Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੋਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

PM’s Press Statement during Joint Press Statement with the Prime Minister of Poland


ਮਾਣਯੋਗ ਪ੍ਰਧਾਨ ਮੰਤਰੀ, 

ਦੋਵਾਂ ਦੇਸ਼ਾਂ ਦੇ ਵਫ਼ਦ, 

ਮੀਡੀਆ ਦੇ ਸਾਥੀਓ, 

ਨਮਸਕਾਰ!

 

ਪੋਲੈਂਡ ਦੇ ਪ੍ਰਧਾਨ ਮੰਤਰੀ ਜੀ ਦਾ ਭਾਰਤ ਵਿੱਚ ਦਿਲੋਂ ਸੁਆਗਤ ਕਰਦਿਆਂ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।

2024 ਵਿੱਚ ਮੇਰੀ ਪੋਲੈਂਡ ਯਾਤਰਾ ਦੌਰਾਨ ਉਨ੍ਹਾਂ ਨੇ ਮੇਰਾ ਅਤੇ ਮੇਰੇ ਵਫ਼ਦ ਦਾ ਨਿੱਘਾ ਸੁਆਗਤ ਕੀਤਾ ਸੀ। ਉਸ ਯਾਤਰਾ ਵਿੱਚ ਅਸੀਂ ਆਪਣੇ ਸੰਬੰਧਾਂ ਨੂੰ ਰਣਨੀਤਕ ਭਾਈਵਾਲੀ ਦਾ ਦਰਜਾ ਦਿੱਤਾ। 

ਇਸ ਮਜ਼ਬੂਤ ਅਧਾਰ ’ਤੇ, ਪਿਛਲੇ ਦੋ ਸਾਲਾਂ ਵਿੱਚ ਸਾਡੀ ਭਾਈਵਾਲੀ ਨੇ ਨਵੀਂ ਰਫ਼ਤਾਰ ਪਕੜੀ ਹੈ। ਅਤੇ ਅੱਜ ਪ੍ਰਧਾਨ ਮੰਤਰੀ ਜੀ ਨਾਲ ਹੋਈ ਮੀਟਿੰਗ ਵਿੱਚ, ਅਸੀਂ ਆਪਣੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ।

 

ਸਾਥੀਓ, 

ਭਾਰਤ ਅਤੇ ਪੋਲੈਂਡ ਦੀ ਦੋਸਤੀ ਕੇਵਲ ਕੂਟਨੀਤਕ ਸਬੰਧਾਂ ’ਤੇ ਨਹੀਂ, ਸਗੋਂ ਮਨੁੱਖਤਾ ਅਤੇ ਹਮਦਰਦੀ ਦੀ ਸਾਂਝੀ ਵਿਰਾਸਤ ’ਤੇ ਅਧਾਰਿਤ ਹੈ। 

ਦੂਜੇ ਵਿਸ਼ਵ ਯੁੱਧ ਦੌਰਾਨ ਜਾਮਨਗਰ ਅਤੇ ਕੋਹਲਾਪੁਰ ਦੇ ਸ਼ਾਹੀ ਪਰਿਵਾਰਾਂ ਨੇ, ਪੋਲੈਂਡ ਦੇ ਹਜ਼ਾਰਾਂ ਬੱਚਿਆਂ ਅਤੇ ਪਰਿਵਾਰਾਂ ਨੂੰ ਭਾਰਤ ਵਿੱਚ ਪਨਾਹ ਦਿੱਤੀ ਸੀ। ਅੱਜ ਵੀ ਪੋਲੈਂਡ ਦੇ ਲੋਕ ਜਾਮ ਸਾਹਬ ਨੂੰ ਬਹੁਤ ਸਨਮਾਨ ਨਾਲ “ਦੋਬ੍ਰੀ ਮਹਾਰਾਜਾ”, ਭਾਵ “ਗੁੱਡ ਮਹਾਰਾਜਾ” (Good Maharaja) ਦੇ ਨਾਮ ਨਾਲ ਯਾਦ ਕਰਦੇ ਹਨ। 

