Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਖਨਊ ਦੇ ਐਸ਼ਬਾਗ਼ ਰਾਮਲੀਲਾ ਮੈਦਾਨ ’ਚ ਦੁਸਹਿਰਾ ਮਹੋਤਸਵ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਲਖਨਊ ਦੇ ਐਸ਼ਬਾਗ਼ ਰਾਮਲੀਲਾ ਮੈਦਾਨ ’ਚ ਦੁਸਹਿਰਾ ਮਹੋਤਸਵ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਲਖਨਊ ਦੇ ਐਸ਼ਬਾਗ਼ ਰਾਮਲੀਲਾ ਮੈਦਾਨ ’ਚ ਦੁਸਹਿਰਾ ਮਹੋਤਸਵ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਜੈ ਸ਼੍ਰੀ ਰਾਮ, ਵਿਸ਼ਾਲ ਸੰਖਿਆ ਵਿੱਚ ਪਧਾਰੇ ਪਿਆਰੇ ਭਰਾਵੋ ਅਤੇ ਭੈਣੋ,

ਤੁਹਾਨੂੰ ਸਾਰਿਆਂ ਨੂੰ ਵਿਜੈ-ਦਸ਼ਮੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਮੈਨੂੰ ਅੱਜ ਅਤਿ ਪ੍ਰਾਚੀਨ ਰਾਮਲੀਲਾ, ਉਸ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੁਭਾਗ ਹਾਸਲ ਹੋਇਆ ਹੈ। ਹਿੰਦੁਸਤਾਨ ਦੀ ਧਰਤੀ ਦਾ ਇਹ ਉਹ ਹਿੱਸਾ ਹੈ, ਜਿਸ ਹਿੱਸੇ ਨੇ ਦੋ ਅਜਿਹੇ ਤੀਰਥ-ਰੂਪੀ ਜੀਵਨ ਸਾਨੂੰ ਦਿੱਤੇ ਹਨ – ਇੱਕ ਪ੍ਰਭੂ ਰਾਮ ਅਤੇ ਦੂਜੇ ਕ੍ਰਿਸ਼ਣ, ਇਸੇ ਧਰਤੀ ਤੋਂ ਮਿਲੇ। ਅਤੇ ਅਜਿਹੀ ਧਰਤੀ ’ਤੇ ਵਿਜੈ-ਦਸ਼ਮੀ ਦੇ ਤਿਉਹਾਰ ’ਤੇ ਆ ਕੇ ਸਿਰ ਝੁਕਾਉਣਾ, ਇਸ ਤੋਂ ਵੱਡਾ ਜੀਵਨ ਦਾ ਸੁਭਾਗ ਕੀ ਹੋ ਸਕਦਾ ਹੈ?

ਵਿਜੈ-ਦਸ਼ਮੀ ਦਾ ਤਿਉਹਾਰ ਝੂਠ ਉੱਤੇ ਸੱਚ ਦੀ ਜਿੱਤ ਦਾ ਤਿਉਹਾਰ ਹੈ। ਅੱਤਿਆਚਾਰੀ ਨੂੰ ਹਰਾਉਣ ਦਾ ਤਿਉਹਾਰ ਹੈ। ਅਸੀਂ ਰਾਵਣ ਨੂੰ ਤਾਂ ਹਰ ਸਾਲ ਸਾੜਦੇ ਹਨ, ਆਖ਼ਰ ਇਸ ਪਰੰਪਰਾ ਤੋਂ ਅਸੀਂ ਕੀ ਸਬਕ ਲੈਣਾ ਹੈ? ਰਾਵਣ ਨੂੰ ਸਾੜਦੇ ਸਮੇਂ ਸਾਡਾ ਇੱਕ ਹੀ ਸੰਕਲਪ ਹੋਣਾ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਅੰਦਰ, ਸਾਡੀ ਸਮਾਜਕ ਰਚਨਾ ਵਿੱਚ, ਸਾਡੇ ਰਾਸ਼ਟਰੀ ਜੀਵਨ ਵਿੱਚ ਜੋ-ਜੋ ਬੁਰਾਈਆਂ ਹਨ, ਉਨ੍ਹਾਂ ਬੁਰਾਈਆਂ ਨੂੰ ਵੀ ਇੰਝ ਹੀ ਖ਼ਤਮ ਕਰ ਕੇ ਰਹਾਂਗੇ। ਅਤੇ ਹਰ ਸਾਲ ਰਾਵਣ ਸਾੜਦੇ ਸਮੇਂ ਸਾਨੂੰ ਆਪਣੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਸੰਕਲਪ ਨੂੰ ਵੀ ਮਜ਼ਬੂਤ ਬਣਾਉਣਾ ਚਾਹੀਦਾ ਹੈ ਅਤੇ ਉਸ ਵਿੱਚ ਵਿਜੈ-ਦਸ਼ਮੀ ਦੇ ਸਮੇਂ ਹਿਸਾਬ-ਕਿਤਾਬ ਵੀ ਕਰਨਾ ਚਾਹੀਦਾ ਹੈ ਕਿ ਅਸੀਂ ਕਿੰਨੀਆਂ ਬੁਰਾਈਆਂ ਨੂੰ ਖ਼ਤਮ ਕੀਤਾ।

