ਪੀਐੱਮਇੰਡੀਆ
ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਸ਼ਵਕਤ ਮਿਰਜ਼ਿਯੋਏਵ ਦੇ ਸੱਦੇ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਤੋਂ 30 ਅਗਸਤ, 2026 ਤੱਕ ਉਜ਼ਬੇਕਿਸਤਾਨ ਦਾ ਸਰਕਾਰੀ ਦੌਰਾ ਕੀਤਾ।
ਰਾਸ਼ਟਰਪਤੀ ਸ਼੍ਰੀ ਸ਼ਵਕਤ ਮਿਰਜ਼ਿਯੋਏਵ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਖਾਵੇਂ, ਦੋਸਤਾਨਾ ਅਤੇ ਉਸਾਰੂ ਮਾਹੌਲ ਵਿੱਚ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਉਜ਼ਬੇਕਿਸਤਾਨ-ਭਾਰਤ ਦੁਵੱਲੇ ਸਬੰਧਾਂ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਵਿਆਪਕ ਸਮੀਖਿਆ ਕੀਤੀ, ਆਪਸੀ ਹਿੱਤਾਂ ਦੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਅਗਲੇ ਵਿਹਾਰਕ ਸਹਿਯੋਗ ਲਈ ਤਰਜੀਹੀ ਖੇਤਰਾਂ ਦੀ ਪਛਾਣ ਕੀਤੀ।
ਦੋਵਾਂ ਆਗੂਆਂ ਨੇ ਉਜ਼ਬੇਕਿਸਤਾਨ ਅਤੇ ਭਾਰਤ ਵਿਚਾਲੇ ਮਜ਼ਬੂਤ ਸਹਿਯੋਗ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਰਿਸ਼ਤਾ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਾਲੇ ਡੂੰਘੀ ਇਤਿਹਾਸਕ ਅਤੇ ਸੱਭਿਆਚਾਰਕ ਸਾਂਝ ’ਤੇ ਅਧਾਰਿਤ ਹੈ। ਆਪਣਾ ਸਾਂਝਾ ਸੰਕਲਪ ਦੁਹਰਾਉਂਦਿਆਂ ਦੋਵਾਂ ਆਗੂਆਂ ਨੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਅਤੇ ਸਹਿਯੋਗ ਨੂੰ ਇੱਕ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲਿਜਾਣ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ, ਜੋ ਦੋਵਾਂ ਦੇਸ਼ਾਂ ਦੇ ਮੂਲ ਹਿੱਤਾਂ ਨੂੰ ਅੱਗੇ ਵਧਾਏਗੀ।
ਦੋਵਾਂ ਆਗੂਆਂ ਨੇ ਆਪਣੇ ਵਿਚਾਰਾਂ ਦੀ ਨੇੜਤਾ ਅਤੇ ਮੱਧ ਏਸ਼ੀਆ ਦੀ ਵਧਦੀ ਮਹੱਤਤਾ ਦਾ ਸਵਾਗਤ ਕੀਤਾ। ਗੁੰਝਲਦਾਰ ਭੂ-ਰਾਜਨੀਤਕ ਸਥਿਤੀ ਦੇ ਵਿਚਾਲੇ, ਉਨ੍ਹਾਂ ਨੇ ਇੱਕ ਆਜ਼ਾਦ, ਖੁੱਲ੍ਹੀ ਅਤੇ ਨੇਮ-ਅਧਾਰਿਤ ਕੌਮਾਂਤਰੀ ਵਿਵਸਥਾ ਦੀ ਲੋੜ ’ਤੇ ਜ਼ੋਰ ਦਿੱਤਾ। ਆਪਣੇ ਬਹੁ-ਪੱਖੀ ਸਹਿਯੋਗ, ਵਿਆਪਕ ਰਣਨੀਤਕ ਭਾਈਵਾਲੀ ਅਤੇ ਦੁਵੱਲੇ ਸਮਝੌਤਿਆਂ ਦੇ ਅਧਾਰ ’ਤੇ, ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤ ਵਿੱਚ ਲੰਮੇ ਸਮੇਂ ਦੇ, ਆਪਸੀ ਲਾਹੇਵੰਦ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਵਪਾਰ, ਅਰਥ-ਵਿਵਸਥਾ ਅਤੇ ਨਿਵੇਸ਼, ਆਵਾਜਾਈ ਸੰਪਰਕ, ਡਿਜੀਟਲ ਤਬਦੀਲੀ (ਆਈਟੀ, ਏਆਈ, ਪੁਲਾੜ, ਸਾਈਬਰ ਸੁਰੱਖਿਆ), ਊਰਜਾ ਤਬਦੀਲੀ, ਅਹਿਮ ਖਣਿਜਾਂ, ਖੁਰਾਕ ਸੁਰੱਖਿਆ, ਸਿਹਤ ਸੰਭਾਲ, ਫਾਰਮਾਸਿਊਟੀਕਲ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਰਾਜਨੀਤਕ ਗੱਲਬਾਤ ਅਤੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਰਾਜਨੀਤਕ, ਸੰਸਦੀ ਅਤੇ ਸੁਰੱਖਿਆ ਸਹਿਯੋਗ
ਆਗੂਆਂ ਨੇ ਲੀਡਰਸ਼ਿਪ ਅਤੇ ਸੰਸਥਾਗਤ ਪੱਧਰਾਂ ’ਤੇ ਨਿਯਮਤ ਅਤੇ ਭਰੋਸੇ ’ਤੇ ਆਧਾਰਿਤ ਗੱਲਬਾਤ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਦੁਵੱਲੇ ਫਾਰਮੈਟ ਵਿੱਚ ਅਤੇ ਕੌਮਾਂਤਰੀ ਸਮਾਗਮਾਂ ਦੌਰਾਨ ਯਾਤਰਾਵਾਂ ਅਤੇ ਸੰਪਰਕਾਂ ਦਾ ਆਦਾਨ-ਪ੍ਰਦਾਨ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਅਤੇ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉੱਚ ਪੱਧਰੀ ਤਾਲਮੇਲ ਅਤੇ ਨਿਗਰਾਨੀ ਦੇ ਨਾਲ-ਨਾਲ ਤਰਜੀਹੀ ਦੁਵੱਲੀਆਂ ਪਹਿਲਕਦਮੀਆਂ ਅਤੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਸਹੂਲਤ ਲਈ ਵਿਦੇਸ਼ ਮੰਤਰੀਆਂ ਦੀ ਅਗਵਾਈ ਹੇਠ ਇੱਕ ਪ੍ਰਣਾਲੀ ਸਥਾਪਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਆਗੂਆਂ ਨੇ ਸੰਸਦੀ ਕੂਟਨੀਤੀ ਦੀ ਵਧਦੀ ਭੂਮਿਕਾ ਸਵੀਕਾਰ ਕੀਤੀ ਅਤੇ ਉਜ਼ਬੇਕਿਸਤਾਨ ਦੀ ਓਲੀ ਮਜਲਿਸ ਅਤੇ ਭਾਰਤ ਦੀ ਸੰਸਦ ਦੇ ਸਦਨਾਂ ਵਿਚਾਲੇ ਸੰਪਰਕਾਂ ਦੇ ਡੂੰਘੇ ਹੋਣ ਦਾ ਸਵਾਗਤ ਕੀਤਾ, ਜਿਸ ਵਿੱਚ ਸੰਸਦੀ ਦੋਸਤੀ ਸਮੂਹਾਂ ਵਿਚਾਲੇ ਸਹਿਯੋਗ ਅਤੇ ਕੌਮਾਂਤਰੀ ਅੰਤਰ-ਸੰਸਦੀ ਸੰਗਠਨਾਂ ਦੇ ਅੰਦਰ ਗੱਲਬਾਤ ਸ਼ਾਮਲ ਹੈ।
ਦੋਵਾਂ ਆਗੂਆਂ ਨੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੇ ਕਾਨੂੰਨੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੁਵੱਲੇ ਕਾਨੂੰਨੀ ਦਸਤਾਵੇਜ਼ਾਂ ਦੀ ਵਿਆਪਕ ਸਮੀਖਿਆ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਦੁਵੱਲੀ ਭਾਈਵਾਲੀ ਦੀਆਂ ਮੌਜੂਦਾ ਤਰਜੀਹਾਂ ਨੂੰ ਪੂਰੀ ਤਰ੍ਹਾਂ ਦਰਸਾਉਂਦੇ ਹਨ ਅਤੇ ਮੌਜੂਦਾ ਹਾਲਾਤ ਮੁਤਾਬਕ ਸੰਧੀ ਢਾਂਚੇ ਦੇ ਆਧੁਨਿਕੀਕਰਨ ’ਤੇ ਸਾਂਝੇ ਤੌਰ ’ਤੇ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਆਗੂਆਂ ਨੇ ਸਰਹੱਦ ਪਾਰ ਅੱਤਵਾਦ ਸਮੇਤ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਪਸ਼ਟ ਤੌਰ ’ਤੇ ਨਿੰਦਾ ਕੀਤੀ, ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਪਹੁੰਚ ਦੁਹਰਾਈ ਅਤੇ ਕਿਸੇ ਵੀ ਅਧਾਰ ’ਤੇ ਅੱਤਵਾਦ ਨੂੰ ਸਹੀ ਠਹਿਰਾਉਣ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਆਗੂਆਂ ਨੇ ਅੱਤਵਾਦੀ ਸੰਗਠਨਾਂ ਖਿਲਾਫ਼ ਤਾਲਮੇਲ ਵਾਲੀ ਕਾਰਵਾਈ ਕਰਨ ਅਤੇ ਅੱਤਵਾਦ ਦੇ ਫੰਡਿੰਗ ਨੈੱਟਵਰਕ, ਸੁਰੱਖਿਅਤ ਟਿਕਾਣਿਆਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਤਵਾਦ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਅਪਰਾਧੀਆਂ, ਸਮਰਥਕਾਂ, ਮਦਦਗਾਰਾਂ ਅਤੇ ਸਾਥੀਆਂ ਨੂੰ ਇਨਸਾਫ਼ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਆਗੂਆਂ ਨੇ ਕਾਨੂੰਨ ਲਾਗੂ ਕਰਨ, ਖੁਫ਼ੀਆ ਜਾਣਕਾਰੀ ਸਾਂਝੀ ਕਰਨ ਅਤੇ ਹਿੰਸਕ ਕੱਟੜਵਾਦ, ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ, ਸੰਗਠਿਤ ਅਪਰਾਧ ਅਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਆਗੂਆਂ ਨੇ ਅੱਤਵਾਦ ਵਿਰੋਧੀ ਸਾਂਝੇ ਕਾਰਜ ਸਮੂਹ (ਜੁਆਇੰਟ ਵਰਕਿੰਗ ਗਰੁੱਪ) ਦੇ ਤਹਿਤ ਨਿਰੰਤਰ ਸਹਿਯੋਗ ਦੀ ਮਹੱਤਤਾ ਦੀ ਪੁਸ਼ਟੀ ਕੀਤੀ।
ਦੋਵਾਂ ਆਗੂਆਂ ਨੇ ਨਿਯਮਤ ਆਦਾਨ-ਪ੍ਰਦਾਨ, ਸੰਸਥਾਗਤ ਢਾਂਚੇ, ਸਮਰੱਥਾ ਨਿਰਮਾਣ ਅਤੇ ਸਾਂਝੀਆਂ ਗਤੀਵਿਧੀਆਂ ਸਮੇਤ ਉਜ਼ਬੇਕਿਸਤਾਨ ਅਤੇ ਭਾਰਤ ਦੀਆਂ ਰੱਖਿਆ ਤੇ ਸੁਰੱਖਿਆ ਏਜੰਸੀਆਂ ਵਿਚਾਲੇ ਵਧਦੇ ਸਹਿਯੋਗ ਅਤੇ ਨੇੜਲੇ ਤਾਲਮੇਲ ਦੀ ਸ਼ਲਾਘਾ ਕੀਤੀ ਅਤੇ ਸਾਂਝੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਵਿੱਚ ਅਜਿਹੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ। ਆਗੂਆਂ ਨੇ ਫੌਜੀ ਸਹਿਯੋਗ ’ਤੇ ਸਾਂਝੇ ਕਾਰਜ ਸਮੂਹ ਦੀਆਂ ਗਤੀਵਿਧੀਆਂ ’ਤੇ ਤਸੱਲੀ ਪ੍ਰਗਟਾਈ, ਜਿਸ ਵਿੱਚ ਰੱਖਿਆ ਉਦਯੋਗਿਕ ਖੇਤਰ ਵਿੱਚ ਸਹਿਯੋਗ ਦੇ ਨਵੇਂ ਰਾਹ ਤਲਾਸ਼ੇ ਜਾ ਰਹੇ ਹਨ। ਉਨ੍ਹਾਂ ਨੇ ਉਜ਼ਬੇਕਿਸਤਾਨ-ਭਾਰਤ ਸਾਂਝੇ ਫੌਜੀ ਅਭਿਆਸ “ਦੁਸਤਲਿਕ” ਦਾ ਸਵਾਗਤ ਕੀਤਾ, ਜਿਸ ਦਾ ਨਵੀਨਤਮ ਅਭਿਆਸ ਅਪ੍ਰੈਲ 2026 ਵਿੱਚ ਉਜ਼ਬੇਕਿਸਤਾਨ ਦੇ ਨਮੰਗਨ ਖੇਤਰ ਵਿੱਚ ਕਰਵਾਇਆ ਗਿਆ ਸੀ।
ਆਗੂਆਂ ਨੇ ਖੇਤਰੀ ਸਹਿਯੋਗ ਵਿੱਚ ਹੋਈ ਤਰੱਕੀ ਦੀ ਸ਼ਲਾਘਾ ਕਰਦਿਆਂ ਰਾਸ਼ਟਰ ਮੁਖੀਆਂ ਅਤੇ ਹੋਰ ਪੱਧਰਾਂ ’ਤੇ ਮੱਧ ਏਸ਼ੀਆ-ਭਾਰਤ ਫਾਰਮੈਟ ਤਹਿਤ ਸਹਿਯੋਗ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਆਗੂਆਂ ਨੇ ਖੇਤਰੀ ਮੁੱਦਿਆਂ ’ਤੇ ਨਿਯਮਤ ਸਲਾਹ-ਮਸ਼ਵਰਾ ਜਾਰੀ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
ਵਪਾਰ, ਆਰਥਿਕ ਅਤੇ ਨਿਵੇਸ਼ ਸਹਿਯੋਗ
ਆਗੂਆਂ ਨੇ ਉਜ਼ਬੇਕਿਸਤਾਨ ਅਤੇ ਭਾਰਤ ਵਿਚਾਲੇ ਮਜ਼ਬੂਤ ਆਰਥਿਕ ਭਾਈਵਾਲੀ ਦਾ ਸਵਾਗਤ ਕੀਤਾ ਅਤੇ ਦੁਵੱਲੇ ਵਪਾਰ ਅਤੇ ਨਿਵੇਸ਼ ਹੋਰ ਵਧਾਉਣ ਦੀਆਂ ਅਥਾਹ ਸੰਭਾਵਨਾਵਾਂ ’ਤੇ ਧਿਆਨ ਦਿੱਤਾ।
