ਪੀਐੱਮਇੰਡੀਆ
ਇਸ ਮਹਾਨ ਦੇਸ਼ ਵਿੱਚ ਇੱਕ ਵਾਰ ਫਿਰ ਆ ਕੇ ਮੈਂ ਖ਼ੁਸ਼ ਹਾਂ। ਸੱਚਮੁਚ ਇੱਥੇ ਇੰਨੇ ਜ਼ਿਆਦਾ ਜਾਣੇ-ਪਛਾਣੇ ਚਿਹਰੇ ਵੇਖ ਕੇ ਬਹੁਤ ਜ਼ਿਆਦਾ ਖ਼ੁਸ਼ੀ ਮਹਿਸੂਸ ਹੁੰਦੀ ਹੈ। ਮੈਂ ਸੀ.ਆਈ.ਆਈ. ਅਤੇ ਕੀਦਾਨਰੇਨ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਅਜਿਹਾ ਮੌਕਾ ਰੱਖਿਆ। ਤੁਹਾਡੇ ਨਾਲ ਆਪਣੀਆਂ ਗਤੀਵਿਧੀਆਂ ਨੂੰ ਮੈਂ ਸਦਾ ਲਾਭਦਾਇਕ ਸਮਝਦਾ ਹਾਂ।
ਇੰਨੇ ਸਾਲਾਂ ਦੌਰਾਨ, ਮੈਂ ਜਪਾਨ ‘ਚ ਕਈ ਵਾਰ ਆਇਆ ਹਾਂ। ਦਰਅਸਲ, ਲੀਡਰਸ਼ਿਪ, ਸਰਕਾਰ, ਉਦਯੋਗ ਅਤੇ ਜਪਾਨ ਦੀ ਜਨਤਾ ਨਾਲ ਮੇਰੀਆਂ ਨਿਜੀ ਗਤੀਵਿਧੀਆਂ ਲਗਭਗ ਇੱਕ ਦਹਾਕੇ ਤੋਂ ਚਲੀਆਂ ਆ ਰਹੀਆਂ ਹਨ।
ਦੋਸਤੋ,
ਭਾਰਤ ਵਿੱਚ ਸ਼ਬਦ ‘ਜਪਾਨ’ ਇੱਕ ਤਰ੍ਹਾਂ ਮਿਆਰ, ਉੱਤਮਤਾ, ਈਮਾਨਦਾਰੀ ਅਤੇ ਨੇਕਨੀਤੀ ਦਾ ਮਾਪਦੰਡ ਹੈ।
ਜਪਾਨ ਦੇ ਲੋਕਾਂ ਨੇ ਵਿਸ਼ਵ ਨੂੰ ਟਿਕਾਊ ਵਿਕਾਸ ਦਾ ਰਾਹ ਵਿਖਾਇਆ ਹੈ। ਇੱਥੇ ਸਮਾਜਕ ਜ਼ਿੰਮੇਵਾਰੀ ਅਤੇ ਨੈਤਿਕ ਵਿਵਹਾਰ ਦੀ ਡੂੰਘੀ ਸਮਝ ਵੀ ਹੈ।
ਅਸੀਂ ਏਸ਼ੀਆ ਅਤੇ ਅਫ਼ਰੀਕਾ ਸਮੇਤ ਵਿਸ਼ਵ ਦੇ ਹੋਰਨਾਂ ਹਿੱਸਿਆਂ ਦੀ ਵਿਕਾਸ-ਪ੍ਰਕਿਰਿਆ ਵਿੱਚ ਜਪਾਨ ਦੇ ਅਥਾਹ ਯੋਗਦਾਨਾਂ ਤੋਂ ਵੀ ਜਾਣੂ ਹਾਂ।
ਭਾਰਤ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਸਾਡੀ ਸੱਭਿਅਤਾ ਦੀ ਵਿਰਾਸਤ ਵਿੱਚ ਡੂੰਘੀਆਂ ਲੱਥੀਆਂ ਹੋਈਆਂ ਹਨ। ਉਨ੍ਹਾਂ ਨੂੰ ਗੌਤਮ ਬੁੱਧ ਅਤੇ ਮਹਾਤਮਾ ਗਾਂਧੀ ਦੀਆਂ ਸੱਚ ਬਾਰੇ ਸਿੱਖਿਆਵਾਂ ਤੋਂ ਪ੍ਰੇਰਨਾ ਮਿਲਦੀ ਹੈ।
ਇਸ ਨੂੰ ਸਾਡੀਆਂ ਜਮਹੂਰੀ ਰਵਾਇਤਾਂ ਤੋਂ ਪਰਵਾਜ਼ ਮਿਲਦੀ ਹੈ, ਜਿਸ ਵਿੱਚ ਧਨ ਅਤੇ ਕਦਰਾਂ-ਕੀਮਤਾਂ ਦੋਵਾਂ ਨੂੰ ਸਿਰਜਣ, ਇੱਕ ਉੱਦਮ ਦੀ ਮਜ਼ਬੂਤ ਭਾਵਨਾ ਅਤੇ ਆਪਣੀ ਅਰਥ-ਵਿਵਸਥਾ ਨੂੰ ਆਧੁਨਿਕ ਖ਼ੁਸ਼ਹਾਲ ਬਣਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ।
ਇਸੇ ਲਈ ਭਾਰਤ ਅਤੇ ਜਪਾਨ ਇੱਕ-ਦੂਜੇ ਨਾਲ ਮਿਲ ਕੇ ਕੰਮ ਕਰਨ ਲਈ ਸਭ ਤੋਂ ਵੱਧ ਢੁਕਵੇਂ ਹਨ।
ਦਰਅਸਲ;
ਸਾਡੇ ਅਤੀਤ ਨੇ ਚਾਹਿਆ ਕਿ ਅਸੀਂ ਇੱਕਜੁਟ ਹੋ ਕੇ ਖਲੋਈਏ।
ਸਾਡਾ ਵਰਤਮਾਨ ਸਾਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰ ਰਿਹਾ ਹੈ।
ਦੋਸਤੋ,
ਮੈਂ ਇਹ ਕਹਿੰਦਾ ਰਿਹਾ ਹਾਂ ਕਿ ਇਹ ਇੱਕੀਵੀਂ (21ਵੀਂ ਸਦੀ) ਏਸ਼ੀਆ ਦੀ ਸਦੀ ਹੈ। ਏਸ਼ੀਆ ਵਿਸ਼ਵ ਵਿਕਾਸ ਦੇ ਨਵੇਂ ਕੇਂਦਰ ਵਜੋਂ ਉੱਭਰਿਆ ਹੈ।
ਨਿਰਮਾਣ ਅਤੇ ਸੇਵਾਵਾਂ ਵਿੱਚ ਇਹ ਮੁਕਾਬਲਾ ਕਰ ਸਕਦਾ ਹੈ, ਅਤੇ ਇਹ ਅੰਤਰਰਾਸ਼ਟਰੀ ਨਵੀਨਤਾ ਦਾ ਧੁਰਾ ਬਣ ਰਿਹਾ ਹੈ, ਇਹ ਪ੍ਰਤਿਭਾਸ਼ਾਲੀ ਵਿਸ਼ਾਲ ਕਾਰਜ-ਬਲ ਦਾ ਘਰ ਹੈ ਅਤੇ ਨਾਲ ਹੀ ਵਿਸ਼ਵ ਦੀ 60 %ਅਬਾਦੀ ਇੱਥੇ ਵਸਦੀ ਹੈ, ਜਿਸ ਕਰ ਕੇ ਇਹ ਨਿੱਤ ਵਧਦਾ ਜਾ ਰਿਹਾ ਬਜ਼ਾਰ ਹੈ।
ਭਾਰਤ ਅਤੇ ਜਪਾਨ ਨੂੰ ਏਸ਼ੀਆ ਦੇ ਉਭਾਰ ਵਿੱਚ ਨਿਰੰਤਰ ਪ੍ਰਮੁੱਖ ਭੂਮਿਕਾ ਨਿਭਾਉਣੀ ਹੋਵੇਗੀ।
ਸਾਡੀ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਭਾਈਵਾਲੀ ਅਧੀਨ ਜਪਾਨ ਅਤੇ ਭਾਰਤ ਵਿਚਾਲੇ ਵਿਚਾਰਾਂ ਦੀ ਕੇਂਦਰਮੁਖਤਾ ਵਧ ਰਹੀ ਹੈ, ਜਿਸ ਵਿੱਚ ਖੇਤਰੀ ਅਰਥਚਾਰੇ ਅਤੇ ਵਿਕਾਸ ਦਾ ਸੰਚਾਲਨ ਕਰਨ ਅਤੇ ਵਿਸ਼ਵ ਵਿਕਾਸ ਨੂੰ ਹੁਲਾਰਾ ਦੇਣ ਦੀ ਸਮਰੱਥਾ ਹੈ।
