ਪੀਐੱਮਇੰਡੀਆ
ਕਿਰਗਿਜ਼ਸਤਾਨ ਦੇ ਰਾਸ਼ਟਰਪਤੀ,
ਮਹਾਮਹਿਮ,
ਨਮਸਕਾਰ!
ਐੱਸਸੀਓ ਦੀ 25ਵੀਂ ਵਰ੍ਹੇਗੰਢ ਦੇ ਇਸ ਵਿਸ਼ੇਸ਼ ਮੌਕੇ ’ਤੇ ਤੁਹਾਡੇ ਸਾਰਿਆਂ ਦਰਮਿਆਨ ਹਾਜ਼ਰ ਹੋਣਾ ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ।
‘ਬਿਸ਼ਕੇਕ’ ਵਿੱਚ ਸਾਡੇ ਸ਼ਾਨਦਾਰ ਸਵਾਗਤ ਅਤੇ ਪ੍ਰਾਹੁਣਚਾਰੀ ਲਈ ਮੈਂ ਰਾਸ਼ਟਰਪਤੀ ਜਾਪਾਰੋਵ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਬੀਤੇ ਦਿਨ ਕਿਰਗਿਜ਼ਸਤਾਨ ਦੇ ਸੁਤੰਤਰਤਾ ਦਿਵਸ ਮੌਕੇ ਸਾਨੂੰ ਇੱਥੇ ਹਾਜ਼ਰ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਰਾਸ਼ਟਰਪਤੀ ਜੀ ਅਤੇ ਇੱਥੋਂ ਦੇ ਲੋਕਾਂ ਨੂੰ ਇੱਕ ਵਾਰ ਫਿਰ ਦਿਲੋਂ ਵਧਾਈ ਦਿੰਦਾ ਹਾਂ।
ਅਤੇ ਅੱਜ ਉਜ਼ਬੇਕਿਸਤਾਨ ਦੇ ਆਜ਼ਾਦੀ ਦਿਹਾਡ਼ੇ ’ਤੇ ਮੈਂ ਰਾਸ਼ਟਰਪਤੀ ਜੀ ਅਤੇ ਉਜ਼ਬੇਕਿਸਤਾਨ ਦੇ ਲੋਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਵਰਲਡ ਨੋਮੈਡ ਗੇਮਜ਼ ਦੇ ਸ਼ਾਨਦਾਰ ਉਦਘਾਟਨੀ ਸਮਾਗਮ ਦੌਰਾਨ ਸਾਡੇ ਸਾਰਿਆਂ ਨੂੰ ਕਿਰਗਿਜ਼ਸਤਾਨ ਦੇ ਅਮੀਰ ਸੱਭਿਆਚਾਰ ਅਤੇ ਸਾਡੀ ਸਾਂਝੀ ਵਿਰਾਸਤ ਦੀ ਝਲਕ ਨਜ਼ਰ ਆਈ। ਇਹੀ ਸਾਂਝੀ ਵਿਰਾਸਤ ਅਤੇ ਆਪਸੀ ਜੁੜਾਅ ਐੱਸਸੀਓ ਪਰਿਵਾਰ ਦੀ ਵੱਡੀ ਤਾਕਤ ਹੈ।
ਦੋਸਤੋ,
ਪਿਛਲੇ 25 ਸਾਲਾਂ ਵਿੱਚ ਐੱਸਸੀਓ ਨੇ ਯੂਰੇਸ਼ੀਆ ਦੇ ਵਿਸ਼ਾਲ ਭੂਗੋਲਿਕ ਖੇਤਰ ਵਿੱਚ ਗੱਲਬਾਤ ਅਤੇ ਸਹਿਯੋਗ ਦੀ ਇੱਕ ਮਜ਼ਬੂਤ ਰਵਾਇਤ ਪੈਦਾ ਕੀਤੀ ਹੈ। ਅਸੀਂ ਮਿਲ ਕੇ ਆਪਣੇ ਲੋਕਾਂ ਦੀ ਭਲਾਈ ਦੇ ਨਾਲ-ਨਾਲ ਮਨੁੱਖਤਾ ਦੇ ਵਿਕਾਸ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ ਹੈ। ਇਨ੍ਹਾਂ 25 ਸਾਲਾਂ ਵਿੱਚ ਅਸੀਂ ਸਹਿਯੋਗ ਦੀ ਮਜ਼ਬੂਤ ਨੀਂਹ ਤਿਆਰ ਕੀਤੀ ਹੈ। ਹੁਣ ਆਉਣ ਵਾਲੇ 25 ਸਾਲਾਂ ਵਿੱਚ ਸਾਡਾ ਟੀਚਾ ਇਸ ਸਹਿਯੋਗ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਦਾ ਹੋਣਾ ਚਾਹੀਦਾ ਹੈ।