ਦੋਵਾਂ ਆਗੂਆਂ ਨੇ ਨਵੇਂ ਮੌਕਿਆਂ ਦੀ ਪਛਾਣ ਅਤੇ ਉਨ੍ਹਾਂ ਦਾ ਲਾਹਾ ਲੈ ਕੇ ਦੁਵੱਲੇ ਵਪਾਰ ਨੂੰ ਵਧਾਉਣ ਅਤੇ ਉਸ ਵਿੱਚ ਵਿਭਿੰਨਤਾ ਲਿਆਉਣ ਦੀ ਮਹੱਤਤਾ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਜ਼ਬੇਕਿਸਤਾਨ ਵਿੱਚ ਕੰਮ ਕਰ ਰਹੀਆਂ ਭਾਰਤੀ ਕੰਪਨੀਆਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਆਰਥਿਕ ਸਹਿਯੋਗ ਨੂੰ ਹੋਰ ਵਿਸਥਾਰ ਦੇਣ ਦੀਆਂ ਅਥਾਹ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ।
ਦੋਵਾਂ ਧਿਰਾਂ ਨੇ ਦੁਵੱਲੇ ਵਪਾਰ ਨੂੰ ਹੋਰ ਵਧਾਉਣ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਸ਼੍ਰੇਣੀ ਨੂੰ ਵਿਆਪਕ ਬਣਾਉਣ, ਗੈਰ-ਟੈਰਿਫ ਰੁਕਾਵਟਾਂ ਨੂੰ ਦੂਰ ਕਰਨ ਅਤੇ ਉਦਯੋਗਿਕ ਸਹਿਯੋਗ ਨੂੰ ਹੁਲਾਰਾ ਦੇਣ ਲਈ ਸਾਂਝੇ ਯਤਨ ਕਰਨ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਦੁਵੱਲੇ ਵਪਾਰ ਦੇ ਪ੍ਰਮੁੱਖ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ, ਗੈਰ-ਟੈਰਿਫ ਮੁੱਦਿਆਂ ਅਤੇ ਨਿਵੇਸ਼ ਵਿੱਚ ਆਉਂਦੀਆਂ ਰੁਕਾਵਟਾਂ ਦੂਰ ਕਰਨ ਲਈ ਸਾਂਝਾ ਕਾਰਜ ਗਰੁੱਪ ਬਣਾਉਣ ਦਾ ਫੈਸਲਾ ਕੀਤਾ।
ਦੋਵਾਂ ਧਿਰਾਂ ਨੇ ਈ-ਕਾਮਰਸ, ਵਪਾਰਕ ਪ੍ਰਕਿਰਿਆਵਾਂ ਦੇ ਡਿਜੀਟਲੀਕਰਨ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਸਮਰਥਨ ਦੇਣ ਅਤੇ ਦੁਵੱਲੇ ਵਪਾਰ ਨੂੰ ਸੁਖਾਲਾ ਬਣਾਉਣ ਲਈ ਡਿਜੀਟਲ ਪਲੇਟਫਾਰਮਾਂ ਦੀ ਸ਼ੁਰੂਆਤ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਦਿਲਚਸਪੀ ਪ੍ਰਗਟਾਈ।
ਉਜ਼ਬੇਕਿਸਤਾਨ ਧਿਰ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਵਿੱਚ ਉਜ਼ਬੇਕਿਸਤਾਨ ਦੇ ਦਾਖਲੇ ’ਤੇ ਭਾਰਤ ਵੱਲੋਂ ਦਿੱਤੇ ਗਏ ਸਮਰਥਨ ਦੀ ਸ਼ਲਾਘਾ ਕੀਤੀ। ਦੋਵੇਂ ਧਿਰਾਂ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਡਬਲਿਊਟੀਓ ਨੂੰ ਕੇਂਦਰ ਵਿੱਚ ਰੱਖ ਕੇ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਸੁਰੱਖਿਅਤ ਰੱਖਣ ਅਤੇ ਬਚਾਉਣ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤ ਹੋਈਆਂ।
ਦੋਵੇਂ ਧਿਰਾਂ ਨਿਰਮਾਣ ਅਤੇ ਬਰਾਮਦ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨ, ਰੈਗੂਲੇਟਰਾਂ ਵਿਚਾਲੇ ਗੱਲਬਾਤ ਨੂੰ ਹੁਲਾਰਾ ਦੇਣ ਅਤੇ ਇੱਕ-ਦੂਜੇ ਦੇ ਬਾਜ਼ਾਰਾਂ ਵਿੱਚ ਤੇਜ਼ੀ ਨਾਲ ਅਤੇ ਵਿਆਪਕ ਪਹੁੰਚ ਨੂੰ ਸੁਖਾਲਾ ਬਣਾਉਣ ਲਈ ਆਪਸੀ ਮਾਨਤਾ ਦੇ ਪ੍ਰਬੰਧਾਂ ਦਾ ਪਤਾ ਲਗਾਉਣ ’ਤੇ ਸਹਿਮਤ ਹੋਈਆਂ।
ਆਗੂਆਂ ਨੇ ਵਪਾਰ, ਆਰਥਿਕ, ਵਿਗਿਆਨਕ ਅਤੇ ਤਕਨੀਕੀ ਸਹਿਯੋਗ ਬਾਰੇ ਅੰਤਰ-ਸਰਕਾਰੀ ਕਮਿਸ਼ਨ ਦੀ ਬੈਠਕ ਅਤੇ ਉਜ਼ਬੇਕਿਸਤਾਨ-ਭਾਰਤ ਵਪਾਰ ਮੰਚਾਂ ਦੇ ਨਤੀਜਿਆਂ ਦੀ ਬਹੁਤ ਸ਼ਲਾਘਾ ਕੀਤੀ, ਜੋ ਜੂਨ 2026 ਵਿੱਚ ਤਾਸ਼ਕੰਦ ਇੰਟਰਨੈਸ਼ਨਲ ਇਨਵੈਸਟਮੈਂਟ ਫੋਰਮ ਦੌਰਾਨ ਅਤੇ ਅਗਸਤ 2026 ਵਿੱਚ ਨਵੀਂ ਦਿੱਲੀ ਵਿੱਚ ਕਰਵਾਏ ਗਏ ਸਨ, ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਆਰਥਿਕ ਅਤੇ ਨਿਵੇਸ਼ ਸਹਿਯੋਗ ਦੇ ਹੋਰ ਵਿਸਥਾਰ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ’ਤੇ ਜ਼ੋਰ ਦਿੱਤਾ।
ਆਗੂਆਂ ਨੇ ਉਜ਼ਬੇਕ ਅਤੇ ਭਾਰਤੀ ਕੰਪਨੀਆਂ ਵਿਚਾਲੇ ਸਹਿਯੋਗ ਨੂੰ ਹੁਲਾਰਾ ਦੇਣ, ਦੋਵਾਂ ਅਰਥਵਿਵਸਥਾਵਾਂ ਵਿਚਾਲੇ ਪੂਰਕਤਾਵਾਂ ਦਾ ਲਾਹਾ ਲੈਣ ਅਤੇ ਉਨ੍ਹਾਂ ਦੀਆਂ ਵੈਲਿਊ-ਐਡਿਡ ਸਪਲਾਈ ਚੇਨਾਂ ਵਿਚਾਲੇ ਸੰਪਰਕ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਧਿਰਾਂ ਨੇ ਬਿਜਲੀ ਦੇ ਸਾਮਾਨ, ਇੰਜੀਨੀਅਰਿੰਗ ਉਤਪਾਦਾਂ, ਆਟੋਮੋਬਾਈਲ ਅਤੇ ਫਾਰਮਾ ਖੇਤਰਾਂ ਵਿੱਚ ਦੁਵੱਲੇ ਵਪਾਰ ਦੀਆਂ ਅਥਾਹ ਸੰਭਾਵਨਾਵਾਂ ਨੂੰ ਸਵੀਕਾਰ ਕੀਤਾ ਅਤੇ ਇਨ੍ਹਾਂ ਖੇਤਰਾਂ ਵਿੱਚ ਵਪਾਰ ਨਾਲ ਸਬੰਧਤ ਨੇੜਲੇ ਸਹਿਯੋਗ ’ਤੇ ਸਹਿਮਤੀ ਪ੍ਰਗਟਾਈ।
