਰਦੀ ਹੈ। ‘ਵੰਦੇ ਮਾਤਰਮ’ ਦੇ ਡੇਢ ਸੌ ਸਾਲ ਪੂਰੇ ਹੋਣ ਨਾਲ ਇਹ ਸਾਲ ਹੋਰ ਵੀ ਵਿਸ਼ੇਸ਼ ਬਣ ਗਿਆ ਹੈ। ਇਸ ਵਾਰ 8 ਕਰੋੜ ਤੋਂ ਵੱਧ ਤਿਰੰਗਾ ਸੈਲਫੀਆਂ ਅੱਪਲੋਡ ਕੀਤੀਆਂ ਗਈਆਂ ਅਤੇ ਤਿਰੰਗੇ ਦਾ ਇਹ ਤਿਉਹਾਰ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ – ਇਸ ਸਾਲ ‘ਸੂਰਯਪਥ ਤਿਰੰਗਾ’ ਰਾਹੀਂ ਸਾਡਾ ਤਿਰੰਗਾ ਦੁਨੀਆ ਭਰ ਦੀ ਇੱਕ ਅਨੋਖੀ ਯਾਤਰਾ ’ਤੇ ਨਿਕਲਿਆ। ਫਿਜੀ ਦੇ ਸੁਵਾ ਵਿੱਚ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਤਿਰੰਗਾ ਲਹਿਰਾਇਆ ਗਿਆ। ਇਸ ਤੋਂ ਬਾਅਦ ਏਸ਼ੀਆ, ਅਫਰੀਕਾ, ਯੂਰਪ ਅਤੇ ਫਿਰ ਅਮਰੀਕਾ ਦੇ ਸੈਨ ਫਰਾਂਸਿਸਕੋ ਤੱਕ ਇੰਡੀਅਨ ਮਿਸ਼ਨਜ਼ ਅਤੇ ਪੋਸਟਾਂ ’ਤੇ ਤਿਰੰਗਾ ਲਹਿਰਾਉਂਦਾ ਗਿਆ। ਤੁਸੀਂ ਕਲਪਨਾ ਕਰ ਸਕਦੇ ਹੋ, ਇਹ ਦ੍ਰਿਸ਼ ਕਿੰਨੇ ਸ਼ਾਨਦਾਰ ਰਹੇ ਹੋਣਗੇ। ਜਿਵੇਂ-ਜਿਵੇਂ ਦੁਨੀਆ ਭਰ ਵਿੱਚ ਸੂਰਜ ਅੱਗੇ ਵਧਦਾ ਗਿਆ, ਉਵੇਂ-ਉਵੇਂ ਭਾਰਤੀ ਤਿਰੰਗਾ ਵੀ ਲਹਿਰਾਉਂਦਾ ਗਿਆ। ਅਜਿਹੀਆਂ ਕੋਸ਼ਿਸ਼ਾਂ ਸਮਾਜ ਨੂੰ ਇੱਕ ਧਾਗੇ ਵਿੱਚ ਪਰੋਂਦੀਆਂ ਹਨ। ਇਨ੍ਹਾਂ ਨਾਲ ਦੇਸ਼ ਨਾਲ ਸਾਡਾ ਰਿਸ਼ਤਾ ਹੋਰ ਵੀ ਡੂੰਘਾ ਹੁੰਦਾ ਹੈ। ਇਨ੍ਹਾਂ ਕੋਸ਼ਿਸ਼ਾਂ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਮੇਰੀਆਂ ਬਹੁਤ-ਬਹੁਤ ਵਧਾਈਆਂ।
ਮੇਰੇ ਪਿਆਰੇ ਦੇਸ਼ ਵਾਸੀਓ,
ਸਾਡੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ’ਤੇ ਰੋਜ਼ ਸਵੇਰ ਤੋਂ ਸ਼ਾਮ ਤੱਕ, ਲੱਖਾਂ ਔਰਤਾਂ ਆਪੋ-ਆਪਣੇ ਕੰਮ ਵਿੱਚ ਲੱਗੀਆਂ ਰਹਿੰਦੀਆਂ ਹਨ। ਕੋਈ ਸਬਜ਼ੀ ਵੇਚਦੀ ਹੈ, ਕੋਈ ਫ਼ਲ, ਕੋਈ ਚਾਹ ਦੀ ਰੇਹੜੀ ਲਾਉਂਦੀ ਹੈ, ਤਾਂ ਕੋਈ ਫੁੱਲ, ਦੀਵੇ ਅਤੇ ਪੂਜਾ ਦੀ ਸਮਗਰੀ ਵੇਚਦੀ ਹੈ। ਕਈ ਵਾਰ, ਬਸ ਥੋੜ੍ਹੀ ਜਿਹੀ ਪੂੰਜੀ ਦੀ ਘਾਟ, ਇਨ੍ਹਾਂ ਦੇ ਕਾਰੋਬਾਰ ਨੂੰ ਅੱਗੇ ਵਧਣ ਤੋਂ ਰੋਕ ਦਿੰਦੀ ਹੈ। ਪਰ ਹੁਣ ਅਜਿਹੀਆਂ ਲੱਖਾਂ ਮਾਤਾਵਾਂ-ਭੈਣਾਂ ਨੂੰ ‘ਪੀਐੱਮ ਸਵਨਿਧੀ ਯੋਜਨਾ’ ਤੋਂ ਨਵੀਂ ਤਾਕਤ ਮਿਲ ਰਹੀ ਹੈ। ‘ਮਹਿਲਾ ਸ਼ਕਤੀਕਰਨ’ ਦੇ ਇਸ ਪਹਿਲੂ ਦੀ ਓਨੀ ਚਰਚਾ ਨਹੀਂ ਹੁੰਦੀ, ਜਿੰਨੀ ਹੋਣੀ ਚਾਹੀਦੀ ਹੈ। ‘ਪੀਐੱਮ ਸਵਨਿਧੀ ਯੋਜਨਾ’ ਦੇ ਲਾਭਪਾਤਰੀਆਂ ਵਿੱਚ ਕਰੀਬ 46 ਫੀਸਦੀ ਔਰਤਾਂ ਹਨ। ਭਾਵ ਦੇਸ਼ ਭਰ ਵਿੱਚ ਲਗਭਗ 35 ਲੱਖ ਔਰਤਾਂ ਇਸ ਯੋਜਨਾ ਨਾਲ ਜੁੜ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਰਹੀਆਂ ਹਨ।
ਸਾਥੀਓ,
ਗਾਜ਼ੀਆਬਾਦ ਦੀ ਬਬੀਤਾ ਸ਼ਰਮਾ ਜੀ, ਇਸ ਦੀ ਬਹੁਤ ਵਧੀਆ ਉਦਾਹਰਨ ਹਨ। ਬਬੀਤਾ ਜੀ, ਪੂਜਾ ਦੀ ਸਮਗਰੀ ਦਾ ਇੱਕ ਛੋਟਾ ਜਿਹਾ ਸਟਾਲ ਲਾਉਂਦੇ ਸਨ। ਫੁੱਲ, ਦੀਵੇ, ਅਗਰਬੱਤੀ, ਨਾਰੀਅਲ ਵਰਗੀਆਂ ਚੀਜ਼ਾਂ ਵੇਚ ਕੇ, ਉਹ ਆਪਣੇ ਪਰਿਵਾਰ ਦੇ ਗੁਜ਼ਾਰੇ ਵਿੱਚ ਹੱਥ ਵਟਾਉਂਦੇ ਸਨ। ਮਿਹਨਤ ਬਹੁਤ ਸੀ, ਪਰ ਕਾਰੋਬਾਰ ਵਧਾਉਣ ਲਈ ਪੂੰਜੀ ਦੀ ਲੋੜ ਸੀ। ‘ਪੀਐੱਮ ਸਵਨਿਧੀ’ ਤੋਂ ਉਨ੍ਹਾਂ ਨੂੰ ਆਰਥਿਕ ਮਦਦ ਮਿਲੀ। ਉਨ੍ਹਾਂ ਨੇ ਆਪਣੇ ਸਟਾਲ ’ਤੇ ਸਾਮਾਨ ਵਧਾਇਆ, ਕਾਰੋਬਾਰ ਦਾ ਵਿਸਥਾਰ ਕੀਤਾ। ਗਾਹਕ ਵਧੇ, ਆਮਦਨ ਵਧੀ ਅਤੇ ਹੌਲ਼ੀ-ਹੌਲ਼ੀ ਸੜਕ ਕੰਢੇ ਦਾ ਉਨ੍ਹਾਂ ਦਾ ਛੋਟਾ ਜਿਹਾ ਸਟਾਲ ਇੱਕ ਦੁਕਾਨ ਵਿੱਚ ਬਦਲ ਗਿਆ।
