Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

‘ਰਾਸ਼ਟਰੀ ਯੁਵਾ ਦਿਵਸ’ ਅਤੇ ‘ਸਰਵ ਧਰਮ ਸਭਾ’ ਦੇ ਸਮਾਗਮ ਮੌਕੇ ਪ੍ਰਧਾਨ ਮੰਤਰੀ ਦੇ ਬੇਲਗਾਵੀ, ਕਰਨਾਟਕ ਵਿਖੇ 12.01.2018 ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤੇ ਸੰਬੋਧਨ ਦਾ ਮੂਲ ਪਾਠ


 

ਤੁਹਾਨੂੰ ਸਾਰਿਆਂ ਨੂੰ ਵਿਵੇਕਾਨੰਦ ਜਯੰਤੀ ਅਤੇ ਰਾਸ਼ਟਰੀ ਯੁਵਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਅੱਜ ਬੇਲਗਾਵੀ ਦਾ ਇਹ ਸ਼ਾਨਦਾਰ ਦ੍ਰਿਸ਼, ਇਹ ਵਿਸ਼ਾਲ ਤਸਵੀਰ ਦੇਖ ਕੇ ਲੱਗ ਰਿਹਾ ਹੈ ਕਿ ਸਾਰੇ ਵਿਵੇਕਾਨੰਦਮਈ ਹੋ ਗਏ ਹਨ। ਅੱਜ ਇੱਥੇ ਸਰਵ ਧਰਮ ਸਭਾ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲਈ ਵੀ ਤੁਹਾਨੂੰ ਮੰਗਲਕਾਮਨਾਵਾਂ।

ਇਸ ਸਮੇਂ ਜੋ ਉਤਸ਼ਾਹ ਮੈਂ ਦੇਖ ਰਿਹਾ ਹਾਂ, ਉਸ ਨੇ ਸਾਰਿਆਂ ਦੇ ਮਨ ਮਸਤਕ, ਮਨ ਮੰਦਿਰ ਨੂੰ ਇੱਕਰੂਪ ਕਰ ਦਿੱਤਾ ਹੈ, ਏਕੀਕ੍ਰਿਤ ਕਰ ਦਿੱਤਾ ਹੈ। ”ਸਹਸਤਰ-ਸਹਸਤਰ ਵਿਵੇਕ ਆਹਵਾਨ” (सहस्र-सहस्र विवेक आह्वान) ਨਾਲ ਅੱਜ ਇੱਥੇ ਇੱਕ ਵਿਸ਼ਵ ਰਿਕਾਰਡ ਬਣ ਰਿਹਾ ਹੈ।

ਇਹ ਸਾਰਾ ਕੁਝ ਪੂਜਨੀਕ ਸ਼੍ਰੀ ਸਿੱਧਲਿੰਗ ਮਹਾਰਾਜ, ਸ਼੍ਰੀ ਯੱਲਾਲਿੰਗ ਪ੍ਰਭੂਜੀ ਅਤੇ ਸ਼੍ਰੀ ਸਿੱਧ ਰਮੇਸ਼ਵਰ ਮਹਾਸਵਾਮੀ ਜੀ ਦੇ ਆਸ਼ੀਰਵਾਦ ਨਾਲ ਹੀ ਹੋ ਰਿਹਾ ਹੈ। ਉਨ੍ਹਾਂ ਦੇ ਆਸ਼ੀਰਵਾਦ ਦੀ ਊਰਜਾ ਇਸ ਸਮੇਂ ਤੁਹਾਡੇ ਸਾਰਿਆਂ ਦੇ ਚਿਹਰਿਆਂ ‘ਤੇ ਦਿਖਾਈ ਦੇ ਰਹੀ ਹੈ।

ਉਹ ਊਰਜਾ, ਉਹ ਆਸ਼ੀਰਵਾਦ ਮੈਂ ਵੀ ਮਹਿਸੂਸ ਕਰ ਰਿਹਾ ਹਾਂ। ਭਰਾਵੋ ਅਤੇ ਭੈਣੋਂ, ਬੇਲਗਾਵੀ ਆਉਣਾ ਮੇਰੇ ਲਈ ਹਮੇਸ਼ਾਂ ਤੋਂ ਬਹੁਤ ਸੁਖਦ ਅਨੁਭਵ ਰਿਹਾ ਹੈ। ਇੱਥੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਵਿਸ਼ਾਲ ਤਸਵੀਰ ਦਿਖਾਈ ਦਿੰਦੀ ਹੈ।

ਬਹੁਤ ਥੋੜ੍ਹੀ ਜਿਹੀ ਥਾਂ ਵਿੱਚ ਪੰਜ ਅਲੱਗ ਅਲੱਗ ਭਾਸ਼ਾਵਾਂ ਦਾ ਪ੍ਰਵਾਹ ਦੇਖਣ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਘੱਟ ਹੀ ਮਿਲਦਾ ਹੈ। ਮੈਂ ਤੁਹਾਡੇ ਸਾਰਿਆਂ ਨਾਲ ਹੀ ਬੇਲਗਾਵੀ ਦੀ ਭੂਮੀ ਨੂੰ ਵੀ ਪ੍ਰਣਾਮ ਕਰਦਾ ਹਾਂ। ਬੇਲਗਾਵੀ ਕਿਤੂਰ ਦੀ ਰਾਣੀ ਚੇਨੰਮਾ ਦੀ ਭੂਮੀ ਹੈ, ਅੰਗਰੇਜ਼ਾਂ ਨਾਲ ਲੋਹਾ ਲੈਣ ਵਾਲੇ ਮਹਾਨ ਯੋਧਾ ਰਯੰਨਾ ਦੀ ਭੂਮੀ ਹੈ। ਸਵਾਮੀ ਵਿਵੇਕਾਨੰਦ ਜੀ ਨੇ ਵੀ ਬੇਲਗਾਵੀ ਵਿੱਚ ਦਸ ਦਿਨਾਂ ਤੱਕ ਪਰਵਾਸ ਕੀਤਾ ਸੀ।

ਉਹ ਮੈਸੂਰ ਦੇ ਮਸ਼ਹੂਰ ਮਹਿਲ ਵਿੱਚ ਵੀ ਰੁਕੇ ਸਨ। ਮੈਸੂਰ ਤੋਂ ਹੀ ਅੱਗੇ ਵਧਦੇ ਹੋਏ ਉਹ ਕੇਰਲ ਅਤੇ ਤਮਿਲਨਾਡੂ ਗਏ ਜਿੱਥੇ ਕੰਨਿਆਕੁਮਾਰੀ ਵਿੱਚ ਉਨ੍ਹਾਂ ਨੂੰ ਇੱਕ ਨਵੀਂ ਪ੍ਰੇਰਨਾ ਪ੍ਰਾਪਤ ਹੋਈ। ਉਸੇ ਪ੍ਰੇਰਨਾ ਤੋਂ ਉਹ ਸ਼ਿਕਾਗੋ ਗਏ ਅਤੇ ਪੂਰੀ ਦੁਨੀਆ ਨੂੰ ਮੋਹ ਲਿਆ ਸੀ।   

