Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਮੁੱਚੇ ਦੇਸ਼ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਾਰਥੀਆਂ ਨਾਲ ਵੀਡੀਓ ਬਰਿੱਜ (video bridge) ਰਾਹੀਂ ਪ੍ਰਧਾਨ ਮੰਤਰੀ ਨੇ ਸੰਵਾਦ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਭਰ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਾਰਥੀਆਂ ਨਾਲ ਵੀਡੀਓ ਬਰਿੱਜ ਰਾਹੀਂ ਸੰਵਾਦ ਕੀਤਾ। ਸਰਕਾਰ ਦੀਆਂ ਯੋਜਨਾਵਾਂ ਦੇ ਵੱਖ-ਵੱਖ ਲਾਭਾਰਥੀਆਂ ਨਾਲ ਵੀਡੀਓ ਬਰਿੱਜ ਰਾਹੀਂ ਪ੍ਰਧਾਨ ਮੰਤਰੀ ਦੇ ਸੰਵਾਦ ਦੀ ਲੜੀ ਵਿੱਚ ਇਹ ਤੀਜਾ ਹੋਇਆ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਾਰਥੀਆਂ ਨਾਲ ਸੰਵਾਦ ’ਤੇ ਖੁਸ਼ੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸੰਵਾਦਾਂ ਨਾਲ ਸੁਧਾਰ ਦੀ ਜ਼ਰੂਰਤ ਵਾਲੇ ਇਲਾਕਿਆਂ ਸਮੇਤ ਯੋਜਨਾ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੇਵਲ ਇੱਟਾਂ ਅਤੇ ਗਾਰੇ ਤੱਕ ਸੀਮਤ ਨਹੀਂ ਹੈ ਸਗੋਂ ਜੀਵਨ ਦੀ ਬਿਹਤਰ ਗੁਣਵੱਤਾ ਪ੍ਰਦਾਨ ਕਰਨ ਅਤੇ ਸੁਪਨੇ ਸੱਚ ਕਰਨ ਲਈ ਹੈ।

ਲਾਭਾਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 4 ਸਾਲ ਸਰਕਾਰ ਨੇ ਸਭ ਲਈ ਆਵਾਸ ਪ੍ਰਦਾਨ ਕਰਨ ਪ੍ਰਤੀ ਮਿਸ਼ਨ ਮੋਡ ਪਹੁੰਚ ਅਪਣਾਈ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ 2022 ਨੂੰ ਜਦੋਂ ਅਸੀਂ ਅਜ਼ਾਦੀ ਦੇ 75 ਵਰ੍ਹੇ ਮਨਾਵਾਂਗੇ, ਉਦੋਂ ਤੱਕ ਹਰ ਭਾਰਤੀ ਦਾ ਆਪਣਾ ਘਰ ਹੋਵੇ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਸਰਕਾਰ ਦੀ ਗ੍ਰਾਮੀਣ ਇਲਾਕਿਆਂ ਵਿੱਚ ਤਿੰਨ ਕਰੋੜ ਅਤੇ ਸ਼ਹਿਰੀ ਇਲਾਕਿਆਂ ਵਿੱਚ ਇੱਕ ਕਰੋੜ ਮਕਾਨ ਬਣਾਉਣ ਦੀ ਯੋਜਨਾ ਹੈ। ਸਰਕਾਰ ਨੇ ਹੁਣ ਤੱਕ ਸ਼ਹਿਰੀ ਖੇਤਰਾਂ ਵਿੱਚ 47 ਲੱਖ ਤੋਂ ਜ਼ਿਆਦਾ ਮਕਾਨ ਬਣਾਉਣ ਦੀਆਂ ਪ੍ਰਵਾਨਗੀਆਂ ਦਿੱਤੀਆਂ ਹਨ ਜੋ ਕਿ ਪਿਛਲੀ ਸਰਕਾਰ ਵੱਲੋਂ 10 ਸਾਲਾਂ ਵਿੱਚ ਦਿੱਤੀਆਂ ਪ੍ਰਵਾਨਗੀਆਂ ਨਾਲੋਂ ਚਾਰ ਗੁਣਾ ਅਧਿਕ ਹਨ। ਇਸੇ ਤਰ੍ਹਾਂ ਪਿਛਲੀ ਸਰਕਾਰ ਦੇ ਆਖ਼ਰੀ ਚਾਰ ਸਾਲਾਂ ਵਿੱਚ ਦਿੱਤੀਆਂ 25 ਲੱਖ ਮਕਾਨਾਂ ਦੀਆਂ ਮਨਜ਼ੂਰੀਆਂ ਦੇ ਮੁਕਾਬਲੇ ਗ੍ਰਾਮੀਣ ਖੇਤਰਾਂ ਵਿੱਚ ਇੱਕ ਕਰੋੜ ਤੋਂ ਅਧਿਕ ਮਕਾਨ ਬਣਾਉਣ ਦੀਆਂ ਮਨਜ਼ੂਰੀਆਂ ਦਿੱਤੀਆਂ ਗਈਆਂ ਹਨ। ਅਠਾਰਾਂ (18) ਮਹੀਨਿਆਂ ਵਿੱਚ ਬਣਨ ਵਾਲੇ ਮਕਾਨ 12 ਮਹੀਨਿਆਂ ਵਿੱਚ ਬਣਾ ਕੇ ਸਰਕਾਰ ਮਕਾਨ ਬਣਾਉਣ ਦੇ ਸਮੇਂ ਵਿੱਚ ਵੀ ਕਮੀ ਲਿਆਉਣ ਦੇ ਸਮਰੱਥ ਹੋਈ ਹੈ, ਅਤੇ ਇਸ ਤਰ੍ਹਾਂ 6 ਮਹੀਨੇ ਦੇ ਸਮੇਂ ਦੀ ਬੱਚਤ ਹੋਈ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਵਰਤਮਾਨ ਸਰਕਾਰ ਵੱਲੋਂ ਲਿਆਂਦੀਆਂ ਤਬਦੀਲੀਆਂ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਕਾਨਾਂ ਦਾ ਸਾਈਜ਼ 20 ਵਰਗ ਮੀਟਰ ਤੋਂ ਵਧਾ ਕੇ 25 ਵਰਗ ਮੀਟਰ ਕਰ ਦਿੱਤਾ ਗਿਆ ਹੈ। ਇਸ ਯੋਜਨਾ ਲਈ ਵਿੱਤੀ ਸਹਾਇਤਾ ਵੀ ਪਹਿਲਾਂ ਵਾਲੀ 70,000-75,000 ਰੁਪਏ ਤੋਂ ਵਧਾ ਕੇ 1,25,000 ਰੁਪਏ ਕਰ ਦਿੱਤੀ ਗਈ ਹੈ।

