ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀਮਾਨ ਪ੍ਰਹਿਲਾਦ ਜੋਸ਼ੀ ਜੀ, ਡੀਯੂ ਦੇ ਵੀਸੀ ਯੋਗੇਸ਼ ਸਿੰਘ ਜੀ, ਐੱਸਆਰਸੀਸੀ ਦੀ ਪ੍ਰਿੰਸੀਪਲ ਸਿਮਰਿਤ ਕੌਰ ਜੀ, ਅਜੈ ਜੀ, ਮਲਿਕਾ ਜੀ, ਰਜਤ ਜੀ, ਐੱਸਆਰਸੀਸੀ ਨਾਲ ਜੁੜੇ ਹੋਏ ਸਾਰੇ ਸਾਥੀਓ, ਅਧਿਆਪਕ ਵਰਗ, ਸਟਾਫ, ਐੱਸਆਰਸੀਸੀ ਦੇ ਸਾਬਕਾ ਵਿਦਿਆਰਥੀਓ ਅਤੇ ਮੇਰੇ ਨੌਜਵਾਨ ਸਾਥੀਓ!
ਮੈਂ ਛੇਵਾਂ ਖਿਡਾਰੀ ਹਾਂ। ਅੱਜ ਦਾ ਇਹ ਮੌਕਾ ਸ਼੍ਰੀ ਰਾਮ ਕਾਲਜ ਆਫ ਕਾਮਰਸ ਲਈ ਬਹੁਤ ਇਤਿਹਾਸਕ ਹੈ, ਇਹ ਦੇਸ਼ ਦੇ ਸਿੱਖਿਆ ਜਗਤ ਲਈ ਵੀ ਓਨਾ ਹੀ ਅਹਿਮ ਹੈ। ਇੱਥੇ ਐੱਸਆਰਸੀਸੀ ਦਾ ਹਿੱਸਾ ਰਹੀਆਂ ਕਈ ਪੀੜ੍ਹੀਆਂ ਇਕੱਠੀਆਂ ਜੁੜੀਆਂ ਹਨ। ਮੈਂ ਤੁਹਾਨੂੰ ਸਾਰਿਆਂ ਨੂੰ, ਐੱਸਆਰਸੀਸੀ ਦੇ ਇਸ ਸ਼ਤਾਬਦੀ ਸਮਾਗਮ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਇਸ ਦੇ ਬਾਨੀ ਸਰ ਸ਼੍ਰੀ ਰਾਮ ਜੀ ਨੂੰ ਆਦਰ ਸਹਿਤ ਸ਼ਰਧਾਂਜਲੀ ਭੇਟ ਕਰਦਾ ਹਾਂ, ਉਨ੍ਹਾਂ ਦੀ ਦੂਰਅੰਦੇਸ਼ੀ ਨੂੰ ਨਮਨ ਕਰਦਾ ਹਾਂ।
ਸਾਥੀਓ,
ਜਦੋਂ ਕੋਈ ਇਨਸਾਨ 100 ਸਾਲ ਜਿਊਂਦਾ ਹੈ, ਤਾਂ ਉਸ ਨੂੰ ਤਜਰਬਿਆਂ ਦਾ ਸਾਗਰ ਮੰਨਿਆ ਜਾਂਦਾ ਹੈ। ਅਤੇ ਜਦੋਂ ਕੋਈ ਸੰਸਥਾ 100 ਸਾਲ ਦੀ ਹੁੰਦੀ ਹੈ, ਤਾਂ ਉਹ ਪ੍ਰਾਪਤੀਆਂ ਅਤੇ ਪ੍ਰੇਰਨਾਵਾਂ ਦਾ ਮਹਾਸਾਗਰ ਬਣ ਜਾਂਦੀ ਹੈ। ਆਪਣੇ 100 ਸਾਲਾਂ ਦੇ ਇਸ ਸਫ਼ਰ ਵਿੱਚ, ਐੱਸਆਰਸੀਸੀ ਨੇ ਪੀੜ੍ਹੀਆਂ ਨੂੰ ਘੜਿਆ ਹੈ, ਉਨ੍ਹਾਂ ਨੂੰ ਉੱਜਵਲ ਭਵਿੱਖ ਨਾਲ ਜੋੜਿਆ ਹੈ। ਜੋ ਆਏ ਉਨ੍ਹਾਂ ਨੇ ਪੜ੍ਹਿਆ, ਅਤੇ ਜੋ ਨਿਕਲੇ ਉਹ ਘੜੇ ਹੋਏ ਨਿਕਲੇ। ਇਸ ਕਾਲਜ ਦਾ ਸਫ਼ਰ ਦਰਿਆਗੰਜ ਵਿੱਚ, ਉੱਥੇ ਇੱਕ ਛੋਟੀ ਜਿਹੀ ਥਾਂ ਤੋਂ ਸ਼ੁਰੂ ਹੋਇਆ ਸੀ, ਅਤੇ ਅੱਜ ਉਹੀ ਛੋਟਾ ਜਿਹਾ ਕਾਲਜ, ਇੱਕ ਵਿਸ਼ਾਲ ਰੁੱਖ ਬਣ ਚੁੱਕਾ ਹੈ। ਇੱਕ ਅਜਿਹਾ ਵਿਸ਼ਾਲ ਰੁੱਖ ਜਿਸ ਨੇ ਕਈ ਪੀੜ੍ਹੀਆਂ ਨੂੰ ਛਾਂ ਵੀ ਦਿੱਤੀ ਹੈ, ਅਤੇ ਆਪਣੀ ਠੰਢਕ ਨਾਲ ਖ਼ੁਸ਼ਹਾਲ ਵੀ ਕੀਤਾ ਹੈ। ਅੱਜ ਵੀ ਡੀਯੂ ਵਿੱਚ ਜਦੋਂ ਕੋਈ ਪੁੱਛਦਾ ਹੈ ਕਿ ਕਿਹੜਾ ਕਾਲਜ, ਤਾਂ ਐੱਸਆਰਸੀਸੀ ਕਹਿਣਾ ਹੀ, ਐੱਸਆਰਸੀਸੀ ਕਹਿਣਾ ਹੀ ਆਪਣੇ-ਆਪ ਵਿੱਚ ਇੱਕ ਮਾਣ ਵਾਲੀ ਗੱਲ ਹੁੰਦੀ ਹੈ।
ਸਾਥੀਓ,
ਐੱਸਆਰਸੀਸੀ ਦੇ ਸਾਬਕਾ ਵਿਦਿਆਰਥੀ ਵੀ ਬਹੁਤ ਖ਼ਾਸ ਰਹੇ ਹਨ। ਜੇ ਮੈਂ ਤੁਹਾਡੀ ਭਾਸ਼ਾ ਵਿੱਚ ਕਹਾਂ, ਤਾਂ ਇੱਥੋਂ ਦੇ ਅਲੂਮਨੀ, ਓਜੀ ਹਨ, ਜਿਨ੍ਹਾਂ ਨੇ ਐੱਸਆਰਸੀਸੀ ਦਾ ਨਾਮ ਪੂਰੀ ਦੁਨੀਆ ਵਿੱਚ ਪਹੁੰਚਾਇਆ, ਵੱਖ-ਵੱਖ ਖੇਤਰਾਂ ਵਿੱਚ ਆਪਣੀ ਇੱਕ ਪਛਾਣ ਬਣਾਈ। ਅਤੇ ਰਜਤ ਜੀ ਨੇ ਬਹੁਤ ਲੰਬੀ ਸੂਚੀ ਦੱਸੀ ਸੀ। ਅਤੇ ਇਨ੍ਹਾਂ ਵਿੱਚੋਂ ਕੁਝ ਨਾਲ ਮੈਨੂੰ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ। ਸਾਡੇ ਅਰੁਣ ਜੇਤਲੀ ਜੀ, ਇੱਥੇ ਹੀ ਪੜ੍ਹੇ ਸਨ। ਅਤੇ ਮੈਂ ਕਹਿ ਸਕਦਾ ਹਾਂ ਕਿ ਸ਼ਾਇਦ ਸਾਡੀ ਕੋਈ ਮੁਲਾਕਾਤ ਅਜਿਹੀ ਨਹੀਂ ਹੁੰਦੀ ਸੀ, ਕਿ ਉਹ ਐੱਸਆਰਸੀਸੀ ਦਾ ਕੋਈ ਕਿੱਸਾ ਨਾ ਸੁਣਾਉਂਦੇ ਹੋਣ। ਅਤੇ ਕਦੇ-ਕਦੇ ਮੈਂ ਅੱਕ ਜਾਂਦਾ ਸੀ, ਕਿ ਇੱਕੋ ਕਿੱਸਾ ਵਾਰ-ਵਾਰ ਸੁਣਾਉਂਦੇ ਸਨ। ਹੁਣ ਮੇਰੀ ਟੀਮ ਵਿੱਚ ਭਾਈ ਸੰਜੀਵ ਸਾਨਿਆਲ ਵੀ, ਇੱਥੋਂ ਹੀ ਪੜ੍ਹੇ ਹੋਏ ਹਨ। ਬਾਕੀ ਵੀ ਕਾਫ਼ੀ ਸਾਥੀ ਇੱਥੇ ਮੇਰੇ ਨਾਲ ਹਨ। ਅਤੇ ਅਜਿਹਾ ਨਹੀਂ ਹੈ ਕਿ ਇੱਥੋਂ ਸਿਰਫ਼ ਅਰਥ-ਜਗਤ ਦੇ ਹੀ ਲੋਕ ਨਿਕਲੇ, ਕਿੰਨੇ ਹੀ ਕਲਾਕਾਰਾਂ ਤੋਂ ਲੈ ਕੇ ਨੇਤਾ, ਵਕੀਲ, ਜੱਜ ਸਭ ਇੱਥੋਂ ਹੀ ਨਿਕਲੇ ਹਨ। ਭਾਵ ਐੱਸਆਰਸੀਸੀ ਦੇ ਲੋਕਾਂ ਨੇ ਹਰ ਖੇਤਰ ਵਿੱਚ ਆਪਣੀ ਧੁੰਮ ਮਚਾਈ ਹੈ। ਭਾਵੇਂ ਧੁਰੰਧਰ ਨਾ ਹੋਣ ਪਰ ਧੁੰਮ ਜ਼ਰੂਰ ਮਚਾਈ ਹੈ।
ਸਾਥੀਓ,
ਪਿਛਲੇ ਕੁਝ ਦਿਨਾਂ ਤੋਂ ਇਸ ਪ੍ਰੋਗਰਾਮ ਦੀ ਬਹੁਤ ਚਰਚਾ ਚੱਲ ਰਹੀ ਹੈ। ਖ਼ਾਸ ਤੌਰ ਉੱਤੇ ਲੋਕ 2013 ਦੇ ਮੇਰੇ ਸੰਬੋਧਨ ਨੂੰ ਯਾਦ ਕਰ ਰਹੇ ਹਨ। ਲੋਕਾਂ ਨੇ ਉਸ ਨੂੰ ਮੁੜ ਸੁਣਿਆ ਹੈ, ਮੁੜ ਪੜ੍ਹਿਆ ਹੈ, ਸੰਭਵ ਹੈ, ਇਸ ਨਵੀਂ ਪੀੜ੍ਹੀ ਦੇ ਲੋਕਾਂ ਨੇ ਵੀ ਉਸ ਨੂੰ ਮੁੜ-ਵਾਚਿਆ (ਰੀ-ਵਿਜ਼ਿਟ ਕੀਤਾ) ਹੋਵੇਗਾ। ਉਸ ਭਾਸ਼ਣ ਦੀ ਇੱਕ ਤਰ੍ਹਾਂ ਨਾਲ ਮੈਂ ਕਹਿ ਸਕਦਾ ਹਾਂ ਕਿ ਲਹਿਰ ਬਣ ਗਈ ਸੀ, ਇੱਕ ਲਹਿਰ ਜਿਹੀ ਚੱਲ ਪਈ ਸੀ। ਅਤੇ ਅੱਜ ਵੀ, 13-14 ਸਾਲ ਬਾਅਦ ਵੀ, ਉਸ ਸਭਾ ਦਾ, ਉਸ ਸੰਬੋਧਨ ਦਾ ਅਸਰ ਬਰਕਰਾਰ ਹੈ।