ਆਗੂਆਂ ਨੇ ਆਪਸੀ ਲਾਹੇਵੰਦ ਨਿਵੇਸ਼ ਮੌਕਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਅਤੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਸੁਖਾਲਾ ਬਣਾਉਣ ਲਈ ਇੱਕ ਸੰਸਥਾਗਤ ਢਾਂਚਾ ਸਥਾਪਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਧਿਰਾਂ ਨੇ ਉਜ਼ਬੇਕਿਸਤਾਨ ਦੀ ਨਿਵੇਸ਼ ਪ੍ਰੋਤਸਾਹਨ ਏਜੰਸੀ ਅਤੇ ਇਨਵੈਸਟ ਇੰਡੀਆ ਵਿਚਾਲੇ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ, ਤਾਂ ਜੋ ਸਾਂਝੇ ਵਪਾਰ ਮੰਚਾਂ, ਰੋਡ ਸ਼ੋਅਜ਼, ਨਿਵੇਸ਼ ਸੈਮੀਨਾਰਾਂ ਅਤੇ ਭਾਈਵਾਲਾਂ ਦੀ ਗੱਲਬਾਤ ਸਮੇਤ ਆਪਸੀ ਲਾਹੇਵੰਦ ਨਿਵੇਸ਼ ਮੌਕਿਆਂ ਦੀ ਪਛਾਣ ਅਤੇ ਉਨ੍ਹਾਂ ਨੂੰ ਹੁਲਾਰਾ ਦਿੱਤਾ ਜਾ ਸਕੇ, ਜਿਸ ਦਾ ਉਦੇਸ਼ ਦੋ-ਪਾਸੜ ਨਿਵੇਸ਼ ਪ੍ਰਵਾਹ ਵਧਾਉਣਾ ਅਤੇ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਦੋਵਾਂ ਆਗੂਆਂ ਨੇ ਦੁਵੱਲੇ ਵਪਾਰ ਦੇ ਨਿਰੰਤਰ ਵਾਧੇ ’ਤੇ ਤਸੱਲੀ ਪ੍ਰਗਟਾਈ ਅਤੇ ਮਜ਼ਬੂਤ ਵਪਾਰਕ ਸਬੰਧ ਸਥਾਪਤ ਕਰਨ ਦੇ ਉਦੇਸ਼ ਨਾਲ ਵਪਾਰ ਨੂੰ ਹੋਰ ਵਿਸਥਾਰ ਅਤੇ ਵਿਭਿੰਨਤਾ ਦੇਣ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ। ਉਜ਼ਬੇਕਿਸਤਾਨ-ਭਾਰਤ ਤਰਜੀਹੀ ਵਪਾਰ ਸਮਝੌਤੇ ’ਤੇ ਸਾਂਝੇ ਸੰਭਾਵਨਾ ਅਧਿਐਨ ਦੇ ਨਤੀਜਿਆਂ ਨੂੰ ਯਾਦ ਕਰਦਿਆਂ ਆਗੂਆਂ ਨੇ ਸਬੰਧਤ ਮੰਤਰਾਲਿਆਂ ਨੂੰ ਸਮਾਂਬੱਧ ਅਧਾਰ ’ਤੇ ਅਗਲੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਊਰਜਾ, ਕੁਦਰਤੀ ਸਰੋਤ ਅਤੇ ਸਪਲਾਈ ਚੇਨਾਂ
ਆਗੂਆਂ ਨੇ ਨਵਿਆਉਣਯੋਗ ਊਰਜਾ, ਊਰਜਾ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਸੰਭਾਵੀ ਨਿਵੇਸ਼ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ’ਤੇ ਹੋਈ ਚਰਚਾ ਦਾ ਸਵਾਗਤ ਕੀਤਾ।
ਦੋਵਾਂ ਆਗੂਆਂ ਨੇ ਭੂ-ਵਿਗਿਆਨ, ਮਾਈਨਿੰਗ, ਪ੍ਰਮਾਣੂ ਊਰਜਾ, ਉਦਯੋਗਿਕ ਸਹਿਯੋਗ ਅਤੇ ਅਹਿਮ ਤੇ ਰਣਨੀਤਕ ਖਣਿਜਾਂ ਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ’ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਖਣਿਜ ਸਰੋਤਾਂ ਦੀ ਪ੍ਰੋਸੈਸਿੰਗ, ਵੈਲਿਊ-ਐਡਿਡ ਉਤਪਾਦਾਂ ਦੇ ਨਿਰਮਾਣ ਅਤੇ ਰੀਸਾਈਕਲਿੰਗ ਸਬੰਧੀ ਪ੍ਰੋਜੈਕਟ ਸ਼ਾਮਲ ਹਨ। ਉਨ੍ਹਾਂ ਨੇ ਉਜ਼ਬੇਕਿਸਤਾਨ ਵਿੱਚ ਸੰਭਾਵੀ ਖਣਿਜ ਭੰਡਾਰਾਂ ਦੇ ਵਿਕਾਸ ਵਿੱਚ ਭਾਰਤੀ ਕੰਪਨੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵਿੱਚ ਸਾਂਝੇ ਸਹਿਯੋਗ ਲਈ ਉਜ਼ਬੇਕ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਦਿਲਚਸਪੀ ਪ੍ਰਗਟਾਈ। ਆਗੂਆਂ ਨੇ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਵਿੱਚ ਸਹਿਯੋਗ ਵਧਾਉਣ ਵਿੱਚ ਵੀ ਦਿਲਚਸਪੀ ਦਿਖਾਈ।
ਆਗੂਆਂ ਨੇ ਭੂ-ਵਿਗਿਆਨਕ ਖੋਜ, ਮਾਈਨਿੰਗ, ਖਣਿਜ ਪ੍ਰੋਸੈਸਿੰਗ ਅਤੇ ਏਕੀਕ੍ਰਿਤ ਵੈਲਿਊ ਚੇਨਾਂ ਦੇ ਵਿਕਾਸ ਵਿੱਚ ਸਾਂਝੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਰਾਹੀਂ ਅਹਿਮ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ ਦਾ ਵਿਸਥਾਰ ਕਰਨ ’ਤੇ ਸਹਿਮਤੀ ਪ੍ਰਗਟਾਈ।
ਖੇਤੀਬਾੜੀ
ਆਗੂਆਂ ਨੇ ਖੇਤੀਬਾੜੀ ਵੈਲਿਊ ਚੇਨਾਂ ਦੇ ਵਿਕਾਸ, ਬਰਾਮਦ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰਾਂ ਦੀ ਤਕਨੀਕੀ ਸਮਰੱਥਾ ਨੂੰ ਵਧਾਉਣ ਵਿੱਚ ਸਹਿਯੋਗ ਕਰਨ ’ਤੇ ਸਹਿਮਤੀ ਪ੍ਰਗਟਾਈ।
ਆਗੂਆਂ ਨੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਵਿੱਚ ਨਵੀਨਤਾ ਅਤੇ ਸਰੋਤ-ਕੁਸ਼ਲ ਤਕਨੀਕਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਨ੍ਹਾਂ ਨੇ ਖੇਤੀਬਾੜੀ ਵਿਗਿਆਨ ਦੇ ਖੇਤਰ ਵਿੱਚ ਆਦਾਨ-ਪ੍ਰਦਾਨ ਜਾਰੀ ਰੱਖਣ ਅਤੇ ਪੂਰੇ ਖੇਤਰ ਵਿੱਚ ਆਧੁਨਿਕ ਅਤੇ ਟਿਕਾਊ ਖੇਤੀਬਾੜੀ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਬਹੁ-ਪੱਖੀ ਅਤੇ ਖੇਤਰੀ ਮੰਚਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ’ਤੇ ਵੀ ਸਹਿਮਤੀ ਪ੍ਰਗਟਾਈ। ਆਗੂਆਂ ਨੇ ਖੇਤੀ ਉਤਪਾਦਾਂ ਦੇ ਦੁਵੱਲੇ ਵਪਾਰ ਨੂੰ ਸੁਖਾਲਾ ਬਣਾਉਣ ’ਤੇ ਵੀ ਸਹਿਮਤੀ ਜਤਾਈ।
