Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਡੀਓ ਬ੍ਰਿਜ ਰਾਹੀਂ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਸੈਲਫ ਹੈਲਪ-ਗਰੁੱਪਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਬ੍ਰਿਜ ਰਾਹੀਂ ਦੇਸ਼ ਭਰ ਦੇ ਸੈਲਫ ਹੈਲਪ-ਗਰੁੱਪਾਂ ਦੇ ਮੈਂਬਰਾਂ ਅਤੇ ਦੀਨ ਦਿਆਲ ਅੰਤਯੋਦਯ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਵਿੱਚ ਕਈ ਸੈਲਫ ਹੈਲਪ-ਗਰੁੱਪਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਇੱਕ ਕਰੋੜ ਤੋਂ ਵੱਧ ਔਰਤਾਂ ਨੂੰ ਕਵਰ ਕੀਤਾ ਗਿਆ। ਅਨੇਕ ਸਰਕਾਰੀ ਸਕੀਮਾਂ ਦੇ ਲਾਭਾਰਥੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਦੀ ਇਹ ਨੌਵੀਂ ਕੜੀ ਹੈ।

ਅਨੇਕ ਰਾਜਾਂ ਦੇ ਸੈਲਫ ਹੈਲਪ-ਗਰੁੱਪਾਂ ਦੀਆਂ ਔਰਤਾਂ ਦੇ ਨਾਲ ਗੱਲਬਾਤ ’ਤੇ ਖੁਸ਼ੀ ਪ੍ਰਗਟਾਉਂਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਮੈਂਬਰ ਸੰਕਲਪ, ਸਮੂਹਿਕ ਯਤਨ ਅਤੇ ਉੱਦਮਤਾ ਦਾ ਇੱਕ ਪ੍ਰੇਰਨਾਮਈ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਔਰਤਾਂ ਉੱਦਮਸ਼ੀਲ ਹਨ, ਉਨ੍ਹਾਂ ਵਿੱਚ ਅਨਿਸ਼ਚਿਤ ਹਾਲਾਤ ਵਿੱਚ ਆਤਮ-ਨਿਰਭਰਤਾ ਦੀ ਅਥਾਹ ਅੰਦਰੂਨੀ ਤਾਕਤ ਹੈ, ਅਤੇ ਉਨ੍ਹਾਂ ਨੂੰ ਕਾਬਲੀਅਤ ਦਿਖਾਉਣ ਲਈ ਸਿਰਫ਼ ਮੌਕੇ ਦੀ ਲੋੜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਖੇਤਰ ਵਿਸ਼ੇਸ਼ ਕਰਕੇ ਖੇਤੀਬਾੜੀ ਅਤੇ ਡੇਅਰੀ ਦੀ ਔਰਤਾਂ ਦੇ ਯੋਗਦਾਨ ਤੋਂ ਬਿਨਾ ਕਲਪਨਾ ਕਰਨਾ ਵੀ ਅਸੰਭਵ ਹੈ। ਇਹ ਦੇਸ਼ ਭਰ ਵਿੱਚ ਮਹਿਲਾ ਸਸ਼ਕਤੀਕਰਨ ਦੀ ਸੱਚੀ ਭਾਵਨਾ ਹੈ।

ਨਰੇਂਦਰ ਮੋਦੀ ਨੇ ਗੱਲਬਾਤ ਦੌਰਾਨ ਕਿਹਾ ਕਿ ਦੀਨ ਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਮਿਸ਼ਨ ਸਾਰੇ ਰਾਜਾਂ ਵਿੱਚ ਸ਼ੁਰੂ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ 2.5 ਲੱਖ ਪੰਚਾਇਤਾਂ ਰਾਹੀਂ ਕਰੋੜਾਂ ਗ਼ਰੀਬ ਪਰਿਵਾਰਾਂ ਤੱਕ ਪਹੁੰਚਣਾ ਅਤੇ ਉਨ੍ਹਾਂ ਨੂੰ ਟਿਕਾਊ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਸਾਰੇ ਰਾਜਾਂ ਅਤੇ ਕਰਮਚਾਰੀਆਂ ਨੂੰ ਇਸ ਯੋਜਨਾ ਦੇ ਸਫ਼ਲ ਲਾਗੂਕਰਨ ਲਈ ਵਧਾਈਆਂ ਵੀ ਦਿੱਤੀਆਂ।

ਸੈਲਫ ਹੈਲਪ-ਗਰੁੱਪਾਂ (ਐੱਸਐੱਚਈਜ਼) ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਸੈਲਫ ਹੈਲਪ-ਗਰੁੱਪਾਂ ਅਰਥਵਿਵਸਥਾ ਅਤੇ ਗ਼ਰੀਬਾਂ ਦੀ ਆਰਥਕ ਤੇ ਸਮਾਜਕ ਤਰੱਕੀ, ਵਿਸ਼ੇਸ਼ ਕਰਕੇ ਸਮਾਜ ਦੇ ਗ੍ਰਾਮੀਣ ਤਬਕੇ ਦੀਆਂ ਔਰਤਾਂ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ 2011-2014 ਦੀ ਅਵਧੀ ਦੀ ਤੁਲਨਾ ਵਿੱਚ ਪਿਛਲੇ ਚਾਰ ਵਰ੍ਹਿਆਂ ਵਿੱਚ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਪੈਦਾ ਕਰਦੇ ਅਤੇ ਉੱਦਮੀ ਸਿਰਜਦੇ ਸੈਲਫ ਹੈਲਪ-ਗਰੁੱਪਾਂ ਦੀ ਸੰਖਿਆ ਚੌਗੁਣੀ ਹੋ ਗਈ ਹੈ। ਸਾਲ 2011 ਤੋਂ 2014 ਦੌਰਾਨ ਤਿੰਨ ਵਰ੍ਹਿਆਂ ਵਿੱਚ, 52 ਲੱਖ ਪਰਿਵਾਰਾਂ ਨੂੰ ਕਵਰ ਕਰਦੇ ਸਿਰਫ਼ ਪੰਜ ਲੱਖ ਸੈਲਫ ਹੈਲਪ-ਗਰੁੱਪ ਬਣਾਏ ਗਏ । ਜਦੋਂ ਕਿ 2014 ਤੋਂ 2.25 ਕਰੋੜ ਪਰਿਵਾਰਾਂ ਨੂੰ ਕਵਰ ਕਰਦੇ 20 ਲੱਖ ਸੈਲਫ ਹੈਲਪ-ਗਰੁੱਪ ਬਣਾਏ ਗਏ।