ਸਾਥੀਓ,
ਉਦੋਂ ਤੁਹਾਡੀ ਜਗ੍ਹਾ ਤੁਹਾਡੇ ਸੀਨੀਅਰ ਬੈਠੇ ਸਨ। ਅਤੇ ਮੈਂ ਉਦੋਂ ਮੁੱਖ ਮੰਤਰੀ ਤਾਂ ਸੀ, ਪਰ ਮੈਂ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਦਾ ਇੱਕ ਮੈਂਬਰ ਵੀ ਸੀ। ਅਤੇ ਸ਼ਾਇਦ ਉਦੋਂ ਲੋਕ ਇਹ ਉਮੀਦ ਕਰ ਰਹੇ ਸਨ, ਕਿ ਮੈਂ ਉਦੋਂ ਦੀ ਕੇਂਦਰ ਸਰਕਾਰ ਉੱਤੇ ਲੰਬੇ-ਚੌੜੇ ਹਮਲੇ ਕਰਾਂਗਾ, ਦੋਸ਼ਾਂ ਦੀ ਝੜੀ ਲਗਾ ਦੇਵਾਂਗਾ।
ਪਰ ਸਾਥੀਓ,
ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ, ਤਤਕਾਲੀ ਸਰਕਾਰ ਦਾ ਆਲੋਚਕ ਹੋਣ ਦੇ ਬਾਵਜੂਦ, ਮੈਂ ਇਸ ਮੰਚ ਦੀ ਉਹ ਵਰਤੋਂ ਨਹੀਂ ਕੀਤੀ ਸੀ, ਮੈਂ ਇੱਕ ਵਿਜ਼ਨ ਰੱਖਿਆ, ਹਾਂ-ਪੱਖੀ ਗੱਲਾਂ ਕਹੀਆਂ। ਮੈਂ ਉਦੋਂ ਜੋ ਕੁਝ ਵੀ ਕਿਹਾ, ਉਹ ਮੇਰਾ ਦ੍ਰਿੜ੍ਹ ਵਿਸ਼ਵਾਸ ਸੀ। ਮੈਂ ਉਨ੍ਹਾਂ ਗੱਲਾਂ ਨੂੰ, ਉਨ੍ਹਾਂ ਸੁਪਨਿਆਂ ਨੂੰ ਹਮੇਸ਼ਾ ਤੋਂ ਜਿਊਂਦਾ ਆਇਆ ਹਾਂ, ਉਸ ਰਸਤੇ ਉੱਤੇ ਹੀ ਚੱਲਦਾ ਰਿਹਾ ਹਾਂ, ਦੇਸ਼ ਲਈ ਜੀਅ-ਜਾਨ ਨਾਲ ਜੁੱਟਣਾ, ਦੇਸ਼ ਲਈ ਜਿਊਣ ਦਾ ਜਜ਼ਬਾ, ਜੋ ਮੇਰੇ ਅੰਦਰ ਦਾ ਭਾਵ-ਸੰਸਾਰ ਹੈ, ਉਹ ਉਸ ਦਿਨ 2013 ਵਿੱਚ ਇਸੇ ਮੰਚ ਤੋਂ, ਮੇਰਾ ਉਹ ਭਾਵ-ਸੰਸਾਰ ਸ਼ਬਦਾਂ ਦੀ ਮਾਲਾ ਵਿੱਚ ਇੱਕ-ਇੱਕ ਕਰ ਕੇ ਪ੍ਰਗਟ ਹੁੰਦਾ ਚਲਾ ਗਿਆ ਸੀ। ਅਤੇ ਮੈਂ ਕਾਫ਼ੀ ਦੇਰ ਤੱਕ ਬੋਲਿਆ ਸੀ ਫਿਰ ਮੈਂ ਵਿਦਿਆਰਥੀਆਂ ਨੂੰ ਪੁੱਛਿਆ ਕਿ ਕੀ ਮੈਂ ਜਾਰੀ ਰੱਖਾਂ, ਤਾਂ ਉਨ੍ਹਾਂ ਨੇ ਜ਼ੋਰ ਨਾਲ ਕਿਹਾ, ਹਾਂ ਜਾਰੀ ਰੱਖੋ।
ਸਾਥੀਓ,
ਮੈਂ ਉਸ ਦਿਨ ਪਾਣੀ ਦੇ ਗਲਾਸ ਦੀ ਇੱਕ ਉਦਾਹਰਨ ਦਿੱਤੀ ਸੀ, ਅਤੇ ਦੇਸ਼ ਵਿੱਚ ਉਸ ਦੀ ਖ਼ੂਬ ਚਰਚਾ ਵੀ ਹੋਈ ਸੀ। ਮੈਂ ਦੱਸਿਆ ਸੀ ਕਿ ਪਾਣੀ ਨਾਲ ਅੱਧੇ ਭਰੇ ਗਲਾਸ ਨੂੰ ਦੇਖਣ ਦੇ ਤਿੰਨ ਨਜ਼ਰੀਏ ਕੀ ਹੁੰਦੇ ਹਨ। ਇੱਕ, ਜਿਨ੍ਹਾਂ ਨੂੰ ਗਲਾਸ ਪਾਣੀ ਨਾਲ ਅੱਧਾ ਭਰਿਆ ਦਿਸਦਾ ਹੈ, ਦੂਜਾ, ਜਿਨ੍ਹਾਂ ਨੂੰ ਗਲਾਸ ਅੱਧਾ ਖ਼ਾਲੀ ਦਿਸਦਾ ਹੈ, ਅਤੇ ਤੀਜਾ, ਜਿਨ੍ਹਾਂ ਨੂੰ ਗਲਾਸ ਪੂਰਾ ਭਰਿਆ ਹੋਇਆ ਦਿਸਦਾ ਹੈ, ਅੱਧਾ ਪਾਣੀ ਅਤੇ ਅੱਧਾ ਹਵਾ ਨਾਲ ਭਰਿਆ ਹੋਇਆ।
ਸਾਥੀਓ,
ਇਹ ਉਹ ਸਮਾਂ ਸੀ, ਜਦੋਂ ਦੇਸ਼ ਨਿਰਾਸ਼ਾ ਦੇ ਦਲਦਲ ਵਿੱਚ ਫਸਿਆ ਹੋਇਆ ਸੀ। ਮੈਂ ਉਦੋਂ ਵੀ ਕਿਹਾ ਸੀ, ਕਿ ਮੈਂ ਗਲਾਸ ਨੂੰ ਅੱਧਾ ਨਹੀਂ ਦੇਖਦਾ, ਅਧੂਰਾ ਨਹੀਂ ਦੇਖਦਾ, ਗਲਾਸ ਨੂੰ ਪੂਰਾ ਭਰਿਆ ਹੋਇਆ ਦੇਖਦਾ ਹਾਂ। ਅੱਧਾ ਪਾਣੀ ਨਾਲ, ਅੱਧਾ ਹਵਾ ਨਾਲ। ਅਤੇ ਉਸ ਸਮੇਂ ਤੁਸੀਂ ਸਭ ਤਾਂ ਸਕੂਲ ਵਿੱਚ ਰਹੇ ਹੋਵੋਗੇ, ਪਰ ਅੱਜ ਇੰਟਰਨੈੱਟ ਉੱਤੇ ਜਾ ਕੇ ਜੇਕਰ 2013 ਅਤੇ ਉਸ ਦੇ ਆਸਪਾਸ ਦੀਆਂ ਖ਼ਬਰਾਂ ਪੜ੍ਹੋਗੇ, ਤਾਂ ਤੁਹਾਨੂੰ ਅੰਦਾਜ਼ਾ ਲੱਗੇਗਾ ਕਿ ਉਦੋਂ ਹਾਲਾਤ ਕੀ ਸਨ? ਅਤੇ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ, ਕਿ ਜ਼ਰਾ 2013 ਦੇ ਉਸ ਸਮੇਂ ਵੱਲ ਇੰਟਰਨੈੱਟ ਉੱਤੇ ਜਾ ਕੇ ਝਾਤ ਮਾਰੋ। 2013 ਵਿੱਚ ਮੇਰੇ ਉਸ ਭਾਸ਼ਣ ਦੇ ਆਸਪਾਸ ਦੇ ਸਮੇਂ ਦੀਆਂ ਉਸ ਵੇਲੇ ਜੋ ਸੁਰਖ਼ੀਆਂ ਹੋਇਆ ਕਰਦੀਆਂ ਸਨ। ਅਖ਼ਬਾਰਾਂ ਦੀਆਂ ਹੋਣ ਜਾਂ ਟੀਵੀ ਚੈਨਲਾਂ ਦੀਆਂ ਹੋਣ। ਮੈਂ ਜ਼ਰਾ ਅੱਜ ਉਨ੍ਹਾਂ ਸੁਰਖ਼ੀਆਂ ਵਿੱਚ ਕੀ-ਕੀ ਸੀ, ਉਸ ਦੀ ਇੱਕ ਝਲਕ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ। ਹੁਣ ਇੱਕ ਗੈਂਗ ਹੈ, ਜੋ ਕੀ ਕਰੇਗਾ, ਮੈਂ ਜੋ ਬੋਲ ਰਿਹਾ ਹਾਂ ਨਾ ਉਸ ਦੇ ਛੋਟੇ-ਛੋਟੇ ਟੁਕੜੇ ਕਰਕੇ ਮੇਰੇ ਖਾਤੇ ਵਿੱਚ ਪਾ ਦੇਵੇਗਾ। ਅਤੇ ਇਸ ਲਈ ਮੈਂ ਪਹਿਲਾਂ ਤੋਂ ਹੀ ਖ਼ਬਰਦਾਰ ਕਰਦਾ ਹਾਂ ਕਿ ਮੈਂ ਜੋ ਗੱਲਾਂ ਦੱਸ ਰਿਹਾ ਹਾਂ, 2013 ਦੇ ਉਸ ਸਮੇਂ ਮੀਡੀਆ ਵਿੱਚ ਕੀ ਛਾਇਆ ਰਹਿੰਦਾ ਸੀ ਜਿਵੇਂ-
ਐੱਲਓਸੀ ਉੱਤੇ ਭਾਰਤੀ ਸੈਨਿਕਾਂ ਦਾ ਕਤਲ, ਹੁਣ ਇਸ ਪੀੜ੍ਹੀ ਨੂੰ ਜ਼ਰਾ ਅਜੀਬ ਲੱਗਦਾ ਹੋਵੇਗਾ ਅਜਿਹਾ ਵੀ ਹੁੰਦਾ ਸੀ। ਹੁੰਦਾ ਸੀ।
ਵਰਲਡ ਬੈਂਕ ਨੇ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਘਟਾਇਆ
ਚਾਲੂ ਖਾਤਾ ਘਾਟਾ ਸਭ ਤੋਂ ਉੱਚੇ ਪੱਧਰ (ਆਲ ਟਾਈਮ ਹਾਈ) ਉੱਤੇ
ਮਹਿੰਗਾਈ ਦਰ ਕਰੀਬ ਦਸ ਫ਼ੀਸਦੀ ਉੱਤੇ
ਸਨਅਤੀ ਖੇਤਰ ਮੰਦੀ ਦੀ ਲਪੇਟ ਵਿੱਚ
ਹੈਲੀਕਾਪਟਰ ਸੌਦੇ ਵਿੱਚ ਰਿਸ਼ਵਤਖ਼ੋਰੀ ਦਾ ਪਰਦਾਫਾਸ਼
ਹੈਦਰਾਬਾਦ ਵਿੱਚ ਬੰਬ ਧਮਾਕੇ
