ਪੀਐੱਮਇੰਡੀਆ
ਸਾਈਪ੍ਰਸ ਦੇ ਮਾਣਯੋਗ ਰਾਸ਼ਟਰਪਤੀ ਜੀ,
ਵਿਲੱਖਣ ਪ੍ਰਤੀਨਿਧ
ਮੀਡੀਆ ਦੇ ਦੋਸਤ,
ਮਾਣਯੋਗ ਰਾਸ਼ਟਰਪਤੀ ਜੀ, ਭਾਰਤ ਦੇ ਤੁਹਾਡੇ ਪਹਿਲੇ ਸਰਕਾਰੀ ਦੌਰੇ ਮੌਕੇ ਮੈਨੂੰ ਤੁਹਾਡਾ ਸੁਆਗਤ ਕਰ ਕੇ ਬਹੁਤ ਖ਼ੁਸ਼ੀ ਹੋਈ ਹੈ। ਮੈਨੂੰ ਪਤਾ ਹੈ ਕਿ ਸਾਈਪ੍ਰਸ ਦੇ ਹਰੇਕ ਰਾਸ਼ਟਰਪਤੀ ਦੇ ਦਿਲ ਵਿੱਚ ਭਾਰਤ ਦਾ ਸਦਾ ਇੱਕ ਵਿਸ਼ੇਸ਼ ਸਥਾਨ ਰਿਹਾ ਹੈ। ਉਹ ਲਗਭਗ ਸਾਰੇ ਹੀ ਭਾਰਤ ਆ ਚੁੱਕੇ ਹਨ। ਇਸੇ ਕਰ ਕੇ, ਇੱਕ ਮਹਾਨ ਦੋਸਤ ਅਤੇ ਭਾਰਤ ਦੇ ਮਜ਼ਬੂਤ ਸਮਰਥਕ ਦਾ ਸੁਆਗਤ ਕਰਨਾ ਮੇਰੇ ਲਈ ਸੱਚਮੁਚ ਮਾਣ ਵਾਲੀ ਗੱਲ ਹੈ। ਸਾਈਪ੍ਰਸ ਅਤੇ ਭਾਰਤ ਦੀਆਂ ਪ੍ਰਾਚੀਨ ਸੱਭਿਅਤਾਵਾਂ ਦੀ ਸਾਂਝੀ ਅਮੀਰ ਵਿਰਾਸਤ ਹੈ ਅਤੇ ਪਿਛਲੇ ਹਜ਼ਾਰਾਂ ਸਾਲਾਂ ਦੌਰਾਨ ਸਾਡੀਆਂ ਸੱਭਿਆਤਾਵਾਂ ਨੇ ਇੱਕ-ਦੂਜੇ ਉੱਤੇ ਆਪਣਾ ਪ੍ਰਭਾਵ ਛੱਡਿਆ ਹੈ। ਆਧੁਨਿਕ ਸਮਿਆਂ ਦੌਰਾਨ, ਸਾਡੇ ਸਬੰਧ ਆਜ਼ਾਦੀ ਤੋਂ ਪਹਿਲਾਂ ਦੇ ਜੁੱਗ ਤੱਕ ਪਿਛਾਂਹ ਜਾਂਦੇ ਹਨ, ਜਦੋਂ ਸਾਡੇ ਬਾਨੀ ਪੂਰਵਜਾਂ ਨੇ ਸਾਈਪ੍ਰਸ ਦੀ ਆਜ਼ਾਦੀ ਦਾ ਸਮਰਥਨ ਕੀਤਾ ਸੀ। ਅਤੇ, ਸਾਈਪ੍ਰਸ ਨੇ ਵੀ ਸਦਾ ਪੂਰੇ ਨਿੱਘ ਤੇ ਦੋਸਤੀ ਨਾਲ ਜਵਾਬ ਦਿੱਤਾ ਸੀ। ਭਾਰਤ ਹਮੇਸ਼ਾ ਸਾਈਪ੍ਰਸ ਦੇ ਸਾਰੇ ਅਹਿਮ ਮਾਮਲਿਆਂ ਵਿੱਚ ਨਾਲ ਖੜ੍ਹਾ ਰਿਹਾ ਹੈ। ਸਾਲ 1974 ‘ਚ, ਭਾਰਤ ਨੇ ਸਾਈਪ੍ਰਸ ਗਣਰਾਜ ਦੀ ਪ੍ਰਭੂਸੱਤਾ, ਏਕਤਾ ਅਤੇ ਸੰਘੀ ਅਖੰਡਤਾ ਦੇ ਸਮਰਥਨ ਵਿੱਚ ਸਦਾ ਹੀ ਮਜ਼ਬੂਤ ਸਟੈਂਡ ਲਿਆ ਹੈ। ਭਾਰਤ ਨੇ ਸਾਈਪ੍ਰਸ ਲਈ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿੱਚ ਆਪਣੇ ਜਵਾਨ ਭੇਜੇ ਹਨ। ਭਾਰਤ ਦੇ ਤਿੰਨ ਫ਼ੌਜੀ ਕਮਾਂਡਰ ਵੀ ਇਹ ਵਿੱਚ ਸੇਵਾ ਨਿਭਾ ਚੁੱਕੇ ਹਨ ਅਤੇ ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਉਨ੍ਹਾਂ ਸਾਰਿਆਂ ਨੂੰ ਸਾਈਪ੍ਰਸ ਵਿੱਚ ਹਾਲੇ ਵੀ ਬਹੁਤ ਚਾਅ ਨਾਲ ਯਾਦ ਕੀਤਾ ਜਾਂਦਾ ਹੈ।
