Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰੀ ਏਕਤਾ ਦਿਵਸ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

ਰਾਸ਼ਟਰੀ ਏਕਤਾ ਦਿਵਸ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ


ਮੈਂ ਕਹਾਂਗਾ ਸਰਦਾਰ ਪਟੇਲ, ਤੁਸੀਂ ਸਾਰੇ ਬੋਲੋ—ਅਮਰ ਰਹਿਣ, ਅਮਰ ਰਹਿਣ। 

ਸਰਦਾਰ ਪਟੇਲ – ਅਮਰ ਰਹਿਣ, ਅਮਰ ਰਹਿਣ। 

ਸਰਦਾਰ ਪਟੇਲ – ਅਮਰ ਰਹਿਣ, ਅਮਰ ਰਹਿਣ । 

ਸਰਦਾਰ ਪਟੇਲ – ਅਮਰ ਰਹਿਣ, ਅਮਰ ਰਹਿਣ ।

 

ਮੇਰੇ ਪਿਆਰੇ ਦੇਸ਼ਵਾਸੀਓ, 

ਅੱਜ ਦਾ ਇਹ ਆਯੋਜਨ ਕੁਝ ਵੱਖਰਾ ਹੈ। ਹੁਣ ਤੱਕ ਅਸੀਂ ਏਕਤਾ ਦਿਵਸ ’ਤੇ ਇਹ ਆਯੋਜਨ ਸਵੇਰੇ ਕਰਦੇ ਆਏ ਹਾਂ। ਇਸ ਵਾਰ ਥੋੜ੍ਹਾ ਤਬਦੀਲੀ ਹੋਈ ਹੈ। ਅਸੀਂ ਸਾਰੇ ਸ਼ਾਮ ਨੂੰ ਇਕੱਠੇ ਹੋਏ ਹਾਂ। ਸਵੇਰੇ ਲੱਖਾਂ-ਲੱਖ ਦੇਸ਼ਵਾਸੀਆਂ ਨੇ ਏਕਤਾ ਦੇ ਸੰਕਲਪ ਨਾਲ ਏਕਤਾ ਦੌੜ ਵਿੱਚ ਹਿੱਸਾ ਲਿਆ। ਅਸੀਂ ਰਨ ਫ਼ਾਰ ਯੂਨਿਟੀ ਵਿੱਚ ਦੇਸ਼ਵਾਸੀਆਂ ਦਾ ਉਤਸ਼ਾਹ ਦੇਖਿਆ। ਮੈਂ ਕੱਲ੍ਹ ਸ਼ਾਮ ਨੂੰ ਭਾਰਤ ਪਰਵ ਪਵੇਲੀਅਨ ਵਿੱਚ ਸ਼ਾਨਦਾਰ ਪੇਸ਼ਕਾਰੀ ਦੇਖੀ। ਅਤੇ ਹੁਣ ਅਸੀਂ ਇਸ ਰਾਸ਼ਟਰੀ ਪੁਰਬ ’ਤੇ ਸਰਦਾਰ ਪਟੇਲ ਦੇ ਚਰਨਾਂ ਵਿੱਚ ਮੌਜੂਦ ਹਾਂ।

ਸਾਥੀਓ, 

ਦੁਨੀਆ ਦੀ ਇਹ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ਼ ਯੂਨਿਟੀ, ਇਸ ਮੂਰਤੀ ਦੇ ਨਿਰਮਾਣ ਵਿੱਚ ਲੱਗੀ ਪੂਰੇ ਦੇਸ਼ ਦੀ ਭਾਗੀਦਾਰੀ, ਇਸ ਜਗ੍ਹਾ ਦੀ ਆਪਣੀ ਅਲੌਕਿਕ ਆਭਾ ਅਤੇ ਏਕਤਾ ਦਿਵਸ ਦੀ ਅਸਧਾਰਨ ਊਰਜਾ ਅਤੇ ਪ੍ਰੇਰਣਾ, ਇੱਥੇ ਆ ਕੇ ਮਨ ਮਾਣ ਅਤੇ ਸ਼ੁਕਰਗੁਜ਼ਾਰੀ ਨਾਲ ਭਰ ਜਾਂਦਾ ਹੈ। ਮਾਣ ਹੈ ਇਸ ਮਹਾਨ ਰਾਸ਼ਟਰ ਦੇ ਨਾਗਰਿਕ ਹੋਣ ਦਾ ਅਤੇ ਸ਼ੁਕਰਗੁਜ਼ਾਰ ਸਰਦਾਰ ਵੱਲਭਭਾਈ ਪਟੇਲ ਪ੍ਰਤੀ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ 550 ਤੋਂ ਵੱਧ ਰਿਆਸਤਾਂ ਨੂੰ ਇੱਕ ਕੀਤਾ। ਫ਼ੌਲਾਦੀ ਇਰਾਦਿਆਂ ਨਾਲ ਇਸ ਰਾਸ਼ਟਰ ਨੂੰ ਏਕਤਾ ਦੇ ਸੂਤਰ ਵਿੱਚ ਪਰੋਇਆ।