ਇਹ ਸਾਰੀਆਂ ਉਸ ਸਮੇਂ ਦੀਆਂ ਸੁਰਖ਼ੀਆਂ ਸਨ। ਮੈਂ ਪੱਕਾ ਮੰਨਦਾ ਹਾਂ, ਇਹ ਜੋ ਸਾਡੇ ਅੱਜ ਵਿਦਿਆਰਥੀ ਹਨ, ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਨਹੀਂ ਹੋਵੇਗਾ। ਇਹ ਸਾਰੀਆਂ ਗੱਲਾਂ ਦੱਸਦੀਆਂ ਹਨ ਕਿ ਉਦੋਂ ਦੇਸ਼ ਦੀ ਕੀ ਹਾਲਤ ਸੀ। ਵਿਕਾਸ ਫਰਸ਼ ਉੱਤੇ ਸੀ ਅਤੇ ਮਹਿੰਗਾਈ ਅਰਸ਼ ਉੱਤੇ ਸੀ। ਘੁਟਾਲੇ ਸਿਖਰਾਂ ਉੱਤੇ ਸਨ ਅਤੇ ਭ੍ਰਿਸ਼ਟਾਚਾਰੀ ਬੇਖੌਫ਼ ਘੁੰਮਦੇ ਸਨ। ਅਰਥਚਾਰਾ ਬੇਹਾਲ ਸੀ, ਚਾਰੇ ਪਾਸੇ ਨੀਤੀਗਤ ਅਧਰੰਗ (ਪਾਲਿਸੀ ਪੈਰਾਲਿਸਿਸ) ਦੀ ਹੀ ਚਰਚਾ ਸੀ। ਦੁਨੀਆ ਭਾਰਤ ਨੂੰ ਕਮਜ਼ੋਰ ਪੰਜ ਦੇਸ਼ਾਂ ਵਿੱਚ ਗਿਣ ਰਹੀ ਸੀ। ਅੱਤਵਾਦੀ ਬੇਲਗ਼ਾਮ ਸਨ ਅਤੇ ਪਾਕਿਸਤਾਨ ਬੇਕਾਬੂ ਸੀ। ਭਾਵ ਉਦੋਂ ਨਿਰਾਸ਼ਾ ਅਤੇ ਹਤਾਸ਼ਾ ਤੋਂ ਇਲਾਵਾ ਕੁਝ ਨਹੀਂ ਸੀ।
ਸਾਥੀਓ,
ਇੱਕ ਉਹ ਦਿਨ ਸੀ ਜਦੋਂ ਹਰ ਮੋਰਚੇ ਉੱਤੇ, ਦੇਸ਼ ਵਿੱਚ ਸੰਘਰਸ਼ ਹੀ ਸੰਘਰਸ਼ ਸੀ, ਅਤੇ ਇੱਕ ਅੱਜ ਦਾ ਦਿਨ ਹੈ, ਅੱਜ ਅੱਤਵਾਦ ਫੈਲਾਉਣ ਵਾਲੇ ਪਸਤ ਪਏ ਹਨ। ਪਾਕਿਸਤਾਨ ਕੋਈ ਨਾਪਾਕ ਹਰਕਤ ਕਰਦਾ ਹੈ, ਤਾਂ ਭਾਰਤ ਦੀਆਂ ਫ਼ੌਜਾਂ ਘਰ ਵਿੱਚ ਵੜ ਕੇ ਮਾਰਦੀਆਂ ਹਨ। ਜੰਮੂ-ਕਸ਼ਮੀਰ ਤੋਂ ਲੈ ਕੇ ਉੱਤਰ-ਪੂਰਬ ਤੱਕ ਸ਼ਾਂਤੀ ਵਧੀ ਹੈ। ਮਾਓਵਾਦੀ ਅੱਤਵਾਦ, ਨਕਸਲਵਾਦ ਦਾ ਲੱਕ ਤੋੜ ਦਿੱਤਾ ਗਿਆ ਹੈ। ਜੋ ਦੁਨੀਆ ਉਦੋਂ ਭਾਰਤ ਵਿੱਚ ਪਾਲਿਸੀ ਪੈਰਾਲਿਸਿਸ ਤੋਂ ਚਿੰਤਤ ਸੀ, ਉਹ ਦੁਨੀਆ ਅੱਜ ਭਾਰਤ ਦੀ ਨੀਤੀਗਤ ਗਤੀਸ਼ੀਲਤਾ ਦੀ ਚਰਚਾ ਕਰ ਰਹੀ ਹੈ। ਉਦੋਂ ਦੁਨੀਆ ਭਾਰਤ ਨੂੰ ਫ੍ਰੈਜਾਇਲ ਫਾਈਵ ਦੱਸ ਰਹੀ ਸੀ, ਅੱਜ ਦੁਨੀਆ ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਵੱਡਾ ਅਰਥਚਾਰਾ ਬਣਦਿਆਂ ਦੇਖ ਰਹੀ ਹੈ। ਹਾਲੇ ਹਫ਼ਤੇ ਭਰ ਵਿੱਚ ਹੀ, ਭਾਰਤ ਦੇ ਅਰਥਚਾਰੇ ਨੂੰ ਲੈ ਕੇ ਕਈ ਸਾਰੀਆਂ ਸਕਾਰਾਤਮਕ ਖ਼ਬਰਾਂ ਆਈਆਂ ਹਨ। 7.8 ਫ਼ੀਸਦੀ ਤਿਮਾਹੀ ਵਿਕਾਸ ਦਰ ਨੇ ਦੇਸ਼ ਦਾ ਜੋਸ਼ ਵਧਾਇਆ ਹੈ, ਅਤੇ ਇਸੇ ਦੌਰਾਨ ਜਾਪਾਨੀ ਕ੍ਰੈਡਿਟ ਰੇਟਿੰਗ ਏਜੰਸੀ ਨੇ ਭਾਰਤ ਦੀ ਰੇਟਿੰਗ ਵਧਾ ਦਿੱਤੀ ਹੈ।
ਅਤੇ ਸਾਥੀਓ,
ਇਹ 7.8 ਫ਼ੀਸਦੀ ਦੀ ਵਿਕਾਸ ਦਰ ਵੀ ਅਜਿਹੇ ਸਮੇਂ ਵਿੱਚ ਆਈ ਹੈ, ਜਦੋਂ ਪੱਛਮੀ ਏਸ਼ੀਆ ਦਾ ਯੁੱਧ ਚੱਲ ਰਿਹਾ ਹੈ, ਜਦੋਂ ਵਪਾਰ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਅੜਚਣਾਂ ਰਹੀਆਂ ਹਨ, ਉਸ ਸਮੇਂ ਅਜਿਹਾ ਵਿਕਾਸ ਹਾਸਲ ਕਰਨਾ, ਇਹ ਆਪਣੇ-ਆਪ ਵਿੱਚ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਸਾਥੀਓ,
ਮੈਂ ਜਾਣਦਾ ਹਾਂ, ਤੁਸੀਂ ਵੀ ਜਾਣਦੇ ਹੋ, ਜੋ ਲੋਕ ਭਾਰਤ ਨੂੰ ਫ੍ਰੈਜਾਇਲ ਫਾਈਵ ਵਿੱਚ ਧੱਕਣ ਲਈ ਬਦਨਾਮ ਰਹੇ ਹਨ, ਉਨ੍ਹਾਂ ਨੂੰ ਇਹ ਅੰਕੜੇ ਹਜ਼ਮ ਨਹੀਂ ਹੋ ਰਹੇ ਹਨ। ਪਰ ਤੁਸੀਂ ਸਾਰੇ ਅੰਕੜਿਆਂ ਨੂੰ ਗੰਭੀਰਤਾ ਨਾਲ ਸਮਝਦੇ ਹੋ। ਅਪ੍ਰੈਲ ਤੋਂ ਜੂਨ ਵਿਚਕਾਰ, ਬਿਜਲੀ ਉਤਪਾਦਨ 9 ਫ਼ੀਸਦੀ ਵਧਿਆ, ਗੱਡੀਆਂ ਦੀ ਵਿਕਰੀ ਵਿੱਚ 20 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ। ਇਸ ਵਿੱਚ ਵੀ, ਟੂ-ਵ੍ਹੀਲਰ (ਦੋ-ਪਹੀਆ ਵਾਹਨਾਂ) ਵਿੱਚ 20 ਫ਼ੀਸਦੀ, ਅਤੇ ਥ੍ਰੀ-ਵ੍ਹੀਲਰ (ਤਿੰਨ-ਪਹੀਆ ਵਾਹਨਾਂ) ਦੀ ਵਿਕਰੀ ਵਿੱਚ ਕਰੀਬ-ਕਰੀਬ 30 ਫ਼ੀਸਦੀ ਦਾ ਵਾਧਾ ਰਿਹਾ ਹੈ। ਭਾਵ ਖਪਤਕਾਰਾਂ ਦੀ ਮੰਗ ਵੀ ਚੱਲ ਰਹੀ ਹੈ, ਅਤੇ ਵਪਾਰਕ ਸਰਗਰਮੀ ਵੀ ਤਕੜੀ ਹੋ ਰਹੀ ਹੈ। ਸਟੀਲ ਅਤੇ ਸੀਮੈਂਟ ਦੀ ਖਪਤ ਵਿੱਚ 8 ਫ਼ੀਸਦੀ ਦਾ ਵਾਧਾ ਹੋਇਆ ਹੈ। ਭਾਵ ਉਸਾਰੀ, ਹਾਊਸਿੰਗ, ਬੁਨਿਆਦੀ ਢਾਂਚਾ ਅਤੇ ਸਨਅਤੀ ਸਰਗਰਮੀ, ਇਹ ਸਭ ਵਧ ਰਿਹਾ ਹੈ। ਭਾਵ ਭਾਰਤ, ਤਰੱਕੀ ਵੀ ਕਰ ਰਿਹਾ ਹੈ, ਅਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਰਿਹਾ ਹੈ। ਇਸ ਦੇ ਬਾਵਜੂਦ, ਜਿਨ੍ਹਾਂ ਲੋਕਾਂ ਲਈ ਸਾਲ 2013 ਵਿੱਚ ਗਲਾਸ ਅੱਧਾ ਖ਼ਾਲੀ ਸੀ, ਉਨ੍ਹਾਂ ਦੀ ਸੋਚ ਅੱਜ ਵੀ ਉਹੀ ਹੈ। ਉਨ੍ਹਾਂ ਲਈ ਗਲਾਸ ਹਮੇਸ਼ਾ ਅੱਧਾ ਖ਼ਾਲੀ ਰਹੇਗਾ। ਮੈਂ ਗਲਾਸ ਦੀ ਗੱਲ ਕਰਦਾ ਹਾਂ, ਅਤੇ ਕੁਝ ਖ਼ਾਲੀ ਰਹਿਣ ਦੀ ਗੱਲ ਨਹੀਂ ਕਰ ਰਿਹਾ ਹਾਂ।
ਸਾਥੀਓ,
