ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ-ਮੰਡਲ ਨੇ ਭਾਰਤ ਅਤੇ ਪੁਰਤਗਾਲ ਵਿਚਾਲੇ ਖੇਤੀਬਾੜੀ ਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਸਮਝੌਤੇ ਉੱਤੇ ਹਸਤਾਖਰ ਕੀਤੇ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਮਝੌਤੇ ਅਧੀਨ ਇਨ੍ਹਾਂ ਖੇਤਰਾਂ ਦੀਆਂ ਵੱਖ-ਵੱਖ ਗਤੀਵਿਧੀਆਂ ਆ ਜਾਂਦੀਆਂ ਹਨ; ਜਿਨ੍ਹਾਂ ਵਿੱਚ ਇਹ ਸ਼ਾਮਲ ਹਨ – ਵਿਗਿਆਨਕ ਤੇ ਤਕਨੀਕੀ ਜਾਣਕਾਰੀ ਦਾ ਆਦਾਨ-ਪ੍ਰਦਾਨ, ਪੌਦਿਆਂ ਤੇ ਪੌਦਿਆਂ ਦੇ ਉਤਪਾਦਾਂ ਵਿੱਚ ਵਪਾਰ, ਫ਼ਾਇਟੋਸੈਨੀਟਰੀ ਮੁੱਦਿਆਂ ਵਿੱਚ ਜਾਣਕਾਰੀ, ਸਿਖਲਾਈ ਪ੍ਰੋਗਰਾਮ, ਸੈਮੀਨਾਰ ਅਤੇ ਮਾਹਰਾਂ ਤੇ ਸਲਾਹਕਾਰਾਂ ਦੇ ਦੌਰਿਆਂ ਦਾ ਆਦਾਨ-ਪ੍ਰਦਾਨ।
ਇਸ ਸਮਝੌਤੇ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਤੀਨਿਧਾਂ ਦੇ ਇੱਕ ਸਾਂਝੇ ਕਾਰਜ ਦਲ ਦਾ ਗਠਨ ਕੀਤੇ ਜਾਣ ਦੀ ਵਿਵਸਥਾ ਹੈ, ਜਿਸ ਦਾ ਕੰਮ ਮੌਜੂਦਾ ਸਹਿਮਤੀ-ਪੱਤਰ ਨੂੰ ਲਾਗੂ ਕੀਤੇ ਜਾਣ ਉੱਤੇ ਨਜ਼ਰ ਰੱਖਣਾ, ਖੇਤੀਬਾੜੀ ਖੇਤਰ ‘ਚ ਸਹਿਯੋਗ ਲਈ ਠੋਸ ਤਜਵੀਜ਼ਾਂ ਤਿਆਰ ਕਰਨਾ ਅਤੇ ਖੇਤੀਬਾੜੀ ਤੇ ਸਬੰਧਤ ਖੇਤਰਾਂ ਵਿੱਚ ਭਵਿੱਖ ਦੇ ਸਹਿਯੋਗ ਲਈ ਦਿਸ਼ਾ-ਨਿਰਦੇਸ਼ਾਂ ਤੇ ਤਰਜੀਹਾਂ ਨੂੰ ਵਿਕਸਤ ਕਰਨਾ ਹੋਵੇਗਾ।
ਇਹ ਸਮਝੌਤਾ, ਹਸਤਾਖਰ ਕੀਤੇ ਜਾਣ ਦੀ ਮਿਤੀ ਤੋਂ ਲਾਗੂ ਹੋਵੇਗਾ ਅਤੇ ਅਗਲੇ ਪੰਜ ਸਾਲਾਂ ਲਈ ਵੈਧ ਰਹੇਗਾ ਤੇ ਫਿਰ ਆਪਣੇ-ਆਪ ਹੀ ਉਸ ਤੋਂ ਅਗਲੇ ਪੰਜ ਵਰ੍ਹਿਆਂ ਲਈ ਨਵਿਆਇਆ ਜਾਵੇਗਾ; ਬਸ਼ਰਤੇ ਦੋਵਾਂ ਵਿੱਚੋਂ ਕੋਈ ਇੱਕ ਧਿਰ ਲਿਖਤੀ ਰੂਪ ਵਿੱਚ ਇਸ ਸਮਝੌਤੇ ਦੀ ਵੈਧਤਾ ਖ਼ਤਮ ਹੋਣ ਤੋਂ ਛੇ ਮਹੀਨੇ ਪਹਿਲਾਂ ਇਸ ਨੂੰ ਖ਼ਤਮ ਕਰਨ ਦੀ ਇੱਛਾ ਨਾ ਪ੍ਰਗਟਾਵੇ।
AKT/VBA/SH