ਸਾਥੀਓ,
ਬੰਗਲੁਰੂ ਦੀ ਟੀ.ਐੱਸ. ਨਿੰਗੰਮਾ ਜੀ ਦੀ ਮਿਸਾਲ ਵੀ ਬਹੁਤ ਪ੍ਰੇਰਣਾਦਾਇਕ ਹੈ। ਨਿੰਗੰਮਾ ਜੀ ਅਤੇ ਉਨ੍ਹਾਂ ਦੇ ਪਤੀ ਨੇ ਮਿਲ ਕੇ ਇਡਲੀ, ਡੋਸਾ ਅਤੇ ਸਾਂਭਰ ਵੇਚਣ ਦਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ। ਕੰਮ ਚੱਲ ਪਿਆ, ਪਰ ਇਸ ਨੂੰ ਅੱਗੇ ਵਧਾਉਣ ਲਈ ਪੂੰਜੀ ਦੀ ਲੋੜ ਸੀ। ਨਿੰਗੰਮਾ ਜੀ ਨੂੰ ਵੀ ‘ਪੀਐੱਮ ਸਵਨਿਧੀ’ ਤੋਂ ਸਹਿਯੋਗ ਮਿਲਿਆ। ਉਨ੍ਹਾਂ ਨੇ ਆਪਣੀ ਰੇਹੜੀ ਬਿਹਤਰ ਕੀਤੀ। ਸਾਮਾਨ ਥੋਕ ਵਿੱਚ ਖਰੀਦਣਾ ਸ਼ੁਰੂ ਕੀਤਾ ਅਤੇ ਮੇਨਿਊ ਵਿੱਚ ਵੀ ਕਈ ਨਵੀਆਂ ਚੀਜ਼ਾਂ ਜੋੜੀਆਂ। ਗਾਹਕ ਵਧੇ, ਕਮਾਈ ਵਧੀ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਬਿਹਤਰ ਹੋਈ। ਅੱਜ ਉਹ ਆਪਣੇ ਤਿੰਨ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣ ਦੇ ਕਾਬਲ ਹੋਏ ਹਨ।
ਸਾਥੀਓ,
ਜਦੋਂ ਇੱਕ ਔਰਤ ਦਾ ਕਾਰੋਬਾਰ ਵਧਦਾ ਹੈ, ਤਾਂ ਉਸ ਦੇ ਨਾਲ ਪੂਰੇ ਪਰਿਵਾਰ ਦਾ ਭਵਿੱਖ ਅੱਗੇ ਵਧਦਾ ਹੈ। ਬੱਚਿਆਂ ਦੀ ਪੜ੍ਹਾਈ ਬਿਹਤਰ ਹੁੰਦੀ ਹੈ, ਘਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ, ਅਤੇ ਔਰਤ ਦੇ ਅੰਦਰ ਆਤਮ-ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਹੀ ਤਾਂ ਹੈ ‘ਮਹਿਲਾ ਸ਼ਕਤੀਕਰਨ’ ਦਾ ਇੱਕ ਜਿਉਂਦਾ-ਜਾਗਦਾ ਰੂਪ। ਮੈਂ ਰੇਹੜੀ-ਫੜ੍ਹੀ ਦੇ ਕੰਮ ਨਾਲ ਜੁੜੀਆਂ ਸਾਰੀਆਂ ਭੈਣਾਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ,
ਸਵੱਛਤਾ ਦੀ ਬਹੁਤ ਵੱਡੀ ਖੂਬੀ ਹੁੰਦੀ ਹੈ। ਜਦੋਂ ਕਿਸੇ ਜਗ੍ਹਾ ਨੂੰ ਸਾਫ਼ ਰੱਖਣ ਦਾ ਸੰਕਲਪ ਉੱਥੋਂ ਦੇ ਲੋਕਾਂ ਦਾ ਆਪਣਾ ਸੰਕਲਪ ਬਣ ਜਾਂਦਾ ਹੈ, ਤਾਂ ਬਦਲਾਅ ਸਿਰਫ਼ ਸਾਫ਼-ਸਫ਼ਾਈ ਤੱਕ ਸੀਮਤ ਨਹੀਂ ਰਹਿੰਦਾ। ਇਸ ਨਾਲ ਉਸ ਜਗ੍ਹਾ ਦੀ ਪੂਰੀ ਪਛਾਣ ਹੀ ਬਦਲ ਜਾਂਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫ਼ਾਈ ਲਈ ਅਜਿਹੀਆਂ ਕੋਸ਼ਿਸ਼ਾਂ, ਸਾਨੂੰ ਲਗਾਤਾਰ ਪ੍ਰੇਰਨਾ ਦਿੰਦੀਆਂ ਹਨ। ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਪਿੰਡ ਹੈ- ਪਟਵਈ। ਉੱਥੇ ਆਕਾਸ਼ ਅਤੇ ਰੋਹਨ ਨਾਮ ਦੇ ਦੋ ਦੋਸਤਾਂ ਨੇ ਦੇਖਿਆ ਕਿ ਉਨ੍ਹਾਂ ਦੇ ਆਲ਼ੇ-ਦੁਆਲ਼ੇ ਦਾ ਇਲਾਕਾ ਗੰਦਗੀ ਨਾਲ ਭਰ ਗਿਆ ਹੈ। ਬਸ, ਫਿਰ ਕੀ ਸੀ, ਆਕਾਸ਼ ਅਤੇ ਰੋਹਨ ਨੇ ਕੂੜੇ ਦੇ ਬੈਗ ਚੁੱਕੇ ਅਤੇ ਸਫ਼ਾਈ ਲਈ ਨਿਕਲ ਪਏ। ਹੌਲ਼ੀ-ਹੌਲ਼ੀ ਦੂਜੇ ਨੌਜਵਾਨ ਵੀ ਉਨ੍ਹਾਂ ਨਾਲ ਜੁੜਨ ਲੱਗੇ। ਇੱਕ ਟੀਮ ਵੀ ਬਣ ਗਈ। ਜਿਸ ਦਾ ਨਾਮ ਹੈ- ‘ਕਲੀਨ-ਅੱਪ ਪਟਵਈ’। ਇਹ ਨੌਜਵਾਨ ਹੁਣ ਤੱਕ ਚਾਰ ਗੰਗਾ ਘਾਟਾਂ ਨੂੰ ਸਾਫ਼ ਕਰ ਚੁੱਕੇ ਹਨ। ਇੱਕ ਟਨ ਤੋਂ ਵੱਧ ਪਲਾਸਟਿਕ ਕੂੜਾ ਹਟਾ ਚੁੱਕੇ ਹਨ। ਇਨ੍ਹਾਂ ਨੇ ਕਿੰਨੇ ਹੀ ਤਲਾਬਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਕੀਤੀ ਹੈ।