ਆਗੂਆਂ ਨੇ ਖੇਤੀਬਾੜੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਪੌਦਿਆਂ ਦੇ ਜੈਨੇਟਿਕ ਸਰੋਤਾਂ ਦੀ ਸੰਭਾਲ ਅਤੇ ਟਿਕਾਊ ਵਰਤੋਂ ਵਿੱਚ ਖੋਜ ਸੰਸਥਾਵਾਂ ਅਤੇ ਉਦਯੋਗਾਂ ਵਿਚਾਲੇ ਸਹਿਯੋਗ ਦੇ ਵਿਸਥਾਰ ਦਾ ਸਮਰਥਨ ਕੀਤਾ।
ਆਵਾਜਾਈ, ਲੌਜਿਸਟਿਕਸ ਅਤੇ ਕਨੈਕਟੀਵਿਟੀ
ਆਗੂਆਂ ਨੇ ਬਹੁ-ਪੱਧਰੀ ਟਰਾਂਸਪੋਰਟ ਰੂਟਾਂ ਅਤੇ ਲੌਜਿਸਟਿਕਸ ਕੋਰੀਡੋਰਾਂ ਦੇ ਵਿਕਾਸ ਰਾਹੀਂ ਉਜ਼ਬੇਕਿਸਤਾਨ ਅਤੇ ਭਾਰਤ ਵਿਚਾਲੇ ਆਵਾਜਾਈ ਅਤੇ ਲੌਜਿਸਟਿਕ ਕਨੈਕਟੀਵਿਟੀ ਨੂੰ ਵਧਾਉਣ ਲਈ ਸਾਂਝੇ ਯਤਨਾਂ ਨੂੰ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਨਾਲ ਸਾਮਾਨ ਦੀ ਨਿਰਵਿਘਨ ਆਵਾਜਾਈ ਲਈ ਢੁਕਵੇਂ ਹਾਲਾਤ ਬਣਨਗੇ।
ਆਗੂਆਂ ਨੇ ਟਰਾਂਸਪੋਰਟ ਲਾਗਤਾਂ ਨੂੰ ਘਟਾਉਣ ਦੇ ਉਦੇਸ਼ ਨਾਲ ਮਾਲ ਢੋਆ-ਢੁਆਈ ਨੂੰ ਬਹਾਲ ਕਰਨ ਲਈ ਸਹਿਯੋਗ ਜਾਰੀ ਰੱਖਣ ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ।
ਆਗੂਆਂ ਨੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਸੜਕ ਨਿਰਮਾਣ ਵਿੱਚ ਮੁਹਾਰਤ ਦੇ ਆਦਾਨ-ਪ੍ਰਦਾਨ ਰਾਹੀਂ ਸਬੰਧਤ ਅਧਿਕਾਰੀਆਂ ਵਿਚਾਲੇ ਸਹਿਯੋਗ ਦਾ ਵਿਸਥਾਰ ਕਰਨ ਅਤੇ ਸੜਕ ਬੁਨਿਆਦੀ ਢਾਂਚੇ ਦੇ ਪੁਨਰ-ਨਿਰਮਾਣ ਅਤੇ ਆਧੁਨਿਕੀਕਰਨ ’ਤੇ ਸਾਂਝੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਮੌਕਿਆਂ ਦਾ ਪਤਾ ਲਗਾਉਣ ਦੀ ਆਪਣੀ ਇੱਛਾ ਪ੍ਰਗਟਾਈ।
ਆਗੂਆਂ ਨੇ ਉਜ਼ਬੇਕਿਸਤਾਨ ਦੇ ਜਨਤਕ ਟਰਾਂਸਪੋਰਟ ਖੇਤਰ ਲਈ ਵਾਤਾਵਰਣ ਪੱਖੀ ਅਤੇ ਊਰਜਾ-ਕੁਸ਼ਲ ਹੱਲ ਵਿਕਸਿਤ ਕਰਨ ਦੀ ਮਹੱਤਤਾ ਨੂੰ ਪਛਾਣਿਆ ਅਤੇ ਇਸ ਖੇਤਰ ਵਿੱਚ ਸਾਂਝੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਮੌਕਿਆਂ ਦਾ ਪਤਾ ਲਗਾਉਣ ’ਤੇ ਸਹਿਮਤੀ ਪ੍ਰਗਟਾਈ।
ਡਿਜੀਟਲ ਤਕਨੀਕ, ਨਵੀਨਤਾ ਅਤੇ ਪੁਲਾੜ ਸਹਿਯੋਗ
ਆਗੂਆਂ ਨੇ ਤਾਸ਼ਕੰਦ ਵਿੱਚ ਪਹਿਲੇ ਆਈਟੀ ਪਾਰਕ ਦੇ ਸਫਲ ਸੰਚਾਲਨ ਦਾ ਸਵਾਗਤ ਕੀਤਾ, ਜਿਸ ਨੂੰ 2019 ਵਿੱਚ ਭਾਰਤੀ ਮਾਡਲ ਦੇ ਅਧਾਰ ’ਤੇ ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ (ਐੱਸਟੀਪੀਆਈ) ਦੇ ਸਰਗਰਮ ਸਮਰਥਨ ਨਾਲ ਸਥਾਪਿਤ ਕੀਤਾ ਗਿਆ ਸੀ, ਅਤੇ ਦੋਵਾਂ ਦੇਸ਼ਾਂ ਦੇ ਟੈਕਨਾਲੋਜੀ ਪਾਰਕਾਂ, ਕੰਪਨੀਆਂ, ਸਟਾਰਟ-ਅੱਪ ਉਦਯੋਗਾਂ ਅਤੇ ਵਿਦਿਅਕ ਅਦਾਰਿਆਂ ਵਿਚਾਲੇ ਸਾਂਝੇਦਾਰੀ ਨੂੰ ਹੋਰ ਵਧਾਉਣ ’ਤੇ ਸਹਿਮਤੀ ਪ੍ਰਗਟਾਈ।
ਆਗੂਆਂ ਨੇ ਉੱਚ ਤਕਨੀਕ ਅਤੇ ਡਿਜੀਟਲ ਤਬਦੀਲੀ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਫਰਵਰੀ 2026 ਵਿੱਚ ਨਵੀਂ ਦਿੱਲੀ ਵਿੱਚ ਕਰਵਾਏ ਗਏ ਇੰਡੀਆ ਏਆਈ ਇਮਪੈਕਟ ਸਮਿਟ ਦੌਰਾਨ ਹੋਏ ਸਮਝੌਤਿਆਂ ਨੂੰ ਲਾਗੂ ਕਰਨ ਦਾ ਸਵਾਗਤ ਕੀਤਾ।
ਆਗੂਆਂ ਨੇ ਸੁਰੱਖਿਅਤ, ਭਰੋਸੇਮੰਦ ਅਤੇ ਵਿਸ਼ਵਾਸਯੋਗ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਪ੍ਰਣਾਲੀਆਂ ਦੇ ਵਿਕਾਸ ਅਤੇ ਤਰੱਕੀ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਵਿੱਚ ਤਜਰਬੇ ਅਤੇ ਵਧੀਆ ਤਰੀਕਿਆਂ ਦਾ ਆਦਾਨ-ਪ੍ਰਦਾਨ ਵੀ ਸ਼ਾਮਲ ਹੈ, ਤਾਂ ਜੋ ਏਆਈ ਦੀ ਸਮਰੱਥਾ ਦੀ ਵਰਤੋਂ ਟਿਕਾਊ ਆਰਥਿਕ ਵਿਕਾਸ, ਨਵੀਨਤਾ-ਸੰਚਾਲਿਤ ਵਿਕਾਸ ਅਤੇ ਸਮਾਜਿਕ ਚੁਣੌਤੀਆਂ ਦੇ ਪ੍ਰਭਾਵਸ਼ਾਲੀ ਹੱਲ ਨੂੰ ਹੁਲਾਰਾ ਦੇਣ ਲਈ ਕੀਤੀ ਜਾ ਸਕੇ।
ਆਗੂਆਂ ਨੇ ਪੁਲਾੜ ਦੀ ਖੋਜ ਅਤੇ ਸ਼ਾਂਤੀਪੂਰਨ ਵਰਤੋਂ ਵਿੱਚ ਵਿਹਾਰਕ ਸਹਿਯੋਗ ਹੋਰ ਵਧਾਉਣ ਵਿੱਚ ਆਪਣੀ ਦਿਲਚਸਪੀ ਦੀ ਪੁਸ਼ਟੀ ਕੀਤੀ, ਜਿਸ ਵਿੱਚ ਪੁਲਾੜ ਐਪਲੀਕੇਸ਼ਨਾਂ, ਵਿਗਿਆਨਕ ਅੰਕੜਿਆਂ ਦਾ ਆਦਾਨ-ਪ੍ਰਦਾਨ ਅਤੇ ਸਾਂਝੀਆਂ ਵਰਕਸ਼ਾਪਾਂ ਅਤੇ ਸਿਖਲਾਈ ਰਾਹੀਂ ਸਮਰੱਥਾ ਨਿਰਮਾਣ ਸ਼ਾਮਲ ਹੈ।
ਸਿੱਖਿਆ, ਮਨੁੱਖੀ ਸਰੋਤ ਵਿਕਾਸ, ਸਿਹਤ ਸੰਭਾਲ, ਸੱਭਿਆਚਾਰ, ਖੇਡਾਂ ਅਤੇ ਸੈਰ–ਸਪਾਟਾ