ਅੱਜ ਸ਼ਾਇਦ ਉਸ ਸਮੇਂ ਦਾ ਰਾਵਣ ਦਾ ਰੂਪ ਨਹੀਂ ਹੋਵੇਗਾ; ਅੱਜ ਸ਼ਾਇਦ ਉਸ ਸਮੇਂ ਜਿਹੀ ਰਾਮ ਅਤੇ ਰਾਵਣ ਦੀ ਲੜਾਈ ਵੀ ਨਹੀਂ ਹੋਵੇਗੀ, ਪਰ ਸਾਡੇ ਅੰਦਰ ਅੰਤਰ-ਦਵੰਦ ਇੱਕ ਲਗਾਤਰ ਚਲਣ ਵਾਲੀ ਪ੍ਰਕਿਰਿਆ ਹੈ, ਅਤੇ ਇਸ ਲਈ ਸਾਡੇ ਅੰਦਰ ਵੀ ਇਹ ਦੁਸਹਿਰਾ ਜੋ ਸ਼ਬਦ ਹੈ, ਉਸ ਦਾ ਇੱਕ ਸੰਦੇਸ਼ ਤਾਂ ਇਹ ਵੀ ਹੈ ਕਿ ਅਸੀਂ ਆਪਣੇ ਅੰਦਰ ਦੀਆਂ ਦਸ ਕਮੀਆਂ ਨੂੰ ਦੂਰ ਕਰੀਏ, ਉਨ੍ਹਾਂ ਨੂੰ ਖ਼ਤਮ ਕਰੀਏ – ਦੁਸਹਿਰਾ, ਉਸ ਨੂੰ ਖ਼ਤਮ ਕਰੀਏ, ਜੀਵਨ ’ਚ ਪਤਨ ਲਿਆੳਣ ਵਾਲੀਆਂ ਜਿਹੜੀਆਂ-ਜਿਹੜੀਆਂ ਚੀਜ਼ਾਂ ਹਨ, ਉਨ੍ਹਾਂ ਉੱਤੇ ਜਿੱਤ ਹਾਸਲ ਕੀਤੇ ਬਿਨਾ ਜੀਵਨ ਕਦੇ ਸਫ਼ਲ ਨਹੀਂ ਹੁੰਦਾ। ਹਰੇਕ ਦੇ ਅੰਦਰ ਸਭ ਕੁਝ ਸਮਾਪਤ ਕਰਨ ਦੀ ਸਮਰੱਥਾ ਨਹੀਂ ਹੁੰਦੀ, ਪਰ ਹਰੇਕ ਵਿੱਚ ਅਜਿਹੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਜਤਨ ਕਰਨ ਦੀ ਸਮਰੱਥਾ ਤਾਂ ਈਸ਼ਵਰ ਨੇ ਦਿੱਤੀ ਹੁੰਦੀ ਹੈ, ਅਤੇ ਇਸ ਵਿੱਚ ਸਮਾਜ ਦੇ ਨਾਤੇ, ਵਿਅਕਤੀ ਦੇ ਨਾਤੇ, ਰਾਸ਼ਟਰ ਦੇ ਨਾਤੇ ਸਾਡੇ ਅੰਦਰ ਵਿਚਾਰ ਦੇ ਰੂਪ ਵਿੱਚ; ਆਚਾਰ ਦੇ ਰੂਪ ਵਿੱਚ; ਗ੍ਰੰਥੀਆਂ ਦੇ ਰੂਪ ਵਿੱਚ; ਮਾੜੀ ਸੋਚ ਦੇ ਰੂਪ ਵਿੱਚ; ਜੋ ਰਾਵਣ ਵਸ ਰਿਹਾ ਹੈ, ਉਸ ਨੂੰ ਵੀ ਅਸੀਂ ਲੋਕਾਂ ਨੇ ਹੀ ਖ਼ਤਮ ਕਰ ਕੇ ਇਸ ਰਾਸ਼ਟਰ ਨੂੰ ਗੌਰਵਸ਼ਾਲੀ ਬਣਾਉਣਾ ਹੋਵੇਗਾ।