ਸਾਥੀਓ,
ਇਸ ਵਾਰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵਿੱਚ ਵੀ, ਸਫ਼ਾਈ ਅਤੇ ਲੋਕਾਂ ਦੀ ਹਿੱਸੇਦਾਰੀ ਦੀ ਅਜਿਹੀ ਹੀ ਪ੍ਰੇਰਨਾਦਾਇਕ ਤਸਵੀਰ ਦੇਖਣ ਨੂੰ ਮਿਲੀ। ਔਖੇ ਰਸਤਿਆਂ ’ਤੇ, ਹਜ਼ਾਰਾਂ ਸਫ਼ਾਈ ਕਰਮਚਾਰੀ ਦਿਨ-ਰਾਤ ਸੇਵਾ ਵਿੱਚ ਲੱਗੇ ਰਹੇ। ਇਸ ਸਾਲ ਯਾਤਰਾ ਦੌਰਾਨ, 400 ਮੀਟ੍ਰਿਕ ਟਨ ਤੋਂ ਵੱਧ ਕੂੜੇ ਨੂੰ ਇਕੱਠਾ ਅਤੇ ਪ੍ਰੋਸੈੱਸ ਕੀਤਾ ਗਿਆ। ਮੈਨੂੰ ਇਸ ਯਤਨ ਦੀ ਇੱਕ ਗੱਲ ਖ਼ਾਸ ਤੌਰ ’ਤੇ ਚੰਗੀ ਲੱਗੀ। ਸਫ਼ਾਈ ਦੀ ਇਸ ਮੁਹਿੰਮ ਵਿੱਚ ਸ਼ਰਧਾਲੂ ਵੀ ਭਾਈਵਾਲ ਬਣੇ। 16 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਸਫ਼ਾਈ ਦਾ ਸੰਕਲਪ ਲਿਆ। 10 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ‘ਜ਼ਿੰਮੇਵਾਰ ਯਾਤਰੀ’ ਸਰਟੀਫਿਕੇਟ ਵੀ ਦਿੱਤਾ ਗਿਆ। ਇੱਥੇ ਇੱਕ ਬਹੁਤ ਅਨੋਖਾ ਪ੍ਰਯੋਗ ਵੀ ਹੋਇਆ। ਯਾਤਰਾ ਵਿੱਚ ਘੋੜਿਆਂ ਅਤੇ ਖੱਚਰਾਂ ਦੇ ਗੋਹੇ ਨੂੰ, ਬਾਇਓਗੈਸ ਵਿੱਚ ਬਦਲਿਆ ਗਿਆ ਅਤੇ ਉਸੇ ਕਲੀਨ ਐਨਰਜੀ ਨਾਲ, ‘ਸਵੱਛ ਜੋਤ’ ਜਗਾਈ ਗਈ। ਭਾਵ ਬਾਬਾ ਬਰਫਾਨੀ ਦੀ ਇਸ ਪਵਿੱਤਰ ਯਾਤਰਾ ਵਿੱਚ, ਸਵੱਛਤਾ ਵੀ ਸੇਵਾ ਅਤੇ ਆਸਥਾ ਦਾ ਇੱਕ ਰੂਪ ਬਣ ਗਈ।
ਸਾਥੀਓ,
ਸਾਡਾ ਪਿੰਡ ਹੋਵੇ ਜਾਂ ਸ਼ਹਿਰ, ਸਾਡੀਆਂ ਨਦੀਆਂ ਹੋਣ ਜਾਂ ਤੀਰਥ ਅਸਥਾਨ। ਇਨ੍ਹਾਂ ਦੀ ਪਛਾਣ ਸਾਡੇ ਵਤੀਰੇ ਨਾਲ ਵੀ ਬਣਦੀ ਹੈ। ਅਤੇ ਜਦੋਂ ਸਫ਼ਾਈ ਇਸ ਵਤੀਰੇ ਵਿੱਚ ਸ਼ਾਮਲ ਹੋ ਜਾਂਦੀ ਹੈ, ਉਸ ਜਗ੍ਹਾ ਦੀ ਰੌਣਕ ਅਤੇ ਸੁੰਦਰਤਾ ਹੋਰ ਵੱਧ ਜਾਂਦੀ ਹੈ।
ਮੇਰੇ ਪਿਆਰੇ ਦੇਸ਼ ਵਾਸੀਓ,
ਕਦੇ-ਕਦੇ ਸਾਡਾ ਇੱਕ ਛੋਟਾ ਜਿਹਾ ਸ਼ੌਕ, ਜ਼ਿੰਦਗੀ ਵਿੱਚ ਇੱਕ ਵੱਡੀ ਸੰਭਾਵਨਾ ਦਾ ਰਸਤਾ ਖੋਲ੍ਹ ਦਿੰਦਾ ਹੈ। ਨਾਗਾਲੈਂਡ ਦੇ ਫੇਕ ਜ਼ਿਲ੍ਹੇ ਦੀ ਵੇਸਾਲੁ ਪੁਰੋ ਜੀ ਦਾ ਸਫ਼ਰ ਵੀ ਕੁਝ ਅਜਿਹਾ ਹੀ ਹੈ। ਵੇਸਾਲੁ ਜੀ ਕਿਸਾਨ ਪਰਿਵਾਰ ਵਿੱਚ ਪਲੇ-ਵੱਡੇ ਹੋਏ। ਬਚਪਨ ਤੋਂ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਖੇਤੀ ਕਰਦਿਆਂ ਦੇਖਿਆ ਸੀ ਅਤੇ ਉਨ੍ਹਾਂ ਨੂੰ ਖ਼ੁਦ ਫੁੱਲਾਂ ਨਾਲ ਬਹੁਤ ਲਗਾਅ ਸੀ। ਸਾਲ 2021 ਵਿੱਚ ਉਨ੍ਹਾਂ ਨੇ ਇਸੇ ਸ਼ੌਕ ਨਾਲ ਛੋਟੇ ਪੱਧਰ ’ਤੇ ਫੁੱਲ ਉਗਾਉਣ ਦੀ ਸ਼ੁਰੂਆਤ ਕੀਤੀ। ਹੌਲ਼ੀ-ਹੌਲ਼ੀ ਉਨ੍ਹਾਂ ਨੂੰ ਇਸ ਵਿੱਚ ਇੱਕ ਸੰਭਾਵਨਾ ਦਿਖਾਈ ਦੇਣ ਲੱਗੀ। ਉਨ੍ਹਾਂ ਦੇਖਿਆ ਕਿ ਵਿਆਹ-ਸ਼ਾਦੀ ਹੋਵੇ ਜਾਂ ਫਿਰ ਹੋਰ ਤਿਉਹਾਰ, ਫੁੱਲਾਂ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ। ਵੇਸਾਲੁ ਜੀ ਨੇ ਆਪਣੇ ਇਸ ਸ਼ੌਕ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਇਸ ਸਫ਼ਰ ਵਿੱਚ ਉਨ੍ਹਾਂ ਨੂੰ ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਫੁੱਲਾਂ ਦੀ ਵਿਗਿਆਨਕ ਖੇਤੀ ਦੀ ਸਿਖਲਾਈ ਮਿਲੀ, ਫਿਰ ਉਨ੍ਹਾਂ ਨੇ ਕੇਵਲ ਇੱਕ ਚੌਥਾਈ ਏਕੜ ਜ਼ਮੀਨ ’ਤੇ, ਗਲੈਡੀਓਲਸ ਦੇ ਹਜ਼ਾਰਾਂ ਪੌਦੇ ਲਾਏ। ਪਹਿਲੀ ਹੀ ਕੋਸ਼ਿਸ਼ ਵਿੱਚ 5 ਹਜ਼ਾਰ ਤੋਂ ਵੱਧ ਫੁੱਲ ਖਿੜ ਉੱਠੇ। ਸਾਥੀਓ, ਇਹ ਸਫ਼ਲਤਾ ਵੇਸਾਲੁ ਜੀ ਲਈ ਇੱਕ ਨਵੀਂ ਸ਼ੁਰੂਆਤ ਬਣ ਗਈ। ਉਨ੍ਹਾਂ ਨੇ ਫੁੱਲਾਂ ਦੀ ਖੇਤੀ ਨੂੰ ਹੋਰ ਅੱਗੇ ਵਧਾਇਆ। ਜੋ ਫੁੱਲ ਕਦੇ ਸਥਾਨਕ ਬਾਜ਼ਾਰ ਵਿੱਚ ਰਹਿ ਜਾਂਦੇ ਸਨ, ਅੱਜ ਉਹ ਨਾਗਾਲੈਂਡ ਤੋਂ ਨਿਕਲ ਕੇ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਤੱਕ ਜਾ ਰਹੇ ਹਨ। ਵੇਸਾਲੁ ਪੁਰੋ ਜੀ ਦਾ ਸਫ਼ਰ ਸਾਨੂੰ ਦੱਸਦਾ ਹੈ ਕਿ ਸ਼ੌਕ ਜਦੋਂ ਮਿਹਨਤ ਅਤੇ ਸਹੀ ਮਾਰਗ-ਦਰਸ਼ਨ ਨਾਲ ਜੁੜ ਜਾਂਦਾ ਹੈ, ਤਾਂ ਉਹ ਨਵੀਆਂ ਸੰਭਾਵਨਾਵਾਂ ਦਾ ਰਸਤਾ ਖੋਲ੍ਹ ਸਕਦਾ ਹੈ।
ਮੇਰੇ ਪਿਆਰੇ ਦੇਸ਼ ਵਾਸੀਓ,
ਸਾਡੇ ਆਲ਼ੇ-ਦੁਆਲ਼ੇ ਅਜਿਹੇ ਕਈ ਲੋਕ ਹਨ, ਜੋ ਇੱਕ ਛੋਟੀ ਜਿਹੀ ਕੋਸ਼ਿਸ਼ ਸ਼ੁਰੂ ਕਰਦੇ ਹਨ ਅਤੇ ਦੇਖਦਿਆਂ ਹੀ ਦੇਖਦਿਆਂ ਉਨ੍ਹਾਂ ਦੀ ਕੋਸ਼ਿਸ਼ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਦਾ ਰਸਤਾ ਬਣਾ ਦਿੰਦੀ ਹੈ। ਓੜੀਸਾ ਦੇ ਦੇਬਰੀਗੜ੍ਹ ਵਿੱਚ ਇੱਕ ਪਿੰਡ ਹੈ ‘ਧੋੜਰੋਕੁਸੁਮ’। ਕੁਝ ਸਾਲ ਪਹਿਲਾਂ ਤੱਕ ਇਸ ਪਿੰਡ ਦੇ ਮੈਥਿਲੀ ਭੂਏ ਜੀ ਲਗਭਗ ਹਰ ਰੋਜ਼ ਜੰਗਲ ਜਾਂਦੇ ਸਨ – ਕਦੇ ਬਾਲਣ ਦੀ ਲੱਕੜ ਲੈਣ, ਕਦੇ ਮਹੂਆ ਅਤੇ ਤੇਂਦੂ ਪੱਤਾ ਚੁਗਣ, ਤਾਂ ਕਦੇ ਬਾਂਸ ਦੀਆਂ ਕਰੂੰਬਲਾਂ ਅਤੇ ਜੰਗਲ ਦੀ ਹੋਰ ਪੈਦਾਵਾਰ ਲਿਆਉਣ। ਉਨ੍ਹਾਂ ਦੀਆਂ ਅਤੇ ਉੱਥੋਂ ਦੇ ਕਈ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਲੋੜਾਂ ਇਸੇ ਜੰਗਲ ਤੋਂ ਪੂਰੀਆਂ ਹੁੰਦੀਆਂ ਸਨ, ਪਰ ਫਿਰ ਮੈਥਿਲੀ ਜੀ ਦੇਬਰੀਗੜ੍ਹ ਈਕੋ-ਟੂਰਿਜ਼ਮ ਨਾਲ ਜੁੜੇ। ਇੱਥੋਂ ਜੰਗਲ ਨਾਲ ਉਨ੍ਹਾਂ ਦਾ ਰਿਸ਼ਤਾ ਇੱਕ ਨਵੀਂ ਦਿਸ਼ਾ ਵੱਲ ਬਦਲ ਗਿਆ। ਹੁਣ ਜੰਗਲ ਦੀ ਸੰਭਾਲ ਵੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਬਣ ਗਈ। ਸਾਥੀਓ, ਮੈਥਿਲੀ ਜੀ ਦੇ ਜੀਵਨ ਵਿੱਚ ਆਏ ਇਸ ਬਦਲਾਅ ਨੇ ਦੂਜੀਆਂ ਔਰਤਾਂ ਨੂੰ ਵੀ ਪ੍ਰੇਰਿਤ ਕੀਤਾ। ਅੱਜ 60 ਤੋਂ ਵੱਧ ਔਰਤਾਂ ਜੰਗਲ ਦੀ ਸੁਰੱਖਿਆ ਵਿੱਚ ਜੁੜ ਚੁੱਕੀਆਂ ਹਨ। ਕੋਈ ਜੰਗਲੀ-ਜੀਵਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ, ਕੋਈ ਘਾਹ ਦੇ ਮੈਦਾਨਾਂ ਦੇ ਵਿਕਾਸ ਨਾਲ ਜੁੜੀ ਹੈ, ਤਾਂ ਕੁਝ ਔਰਤਾਂ ਈਕੋ-ਟੂਰਿਜ਼ਮ ਗਤੀਵਿਧੀਆਂ ਵਿੱਚ ਯੋਗਦਾਨ ਪਾ ਰਹੀਆਂ ਹਨ। ਸਾਥੀਓ, ਮੈਥਿਲੀ ਜੀ ਅਤੇ ਦੇਬਰੀਗੜ੍ਹ ਦੀਆਂ ਇਨ੍ਹਾਂ ਭੈਣਾਂ ਨੇ ਦਿਖਾਇਆ ਹੈ ਕਿ ਕੁਦਰਤ ਦੀ ਰਾਖੀ ਵੀ ਹੋ ਸਕਦੀ ਹੈ ਅਤੇ ਜੀਵਨ ਵਿੱਚ ਖ਼ੁਸ਼ਹਾਲੀ ਵੀ ਆ ਸਕਦੀ ਹੈ। ਇਨ੍ਹਾਂ ਸਾਰੀਆਂ ਭੈਣਾਂ ਦਾ ਯਤਨ ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਨਾ ਹੈ।
ਸਾਥੀਓ,