ਆਗੂਆਂ ਨੇ ਉਜ਼ਬੇਕਿਸਤਾਨ ਅਤੇ ਭਾਰਤ ਵਿਚਾਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਵਿਦਿਆਰਥੀਆਂ ਦੇ ਵਡਮੁੱਲੇ ਯੋਗਦਾਨ ਨੂੰ ਮਾਨਤਾ ਦਿੱਤੀ।
ਆਗੂਆਂ ਨੇ ਉਜ਼ਬੇਕਿਸਤਾਨ ਵਿੱਚ ਭਾਰਤ ਸਬੰਧੀ ਅਧਿਐਨ ਦੇ ਨਿਰੰਤਰ ਵਿਸਥਾਰ ਦਾ ਸਵਾਗਤ ਕੀਤਾ ਅਤੇ ਭਾਰਤ ਵਿੱਚ ਉਜ਼ਬੇਕ ਸਬੰਧੀ ਅਧਿਐਨ ਦੇ ਵਿਸਥਾਰ ਦਾ ਸਮਰਥਨ ਕੀਤਾ।
ਆਗੂਆਂ ਨੇ ਮਨੁੱਖੀ ਸਰੋਤ ਵਿਕਾਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਵਿਚਾਰ ਨੂੰ ਸਾਂਝਾ ਕੀਤਾ, ਜੋ ਉਜ਼ਬੇਕਿਸਤਾਨ ਅਤੇ ਭਾਰਤ ਵਿਚਾਲੇ ਇੱਕ ਅਹਿਮ ਪੁਲ ਦਾ ਕੰਮ ਕਰਦਾ ਹੈ, ਜਿਸ ਵਿੱਚ ਸਾਂਝੇ ਖੋਜ ਪ੍ਰੋਗਰਾਮਾਂ ਅਤੇ ਅਕਾਦਮਿਕ ਸਹਿਯੋਗ ਪਹਿਲਕਦਮੀਆਂ ਨੂੰ ਲਾਗੂ ਕਰਨਾ ਵੀ ਸ਼ਾਮਲ ਹੈ।
ਦੋਵਾਂ ਆਗੂਆਂ ਨੇ ਸਮਰੱਥਾ ਨਿਰਮਾਣ ਅਤੇ ਮਨੁੱਖੀ ਸਰੋਤ ਵਿਕਾਸ, ਖਾਸ ਕਰਕੇ ਮੈਡੀਸਨ, ਫਾਰਮਾਸਿਊਟੀਕਲ, ਕੈਮਿਸਟਰੀ, ਨੈਨੋ ਤਕਨਾਲੋਜੀ ਅਤੇ ਬਾਇਓ-ਟੈਕਨਾਲੋਜੀ ਦੇ ਖੇਤਰਾਂ ਵਿੱਚ ਲੰਮੇ ਸਮੇਂ ਦੀ ਅਤੇ ਆਪਸੀ ਲਾਹੇਵੰਦ ਭਾਈਵਾਲੀ ਦੀ ਸ਼ਲਾਘਾ ਕੀਤੀ। ਪਿਛਲੇ ਕੁਝ ਸਾਲਾਂ ਵਿੱਚ 2,700 ਤੋਂ ਵੱਧ ਉਜ਼ਬੇਕ ਨਾਗਰਿਕਾਂ ਨੇ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ, ਜਦੋਂਕਿ ਆਯੁਸ਼ ਤਹਿਤ ਸਕਾਲਰਸ਼ਿਪਾਂ ਸਮੇਤ ਆਈਸੀਸੀਆਰ ਸਕਾਲਰਸ਼ਿਪਾਂ ਤਹਿਤ 400 ਤੋਂ ਵੱਧ ਉਜ਼ਬੇਕ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਸ ਸੰਦਰਭ ਵਿੱਚ ਉਜ਼ਬੇਕ ਧਿਰ ਨੇ ਉਜ਼ਬੇਕਿਸਤਾਨ ਵਿੱਚ ਹਿੰਦੀ ਭਾਸ਼ਾ ਲਈ ਲਾਲ ਬਹਾਦਰ ਸ਼ਾਸਤਰੀ ਸਕਾਲਰਸ਼ਿਪ ਦੇ ਐਲਾਨ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਆਈਟੀਈਸੀ ਪ੍ਰੋਗਰਾਮ ਦੇ ਤਹਿਤ ਮਨੁੱਖੀ ਸਰੋਤ ਵਿਕਾਸ ਵਿੱਚ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਦੀ ਆਪਣੀ ਤਿਆਰੀ ਦੁਹਰਾਈ।
ਉਜ਼ਬੇਕਿਸਤਾਨ ਅਤੇ ਭਾਰਤ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰੀ-ਭਰੀ ਅਤੇ ਸਿਹਤਮੰਦ ਧਰਤੀ ਬਣਾਉਣ ਦੀ ਇੱਛਾ ਰੱਖਦੇ ਹਨ, ਜਿਵੇਂ ਕਿ ਉਜ਼ਬੇਕਿਸਤਾਨ ਦੀ “ਯਾਸ਼ਿਲ ਮਾਕੋਨ” ਅਤੇ ਭਾਰਤ ਦੀ “ਏਕ ਪੇੜ ਮਾਂ ਕੇ ਨਾਮ” ਪਹਿਲਕਦਮੀਆਂ ਵਿੱਚ ਝਲਕਦਾ ਹੈ। ਇਸ ਸਾਂਝੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਭਾਰਤ ਅਤੇ ਉਜ਼ਬੇਕਿਸਤਾਨ ਅਰਲ ਸਾਗਰ ਖੇਤਰ ਦੀ ਹਰਿਆਵਲ ਵਧਾਉਣ ਅਤੇ ਵਾਤਾਵਰਣਕ ਮੁੜ-ਵਸੇਬੇ ਵਿੱਚ ਸਹਿਯੋਗ ਕਰਨਗੇ। ਜ਼ਰੂਰੀ ਤਕਨੀਕੀ ਸਹਾਇਤਾ ਦੇਣ ਸਮੇਤ 10 ਲੱਖ ਅਮਰੀਕੀ ਡਾਲਰ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਇਹ ਮੁੜ-ਵਸੇਬੇ ਦੇ ਯਤਨ ਭਾਰਤ ਦੇ ਗ੍ਰਾਂਟ-ਇਨ-ਏਡ ਢਾਂਚੇ ਦੇ ਤਹਿਤ ਕੀਤੇ ਜਾਣਗੇ।
ਆਗੂਆਂ ਨੇ ਬਾਇਓ-ਮੈਡੀਕਲ ਖੋਜ ਅਤੇ ਮੈਡੀਕਲ ਨਵੀਨਤਾ ਸਮੇਤ ਜਨਤਕ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ, ਜਿਸ ਤਹਿਤ ਆਧੁਨਿਕ ਵਿਗਿਆਨਕ ਖੋਜ ਰਾਹੀਂ ਨਵੇਂ ਇਲਾਜ ਅਤੇ ਮੈਡੀਕਲ ਤਕਨੀਕਾਂ ਵਿਕਸਿਤ ਕਰਨ ਲਈ ਇੱਕ-ਦੂਜੇ ਦੀਆਂ ਖੂਬੀਆਂ ਦਾ ਲਾਹਾ ਲਿਆ ਜਾਵੇਗਾ।
ਦੋਵਾਂ ਆਗੂਆਂ ਨੇ ਫਾਰਮਾ ਖੇਤਰ ਵਿੱਚ ਵਧਦੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਤਾਸ਼ਕੰਦ ਫਾਰਮਾ ਪਾਰਕ ਇਨੋਵੇਟਿਵ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਫਾਰਮਾਸਿਊਟੀਕਲ ਕਲੱਸਟਰ ਦੀ ਅਥਾਹ ਸਮਰੱਥਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਨੂੰ ਸਾਂਝੇ ਪ੍ਰੋਜੈਕਟਾਂ ਨੂੰ ਲਾਗੂ ਕਰਨ, ਆਧੁਨਿਕ ਦਵਾਈ ਨਿਰਮਾਣ ਵਿੱਚ ਨਿਵੇਸ਼ ਆਕਰਸ਼ਿਤ ਕਰਨ, ਉਤਪਾਦਨ ਨੂੰ ਸਥਾਨਕ ਬਣਾਉਣ, ਤਕਨਾਲੋਜੀ ਤਬਾਦਲੇ ਨੂੰ ਸੁਖਾਲਾ ਬਣਾਉਣ ਅਤੇ ਉੱਚ ਕੁਸ਼ਲ ਕਾਰਜਬਲ ਵਿਕਸਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਦੱਸਿਆ। ਆਗੂਆਂ ਨੇ ਦੋਵਾਂ ਦੇਸ਼ਾਂ ਦੀਆਂ ਸਬੰਧਤ ਸੰਸਥਾਵਾਂ ਅਤੇ ਦਵਾਈ ਕੰਪਨੀਆਂ ਵਿਚਾਲੇ ਨੇੜਲੇ ਸਹਿਯੋਗ ਨੂੰ ਹੁਲਾਰਾ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਆਗੂਆਂ ਨੇ ਭਾਰਤੀ ਕੰਪਨੀਆਂ ਦੇ ਸਹਿਯੋਗ ਨਾਲ ਉਜ਼ਬੇਕਿਸਤਾਨ ਵਿੱਚ ਨਵੇਂ ਮੈਡੀਕਲ ਕੇਂਦਰਾਂ ਅਤੇ ਲੈਬਾਰਟਰੀਆਂ ਦੇ ਨਾਲ-ਨਾਲ ਖੋਜ ਸੰਸਥਾਵਾਂ ਅਤੇ ਸਾਂਝੇ ਦਵਾ ਨਿਰਮਾਣ ਉਦਯੋਗਾਂ ਦੀ ਸਥਾਪਨਾ ਲਈ ਆਪਣਾ ਸਮਰਥਨ ਪ੍ਰਗਟਾਇਆ।