2013 ਵਿੱਚ ਇੱਥੇ ਐੱਸਆਰਸੀਸੀ ਵਿੱਚ ਗੱਲ ਕਰਦਿਆਂ, ਮੈਂ ਪੀ2ਜੀ2 (P2G2) ਭਾਵ ਪ੍ਰੋ-ਪੀਪਲ ਗੁੱਡ-ਗਵਰਨੈਂਸ (ਲੋਕ-ਪੱਖੀ ਸੁਸ਼ਾਸਨ) ਦੀ ਵੀ ਚਰਚਾ ਕੀਤੀ ਸੀ। ਜਿਨ੍ਹਾਂ ਨੇ ਲੰਬੇ ਸਮੇਂ ਤੱਕ ਦੇਸ਼ ਵਿੱਚ ਸਰਕਾਰਾਂ ਚਲਾਈਆਂ ਹਨ, ਉਨ੍ਹਾਂ ਦਾ ਇੱਕ ਅੰਦਾਜ਼ ਸੀ, ਜਦੋਂ ਅੱਗ ਲੱਗੇ ਉਦੋਂ ਹੀ ਨੀਂਦ ਤੋਂ ਜਾਗੋ, ਜਦੋਂ ਸੋਕਾ ਪਵੇ ਉਦੋਂ ਜਾ ਕੇ ਖੂਹ ਪੁੱਟੋ। ਮੈਂ ਇਸੇ ਪਹੁੰਚ ਨੂੰ ਬਦਲਣ ਦੀ ਗੱਲ ਕਹੀ ਸੀ। ਅਤੇ 2014 ਵਿੱਚ ਸਰਕਾਰ ਬਣਨ ਤੋਂ ਬਾਅਦ ਅਸੀਂ ਇਹ ਕਰਕੇ ਦਿਖਾਇਆ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ।
ਸਾਥੀਓ,
ਹਾਲ ਹੀ ਵਿੱਚ, ਜਨਧਨ ਯੋਜਨਾ ਨੂੰ 12 ਸਾਲ ਪੂਰੇ ਹੋਏ ਹਨ। ਅੱਜ ਤੁਸੀਂ ਫਿਨਟੈੱਕ ਦੇ ਵੱਖਰੇ ਹੀ ਦੌਰ ਵਿੱਚ ਜੀ ਰਹੇ ਹੋ, ਪਰ 2013 ਦੇ ਉਹ ਦਿਨ ਵੀ ਸਨ ਜਦੋਂ ਪਿੰਡ ਜਾਂ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਨੂੰ, ਸੇਵਿੰਗ ਬੈਂਕ ਅਕਾਊਂਟਸ ਖੁੱਲ੍ਹਵਾਉਣ ਲਈ ਵੀ ਕਈ ਪਾਪੜ ਵੇਲਣੇ ਪੈਂਦੇ ਸਨ। ਉਸ ਸਮੇਂ ਸਾਡੀ ਆਬਾਦੀ ਸਵਾ ਸੌ ਕਰੋੜ ਤੋਂ ਪਾਰ ਸੀ, ਪਰ ਮਾਰਚ 2014 ਤੱਕ, ਦੇਸ਼ ਦੀ 50 ਫ਼ੀਸਦੀ ਤੋਂ ਵੱਧ ਆਬਾਦੀ ਕੋਲ ਬੈਂਕ ਖਾਤੇ ਤੱਕ ਨਹੀਂ ਸਨ। ਅਤੇ ਜੋ ਬੈਂਕਿੰਗ ਸਿਸਟਮ ਤੋਂ ਬਾਹਰ ਸਨ, ਉਹ ਜ਼ਿਆਦਾਤਰ ਗ਼ਰੀਬ ਸਨ, ਔਰਤਾਂ ਸਨ, ਪ੍ਰਵਾਸੀ ਮਜ਼ਦੂਰ ਸਨ, ਵਿਦਿਆਰਥੀ ਸਨ। ਇਸ ਲਈ ਅਸੀਂ ਜਨਧਨ ਸਕੀਮ ਲੈ ਕੇ ਆਏ, ਅਤੇ ਪਿਛਲੇ 12 ਸਾਲਾਂ ਵਿੱਚ ਜਨਧਨ ਯੋਜਨਾ ਕਾਰਨ, ਕਰੀਬ 60 ਕਰੋੜ ਨਵੇਂ ਬੈਂਕ ਖਾਤੇ ਖੁੱਲ੍ਹੇ। ਅੱਜ ਦੇਸ਼ ਵਿੱਚ ਤਕਰੀਬਨ ਹਰ ਪਰਿਵਾਰ ਬੈਂਕਿੰਗ ਸਿਸਟਮ ਨਾਲ ਜੁੜਿਆ ਹੋਇਆ ਹੈ। ਇਹੀ ਭਾਰਤ ਦੀ ਫਿਨਟੈੱਕ ਕ੍ਰਾਂਤੀ ਦਾ ਆਧਾਰ ਬਣਿਆ ਹੈ।
ਸਾਥੀਓ,
ਹੁਣ ਤੁਸੀਂ ਉਨ੍ਹਾਂ ਲੋਕਾਂ ਬਾਰੇ ਵੀ ਸੋਚੋ, ਜੋ ਕਰੋੜਾਂ ਲੋਕਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਣ ਦਾ ਵੀ ਵਿਰੋਧ ਕਰ ਰਹੇ ਸਨ। ਦਰਅਸਲ ਅਜਿਹੇ ਲੋਕਾਂ ਨੂੰ, ਅੱਧੇ ਭਰੇ ਗਲਾਸ ਵਿੱਚ ਹੀ ਮਜ਼ਾ ਆਉਂਦਾ ਹੈ, ਤਾਂ ਜੋ ਦੇਸ਼ ਦੇ ਗ਼ਰੀਬ ਆਮ ਨਾਗਰਿਕ ਉਨ੍ਹਾਂ ਦੇ ਅੱਗੇ-ਪਿੱਛੇ ਘੁੰਮਦੇ ਰਹਿਣ, ਇਹੀ ਮਾਈ-ਬਾਪ ਕਲਚਰ ਇਹ ਦਹਾਕਿਆਂ ਤੋਂ ਚਲਾ ਰਹੇ ਸਨ। ਪਰ ਇਹ ਮੋਦੀ ਹੈ, ਮਾਈ-ਬਾਪ ਕਲਚਰ ਪਸੰਦ ਕਰਨ ਵਾਲਿਆਂ ਦੇ ਸਾਹਮਣੇ ਉਹ ਚੱਟਾਨ ਵਾਂਗ ਖੜ੍ਹਾ ਹੈ।
ਸਾਥੀਓ,
ਪੁਰਾਣੀ ਕਹਾਵਤ ਹੈ, ‘ਸਾਂਚ ਕੋ ਆਂਚ ਨਹੀਂ।’ ਮੇਰੇ ਵਿੱਚ ਹਿੰਮਤ ਹੈ, ਇਸੇ ਲਈ ਮੈਂ ਉਸ ਦਿਨ ਕਹੀਆਂ ਗੱਲਾਂ ਨੂੰ ਯਾਦ ਕਰਵਾ ਰਿਹਾ ਹਾਂ, ਆਪਣਾ ਰਿਪੋਰਟ ਕਾਰਡ ਲੈ ਕੇ ਆਇਆ ਹਾਂ ਤੁਹਾਡੇ ਕੋਲ। ਮੈਂ ਜਾਣਦਾ ਹਾਂ, ਸੱਚ ਦੀ ਦਹਾੜ ਅੱਗੇ, ਝੂਠ ਦੀ ਗੂੰਜ ਟਿਕ ਨਹੀਂ ਸਕੇਗੀ।
ਸਾਥੀਓ,
2013 ਦੇ ਉਸੇ ਪ੍ਰੋਗਰਾਮ ਵਿੱਚ ਜਦੋਂ ਮੈਂ ਕਿਹਾ ਕਿ ਸਾਨੂੰ ‘ਮੇਡ ਇਨ ਇੰਡੀਆ’ ਉੱਤੇ ਕੰਮ ਕਰਨਾ ਹੈ, ਤਾਂ ਪੁਰਾਣੇ ਉਸ ਸਮੇਂ ਦੇ ਢਾਂਚੇ ਦੇ ਲੋਕਾਂ ਨੂੰ ਇਹ ਸਮਝ ਹੀ ਨਹੀਂ ਆਇਆ ਸੀ। ਉਨ੍ਹਾਂ ਨੂੰ ਲੱਗਦਾ ਸੀ, ਕਿ ਨਿਰਾਸ਼ਾ ਦੇ ਉਸ ਦੌਰ ਵਿੱਚ ‘ਮੇਡ ਇਨ ਇੰਡੀਆ’ ਸੰਭਵ ਹੀ ਨਹੀਂ ਹੋਵੇਗਾ! ਅਤੇ ਉਸ ਸੋਚ ਵਿੱਚ ਪਲੇ-ਵੱਡੇ ਹੋਏ ਲੋਕ ਅੱਜ ਵੀ, ‘ਮੇਡ ਇਨ ਇੰਡੀਆ’ ਦਾ ਮਜ਼ਾਕ ਉਡਾਉਂਦੇ ਹਨ।
ਪਰ ਸਾਥੀਓ,
ਅੱਜ ਤੁਸੀਂ ‘ਮੇਕ ਇਨ ਇੰਡੀਆ’ ਦੀ ਬ੍ਰਾਂਡ ਵੈਲਿਊ ਦੇਖ ਰਹੇ ਹੋ। ਤੁਹਾਨੂੰ ਮੈਂ ਇੱਕ ਉਦਾਹਰਨ ਨਾਲ ਗੱਲ ਦੱਸਣਾ ਚਾਹੁੰਦਾ ਹਾਂ। ਅੱਜ ਹਰ ਹੱਥ ਵਿੱਚ ਸਮਾਰਟਫੋਨ ਹੈ, ਦੁਨੀਆ ਦੇ ਵੱਡੇ ਤੋਂ ਵੱਡੇ ਫ਼ੋਨ ਬ੍ਰਾਂਡ, ਅੱਜ ਭਾਰਤ ਨੂੰ ਆਪਣਾ ਬੇਸ ਬਣਾ ਰਹੇ ਹਨ। ‘ਮੇਡ ਇਨ ਇੰਡੀਆ’ ਸਮਾਰਟਫੋਨ, ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਰਿਹਾ ਹੈ। 2014 ਵਿੱਚ ਭਾਰਤ ਆਪਣੇ ਜ਼ਿਆਦਾਤਰ ਮੋਬਾਈਲ ਫ਼ੋਨ ਆਯਾਤ ਕਰਦਾ ਸੀ। ਅੱਜ ਭਾਰਤ ਢਾਈ ਲੱਖ ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਨਿਰਯਾਤ ਕਰਦਾ ਹੈ।
ਸਾਥੀਓ,