ਮਜ਼ਬੂਤ ਭਾਰਤ-ਮਜ਼ਬੂਤ ਜਪਾਨ ਨਾਲ ਸਾਡੇ ਦੋਵੇਂ ਰਾਸ਼ਟਰ ਹੀ ਭਰਪੂਰ ਨਹੀਂ ਬਣਨਗੇ, ਸਗੋਂ ਇਸ ਨਾਲ ਏਸ਼ੀਆ ਤੇ ਵਿਸ਼ਵ ਵਿੱਚ ਸਥਿਰਤਾ ਵੀ ਆਏਗੀ।
ਦੋਸਤੋ,
ਅੱਜ, ਭਾਰਤ ਕਈ ਵੱਡੀਆਂ ਤਬਦੀਲੀਆਂ ਦੇ ਰਾਹ ‘ਤੇ ਹੈ। ਅਸੀਂ ਫ਼ੈਸਲਾਕੁੰਨ ਕਦਮ ਚੁੱਕੇ ਹਨ ਅਤੇ ਇੱਕ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਹੈ, ਜਿਸ ਨਾਲ ਭਾਰਤ ਨੂੰ ਆਪਣੀ ਸੰਭਾਵਨਾ ਸਮਝਣ ਵਿੱਚ ਮਦਦ ਮਿਲੇਗੀ। ਇਸ ਦੇ ਨਤੀਜੇ ਪਹਿਲਾਂ ਹੀ ਵਿਖਾਈ ਦੇਣ ਲੱਗ ਪਏ ਹਨ।
ਭਾਵੇਂ ਅੰਤਰਰਾਸ਼ਟਰੀ ਆਰਥਿਕ ਦ੍ਰਿਸ਼ ਹਾਲੇ ਕਮਜ਼ੋਰ ਚੱਲ ਰਿਹਾ ਹੈ, ਪਰ ਭਾਰਤ ਤੋਂ ਮਜ਼ਬੂਤ ਵਿਕਾਸ ਅਤੇ ਅਥਾਹ ਮੌਕਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਅਦਭੁਤ ਮੌਕੇ ਭਾਰਤ ਦੀਆਂ ਅਦਭੁਤ ਨੀਤੀਆਂ ਕਰ ਕੇ ਹਨ।
ਸਾਲ 2015 ‘ਚ, ਭਾਰਤੀ ਅਰਥ-ਵਿਵਸਥਾ ਦੇ ਵਿਕਾਸ ਦੀ ਰਫ਼ਤਾਰ ਹੋਰਨਾਂ ਵੱਡੀਆਂ ਅਰਥ-ਵਿਵਸਥਾਵਾਂ ਦੇ ਮੁਕਾਬਲੇ ਤੇਜ਼ ਰਹੀ। ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਮੁਲਾਂਕਣ ਅਨੁਸਾਰ ਇਹ ਰੁਝਾਨ ਜਾਰੀ ਰਹੇਗਾ। ਕਾਮਿਆਂ ਦੀਆਂ ਘੱਟ ਲਾਗਤਾਂ, ਵਿਸ਼ਾਲ ਘਰੇਲੂ ਬਜ਼ਾਰ ਅਤੇ ਸਮੂਹਕ-ਆਰਥਿਕ ਸਥਿਰਤਾ ਜਿਹੇ ਕਾਰਨਾਂ ਕਰ ਕੇ ਭਾਰਤ ਹੁਣ ਨਿਵੇਸ਼ ਲਈ ਬਹੁਤ ਹੀ ਦਿਲ-ਖਿੱਚਵਾਂ ਟਿਕਾਣਾ ਬਣ ਗਿਆ ਹੈ।