ਅੱਜ ਜਦੋਂ ਪੂਰਾ ਆਲਮ ਬੇਯਕੀਨੀ ਅਤੇ ਅਸਥਿਰਤਾ ’ਚੋਂ ਗੁਜ਼ਰ ਰਿਹਾ ਹੈ, ਅਸੀਂ ਆਪਣੇ ਸਾਂਝੇ ਭੂਗੋਲ ਨੂੰ ਸਾਂਝੇ ਮੌਕਿਆਂ ਵਿੱਚ ਬਦਲਣਾ ਹੈ, ਅਤੇ ਆਪਣੀਆਂ ਕੋਸ਼ਿਸ਼ਾਂ ਨਾਲ ਆਪਣੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ।
ਦੋਸਤੋ,
ਪਿਛਲੀ ਬੈਠਕ ਵਿੱਚ ਮੈਂ ਐੱਸਸੀਓ ਬਾਰੇ ਭਾਰਤ ਦੀ ਸੋਚ ਦੇ ਤਿੰਨ ਮੁੱਖ ਥੰਮ੍ਹਾਂ ਦਾ ਜ਼ਿਕਰ ਕੀਤਾ ਸੀ:
ਐੱਸ (S) – ਸਕਿਓਰਿਟੀ (ਸੁਰੱਖਿਆ),
ਸੀ (C) – ਕਨੈਕਟੀਵਿਟੀ (ਸੰਪਰਕ), ਅਤੇ
ਓ (O) – ਓਪਰਚੂਨਿਟੀ (ਮੌਕਾ)
ਹੁਣ ਸਮਾਂ ਹੈ ਕਿ ਇਨ੍ਹਾਂ ਤਿੰਨਾਂ ਥੰਮ੍ਹਾਂ ਨੂੰ ਵਿਜ਼ਨ ਤੋਂ ਅੱਗੇ ਵਧਾ ਕੇ ਠੋਸ ਨਤੀਜਿਆਂ ਤੱਕ ਲਿਜਾਇਆ ਜਾਵੇ। ਅਤੇ ਇਸ ਦੀ ਪਹਿਲੀ ਲੋੜ ਹੈ – ਸ਼ਾਂਤੀ ਅਤੇ ਸੁਰੱਖਿਆ। ਅੱਤਵਾਦ ਅੱਜ ਵੀ ਪੂਰੀ ਮਨੁੱਖਤਾ ਲਈ ਗੰਭੀਰ ਚੁਣੌਤੀ ਬਣਿਆ ਹੋਇਆ ਹੈ। ਇਸ ਖ਼ਿਲਾਫ਼ ਲੜਾਈ ਵਿੱਚ ਅਸੀਂ ਸਿਰਫ਼ ਕਾਰਵਾਈ ਅਤੇ ਪ੍ਰਤੀਕਰਮ (ਐਕਸ਼ਨ-ਰੀਐਕਸ਼ਨ) ਦੀ ਸੋਚ ਤੱਕ ਸੀਮਤ ਨਹੀਂ ਰਹਿ ਸਕਦੇ।
ਸਾਨੂੰ ਅੱਤਵਾਦ ਦੀ ਫੰਡਿੰਗ, ਭਰਤੀ, ਕੱਟੜਵਾਦ ਅਤੇ ਸੁਰੱਖਿਅਤ ਟਿਕਾਣਿਆਂ ਦੇ ਪੂਰੇ ਈਕੋਸਿਸਟਮ ਨੂੰ ਤਬਾਹ ਕਰਨਾ ਪਵੇਗਾ। ਸਾਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਪਵੇਗੀ ਕਿ ਇਸ ਗੰਭੀਰ ਵਿਸ਼ੇ ’ਤੇ ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ।