ਅੱਜ ਸਾਡੀਆਂ ਧੀਆਂ ਦੇ ਸੁਪਨਿਆਂ ਦੀ ਉਡਾਣ, ਧਰਤੀ ਤੋਂ ਨਿਕਲ ਕੇ ਪੁਲਾੜ ਤੱਕ ਪਹੁੰਚ ਰਹੀ ਹੈ ਅਤੇ ਤੁਹਾਨੂੰ ਇਹ ਜਾਣ ਕੇ ਮਾਣ ਹੋਵੇਗਾ ਕਿ ਭਾਰਤ, ਅਜਿਹੇ ਸੁਪਨੇ ਦੇਖਣ ਵਾਲੀਆਂ ਦੁਨੀਆ ਦੀਆਂ ਹਜ਼ਾਰਾਂ ਧੀਆਂ ਨੂੰ ਇਕੱਠੇ ਜੋੜ ਰਿਹਾ ਹੈ। ਇਸ ਕੋਸ਼ਿਸ਼ ਦਾ ਨਾਮ ਹੈ ਮਿਸ਼ਨ ਸ਼ਕਤੀਸੈਟ। ਇਸ ਰਾਹੀਂ 108 ਦੇਸ਼ਾਂ ਦੀਆਂ 12 ਹਜ਼ਾਰ ਵਿਦਿਆਰਥਣਾਂ ਨੂੰ ਸੈਟੇਲਾਈਟ ਟੈਕਨਾਲੋਜੀ ਸਿੱਖਣ ਅਤੇ ਨਵੀਨਤਾ ਦੇ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ। 23 ਅਗਸਤ, ਨੈਸ਼ਨਲ ਸਪੇਸ ਡੇ ’ਤੇ ਇਸ ਮਿਸ਼ਨ ਦੀ ਇੱਕ ਸੁੰਦਰ ਤਸਵੀਰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਦੇਖਣ ਨੂੰ ਮਿਲੀ। ਗੌਤਮਬੁੱਧ ਯੂਨੀਵਰਸਿਟੀ ਵਿੱਚ ਮਿਸ਼ਨ ਸ਼ਕਤੀਸੈਟ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਈ। ਇਸ ਮੌਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਤੋਂ ਆਈਆਂ ਕਰੀਬ 100 ਵਿਦਿਆਰਥਣਾਂ ਇਕੱਠੀਆਂ ਜੁੜੀਆਂ। ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਚੁਣੀਆਂ ਹੋਈਆਂ ਵਿਦਿਆਰਥਣਾਂ ਵੀ ਇਸ ਵਿੱਚ ਹਿੱਸਾ ਲੈ ਰਹੀਆਂ ਹਨ। ਇਸ ਪੂਰੀ ਕੋਸ਼ਿਸ਼ ਦਾ ਟੀਚਾ ਵੀ ਬਹੁਤ ਖ਼ਾਸ ਹੈ। ਪੂਰੀ ਤਰ੍ਹਾਂ ਵਿਦਿਆਰਥਣਾਂ ਦੀ ਭਾਗੀਦਾਰੀ ਨਾਲ ਤਿਆਰ ਇੱਕ ਸੈਟੇਲਾਈਟ ਨੂੰ ਚੰਨ ਦੇ ਪੰਧ ਵਿੱਚ ਭੇਜਣ ਦੀ ਤਿਆਰੀ ਹੈ। ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਵਿੱਚੋਂ ਕਈ ਵਿਦਿਆਰਥਣਾਂ ਆਉਣ ਵਾਲੇ ਸਮੇਂ ਵਿੱਚ ਵਿਗਿਆਨ, ਤਕਨੀਕ ਅਤੇ ਨਵੀਨਤਾ ਦੇ ਖੇਤਰ ਵਿੱਚ ਆਪਣੀ ਨਵੀਂ ਪਛਾਣ ਬਣਾਉਣਗੀਆਂ।
ਮੇਰੇ ਪਿਆਰੇ ਦੇਸ਼ ਵਾਸੀਓ,
ਅੱਜ-ਕੱਲ੍ਹ ਐਵੋਕਾਡੋ ਫ਼ਲ ਦੀ ਬਹੁਤ ਧੂਮ ਹੈ। ਇਸ ਫ਼ਲ ਨੂੰ ਪਹਿਲਾਂ ਸ਼ਾਇਦ ਹੀ ਕੋਈ ਜਾਣਦਾ ਸੀ। ਇਸ ਦੀ ਕੀਮਤ ਅਤੇ ਮੰਗ ਦੋਵੇਂ ਘੱਟ ਸਨ, ਪਰ ਅੱਜ ਇਸ ਨੂੰ ਡਾਇਨਿੰਗ ਟੇਬਲ ’ਤੇ ਖੂਬ ਦੇਖਿਆ ਜਾ ਰਿਹਾ ਹੈ। ਅੱਜ ਇਹ ਸਿਹਤ ਅਤੇ ਪ੍ਰੀਮੀਅਮ ਮਾਰਕਿਟ ਦੀ ਪਸੰਦ ਬਣ ਗਿਆ ਹੈ। ਸਾਡੇ ਕਿਸਾਨ ਭੈਣ-ਭਰਾਵਾਂ ਲਈ ਵੀ ਇਹ ਬਹੁਤ ਮਦਦਗਾਰ ਹੈ। ਆਂਧਰਾ ਪ੍ਰਦੇਸ਼ ਵਿੱਚ ਕਡਪਾ ਦੇ ਵਰਦਰਾਜ ਜੀ ਦੀ ਉਦਾਹਰਨ ਹੈ। ਉਹ ਕਈ ਸਾਲਾਂ ਤੋਂ ਆਪਣੇ ਖੇਤ ਵਿੱਚ ਟਮਾਟਰ ਅਤੇ ਕੇਲੇ ਦੀ ਖੇਤੀ ਕਰ ਰਹੇ ਸਨ। ਇੱਕ ਦਿਨ ਉਨ੍ਹਾਂ ਨੇ ਆਪਣੇ ਦੋਸਤਾਂ ਦੇ ਫ਼ਾਰਮ ਵਿੱਚ ਐਵੋਕਾਡੋ ਦੀ ਫ਼ਸਲ ਦੇਖੀ। ਇਸ ਤੋਂ ਬਾਅਦ ਉਨ੍ਹਾਂ ਨੇ ਯੂਟਿਊਬ ਤੋਂ ਇਸ ’ਤੇ ਜਾਣਕਾਰੀ ਜੁਟਾਈ। ਹੁਣ ਤੱਕ ਉਹ ਕਰੀਬ 4 ਟਨ ਐਵੋਕਾਡੋ ਦੀ ਪੈਦਾਵਾਰ ਕਰ ਚੁੱਕੇ ਹਨ। ਅੱਜ ਉਹ ਸਿੱਧੇ ਸਥਾਨਕ ਦੁਕਾਨਾਂ ਨੂੰ ਇਸ ਦੀ ਸਪਲਾਈ ਕਰ ਰਹੇ ਹਨ। ਨਵੀਂ ਫ਼ਸਲ, ਵਿਗਿਆਨਕ ਸਲਾਹ ਅਤੇ ਸਿੱਧੀ ਮਾਰਕਿਟਿੰਗ ਨਾਲ ਉਨ੍ਹਾਂ ਦੇ ਛੋਟੇ ਜਿਹੇ ਫ਼ਾਰਮ ਦੀ ਕਮਾਈ ਪੂਰੀ ਤਰ੍ਹਾਂ ਬਦਲ ਗਈ ਹੈ। ਤਾਮਿਲਨਾਡੂ ਦੇ ਕੋਡੈਕਨਾਲ ਦੇ ਕਿਸਾਨ ਚੰਦਰਸ਼ੇਖਰਨ ਜੀ ਨੇ ਅੱਧਾ ਹੈਕਟੇਅਰ ਜ਼ਮੀਨ ’ਤੇ ਐਵੋਕਾਡੋ ਉਗਾਉਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਇਸ ਦੇ ਚੰਗੇ ਭਾਅ ਮਿਲ ਰਹੇ ਹਨ ਅਤੇ ਕਮਾਈ ਵੀ ਵਧੀ ਹੈ। ਕਰਨਾਟਕ ਵਿੱਚ ਚਿੱਕਮਗਲੁਰੂ ਦੇ ਕੁਝ ਕਿਸਾਨ ਭੈਣ-ਭਰਾਵਾਂ ਨੇ ਤਾਂ ਕੌਫੀ ਪਲਾਂਟੇਸ਼ਨ ਦੇ ਵਿਚਕਾਰ ਐਵੋਕਾਡੋ ਲਾਇਆ ਹੈ। ਇਸ ਨਾਲ ਉਨ੍ਹਾਂ ਨੂੰ ਕੌਫੀ ਅਤੇ ਕਾਲੀ ਮਿਰਚ ਦੇ ਨਾਲ ਵਾਧੂ ਕਮਾਈ ਵੀ ਹੋ ਰਹੀ ਹੈ। ਸਾਥੀਓ, ਅਸੀਂ ਸ਼ਹਿਰਾਂ ਦੇ ਰੈਸਟੋਰੈਂਟਸ ਵਿੱਚ ਅਕਸਰ ਐਵੋਕਾਡੋ ਟੋਸਟ ਬਾਰੇ ਸੁਣਦੇ ਹਾਂ, ਪਰ ਇਸੇ ਐਵੋਕਾਡੋ ਜ਼ਰੀਏ ਸਾਡੇ ਅਗਾਂਹਵਧੂ ਕਿਸਾਨਾਂ ਨੇ ਕਮਾਈ ਦੀ ਇੱਕ ਨਵੀਂ ਰੈਸਿਪੀ ਲੱਭ ਲਈ ਹੈ। ਭਾਵ ਆਪਣੇ ਦੇਸ਼ ਦੇ ਐਵੋਕਾਡੋ ਨਾਲ ਤੁਹਾਡੇ ਟੋਸਟ ਦਾ ਸੁਆਦ ਵੀ ਵਧਿਆ ਅਤੇ ਕਿਸਾਨਾਂ ਦੀ ਆਮਦਨ ਵੀ ਵੱਧ ਗਈ ਹੈ।
ਮੇਰੇ ਪਿਆਰੇ ਦੇਸ਼ ਵਾਸੀਓ,
ਕੁਝ ਹੀ ਦਿਨਾਂ ਵਿੱਚ 3 ਸਤੰਬਰ ਨੂੰ ਅਸੀਂ ਮਹਾਨਾਇਕ ਉੱਤਮ ਕੁਮਾਰ ਜੀ ਦੀ ਜਨਮ-ਸ਼ਤਾਬਦੀ ਮਨਾਵਾਂਗੇ। ਸਾਥੀਓ, ਉੱਤਮ ਕੁਮਾਰ ਜੀ ਇੱਕ ਬਹੁ-ਪੱਖੀ ਅਦਾਕਾਰ ਸਨ, ਜੋ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ਫਿਲਮ ਪ੍ਰੇਮੀਆਂ ਦਾ ਮੰਨਣਾ ਹੈ ਕਿ ਸ਼੍ਰੀਮਾਨ ਸੱਤਿਆਜੀਤ ਰੇਅ ਨੇ ਫਿਲਮ ‘ਨਾਇਕ-ਦੀ ਹੀਰੋ’ ਦੀ ਪੂਰੀ ਸਕ੍ਰਿਪਟ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਧਿਆਨ ਵਿੱਚ ਰੱਖ ਕੇ ਲਿਖੀ ਸੀ। ਸ਼੍ਰੀਮਾਨ ਸੱਤਿਆਜੀਤ ਰੇਅ ਨੇ ਕਿਹਾ ਸੀ ਕਿ ਉਨ੍ਹਾਂ ਵਿੱਚ ਸ਼ਾਨ ਦੇ ਨਾਲ-ਨਾਲ ਕਮਾਲ ਦੀ ਭਾਵਨਾਤਮਕ ਡੂੰਘਾਈ ਵੀ ਸੀ। ਕਿਰਦਾਰ ਨੂੰ ਉਹ ਜਿਉਂਦਾ-ਜਾਗਦਾ ਬਣਾਉਣ ਲਈ ਬਹੁਤ ਮਿਹਨਤ ਕਰਦੇ ਸਨ। ਉੱਤਮ ਕੁਮਾਰ ਜੀ ਆਪਣੀ ਸਾਦਗੀ ਦੇ ਨਾਲ ਹੀ ਨੇਕ ਕੰਮਾਂ ਲਈ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦੇ ਜੀਵਨ ਤੋਂ ਕਦੇ ਵੀ ਹਾਰ ਨਾ ਮੰਨਣ ਦੀ ਇੱਕ ਹੋਰ ਵੱਡੀ ਸਿੱਖਿਆ ਵੀ ਮਿਲਦੀ ਹੈ। ਉਨ੍ਹਾਂ ਦੀਆਂ ਸ਼ੁਰੂਆਤੀ ਫਿਲਮਾਂ ਬਹੁਤ ਨਹੀਂ ਚੱਲੀਆਂ, ਪਰ ਉਨ੍ਹਾਂ ਨੇ ਆਪਣੇ ਕੰਮ ’ਤੇ ਫੋਕਸ ਬਣਾਈ ਰੱਖਿਆ। ਇਸੇ ਦਾ ਨਤੀਜਾ ਸੀ ਕਿ ਉਨ੍ਹਾਂ ਨੇ ਇੰਨੀ ਉਚਾਈ ਹਾਸਲ ਕੀਤੀ। ਸਾਥੀਓ, ਮੈਨੂੰ ਧਿਆਨ ਹੈ ਕਿ ਜਦੋਂ ਮੈਂ ਕੋਲਕਾਤਾ ਵਿੱਚ ਰੋਡ ਸ਼ੋਅ ਕਰ ਰਿਹਾ ਸੀ, ਤਾਂ ਮੈਂ ਉੱਤਮ ਕੁਮਾਰ ਜੀ ਦੇ ਘਰ ਦੇ ਸਾਹਮਣਿਓਂ ਵੀ ਲੰਘਿਆ ਸੀ। ਉੱਥੇ ਮੈਨੂੰ ਇੱਕ ਵਿਅਕਤੀ ਨੇ ਉਨ੍ਹਾਂ ਦੀ ਇੱਕ ਤਸਵੀਰ ਵੀ ਭੇਟ ਕੀਤੀ ਸੀ। ਮੈਂ ਇੱਕ ਵਾਰ ਫਿਰ ਮਹਾਨਾਇਕ ਉੱਤਮ ਕੁਮਾਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਹ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ’ਤੇ ਰਾਜ ਕਰਦੇ ਰਹਿਣਗੇ।
“ਮਹਾਨਾਇਕ ਉੱਤਮ ਕੁਮਾਰ ਚੀਰੋਦਿਨ ਮਾਨੁਸ਼ੇਰ ਹਿਰਦਯੇ ਰਾਜ ਕੋਰਬੇਨ”
ਮੇਰੇ ਪਿਆਰੇ ਦੇਸ਼ ਵਾਸੀਓ,