ਪਿਛਲੇ ਦੋ ਵਿੱਤੀ ਵਰ੍ਹਿਆਂ ਦੌਰਾਨ, ਸਾਨੂੰ 55 ਅਰਬ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਪ੍ਰਾਪਤ ਹੋਇਆ ਹੈ। ਇਹ ਨਾ ਕੇਵਲ ਹੁਣ ਤੱਕ ਦਾ ਸਭ ਤੋਂ ਉਚੇਰਾ ਸਿੱਧਾ ਵਿਦੇਸ਼ੀ ਨਿਵੇਸ਼ ਹੈ, ਉੱਥੇ ਹੀ ਇਹ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵੀ ਉੱਚਤਮ ਵਿਕਾਸ ਹੈ।
ਅੱਜ, ਹਰੇਕ ਵਿਸ਼ਵ ਅਰਥ ਵਿਵਸਥਾ ਵਿੱਚ ਕੋਈ ਨਾ ਕੋਈ ਭਾਰਤੀ ਨੀਤੀ ਮੌਜੂਦ ਹੈ। ਅਤੇ ਜਪਾਨੀ ਕੰਪਨੀਆਂ ਵੀ ਇਸ ਤੋਂ ਅਭਿੱਜ ਨਹੀਂ ਰਹੀਆਂ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅੱਜ ਭਾਰਤ ਵਿੱਚ ਜਪਾਨ ਸਿੱਧੇ ਵਿਦੇਸ਼ੀ ਨਿਵੇਸ਼ ਦਾ ਚੌਥਾ ਵੱਡਾ ਸਰੋਤ ਹੈ।
ਜਪਾਨੀ ਨਿਵੇਸ਼ਾਂ ਦਾ ਪਸਾਰ ਗ੍ਰੀਨ-ਫ਼ੀਲਡ ਅਤੇ ਬ੍ਰਾਊਨ-ਫ਼ੀਲਡ ਦੋਵੇਂ ਤਰ੍ਹਾਂ ਦੇ ਪ੍ਰੋਜੈਕਟਾਂ; ਨਿਰਮਾਣ ਤੇ ਸੇਵਾਵਾਂ; ਬੁਨਿਆਦੀ ਢਾਂਚਾ ਤੇ ਬੀਮਾ; ਅਤੇ ਈ-ਕਮਰਸ ਤੇ ਇਕਵਿਟੀ ਵਿੱਚ ਹੋਇਆ ਹੈ
ਅਸੀਂ ਆਪਣੇ ਪੱਖ ‘ਤੇ, ਬੇਸ਼ੱਕ ਵਧੇਰੇ ਜਪਾਨੀ ਨਿਵੇਸ਼ ਚਾਹੁੰਦੇ ਹਾਂ। ਇਸ ਲਈ, ਤੁਹਾਡੀਆਂ ਚਿੰਤਾਵਾਂ ਨੂੰ ਸਰਗਰਮੀ ਨਾਲ ਦਰ ਕਰਾਂਗੇ।
ਅਤੇ, ਅਸੀਂ ਜਪਾਨੀ ਉਦਯੋਗਿਕ ਟਾਊਨਿਸ਼ਿਪਸ ਸਮੇਤ ਵਿਸ਼ੇਸ਼ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਾਂਗੇ।
ਮੈਂ ਤੁਹਾਨੂੰ ਉਤਸ਼ਾਹਿਤ ਕਰਾਂਗਾ ਕਿ ਤੁਸੀਂ 10-ਸਾਲਾ ਬਿਜ਼ਨੇਸ ਵੀਜ਼ਾ, ਈ-ਟੂਰਿਸਟ ਵੀਜ਼ਾ ਅਤੇ ਆਮਦ-ਉੱਤੇ-ਵੀਜ਼ਾ ਸੁਵਿਧਾ ਦਾ ਲਾਭ ਉਠਾਓ ਅਤੇ ਇਹ ਸਭ ਪੇਸ਼ਕਸ਼ਾਂ ਜਪਾਨੀ ਯਾਤਰੀਆਂ ਲਈ ਹਨ।
ਜਪਾਨ ਨਾਲ ਸਮਾਜਕ ਸੁਰੱਖਿਆ ਸਮਝੌਤੇ ਨੂੰ ਵੀ ਲਾਗੂ ਕਰ ਦਿੱਤਾ ਗਿਆ ਹੈ, ਜੋ ਦੋਵੇਂ ਪਾਸਿਆਂ ਦੇ ਪੇਸ਼ਵਰਾਨਾ ਵਿਅਕਤੀਆਂ ਦੀ ਵਧਦੀ ਜਾ ਰਹੀ ਗਿਣਤੀ ਲਈ ਖ਼ੁਸ਼ਖ਼ਬਰੀ ਹੈ।