ਮੈਂ ਛੋਟੇ ਅਤੇ ਆਸਾਨ ਟੀਚੇ ਲੈ ਕੇ ਚੱਲਣ ਵਾਲਾ ਵਿਅਕਤੀ ਨਹੀਂ ਹਾਂ। ਮੈਂ ਦੇਸ਼ ਲਈ ਵੱਡੇ ਟੀਚੇ ਰੱਖਦਾ ਹਾਂ, ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜੀ-ਜਾਨ ਲਗਾ ਦਿੰਦਾ ਹਾਂ। ਤੁਸੀਂ ਰੱਖਿਆ ਖੇਤਰ ਦੇਖੋ, ਪਹਿਲਾਂ ਭਾਰਤ ਦੀਆਂ ਫ਼ੌਜਾਂ ਲਈ ਜ਼ਿਆਦਾਤਰ ਚੀਜ਼ਾਂ ਬਾਹਰੋਂ ਖਰੀਦੀਆਂ ਜਾਂਦੀਆਂ ਸਨ। ਮੈਂ ਆਉਂਦਿਆਂ ਹੀ ਰੱਖਿਆ ਵਿਭਾਗ ਵਾਲਿਆਂ ਨੂੰ ਕਿਹਾ, ਨੈਗੇਟਿਵ ਲਿਸਟ ਬਣਾਓ। ਪਹਿਲਾਂ ਉਨ੍ਹਾਂ ਨੇ 500 ਦੀ ਨੈਗੇਟਿਵ ਲਿਸਟ ਬਣਾਈ, ਬੋਲੇ ਇਹ ਅਸੀਂ ਬਾਹਰੋਂ ਨਹੀਂ ਲਿਆਵਾਂਗੇ। ਫਿਰ ਹਜ਼ਾਰ ਬਣਾਈ, ਫਿਰ ਤਿੰਨ ਹਜ਼ਾਰ ਬਣਾਈ। ਆਰਮੀ, ਨੇਵੀ, ਏਅਰਫੋਰਸ ਨੂੰ, ਕਈ ਵਾਰ ਛੋਟੇ ਜਿਹੇ ਕਿਸੇ ਉਪਕਰਣ ਲਈ ਵੀ ਮਹੀਨਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਸੀ। ਅਸੀਂ ਦੇਸ਼ ਦੀਆਂ ਫ਼ੌਜਾਂ ਨਾਲ ਮਿਲ ਕੇ ਇੱਕ ਪਲਾਨ ਬਣਾਇਆ, ਚੀਜ਼ਾਂ ਦੀ ਲਿਸਟ ਬਣਾਈ, ਫਿਰ ਭਾਰਤੀ ਕੰਪਨੀਆਂ ਨੂੰ ਕਿਹਾ ਕਿ ਇਹ ਸਭ ਬਣਾਓ, ਅਤੇ ਅੱਜ ਤੁਸੀਂ ਦੇਖੋ, ਦੇਸ਼ ਦੀ ਡਿਫੈਂਸ ਮੈਨੂਫੈਕਚਰਿੰਗ (ਰੱਖਿਆ ਨਿਰਮਾਣ), ਆਪਣੇ ਸਭ ਤੋਂ ਉੱਚੇ ਪੱਧਰ ਉੱਤੇ ਹੈ। ਅੱਜ ਭਾਰਤ ਕਰੀਬ-ਕਰੀਬ 2 ਲੱਖ ਕਰੋੜ ਰੁਪਏ ਦਾ ਰੱਖਿਆ ਉਤਪਾਦਨ ਕਰ ਰਿਹਾ ਹੈ। 2013-14 ਵਿੱਚ, ਅਸੀਂ 600-700 ਕਰੋੜ ਰੁਪਏ ਦਾ ਰੱਖਿਆ ਨਿਰਯਾਤ ਕਰਦੇ ਸੀ। ਅੱਜ ਇਹ ਅੰਕੜਾ, ਕਰੀਬ-ਕਰੀਬ 40 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਅਤੇ ਇਹ ਪ੍ਰਾਪਤੀਆਂ ਇਸ ਲਈ ਹੋ ਰਹੀਆਂ ਹਨ, ਕਿਉਂਕਿ ਅੱਜ ਦੇਸ਼ ਵਿੱਚ ਇੱਕ ਜੀਵਿਤ ਰੱਖਿਆ ਨਿਰਮਾਣ ਢਾਂਚਾ ਬਣ ਰਿਹਾ ਹੈ।
ਸਾਥੀਓ,
ਮੈਨੂੰ ਦੇਸ਼ ਉੱਤੇ ਭਰੋਸਾ ਹੈ, ਦੇਸ਼ ਦੀ ਸਮਰੱਥਾ ਉੱਤੇ ਭਰੋਸਾ ਹੈ, ਤੁਹਾਡੇ ਨੌਜਵਾਨਾਂ ਉੱਤੇ ਮੇਰਾ ਭਰੋਸਾ ਹੈ, ਅਤੇ ਇਸੇ ਭਰੋਸੇ ਦੇ ਆਧਾਰ ਉੱਤੇ ਮੈਂ ਵਿਕਸਿਤ ਭਾਰਤ ਦੀ ਗੱਲ ਵੀ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ, ਅਸੀਂ 140 ਕਰੋੜ ਭਾਰਤੀ ਮਿਲ ਕੇ ਆਪਣੇ ਦੇਸ਼ ਨੂੰ ਵਿਕਸਿਤ ਵੀ ਬਣਾਵਾਂਗੇ, ਆਤਮਨਿਰਭਰ ਵੀ ਬਣਾਵਾਂਗੇ।
ਆਉਣ ਵਾਲੇ ਸਮੇਂ ਵਿੱਚ, ਭਾਰਤ ਮੈਨੂਫੈਕਚਰਿੰਗ ਦਾ ਹੱਬ ਹੋਵੇਗਾ।
ਆਉਣ ਵਾਲੇ ਸਮੇਂ ਵਿੱਚ ਖੋਜ ਅਤੇ ਨਵੀਨਤਾ ਦਾ ਹੱਬ ਹਿੰਦੁਸਤਾਨ ਹੋਵੇਗਾ।
ਭਾਰਤ, ਖੇਤੀ ਨਿਰਯਾਤ ਦੀ ਸੁਪਰ ਪਾਵਰ ਹੋਵੇਗਾ।
ਮੇਰੇ ਨੌਜਵਾਨ ਦੋਸਤੋ,
ਭਾਰਤ ਦਾ ਆਪਣਾ ਸਪੇਸ ਸਟੇਸ਼ਨ ਹੋਵੇਗਾ,
ਅਤੇ ਉਹ ਦਿਨ ਵੀ ਤੁਸੀਂ ਦੇਖੋਗੇ, ਜਦੋਂ ਭਾਰਤ ਇੱਕ ਦਿਨ ਅਜਿਹੇ ਓਲੰਪਿਕਸ ਕਰਵਾਏਗਾ ਕਿ ਦੁਨੀਆ ਦੇਖਦੀ ਰਹਿ ਜਾਵੇਗੀ।
ਅਤੇ ਇਹ ਸਿਰਫ਼ ਗੱਲਾਂ ਨਹੀਂ ਹਨ, ਇਹ ਸਾਡੇ ਸੰਕਲਪ ਹਨ। ਅਤੇ ਇਨ੍ਹਾਂ ਸੰਕਲਪਾਂ ਨੂੰ ਸਿੱਧੀ ਵਿੱਚ ਬਦਲਣ ਲਈ ਦੇਸ਼ ਵਿੱਚ ਲਗਾਤਾਰ ਕੰਮ ਹੋ ਰਿਹਾ ਹੈ।
ਸਾਥੀਓ,
ਹਾਲੇ ਤਾਂ ਤੁਹਾਡੀ ਜ਼ਿੰਦਗੀ ਐੱਸਆਰਸੀਸੀ ਮੋਡ ਵਿੱਚ ਚੱਲ ਰਹੀ ਹੈ। ਕੋ-ਆਪ ਵਿੱਚ ਚਾਹ ਹੋਵੇ, ਜਾਂ ਕੋਲਡ ਕੌਫ਼ੀ ਉੱਤੇ ਹੋਣ ਵਾਲੀਆਂ ਚਰਚਾਵਾਂ ਹੋਣ, ਇਮਤਿਹਾਨਾਂ ਵਿੱਚ ਆਖਰੀ ਮਿੰਟ ਦੇ ਨੋਟਸ, ਅਤੇ ਪ੍ਰਿੰਟਆਊਟਸ ਲਈ ਭੱਜ-ਦੌੜ ਕਰਨਾ, ਜਾਂ ਫਿਰ ਕ੍ਰਾਸਰੋਡਸ ਅਤੇ ਬਿਜ਼ਨਸ ਕਨਕਲੇਵ ਉੱਤੇ ਕੀਤੀ ਗਈ ਮਿਹਨਤ ਹੈ, ਤੁਸੀਂ ਸਭ ਨੇ ਇੱਥੋਂ ਦੇ ਹਰ ਪਲ ਨੂੰ ਆਪਣੇ ਜੀਵਨ ਦੀ ਇੱਕ ਯਾਦ ਬਣਾਇਆ ਹੈ। ਪਰ ਇਸ ਕੈਂਪਸ ਤੋਂ ਬਾਹਰ ਇੱਕ ਨਵੀਂ ਦੁਨੀਆ ਤੁਹਾਨੂੰ ਮਿਲੇਗੀ। ਤੁਹਾਨੂੰ ਦੋ ਤਰ੍ਹਾਂ ਦੇ ਲੋਕ ਮਿਲਣਗੇ। ਇੱਕ ਉਹ ਲੋਕ, ਜੋ ਸਕਾਰਾਤਮਕ ਤਰੀਕੇ ਨਾਲ ਸਮਾਜ ਦੀ ਸ਼ਕਤੀ ਨੂੰ ਰਾਸ਼ਟਰ ਦੀ ਸ਼ਕਤੀ ਵਿੱਚ ਬਦਲਦੇ ਹਨ। ਦੂਜੀ ਪ੍ਰਜਾਤੀ ਉਨ੍ਹਾਂ ਲੋਕਾਂ ਦੀ ਹੈ, ਜੋ ਕੋਈ ਵੀ ਕੰਮ ਸ਼ੁਰੂ ਹੋਣ ਉੱਤੇ ਨਾਰਾਜ਼ ਫੁੱਫੜ ਬਣ ਜਾਂਦੇ ਹਨ, ਉਨ੍ਹਾਂ ਦਾ ਪਸੰਦੀਦਾ ਕੰਮ ਹੁੰਦਾ ਹੈ, ਹਰ ਕੰਮ ਦਾ ਵਿਰੋਧ ਕਰਨਾ। ਇਨ੍ਹਾਂ ਦਾ ਇੱਕੋ ਡਾਇਲੌਗ ਹੁੰਦਾ ਹੈ, ਇਸ ਦੀ ਕੀ ਲੋੜ ਹੈ?, ਇਸ ਦੀ ਕੀ ਲੋੜ ਹੈ?, ਇਹ ਹਰ ਫੁੱਫੜ ਦਾ ਪੱਕਾ ਡਾਇਲੌਗ ਹੁੰਦਾ ਹੈ। ਜਦੋਂ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਬੁੱਤ ਬਣਾ ਰਹੇ ਸੀ, ਤਾਂ ਫੁੱਫੜ ਜੀ ਨੇ ਕਮਰ ਕੱਸ ਲਈ, ਕਿਹਾ ਇਸ ਦੀ ਲੋੜ ਹੀ ਕੀ ਹੈ? ਅਸੀਂ ਹਾਈ-ਸਪੀਡ ਟ੍ਰੇਨ ਉੱਤੇ ਕੰਮ ਸ਼ੁਰੂ ਕੀਤਾ, ਤਾਂ ਫੁੱਫੜ ਜੀ ਫਿਰ ਬੋਲੇ, ਇਸ ਦੀ ਲੋੜ ਹੀ ਕੀ ਹੈ? ਅਸੀਂ ਯੂਪੀਆਈ ਲੈ ਕੇ ਆਏ, ਤਾਂ ਇਹੀ ਫੁੱਫੜ ਲੋਕ ਕਹਿੰਦੇ ਸਨ – ਯੂਪੀਆਈ ਦੀ ਲੋੜ ਹੀ ਕੀ ਹੈ? ਅਸੀਂ ਚਿੱਪ ਬਣਾਉਣ ਦੀ ਗੱਲ ਕੀਤੀ, ਤਾਂ ਫਿਰ ਕਿਹਾ ਗਿਆ, ਕਿ ਲੋੜ ਹੀ ਕੀ ਹੈ? ਅਸੀਂ ਨਵੀਂ ਸੰਸਦ ਦੀ ਇਮਾਰਤ ਬਣਾਈ, ਤਾਂ ਇਹ ਫਿਰ ਬੋਲੇ – ਇਸ ਦੀ ਲੋੜ ਹੀ ਕੀ ਹੈ? ਅਸੀਂ ਦੇਸ਼ ਲਈ ਮਰ-ਮਿਟਣ ਵਾਲੇ, ਮਹਾਨ ਕੁਰਬਾਨੀ ਦੇਣ ਵਾਲੇ ਸਾਡੇ ਵੀਰ ਸੈਨਾ-ਨਾਇਕਾਂ ਦੀ ਯਾਦਗਾਰ ਬਣਵਾਈ, ਫੁੱਫੜ ਫਿਰ ਮੈਦਾਨ ਵਿੱਚ ਆ ਗਏ, ਇਸ ਦੀ ਕੀ ਲੋੜ ਸੀ? ਪਰ ਭਾਰਤ ਨੇ ਅਜਿਹੇ ਸਾਰੇ ਫੁੱਫੜਾਂ ਨੂੰ ਜਵਾਬ ਦਿੱਤਾ, ਜੋ ਦੇਸ਼ ਲਈ ਜ਼ਰੂਰੀ ਹੈ, ਉਹ ਭਾਰਤ ਨੂੰ ਕਰਨ ਤੋਂ ਕੋਈ ਰੋਕ ਨਹੀਂ ਸਕਦਾ।