ਸਾਡੇ ਪੁਰਬ ਅਤੇ ਤਿਉਹਾਰ, ਸਾਡੀਆਂ ਰਵਾਇਤਾਂ ਦੇ ਨਾਲ-ਨਾਲ, ਸਾਨੂੰ ਇੱਕ-ਦੂਜੇ ਨਾਲ ਜੁੜਨ ਦਾ ਵੀ ਮੌਕਾ ਦਿੰਦੇ ਹਨ। ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਵੀ ਕਈ ਅਹਿਮ ਤਿਉਹਾਰ ਮਨਾਉਣ ਜਾ ਰਹੇ ਹਾਂ। 4 ਸਤੰਬਰ ਨੂੰ ਜਨਮਾਸ਼ਟਮੀ ਦਾ ਪਵਿੱਤਰ ਤਿਉਹਾਰ ਹੈ। ਸਤੰਬਰ ਵਿੱਚ ਹੀ ਅਸੀਂ ਵਿਸ਼ਵਕਰਮਾ ਪੂਜਾ ਵੀ ਮਨਾਵਾਂਗੇ। ਇਸ ਮੌਕੇ ਆਪਣੇ ਆਲ਼ੇ-ਦੁਆਲ਼ੇ ਦੇ ਕਾਰੀਗਰਾਂ, ਸ਼ਿਲਪਕਾਰਾਂ ਅਤੇ ਵਿਸ਼ਵਕਰਮਾ ਸਾਥੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਕੁਝ ਮਹੀਨਿਆਂ ਬਾਅਦ ਦੀਵਾਲੀ ਵੀ ਆਉਣ ਵਾਲੀ ਹੈ, ਇਸ ਦੀਆਂ ਤਿਆਰੀਆਂ ਵੀ ਹੌਲ਼ੀ-ਹੌਲ਼ੀ ਸ਼ੁਰੂ ਹੋ ਰਹੀਆਂ ਹਨ। ਤਿਉਹਾਰਾਂ ਦੇ ਇਸ ਮੌਸਮ ਵਿੱਚ, ਮੈਂ ਇੱਕ ਵਾਰ ਫਿਰ, ਤੁਹਾਨੂੰ ‘ਵੋਕਲ ਫ਼ਾਰ ਲੋਕਲ’ ਦੀ ਅਪੀਲ ਦੁਹਰਾਵਾਂਗਾ ਅਤੇ ‘ਵੋਕਲ ਫ਼ਾਰ ਲੋਕਲ’ ਦਾ ਮਤਲਬ ਕੇਵਲ ਮਿੱਟੀ ਦੇ ਦੀਵੇ ਖਰੀਦਣਾ ਨਹੀਂ ਹੈ, ਇਸ ਦਾ ਵਿਜ਼ਨ ਬਹੁਤ ਵੱਡਾ ਹੈ। ਅਸੀਂ ਆਪਣੇ ਘਰ ਲਈ ਜੋ ਵੀ ਸਾਮਾਨ ਖਰੀਦਦੇ ਹਾਂ, ਉਸ ਨੂੰ ਇੱਕ ਵਾਰ ਜ਼ਰੂਰ ਦੇਖ ਲਈਏ ਕਿ ਉਹ ਭਾਰਤ ਵਿੱਚ ਬਣਿਆ ਹੋਵੇ। ਭਾਰਤ ਦੇ ਆਤਮਨਿਰਭਰ ਬਣਨ ਦਾ ਰਸਤਾ, ਭਾਰਤ ਵਿੱਚ ਬਣੀਆਂ ਚੀਜ਼ਾਂ ’ਤੇ ਮਾਣ ਕਰਨ ਨਾਲ ਹੀ ਪੱਧਰਾ ਹੋਵੇਗਾ। ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਸਾਡੀ ਰਚਨਾਤਮਕ ਦੁਨੀਆ ਦੇ ਸਾਥੀਆਂ, ਇਨਫਲੂਐਂਸਰਜ਼ ਅਤੇ ਮਸ਼ਹੂਰ ਹਸਤੀਆਂ ਦੀ ਵੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ। ਮੇਰੀ ਤੁਹਾਨੂੰ ਅਪੀਲ ਹੈ ਕਿ ਖ਼ੁਦ ਵੀ ‘ਵੋਕਲ ਫ਼ਾਰ ਲੋਕਲ’ ਨੂੰ ਅਪਣਾਓ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰੋ।
ਸਾਥੀਓ,
ਤੁਹਾਡੇ ਆਲ਼ੇ-ਦੁਆਲ਼ੇ ਵੀ ਅਜਿਹੇ ਕਈ ਲੋਕ ਹੋਣਗੇ, ਜੋ ਆਪਣੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਨਾਲ ਸਮਾਜ ਵਿੱਚ ਵੱਡਾ ਬਦਲਾਅ ਲਿਆ ਰਹੇ ਹਨ। ਤੁਸੀਂ ਉਨ੍ਹਾਂ ਬਾਰੇ ‘ਮਨ ਕੀ ਬਾਤ’ ਲਈ ਜ਼ਰੂਰ ਲਿਖੋ। ਤੁਹਾਡਾ ਭੇਜਿਆ ਹੋਇਆ ਤਜਰਬਾ, ਦੇਸ਼ ਦੇ ਕਿਸੇ ਕੋਨੇ ਵਿੱਚ, ਕਿਸੇ ਲਈ ਨਵੀਂ ਪ੍ਰੇਰਨਾ ਬਣ ਸਕਦਾ ਹੈ। ਮੈਨੂੰ ਤੁਹਾਡੇ ਸੁਝਾਵਾਂ ਅਤੇ ਤਜਰਬਿਆਂ ਦੀ ਉਡੀਕ ਰਹੇਗੀ।
ਬਹੁਤ-ਬਹੁਤ ਧੰਨਵਾਦ।
*********
ਐੱਮਜੇਪੀਐੱਸ/ਐੱਸਐੱਸ/ਐੱਸਟੀ/ਵੀਕੇ
#MannKiBaat has begun. Tune in! https://t.co/sLZaQ83YUp
— PMO India (@PMOIndia) August 30, 2026
A unique website created by Shri Krishna Seshadri Ji is making learning history even more interesting.#MannKiBaat pic.twitter.com/6Tp10CsJHO
— PMO India (@PMOIndia) August 30, 2026
Let us come together to build a drug-free India and a stronger future for our youth.#MannKiBaat#NashaMuktYuva pic.twitter.com/ep2f0WDzXA