ਦੋਸਤੋ,
ਭਾਰਤ ਦੀਆਂ ਵਿਕਾਸ ਜ਼ਰੂਰਤਾਂ ਵਿਸ਼ਾਲ ਅਤੇ ਨਿੱਗਰ ਹਨ। ਅਸੀਂ ਆਪਣੀਆਂ ਵਿਕਾਸਾਤਮਕ ਤਰਜੀਹਾਂ ਦੀ ਤੇਜ਼ ਰਫ਼ਤਾਰ ਪ੍ਰਾਪਤੀ ਚਾਹੁੰਦੇ ਹਾਂ, ਪਰ ਵਾਤਾਵਰਨ-ਪੱਖੀ ਢੰਗ ਨਾਲ।
• ਅਸੀਂ ਤੇਜ਼ ਰਫ਼ਤਾਰ ਨਾਲ ਸੜਕਾਂ ਤੇ ਰੇਲਵੇਜ਼ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ;
• ਅਸੀਂ ਵਾਤਾਵਰਨ ਦਾ ਪੂਰਾ ਖ਼ਿਆਲ ਰੱਖਦੇ ਹੋਏ ਖਣਿਜ ਪਦਾਰਥਾਂ ਅਤੇ ਹਾਈਡ੍ਰੋ-ਕਾਰਬਨਜ਼ ਦੀ ਖੋਜ ਕਰਨੀ ਚਾਹੁੰਦੇ ਹਾਂ;
• ਅਸੀਂ ਚੁਸਤ ਤਰੀਕੇ ਨਾਲ ਮਕਾਨ ਤੇ ਸ਼ਹਿਰੀ ਸਹੂਲਤਾਂ ਦੀ ਉਸਾਰੀ ਕਰਨੀ ਚਾਹੁੰਦੇ ਹਾਂ; ਅਤੇ
• ਅਸੀਂ ਸਵੱਛ ਤਰੀਕੇ ਨਾਲ ਊਰਜਾਪੈਦਾ ਕਰਨੀ ਚਾਹੁੰਦੇ ਹਾਂ।
ਇਸ ਤੋਂ ਇਲਾਵਾ, ਇੱਥੇ ਦੂਜੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਭਵਿੱਖਮੁਖੀ ਪ੍ਰੋਜੈਕਟ ਹਨ। ਇਨ੍ਹਾਂ ਵਿੱਚ ਸ਼ਾਮਲ ਹਨ: ਸਮਰਪਿਤ ਮਾਲ ਲਾਂਘਾ, ਉਦਯੋਗਿਕ ਲਾਂਘੇ, ਤੇਜ਼-ਰਫ਼ਤਾਰ ਰੇਲਵੇਜ਼, ਸਮਾਰਟ ਸਿਟੀਜ਼, ਸਮੁੰਦਰੀ-ਤਟੀ ਖੇਤਰ ਅਤੇ ਮੈਟਰੋ ਰੇਲ ਪ੍ਰੋਜੈਕਟ।
ਜਪਾਨੀ ਉਦਯੋਗ ਲਈ ਇਹ ਸਾਰੇ ਵਿਲੱਖਣ ਮੌਕਿਆਂ ਦੀ ਪੇਸ਼ਕਸ਼ ਕਰਦੇ ਹਨ। ‘ਮੇਕ ਇਨ ਇੰਡੀਆ’ ਅਤੇ ‘ਮੇਡ ਬਾਇ ਜਪਾਨ’ ਦੇ ਸੁਮੇਲ ਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਅਦਭੁਤ ਤਰੀਕੇ ਨਾਲ ਕੇਂਦ੍ਰਿਤ ਹੁੰਦੇ ਜਾ ਰਹੇ ਹਨ।