ਉਜ਼ਬੇਕਿਸਤਾਨ ਅਤੇ ਭਾਰਤ ਦੇ ਲੋਕਾਂ ਵਿਚਾਲੇ ਸਦੀਆਂ ਪੁਰਾਣੇ ਇਤਿਹਾਸਕ ਸਬੰਧਾਂ, ਸਾਂਝੀ ਸੱਭਿਆਚਾਰਕ ਤੇ ਸੱਭਿਅਕ ਵਿਰਾਸਤ ਅਤੇ ਆਪਸੀ ਸਤਿਕਾਰ ਦੀਆਂ ਲੰਮੇ ਸਮੇਂ ਦੀਆਂ ਰਵਾਇਤਾਂ ਨੂੰ ਮਾਨਤਾ ਦਿੰਦਿਆਂ, ਦੋਵਾਂ ਆਗੂਆਂ ਨੇ ਸੱਭਿਆਚਾਰਕ ਦਿਨਾਂ, ਤਿਉਹਾਰਾਂ, ਪ੍ਰਦਰਸ਼ਨੀਆਂ, ਕਲਾ ਮੰਡਲੀਆਂ ਦੇ ਦੌਰਿਆਂ ਅਤੇ ਦੋਵਾਂ ਦੇਸ਼ਾਂ ਦੀਆਂ ਸੱਭਿਆਚਾਰਕ ਸੰਸਥਾਵਾਂ ਵਿਚਾਲੇ ਸਿੱਧੇ ਸਬੰਧਾਂ ਨੂੰ ਮਜ਼ਬੂਤ ਕਰਕੇ ਸੱਭਿਆਚਾਰਕ ਅਤੇ ਮਾਨਵੀ ਸਹਿਯੋਗ ਨੂੰ ਹੋਰ ਵਿਸਥਾਰ ਦੇਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੋਵਾਂ ਆਗੂਆਂ ਨੇ 2026-2030 ਦੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਅਤੇ ਪੁਰਾਲੇਖ ਖੇਤਰ ਵਿੱਚ ਉਜ਼ਬੇਕਿਸਤਾਨ-ਭਾਰਤ ਸਹਿਯੋਗ ’ਤੇ ਦਸਤਖਤਾਂ ਦਾ ਸਵਾਗਤ ਕੀਤਾ।
ਦੋਵਾਂ ਆਗੂਆਂ ਨੇ ਵਿਸ਼ਵ ਵਿਰਾਸਤੀ ਸਥਾਨਾਂ ਦੀ ਸੰਭਾਲ, ਅਧਿਐਨ, ਬਹਾਲੀ ਅਤੇ ਪ੍ਰੋਤਸਾਹਨ ਵਿੱਚ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਸਬੰਧਤ ਖੋਜ ਸੰਸਥਾਵਾਂ, ਅਜਾਇਬ ਘਰਾਂ ਅਤੇ ਬਹਾਲੀ ਕੇਂਦਰਾਂ ਵਿਚਾਲੇ ਸਹਿਯੋਗ ਵਧਾਉਣ ਵਿੱਚ ਦਿਲਚਸਪੀ ਪ੍ਰਗਟਾਈ। ਇਸ ਵਿੱਚ ਸੱਭਿਆਚਾਰਕ ਵਿਰਾਸਤੀ ਥਾਵਾਂ ਦਾ ਡਿਜੀਟਲੀਕਰਨ, ਪੁਰਾਤੱਤਵ ਕਲਾਕ੍ਰਿਤੀਆਂ ਦੇ ਤਿੰਨ-ਪਸਾਰੀ (3ਡੀ) ਮਾਡਲਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਸੰਭਾਲ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਸ਼ਾਮਲ ਹੈ। ਇਸ ਸਬੰਧ ਵਿੱਚ, ਦੋਵਾਂ ਆਗੂਆਂ ਨੇ ਫਯਾਜ਼ ਟੇਪਾ ਅਤੇ ਕਰਾਟੇਪਾ ਦੇ ਪ੍ਰਾਚੀਨ ਬੋਧੀ ਸਥਾਨਾਂ ਦੀ ਸੰਭਾਲ ਅਤੇ ਬਹਾਲੀ ’ਤੇ ਹਸਤਾਖਰ ਕੀਤੇ ਆਸ਼ੇ ਪੱਤਰ ਦੀ ਸ਼ਲਾਘਾ ਕੀਤੀ।
ਆਗੂਆਂ ਨੇ ਬੈਡਮਿੰਟਨ, ਤੀਰਅੰਦਾਜ਼ੀ ਅਤੇ ਸ਼ਤਰੰਜ ਵਰਗੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਤਿਆਰੀ ਅਤੇ ਕੋਚਾਂ ਦੀ ਸਿਖਲਾਈ ਵਿੱਚ ਤਜਰਬੇ ਦੇ ਆਦਾਨ-ਪ੍ਰਦਾਨ ਸਮੇਤ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਆਗੂਆਂ ਨੇ ਸਿਹਤਮੰਦ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਅਤੇ ਲੋਕ-ਸੰਪਰਕਾਂ ਨੂੰ ਮਜ਼ਬੂਤ ਕਰਨ ਵਿੱਚ ਯੋਗ ਦੀ ਭੂਮਿਕਾ ’ਤੇ ਤਸੱਲੀ ਪ੍ਰਗਟਾਈ ਅਤੇ 21 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਵਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਆਗੂਆਂ ਨੇ ਇੰਸਟ੍ਰਕਟਰ ਸਿਖਲਾਈ ਦੇ ਸਬੰਧ ਵਿੱਚ ਉਜ਼ਬੇਕਿਸਤਾਨ ਯੋਗ ਫੈਡਰੇਸ਼ਨ ਅਤੇ ਭਾਰਤ ਦੇ ਆਯੁਸ਼ ਮੰਤਰਾਲੇ ਵਿਚਾਲੇ ਸਹਿਯੋਗ ਦਾ ਸਵਾਗਤ ਕੀਤਾ ਅਤੇ ਨਾਲ ਹੀ ਕੌਮਾਂਤਰੀ ਯੋਗਾਸਨ ਮੁਕਾਬਲਿਆਂ ਵਿੱਚ ਉਜ਼ਬੇਕਿਸਤਾਨ ਦੀ ਭਾਗੀਦਾਰੀ ਦਾ ਵੀ ਸਵਾਗਤ ਕੀਤਾ। ਆਗੂਆਂ ਨੇ ਮੋਹਰੀ ਭਾਰਤੀ ਮਾਹਰਾਂ ਦੀ ਸ਼ਮੂਲੀਅਤ ਨਾਲ ਉਜ਼ਬੇਕਿਸਤਾਨ ਵਿੱਚ ਯੋਗ ਦੇ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਵਿੱਚ ਨਿਰੰਤਰ ਸਹਿਯੋਗ ਦੇਣ ਦੀ ਆਪਣੀ ਤਿਆਰੀ ਦੁਹਰਾਈ। ਆਗੂਆਂ ਨੇ ਰਵਾਇਤੀ ਮੈਡੀਸਨ ਵਿੱਚ ਸਹਿਯੋਗ ਲਈ ਸਮਝੌਤਾ ਮੈਮੋਰੰਡਮ ’ਤੇ ਹਸਤਾਖਰ ਦਾ ਵੀ ਸਵਾਗਤ ਕੀਤਾ।
ਕੌਮਾਂਤਰੀ ਸਹਿਯੋਗ
ਦੋਵਾਂ ਆਗੂਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਆਲਮੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਵਿੱਚ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਅਤੇ ਖੇਤਰੀ ਸੰਗਠਨਾਂ ਵਿੱਚ ਆਪਸੀ ਸਹਿਯੋਗ ਸਮੇਤ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਪ੍ਰਗਟਾਈ।
