Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ‘ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ’ (ਆਈ.ਸੀ.ਏ.ਆਈ.) ਅਤੇ ‘ਕਾਲਜ ਆਵ੍ ਬੈਂਕਿੰਗ ਐਂਡ ਫ਼ਾਈਨੈਂਸ਼ੀਅਲ ਸਟੱਡੀਜ਼’ (ਸੀ.ਬੀ.ਐੱਫ਼.ਐੱਸ.), ਓਮਾਨ ਵਿਚਾਲੇ ਸਹਿਮਤੀ-ਪੱਤਰ ਨੂੰ ਨਵਿਆਉਣ ਦੀ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ‘ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਟਸ ਆਵ੍ ਇੰਡੀਆ’ (ਆਈ.ਸੀ.ਏ.ਆਈ.) ਅਤੇ ‘ਕਾਲਜ ਆਵ੍ ਬੈਂਕਿੰਗ ਐਂਡ ਫ਼ਾਈਨੈਂਸ਼ੀਅਲ ਸਟੱਡੀਜ਼’ (ਸੀ.ਬੀ.ਐੱਫ਼.ਐੱਸ.), ਓਮਾਨ ਵਿਚਾਲੇ 2008 ਅਤੇ 2011 ਦੇ ਸਹਿਮਤੀ-ਪੱਤਰਾਂ ਨੂੰ ਕਾਰਜ ਉਪਰੰਤ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਨਾਲ ਹੀ ਸਹਿਮਤੀ-ਪੱਤਰ ਨੂੰ ਨਵਿਆਉਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਸ ਸਹਿਮਤੀ-ਪੱਤਰ ਰਾਹੀਂ ਓਮਾਨ ਵਿੱਚ ਅਕਾਊਂਟਿੰਗ, ਵਿੱਤੀ ਤੇ ਆਡਿਟ ਗਿਆਨ ਅਧਾਰ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਸੁਵਿਧਾ ਮਿਲੇਗੀ।

ਆਈ.ਸੀ.ਏ.ਆਈ. ਦਾ ਮੱਧ-ਪੂਰਬੀ ਖੇਤਰ ਵਿੱਚ 6,000 ਤੋਂ ਵੱਧ ਮੈਂਬਰਾਂ ਦਾ ਮਜ਼ਬੂਤ ਮੈਂਬਰਸ਼ਿਪ ਅਧਾਰ ਹੈ ਅਤੇ ਇਸ ਸਹਿਮਤੀ-ਪੱਤਰ ਦਾ ਉਦੇਸ਼ ਆਈ.ਸੀ.ਏ.ਆਈ. ਦੀ ਮੈਂਬਰਸ਼ਿਪ ਨਾਲ ਓਮਾਨੀ ਨਾਗਰਿਕਾਂ ਨੂੰ ਦਾਖ਼ਲਾ ਦੇ ਕੇ ਸੀ.ਬੀ.ਐੱਫ਼.ਐੱਸ. ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਦਾ ਉਦੇਸ਼ ਮੈਂਬਰਾਂ, ਵਿਦਿਆਰਥੀਆਂ ਅਤੇ ਸੰਸਥਾਨਾਂ ਦੇ ਹਿਤਾਂ ਵਿੱਚ ਆਪਸੀ ਲਾਹੇਵੰਦ ਸਬੰਧ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨਾ ਹੈ। ਇਸ ਸਹਿਮਤੀ-ਪੱਤਰ ਰਾਹੀਂ ਆਈ.ਸੀ.ਏ.ਆਈ. ਦੇ ਮੈਂਬਰਾਂ ਨੂੰ ਆਪਣੇ ਪੇਸ਼ੇਵਰਾਨਾ ਦਿਸਹੱਦਿਆਂ ਦਾ ਵਿਸਥਾਰ ਕਰਨ ਦਾ ਮੌਕਾ ਮਿਲੇਗਾ ਅਤੇ ਇਸ ਦੇ ਨਾਲ ਹੀ ਆਈ.ਸੀ.ਏ.ਆਈ. ਦੇ ਇੱਕ ਅਜਿਹੀ ਇਕਾਈ ਬਣਨ ਦੀ ਸੰਭਾਵਨਾ ਹੈ, ਜੋ ਓਮਾਨੀ ਨਾਗਰਿਕਾਂ ਦੀਆਂ ਪੇਸ਼ੇਵਰਾਨਾ ਸਮਰੱਥਾਵਾਂ ਨੂੰ ਸਹਾਇਤਾ ਦਿੰਦੀ ਹੈ ਤੇ ਉਨ੍ਹਾਂ ਨੂੰ ਮਜ਼ਬੂਤ ਕਰਦੀ ਹੈ।

ਅਜਿਹੀਆਂ ਗਤੀਵਿਧੀਆਂ ਰਾਹੀਂ, ਭਾਰਤ, ਓਮਾਨ ਸਲਤਨਤ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਚਾਰਟਰਡ ਅਕਾਊਂਟੈਂਟਸ ਲਈ ਨਿੱਗਰ ਸਦਭਾਵਨਾ ਬਣਨ ਦੀ ਸੰਭਾਵਨਾ ਹੈ। ਇਸ ਨਾਲ ਭਾਰਤੀ ਨਾਗਰਿਕਾਂ ਵੱਲੋਂ ਭਾਰਤ ਵਿੱਚ ਧਨ ਭੇਜਣ ‘ਚ ਵਾਧਾ ਹੋਣ ਦੀ ਵੀ ਸੰਭਾਵਨਾ ਹੈ।