ਜਾਪਾਨ ਦੇ ਇੱਕ ਕਾਰ ਨਿਰਮਾਤਾ ਵੱਲੋਂ ਭਾਰਤ ‘ਚ ਤਿਆਰ ਕੀਤੀਆਂ ਕਾਰਾਂ ਪਹਿਲਾਂ ਹੀ ਜਾਪਾਨ ਵਿੱਚ ਵਿਕ ਰਹੀਆਂ ਹਨ। ਮੈਂ ਉਨ੍ਹਾਂ ਸਭਨਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਉਨ੍ਹਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ, ਜਿਹੜੇ ਤੁਸੀਂ ਪਹਿਲਾਂ ਹੀ ਭਾਰਤ ਵਿੱਚ ਹੋ।
ਜਿਹੜੇ ਲੋਕ ਇਸ ਵੇਲੇ ਮੌਕਿਆਂ ਦੀ ਭਾਲ ‘ਚ ਹਨ, ਮੈਂ ਉਨ੍ਹਾਂ ਨਾਲ ਵਾਅਦਾ ਕਰਦਾ ਹਾਂ ਕਿ ਅਸੀਂ ‘ਮੇਕ ਇਨ ਇੰਡੀਆ’ ਨੂੰ ਹੋਰ ਉਤਸ਼ਾਹਿਤ ਕਰਨ ਲਈ ਆਪਣੀਆਂ ਨੀਤੀਆਂ ਤੇ ਕਾਰਜ-ਵਿਧੀਆਂ ਵਿੱਚ ਹੋਰ ਸੁਧਾਰ ਲਿਆਉਣ ਲਈ ਪ੍ਰਤੀਬੱਧ ਹਾਂ।
ਦੋਸਤੋ,
ਕਾਰੋਬਾਰ ਲਈ ਸੁਖਾਵਾਂ ਮਾਹੌਲ ਸਿਰਜਣਾ ਅਤੇ ਨਿਵੇਸ਼ਾਂ ਨੂੰ ਖਿੱਚਣਾ ਮੇਰੀ ਸਿਖ਼ਰਲੀ ਤਰਜੀਹ ਰਹਿੰਦੀ ਹੈ। ਸਥਿਰ, ਪੂਰਵ-ਅਨੁਮਾਨਯੋਗ ਤੇ ਪਾਰਦਰਸ਼ੀ ਵਿਨਿਯਮ ਹੁਣ ਭਾਰਤ ਵਿੱਚ ਕਾਰੋਬਾਰ ਕਰਨ ਦੀ ਪ੍ਰਕਿਰਤੀ ਨੂੰ ਪੁਨਰ-ਪਰਿਭਾਸ਼ਿਤ ਕਰ ਰਹੇ ਹਨ।
ਈ-ਗਵਰਨੈਂਸ ਹੁਣ ਕੋਈ ਕਾਲਪਨਿਕ ਸ਼ਬਦ ਹੀ ਨਹੀਂ ਰਹਿ ਗਿਆ ਹੈ, ਸਗੋਂ ਇੱਕ ਬੁਨਿਆਦੀ ਸਹੂਲਤ ਬਣ ਗਈ ਹੈ। ਅਸੀਂ ‘ਗੁੱਡਜ਼ ਐਂਡ ਸਰਵਿਸੇਜ਼ ਟੈਕਸ’ (ਜੀ.ਐੱਸ.ਟੀ.) ਨਾਲ ਸਬੰਧਤ ਇੱਕ ਨਵਾਂ ਕਾਨੂੰਨ ਵੀ ਸਫ਼ਲਤਾਪੂਰਬਕ ਲਾਗੂ ਕੀਤਾ ਹੈ।
ਪਿੱਛੇ ਜਿਹੇ ਪਾਸ ਕੀਤਾ ਗਿਆ ‘ਵਿੱਤੀ ਸਰੋਤਾਂ ਘੀ ਘਾਟ ਤੇ ਦੀਵਾਲੀਆਪਣ ਜ਼ਾਬਤਾ’ ਕਾਰਨ ਨਿਵੇਸ਼ਕਾਂ ਲਈ ਕੋਈ ਕਾਰੋਬਾਰ ਬੰਦ ਕਰਨਾ ਵੀ ਹੁਣ ਸੁਖਾਲਾ ਹੋ ਗਿਆ ਹੈ। ਅਸੀਂ ਵਪਾਰਕ ਅਦਾਲਤਾਂ ਤੇ ਵਪਾਰਕ ਡਿਵੀਜ਼ਨਾਂ ਸਥਾਪਤ ਕਰ ਰਹੇ ਹਾਂ, ਕਿ ਤਾਂ ਜੋ ਵਪਾਰਕ ਮਾਮਲਿਆਂ ਦੀ ਤੇਜ਼ ਰਫ਼ਤਾਰ ਨਾਲ ਸੁਣਵਾਈ ਯਕੀਨੀ ਤੌਰ ‘ਤੇ ਮੁਕੰਮਲ ਹੋ ਸਕੇ।