ਇਸ ਸਾਲ ਸਵਾਮੀ ਵਿਵੇਕਾਨੰਦ ਵੱਲੋਂ ਸ਼ਿਕਾਗੋ ਵਿੱਚ ਕੀਤੇ ਗਏ ਸੰਬੋਧਨ ਦੇ 125 ਸਾਲ ਹੋ ਰਹੇ ਹਨ। ਜਦੋਂ ਉਸ ਸੰਬੋਧਨ ਦੇ ਸੌ ਸਾਲ ਹੋਏ ਸਨ ਤਾਂ ਮੈਂ ਵਿਸ਼ੇਸ਼ ਤੌਰ ‘ਤੇ ਸ਼ਿਕਾਗੋ ਗਿਆ ਸੀ। ਉਸ ਗੱਲ ਨੂੰ ਵੀ ਪੱਝੀ ਸਾਲ ਬੀਤ ਗਏ ਹਨ। ਉਨ੍ਹਾਂ ਦੀਆਂ ਗੱਲਾਂ ਦੇ, ਉਨ੍ਹਾਂ ਦੇ ਸੰਬੋਧਨ ਦੇ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਸਾਨੂੰ ਹਰ ਰੋਜ਼, ਹਰ ਮੋੜ ‘ਤੇ, ਹਰ ਸਮੱਸਿਆ ਦਾ ਸਮਾਧਾਨ ਲੱਭਦੇ ਹੋਏ ਲੱਗਦਾ ਹੈ-ਅਰੇ ਸਵਾਮੀ ਵਿਵੇਕਾਨੰਦ ਜੀ ਨੇ ਅਜਿਹਾ ਕਿਹਾ ਸੀ!!! ਕਿੰਨਾ ਠੀਕ ਕਿਹਾ ਸੀ!!! ਸਾਨੂੰ ਵਿਵੇਕਾਨੰਦ ਜੀ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਉਹ ਹਮੇਸ਼ਾ ਮਨ ਵਿੱਚ ਮੌਜੂਦ ਰਹਿੰਦੇ ਹਨ।

ਇੱਕ ਭਾਰਤ ਨੂੰ ਕਿਵੇਂ ਦਾ ਹੋਣਾ ਚਾਹੀਦਾ ਹੈ, ਇਸ ਬਾਰੇ ਵਿੱਚ ਵਿਵੇਕਾਨੰਦ ਜੀ ਨੇ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਦਿੱਤਾ ਸੀ। ਇਹ ਸੀ, ਸਵਦੇਸ਼ ਮੰਤਰ। ਇਸ ਦੀ ਹਰ ਪੰਕਤੀ ਵਿੱਚ ਸ਼ਕਤੀ ਅਤੇ ਪ੍ਰੇਰਨਾ ਭਰੀ ਹੈ। ਉਨ੍ਹਾਂ ਨੇ ਕਿਹਾ ਸੀ-”ਐ ਭਾਰਤ, ਤੂੰ ਨਾ ਭੁੱਲਣਾ ਤੁਹਾਡਾ ਜੀਵਨ ਆਪਣੇ ਵਿਅਕਤੀਗਤ ਸੁੱਖ ਲਈ ਨਹੀਂ ਹੈ। ਐ ਵੀਰ, ਮਾਣ ਨਾਲ ਬੋਲੋ ਕਿ ਮੈਂ ਭਾਰਤਵਾਸੀ ਹਾਂ ਅਤੇ ਹਰੇਕ ਭਾਰਤਵਾਸੀ ਮੇਰਾ ਭਾਈ ਹੈ। ਮਾਣ ਨਾਲ ਪੁਕਾਰ ਕੇ ਕਹੋ ਕਿ ਹਰ ਭਾਰਤਵਾਸੀ ਮੇਰਾ ਭਾਈ ਹੈ, ਭਾਰਤਵਾਸੀ ਮੇਰੇ ਪ੍ਰਾਣ ਹਨ। ਭਾਰਤ ਦੀ ਮਿੱਟੀ ਮੇਰਾ ਸਵਰਗ ਹੈ। ਭਾਰਤ ਦੇ ਕਲਿਆਣ ਵਿੱਚ ਮੇਰਾ ਕਲਿਆਣ ਹੈ।”

ਅਜਿਹੇ ਸਨ ਵਿਵੇਕਾਨੰਦ। ਭਾਰਤ ਵਿੱਚ ਇੱਕੋ ਵਿਵੇਕਾਨੰਦ। ਭਾਰਤ ਨਾਲ ਇੱਕ ਰੂਪ ਵਿਵੇਕਾਨੰਦ। ਭਾਰਤ ਦੇ ਸੁਖ ਦੁਖ ਵਿੱਚ ਆਪਣਾ ਸੁਖ ਦੁਖ ਮੰਨਣ ਵਾਲੇ ਵਿਵੇਕਾਨੰਦ। ਉਹ ਹਰ ਬੁਰਾਈ ਨਾਲ ਲੜੇ। ਵਿਦੇਸ਼ ਵਿੱਚ ਭਾਰਤ ਨੂੰ ਸਪੇਰਿਆਂ ਅਤੇ ਨਟਾਂ ਦਾ ਦੇਸ਼ ਦੱਸਣ ਵਾਲੇ ਘਟੀਆ ਪ੍ਰਚਾਰ ਨੂੰ ਉਨ੍ਹਾਂ ਨੇ ਨਕਾਰਿਆ। ਦੁਨੀਆ ਵਿੱਚ ਭਾਰਤ ਦੀ ਪ੍ਰਤਿਸ਼ਠਾ ਵਧਾਈ। ਉਨ੍ਹਾਂ ਵਿੱਚ ਗਿਆਨ ਵਿਗਿਆਨ, ਭਾਸ਼ਾ, ਸਮਾਜਿਕ ਸੁਧਾਰ, ਆਧੁਨਿਕ ਜਗਤ ਦੇ ਵਧਦੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣ ਦਾ ਸਾਹਸ ਸੀ।

ਉਨ੍ਹਾਂ ਵਿੱਚ ਸਮਾਜ ਦੀਆਂ ਬੁਰਾਈਆਂ, ਛੂਤਛਾਤ, ਭੇਦਭਾਵ, ਪਖੰਡ ਨੂੰ ਖੇਰੂੰ ਖੇਰੂੰ ਕਰਨ ਦਾ ਯੋਧਾ ਭਾਵ ਸੀ। ਇਸੇ ਭਾਵ ਨੇ ਵਿਵੇਕਾਨੰਦ ਨੂੰ ਯੋਧਾ ਸੰਨਿਆਸੀ ਬਣਾਇਆ। ਸਵਾਮੀ ਵਿਵੇਕਾਨੰਦ ਨੇ ਕੋਲੰਬੋ ਤੋਂ ਅਲਮੋੜਾ ਦੀ ਯਾਤਰਾ ਵਿੱਚ ਜਾਤ ਦੇ ਭੇਦਭਾਵ ਦੇ ਖਿਲਾਫ਼ ਅਵਾਜ਼ ਬੁਲੰਦ ਕੀਤੀ।

ਉਨ੍ਹਾਂ ਨੇ ਲੋਕਾਂ ਨੂੰ ਦੋ ਟੁਕ ਕਿਹਾ ਸੀ-

”ਗਿਆਨ ਅਤੇ ਦਰਸ਼ਨ ਵਿੱਚ ਦੁਨੀਆ ਵਿੱਚ ਤੁਹਾਡੇ ਵਰਗਾ ਕੋਈ ਮਹਾਨ ਨਹੀਂ ਹੋਏਗਾ, ਪਰ ਵਿਵਹਾਰ ਵਿੱਚ ਅਜਿਹਾ ਬੇਹੁਦਾਪਣ ਵੀ ਕੋਈ ਨਹੀਂ ਕਰਦਾ ਹੋਏਗਾ। ਲਾਹਨਤ ਹੈ, ਤੁਹਾਡੇ ਅਜਿਹੇ ਵਿਵਹਾਰ ‘ਤੇ!!!’

