Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਨਾਈਜੀਰੀਆ ਵਿਚਾਲੇ ਹਵਾਈ ਸੇਵਾਵਾਂ ਨਾਲ ਸਬੰਧਤ ਸੋਧੇ ਸਮਝੌਤੇ ਉੱਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਭਾਰਤ ਅਤੇ ਨਾਈਜੀਰੀਆ ਵਿਚਾਲੇ ਹਵਾਈ ਸੇਵਾਵਾਂ ਬਾਰੇ ਸੋਧੇ ਸਮਝੌਤੇ (Air Services Agreement – ASA) ਉੱਤੇ ਹਸਤਾਖਰ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਪਹਿਲਾਂ ਇਸ ਸਮਝੌਤੇ ਉੱਤੇ 31 ਜਨਵਰੀ, 1978 ਨੂੰ ਹਸਤਾਖਰ ਕੀਤੇ ਗਏ ਸਨ। ਇਸ ਸਮਝੌਤੇ ਨੂੰ ਸ਼ਹਿਰੀ ਹਵਾਬਾਜ਼ੀ ਖੇਤਰ ਵਿੱ ਤਾਜ਼ਾ ਘਟਨਾਕ੍ਰਮਾਂ ਨੂੰ ਧਿਆਨ ‘ਚ ਰੱਖਦਿਆਂ ‘ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਇਜ਼ੇਸ਼ਨ’ (ਆਈ.ਸੀ.ਏ.ਓ.) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਪਡੇਟ ਕੀਤਾ ਗਿਆ ਹੈ ਅਤੇ ਇਸ ਦਾ ਮੰਤਵ ਦੋਵੇਂ ਦੇਸ਼ਾਂ ਵਿਚਾਲੇ ਹਵਾਈ ਸੰਪਰਕ ਵਿੱਚ ਸੁਧਾਰ ਲਿਆਉਣਾ ਹੈ।

ਇਹ ਸੋਧਿਆ ਸਮਝੌਤਾ ਭਾਰਤ ਅਤੇ ਨਾਈਜੀਰੀਆ ਵਿਚਾਲੇ ਸ਼ਹਿਰੀ ਹਵਾਬਾਜ਼ੀ ਖੇਤਰ ਵਿਚਲੇ ਸਬੰਧਾਂ ਵਿੱਚ ਮਹੱਤਵਪੂਰਨ ਕਦਮ ਨੂੰ ਪ੍ਰਗਟਾਉਂਦਾ ਹੈ ਅਤੇ ਇਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਸੈਰ-ਸਪਾਟਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਹਵਾਈ ਸੇਵਾਵਾਂ ਬਾਰੇ ਇਸ ਸਮਝੌਤੇ ਦੀਆਂ ਕੁਝ ਲਾਜ਼ਮੀ ਵਿਸ਼ੇਸ਼ਤਾਵਾਂ ਨਿਮਨਲਿਖਤ ਅਨੁਸਾਰ ਹਨ:

1) ਦੋਵੇਂ ਦੇਸ਼ਾਂ ਨੂੰ ਇੱਕ ਜਾਂ ਵੱਧ ਏਅਰਲਾਈਨਜ਼ ਡੈਜ਼ੀਗਨੇਟ ਕਰਨ ਦਾ ਅਧਿਕਾਰ ਹੋਵੇਗਾ।

2) ਦੋਵੇਂ ਦੇਸ਼ਾਂ ਦੀਆਂ ਡੈਜ਼ੀਗਨੇਟਡ ਏਅਰਲਾਈਨਜ਼ ਨੂੰ ਦੂਜੇ ਦੇਸ਼ ਦੇ ਅਧਿਕਾਰ-ਖੇਤਰ ਵਿੱਚ ਪ੍ਰੋਤਸਾਹਨ ਅਤੇ ਹਵਾਈ ਸੇਵਾਵਾਂ ਦੀ ਵਿਕਰੀ ਲਈ ਆਪਣੇ ਦਫ਼ਤਰ ਸਥਾਪਤ ਕਰਨ ਦਾ ਅਧਿਕਾਰ ਹੋਵੇਗਾ।