ਸਾਲਸੀ ਦੀਆਂ ਕਾਰਵਾਈਆਂ ਵੀ ਹੁਣ ਤੇਜ਼ੀ ਨਾਲ ਹੋਇਆ ਕਰਨਗੀਆਂ ਕਿਉਂਕਿ ਸਾਲਸੀ ਕਾਨੂੰਨ ਵਿੱਚ ਸੋਧ ਕਰ ਦਿੱਤੀ ਗਈ ਹੈ। ਇਸ ਵਰ੍ਹੇ ਜੂਨ ‘ਚ, ਅਸੀਂ ਸਿੱਧੇ ਵਿਦੇਸ਼ੀ ਨਿਵੇਸ਼ ਸ਼ਾਸਨ ਵਿੱਚ ਨਿਯਮ ਹੋਰ ਨਰਮ ਕੀਤੇ ਹਨ। ਅਸੀਂ ਇੱਕ ਨਵੀਂ ਬੌਧਿਕ ਸੰਪਤੀ ਅਧਿਕਾਰ ਨੀਤੀ ਦਾ ਐਲਾਨ ਵੀ ਕੀਤਾ ਹੈ।
ਇਹ ਸਭ ਆਰਥਿਕ ਸੁਧਾਰਾਂ ਦੀ ਉਸ ਨਵੀਂ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ, ਜਿਨ੍ਹਾਂ ਉੱਤੇ ਭਾਰਤ ਚੱਲ ਰਿਹਾ ਹੈ। ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਧ ਖੁੱਲ੍ਹੀ ਅਰਥ ਵਿਵਸਥਾ ਬਣਾ ਦੇਣਾ ਮੇਰਾ ਸੰਕਲਪ ਹੈ। ਸਾਡੇ ਜਤਨਾਂ ਦਾ ਅਸਰ ਹੁਣ ਸਮੁੱਚੇ ਵਿਸ਼ਵ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਮਾਨਤਾ ਮਿਲ ਰਹੀ ਹੈ।
• ਪਿਛਲੇ ਦੋ ਸਾਲਾਂ ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ ਇਕਵਿਟੀ ਦੀ ਆਮਦ 52 %ਵਧ ਗਈ ਹੈ।
• ਵਿਸ਼ਵ ਬੈਂਕ ਦੇ ਵਿਸ਼ਵ ਲੌਜਿਸਟਿਕਸ ਕਾਰਗੁਜ਼ਾਰੀ ਸੂਚਕ-ਅੰਕ ਵਿੱਚ ਭਾਰਤ ਨੂੰ 19 ਸਥਾਨਾਂ ਦਾ ਉਛਾਲ ਮਿਲਿਆ ਹੈ।
• ਅਸੀਂ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਵਿੱਚ ਠੋਸ ਸੁਧਾਰ ਲਿਆਂਦਾ ਹੈ। ਇਸ ਮਾਮਲੇ ਵਿੱਚ ਸਾਡੀ ਦਰਜਾਬੰਦੀ ਵਿੱਚ ਵਰਣਨਯੋਗ ਸੁਧਾਰ ਹੋਇਆ ਹੈ।
• ਦੋ ਸਾਲਾਂ ਦੌਰਾਨ ਵਿਸ਼ਵ ਆਰਥਿਕ ਫ਼ੋਰਮ ਦੇ ਵਿਸ਼ਵ ਪ੍ਰਤੀਯੋਗਤਾ ਸੂਚਕ-ਅੰਕ ਵਿੱਚ ਭਾਰਤ 32 ਸਥਾਨ ਉਤਾਂਹ ਗਿਆ ਹੈ। ਸਾਲ 2015 ਦੀ ਵਿਸ਼ਵ ਨਿਵੇਸ਼ ਰਿਪੋਰਟ ਅਨੁਸਾਰ, ਸਿੱਧੇ ਵਿਦੇਸ਼ੀ ਨਿਵੇਸ਼ ਦੇ ਟਿਕਾਣਿਆਂ ਦੇ ਮਾਮਲੇ ਵਿੱਚ ਭਾਰਤ ਹੁਣ ਵਿਸ਼ਵ ਦੇ ਪਹਿਲੇ 10 ਸਥਾਨਾਂ ਵਿੱਚ ਆਉਂਦਾ ਹੈ।