ਸੰਵਾਦ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਗਰਿਕਾਂ ਦੇ ਸਨਮਾਨ ਨਾਲ ਜੁੜੀ ਹੋਈ ਹੈ ਅਤੇ ਇਹ ਜ਼ਿਆਦਾ ਮਹਿਲਾਵਾਂ, ਦਿੱਵਿਯਾਂਗ ਭੈਣਾਂ ਤੇ ਭਰਾ, ਅਨੁਸੂਚਿਤ ਜਾਤ, ਅਨੁਸੂਚਿਤ ਕਬੀਲੇ, ਹੋਰ ਪਿਛੜੇ ਵਰਗੇ ਅਤੇ ਘੱਟ ਗਿਣਤੀਆਂ ਦੀ ਆਵਾਸ ਤੱਕ ਪਹੁੰਚ ਯਕੀਨੀ ਬਣਾਉਣ ’ਤੇ ਕੇਂਦਰਤ ਹੈ।

ਲਾਭਾਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਸਭ ਲਈ ਰੋਜ਼ਗਾਰ ਦੇ ਅਵਸਰ ਪੈਦਾ ਕੀਤੇ ਹਨ। ਇਸ ਯੋਜਨਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸਰਕਾਰ ਮਕਾਨਾਂ ਦੇ ਨਿਰਮਾਣ ਵਿੱਚ ਗਤੀ ਅਤੇ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਹੁਨਰ ਵਿਕਾਸ ‘ਤੇ ਕੰਮ ਕਰ ਰਹੀ ਹੈ। ਇਸ ਦੇ ਹਿੱਸੇ ਵਜੋਂ, ਸਰਕਾਰ ਨੇ ਕਰੀਬ ਇੱਕ ਲੱਖ ਰਾਜ ਮਿਸਤਰੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਕਈ ਰਾਜਾਂ ਵਿੱਚ ਸਰਕਾਰ ਮਹਿਲਾ ਰਾਜਗੀਰਾਂ ਨੂੰ ਵੀ ਸਿਖਲਾਈ ਮੁਹੱਈਆ ਕਰਾ ਰਹੀ ਹੈਂ ਜਿਸ ਸਦਕਾ ਮਹਿਲਾ ਸਸ਼ਕਤੀਕਰਨ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨਾਲ ਸੰਵਾਦ ਕਰਦਿਆਂ ਸਾਰੇ ਲਾਭਾਰਥੀਆਂ ਨੇ ਆਵਾਸ, ਜੋ ਕਿ ਹਮੇਸ਼ਾ ਤੋਂ ਉਨ੍ਹਾਂ ਦਾ ਸੁਪਨਾ ਸੀ, ਮਿਲਣ ’ਤੇ ਖੁਸ਼ੀ ਪ੍ਰਗਟਾਈ । ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਇਸ ਨਾਲ ਉਨ੍ਹਾਂ ਦਾ ਜੀਵਨ ਬਦਲਿਆ ਹੈ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ।

***

ਏਕੇਟੀ/ਐੱਚਐੱਸ