ਜੋ ਦੇਸ਼ ਅੱਤਵਾਦ ਨੂੰ ਆਪਣੀ ਨੀਤੀ ਦਾ ਹਥਿਆਰ ਬਣਾਉਂਦੇ ਹਨ, ਅੱਤਵਾਦੀਆਂ ਨੂੰ ਪਨਾਹ ਅਤੇ ਸਮਰਥਨ ਦਿੰਦੇ ਹਨ, ਉਨ੍ਹਾਂ ਨੂੰ ਸਖ਼ਤ ਸੰਦੇਸ਼ ਦੇਣਾ ਪਵੇਗਾ ਕਿ ਅੱਤਵਾਦ ਕਿਸੇ ਲਈ ਰਣਨੀਤਕ ਸੰਪਤੀ ਨਹੀਂ ਹੋ ਸਕਦਾ।
ਸ਼ਾਂਤ ਅਤੇ ਸੁਰੱਖਿਅਤ ਯੂਰੇਸ਼ੀਆ ਦੀ ਸਾਡੀ ਸਾਂਝੀ ਉਮੀਦ, ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਨਾਲ ਵੀ ਜੁੜੀ ਹੋਈ ਹੈ। ਭਾਰਤ ਅਫ਼ਗ਼ਾਨਿਸਤਾਨ ਦੇ ਲੋਕਾਂ ਦੇ ਵਿਕਾਸ ਅਤੇ ਮਨੁੱਖੀ ਸਹਾਇਤਾ ਵਿੱਚ ਯੋਗਦਾਨ ਪਾਉਂਦਾ ਰਿਹਾ ਹੈ, ਅਤੇ ਅੱਗੇ ਵੀ ਪਾਉਂਦਾ ਰਹੇਗਾ।
ਅੱਜ ਦੀ ਆਪਸ ਵਿੱਚ ਜੁੜੀ ਹੋਈ ਦੁਨੀਆ ਵਿੱਚ ਸੁਰੱਖਿਆ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਚੁੱਕਾ ਹੈ। ਪੱਛਮੀ ਏਸ਼ੀਆ ਦੇ ਸੰਕਟ ਨੇ ਇਹ ਦਿਖਾਇਆ ਹੈ ਕਿ ਕਿਸੇ ਇੱਕ ਖੇਤਰ ਦਾ ਟਕਰਾਅ ਉੱਥੋਂ ਤੱਕ ਸੀਮਤ ਨਹੀਂ ਰਹਿੰਦਾ। ਉਸ ਦਾ ਅਸਰ ਪੂਰੀ ਦੁਨੀਆ ਦੀ ਊਰਜਾ ਸੁਰੱਖਿਆ, ਸਮੁੰਦਰੀ ਵਪਾਰ ਅਤੇ ਸਪਲਾਈ ਚੇਨਾਂ ’ਤੇ ਪੈਂਦਾ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਭੁਗਤਣਾ ਪੈਂਦਾ ਹੈ। ਇਸ ਲਈ ਭਾਰਤ ਦਾ ਇਹ ਸੱਦਾ ਰਿਹਾ ਹੈ ਕਿ ਸਾਰੇ ਤਣਾਅ ਅਤੇ ਯੁੱਧਾਂ ਦਾ ਹੱਲ ਜੰਗ ਦੇ ਮੈਦਾਨ ਵਿੱਚ ਨਹੀਂ, ਸਗੋਂ ਗੱਲਬਾਤ ਅਤੇ ਕੂਟਨੀਤੀ ਨਾਲ ਹੀ ਸੰਭਵ ਹੈ।
ਨਸ਼ਾ ਤਸਕਰੀ ਸਿਰਫ਼ ਅਪਰਾਧ ਨਹੀਂ, ਬਲਕਿ ਸਾਡੀ ਨੌਜਵਾਨ ਪੀੜ੍ਹੀ ਅਤੇ ਖੇਤਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਐੱਸਸੀਓ ਦੇ ਤਹਿਤ ਸੁਰੱਖਿਆ ਖ਼ਤਰਿਆਂ, ਸੰਗਠਿਤ ਅਪਰਾਧ, ਸੂਚਨਾ ਸੁਰੱਖਿਆ ਅਤੇ ਨਸ਼ੀਲੇ ਪਦਾਰਥਾਂ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਥਾਪਿਤ ਕੀਤੇ ਜਾ ਰਹੇ ਕੇਂਦਰ ਸਕਾਰਾਤਮਕ ਕਦਮ ਹਨ। ਸਾਨੂੰ ਇਨ੍ਹਾਂ ਨੂੰ ਵਿਹਾਰਕ ਤਾਲਮੇਲ ਅਤੇ ਸਮੇਂ ਸਿਰ ਕਾਰਵਾਈ ਦਾ ਪ੍ਰਭਾਵਸ਼ਾਲੀ ਜ਼ਰ੍ਹੀਆ ਬਣਾਉਣਾ ਚਾਹੀਦਾ ਹੈ।