2022 ਵਿੱਚ ਯੂਕ੍ਰੇਨ ਤੋਂ ਸਾਡੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਵਿੱਚ ਸਹਿਯੋਗ ਦੇ ਕੇ, ਪੋਲੈਂਡ ਨੇ ਵੀ ਮਨੁੱਖਤਾ ਦੀ ਇਸੇ ਭਾਵਨਾ ਨੂੰ ਅੱਗੇ ਵਧਾਇਆ ਹੈ। ਮੈਨੂੰ ਖ਼ੁਸ਼ੀ ਹੈ ਕਿ ਜਾਮ ਸਾਹਬ ਯੂਥ ਐਕਸਚੇਂਜ ਪ੍ਰੋਗਰਾਮ ਰਾਹੀਂ, ਪੋਲੈਂਡ ਦੇ ਨੌਜਵਾਨ ਭਾਰਤ ਆ ਰਹੇ ਹਨ ਅਤੇ ਸਾਡੀ ਇਤਿਹਾਸਕ ਦੋਸਤੀ ਨੂੰ ਨਵੀਂ ਪੀੜ੍ਹੀ ਤੱਕ ਲੈ ਜਾ ਰਹੇ ਹਨ।

 

ਸਾਥੀਓ, 

ਅੱਜ ਵਿਸ਼ਵ ਅਨਿਸ਼ਚਿਤਤਾ ਅਤੇ ਤਬਦੀਲੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਅਜਿਹੇ ਸਮੇਂ ਵਿੱਚ ਵੀ ਭਾਰਤ ਅਤੇ ਪੋਲੈਂਡ, ਦੋਵੇਂ ਹੀ ਗ੍ਰੋਥ, ਤਕਨਾਲੋਜੀ ਅਤੇ ਨਵੀਨਤਾ ਦੇ ਮਹੱਤਵਪੂਰਨ ਕੇਂਦਰ ਵਜੋਂ ਉਭਰ ਰਹੇ ਹਨ। 

ਪਿਛਲੇ ਸਾਲ ਪੋਲੈਂਡ ਦੀ ਜੀਡੀਪੀ ਨੇ ਇੱਕ ਟ੍ਰਿਲੀਅਨ ਡਾਲਰ ਦਾ ਇਤਿਹਾਸਕ ਪੜਾਅ ਪਾਰ ਕੀਤਾ। ਇਸ ਲਈ ਮੈਂ ਪ੍ਰਧਾਨ ਮੰਤਰੀ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਉੱਥੇ ਹੀ, ਭਾਰਤ ਨੇ ਵੀ ਪਿਛਲੀ ਤਿਮਾਹੀ ਵਿੱਚ 7.8% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ।

 

ਸਾਡੀ ਵਧਦੀ ਆਰਥਿਕ ਤਾਕਤ ਨੇ ਭਾਰਤ-ਪੋਲੈਂਡ ਭਾਈਵਾਲੀ ਲਈ ਨਵੇਂ ਮੌਕੇ ਪੈਦਾ ਕੀਤੇ ਹਨ। ਅਤੇ ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਨੇ ਇਨ੍ਹਾਂ ਮੌਕਿਆਂ ਨੂੰ ਹੋਰ ਵਿਆਪਕ ਬਣਾਇਆ ਹੈ। ਇਸ ਸਮਝੌਤੇ ਦੇ ਲਾਗੂ ਹੋਣ ’ਤੇ ਭਾਰਤ ਤੋਂ ਪੋਲੈਂਡ ਨੂੰ ਮਸ਼ੀਨਰੀ, ਕੈਮੀਕਲਸ, ਪਲਾਸਟਿਕਸ ਅਤੇ ਇੰਜੀਨੀਅਰਿੰਗ ਸਮਾਨ ਦੇ ਨਿਰਯਾਤ ਦੇ ਨਵੇਂ ਮੌਕੇ ਖੁੱਲ੍ਹਣਗੇ। ਨਾਲ ਹੀ, ਰੇਲਵੇ ਅਤੇ ਮੋਬੀਲਿਟੀ, ਐਡਵਾਂਸਡ ਮੈਨੂਫੈਕਚਰਿੰਗ, ਫੂਡ ਪ੍ਰੋਸੈੱਸਿੰਗ ਅਤੇ ਬਾਇਓ-ਟੈੱਕ ਵਰਗੇ ਖੇਤਰਾਂ ਵਿੱਚ ਅਸੀਂ ਪੋਲੈਂਡ ਤੋਂ ਨਵਾਂ ਨਿਵੇਸ਼ ਆਕਰਸ਼ਿਤ ਕਰਾਂਗੇ। 