ਦੋਸਤੋ,
ਮੈਂ ਲੰਮੇ ਸਮੇਂ ਤੋਂ ਆਖਦਾ ਆ ਰਿਹਾ ਹਾਂ ਕਿ ਭਾਰਤ ਨੂੰ ਪੈਮਾਨੇ, ਰਫ਼ਤਾਰ ਤੇ ਹੁਨਰ ਦੀ ਜ਼ਰੂਰਤ ਹੈ। ਜਪਾਨ ਨੇ ਇਨ੍ਹਾਂ ਤਿੰਨਾਂ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਣੀ ਹੈ।
‘ਸਮਰਪਿਤ ਮਾਲ ਲਾਂਘਿਆਂ’, ਦਿੱਲੀ-ਮੁੰਬਈ ਉਦਯੋਗਿਕ ਲਾਂਘੇ, ਮੈਟਰੋ ਰੇਲ ਤੇ ਤੇਜ਼-ਰਫ਼ਤਾਰ ਰੇਲ ਜਿਹੇ ਸਾਡੇ ਵਿਸ਼ਾਲ ਪ੍ਰੋਜੈਕਟਾਂ ਵਿੱਚ ਜਪਾਨ ਦੀ ਸ਼ਮੂਲੀਅਤ ਪੈਮਾਨੇ ਅਤੇ ਰਫ਼ਤਾਰ ਨੂੰ ਦਰਸਾਉਂਦੀ ਹੈ।
ਕਈ ਹੁਨਰ ਵਿਕਾਸ ਪਹਿਲਕਦਮੀਆਂ ਪਹਿਲਾਂ ਹੀ ਚਲ ਰਹੀਆਂ ਹਨ, ਸਾਡੀ ਭਾਈਵਾਲੀ ਹੁਣ ਸਾਡੀ ਤਰਜੀਹ ਦੇ ਇਸ ਅਹਿਮ ਖੇਤਰ ਵੱਲ ਅੱਗੇ ਵਧਦੀ ਹੈ। ਜਪਾਨੀ ਕਾਰੋਬਾਰਾਂ ਤੇ ਉਦਯੋਗਾਂ ਦੇ ਕਪਤਾਨ ਇੱਥੇ ਬੈਠੇ ਹਨ, ਉਹ ਇਸ ਗੱਲ ‘ਤੇ ਸਹਿਮਤ ਹੋਣਗੇ ਕਿ ਜਾਪਾਨ ਦੀਆਂ ਤਕਨਾਲੋਜੀਆਂ ਅਤੇ ਭਾਰਤ ਦੇ ਮਨੁੱਖੀ ਸਰੋਤਾਂ ਦੇ ਸੁਮੇਲ ਨਾਲ ਸਫ਼ਲਤਾ ਹਰ ਹਾਲਤ ਵਿੱਚ ਮਿਲੇਗੀ।
ਮੈਂ ਪਹਿਲਾਂ ਵੀ ਆਖਿਆ ਹੈ ਕਿ ਤੁਹਾਡੇ ਹਾਰਡਵੇਅਰ ਅਤੇ ਸਾਡੇ ਸਾੱਫ਼ਟਵੇਅਰ ਦਾ ਸੁਮੇਲ ਇੱਕ ਸ਼ਾਨਦਾਰ ਸੁਮੇਲ ਹੈ। ਇਸ ਨਾਲ ਦੋਵੇਂ ਦੇਸ਼ਾਂ ਨੂੰ ਲਾਭ ਪੁੱਜੇਗਾ।
ਆਓ ਆਪਾਂ ਹੋਰ ਵੀ ਅਪਣੱਤ ਤੇ ਮਜ਼ਬੂਤੀ ਨਾਲ ਹੱਥ ਮਿਲਾਈਏ। ਆਓ ਆਪਾਂ ਅੱਗੇ ਵਧੀਏ ਅਤੇ ਵੱਡੀਆਂ ਸੰਭਾਵਨਾਵਾਂ ਤੇ ਦੂਰ-ਦ੍ਰਿਸ਼ਟੀਆਂ ਦੀ ਖੋਜ ਕਰੀਏ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
AKT/SH