— PMO India (@PMOIndia) August 30, 2026
The Tiranga brought people together across India and around the world.#MannKiBaat pic.twitter.com/RCaucEJue2
— PMO India (@PMOIndia) August 30, 2026
PM SVANidhi Yojana is helping lakhs of women street vendors expand their businesses, increase their incomes and build a better future for their families.#MannKiBaat pic.twitter.com/MOtKlVkXOK
— PMO India (@PMOIndia) August 30, 2026
From young volunteers in Uttar Pradesh's Rampur cleaning their neighbourhoods to pilgrims joining the cleanliness drive during the Shri Amarnath Ji Yatra, Swachhata is becoming a people's resolve.#MannKiBaat pic.twitter.com/xPLghWi7D6
— PMO India (@PMOIndia) August 30, 2026
From Phek district in Nagaland, Vesalu Puro Ji turned her passion for flowers into a thriving venture.#MannKiBaat pic.twitter.com/IkCztlKsLf
— PMO India (@PMOIndia) August 30, 2026
In Odisha's Debrigarh region, Maithili Bhue Ji's journey from depending on forest produce to becoming part of eco-tourism has inspired several women to contribute towards forest conservation.#MannKiBaat pic.twitter.com/g41BNVwfGJ
— PMO India (@PMOIndia) August 30, 2026
Mission ShaktiSAT is bringing together girl students from 108 countries and giving them the opportunity to learn about satellite technology as well as explore new frontiers in science, technology, and innovation.#MannKiBaat pic.twitter.com/0jydyhtTrV
— PMO India (@PMOIndia) August 30, 2026
Avocado is finding a new place in India's farms and markets. #MannKiBaat pic.twitter.com/oEnZfbij0T
— PMO India (@PMOIndia) August 30, 2026
Mahanayak Uttam Kumar continues to inspire generations. His remarkable performances, dedication and ability to bring every character to life made him an unforgettable icon of Indian cinema.#MannKiBaat pic.twitter.com/JayfStHgon
— PMO India (@PMOIndia) August 30, 2026