ਮਾਣਯੋਗ ਰਾਸ਼ਟਰਪਤੀ ਜੀ,
ਸਾਈਪ੍ਰਸ ਦਾ ਮੁੱਦਾ ਹੱਲ ਕਰਨ ਲਈ ਤੁਹਾਡੇ ਵੱਲੋਂ ਕੀਤੀ ਗਈ ਪਹਿਲਕਦਮੀ ਦੀ ਮੈਨੂੰ ਜਾਣਕਾਰੀ ਹੈ। ਤੁਸੀਂ ਸ਼ਾਂਤੀ, ਵਿਕਾਸ ਤੇ ਸੁਰੱਖਿਆ ਦਾ ਇੱਕ ਨਵਾਂ ਜੁੱਗ ਲਿਆਉਣ ਲਈ ਸਦਾ ਮੋਹਰੀ ਰਹਿ ਕੇ ਅਗਵਾਈ ਦੇਣ ਦਾ ਜਤਨ ਕੀਤਾ ਹੈ। ਤੁਸੀਂ ਅਜਿਹਾ ਕੇਵਲ ਸਾਈਪ੍ਰਸ ਲਈ ਹੀ ਨਹੀਂ, ਸਗੋਂ ਸਮੁੱਚੇ ਖੇਤਰ ਲਈ ਕੀਤਾ ਹੈ। ਅਸੀਂ ਤੁਹਾਡੇ ਇਨ੍ਹਾਂ ਜਤਨਾਂ ਵਿੱਚ ਤੁਹਾਡੀ ਸਫ਼ਲਤਾ ਦੀ ਕਾਮਨਾ ਕਰਦੇ ਹਾਂ। ਤੁਹਾਡੀ ਲੀਡਰਸ਼ਿਪ ਅਧੀਨ, ਸਾਈਪ੍ਰਸ ਨੇ ਹਾਲੀਆ ਵਿੱਤੀ ਤੇ ਬੈਂਕਿੰਗ ਚੁਣੌਤੀਆਂ ਦਾ ਡਟ ਕੇ ਸਫ਼ਲਤਾਪੂਰਬਕ ਮੁਕਾਬਲਾ ਕੀਤਾ ਹੈ। ਸਾਲ 2016 ਵਿੱਚ ਯੂਰੋ ਜ਼ੋਨ ਵਿੱਚ ਉੱਚਤਮ ਵਿਕਾਸ ਦਰਾਂ ਦਰਜ ਕੀਤੀਆਂ ਹਨ। ਮਾਣਯੋਗ ਰਾਸ਼ਟਰਪਤੀ ਜੀ, ਇਸ ਸੰਕਟ ਵਿੱਚੋਂ ਆਪਣੇ ਦੇਸ਼ ਨੂੰ ਬਾਹਰ ਕੱਢਣ ਅਤੇ ਉਸ ਨੂੰ ਆਰਥਿਕ ਖ਼ੁਸ਼ਹਾਲੀ ਦੇ ਰਾਹ ‘ਤੇ ਤੋਰਨ ਦੇ ਮਾਮਲੇ ਵਿੱਚ ਤੁਹਾਡੀ ਦੂਰ-ਦ੍ਰਿਸ਼ਟੀ ਅਤੇ ਲੀਡਰਸ਼ਿਪ ਦੀ ਸ਼ਲਾਘਾ ਕਰਦੇ ਹਾਂ।
ਦੋਸਤੋ,
ਅੱਜ, ਰਾਸ਼ਟਰਪਤੀ ਅਤੇ ਮੈਂ ਵਿਸਤ੍ਰਿਤ ਵਿਚਾਰ-ਵਟਾਂਦਰੇ ਕੀਤੇ ਹਨ। ਸਾਡੀ ਗੱਲਬਾਤ ਵਿੱਚ ਹਰ ਤਰ੍ਹਾਂ ਦੇ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਹੋਈ। ਅਸੀਂ ਆਪਸੀ ਚਿੰਤਾ ਦੇ ਅਹਿਮ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ। ਸਾਈਪ੍ਰਸ ਅਤੇ ਭਾਰਤ ਦੇ ਆਰਥਿਕ ਸਬੰਧ ਬਹੁਤ ਮਜ਼ਬੂਤ ਹਨ। ਭਾਰਤ ਵਿੱਚ ਸਾਈਪ੍ਰਸ 8ਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਪਿਛਲੇ ਸਾਲ, ਆਪਣੇ ਪੂੰਜੀ ਅਤੇ ਨਿਵੇਸ਼ ਸੰਪਰਕਾਂ ਨੂੰ ਹੁਲਾਰਾ ਦੇਣ ਲਈ, ਅਸੀਂ ਦੋਹਰੀ ਟੈਕਸੇਸ਼ਨ ਤੋਂ ਬਚਾਅ ਲਈ ਸਮਝੌਤੇ ਨੂੰ ਸੋਧਿਆ ਹੈ। ਰਾਸ਼ਟਰਪਤੀ ਅਤੇ ਮੈਂ ਸਹਿਮਤ ਹੋਏ ਹਾਂ ਕਿ ਸਾਈਪ੍ਰਸ ਦੇ ਉੱਦਮੀਆਂ ਲਈ ਸ਼ਾਨਦਾਰ ਨਿਵੇਸ਼ ਦੇ ਮੌਕਿਆਂ ਲਈ ਭਾਰਤ ਆਪਣੀ ਪੇਸ਼ਕਸ਼ ਦੇਵੇ। ਸਾਡੀਆਂ ਦੋਵੇਂ ਅਰਥ ਵਿਵਸਥਾਵਾਂ ਵਿੱਚ ਉਦਯੋਗ ਅਤੇ ਕਾਰੋਬਾਰ; ਮੇਰੀ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰਮੁੱਖ ਪ੍ਰੋਗਰਾਮਾਂ ਰਾਹੀਂ ਦਿਲ-ਖਿੱਚਵੀਆਂ ਭਾਈਵਾਲੀਆਂ ਕਰ ਸਕਦੇ ਹਨ। ਸਾਈਪ੍ਰਸ ਦੇ ਸੁੰਦਰ ਭੂ-ਦ੍ਰਿਸ਼ ਅਤੇ ‘ਅਦਭੁਤ ਭਾਰਤ’ ਦੇ ਵਿਸ਼ਾਲ ਦਿਸਹੱਦੇ ਸਾਡੇ ਦੋਵੇਂ ਦੇਸ਼ਾਂ ਲਈ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਸਰੋਤ ਹੋ ਸਕਦੇ ਹਨ।
ਦੋਸਤੋ,
ਭਾਰਤ ਅਤੇ ਸਾਈਪ੍ਰਸ ਦਾ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਛੇਤੀ ਸੁਧਾਰ ਲਿਆਉਣ ਦਾ ਉਦੇਸ਼ ਸਾਂਝਾ ਹੈ। ਸਾਡਾ ਦੋਵਾਂ ਦਾ ਇਹ ਮੰਨਣਾ ਹੈ ਕਿ ਸੋਧੀ ਸਲਾਮਤੀ ਕੌਂਸਲ ਵਿਸ਼ਵ ਨੂੰ ਉਵੇਂ ਹੀ ਪ੍ਰਤੀਬਿੰਬਤ ਕਰੇਗੀ, ਜਿਵੇਂ ਉਹ ਹੈ – ਇਹ ਉਸ ਤਰ੍ਹਾਂ ਪ੍ਰਤੀਬਿੰਬਤ ਨਹੀਂ ਕਰੇਗੀ, ਜਿਵੇਂ ਇਹ ਹੁੰਦੀ ਸੀ। ਅੱਜ ਵਿਸ਼ਵ ਸਾਹਮਣੇ ਮੌਜੂਦ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਹੈ। ਮਾਣਯੋਗ ਰਾਸ਼ਟਰਪਤੀ ਜੀ, ਇਸ ਸੰਦਰਭ ਵਿੱਚ ਸੰਯੁਕਤ ਰਾਸ਼ਟਰ ਦੀ ਵਿਸਤ੍ਰਿਤ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਸਥਾਈ ਸੀਟ ਦੇ ਦਾਅਵੇ ਨੂੰ ਆਪਣੀ ਹਮਾਇਤ ਦੀ ਮੈਂ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ। ਰਾਸ਼ਟਰਪਤੀ ਅਤੇ ਮੈਂ ਅੰਤਰ-ਸਰਕਾਰੀ ਸੰਗਠਨਾਂ ਤੇ ਸ਼ਾਸਨਾਂ ਵਿੱਚ ਆਪਣੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਉੱਤੇ ਵੀ ਵਿਚਾਰ-ਵਟਾਂਦਰਾ ਕੀਤਾ।
ਦੋਸਤੋ,