ਸਾਥੀਓ,
ਅੱਜ ਭਾਰਤ ਇੱਕ ਵੱਖਰੇ ਮਿਜ਼ਾਜ ਨਾਲ ਅੱਗੇ ਵਧ ਰਿਹਾ ਹੈ। ਜੋ ਕੰਮ ਪਹਿਲਾਂ ਦਹਾਕਿਆਂ ਵਿੱਚ ਹੁੰਦਾ ਸੀ, ਹੁਣ ਉਹ ਕੁਝ ਸਾਲਾਂ ਵਿੱਚ ਹੀ ਹੋ ਰਿਹਾ ਹੈ। ਮੈਂ ਪੂਰੇ ਤੱਥਾਂ ਨਾਲ ਇੱਕ ਹੋਰ ਉਦਾਹਰਨ ਦੇਵਾਂਗਾ। ਭਾਰਤ ਦੀ ਪਹਿਲੀ ਇਲੈਕਟ੍ਰਿਕ ਟ੍ਰੇਨ 1925 ਵਿੱਚ ਚੱਲੀ ਸੀ। ਤੁਹਾਡਾ ਕਾਲਜ 1926 ਵਿੱਚ ਸ਼ੁਰੂ ਹੋਇਆ, ਇਲੈਕਟ੍ਰਿਕ ਟ੍ਰੇਨ 1925 ਵਿੱਚ ਚੱਲੀ ਸੀ। 1925 ਵਿੱਚ ਚੱਲੀ ਸੀ ਇਹ ਟ੍ਰੇਨ, ਇਸ ਤੋਂ ਬਾਅਦ 2014 ਤੱਕ, ਭਾਵ 90 ਸਾਲਾਂ ਵਿੱਚ ਸਿਰਫ਼ 30 ਫ਼ੀਸਦੀ ਤੋਂ ਵੀ ਘੱਟ ਕੰਮ ਹੋਇਆ। 30 ਫ਼ੀਸਦੀ ਤੋਂ ਵੀ ਘੱਟ ਰੇਲਵੇ ਲਾਈਨਾਂ ਦਾ ਬਿਜਲੀਕਰਨ ਹੋ ਸਕਿਆ ਸੀ। ਅਸੀਂ ਸਿਰਫ਼ 12 ਸਾਲਾਂ ਵਿੱਚ, 12 ਸਾਲਾਂ ਵਿੱਚ ਰੇਲਵੇ ਲਾਈਨਾਂ ਦਾ ਕਰੀਬ-ਕਰੀਬ ਸੌ ਫ਼ੀਸਦੀ ਬਿਜਲੀਕਰਨ ਕਰਕੇ ਦਿਖਾ ਦਿੱਤਾ।
ਸਾਥੀਓ,
ਭਾਰਤ ਦੇ ਨੀਤੀ-ਫ਼ੈਸਲਿਆਂ ਵਿੱਚ ਆਈ ਇਹ ਗਤੀ ਦੁਨੀਆ ਦੇ ਬਾਕੀ ਦੇਸ਼ ਵੀ ਦੇਖ ਰਹੇ ਹਨ, ਸਮਝ ਰਹੇ ਹਨ। ਇਸ ਲਈ ਉਹ ਭਾਰਤ ਨਾਲ ਆਪਣੀ ਭਾਈਵਾਲੀ ਵਧਾ ਰਹੇ ਹਨ। ਪਿਛਲੇ ਦਹਾਕੇ ਵਿੱਚ ਕਰੀਬ 40 ਦੇਸ਼ਾਂ ਨਾਲ ਵਪਾਰ ਸਮਝੌਤੇ ਹੋਏ ਹਨ, ਮੁਕਤ ਵਪਾਰ ਸਮਝੌਤੇ ਹੋਏ ਹਨ। ਇਸ ਨਾਲ ਚਮੜਾ ਹੋਵੇ, ਟੈਕਸਟਾਈਲ ਹੋਵੇ, ਫਲ਼-ਸਬਜ਼ੀਆਂ ਹੋਣ, ਸਾਡਾ ਪ੍ਰੋਸੈਸਡ ਫੂਡ ਹੋਵੇ, ਝੀਂਗਾ ਹੋਵੇ, ਅਜਿਹੀ ਹਰ ਚੀਜ਼ ਲਈ ਨਵੇਂ-ਨਵੇਂ ਬਜ਼ਾਰ ਖੁੱਲ੍ਹ ਰਹੇ ਹਨ। ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ ਕਿ ਜਦੋਂ ਨਵੇਂ ਬਜ਼ਾਰ ਖੁੱਲ੍ਹਦੇ ਹਨ, ਭਾਰਤ ਦੀਆਂ ਵਸਤਾਂ ਅਤੇ ਸੇਵਾਵਾਂ ਲਈ ਟੈਰਿਫ ਘੱਟ ਹੁੰਦੇ ਹਨ, ਤਾਂ ਉਸ ਦਾ ਕੀ ਮਤਲਬ ਹੁੰਦਾ ਹੈ। ਇਹ ਭਾਰਤ ਦੇ ਨੌਜਵਾਨਾਂ ਲਈ, ਮੌਕਿਆਂ ਦਾ ਨਵਾਂ ਅਸਮਾਨ ਬਣ ਰਿਹਾ ਹੈ।
ਸਾਥੀਓ,
ਅੱਜ 2013 ਦੇ ਮੁਕਾਬਲੇ, ਦੇਸ਼ ਆਰਥਿਕ ਤੌਰ ਉੱਤੇ, ਸਮਾਜਿਕ ਤੌਰ ਉੱਤੇ ਕਿਤੇ ਵੱਧ ਸੁਰੱਖਿਅਤ ਹੈ। ਪਰ ਇਹ ਦੇਖ ਕੇ ਕੁਝ ਲੋਕਾਂ ਦੀ ਬੇਚੈਨੀ ਵਧ ਰਹੀ ਹੈ, ਬੌਖਲਾਹਟ ਵਧ ਰਹੀ ਹੈ। ਹੁਣੇ 15 ਅਗਸਤ ਦਾ ਮੇਰਾ ਭਾਸ਼ਣ ਤੁਸੀਂ ਸੁਣਿਆ ਹੋਵੇਗਾ, ਅਜਿਹੇ ਲੋਕਾਂ ਲਈ ਹੁਣੇ ਮੈਂ ਲਾਲ ਕਿਲ੍ਹੇ ਤੋਂ, ਇੱਕ ਹੋਮਿਓਪੈਥੀ ਦੀ ਡੋਜ਼ ਦਿੱਤੀ ਸੀ, ਹੋਮਿਓਪੈਥੀ ਦੀ ਗੋਲੀ ਇੱਕ ਛੋਟੀ ਜਿਹੀ ਗੋਲੀ ਦਿੱਤੀ ਸੀ ਲਾਲ ਕਿਲ੍ਹੇ ਤੋਂ, ਅਤੇ ਤੁਸੀਂ ਜਾਣਦੇ ਹੋ ਹੋਮਿਓਪੈਥੀ ਬਾਰੇ ਕਹਿੰਦੇ ਹਨ ਕਿ ਸੁਭਾਅ ਅਜਿਹਾ ਹੈ ਕਿ ਹੋਮਿਓਪੈਥੀ ਦੀ ਦਵਾਈ ਜਦੋਂ ਸ਼ੁਰੂ ਕਰਦੇ ਹਾਂ, ਤਾਂ ਸ਼ੁਰੂ ਦੇ ਦੌਰ ਵਿੱਚ ਬਿਮਾਰੀ ਇੱਕ ਦਮ ਜ਼ਿਆਦਾ ਵਧ ਜਾਂਦੀ ਹੈ, ਇਹ ਹੋਮਿਓਪੈਥੀ ਦਾ ਸੁਭਾਅ ਹੈ। ਤਾਂ ਮੈਂ ਲਾਲ ਕਿਲ੍ਹੇ ਤੋਂ ਇੱਕ ਹੋਮਿਓਪੈਥੀ ਦੀ ਗੋਲੀ ਦਿੱਤੀ ਸੀ – ਦਿਮਾਗ਼ੀ ਨਕਸਲ। ਇਹ ਦਿਮਾਗ਼ੀ ਨਕਸਲ ਹੋਮਿਓਪੈਥੀ ਦਾ ਇਲਾਜ, ਜਿਵੇਂ ਮੈਂ ਕਿਹਾ ਬਿਮਾਰੀ ਨੂੰ ਕੁਝ ਸਮੇਂ ਲਈ ਹੋਰ ਉਭਾਰ ਦਿੰਦਾ ਹੈ। ਅਤੇ ਉਸ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕਰਦਾ ਹੈ। ਇਸੇ ਤਰ੍ਹਾਂ ਜਿਵੇਂ ਹੀ ਮੈਂ ਦਿਮਾਗ਼ੀ ਨਕਸਲ ਵਾਲੀ ਹੋਮਿਓਪੈਥੀ ਦੀ ਗੋਲੀ ਦਿੱਤੀ, ਸਾਰੇ ਦਿਮਾਗ਼ੀ ਨਕਸਲ ਨਿਕਲ-ਨਿਕਲ ਕੇ ਬਾਹਰ ਆਉਣ ਲੱਗੇ। ਅਤੇ ਜੋ ਇਸ ਬਿਮਾਰੀ ਨੂੰ ਉਭਾਰ ਰਹੇ ਹਨ, ਹੁਣ ਜਨਤਾ ਉਨ੍ਹਾਂ ਦਾ ਵੀ ਅਸਲੀ ਰੰਗ ਦੇਖ ਰਹੀ ਹੈ।
ਸਾਥੀਓ,