ਦੋਸਤੋ,
ਸਾਡੇ ਸਾਂਝੇ ਵਿਕਾਸ ਦਾ ਦੂਜਾ ਆਧਾਰ ਹੈ, ਮਜ਼ਬੂਤ ਅਤੇ ਭਰੋਸੇਯੋਗ ਕਨੈਕਟੀਵਿਟੀ। ਭਾਰਤ ਉਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ, ਜੋ ਬਾਜ਼ਾਰਾਂ ਨੂੰ ਜੋੜਦੀਆਂ ਹਨ, ਵਪਾਰ ਨੂੰ ਸੁਖਾਲਾ ਬਣਾਉਂਦੀਆਂ ਹਨ, ਅਤੇ ਵਿਕਾਸ ਦੇ ਨਵੇਂ ਰਸਤੇ ਖੋਲ੍ਹਦੀਆਂ ਹਨ। ਪਰ ਇਨ੍ਹਾਂ ਕੋਸ਼ਿਸ਼ਾਂ ਵਿੱਚ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਵੀ ਬਹੁਤ ਜ਼ਰੂਰੀ ਹੈ। ਇਹੀ ਐੱਸਸੀਓ ਚਾਰਟਰ ਦੀ ਵੀ ਮੂਲ ਭਾਵਨਾ ਹੈ।
ਆਉਣ ਵਾਲੇ ਸਮੇਂ ਵਿੱਚ ਕਨੈਕਟੀਵਿਟੀ ਦਾ ਰੂਪ ਹੋਰ ਵਿਸ਼ਾਲ ਹੋਵੇਗਾ। ਸੜਕਾਂ, ਰੇਲਵੇ ਅਤੇ ਏਅਰ ਕੋਰੀਡੋਰਾਂ ਦੇ ਨਾਲ-ਨਾਲ ਸਾਨੂੰ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ ਪਵੇਗਾ, ਡਿਜੀਟਲ ਦਸਤਾਵੇਜ਼ਾਂ ਨੂੰ ਹੁਲਾਰਾ ਦੇਣਾ ਪਵੇਗਾ, ਅਤੇ ਲੌਜਿਸਟਿਕ ਨੈੱਟਵਰਕਾਂ ਨੂੰ ਵਧੇਰੇ ਕੁਸ਼ਲ ਬਣਾਉਣਾ ਪਵੇਗਾ।
ਦੋਸਤੋ,
ਤੀਜਾ ਥੰਮ੍ਹ ਹੈ—ਓਪਰਚੂਨਿਟੀ (ਮੌਕਾ)।
ਇਸ ਦਾ ਅਰਥ ਹੈ ਕਿ ਐੱਸਸੀਓ ਦੇ ਸਹਿਯੋਗ ਦਾ ਲਾਭ ਸਿੱਧੇ ਸਾਡੇ ਲੋਕਾਂ ਤੱਕ ਪਹੁੰਚੇ। ਸਾਡੀ ਸਭ ਤੋਂ ਵੱਡੀ ਪੂੰਜੀ ਸਾਡੇ ਲੋਕਾਂ ਵਿਚਾਲੇ ਆਪਸੀ ਸਬੰਧ ਹਨ। ਭਾਰਤ ਲਈ ਐੱਸਸੀਓ ਮਹਾਨ ਸਭਿਅਤਾਵਾਂ, ਸੱਭਿਆਚਾਰਾਂ ਅਤੇ ਵਿਚਾਰਾਂ ਦਾ ਸੰਗਮ ਹੈ। ਐੱਸਸੀਓ ਦੇ ਅਗਲੇ 25 ਸਾਲਾਂ ਵਿੱਚ ਲੋਕਾਂ ਦੇ ਆਪਸੀ ਸਬੰਧਾਂ ਨੂੰ ਸਾਡੇ ਸਹਿਯੋਗ ਦੇ ਕੇਂਦਰ ਵਿੱਚ ਰੱਖਣਾ ਚਾਹੀਦਾ ਹੈ।
ਸਾਡੀ ਸਫਲਤਾ ਦੀ ਅਸਲ ਕਸੌਟੀ ਇਹ ਹੋਣੀ ਚਾਹੀਦੀ ਹੈ ਕਿ, ਸਾਡੀਆਂ ਕੋਸ਼ਿਸ਼ਾਂ ਨਾਲ ਨੌਜਵਾਨਾਂ ਨੂੰ ਕਿੰਨੇ ਨਵੇਂ ਮੌਕੇ ਮਿਲੇ, ਸਾਡੇ ਉੱਦਮੀਆਂ ਲਈ ਕਿੰਨੇ ਨਵੇਂ ਬਾਜ਼ਾਰ ਖੁੱਲ੍ਹੇ, ਸਾਡੇ ਕਿਸਾਨਾਂ ਨੂੰ ਤਕਨੀਕ ਦਾ ਕਿੰਨਾ ਲਾਭ ਮਿਲਿਆ, ਅਤੇ ਸਾਡੇ ਨਾਗਰਿਕਾਂ ਦਾ ਜੀਵਨ ਕਿੰਨਾ ਬਿਹਤਰ ਹੋਇਆ।