ਅੰਤਰਰਾਸ਼ਟਰੀ ਸ਼ਾਂਤੀ ਤੇ ਸਥਿਰਤਾ ਨੂੰ ਮੌਜੂਦ ਦਹਿਸ਼ਤਗਰਦੀ ਦੇ ਖ਼ਤਰੇ ਨੂੰ ਸਾਈਪ੍ਰਸ ਆਪਣੀ ਭੂਗੋਲਕ ਸਥਿਤੀ ਅਨੁਸਾਰ ਸਮਝਦਾ ਹੈ। ਭਾਰਤ ਖ਼ੁਦ ਪਿਛਲੇ ਕਈ ਦਹਾਕਿਆਂ ਤੋਂ ਸਰਹੱਦ ਪਾਰਲੀ ਦਹਿਸ਼ਤਗਰਦੀ ਨਾਲ ਜੂਝ ਰਿਹਾ ਹੈ। ਅਸੀਂ ਸਹਿਮਤ ਹਾਂ ਕਿ ਸਾਨੂੰ ਉਨ੍ਹਾਂ ਸਾਰੇ ਦੇਸ਼ਾਂ ਵਿਰੁੱਧ ਫ਼ੈਸਲਾਕੁੰਨ ਕਾਰਵਾਈ ਕਰਨ ਦੀ ਜ਼ਰੂਰਤ ਹੈ, ਜਿਹੜੇ ਸਾਡੇ ਖੇਤਰਾਂ ਵਿੱਚ ਹਿੰਸਾ ਦੀਆਂ ਇਨ੍ਹਾਂ ਫ਼ੈਕਟਰੀਆਂ ਨੂੰ ਮਜ਼ਬੂਤ ਕਰਨ, ਸਹਾਇਤਾ, ਆਸਰਾ ਦੇਣ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਵਿੱਚ ਰੁੱਝੇ ਹੋਏ ਹਨ। ਰਾਸ਼ਟਰਪਤੀ ਅਤੇ ਮੈਂ; ਅੰਤਰਰਾਸ਼ਟਰੀ ਦਹਿਸ਼ਤਗਰਦੀ ਬਾਰੇ ਵਿਆਪਕ ਕਨਵੈਨਸ਼ਨ ਬਾਰੇ ਛੇਤੀ ਫ਼ੈਸਲਾ ਲੈ ਕੇ ਇੱਕ ਵਿਆਪਕ ਅੰਤਰਰਾਸ਼ਟਰੀ ਕਾਨੂੰਨੀ ਤਾਣਾਬਾਣਾ ਸਿਰਜਣ ਦੀ ਲੋੜ ਬਾਰੇ ਵਿਚਾਰ-ਚਰਚਾ ਕੀਤੀ।
ਮਾਣਯੋਗ ਰਾਸ਼ਟਰਪਤੀ ਜੀ,
ਮੈਂ ਆਪਣੀਆਂ ਦੁਵੱਲੀਆਂ ਗਤੀਵਿਧੀਆਂ ਨੂੰ ਇੱਕ ਨਵੇਂ ਪੱਧਰ ਤੇ ਲਿਜਾਣ ਦੀ ਮਜ਼ਬੂਤ ਪ੍ਰਤੀਬੱਧਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਅੱਜ ਦੀ ਸਾਡੀ ਵਿਚਾਰ-ਚਰਚਾ ਅਤੇ ਫ਼ੈਸਲੇ ਸਾਡੀ ਭਾਈਵਾਲੀ ਨੂੰ ਇੱਕ ਨਵੀਂ ਦਿਸ਼ਾ ਤੇ ਡੂੰਘਾਈ ਪ੍ਰਦਾਨ ਕਰਨਗੇ। ਭਾਰਤ ਵਿੱਚ ਮੈਂ ਤੁਹਾਡਾ ਇੱਕ ਵਾਰ ਫਿਰ ਸੁਆਗਤ ਕਰਦਾ ਹਾਂ ਅਤੇ ਤੁਹਾਡੇ ਇੱਥੇ ਸਫ਼ਲ ਤੇ ਉਸਾਰੂ ਕਿਆਮ ਲਈ ਤੁਹਾਨੂੰ ਸ਼ੁਭ-ਕਾਮਨਾਵਾਂ ਦਿੰਦਾ ਹਾਂ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ-ਬਹੁਤ ਧੰਨਵਾਦ।
AKT/NT
PM @narendramodi and President @AnastasiadesCY held talks in New Delhi. Both leaders discussed strengthening India-Cyprus ties. pic.twitter.com/fOBsUx37Cq
— PMO India (@PMOIndia) April 28, 2017