ਸੌ ਸਵਾ ਸੌ ਸਾਲ ਪਹਿਲਾਂ ਉਨ੍ਹਾਂ ਨੇ ਜੋ ਕਿਹਾ ਸੀ, ਉਹ ਸ਼ਾਇਦ ਇੰਨੀ ਬੇਬਾਕੀ ਨਾਲ ਅੱਜ ਵੀ ਕੋਈ ਕਹਿਣ ਦਾ ਸਾਹਸ ਨਾ ਦਿਖਾ ਸਕੇ। ਸਾਥੀਓ, ਸਾਨੂੰ ਇਹ ਮਾਹੌਲ ਬਦਲਣਾ ਹੋਏਗਾ, ਇਹ ਮਾਨਸਿਕਤਾ ਬਦਲਣੀ ਹੋਏਗੀ। ਵਿਵੇਕਾਨੰਦ ਨੂੰ ਮੰਨਣਾ ਹੈ ਤਾਂ ਅੰਦਰ ਤੋਂ ਜਾਤ ਦਾ ਦੋਸ਼, ਜਾਤ ਦੇ ਭੇਦ ਦਾ ਜ਼ਹਿਰ ਬਾਹਰ ਕਰਨਾ ਹੋਏਗਾ, ਖਤਮ ਕਰਨਾ ਹੋਏਗਾ।

ਸ਼੍ਰੀ ਸਿੱਧਲਿੰਗ ਮਹਾਰਾਜ ਜੀ ਦੀ ਪ੍ਰੇਰਨਾ ਨਾਲ ਤੁਹਾਡੇ ਮੱਠ ਨੇ ਵੀ ਤਾਂ ਬੀਤੇ ਦਹਾਕਿਆਂ ਵਿੱਚ ਜਾਤ ਦੇ ਹਰ ਤਰ੍ਹਾਂ ਦੇ ਭੇਦਭਾਵ ਨੂੰ ਖਤਮ ਕਰਨ ਲਈ ਕੰਮ ਕੀਤਾ ਹੈ। ਬਿਨਾਂ ਕਿਸੇ ਦੀ ਜਾਤ ਦੀ ਪਰਵਾਹ ਕੀਤੇ, ਕਿਸੇ ਦੀ ਜਾਤੀ ਪੁੱਛੇ ਸਮਾਜ ਦੇ ਅਣਗਹਿਲੇ ਅਤੇ ਕਮਜ਼ੋਰ ਵਰਗਾਂ ਨੂੰ ਤੁਹਾਡੇ ਵੱਲੋਂ ਲੋੜੀਂਦੀ ਸਹਾਇਤਾ ਦਿੱਤੀ ਜਾ ਰਹੀ ਹੈ।

ਤੁਹਾਡੇ ਮੱਠ ਨਾਲ ਜੁੜੇ ਲੋਕਾਂ ਵੱਲੋਂ ਪਿੰਡ ਪਿੰਡ ਜਾ ਕੇ ਹੜ੍ਹ ਰਾਹਤ ਦਾ ਕੰਮ ਕੀਤਾ ਜਾਂਦਾ ਹੈ, ਗਰੀਬਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਜਾਂਦੀਆਂ ਹਨ, ਫ੍ਰੀ ਮੈਡੀਕਲ ਕੈਂਪ ਲਗਾਏ ਜਾਂਦੇ ਹਨ, ਲੋਕਾਂ ਨੂੰ ਭੋਜਨ ਦਿੱਤਾ ਜਾਂਦਾ ਹੈ, ਕੱਪੜੇ ਦਿੱਤੇ ਜਾਂਦੇ ਹਨ, ਤਾਂ ਕੀ ਉਸਦਾ ਅਧਾਰ ਜਾਤ ਹੁੰਦੀ ਹੈ? ਨਹੀਂ।

ਬਹੁਤ ਮੁਸ਼ਕਿਲ ਨਾਲ, ਦਹਾਕੇ ਤੱਕ ਕੀਤੇ ਗਏ ਲੋਕਾਂ ਦੇ ਉਪਰਾਲੇ ਨਾਲ ਦੇਸ਼ ਜਾਤ ਦੇ ਬੰਧਨ ਤੋਂ ਮੁਕਤ ਹੋਣ ਦੀ ਤਰਫ਼ ਵਧ ਰਿਹਾ ਹੈ। ਪਰ ਤੁਹਾਡੇ ਵਰਗੇ ਲੱਖਾਂ ਕਰੋੜਾਂ ਲੋਕਾਂ ਦੀ ਇਸ ਮਿਹਨਤ ‘ਤੇ ਕੁਝ ਸਮਾਜ ਵਿਰੋਧੀ ਲੋਕਾਂ ਨੇ ਆਪਣੀਆਂ ਨਜ਼ਰਾਂ ਟਿਕਾ ਦਿੱਤੀਆਂ ਹਨ। ਇਹ ਲੋਕ ਫਿਰ ਤੋਂ ਦੇਸ਼ ਨੂੰ ਜਾਤ ਦੇ ਨਾਂ ‘ਤੇ ਵੰਡਣ ਦੀ ਸਾਜ਼ਿਸ਼ ਕਰ ਰਹੇ ਹਨ।

ਅਜਿਹੇ ਲੋਕਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਜਵਾਬ ਦਿੱਤਾ ਜਾ ਰਿਹਾ ਹੈ। ਭਾਰਤ ਦਾ ਨੌਜਵਾਨ ਕੁਝ ਮੁੱਠੀ ਭਰ ਲੋਕਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਵਾਲਾ। ਦੇਸ਼ ਵਿੱਚ ਜਾਤੀਵਾਦ, ਕੁਰੀਤੀਆਂ, ਅੰਧਵਿਸ਼ਵਾਸ ਖਤਮ ਕਰਨ ਦਾ ਸੰਕਲਪ ਲੈਣ ਵਾਲੇ ਅਜਿਹੇ ਨੌਜਵਾਨ, ਨਿਊ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸੰਕਲਪ ਲੈਣ ਵਾਲੇ ਅਜਿਹੇ ਨੌਜਵਾਨ ਹੀ ਵਿਵੇਕਾਨੰਦ ਹਨ। ਉਹ ਭਾਰਤ ਦੇ ਨਵੇਂ ਵਿਕਰਮੀ-ਪਰਾਕਰਮੀ, ਵਿਕਾਸਮਾਨ ਚਿਹਰੇ ਦਾ ਪ੍ਰਤੀਕ ਹਨ।

ਅਜਿਹਾ ਹਰ ਨੌਜਵਾਨ ਜੋ ਰਾਸ਼ਟਰ ਨਿਰਮਾਣ ਵਿੱਚ ਸਰਗਰਮ (Pro-Active) ਹੋ ਕੇ ਆਪਣੀ ਡਿਊਟੀ ਨਿਭਾ ਰਿਹਾ ਹੈ, ਨਿਊ ਇੰਡੀਆ ਦੇ ਸੰਕਲਪ ਨੂੰ ਸਿੱਧ ਕਰਨ ਲਈ ਕੰਮ ਕਰ ਰਿਹਾ ਹੈ, ਵਿਵੇਕਾਨੰਦ ਹੈ। ਕਿਸੇ ਖੇਤ ਵਿੱਚ, ਕਿਸੇ ਕਾਰਖਾਨੇ ਵਿੱਚ, ਕਿਸੇ ਸਕੂਲ ਵਿੱਚ, ਕਿਸੇ ਕਾਲਜ ਵਿੱਚ, ਗਲੀ ਮੁਹੱਲੇ-ਨੁੱਕੜ ਵਿੱਚ ਦੇਸ਼ ਦੀ ਸੇਵਾ ਵਿੱਚ ਜੁਟਿਆ ਹਰ ਵਿਅਕਤੀ ਵਿਵੇਕਾਨੰਦ ਹੈ।

ਜੋ ਇਸ ਸਮੇਂ ਸਵੱਛ ਭਾਰਤ ਮਿਸ਼ਨ ਨੂੰ ਅੱਗੇ ਵਧਾ ਰਿਹਾ ਹੈ, ਪਿੰਡ ਪਿੰਡ ਜਾ ਕੇ ਲੋਕਾਂ ਨੂੰ ਡਿਜੀਟਲ ਸਾਖਰਤਾ ਪ੍ਰਦਾਨ ਕਰ ਰਿਹਾ ਹੈ, ਉਹ ਵਿਵੇਕਾਨੰਦ ਹੈ। ਜੋ ਦਲਿਤ-ਪੀੜਤ-ਸ਼ੋਸ਼ਿਤ ਵੰਚਿਤ ਲਈ ਕੰਮ ਕਰ ਰਿਹਾ ਹੈ, ਉਹ ਵਿਵੇਕਾਨੰਦ ਹੈ। ਜੋ ਆਪਣੀ ਊਰਜਾ (energy) ਨੂੰ, ਆਪਣੇ ਵਿਚਾਰਾਂ (ideas) ਨੂੰ, ਆਪਣੀਆਂ ਕਾਢਾਂ (innovations) ਨੂੰ ਸਮਾਜ ਦੇ ਹਿੱਤ ਵਿੱਚ ਲਗਾ ਰਿਹਾ ਹੈ, ਉਹ ਵਿਵੇਕਾਨੰਦ ਹੈ।

ਸਾਥੀਓ, ਪਿਛਲੇ ਸਾਲ ਇੱਕ ਪ੍ਰੋਗਰਾਮ ਹੋਇਆ ਸੀ-ਸਮਾਰਟ ਇੰਡੀਆ ਹੈਕਾਥੌਨ। ਇਸ ਪ੍ਰੋਗਰਾਮ ਵਿੱਚ 40 ਹਜ਼ਾਰ ਤੋਂ ਜ਼ਿਆਦਾ ਨੌਜਵਾਨ, ਦੇਸ਼ ਦੀਆਂ ਲਗਪਗ 600 ਸਮੱਸਿਆਵਾਂ ਦੇ ਡਿਜੀਟਲ ਹੱਲ ਲਈ ਜੁਟੇ ਸਨ। ਇਹ ਵੀ ਮੇਰੇ ਲਈ ਵਿਵੇਕਾਨੰਦ ਹੀ ਹਨ। ਲੱਖਾਂ ਕਰੋੜਾਂ ਸਾਧਾਰਣ ਜਿਹੇ ਲੋਕ, ਭਾਰਤ ਦੀ ਮਿੱਟੀ ਦੀ ਸੁਗੰਧ ਲਈ ਨਿਊ ਇੰਡੀਆ ਦੇ ਨਿਰਮਾਤਾ, ਸਾਡੇ ਨਵੇਂ ਯੁੱਗ ਦੇ ਵਿਵੇਕਾਨੰਦ ਹਨ। ਇਨ੍ਹਾਂ ਨੂੰ ਮੈਂ ਪ੍ਰਣਾਮ ਕਰਦਾ ਹਾਂ, ਇਸ ਪ੍ਰੋਗਰਾਮ ਵਿੱਚ ਮੌਜੂਦ ਹਰ ਵਿਵੇਕਾਨੰਦ ਨੂੰ, ਦੇਸ਼ ਵਿੱਚ ਮੌਜੂਦ ਹਰ ਵਿਵੇਕਾਨੰਦ ਨੂੰ ਮੈਂ ਨਮਨ ਕਰਦਾ ਹਾਂ।

ਭਾਈਓ ਅਤੇ ਭੈਣੋਂ, ਹਜ਼ਾਰਾਂ ਸਾਲ ਦਾ ਇਤਿਹਾਸ ਸਮੇਟੇ ਹੋਏ ਸਾਡੇ ਦੇਸ਼ ਵਿੱਚ ਸਮੇਂ ਦੇ ਨਾਲ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਵਿਅਕਤੀ ਵਿੱਚ ਤਬਦੀਲੀ, ਸਮਾਜ ਵਿੱਚ ਤਬਦੀਲੀ। ਪਰ ਸਮੇਂ ਨਾਲ ਹੀ ਕੁਝ ਬੁਰਾਈਆਂ ਵੀ ਸਮਾਜ ਵਿੱਚ ਸ਼ਾਮਲ ਹੁੰਦੀਆਂ ਰਹੀਆਂ ਹਨ।

ਇਹ ਸਾਡੇ ਸਮਾਜ ਦੀ ਵਿਸ਼ੇਸ਼ਤਾ ਹੈ ਕਿ ਜਦੋਂ ਵੀ ਅਜਿਹੀਆਂ ਬੁਰਾਈਆਂ ਆਈਆਂ ਹਨ, ਤਾਂ ਸੁਧਾਰ ਦਾ ਕੰਮ ਸਮਾਜ ਦੇ ਵਿਚਕਾਰ ਤੋਂ ਹੀ ਕਿਸੇ ਨੇ ਸ਼ੁਰੂ ਕੀਤਾ ਹੈ। ਅਜਿਹੇ ਮਹਾਨ ਸਮਾਜ ਸੁਧਾਰਕਾਂ ਨੇ ਹਮੇਸ਼ਾ ਜਨਸੇਵਾ ਨੂੰ ਕੇਂਦਰ ਵਿੱਚ ਰੱਖਿਆ। ਆਪਣੇ ਮਨ-ਵਚਨ-ਕਰਮ ਨਾਲ ਉਨ੍ਹਾਂ ਨੇ ਸਮਾਜ ਨੂੰ ਸਿੱਖਿਆ ਤਾਂ ਦਿੱਤੀ ਹੀ, ਲੋਕਾਂ ਦੀ ਸੇਵਾ ਨੂੰ ਤਰਜੀਹ ਵੀ ਦਿੱਤੀ। ਦੇਸ਼ ਦੇ ਆਮ ਇਨਸਾਨ ਨੂੰ ਉਸਦੀ ਅਸਾਨ ਭਾਸ਼ਾ ਵਿੱਚ ਸਮਝਾਇਆ।