ਮੈਂ ਇਸ ਸਮਿਤੀ ਦਾ ਇਸ ਲਈ ਧੰਨਵਾਦੀ ਹਾਂ ਕਿ ਜਿਵੇਂ ਲੋਕਮਾਨਯ ਤਿਲਕ ਜੀ ਨੇ ਗਣੇਸ਼-ਉਤਸਵ ਨੂੰ ਜਨਤਕ ਤਿਉਹਾਰ ਬਣਾ ਕੇ ਸਮਾਜਕ ਚੇਤਨਾ ਜਗਾਉਣ ਲਈ ਇੱਕ ਮੌਕੇ ਦੇ ਰੂਪ ਵਿੱਚ ਤਬਦੀਲ ਕੀਤਾ ਸੀ, ਤੁਸੀਂ ਵੀ ਇਸ ਰਾਮਲੀਲਾ ਦੇ ਮੰਚਨ ਨੂੰ ਕੇਵਲ ਪੁਰਾਣੀਆਂ ਚੀਜ਼ਾਂ ਨੂੰ ਭਗਤੀ-ਭਾਵ ਨਾਲ ਚੇਤੇ ਕਰਨ ਤੱਕ ਸੀਮਤ ਨਹੀਂ ਰੱਖਿਆ, ਇੱਕ ਉਤਸੁਕਤਾਵਸ ਨਵੀਂ ਪੀੜ੍ਹੀ ਵੇਖਣ ਲਈ ਆ ਜਾਵੇ, ਕਲਾਕਾਰਾਂ ਨੂੰ ਮੌਕਾ ਮਿਲ ਜਾਵੇ, ਇਸ ਲਈ ਨਹੀਂ ਕੀਤਾ। ਪਰ ਤੁਸੀਂ ਹਰ ਰਾਮਲੀਲਾ ਸਮੇਂ ਸਮਾਜ ਅੰਦਰ ਜੋ ਬੁਰਾਈਆਂ ਹਨ, ਅਜਿਹੀਆਂ ਕੋਈ ਨਾ ਕੋਈ ਬੁਰਾਈਆਂ, ਜਾਂ ਸਮਾਜ ਵਿੱਚ ਜੋ ਕੋਈ ਚੰਗਿਆਈ ਉਭਾਰਨੀ ਹੈ, ਉਸ ਚੰਗਿਆਈ ਉੱਤੇ ਕੇਂਦ੍ਰਿਤ ਕਰਦੇ ਹੋਏ ਤੁਸੀਂ ਇਸ ਰਾਮਲੀਲਾ ਦੇ ਮੰਚਨ ਦੀ ਪਰੰਪਰਾ ਖੜ੍ਹੀ ਕੀਤੀ ਹੈ। ਮੈਂ ਸਮਝਦਾ ਹਾਂ ਕਿ ਅਦਭੁਤ ਅਤੇ ਸਮੁੱਚੇ ਦੇਸ਼ ਦੇ ਲੋਕਾਂ ਨੇ ਪ੍ਰੇਰਨਾ ਹਾਸਲ ਕਰਨ ਜਿਹਾ ਇਹ ਕੰਮ ਇੱਥੋਂ ਦੀ ਰਾਮਲੀਲਾ ਵੱਲੋਂ ਹੋ ਰਿਹਾ ਹੈ। ਅਤੇ ਉਸ ਰਾਮਾਇਣ ਦੇ ਪਾਤਰਾਂ ਦੇ ਮਾਧਿਅਮ ਰਾਹੀਂ ਵੀ ਅਸੀਂ ਆਧੁਨਿਕ ਜੀਵਨ ਲਈ ਸੰਦੇਸ਼ ਦੇ ਸਕਦੇ ਹਾਂ, ਸਮਰੱਥਾ ਹੈ ਉਸ ਵਿੱਚ। ਅਤੇ ਇਸ ਦੇਸ਼ ਦੀ ਵਿਸ਼ੇਸ਼ਤਾ ਇਹੋ ਹੈ ਕਿ ਹਜ਼ਾਰਾਂ ਸਾਲ ਤੋਂ ਸਾਡੇ ਇੱਥੇ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣ ਦੀ ਇਹੋ ਤਾਂ ਸਭ ਤੋਂ ਵੱਡੀ ਵਿਵਸਥਾ ਰਹੀ ਹੈ ਕਿ ਕਹਾਣੀ ਰਾਹੀਂ, ਕਲਾ ਰਾਹੀਂ ਅਸੀਂ ਇਸ ਪਰੰਪਰਾ ਨੂੰ ਜਿਊਂਦੀ ਰੱਖਿਆ ਹੈ ਅਤੇ ਉਸ ਦਾ ਆਪਣਾ ਇੱਕ ਸਮਾਜਕ ਜੀਵਨ ਵਿੱਚ ਮਹਾਂਮੁੱਲ ਹੁੰਦਾ ਹੈ।

ਇਸ ਵਾਰ ਦੇ ਮੰਚਨ ਦਾ ਵਿਸ਼ਾ ਰਿਹਾ ਹੈ ਆਤੰਕਵਾਦ। ਇਹ ਆਤੰਕਵਾਦ ਮਾਨਵਤਾ ਦਾ ਦੁਸ਼ਮਣ ਹੈ ਅਤੇ ਪ੍ਰਭੂ ਰਾਮ ਮਾਨਵਤਾ ਦੀ ਨੁਮਾਇੰਦਗੀ ਕਰਦੇ ਹਨ; ਮਾਨਵਤਾ ਦੇ ਆਦਰਸ਼ਾਂ ਦੀ ਨੁਮਾਇੰਦਗੀ ਕਰਦੇ ਹਨ; ਮਰਿਆਦਾਵਾਂ ਨੂੰ ਉਜਾਗਰ ਕਰਦੇ ਹਨ; ਅਤੇ ਵਿਵੇਕ, ਤਿਆਗ, ਤਪੱਸਿਆ, ਉਸ ਦੀ ਇੱਕ ਮਿਸਾਲ ਸਾਡੇ ਵਿੱਚ ਛੱਡ ਕੇ ਗਏ ਹਨ। ਅਤੇ ਇਸ ਲਈ ਅਤੇ ਆਤੰਕਵਾਦ ਵਿਰੁੱਧ ਸਭ ਤੋਂ ਪਹਿਲਾਂ ਕੌਣ ਲੜਿਆ ਸੀ? ਕੀ ਕੋਈ ਫ਼ੌਜੀ ਸੀ? ਕੀ ਕੋਈ ਨੇਤਾ ਸੀ?