ਦੋਵਾਂ ਆਗੂਆਂ ਨੇ ਸੰਯੁਕਤ ਰਾਸ਼ਟਰ, ਜਿਸ ਵਿੱਚ ਸੁਰੱਖਿਆ ਪ੍ਰੀਸ਼ਦ ਵੀ ਸ਼ਾਮਲ ਹੈ, ਵਿੱਚ ਵਿਆਪਕ ਸੁਧਾਰ ਦਾ ਸੱਦਾ ਦਿੱਤਾ, ਤਾਂ ਜੋ ਮੌਜੂਦਾ ਆਲਮੀ ਹਕੀਕਤਾਂ ਨੂੰ ਦਰਸਾਇਆ ਜਾ ਸਕੇ ਅਤੇ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦਿਆਂ ਨਾਲ ਨਜਿੱਠਣ ਵਿੱਚ ਇਸ ਨੂੰ ਵਧੇਰੇ ਪ੍ਰਤੀਨਿਧ, ਪ੍ਰਭਾਵਸ਼ਾਲੀ ਅਤੇ ਕੁਸ਼ਲ ਬਣਾਇਆ ਜਾ ਸਕੇ। ਉਜ਼ਬੇਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਦੁਹਰਾਇਆ।
ਆਗੂਆਂ ਨੇ ਗਲੋਬਲ ਸਾਊਥ ਦੇ ਦੇਸ਼ਾਂ ਦੇ ਸਾਂਝੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕੌਮਾਂਤਰੀ ਮੰਚਾਂ ਵਿੱਚ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਆਗੂਆਂ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਅੰਦਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਇਸ ਨੂੰ ਆਪਸੀ ਵਿਸ਼ਵਾਸ ਵਧਾਉਣ, ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਅਤੇ ਵਪਾਰ ਅਤੇ ਆਰਥਿਕ ਮਾਮਲਿਆਂ, ਨਿਵੇਸ਼ ਅਤੇ ਸੱਭਿਆਚਾਰਕ ਅਤੇ ਮਨੁੱਖੀ ਆਦਾਨ-ਪ੍ਰਦਾਨ ਵਿੱਚ ਸਹਿਯੋਗ ਦਾ ਵਿਸਥਾਰ ਕਰਨ ਲਈ ਇੱਕ ਅਹਿਮ ਮੰਚ ਵਜੋਂ ਮਾਨਤਾ ਦਿੱਤੀ।
ਰਾਸ਼ਟਰਪਤੀ ਸ਼੍ਰੀ ਸ਼ਵਕਤ ਮਿਰਜ਼ਿਯੋਏਵ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ 2026 ਵਿੱਚ ਬ੍ਰਿਕਸ ਦੀ ਭਾਰਤ ਦੀ ਪ੍ਰਧਾਨਗੀ ਲਈ ਵਧਾਈ ਦਿੱਤੀ ਅਤੇ ਬ੍ਰਿਕਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਵਿੱਚ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2027-2030 ਦੇ ਸਮੇਂ ਲਈ ਗੁੱਟ-ਨਿਰਲੇਪ ਅੰਦੋਲਨ ਦੀ ਸਫਲ ਪ੍ਰਧਾਨਗੀ ਲਈ ਉਜ਼ਬੇਕਿਸਤਾਨ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਅਤੇ ਇਸ ਦੇ ਬਾਨੀ ਮੈਂਬਰ ਵਜੋਂ ਅੰਦੋਲਨ ਨੂੰ ਸਮਰਥਨ ਦੇਣਾ ਜਾਰੀ ਰੱਖਣ ਲਈ ਭਾਰਤ ਦੀ ਤਿਆਰੀ ਦੀ ਪੁਸ਼ਟੀ ਕੀਤੀ।
ਦੋਵਾਂ ਆਗੂਆਂ ਨੇ ਆਪੋ-ਆਪਣੇ ਖੇਤਰਾਂ ਵਿੱਚ ਆਲਮੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਮੰਚ ਵਜੋਂ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ) ਅਤੇ ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ) ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਭਾਰਤੀ ਧਿਰ ਨੇ ਇਨ੍ਹਾਂ ਢਾਂਚਿਆਂ ਵਿੱਚ ਸ਼ਾਮਲ ਹੋਣ ਵਿੱਚ ਉਜ਼ਬੇਕ ਧਿਰ ਦੀ ਦਿਲਚਸਪੀ ਦਾ ਸਵਾਗਤ ਕੀਤਾ ਅਤੇ ਇਨ੍ਹਾਂ ਲਈ ਜ਼ਰੂਰੀ ਸਲਾਹ-ਮਸ਼ਵਰੇ ਅਤੇ ਪ੍ਰਕਿਰਿਆਵਾਂ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਦੀ ਆਪਣੀ ਤਿਆਰੀ ਪ੍ਰਗਟਾਈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯਾਤਰਾ ਦੌਰਾਨ ਮਿਲੇ ਨਿੱਘੇ ਸਵਾਗਤ ਅਤੇ ਸ਼ਾਨਦਾਰ ਪ੍ਰਾਹੁਣਚਾਰੀ ਲਈ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਸ਼ਵਕਤ ਮਿਰਜ਼ਿਯੋਏਵ ਦੇ ਨਾਲ-ਨਾਲ ਉਜ਼ਬੇਕਿਸਤਾਨ ਸਰਕਾਰ ਅਤੇ ਉੱਥੋਂ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਭਾਰਤ ਦੇ ਪ੍ਰਧਾਨ ਮੰਤਰੀ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨੂੰ ਭਾਰਤ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ। ਇਸ ਲਈ ਤਰੀਕਾਂ ਤੈਅ ਕਰਨ ਦਾ ਕੰਮ ਕੂਟਨੀਤਕ ਚੈਨਲਾਂ ਰਾਹੀਂ ਕੀਤਾ ਜਾਵੇਗਾ।
****
ਐੱਮਜੇਪੀਐੱਸ/ਐੱਸਐੱਸ/ਵੀਜੇ
Sharing my remarks during the press meet with President Mirziyoyev of Uzbekistan. @president_uz https://t.co/gNUxFDq0Qj
— Narendra Modi (@narendramodi) August 30, 2026