ਇਹ ਇੱਕ ਤਰ੍ਹਾਂ ਦਾ ਜਨਅੰਦੋਲਨ ਸੀ ਜਿਸਦਾ ਵਿਸਥਾਰ ਸੈਂਕੜੇ ਸਾਲਾਂ ਦੇ ਸਮੇਂ ਵਿੱਚ ਨਜ਼ਰ ਆਇਆ।

ਇਹ ਅੰਦੋਲਨ ਦੱਖਣ ਵਿੱਚ ਮਧਵਾਚਾਰਿਆ, ਨਿੰਬਾਕਾਰਚਾਰਿਆ, ਵੱਲਭਚਾਰਿਆ, ਰਾਮਾਨੁਜਾਚਾਰਿਆ, ਪੱਛਮ ਵਿੱਚ ਮੀਰਾਬਾਈ, ਏਕਨਾਥ, ਤੁਕਾਰਾਮ, ਰਾਮਦਾਸ, ਨਰਸੀ ਮਹਿਤਾ, ਉੱਤਰ ਵਿੱਚ ਰਾਮਾਨੰਦ, ਕਬੀਰਦਾਸ, ਗੋਸਵਾਮੀ ਤੁਲਸੀਦਾਸ, ਸੂਰਦਾਸ, ਗੁਰੂ ਨਾਨਕ ਦੇਵ, ਸੰਤ ਰੈਦਾਸ, ਪੂਰਬ ਵਿੱਚ ਚੈਤੰਨਿਆ ਮਹਾਪ੍ਰਭੂ, ਅਤੇ ਸ਼ੰਕਰ ਦੇਵ ਵਰਗੇ ਸੰਤਾਂ ਦੇ ਵਿਚਾਰਾਂ ਨਾਲ ਸਸ਼ਕਤ ਹੋਇਆ।

ਇਹ ਵੀ ਸਾਡੇ ਦੇਸ਼ ਦੀ ਅਦਭੁੱਤ ਸ਼ਕਤੀ ਹੈ ਕਿ ਇਨ੍ਹਾਂ ਨੂੰ ਕਦੇ ਧਾਰਮਿਕ ਅੰਦੋਲਨਾਂ ਨਾਲ ਜੋੜ ਕੇ ਨਹੀਂ ਦੇਖਿਆ ਗਿਆ। ਸਾਡੇ ਇੱਥੇ ਹਮੇਸ਼ਾ ਗਿਆਨ, ਭਗਤੀ ਅਤੇ ਕਰਮ, ਤਿੰਨਾਂ ਦਾ ਸੰਤੁਲਨ ਸਵੀਕਾਰ ਕੀਤਾ ਗਿਆ।

ਗਿਆਨ ਵਿੱਚ ਇਹ ਸੰਤ, ਇਸ ਬੁਨਿਆਦੀ ਪ੍ਰਸ਼ਨ ਦੇ ਉੱਤਰ ਨੂੰ ਲੱਭਦੇ ਸਨ ਕਿ ਆਖਿਰ ਮੈਂ ਕੌਣ ਹਾਂ।

ਭਗਤੀ, ਸਮਰਪਣ ਦਾ ਦੂਜਾ ਨਾਂ ਸੀ ਅਤੇ ਕਰਮ ਪੂਰੀ ਤਰ੍ਹਾਂ ਨਾਲ ਸੇਵਾ ਭਾਵ ‘ਤੇ ਅਧਾਰਿਤ ਸੀ। ਅਜਿਹੇ ਅਨੇਕ ਸੰਤਾਂ, ਮਹਾਪੁਰਖਾਂ ਦਾ ਹੀ ਪ੍ਰਭਾਵ ਸੀ ਕਿ ਦੇਸ਼ ਤਮਾਮ ਮੁਸ਼ਕਲਾਂ ਨੂੰ ਸਹਿੰਦੇ ਹੋਏ ਅੱਗੇ ਵਧ ਸਕਿਆ। ਉਸ ਸਮੇਂ ਵਿੱਚ ਦੇਸ਼ ਦੇ ਹਰ ਖੇਤਰ, ਹਰ ਇਲਾਕੇ, ਹਰ ਦਿਸ਼ਾ ਵਿੱਚ ਮੰਦਿਰਾਂ-ਮੱਠਾਂ ਤੋਂ ਬਾਹਰ ਨਿਕਲ ਕੇ ਸਾਡੇ ਸੰਤਾਂ ਨੇ ਇੱਕ ਸਮਾਜਿਕ ਚੇਤਨਾ ਜਗਾਉਣ ਦੀ ਕੋਸ਼ਿਸ਼ ਕੀਤੀ।

ਅਸੀਂ ਮਾਣ ਨਾਲ ਇਹ ਕਹਿ ਸਕਦੇ ਹਾਂ ਕਿ ਹਿੰਦੁਸਤਾਨ ਦੇ ਕੋਲ ਅਜਿਹੀ ਮਹਾਨ ਪਰੰਪਰਾ ਹੈ, ਅਜਿਹੇ ਮਹਾਨ ਸੰਤ ਮੁਨੀ ਰਹੇ ਹਨ ਜਿਨ੍ਹਾਂ ਨੇ ਆਪਣੀ ਤਪੱਸਿਆ, ਆਪਣੇ ਗਿਆਨ ਦਾ ਉਪਯੋਗ ਰਾਸ਼ਟਰ ਦਾ ਨਿਰਮਾਣ ਕਰਨ ਲਈ ਕੀਤਾ ਹੈ।

ਇਸੇ ਕੜੀ ਵਿੱਚ ਸਵਾਮੀ ਦਿਆਨੰਦ ਸਰਸਵਤੀ, ਰਾਜਾ ਰਾਮ ਮੋਹਨ ਰਾਏ, ਜਿਓਤਿਬਾ ਫੁਲੇ, ਮਹਾਤਮਾ ਗਾਂਧੀ, ਬਾਬਾ ਸਾਹਿਬ ਅੰਬੇਡਕਰ, ਬਾਬਾ ਆਮਟੇ, ਪਾਂਡੂਰੰਗ ਸ਼ਾਸਤਰੀ ਆਠਵਲੇ, ਵਿਨੋਬਾ ਭਾਵੇ ਵਰਗੇ ਅਣਗਿਣਤ ਮਹਾਪੁਰਖ ਹੋਏ। ਇਨ੍ਹਾਂ ਨੇ ਸੇਵਾ ਨੂੰ ਕੇਂਦਰ ਵਿੱਚ ਰੱਖਿਆ ਅਤੇ ਸਮਾਜਿਕ ਸੁਧਾਰ ਵੀ ਕੀਤਾ।