ਓਮਾਨ ਦਾ ਆਪਣਾ ਕੋਈ ਸਥਾਨਕ ਪੇਸ਼ੇਵਰਾਨਾ ਅਕਾਊਂਟੈਂਸੀ ਸੰਸਥਾਨ ਨਹੀਂ ਹੈ ਅਤੇ ਇਹ ਆਈ.ਸੀ.ਏ.ਆਈ. ਹੀ ਹੈ, ਜੋ ਸੀ.ਬੀ.ਐੱਫ਼.ਐੱਸ., ਓਮਾਨ ਨਾਲ ਇਸ ਕਿੱਤੇ ਨਾਲ ਸਬੰਧਤ ਮਾਮਲਿਆਂ ਵਿੱਚ ਤਾਲਮੇਲ ਕਰ ਰਿਹਾ ਹੈ। ਇਸ ਸਹਿਮਤੀ-ਪੱਤਰ ਨਾਲ ਇਸ ਵੇਲੇ ਓਮਾਨ ਵਿੱਚ ਕੰਮ ਕਰ ਰਹੇ ਭਾਰਤੀ ਚਾਰਟਰਡ ਅਕਾਊਂਟੈਂਟਸ ਅਤੇ ਹੋਰਨਾਂ ਬਜ਼ਾਰਾਂ ਦੇ ਨਾਲ-ਨਾਲ ਅਜਿਹੇ ਹੋਰ ਭਾਰਤੀ ਪੇਸ਼ੇਵਰਾਨਾ ਵਿਅਕਤੀਆਂ ਉੱਤੇ ਹਾਂ-ਪੱਖੀ ਅਸਰ ਪੈਣ ਦੀ ਸੰਭਾਵਨਾ ਹੈ, ਜੋ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਓਮਾਨ ਜਾਣਾ ਚਾਹੁੰਦੇ ਹਨ। ਇਸੇ ਤਰ੍ਹਾਂ ਓਮਾਨ ਸਲਤਨਤ ਵਿੱਚ ਭਾਰਤੀ ਪ੍ਰੋਫ਼ੈਸ਼ਨਲਾਂ ਲਈ ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਪਿਛੋਕੜ:

ਆਈ.ਸੀ.ਏ.ਆਈ. ਇੱਕ ਕਾਨੂੰਨੀ ਇਕਾਈ ਹੈ, ਜੋ ਭਾਰਤੀ ਸੰਸਦ ਦੇ ਕਾਨੂੰਨ ਰਾਹੀਂ ਸਥਾਪਤ ਕੀਤੀ ਗਈ ਹੈ। ਭਾਰਤ ਵਿੱਚ ਚਾਰਟਰਡ ਅਕਾਊਂਟੈਂਸੀ ਦੇ ਕਿੱਤੇ ਨੂੰ ਨਿਯੰਤ੍ਰਣ ਕਰਨ ਲਈ ਚਾਰਟਰਡ ਅਕਾਊਂਟੈਂਟਸ ਕਾਨੂੰਨ, 1949 ਹੈ। ਸੀ.ਬੀ.ਐੱਫ਼.ਐੱਸ. ਇੱਕ ਸਰਕਾਰੀ ਸੰਗਠਨ ਹੈ, ਜਿਸ ਨੂੰ 1983 ਵਿੱਚ ਓਮਾਨ ਦੀ ਸਲਤਨਤ ਦੇ ਸ਼ਾਹੀ ਫ਼ਰਮਾਨ ਰਾਹੀਂ ਸਥਾਪਤ ਕੀਤਾ ਗਿਆ ਸੀ। ਅਤੇ ਇਸ ਦਾ ਉਦੇਸ਼ ਬੈਂਕਿੰਗ ਅਤੇ ਵਿੱਤੀ ਵਿਸ਼ਿਆਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਬੈਂਕਰਾਂ ਨੂੰ ਸਿੱਖਿਆ ਅਤੇ ਸਿਖਲਾਈ ਦੇਣਾ ਹੈ। ਇਹ ਸੈਂਟਰਲ ਬੈਂਕ ਆਵ੍ ਓਮਾਨ (ਸੀ.ਬੀ.ਓ.) ਦੀ ਨਿਗਰਾਨੀ ਅਧੀਨ ਹੈ ਅਤੇ ਇਸ ਨੂੰ ਸਲਤਨਤ ਵਿੱਚ ਮੌਜੂਦ ਵਪਾਰਕ ਬੈਂਕਾਂ ਦੀ ਹਮਾਇਤ ਹਾਸਲ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਇਹ ਕਾਲਜ ਓਮਾਨ ਵਿੱਚ ਵਿੱਤੀ ਸੇਵਾਵਾਂ ਉਦਯੋਗ ਦੀ ਸੇਵਾ ਕਰ ਰਿਹਾ ਹੈ ਅਤੇ ਇਸ ਦਾ ਉਦੇਸ਼ ਅਕਾਦਮਿਕ ਅਤੇ ਸਿਖਲਾਈ ਕੋਰਸਾਂ ਦੀ ਪੇਸ਼ਕਸ਼ ਰਾਹੀਂ ਮਾਨਵ ਸੰਸਾਧਨ ਵਿਕਾਸ ਜ਼ਰੂਰਤਾਂ ਦੀ ਪੂਰਤੀ ਕਰਨਾ ਹੈ ਅਤੇ ਇਹ ਕੋਰਸ ਓਮਾਨ ਦੀਆਂ ਉੱਭਰ ਰਹੀਆਂ ਜ਼ਰੂਰਤਾਂ ਲਈ ਤਿਆਰ ਕੀਤੇ ਗਏ ਹਨ।

AKT/VBA/SH