3) ਦੋਵੇਂ ਧਿਰਾਂ ਇੱਕ-ਦੂਜੇ ਦੇ ਅਧਿਕਾਰ-ਖੇਤਰਾਂ ਵਿਚਾਲੇ ਸਾਰੀਆਂ ਮਾਲ-ਵਾਹਕ ਸੇਵਾਵਾਂ ਲਈ ਕਿਸੇ ਵੀ ਕਿਸਮ ਦੇ ਹਵਾਈ ਜਹਾਜ਼ ਨਾਲ ਕਿੰਨੀ ਵੀ ਗਿਣਤੀ ਵਿੱਚ ਸੰਚਾਲਤ ਕਰਨ ਲਈ ਸਹਿਮਤ ਹੋਈਆਂ ਹਨ ਅਤੇ ਉਨ੍ਹਾਂ ਨੂੰ ਸੁਤੰਤਰ ਆਵਾਜਾਈ ਦੇ ਮੁਕੰਮਲ ਤੀਜੇ, ਚੌਥੇ ਅਤੇ ਪੰਜਵੇਂ ਅਧਿਕਾਰ ਹੋਣਗੇ।

4) ਡੈਜ਼ੀਗਨੇਟਡ ਏਅਰਲਾਈਨ ਵਪਾਰਕ ਵਿਚਾਰ-ਵਟਾਂਦਰਿਆਂ ਦੇ ਅਧਾਰ ਉੱਤੇ ਵਾਜਬ ਪੱਧਰਾਂ ‘ਤੇ ਸਹਿਮਤ ਹੋਈਆਂ ਸੇਵਾਵਾਂ ਦੇ ਸਬੰਧ ਵਿੱਚ ਦਰਾਂ ਬਾਰੇ ਫ਼ੈਸਲਾ ਲੈਣ ਲਈ ਸੁਤੰਤਰ ਹੋਵੇਗੀ।

5) ਕਿਸੇ ਵੀ ਧਿਰ ਦੀ ਡੈਜ਼ੀਗਨੇਟਡ ਏਅਰਲਾਈਨ ਉਸੇ ਧਿਰ ਤੇ ਦੂਜੀ ਧਿਰ ਦੀਆਂ ਡੈਜ਼ੀਗਨੇਟਡ ਹਵਾਈ ਸੇਵਾਵਾਂ ਨਾਲ ਸਹਿਕਾਰੀ ਮਾਰਕਿਟਿੰਗ ਸਮਝੌਤੇ ਕਰ ਸਕਦੀ ਹੈ।

6) ਨਵੀਂ ਵਿਵਸਥਾ ਅਨੁਸਾਰ, ਕਿਸੇ ਵੀ ਧਿਰ ਨੂੰ ਰੂਟ-ਅਨੁਸੂਚੀ ਵਿੱਚ ਵਰਣਿਤ ਰੂਟਾਂ ਉੱਤੇ ਦੋਵੇਂ ਦਿਸ਼ਾਵਾਂ ਵਿੱਚ ਹਰ ਹਫ਼ਤੇ ਵੱਧ ਤੋਂ ਵੱਧ 7 ਬਾਰੰਬਾਰਤਾਵਾਂ ਸੰਚਾਲਤ ਕਰਨ ਦਾ ਅਧਿਕਾਰ ਹੋਵੇਗਾ।

7) ਉਪਰੋਕਤ ਤੋਂ ਇਲਾਵਾ, ਨਵੇਂ ਏ.ਐੱਸ.ਏ. ਵਿੱਚ ਭਾਰਤੀ ਮਾਡਲ ਏ.ਐੱਸ.ਏ. ਦੀ ਤਰਜ਼ ਉੱਤੇ ਸੰਚਾਲਨ ਅਧਿਕਾਰ ਨੂੰ ਰੱਦ ਜਾਂ ਮੁਲਤਵੀ ਕਰਨ ਨਾਲ ਸਬੰਧਤ ਵਿਵਸਥਾਵਾਂ, ਸਹਿਮਤੀ ਵਾਲੀਆਂ ਸੇਵਾਵਾਂ ਨੂੰ ਚਲਾਉਣ ਲਈ ਪ੍ਰਬੰਧਕੀ ਸਿਧਾਂਤ, ਰੂਟਿੰਗ ਦੀ ਲਚਕਤਾ, ਕਮਰਸ਼ੀਅਲ ਮੌਕੇ, ਹਵਾਬਾਜ਼ੀ ਸੁਰੱਖਿਆ ਨਾਲ ਸਬੰਧਤ ਧਾਰਾ ਆਦਿ ਮੌਜੂਦ ਹਨ।

AKT/VBA/SH