ਇਹੀ “ਸਕਿਓਰਿਟੀ, ਕਨੈਕਟੀਵਿਟੀ ਅਤੇ ਓਪਰਚੂਨਿਟੀ” ਦਾ ਅਸਲ ਅਰਥ ਹੈ।
ਐੱਸਸੀਓ ਵਿੱਚ ਸਾਡਾ ਸਹਿਯੋਗ ਸਿਰਫ਼ ਸਰਕਾਰਾਂ ਤੱਕ ਸੀਮਤ ਨਹੀਂ, ਬਲਕਿ ਲੋਕਾਂ ਵੱਲੋਂ ਸੰਚਾਲਿਤ ਹੋਣਾ ਚਾਹੀਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਕਿਰਗਿਜ਼ਸਤਾਨ ਦੀ ਪ੍ਰਧਾਨਗੀ ਤਹਿਤ ਐੱਸਸੀਓ ਵਿੱਚ ਨੌਜਵਾਨਾਂ ਦੀ ਭਾਗੀਦਾਰੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਭਾਰਤ ਨੇ ਐੱਸਸੀਓ ਵਿੱਚ ਸਟਾਰਟ-ਅੱਪ ਫੋਰਮ, ਯੰਗ ਆਥਰਸ ਕਨਕਲੇਵ ਅਤੇ ਯੰਗ ਸਾਇੰਟਿਸਟਸ ਫੋਰਮ ਵਰਗੀਆਂ ਪਹਿਲਕਦਮੀਆਂ ਕੀਤੀਆਂ ਹਨ।
ਪਿਛਲੇ ਸਾਲ ਭਾਰਤ ਨੇ ਐੱਸਸੀਓ ਸਿਵਿਲਾਈਜ਼ੇਸ਼ਨਲ ਡਾਇਲੌਗ ਫੋਰਮ ਦਾ ਪ੍ਰਸਤਾਵ ਰੱਖਿਆ ਸੀ। ਮੈਨੂੰ ਖ਼ੁਸ਼ੀ ਹੈ ਕਿ ਇਸ ਦਾ ਪਹਿਲਾ ਸੈਸ਼ਨ ਇਸ ਸਾਲ ਭਾਰਤ ਵਿੱਚ ਕਰਵਾਇਆ ਜਾਵੇਗਾ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਸਾਰਿਆਂ ਦੀ ਸਰਗਰਮ ਭਾਗੀਦਾਰੀ ਨਾਲ ਇਹ ਫੋਰਮ ਐੱਸਸੀਓ ਵਿੱਚ ਜੀਵਿਤ ਗੱਲਬਾਤ ਦਾ ਸ਼ਕਤੀਸ਼ਾਲੀ ਮੰਚ ਬਣੇਗਾ।
ਦੋਸਤੋ,
ਕਿਰਗਿਜ਼ਸਤਾਨ ਦੇ ਮਹਾਨ ਸਾਹਿਤਕਾਰ ‘ਚਿੰਗਿਜ਼ ਐਤਮਾਤੋਵ’ ਨੇ ਦੁਨੀਆ ਨੂੰ ਸੁੰਦਰ ਅਤੇ ਡੂੰਘਾ ਵਿਚਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਅਕਸਰ ਉਨ੍ਹਾਂ ਗੱਲਾਂ ਨੂੰ ਵੱਧ ਦੇਖਦੇ ਹਾਂ ਜੋ ਸਾਨੂੰ ਵੱਖ ਕਰਦੀਆਂ ਹਨ, ਅਤੇ ਉਨ੍ਹਾਂ ਗੱਲਾਂ ਨੂੰ ਘੱਟ, ਜੋ ਸਾਨੂੰ ਜੋੜਦੀਆਂ ਹਨ।
