ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) ਦੇ ਅਸਾਸਿਆਂ ਨੂੰ ਇੱਕ ਵੱਖਰੀ ਕੰਪਨੀ ਅਧੀਨ ਲਿਆਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕੰਪਨੀ ਦੀ ਮਲਕੀਅਤ ਪੂਰੀ ਤਰ੍ਹਾਂ ਬੀਐੱਸਐੱਨਐੱਲ ਦੀ ਰਹੇਗੀ।
ਇਸ ਪ੍ਰਵਾਨਗੀ ਨਾਲ ਬੀਐੱਸਐੱਨਐੱਲ ਨੂੰ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਆਪਣੇ ਟੈਲੀਕਾਮ ਟਾਵਰ ਢਾਂਚੇ ਨੂੰ ਇੱਕ ਵੱਖਰੀ ਸਹਾਇਕ ਕੰਪਨੀ ਕਾਇਮ ਕਰਕੇ ਉਸ ਅਧੀਨ ਲਿਆ ਸਕੇਗੀ।
ਦੇਸ਼ ਵਿੱਚ ਇਸ ਵੇਲੇ ਤਕਰੀਬਨ 4,42,000 ਮੋਬਾਈਲ ਟਾਵਰ ਹਨ ਜਿਨ੍ਹਾਂ ਵਿੱਚੋਂ 66,000 ਮੋਬਾਈਲ ਟਾਵਰ ਬੀਐੱਸਐੱਨਐੱਲ ਦੇ ਹਨ। ਬੀਐੱਸਐੱਨਐੱਲ ਦੀ ਇੱਕ ਸੁਤੰਤਰ, ਸਮਰਪਿਤ ਟਾਵਰ ਕੰਪਨੀ ਦੀ ਸਿੱਧੀ ਪਹੁੰਚ ਇਨ੍ਹਾਂ ਟਾਵਰਾਂ ਤੱਕ ਹੋਵੇਗੀ ਅਤੇ ਇਸ ਨਾਲ ਬਾਹਰੀ ਕਿਰਾਏਦਾਰੀ ਵਿੱਚ ਵਾਧਾ ਹੋਵੇਗਾ ਅਤੇ ਨਵੀਂ ਕੰਪਨੀ ਦੀ ਆਮਦਨ ਵੀ ਵਧੇਗੀ।
ਪਿਛੋਕੜ
ਟੈਲੀਕਾਮ ਟਾਵਰ ਉਦਯੋਗ ਇੱਕ ਸੁਤੰਤਰ ਵਪਾਰ ਵਜੋਂ ਉੱਭਰ ਰਿਹਾ ਹੈ ਤਾਂਕਿ ਢਾਂਚੇ ਦੀ ਭਾਈਵਾਲੀ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ। ਇਹ ਵਪਾਰਕ ਮਾਡਲ ਬੱਚਤ ਦਾ ਪੱਧਰ ਵਧਾਉਣ ਅਤੇ ਪੂੰਜੀਗਤ ਨਿਵੇਸ਼ ਲਾਗਤ ਨੂੰ ਘੱਟ ਕਰਨ ਲਈ ਕਾਇਮ ਕੀਤਾ ਜਾ ਰਿਹਾ ਹੈ। ਦੂਰ ਸੰਚਾਰ ਵਿਭਾਗ (ਡੀਓਟੀ) ਦੀ ਨੀਤੀ ਇਸ ਗੱਲ ਦੀ ਇਜਾਜ਼ਤ ਦਿੰਦੀ ਹੈ ਕਿ ਗੈਰ-ਸਰਗਰਮ ਢਾਂਚੇ ਜਿਵੇਂ ਕਿ ਟਾਵਰਾਂ ਦੇ ਨਿਰਮਾਣ, ਡੀਜ਼ਲ ਜੈਨਰੇਟਰ ਸੈੱਟ, ਬੈਟਰੀ ਯੂਨਿਟਾਂ, ਪਾਵਰ ਇੰਟਰਫੇਸ ਯੂਨਿਟ, ਏਅਰ ਕੰਡੀਸ਼ਨ ਆਦਿ ਵਿੱਚ ਭਾਈਵਾਲੀ ਕੀਤੀ ਜਾ ਸਕਦੀ ਹੈ ਜਿਸ ਨਾਲ ਟੈਲੀਕਾਮ ਢਾਂਚਾ ਉਦਯੋਗ ਵਿੱਚ ਵਾਧਾ ਸੰਭਵ ਹੋਇਆ ਹੈ। ਟਾਵਰ ਢਾਂਚਾ ਕੰਪਨੀ ਲਾਜ਼ਮੀ ਤੌਰ `ਤੇ ਆਪਣਾ ਗੈਰ-ਸਰਗਰਮ ਢਾਂਚਾ ਰੱਖੇਗੀ ਅਤੇ ਇਸ ਨੂੰ ਟੈਲੀਕਾਮ ਸੇਵਾ ਪ੍ਰਦਾਨ ਕਰਨ ਵਾਲਿਆਂ ਨੂੰ ਪਟੇ ਉੱਤੇ ਦੇਵੇਗੀ ਤਾਂਕਿ ਨਿਵੇਸ਼ ਦਾ ਦੁਹਰਾਅ ਨਾ ਹੋਵੇ ਅਤੇ ਅਪ੍ਰੇਸ਼ਨ ਅਤੇ ਸੰਭਾਲ ਦੀ ਲਾਗਤ ਵਿੱਚ ਕਮੀ ਆਵੇ ਅਤੇ ਮੁਨਾਫਾ ਵਧੇ।
ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਦੇ ਕੈਪਟਿਵ ਮਾਡਲ, ਜਿੱਥੇ ਕਿ ਸਰਵਿਸ ਪ੍ਰਦਾਨ ਕਰਨ ਵਾਲੇ ਦਾ ਆਪਣਾ ਢਾਂਚਾ ਵੀ ਮੌਜੂਦ ਹੋਵੇ ਉੱਥੇ ਤਿੰਨ ਵੱਖ-ਵੱਖ ਤਰ੍ਹਾਂ ਦੇ ਵਪਾਰਕ ਮਾਡਲ ਟੈਲੀਕਾਮ ਉਦਯੋਗ ਵਿੱਚ ਚਲਦੇ ਹਨ — ਸੇਵਾ ਪ੍ਰਦਾਨ ਕਰਨ ਵਾਲਿਆਂ ਦੇ ਟਾਵਰ ਅਸਾਸੇ ਪੋਰਟਫੋਲੀਓ ਨੂੰ ਸਹਾਇਕ ਕੰਪਨੀਆਂ ਵਿੱਚ ਤਬਦੀਲ ਕਰਕੇ ਤਿਆਰ ਕੀਤੀਆਂ ਕੰਪਨੀਆਂ, ਸੇਵਾ ਪ੍ਰਦਾਨ ਕਰਨ ਵਾਲਿਆਂ ਵੱਲੋਂ ਸਾਂਝੇ ਤੌਰ `ਤੇ ਸੁਤੰਤਰ ਸਾਂਝੇ ਅਦਾਰਿਆਂ ਵਜੋਂ ਕਾਇਮ ਕੀਤੀਆਂ ਕੰਪਨੀਆਂ ਅਤੇ ਵਿਸ਼ੇਸ਼ ਸੇਵਾ ਪ੍ਰਦਾਨ ਕਰਨ ਵਾਲਿਆਂ ਵੱਲੋਂ ਪ੍ਰਮੋਟ ਕੀਤੀਆਂ ਕੰਪਨੀਆਂ, ਜੋ ਕਿ, ਸੁਤੰਤਰ ਅਦਾਰਿਆਂ ਵਜੋਂ ਕੰਮ ਕਰਨਗੀਆਂ।
AKT/VBA/SH