ਰਾਮਾਇਣ ਗਵਾਹ ਹੈ ਕਿ ਆਤੰਕਵਾਦ ਵਿਰੁੱਧ ਸਭ ਤੋਂ ਪਹਿਲੀ ਜੰਗ ਕਿਸੇ ਨੇ ਲੜੀ ਸੀ, ਤਾਂ ਉਹ ਜਟਾਯੂ ਨੇ ਲੜੀ ਸੀ। ਇੱਕ ਔਰਤ ਦੀ ਇੱਜ਼ਤ ਲਈ ਰਾਵਣ ਜਿਹੀ ਸਮਰੱਥਾਵਾਨ ਸ਼ਕਤੀ ਵਿਰੁੱਧ ਇੱਕ ਜਟਾਯੂ ਜੂਝਦਾ ਰਿਹਾ, ਲੜਦਾ ਰਿਹਾ। ਅੱਜ ਵੀ ਨਿਡਰਤਾ ਦਾ ਸੁਨੇਹਾ ਜੇ ਕੋਈ ਦਿੰਦਾ ਹੈ, ਤਾਂ ਜਟਾਯੂ ਦਿੰਦਾ ਹੈ। ਅਤੇ ਇਸ ਲਈ ਸਵਾ ਸੌ ਕਰੋੜ ਦੇਸ਼ਵਾਸੀ- ਅਸੀਂ ਰਾਮ ਤਾਂ ਨਹੀਂ ਬਣ ਸਕਦੇ ਹਾਂ, ਪਰ ਅਨਾਚਾਰ, ਅੱਤਿਆਚਾਰ, ਦੁਰਾਚਾਰ ਸਾਹਮਣੇ ਅਸੀਂ ਜਟਾਯੂ ਦੇ ਰੂਪ ਵਿੱਚ ਤਾਂ ਕੋਈ ਭੂਮਿਕਾ ਅਦਾ ਕਰ ਸਕਦੇ ਹਾਂ। ਜੇ ਸਵਾ ਸੌ ਕਰੋੜ ਦੇਸ਼ ਵਾਸੀ ਇੱਕਜੁੱਟ ਹੋ ਕੇ ਆਤੰਕਵਾਦੀਆਂ ਦੀ ਹਰ ਹਰਕਤ ’ਤੇ ਜੇ ਧਿਆਨ ਰੱਖਣ, ਚੁਕੰਨੇ ਰਹਿਣ; ਤਾਂ ਆਤੰਕਵਾਦੀਆਂ ਦਾ ਸਫ਼ਲ ਹੋਣਾ ਬਹੁਤ ਔਖਾ ਹੁੰਦਾ ਹੈ।

ਅੱਜ ਤੋਂ 30-40 ਵਰ੍ਹੇ ਪਹਿਲਾਂ ਜਦੋਂ ਹਿੰਦੁਸਤਾਨ ਦੁਨੀਆ ਨੂੰ ਸਾਡੀ ਆਤੰਕਵਾਦ ਕਾਰਨ ਜੋ ਪਰੇਸ਼ਾਨੀਆਂ ਹਨ, ਉਸ ਦੀ ਚਰਚਾ ਕਰਦਾ ਸੀ, ਤਾਂ ਵਿਸ਼ਵ ਦੇ ਗਲ਼ੇ ਨਹੀਂ ਉੱਤਰਦਾ ਸੀ। 92-93 ਦੀ ਘਟਨਾ ਮੈਨੂੰ ਯਾਦ ਹੈ, ਮੈਂ ਅਮਰੀਕਾ ਦੇ State Department ਦੇ State Secretary ਨਾਲ ਗੱਲ ਕਰ ਰਿਹਾ ਸੀ ਅਤੇ ਜਦੋਂ ਮੈਂ ਆਤੰਕਵਾਦ ਦੀ ਚਰਚਾ ਕਰਦਾ ਸਾਂ, ਤਾਂ ਉਹ ਮੈਨੂੰ ਕਹਿ ਰਹੇ ਸਨ ਕਿ ਇਹ ਤਾਂ ਤੁਹਾਡੀ Law & Order problem ਹੈ। ਮੈਂ ਉਨ੍ਹਾਂ ਨੂੰ ਸਮਝਾ ਰਿਹਾ ਸਾਂ ਕਿ Law & Order problem ਨਹੀਂ ਹੈ, ਆਤੰਕਵਾਦ ਕੋਈ ਹੋਰ ਚੀਜ਼ ਹੈ, ਉਨ੍ਹਾਂ ਦੇ ਗਲ਼ੇ ਨਹੀਂ ਉਤਰਦਾ ਸੀ। ਪਰ 26/11 ਤੋਂ ਬਾਅਦ ਸਾਰੀ ਦੁਨੀਆ ਦੇ ਗਲ਼ੇ ਉਤਰ ਗਿਆ ਹੈ ਕਿ ਆਤੰਕਵਾਦ ਕਿੰਨਾ ਭਿਆਨਕ ਹੁੰਦਾ ਹੈ। ਅਤੇ ਕੋਈ ਮੰਨੇ ਕਿ ਅਸੀਂ ਤਾਂ ਆਤੰਕਵਾਦ ਤੋਂ ਬਚੇ ਹੋਏ ਹਾਂ, ਉਹ ਕਿਤੇ ਜਾ ਕੇ ਕਿਸੇ ਮਾਨਵਤਾਵਾਦੀ ਚੀਜ਼ਾਂ ਨੂੰ ਨਸ਼ਟ ਕਰਨ ’ਤੇ ਤੁਲਿਆ ਹੋਇਆ ਹੈ। ਅਤੇ ਇਸ ਲਈ ਵਿਸ਼ਵ ਦੀਆਂ ਮਾਨਵਤਾਵਾਦੀ ਸ਼ਕਤੀਆਂ ਦਾ ਆਤੰਕਵਾਦ ਵਿਰੁੱਧ ਇੱਕਜੁੱਟ ਹੋਣਾ ਜ਼ਰੂਰੀ ਹੋ ਗਿਆ ਹੈ। ਜੋ ਆਤੰਕਵਾਦ ਕਰਦੇ ਹਨ, ਉਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਜ਼ਰੂਰਤ ਪੈਦਾ ਹੋਈ ਹੈ। ਜੋ ਆਤੰਕਵਾਦ ਨੂੰ ਪਨਾਹ ਦਿੰਦੇ ਹਨ, ਜੋ ਆਤੰਕਵਾਦ ਦੀ ਮਦਦ ਕਰਦੇ ਹਨ, ਹੁਣ ਤਾਂ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਸਕਦਾ। ਸਮੁੱਚਾ ਵਿਸ਼ਵ ਤਬਾਹ ਹੋ ਰਿਹਾ ਹੈ, ਦੋ ਦਿਨਾਂ ਤੋਂ ਅਸੀਂ ਟੀ.ਵੀ. ਉੱਤੇ ਸੀਰੀਆ ਦੀ ਇੱਕ ਛੋਟੀ ਬਾਲੜੀ ਦਾ ਚਿੱਤਰ ਵੇਖ ਰਹੇ ਹਾਂ; ਦੋ ਦਿਨਾਂ ਤੋਂ ਅਸੀਂ ਇੱਕ ਛੋਟੀ ਬਾਲੜੀ ਦੀ ਤਸਵੀਰ ਵੇਖ ਰਹੇ ਹਾਂ ਟੀ.ਵੀ. ’ਤੇ, ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ। ਕਿੰਝ ਨਿਰਦੋਸ਼ਾਂ ਦੀ ਜਾਨ ਲਈ ਜਾ ਰਹੀ ਹੈ। ਅਤੇ ਇਸ ਲਈ ਅੱਜ ਜਦੋਂ ਅਸੀਂ ਰਾਵਣ ਦਾ ਕਤਲ ਅਤੇ ਰਾਵਣ ਨੂੰ ਸਾੜ ਰਹੇ ਹਾਂ, ਤਦ ਸਮੁੱਚੇ ਵਿਸ਼ਵ ਨੇ, ਸਿਰਫ਼ ਭਾਰਤ ਨੇ ਹੀ ਨਹੀਂ, ਸਿਰਫ਼ ਮੈਂ ਅਤੇ ਤੁਸੀਂ ਨਹੀਂ, ਸਮੁੱਚੇ ਵਿਸ਼ਵ ਦੀਆਂ ਮਾਨਵਤਾਵਾਦੀ ਸ਼ਕਤੀਆਂ ਨੇ ਆਤੰਕਵਾਦ ਵਿਰੁੱਧ ਇੱਕਜੁੱਟ ਹੋ ਕੇ ਜੰਗ ਲੜਨੀ ਹੀ ਹੋਵੇਗੀ। ਆਤੰਕਵਾਦ ਨੂੰ ਖ਼ਤਮ ਕੀਤੇ ਬਗ਼ੈਰ ਮਾਨਵਤਾ ਦੀ ਰਾਖੀ ਸੰਭਵ ਨਹੀਂ ਹੋਵੇਗੀ।