ਅੱਜ ਐੱਸਸੀਓ ਲਈ ਵੀ ਇਹੀ ਸੰਦੇਸ਼ ਪ੍ਰਸੰਗਿਕ ਹੈ। ਸਾਡੀ ਵਿਭਿੰਨਤਾ ਸਾਡੀ ਪਛਾਣ ਹੈ। ਸਾਡਾ ਸਾਂਝਾ ਉਦੇਸ਼ ਸਾਡੀ ਤਾਕਤ ਹੈ। ਬਿਸ਼ਕੇਕ ਤੋਂ ਸਾਨੂੰ ਇਹੀ ਅਹਿਦ ਲੈ ਕੇ ਅੱਗੇ ਵਧਣਾ ਚਾਹੀਦਾ ਹੈ-
ਸਾਂਝੇ ਭੂਗੋਲ ਤੋਂ ਸਾਂਝੇ ਮੌਕਿਆਂ ਵੱਲ,
ਵਿਜ਼ਨ ਤੋਂ ਨਤੀਜਿਆਂ ਵੱਲ,
ਅਤੇ ਸਰਕਾਰ ਵੱਲੋਂ ਸੰਚਾਲਿਤ ਸਹਿਯੋਗ ਤੋਂ ਲੋਕਾਂ ਵੱਲੋਂ ਸੰਚਾਲਿਤ ਭਾਈਵਾਲੀ ਵੱਲ।
ਭਾਰਤ ਇਸੇ ਵਿਸ਼ਵਾਸ ਅਤੇ ਇਸੇ ਵਚਨਬੱਧਤਾ ਨਾਲ ਐੱਸਸੀਓ ਪਰਿਵਾਰ ਦੇ ਸਾਂਝੇ ਸਫ਼ਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੈ।
ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਬਿਆਨ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਬਿਆਨ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
Addressed the SCO Summit in Bishkek.
— Narendra Modi (@narendramodi) September 1, 2026
This Summit is special because we are marking 25 years since the start of SCO.
Here are the points I’ve raised in the Summit pic.twitter.com/oYZLLFvztf
It’s time to look at the SCO agenda for the next 25 years.
— Narendra Modi (@narendramodi) September 1, 2026
India’s position is clear…We must transform our shared geography into shared opportunities.
We must work on the three pillars of Security, Connectivity and Opportunity.
From the SCO Summit in Bishkek. pic.twitter.com/GDlPpVkSLR
— Narendra Modi (@narendramodi) September 1, 2026