ਇਨ੍ਹਾਂ ਨੇ ਦੇਸ਼ ਲਈ, ਸਮਾਜ ਲਈ ਜੋ ਸੰਕਲਪ ਲਿਆ, ਉਸ ਨੂੰ ਸਿੱਧ ਕਰਕੇ ਦਿਖਾਇਆ।

ਸਾਥੀਓ, ਤੁਹਾਡੇ ਮੱਠ ਨੇ ਵੀ ਤਿਆਗ ਦੀ ਪਰੰਪਰਾ ਨੂੰ ਅਪਣਾਇਆ ਹੈ, ਸੇਵਾ ਦੀ ਪਰੰਪਰਾ ਨੂੰ ਅਪਣਾਇਆ ਹੈ। ਤੁਹਾਡੇ ਮੱਠ ਨੂੰ ਵਿਰਕਤ ਮੱਠ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਰਕਤ ਮਤਲਬ ਹਰ ਤਰ੍ਹਾਂ ਦੇ ਸੰਸਾਰਕ ਮੋਹ ਤੋਂ ਮੁਕਤ। ਅਲੱਗ ਅਲੱਗ ਰਾਜਾਂ ਵਿੱਚ ਫੈਲੇ ਤੁਹਾਡੇ 360 ਤੋਂ ਜ਼ਿਆਦਾ ਮੱਠ ਜਦੋਂ ਅੰਨਦਾਨ ਦੀ ਪ੍ਰਥਾ ‘ਤੇ ਚੱਲਦੇ ਹਨ, ਗਰੀਬ ਅਤੇ ਭੁੱਖੇ ਲੋਕਾਂ ਨੂੰ ਭੋਜਨ ਕਰਾਉਂਦੇ ਹਨ ਤਾਂ ਨਿਸ਼ਚਤ ਤੌਰ ‘ਤੇ ਧਰਤੀ ਮਾਂ ਦੀ, ਮਾਨਵਤਾ ਦੀ ਸਰਵੋਤਮ ਸੇਵਾ ਹੁੰਦੀ ਹੈ।

”ਸ਼ਿਵ ਭਾਵੇ ਜੀਵ ਸੇਵਾ” ਦਾ ਇਹ ਉੱਤਮ ਉਦਾਹਰਨ ਹੈ। ਸਾਡੇ ਤਾਂ ਦੇਸ਼ ਦਾ ਇਤਿਹਾਸ ਰਿਹਾ ਹੈ ਸੇਵਾ ਦਾ, ਸੇਵਾ ਭਾਵ ਦਾ। ਹਰ ਥਾਂ ਕੁਝ ਦੂਰੀ ‘ਤੇ ਗਰੀਬਾਂ ਲਈ ਭੋਜਨ ਅਤੇ ਰਹਿਣ ਦੀ ਵਿਵਸਥਾ ਸਾਡੀ ਪਰੰਪਰਾ ਰਹੀ ਹੈ। ਇਹ ਵਿਵਸਥਾ ਸਾਧੂ ਸੰਤਾਂ ਦੇ ਆਸ਼ੀਰਵਾਦ ਨਾਲ ਆਮ ਸਮਾਜ ਦੇ ਲੋਕ ਕਰਦੇ ਹਨ। ਅੱਜ ਵੀ ਅਨੇਕ ਸ਼ਹਿਰਾਂ ਪਿੰਡਾਂ ਵਿੱਚ ਇਹ ਵਿਵਸਥਾ ਜੀਵਤ ਹੈ, ਫਲ ਫੁੱਲ ਰਹੀ ਹੈ।

ਭਾਈਓ ਅਤੇ ਭੈਣੋਂ, ਭਾਰਤ ਨੇ ਹਮੇਸ਼ਾਂ ਪੂਰੇ ਵਿਸ਼ਵ ਨੂੰ ਮਾਨਵਤਾ, ਲੋਕਤੰਤਰ, ਸੁਸ਼ਾਸਨ, ਅਹਿੰਸਾ ਦਾ ਸੰਦੇਸ਼ ਦਿੱਤਾ ਹੈ। ਜਦੋਂ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਨੇ, ਪੱਛਮ ਦੇ ਵੱਡੇ ਵੱਡੇ ਜਾਣਕਾਰਾਂ ਨੇ ਲੋਕਤੰਤਰ ਨੂੰ, ਇੱਕ ਨਵੇਂ ਦ੍ਰਿਸ਼ਟੀਕੋਣ ਦੇ ਤੌਰ ‘ਤੇ ਦੇਖਣਾ ਸ਼ੁਰੂ ਕੀਤਾ, ਉਸ ਨਾਲ ਸਦੀਆਂ ਪਹਿਲਾਂ ਭਾਰਤ ਨੇ ਇਨ੍ਹਾਂ ਮੁੱਲਾਂ ਨੂੰ ਨਾ ਸਿਰਫ਼ ਆਤਮਸਾਤ ਕੀਤਾ, ਬਲਕਿ ਆਪਣੀ ਪ੍ਰਸ਼ਾਸਨਿਕ ਪੱਧਤੀ ਵਿੱਚ ਸ਼ਾਮਲ ਵੀ ਕੀਤਾ।

ਭਗਵਾਨ ਬਿਸਵੇਸ਼ਵਰ ਨੇ ਬਾਰ੍ਹਵੀਂ ਸ਼ਤਾਬਦੀ ਵਿੱਚ ਦੁਨੀਆ ਨੂੰ ਲੋਕਤੰਤਰ ਦਾ, ਸਮਾਨਤਾ ਦਾ ਵਿਚਾਰ ਦਿੱਤਾ ਸੀ। ਉਨ੍ਹਾਂ ‘ਅਨੁਭਵ ਮੰਡਪ’ ਨਾਂ ਦੀ ਇੱਕ ਅਜਿਹੀ ਵਿਵਸਥਾ ਵਿਕਸਤ ਕੀਤੀ ਜਿਸ ਵਿੱਚ ਹਰ ਤਰ੍ਹਾਂ ਦੇ ਲੋਕ, ਗਰੀਬ-ਦਲਿਤ-ਪੀੜਤ-ਵੰਚਿਤ ਆਪਣੇ ਵਿਚਾਰ ਰੱਖ ਸਕਦੇ ਸਨ। ਇੱਥੇ ਸਭ ਬਰਾਬਰ ਸਨ।

2015 ਵਿੱਚ ਜਦੋਂ ਮੈਂ ਬ੍ਰਿਟੇਨ ਗਿਆ ਸੀ, ਤਾਂ ਉੱਥੇ ਭਗਵਾਨ ਬਿਸਵੇਸ਼ਵਰ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਮੈਨੂੰ ਮਿਲਿਆ ਸੀ।