ਮੈਨੂੰ ਖ਼ਾਸ ਖ਼ੁਸ਼ੀ ਹੈ ਕਿ ਪ੍ਰਧਾਨ ਮੰਤਰੀ ਜੀ ਇੱਕ ਵੱਡੇ ਬਿਜ਼ਨਸ ਵਫ਼ਦ ਨਾਲ ਭਾਰਤ ਆਏ ਹਨ। ਸਾਨੂੰ ਭਰੋਸਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਮਿਲ ਕੇ ਦੁਨੀਆ ਲਈ ਭਰੋਸੇਮੰਦ ਸਪਲਾਈ ਚੇਨ ਵਿਕਸਤ ਕਰਨਗੀਆਂ, ਅਤੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਸਾਡੇ ਸਾਂਝੇ ਟੀਚੇ ਨੂੰ ਵੀ ਸਾਕਾਰ ਕਰਨਗੀਆਂ।

 

ਸਾਥੀਓ, 

ਅੱਜ ਅਸੀਂ ਰੱਖਿਆ, ਪੁਲਾੜ ਅਤੇ ਪਰਮਾਣੂ ਊਰਜਾ ਵਿੱਚ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਬਣਾਈ ਹੈ। ਇਨ੍ਹਾਂ ਸਾਰੇ ਰਣਨੀਤਕ ਖੇਤਰਾਂ ਵਿੱਚ ਅਸੀਂ ਪੋਲੈਂਡ ਦੀਆਂ ਕੰਪਨੀਆਂ ਨੂੰ ਭਾਰਤ ਦੇ ਨਾਲ ਸਹਿ-ਉਤਪਾਦਨ ਅਤੇ ਸਹਿ-ਵਿਕਾਸ ਕਰਨ ਲਈ ਸੱਦਾ ਦਿੰਦੇ ਹਾਂ। 

ਕ੍ਰਿਟੀਕਲ ਮਿਨਰਲਸ ਅਤੇ ਕੋਲ ਗੈਸੀਫਿਕੇਸ਼ਨ ਵਿੱਚ ਵੀ, ਅਸੀਂ ਪੋਲੈਂਡ ਦੀ ਮਾਹਰਾਂ ਨੂੰ ਨਾਲ ਲੈ ਕੇ ਨਵੀਂਆਂ ਭਾਈਵਾਲੀਆਂ ਵਿਕਸਤ ਕਰਾਂਗੇ। 

ਆਈਟੀ ਅਤੇ ਸਾਈਬਰ ਸੁਰੱਖਿਆ ਵਿੱਚ ਸਾਡੇ ਸੰਬੰਧ ਪਹਿਲਾਂ ਤੋਂ ਹੀ ਮਜ਼ਬੂਤ ਹਨ। ਕਈ ਭਾਰਤੀ ਆਈਟੀ ਕੰਪਨੀਆਂ ਪੋਲੈਂਡ ਵਿੱਚ ਕੰਮ ਕਰ ਰਹੀਆਂ ਹਨ। ਇਸ ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਭਾਰਤ-ਪੋਲੈਂਡ ਸਟਾਰਟ-ਅੱਪ ਬ੍ਰਿਜ ਸਥਾਪਿਤ ਕਰਨ ’ਤੇ ਸਹਿਮਤੀ ਬਣਾਈ ਹੈ।

 

ਅਸੀਂ ਦੋਵਾਂ ਦੇਸ਼ਾਂ ਦੇ ਨੌਜਵਾਨਾਂ ਦੇ ਵਿਚਕਾਰ ਟੈਕਨਾਲੋਜੀ ਹੈਕਾਥੌਨਸ ਵੀ ਆਯੋਜਿਤ ਕਰਾਂਗੇ। ਇਨ੍ਹਾਂ ਪਹਿਲਾਂ ਨਾਲ ਏਆਈ, ਸਾਈਬਰ, ਫਿਨ-ਟੈੱਕ ਅਤੇ ਹੋਰ ਉੱਭਰ ਰਹੀਆਂ ਤਕਨੀਕਾਂ ਵਿੱਚ ਸਾਡੇ ਸਹਿਯੋਗ ਨੂੰ ਨਵੀਂ ਰਫ਼ਤਾਰ ਮਿਲੇਗੀ, ਅਤੇ ਦੋਵਾਂ ਦੇਸ਼ਾਂ ਦੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਹੋਣਗੇ।

 