ਮੈਂ ਇੰਨੀਆਂ ਸਾਰੀਆਂ ਗੱਲਾਂ ਦੱਸੀਆਂ, ਕੁਝ ਲੋਕਾਂ ਨੂੰ ਲੱਗ ਸਕਦਾ ਹੈ, ਉਹ ਕੀ ਹੈ ਭਾਈ, 140 ਕਰੋੜ ਦਾ ਦੇਸ਼ ਹੈ, ਬਹੁਤ ਸੌਖਾ ਸੀ, ਮੋਦੀ ਨੇ ਕੀ ਨਵਾਂ ਕੀਤਾ? ਪਰ ਕੀ ਇਹ ਵਾਕਈ ਇੰਨਾ ਸੌਖਾ ਸੀ? ਮੈਂ ਤੁਹਾਨੂੰ ਫਿਰ ਇੱਕ ਵਾਰ ਪੁਰਾਣੇ ਦਿਨਾਂ ਵਿੱਚ ਲੈ ਜਾਣਾ ਚਾਹੁੰਦਾ ਹਾਂ। ਯਾਦ ਕਰੋ ਤੁਸੀਂ ਜਦੋਂ ਸਕੂਲ ਵਿੱਚ ਪੜ੍ਹਦੇ ਹੋਵੋਗੇ। 2013 ਵਿੱਚ ਕੇਦਾਰਨਾਥ ਵਿੱਚ ਆਫ਼ਤ ਆਈ ਸੀ। ਤਾਂ ਪੂਰੀ ਸਰਕਾਰ ਹਿੱਲ ਗਈ ਸੀ। ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ, ਕੀ ਕੀਤਾ ਜਾਵੇ? ਕਿਵੇਂ ਕੀਤਾ ਜਾਵੇ? 2008 ਵਿੱਚ ਬੈਂਕਾਂ ਦਾ ਸੰਕਟ ਆਇਆ ਸੀ, ਤਾਂ ਉਦੋਂ ਦੀ ਸਰਕਾਰ ਨੇ 2014 ਤੱਕ ਉਸ ਸੰਕਟ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕੀਤੀ ਸੀ, ਹੱਥ ਤੱਕ ਲਗਾਉਣ ਦੀ ਹਿੰਮਤ ਨਹੀਂ ਕੀਤੀ। ਭਾਰਤ ਦਾ ਪੂਰਾ ਬੈਂਕਿੰਗ ਸਿਸਟਮ, ਤਬਾਹ ਹੋਣ ਦੀ ਕਗਾਰ ਉੱਤੇ ਪਹੁੰਚਾ ਦਿੱਤਾ ਗਿਆ ਸੀ। 2008 ਵਿੱਚ ਹੀ ਮੁੰਬਈ ਵਿੱਚ ਭਿਆਨਕ ਅੱਤਵਾਦੀ ਹਮਲਾ ਹੋਇਆ ਸੀ, ਤਾਂ ਉਦੋਂ ਦੀ ਸਰਕਾਰ ਉੱਤੇ ਬਾਹਰੋਂ ਦਬਾਅ ਪਿਆ, ਅਤੇ ਉਸ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਹਿੰਮਤ ਤੱਕ ਨਹੀਂ ਦਿਖਾਈ।
ਸਾਥੀਓ,
ਪਿਛਲੇ 12 ਸਾਲਾਂ ਵਿੱਚ ਤਾਂ ਦੇਸ਼ ਵਿੱਚ ਕਈ ਸਾਰੀਆਂ ਆਫ਼ਤਾਂ ਆਈਆਂ, ਇੰਨੇ ਵੱਡੇ-ਵੱਡੇ ਚੱਕਰਵਾਤ ਅਸੀਂ ਝੱਲੇ ਹਨ, ਪਰ ਦੇਸ਼ ਨੇ ਬਹੁਤ ਮਜ਼ਬੂਤੀ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਪਿਛਲੇ 6 ਸਾਲਾਂ ਵਿੱਚ ਤਾਂ ਬਹੁਤ ਵੱਡੇ ਸੰਕਟ ਆਏ ਹਨ। ਪਹਿਲਾਂ ਕਰੋਨਾ ਵਰਗੀ ਮਹਾਮਾਰੀ ਆਈ, ਜਿਸ ਨੇ ਪੂਰੀ ਦੁਨੀਆ ਨੂੰ ਠੱਪ ਕਰ ਦਿੱਤਾ। ਫਿਰ ਰੂਸ ਅਤੇ ਯੂਕਰੇਨ ਵਿੱਚ ਯੁੱਧ ਛਿੜ ਗਿਆ। ਉਸ ਤੋਂ ਬਾਅਦ, ਵਪਾਰ ਨੂੰ, ਸਪਲਾਈ ਚੇਨ ਨੂੰ ਹੀ ਹਥਿਆਰ ਬਣਾਉਣ ਦਾ ਦੌਰ ਸ਼ੁਰੂ ਹੋ ਗਿਆ। ਫਿਰ ਪੱਛਮੀ ਏਸ਼ੀਆ ਦਾ ਇਹ ਸੰਕਟ ਆਇਆ, ਹਰ ਵਾਰ ਇਹ ਕਿਹਾ ਗਿਆ ਕਿ ਹੁਣ ਤਾਂ ਭਾਰਤ ਨਹੀਂ ਬਚੇਗਾ ਅਤੇ ਜੋ ਮੇਰੇ ਜ਼ਿਆਦਾ ਹੀ ਪ੍ਰਸ਼ੰਸਕ ਹਨ, ਉਹ ਇਹ ਸੋਚ ਕੇ ਖ਼ੁਸ਼ ਸਨ ਕਿ ਹੁਣ ਤਾਂ ਮੋਦੀ ਫਸਿਆ, ਹੁਣ ਤਾਂ ਮੋਦੀ ਡਿੱਗਿਆ, ਹੁਣ ਤਾਂ ਉਸ ਨੂੰ ਕੁਚਲ ਹੀ ਦੇਣਗੇ, ਪਰ ਮੇਰੇ ਦੇਸ਼ ਦੇ ਲੋਕਾਂ ਦੇ ਆਸ਼ੀਰਵਾਦ ਵਿੱਚ ਇੰਨਾ ਦਮ ਹੈ, ਇੰਨਾ ਦਮ ਹੈ ਕਿ, ਭਾਰਤ ਦਾ ਬੁਰਾ ਚਾਹੁਣ ਵਾਲਿਆਂ ਦੀ ਹਰ ਹਸਰਤ ਧਰੀ ਦੀ ਧਰੀ ਰਹਿ ਜਾ ਰਹੀ ਹੈ।
ਦੋਸਤੋ,
ਹੁਣ 21ਵੀਂ ਸਦੀ ਵਿੱਚ ਨਵੇਂ ਮੌਕਿਆਂ ਦੀ ਦੁਨੀਆ ਸਾਡੇ ਸਾਹਮਣੇ ਹੈ। ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਮਹੱਤਵਪੂਰਨ ਟੀਚੇ ਰੱਖਣ ਵਾਲੇ ਹੋ, ਕਿਉਂਕਿ ਮਹੱਤਵਪੂਰਨ ਟੀਚੇ ਰੱਖਣ ਦੀ ਸੋਚ ਕਿਸੇ ਕਿਤਾਬ ਤੋਂ ਨਹੀਂ ਸਿਖਾਈ ਜਾ ਸਕਦੀ। ਇਹ ਉਸ ਮਾਹੌਲ ਤੋਂ ਆਉਂਦੀ ਹੈ, ਜੋ ਤੁਹਾਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦਾ ਹੈ। ਅੱਜ ਸਾਡਾ ਨੌਜਵਾਨ ਸਾਥੀ ਕਹਿੰਦਾ ਹੈ ਕਿ ਆਪਣਾ ਕੁਝ ਕੰਮ ਕਰਾਂਗਾ, ਤਾਂ ਸਟਾਰਟਅੱਪ ਕਰਾਂਗਾ, ਕੰਪਨੀ ਬਣਾਵਾਂਗਾ, ਤਾਂ ਯੂਨੀਕੌਰਨ ਬਣਾਵਾਂਗਾ। ਸਪੇਸ ਅਤੇ ਡਰੋਨ ਵਰਗੇ ਸੈਕਟਰ ਵਿੱਚ ਜੁੜਾਂਗਾ, ਕੁਝ ਵੱਡਾ ਕਰਾਂਗਾ। ਆਧੁਨਿਕ ਏਆਈ ਹੱਲ ਬਣਾਵਾਂਗਾ, ਖੇਤੀ ਵਿੱਚ ਨਵੀਨਤਾ ਕਰਾਂਗਾ। 13 ਸਾਲ ਪਹਿਲਾਂ ਤੁਹਾਡੇ ਸੀਨੀਅਰ, ਅਜਿਹੇ ਸੁਪਨੇ ਨਹੀਂ ਦੇਖ ਪਾਉਂਦੇ ਸਨ। ਪਰ ਅੱਜ ਤੁਸੀਂ ਇਹ ਸੁਪਨੇ ਵੀ ਦੇਖ ਰਹੇ ਹੋ, ਕਿਉਂਕਿ ਅੱਜ ਦੇ ਭਾਰਤ ਵਿੱਚ ਉਨ੍ਹਾਂ ਸੁਪਨਿਆਂ ਨੂੰ ਸਮਰਥਨ ਦੇਣ ਵਾਲਾ ਢਾਂਚਾ ਵੀ ਬਣ ਗਿਆ ਹੈ।
ਸਾਥੀਓ,
ਹੁਣ ਸਮਾਂ ਵੱਡੇ ਟੀਚੇ ਬਣਾਉਣ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦਾ ਹੈ। ਹੁਣੇ ਮੈਂ ਲਾਲ ਕਿਲ੍ਹੇ ਤੋਂ ਕੁਝ ਗੱਲਾਂ ਕਹੀਆਂ ਸਨ। ਮੈਂ ਤੁਹਾਡੇ ਵਿਚਕਾਰ ਵੀ ਉਨ੍ਹਾਂ ਨੂੰ ਦੁਹਰਾਉਣਾ ਚਾਹਾਂਗਾ। ਤੁਸੀਂ ਸੰਕਲਪ ਲਓ, ਭਾਰਤ ਦੀਆਂ ਆਪਣੀਆਂ ਆਲਮੀ ਸਲਾਹਕਾਰ ਕੰਪਨੀਆਂ ਕਿਉਂ ਨਹੀਂ ਹੋ ਸਕਦੀਆਂ? ਸਾਡੇ ਲੇਖਾ-ਜੋਖਾ ਕਰਨ ਵਾਲੇ ਅਦਾਰੇ, ਸਾਡੀਆਂ ਕਾਨੂੰਨੀ ਸੰਸਥਾਵਾਂ, ਸਾਡੀਆਂ ਵਿੱਤੀ ਸੰਸਥਾਵਾਂ, ਇਹ ਸਭ ਦੁਨੀਆ ਵਿੱਚ ਮੋਹਰੀ ਕਿਉਂ ਨਹੀਂ ਬਣ ਸਕਦੀਆਂ? ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅੱਜ ਭਾਰਤੀ ਦੁਨੀਆ ਦੀਆਂ ਸਿਖਰਲੀਆਂ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ, ਜੇ ਭਾਰਤੀ ਦੁਨੀਆ ਦੀਆਂ ਸਿਖਰਲੀਆਂ ਕੰਪਨੀਆਂ ਦੀ ਅਗਵਾਈ ਕਰ ਰਹੇ ਹਨ, ਤਾਂ ਭਾਰਤੀਆਂ ਦੀਆਂ ਬਣਾਈਆਂ ਕੰਪਨੀਆਂ, ਦੁਨੀਆ ਦੀ ਅਗਵਾਈ ਕਿਉਂ ਨਾ ਕਰਨ?