ਮੈਨੂੰ ਧਿਆਨ ਹੈ ਉਸ ਸਮੇਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਮੈਗਨਾ ਕਾਰਟਾ ਦਾ ਜ਼ਿਕਰ ਕਰ ਰਹੇ ਸਨ।

ਪਰ ਮੈਗਨਾ ਕਾਰਟਾ ਤੋਂ ਵੀ ਬਹੁਤ ਪਹਿਲਾਂ ਬਿਸਵੇਸ਼ਵਰ ਨੇ ਸਾਨੂੰ ਇੱਕ ਤਰ੍ਹਾਂ ਨਾਲ ਪਹਿਲੀ ਸੰਸਦ ਤੋਂ ਜਾਣੂ ਕਰਾ ਦਿੱਤਾ ਸੀ।

ਭਗਵਾਨ ਬਿਸਵੇਸ਼ਵਰ ਦਾ ‘ਵਚਨ’ ਸੀ ਕਿ-

”ਜਦ ਵਿਚਾਰਾਂ ਦਾ ਆਦਾਨ ਪ੍ਰਦਾਨ ਨਾ ਹੋਵੇ, ਜਦ ਤਰਕ ਨਾਲ ਬਹਿਸ ਨਾ ਹੋਵੇ, ਤਾਂ ਅਨੁਭਵ ਗੋਸ਼ਠੀ ਵੀ ਪ੍ਰਸੰਗਿਕ ਨਹੀਂ ਰਹਿ ਜਾਂਦੀ ਅਤੇ ਜਿੱਥੇ ਅਜਿਹਾ ਹੁੰਦਾ ਹੈ, ਉੱਥੇ ਈਸ਼ਵਰ ਦਾ ਵਾਸ ਵੀ ਨਹੀਂ ਹੁੰਦਾ।”

ਮਤਲਬ ਉਨ੍ਹਾਂ ਨੇ ਵਿਚਾਰਾਂ ਦੇ ਇਸ ਮੰਥਨ ਨੂੰ ਈਸ਼ਵਰ ਦੀ ਤਰ੍ਹਾਂ ਸ਼ਕਤੀਸ਼ਾਲੀ ਅਤੇ ਈਸ਼ਵਰ ਦੀ ਤਰ੍ਹਾਂ ਹੀ ਜ਼ਰੂਰੀ ਦੱਸਿਆ ਸੀ। ਅਨੁਭਵ ਮੰਡਪ ਵਿੱਚ ਔਰਤਾਂ ਨੂੰ ਵੀ ਖੁੱਲ੍ਹ ਕੇ ਬੋਲਣ ਦੀ ਅਜ਼ਾਦੀ ਸੀ।

ਸਮਾਜ ਦੇ ਹਰ ਵਰਗ ਤੋਂ ਆਈਆਂ ਔਰਤਾਂ ਆਪਣੇ ਵਿਚਾਰ ਪ੍ਰਗਟ ਕਰਦੀਆਂ ਸਨ। ਕਈ ਔਰਤਾਂ ਅਜਿਹੀਆਂ ਵੀ ਹੁੰਦੀਆਂ ਸਨ ਜਿਨ੍ਹਾਂ ਤੋਂ ਉਮੀਦ ਨਹੀਂ ਕੀਤੀ ਜਾਂਦੀ ਸੀ ਕਿ ਉਹ ਉਸ ਸਮੇਂ ਤੇ ਕਥਿਤ ਸੱਭਿਆ ਸਮਾਜ ਦੇ ਵਿਚਕਾਰ ਵੀ ਆਉਣ, ਉਸ ਤਰ੍ਹਾਂ ਦੀਆਂ ਔਰਤਾਂ ਵੀ ਆ ਕੇ ਅਨੁਭਵ ਮੰਡਪ ਵਿੱਚ ਆਪਣੀ ਗੱਲ ਰੱਖਦੀਆਂ ਸਨ।

ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਉਸ ਦੌਰ ਵਿੱਚ ਇਹ ਬਹੁਤ ਵੱਡਾ ਉਪਰਾਲਾ ਸੀ। ਮੈਂ ਪਿਛਲੇ ਸਾਲ ਹੀ ਭਗਵਾਨ ਬਿਸਵੇਸ਼ਵਰ ਦੇ ਵਚਨਾਂ ਦੇ 23 ਭਾਸ਼ਾਵਾਂ ਵਿੱਚ ਹੋਏ ਅਨੁਵਾਦ ਨੂੰ ਰਿਲੀਜ਼ ਕੀਤਾ ਸੀ।

ਮੈਨੂੰ ਉਮੀਦ ਹੈ ਕਿ ਇਹ ਭਗਵਾਨ ਬਸਵੇਸ਼ਵਰ ਦੇ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਵਿੱਚ ਬਹੁਤ ਉਪਯੋਗੀ ਸਿੱਧ ਹੋ ਰਹੇ ਹੋਣਗੇ।

ਇਸ ਅਵਸਰ ‘ਤੇ ਮੈਂ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਬੀ. ਡੀ. ਜੱਤੀ ਨੂੰ ਵੀ ਨਮਨ ਕਰਦਾ ਹਾਂ ਅਤੇ ਬਾਸਵਾ ਸਮਿਤੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਾ ਹਾਂ। ਸ਼੍ਰੀ ਅਰਵਿੰਦ ਜੱਤੀ ਦਾ ਵੀ ਮੈਂ ਵਿਸ਼ੇਸ਼ ਜ਼ਿਕਰ ਕਰਨਾ ਚਾਹਾਂਗਾ।

ਸਾਥੀਓ, ਮੈਨੂੰ ਦੱਸਿਆ ਗਿਆ ਹੈ ਕਿ ਪੂਜਨੀਕ ਸ਼੍ਰੀ ਸਿੱਧ ਰਮੇਸ਼ਵਰ ਮਹਾਸਵਾਮੀ ਜੀ ਵੱਲੋਂ ਅਨੁਭਵ ਮੰਡਪ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਸੰਕਲਪ ਲਿਆ ਗਿਆ ਸੀ। ਉਹ ਇਸ ਨੂੰ ਇੱਥੋਂ ਦੇ ਮੱਠ ਵਿੱਚ ਸਥਾਪਿਤ ਕਰਨਾ ਚਾਹੁੰਦੇ ਸਨ।