ਭਰਾਵੋ, ਭੈਣੋ ਜਦੋਂ ਮੈਂ ਸਮਾਜ ਦੇ ਅੰਦਰ ਸਾਡੇ ਇੱਥੇ ਜੋ ਬੁਰਾਈਆਂ ਹਨ, ਉਨ੍ਹਾਂ ਨੂੰ ਵੀ ਸਾਨੂੰ ਨਸ਼ਟ ਕਰਨਾ ਹੋਵੇਗਾ, ਅਤੇ ਇਹੋ ਵਿਜੈ-ਦਸ਼ਮੀ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਰਾਵਣ-ਰੂਪੀ ਉਹ ਗੱਲਾਂ ਛੋਟੀਆਂ ਹੋਣਗੀਆਂ, ਪਰ ਉਹ ਵੀ ਇੱਕ ਤਰ੍ਹਾਂ ਦਾ ਰਾਵਣ-ਰੂਪ ਹੀ ਹੈ। ਮਾੜੇ ਕੰਮ, ਭ੍ਰਿਸ਼ਟਾਚਾਰ, ਸਾਡੇ ਸਮਾਜ ਨੂੰ ਤਬਾਹ ਕਰਨ ਵਾਲੇ ਰਾਵਣ ਨਹੀਂ ਤਾਂ ਹੋਰ ਕੀ ਹਨ? ਇਸ ਨੂੰ ਵੀ ਸਾਨੂੰ ਖ਼ਤਮ ਕਰਨ ਲਈ ਦੇਸ਼ ਦੇ ਨਾਗਰਿਕਾਂ ਨੂੰ ਸੰਕਲਪਬੱਧ ਹੋਣਾ ਪਵੇਗਾ।

ਗੰਦਗੀ, ਇਹ ਵੀ ਰਾਵਣ ਦਾ ਹੀ ਇੱਕ ਛੋਟਾ ਜਿਹਾ ਰੂਪ ਹੀ ਹੈ। ਇਹ ਗੰਦਗੀ ਹੈ, ਜੋ ਸਾਡੇ ਗ਼ਰੀਬ ਬੱਚਿਆਂ ਦੀਆਂ ਜਾਨਾਂ ਲੈ ਲੈਂਦੀ ਹੈ। ਬੀਮਾਰੀ ਗ਼ਰੀਬ ਪਰਿਵਾਰਾਂ ਨੂੰ ਤਬਾਹ ਕਰ ਦਿੰਦੀ ਹੈ। ਜੇ ਅਸੀਂ ਗੰਦਗੀ ਤੋਂ ਮੁਕਤੀ ਪਾਈਏ, ਗੰਦਗੀ ਰੂਪੀ ਰਾਵਣ ਤੋਂ ਮੁਕਤੀ ਪਾਈਏ, ਤਾਂ ਦੇਸ਼ ਦੇ ਕਰੋੜਾਂ-ਕਰੋੜਾਂ ਪਰਿਵਾਰ, ਜੋ ਛੋਟੀ ਉਮਰੇ ਹੀ ਮੌਤ ਦੀ ਗੋਦ ਵਿੱਚ ਚਲੇ ਜਾਂਦੇ ਹਨ; ਬੀਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ; ਉਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ। ਅਤੇ ਉਸ ਤੋਂ ਵੀ ਮੁਕਤੀ ਪਾਉਣ ਲਈ ਸਾਨੂੰ ਸੰਕਲਪ ਲੈਣਾ ਹੋਵੇਗਾ।