ਸਾਥੀਓ,
ਇਹ ਸਭ ਸੰਭਵ ਹੈ, ਇਸ ਲਈ ਤੁਹਾਡੇ ਕੋਲ ਨੈੱਟਵਰਕ ਵੀ ਹਨ ਅਤੇ ਗਿਆਨ ਵੀ ਹੈ।
ਸਾਥੀਓ,
ਸਾਡੀ ਤੁਹਾਡੀ ਪ੍ਰੇਰਨਾ ਐੱਸਆਰਸੀਸੀ ਦਾ ਇਹ ਕਾਲਜ ਚਿੰਨ੍ਹ ਵੀ ਹੈ। ਇਸ ਵਿੱਚ ਦੋ ਸੁੰਦਰ ਪ੍ਰਤੀਕ ਹਨ। ਇੱਕ ਹੈ- ਚੜ੍ਹਦਾ ਹੋਇਆ ਸੂਰਜ, ਅਤੇ ਦੂਜਾ ਹੈ – ਸਮੁੰਦਰ ਵਿੱਚ ਅੱਗੇ ਵਧਦਾ ਹੋਇਆ ਜਹਾਜ਼। ਸੂਰਜ, ਜੋ ਦਿਸ਼ਾ ਦਿਖਾਉਂਦਾ ਹੈ ਅਤੇ ਜਹਾਜ਼, ਜੋ ਉਸ ਦਿਸ਼ਾ ਵਿੱਚ ਅੱਗੇ ਵਧਦਾ ਹੈ। ਅਸੀਂ ਅਜਿਹੇ ਨਵੇਂ ਰਸਤੇ ਉੱਤੇ ਚੱਲਣਾ ਹੈ, ਜਿਸ ਵਿੱਚ ਸੂਰਜ ਸਾਡਾ ਹੋਵੇ, ਸਮੁੰਦਰ ਵੀ ਸਾਡਾ ਹੋਵੇ। ਬੇੜੀ ਸਾਡੀ ਹੋਵੇ, ਮਲਾਹ ਵੀ ਸਾਡਾ ਹੋਵੇ। ਲਹਿਰਾਂ ਉੱਤੇ ਜਿੱਤ ਲਿਖੇ, ਉਹ ਹੌਸਲਾ ਸਾਡਾ ਹੋਵੇ। ਉਡਾਣ ਸਾਡੀ ਹੋਵੇ, ਅਸਮਾਨ ਸਾਡਾ ਹੋਵੇ। ਤੇਜ਼ ਹਵਾਵਾਂ ਨਾਲ ਟਕਰਾਏ, ਉਹ ਜਜ਼ਬਾ ਸਾਡਾ ਹੋਵੇ। ਸੁਪਨਾ ਸਾਡਾ ਹੋਵੇ, ਸੰਕਲਪ ਸਾਡਾ ਹੋਵੇ, ਆਤਮਨਿਰਭਰ ਭਾਰਤ ਦਾ ਝੰਡਾ ਸਾਡਾ ਹੋਵੇ। ਵਿਕਸਿਤ ਭਾਰਤ ਦੇ ਰਾਹ ਵਿੱਚ, ਵਿਕਸਿਤ ਭਾਰਤ ਦੇ ਰਾਹ ਵਿੱਚ ਤੇਜ਼ੀ ਨਾਲ ਉੱਠਦਾ ਹਰ ਕਦਮ ਸਾਡਾ ਹੋਵੇ। ਇੱਕ ਵਾਰ ਫਿਰ ਇਸ ਵਿਸ਼ੇਸ਼ ਮੌਕੇ ਉੱਤੇ ਐੱਸਆਰਸੀਸੀ ਨਾਲ ਜੁੜੇ ਸਾਰੇ ਲੋਕਾਂ ਨੂੰ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।
ਵੰਦੇਮਾਤਰਮ
****
ਐੱਮਜੇਪੀਐੱਸ/ਐੱਸਐੱਸ/ਐੱਸਐੱਸ/ਡੀਕੇ/ਆਰਕੇ
Delighted to join the centenary celebrations of Shri Ram College of Commerce. Over the years, this institution has given generations of students the opportunity to learn, grow and make a difference.@SRCCOfficial
— Narendra Modi (@narendramodi) September 5, 2026
https://t.co/2YyZBJuFAy
Delighted to attend the centenary celebrations of Shri Ram College of Commerce (SRCC) at Delhi University.
— Narendra Modi (@narendramodi) September 5, 2026
Brought back several memories of my 2013 address at the same college.
For a hundred years, SRCC has nurtured bright minds and contributed immensely to nation-building.… pic.twitter.com/TIThccN7DM
From policy paralysis to policy dynamism... India has come a long way. pic.twitter.com/DV5KYkAmZb
— PMO India (@PMOIndia) September 5, 2026
India's 7.8% growth amid global uncertainty reflects its economic strength. pic.twitter.com/AeQ83PHEQH
— PMO India (@PMOIndia) September 5, 2026
Together, 140 crore Indians will make India both Viksit and Aatmanirbhar. pic.twitter.com/0Xj2faEVra
— PMO India (@PMOIndia) September 5, 2026
India is moving forward at a new pace. What once took decades is now happening in just a few years. pic.twitter.com/PykSUe4oMh
— PMO India (@PMOIndia) September 5, 2026
If Indians can lead the world's top companies, Indian companies can lead the world too. It is all possible. pic.twitter.com/XKi3eHMHLm
— PMO India (@PMOIndia) September 5, 2026
सूरज हमारा हो, समंदर भी हमारा हो।
— Narendra Modi (@narendramodi) September 5, 2026
नाव हमारी हो, नाविक भी हमारा हो।
लहरों पर विजय लिखें, वो हौसला हमारा हो। pic.twitter.com/oNNFck16hR
‘नाराज फूफा’ देश की प्रगति को नहीं रोक सकते! pic.twitter.com/ghqDrbPm0t
— Narendra Modi (@narendramodi) September 5, 2026