ਸਰਕਾਰ ਦੇਸ਼ ਭਰ ਵਿੱਚ ਸੈਲਫ ਹੈਲਪ-ਗਰੁੱਪਾਂ ਨੂੰ ਹੁਲਾਰਾ ਦੇਣ ਲਈ ਟਰੇਨਿੰਗ, ਵਿੱਤੀ ਸਹਾਇਤਾ ਅਤੇ ਮੌਕੇ ਵੀ ਪ੍ਰਦਾਨ ਕਰ ਰਹੀ ਹੈ। ਮਹਿਲਾ ਕਿਸਾਨ ਸਸ਼ਕਤੀਕਰਨ ਪਰਿਯੋਜਨਾ ਰਾਹੀਂ 33 ਲੱਖ ਤੋਂ ਵੱਧ ਮਹਿਲਾ ਕਿਸਾਨਾਂ ਨੂੰ ਟਰੇਨਿੰਗ ਦਿੱਤੀ ਗਈ ਹੈ। ਹੁਣ ਪੂਰੇ ਗ੍ਰਾਮੀਣ ਭਾਰਤ ਵਿੱਚ ਲਗਭਗ ਪੰਜ ਕਰੋੜ ਔਰਤਾਂ ਦੀ ਸਰਗਰਮ ਸ਼ਮੂਲੀਅਤ ਨਾਲ 45 ਲੱਖ ਸੈਲਫ ਹੈਲਪ-ਗਰੁੱਪ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਨ ਦਿਆਲ ਅੰਤਯੋਦਯ ਯੋਜਨਾ ਰਾਹੀਂ ਗ੍ਰਾਮੀਣ ਨੌਜੁਆਨਾਂ ਦੇ ਕੌਸ਼ਲ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਬਿਹਤਰ ਜੀਵਨ ਲਈ ਨੌਜੁਆਨਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਰੋਜ਼ਗਾਰ ਦੇ ਨਾਲ-ਨਾਲ ਸਵੈ-ਰੋਜ਼ਗਾਰ ਦੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ 600 ਗ੍ਰਾਮੀਣ ਸਵੈ ਰੋਜ਼ਗਾਰ ਟਰੇਨਿੰਗ ਸੰਸਥਾਨਾਂ ਰਾਹੀਂ ਲਗਭਗ 28 ਲੱਖ ਨੌਜੁਆਨਾਂ ਨੂੰ ਟਰੇਨਿੰਗ ਦਿੱਤੀ ਗਈ ਹੈ ਅਤੇ ਲਗਭਗ 19 ਲੱਖ ਨੂੰ ਰੋਜ਼ਗਾਰ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਵੈਲਿਊ ਐਡੀਸ਼ਨ ਅਤੇ ਵੈਲਿਊ ਚੇਨ ਅਪਰੋਚ ਦੇ ਮਹੱਤਵ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸੈਲਫ ਹੈਲਪ-ਗਰੁੱਪਾਂ ਨੂੰ ਗਵਰਨਮੈਂਟ ਈ-ਮਾਰਕਿਟ ਪਲੇਸ (ਜੈੱਮ-GeM) ਵਿੱਚ ਆਪਣੀ ਉਪਜ ਵੇਚਣ ਲਈ ਰਜਿਸਟ੍ਰੇਸ਼ਨ ਕਰਨ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ, ਮੈਂਬਰਾਂ ਨੇ ਸੈਲਫ ਹੈਲਪ-ਗਰੁੱਪਾਂ ਨਾਲ ਸਬੰਧਤ ਆਪਣੇ ਅਨੁਭਵਾਂ ਅਤੇ ਦੀ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕਿਵੇਂ ਗ਼ਰੀਬ ਔਰਤਾਂ ਆਤਮ ਵਿਸ਼ਵਾਸ ਅਤੇ ਮਜ਼ਬੂਤੀ ਨਾਲ ਸਾਰੇ ਉਲਟ ਹਾਲਾਤ ਨਾਲ ਲੜੀਆਂ। ਮਹਿਲਾ ਲਾਭਾਰਥੀਆਂ ਨੇ ਇਹ ਵੀ ਦੱਸਿਆ ਕਿ ਕਿਵੇਂ ਸੈਲਫ ਹੈਲਪ-ਗਰੁੱਪਾਂ ਨੇ ਉਨ੍ਹਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਆਪਣੀਆਂ ਸਫ਼ਲਤਾ ਗਾਥਾਵਾਂ ਫੋਟੋਆਂ ਅਤੇ ਆਪਣੇ ਵਿਚਾਰਾਂ ਸਮੇਤ ਨਰੇਂਦਰ ਮੋਦੀ ਐਪ ਰਾਹੀਂ ਭੇਜਣ ਨੂੰ ਕਿਹਾ।

*******

ਏਕੇਟੀ/ਐੱਚਐੱਸ