ਅੱਜ ਇੱਕ ਪਾਸੇ ਅਸੀਂ ਵਿਜੈ-ਦਸ਼ਮੀ ਦਾ ਤਿਉਹਾਰ ਮਨਾ ਰਹੇ ਹਾਂ, ਤਦ ਉਸੇ ਸਮੇਂ ਸਮੁੱਚਾ ਵਿਸ਼ਵ ਅੱਜ Girl Child Day ਵੀ ਮਨਾ ਰਿਹਾ ਹੈ। ਅੱਜ Girl Child Day ਵੀ ਹੈ। ਮੈਂ ਜ਼ਰਾ ਆਪਣੇ-ਆਪ ਤੋਂ ਪੁੱਛਣਾ ਚਾਹੁੰਦਾ ਹਾਂ, ਮੈਂ ਦੇਸ਼ ਵਾਸੀਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਸੀਤਾ ਮਾਤਾ ਉੱਤੇ ਤਸੀਹੇ ਢਾਹੁਣ ਵਾਲੇ ਰਾਵਣ ਨੂੰ ਤਾਂ ਅਸੀਂ ਹਰ ਸਾਲ ਸਾੜਨ ਦਾ ਸੰਕਲਪ ਲਿਆ ਹੋਇਆ ਹੈ, ਅਤੇ ਜਦੋਂ ਤੱਕ ਪੀੜ੍ਹੀਆਂ ਜਿਊਂਦੀਆਂ ਰਹਿਣਗੀਆਂ, ਰਾਵਣ ਨੂੰ ਸਾੜਦੇ ਰਹਿਣਗੇ ਕਿਉਂਕਿ ਸੀਤਾ ਮਾਤਾ ਨੂੰ ਅਗ਼ਵਾ ਕੀਤਾ ਗਿਆ ਸੀ; ਪਰ ਕਦੇ ਅਸੀਂ ਸੋਚਿਆ ਹੈ ਕਿ ਜਦੋਂ ਸਮੁੱਚਾ ਵਿਸ਼ਵ ਅੱਜ Girl Child Day ਮਨਾ ਰਿਹਾ ਹੈ, ਤਦ ਅਸੀਂ ਪੁੱਤਰ ਅਤੇ ਧੀ ਵਿੱਚ ਫ਼ਰਕ ਕਰ ਕੇ ਮਾਂ ਦੀ ਕੁੱਖ ਵਿੱਚ ਕਿੰਨੀਆਂ ਸੀਤਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਾਂ। ਇਹ ਸਾਡੇ ਅੰਦਰਲੇ ਰਾਵਣ ਨੂੰ ਕੌਣ ਖ਼ਤਮ ਕਰੇਗਾ? ਕੀ ਅੱਜ ਵੀ 21ਵੀਂ ਸਦੀ ਵਿੱਚ ਮਾਂ ਦੀ ਕੁੱਖ ਵਿੱਚ ਧੀਆਂ ਨੂੰ ਮਾਰਿਆ ਜਾਵੇਗਾ? ਬਈ, ਇੱਕ ਸੀਤਾ ਲਈ ਜਟਾਯੂ ਕੁਰਬਾਨੀ ਦੇ ਸਕਦਾ ਹੈ, ਤਾਂ ਸਾਡੇ ਘਰ ਵਿੱਚ ਪੈਦਾ ਹੋਣ ਵਾਲੀ ਸੀਤਾ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਘਰ ਵਿੱਚ ਪੁੱਤਰ ਪੈਦਾ ਹੋਵੇ, ਜਿੰਨਾ ਸੁਆਗਤ-ਸਨਮਾਨ ਹੋਵੇ, ਧੀ ਪੈਦਾ ਹੋਵੇ, ਉਸ ਤੋਂ ਵੀ ਵੱਡਾ ਸੁਆਗਤ-ਸਨਮਾਨ ਹੋਵੇ, ਇਹ ਸਾਨੂੰ ਸੁਭਾਅ ਬਣਾਉਣਾ ਹੋਵੇਗਾ।

ਇਸ ਵਾਰ ਉਲੰਪਿਕ ’ਚ ਵੇਖੋ, ਸਾਡੇ ਦੇਸ਼ ਦੀਆਂ ਧੀਆਂ ਨੇ ਨਾਂਅ ਰੋਸ਼ਨ ਕਰ ਦਿੱਤਾ। ਹੁਣ ਇਹ ਪੁੱਤਰ-ਧੀ ਦਾ ਫ਼ਰਕ ਸਾਡੇ ਇੱਥੇ ਰਾਵਣ ਰੂਪੀ ਮਾਨਸਿਕਤਾ ਦਾ ਹੀ ਅੰਸ਼ ਹੈ। ਸਿੱਖਿਅਤ ਹੋਵੇ, ਅਨਪੜ੍ਹ ਹੋਵੇ, ਗ਼ਰੀਬ ਹੋਵੇ; ਅਮੀਰ ਹੋਵੇ, ਸ਼ਹਿਰੀ ਹੋਵੇ, ਦਿਹਾਤੀ ਹੋਵੇ, ਹਿੰਦੂ ਹੋਵੇ; ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਬੋਧੀ ਹੋਵੇ; ਕਿਸੇ ਵੀ ਫ਼ਿਰਕੇ ਦਾ ਕਿਉਂ ਨਾ ਹੋਵੇ; ਕਿਸੇ ਵੀ ਆਰਥਿਕ ਪਿਛੋਕੜ ਦਾ ਕਿਉਂ ਨਾ ਹੋਵੇ; ਕਿਸੇ ਵੀ ਸਮਾਜਕ ਪਿਛੋਕੜ ਦਾ ਕਿਉਂ ਨਾ ਹੋਵੇ, ਪਰ ਧੀਆਂ ਸਮਾਨ ਹੋਣੀਆਂ ਚਾਹੀਦੀਆਂ ਹਨ; ਔਰਤਾਂ ਦੇ ਅਧਿਕਾਰ ਬਰਾਬਰ ਹੋਣੇ ਚਾਹੀਦੇ ਹਨ, ਔਰਤਾਂ ਨੂੰ 21ਵੀਂ ਸਦੀ ਵਿੱਚ ਇਨਸਾਫ਼ ਮਿਲਣਾ ਚਾਹੀਦਾ ਹੈ ਕਿ ਕਿਸੇ ਵੀ ਪਰੰਪਰਾ ਨਾਲ ਜੁੜੇ ਕਿਉਂ ਨਾ ਹੋਣ; ਕਿਸੇ ਵੀ ਸਮਾਜ ਨਾਲ ਜੁੜੇ ਕਿਉਂ ਨਾ ਹੋਣ, ਔਰਤਾਂ ਦਾ ਮਾਣ ਰੱਖਣ ਦਾ ਇਹ ਯੁਗ ਸਾਨੂੰ ਪ੍ਰਵਾਨ ਕਰਨਾ ਹੋਵੇਗਾ। ਧੀਆਂ ਦਾ ਮਾਣ ਰੱਖਣਾ ਹੋਵੇਗਾ; ਧੀਆਂ ਨੂੰ ਬਚਾਉਣਾ ਹੋਵੇਗਾ। ਸਾਡੇ ਅੰਦਰ ਅਜਿਹੇ ਜੋ ਰਾਵਣ ਦੇ ਰੂਪ ਖਿੰਡੇ ਪਏ ਹਨ, ਉਸ ਤੋਂ ਇਸ ਦੇਸ਼ ਨੂੰ ਸਾਨੂੰ ਮੁਕਤੀ ਦਿਵਾਉਣੀ ਹੈ। ਅਤੇ ਇਸ ਲਈ ਜਦੋਂ ਲਕਸ਼ਮਣ ਦੀ ਨਗਰੀ ਵਿੱਚ ਆਇਆ ਹਾਂ, ਗੋਸਵਾਮੀ ਤੁਲਸੀਦਾਸ ਦੀ ਧਰਤੀ ’ਤੇ ਆਇਆ ਹਾਂ। ਸ਼੍ਰੀਕ੍ਰਿਸ਼ਣ ਦੇ ਜੀਵਨ ਵਿੱਚ ਵੀ ਯੁੱਧ ਸੀ, ਰਾਮ ਦੇ ਜੀਵਨ ਵਿੱਚ ਵੀ ਯੁੱਧ ਸੀ, ਪਰ ਅਸੀਂ ਉਹ ਲੋਕ ਹਾਂ, ਜੋ ਯੁੱਧ ਤੋਂ ਬੁੱਧ ਵੱਲ ਚਲੇ ਜਾਂਦੇ ਹਾਂ। ਸਮੇਂ ਦੇ ਬੰਧਨਾਂ ਨਾਲ, ਹਾਲਾਤ ਦੀਆਂ ਜ਼ਰੂਰਤਾਂ ਨਾਲ ਯੁੱਧ ਕਦੇ-ਕਦੇ ਜ਼ਰੂਰੀ ਹੋ ਜਾਂਦੇ ਹਨ, ਪਰ ਇਹ ਧਰਤੀ ਦਾ ਮਾਰਗ ਯੁੱਧ ਦਾ ਨਹੀਂ, ਇਹ ਧਰਤੀ ਦਾ ਮਾਰਗ ਬੁੱਧ ਦਾ ਹੈ। ਅਤੇ ਇਹ ਦੇਸ਼; ਇਹ ਦੇਸ਼ ਸੁਦਰਸ਼ਨ ਚੱਕਰਧਾਰੀ ਮੋਹਨ ਨੂੰ ਯੁੱਗ-ਪੁਰਸ਼ ਮੰਨਦਾ ਹੈ, ਜਿਸ ਨੇ ਜੰਗ ਦੇ ਮੈਦਾਨ ਵਿੱਚ ਗੀਤਾ ਕਹੀ; ਇਹੋ ਦੇਸ਼ ਚਰਖਾਧਾਰੀ ਮੋਹਨ, ਜਿਸ ਨੇ ਅਹਿੰਸਾ ਦਾ ਸੰਦੇਸ਼ ਦਿੱਤਾ, ਉਸ ਨੂੰ ਵੀ ਯੁੱਗ-ਪੁਰਸ਼ ਮੰਨਦਾ ਹੈ। ਇਹੋ ਇਸ ਦੇਸ਼ ਦੀ ਖ਼ਾਸੀਅਤ ਹੈ ਕਿ ਅਸੀਂ ਤੱਕੜੀ ਦੇ ਦੋਵੇਂ ਪੱਲਿਆਂ ’ਤੇ ਸੰਤੁਲਨ ਲੈ ਕੇ ਚਲਣ ਵਾਲੇ ਲੋਕ ਹਾਂ। ਅਤੇ ਇਸ ਲਈ ਅਸੀਂ ਯੁੱਧ ਤੋਂ ਬੁੱਧ ਦੀ ਯਾਤਰਾ ਵਾਲੇ ਲੋਕ ਹਾਂ। ਅਸੀਂ ਆਪਣੇ ਅੰਦਰਲੇ ਰਾਵਣ ਨੂੰ ਖ਼ਤਮ ਕਰਨ ਦਾ ਸੰਕਲਪ ਲੈਣ ਵਾਲੇ ਲੋਕ ਹਾਂ। ਸਾਡੇ ਦੇਸ਼ ਨੂੰ ਸੁਜਲਾਮ-ਸੁਫ਼ਲਾਮ ਬਣਾਉਣ ਦਾ ਸੰਕਲਪ ਕਰ ਕੇ ਨਿਕਲੇ ਲੋਕ ਹਾਂ।