ਸਾਥੀਓ, 

ਸਭਿਆਚਾਰਕ ਅਤੇ ਲੋਕਾਂ ਵਿਚਕਾਰ ਸਾਡੇ ਸੰਬੰਧਾਂ ਦੀ ਸਭ ਤੋਂ ਵੱਡੀ ਤਾਕਤ ਹਨ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਪੋਲੈਂਡ ਵਿੱਚ ਸੰਸਕ੍ਰਿਤ ਅਧਿਐਨ ਅਤੇ ਇੰਡੋਲੋਜੀ (Indology) ਦੀ ਖ਼ੁਸ਼ਹਾਲ ਪਰੰਪਰਾ ਹੈ। 

ਕ੍ਰਾਕੋਵ ਸ਼ਹਿਰ ਵਿੱਚ ਅਸੀਂ ਇੰਡੀਅਨ ਸਟੱਡੀਜ਼ ਚੇਅਰ ਦੀ ਸਥਾਪਨਾ ਕੀਤੀ ਹੈ। ਅੱਜ ਅਸੀਂ ਸੱਭਿਆਚਾਰ ਅਤੇ ਸਿੱਖਿਆ, ਅਤੇ ਨਾਲ-ਨਾਲ ਖੇਡਾਂ ਅਤੇ ਸੈਰ-ਸਪਾਟਾ ਵਿੱਚ ਵੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਹੈ।

 

ਸਾਥੀਓ, 

ਅੱਜ ਅਸੀਂ ਖੇਤਰੀ ਅਤੇ ਗਲੋਬਲ ਵਿਕਾਸ ’ਤੇ ਵੀ ਵਿਸਤਾਰ ਨਾਲ ਚਰਚਾ ਕੀਤੀ। ਭਾਰਤ ਅਤੇ ਪੋਲੈਂਡ, ਦੋਵੇਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਰੂਲ ਆਫ਼ ਲਾਅ ਵਿੱਚ ਵਿਸ਼ਵਾਸ ਰੱਖਦੇ ਹਨ। ਸਾਡਾ ਮੰਨਣਾ ਹੈ ਕਿ ਗਲੋਬਲ ਗਵਰਨੈਂਸ ਸੰਸਥਾਵਾਂ ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸੁਧਾਰ ਜ਼ਰੂਰੀ ਹੈ। 

ਯੂਕ੍ਰੇਨ ਹੋਵੇ ਜਾਂ ਪੱਛਮੀ ਏਸ਼ੀਆ, ਭਾਰਤ ਸ਼ਾਂਤੀ ਦੀ ਦਿਸ਼ਾ ਵਿੱਚ ਕੀਤੇ ਗਏ ਹਰ ਸਾਰਥਕ ਯਤਨ ਦਾ ਸਮਰਥਨ ਕਰਦਾ ਰਹੇਗਾ।

 

ਸਤਿਕਾਰਯੋਗ ਜੀ, 

ਸਾਡੇ ਸਾਂਝੇ ਇਤਿਹਾਸ ਵਿੱਚ ਮਨੁੱਖਤਾ ਅਤੇ ਹਮਦਰਦੀ ਦੀ ਡੂੰਘੀ ਛਾਪ ਹੈ। ਅਤੇ ਸਾਡੇ ਸਾਂਝੇ ਭਵਿੱਖ ਵਿੱਚ ਨਵੀਨਤਾ ਅਤੇ ਤਕਨਾਲੋਜੀ ਸਹਿਯੋਗ ਦੀਆਂ ਅਸੀਮ ਸੰਭਾਵਨਾਵਾਂ ਹਨ। 

ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਇਸ ਯਾਤਰਾ ਨਾਲ, ਭਾਰਤ-ਪੋਲੈਂਡ ਰਣਨੀਤਕ ਭਾਈਵਾਲੀ ਨੂੰ ਨਵੀਂ ਊਰਜਾ ਅਤੇ ਨਵੀਂ ਉਚਾਈ ਮਿਲੇਗੀ। ਇੱਕ ਵਾਰ ਫਿਰ, ਤੁਹਾਡਾ ਅਤੇ ਤੁਹਾਡੇ ਵਫ਼ਦ ਦਾ ਦਿਲੋਂ ਸੁਆਗਤ ਹੈ। 

ਤੁਹਾਡਾ ਬਹੁਤ-ਬਹੁਤ ਧੰਨਵਾਦ।

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