ਇਹ ਬਹੁਤ ਪ੍ਰਸੰਨਤਾ ਦੀ ਗੱਲ ਹੈ ਕਿ ਉਨ੍ਹਾਂ ਦਾ ਇਹ ਸੁਪਨਾ ਸ਼੍ਰੀ ਮੁਰੁਧਾ ਰਾਜੇਂਦਰ ਮਹਾਸਵਾਮੀ ਦੀ ਅਗਵਾਈ ਵਿੱਚ ਸਾਕਾਰ ਹੋ ਰਿਹਾ ਹੈ। ਇਸ ”ਅਨੁਭਵ ਮੰਡਪ” ਨਾਲ ਦੇਸ਼ ਵਿੱਚ ਸਮਾਨਤਾ ਦੇ ਅਧਿਕਾਰ ਦਾ ਸੰਦੇਸ਼ ਪ੍ਰਸਾਰਿਤ ਹੋਏਗਾ। ”ਸਰਵ ਜਨ ਸੁਖਿਨੋ ਭਵੰਤੁ’ ਦੇ ਮੰਤਰ ‘ਤੇ ਚੱਲਦੇ ਹੋਏ ਸਾਰਿਆਂ ਦੇ ਸੁੱਖ ਦੀ ਕਾਮਨਾ ਦੇ ਨਾਲ ਹੋ ਰਹੇ ਇਸ ਆਯੋਜਨ ਲਈ ਮੈਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ, 2022 ਵਿੱਚ ਸਾਡਾ ਦੇਸ਼ ਅਜ਼ਾਦੀ ਦੇ 75ਵੇਂ ਸਾਲ ਦਾ ਪਰਵ ਮਨਾਏਗਾ। ਇਹ ਪਰਵ ਕੀ ਅਸੀਂ ਦੇਸ਼ ਦੀਆਂ ਅੰਦਰੂਨੀ ਕਮਜ਼ੋਰੀਆਂ ਨਾਲ ਮਨਾਵਾਂਗੇ? ਨਹੀਂ। ਅਸੀਂ ਸਾਰਿਆਂ ਨੇ ਸੰਕਲਪ ਲਿਆ ਹੈ ਨਿਊ ਇੰਡੀਆ ਬਣਾਉਣ ਦਾ। ਇਸ ਸੰਕਲਪ ਵਿੱਚ ਤੁਹਾਡਾ ਯੋਗਦਾਨ, ਸੰਕਲਪ ਤੋਂ ਸਿੱਧੀ ਦੀ ਇਸ ਯਾਤਰਾ ਨੂੰ ਹੋਰ ਸੁਗਮ ਕਰ ਦੇਏਗਾ। ਕੀ ਸਿੱਖਿਆ ਦੇ ਖੇਤਰ ਵਿੱਚ, ਬੇਟੀਆਂ ਨੂੰ ਪੜ੍ਹਾਉਣ ਦੇ ਖੇਤਰ ਵਿੱਚ, ਨੌਜਵਾਨਾਂ ਵਿੱਚ ਹੁਨਰ ਵਿਕਾਸ ਦੇ ਖੇਤਰ ਵਿੱਚ, ਸਿਹਤ ਦੇ ਖੇਤਰ ਵਿੱਚ, ਸਵੱਛਤਾ ਦੇ ਖੇਤਰ ਵਿੱਚ, ਡਿਜੀਟਲ ਸਾਖਰਤਾ ਦੇ ਖੇਤਰ ਵਿੱਚ, ਸੌਰ ਊਰਜਾ ਦੇ ਪ੍ਰਸਾਰ ਲਈ, ਕੀ ਤੁਹਾਡੇ ਵੱਲੋਂ ਵੀ ਕੋਈ ਸੰਕਲਪ ਲਿਆ ਜਾ ਸਕਦਾ ਹੈ?

ਮੈਨੂੰ ਪਤਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਖੇਤਰਾਂ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਹੋ, ਪਰ ਕੀ ਅੰਕੜਿਆਂ ਵਿੱਚ ਟੀਚੇ ਤੈਅ ਕਰਕੇ ਕੋਈ ਸੰਕਲਪ ਲਿਆ ਜਾ ਸਕਦਾ ਹੈ। ਜਿਵੇਂ ਕੀ ਇਹ ਸੰਕਲਪ ਲਿਆ ਜਾ ਸਕਦਾ ਹੈ ਕਿ ਅਗਲੇ ਦੋ ਸਾਲਾਂ ਵਿੱਚ 2 ਹਜ਼ਾਰ, 5 ਹਜ਼ਾਰ ਪਿੰਡਾਂ ਨੂੰ ਖੁਲ੍ਹੇ ਵਿੱਚ ਪਖਾਨੇ ਤੋਂ ਮੁਕਤ ਕਰਨ ਵਿੱਚ ਮਦਦ ਕੀਤੀ ਜਾਏਗੀ। ਕੀ ਇਹ ਸੰਕਲਪ ਲਿਆ ਜਾ ਸਕਦਾ ਹੈ ਕਿ ਅਗਲੇ ਦੋ ਸਾਲ ਵਿੱਚ ਤੁਹਾਡੇ ਚੁਣੇ ਹੋਏ 5 ਹਜ਼ਾਰ ਪਿੰਡਾਂ ਵਿੱਚ, ਹਰ ਘਰ ਵਿੱਚ ਐੱਲਈਡੀ (LED) ਬਲਬ ਹੋਏਗਾ।

ਸਾਥੀਓ, ਸਰਕਾਰ ਇਨ੍ਹਾਂ ਸਾਰੇ ਸੈਕਟਰਾਂ ਵਿੱਚ ਕਾਰਜ ਕਰ ਰਹੀ ਹੈ, ਪਰ ਲੋਕਾਂ ਦੇ ਵਿਚਕਾਰ ਜਾਗਰੂਕਤਾ ਵਧਾਉਣ ਵਿੱਚ, ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਹੈ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਜਦੋਂ ਕਦਮ ਵਧਾਓਗੇ ਤਾਂ ਲੱਖਾਂ ਵਿਵੇਕਾਨੰਦ ਦੀ ਸ਼ਕਤੀ ਤੁਹਾਡੇ ਸੰਕਲਪਾਂ ਨੂੰ ਸਿੱਧ ਕਰੇਗੀ।

ਅੱਜ ਬੇਲਗਾਵੀ ਵਿੱਚ ਦਸ ਹਜ਼ਾਰ ਵਿਵੇਕਾਨੰਦ ਜੁਟੇ ਹਨ, ਤਾਂ ਲੱਖਾਂ ਵਿਵੇਕਾਨੰਦ ਜੁਟਣਗੇ। ਤੁਹਾਡੇ ਕਾਰਜ ਸਿੱਧ ਹੋਣਗੇ ਤਾਂ ਸਾਡੀ ਸਮਾਜਿਕ ਵਿਵਸਥਾ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ। ਇੱਕ ਭਾਰਤ-ਸ਼੍ਰੇਸ਼ਠ ਭਾਰਤ ਦਾ, ਸਮਰੱਥ ਭਾਰਤ ਦਾ ਸਵਾਮੀ ਵਿਵੇਕਾਨੰਦ ਦਾ ਸੁਪਨਾ ਪੂਰਾ ਹੋਏਗਾ।

ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰ ਰਿਹਾ ਹਾਂ। ਇੱਕ ਵਾਰ ਫਿਰ ਮੈਂ ਮੰਚ ‘ਤੇ ਮੌਜੂਦ ਸਾਰੇ ਸੰਤਾਂ ਨੂੰ ਪ੍ਰਣਾਮ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਰਾਸ਼ਟਰੀ ਯੁਵਾ ਦਿਵਸ ਅਤੇ ਸਰਵ ਧਰਮ ਸਭਾ ਦੀਆਂ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ –ਬਹੁਤ ਧੰਨਵਾਦ!!!

******

ਅਤੂਲ ਤਿਵਾਰੀ/ਹਿਮਾਂਸ਼ੂ ਸਿੰਘ