ਅਜਿਹੇ ਸਮੇਂ ਅਤਿ ਪ੍ਰਾਚੀਨ ਇਹ ਰੰਗਮਚ ਜਿੱਥੇ ਰਾਮਲੀਲਾ ਹੁੰਦੀ ਹੈ, ਅਨੇਕਾਂ ਪੀੜ੍ਹੀਆਂ ਦੇ ਬਾਲ ਕਦੇ ਰਾਮ ਅਤੇ ਲਕਸ਼ਮਣ ਦੇ ਰੂਪ ਵਿੱਚ, ਮਾਂ ਸੀਤਾ ਦੇ ਰੂਪ ਵਿੱਚ ਇਸੇ ਸਥਾਨ ’ਤੇ ਉਨ੍ਹਾਂ ਦੇ ਪੈਰ ਪਏ ਹੋਣਗੇ ਅਤੇ ਉਹ ਛਿਣ ਉਹ ਇਨਸਾਨ ਨਹੀਂ ਰਹਿੰਦੇ; ਉਹ ਭਗਤੀ ਵਿੱਚ ਲੀਨ ਹੋਏ ਹੁੰਦੇ ਹਨ, ਉਹ ਕਿਰਦਾਰ ਨਹੀਂ ਹੁੰਦੇ; ਉਹ ਪਰਮਾਤਮਾ ਦਾ ਰੂਪ ਬਣ ਜਾਂਦੇ ਹਨ। ਉਸੇ ਮੰਚ ਉੱਤੇ ਆ ਕੇ ਅੱਜ ਇਨ੍ਹਾਂ ਸਾਰੇ ਰਾਵਣਾਂ ਵਿਰੁੱਧ ਜੋ ਸਾਡੇ ਅੰਦਰ ਹਨ, ਚਾਹੇ ਜਾਤੀਵਾਦ ਹੋਵੇ, ਚਾਹੇ ਵੰਸ਼ਵਾਦ ਹੋਵੇ, ਭਾਵੇਂ ਊਚ-ਨੀਚ ਦੀ ਬੁਰਾਈ ਹੋਵੇ, ਚਾਹੇ ਫ਼ਿਰਕਾਪ੍ਰਸਤੀ ਦਾ ਜਨੂੰਨ ਹੋਵੇ, ਇਹ ਸਾਰੀਆਂ ਬੁਰਾਈਆਂ ਕਿਸੇ ਨਾ ਕਿਸੇ ਰੂਪ ਵਿੱਚ ਖਿੰਡੇ ਪਏ ਰਾਵਣ ਦਾ ਹੀ ਰੂਪ ਹੈ। ਅਤੇ ਇਸ ਤੋਂ ਮੁਕਤੀ ਹਾਸਲ ਕਰਨਾ, ਇਸ ਨੂੰ ਖ਼ਤਮ ਕਰਨਾ, ਅਤੇ ਏਕਾਤਮ ਹਿੰਦੁਸਤਾਨ; ਇੱਕਰਸ ਹਿੰਦੁਸਤਾਨ, ਸਮਰਸ ਹਿੰਦੁਸਤਾਨ ਇਸੇ ਸੁਪਨੇ ਨੂੰ ਪਾਰ ਕਰਨ ਦਾ ਸੰਕਲਪ ਲੈ ਕੇ ਇਸ ਵਿਜੈ-ਦਸ਼ਮੀ ਦੇ ਪਵਿੱਤਰ ਤਿਉਹਾਰ ’ਤੇ ਅਸੀਂ ਬੱਸ ਪ੍ਰਭੂ ਰਾਮਜੀ ਦੇ ਸਾਡੇ ਉੱਤੇ ਅਸ਼ੀਰਵਾਦ ਬਣੇ ਰਹਿਣ, ਮਾਨਵਤਾ ਦੇ ਮਾਰਗ ਉੱਤੇ ਚਲਣ ਦੀ ਸਾਨੂੰ ਤਾਕਤ ਮਿਲੇ, ਬੁੱਧ ਦਾ ਮਾਰਗ ਸਾਡਾ ਆਖ਼ਰੀ ਮਾਰਗ ਬਣਿਆ ਰਹੇ।

ਇਸ ਇੱਕ ਆਸ ਨਾਲ ਤੁਹਾਨੂੰ ਸਭ ਨੂੰ ਵਿਜੈ-ਦਸ਼ਮੀ ਦੀਆਂ ਬਹੁਤ-ਬਹੁਤ ਸ਼ੁਭ-ਕਾਮਨਾਵਾਂ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ ਜੈ ਸ਼੍ਰੀਰਾਮ। ਅਵਾਜ਼ ਦੂਰ-ਦੂਰ ਤੱਕ ਜਾਣੀ ਚਾਹੀਦੀ ਹੈ। ਜੈ ਸ਼੍ਰੀਰਾਮ, ਜੈ ਸ਼੍ਰੀਰਾਮ, ਜੈ ਜੈ ਸ਼੍ਰੀਰਾਮ, ਜੈ ਜੈ ਸ਼੍ਰੀਰਾਮ।

***

ਅਤੁਲ ਕੁਮਾਰ ਤਿਵਾਰੀ/ਅਮਿਤ ਕੁਮਾਰ/ਨਿਰਮਲ ਸ਼ਰਮਾ