 

ਸਾਥੀਓ, 

ਕਿਸੇ ਵੀ ਦੇਸ਼ ਲਈ ਸੁਤੰਤਰਤਾ ਜ਼ਰੂਰੀ ਹੁੰਦੀ ਹੈ। ਜਦੋਂ ਸੁਤੰਤਰਤਾ ਹੁੰਦੀ ਹੈ, ਤਾਂ ਦੇਸ਼ ਆਪਣੇ ਭਵਿੱਖ ਦਾ ਫ਼ੈਸਲਾ ਖੁਦ ਕਰਦਾ ਹੈ। ਪਰ ਸੁਤੰਤਰਤਾ ਨੂੰ ਸਹੀ ਦਿਸ਼ਾ ਮਿਲਦੀ ਹੈ ਗਣਤੰਤਰ ਤੋਂ। ਗਣਤੰਤਰ ਸਾਨੂੰ ਉਨ੍ਹਾਂ ਫ਼ੈਸਲਿਆਂ ਨੂੰ ਸੰਵਿਧਾਨ ਦੀ ਮਰਿਆਦਾ ਵਿੱਚ ਅੱਗੇ ਵਧਾਉਣ ਦਾ ਰਸਤਾ ਦਿਖਾਉਂਦਾ ਹੈ, ਸੰਵਿਧਾਨ ਸਾਨੂੰ ਜਨਤਾ ਪ੍ਰਤੀ ਜਵਾਬਦੇਹ ਰੱਖਦਾ ਹੈ, ਅਤੇ ਏਕਤਾ ਸਾਨੂੰ ਇੱਕ ਰਾਸ਼ਟਰ ਵਜੋਂ ਅੱਗੇ ਵਧਣ ਦੀ ਤਾਕਤ ਦਿੰਦੀ ਹੈ। ਇਸ ਲਈ ਸਾਡੇ ਦੇਸ਼ ਵਿੱਚ ਹੁਣ ਸੁਤੰਤਰਤਾ ਦਿਵਸ, ਗਣਤੰਤਰ ਦਿਵਸ ਅਤੇ ਏਕਤਾ ਦਿਵਸ, ਤਿੰਨੋਂ ਰਾਸ਼ਟਰੀ ਪੁਰਬਾਂ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਸਾਥੀਓ, 

ਇੱਥੇ ਏਕਤਾ ਨਗਰ ਵਿੱਚ ਅੱਜ ਇੱਕ ਵਾਰ ਫਿਰ ਸਾਨੂੰ ਭਾਰਤ ਦੀ ਏਕਤਾ ਦੇ ਮਹਾਨ ਦਰਸ਼ਨ ਹੋਏ ਹਨ। ਇਸ ਸਾਲ ਦੀ ਰਾਸ਼ਟਰੀ ਏਕਤਾ ਪਰੇਡ ਵੀ ਸ਼ਾਨਦਾਰ ਰਹੀ ਹੈ। ਇਹ ਪਰੇਡ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਬਹਾਦਰੀ ਅਤੇ ਸਾਹਸ ਨੂੰ ਸਮਰਪਿਤ ਹੈ। ਦੇਸ਼ ਦੀ ਵਿਰਾਸਤ, ਦੇਸ਼ ਦੀਆਂ ਉਮੀਦਾਂ, ਅੱਜ ਇਹ ਸਭ ਝਾਂਕੀਆਂ ਰਾਹੀਂ ਵੀ ਦੇਸ਼ ਦੇ ਸਾਹਮਣੇ ਆਈਆਂ ਹਨ। ਇਸ ਲਈ ਏਕਤਾ ਦਿਵਸ ਹੁਣ ਕੇਵਲ ਆਯੋਜਨਾਂ ਤੱਕ ਸੀਮਤ ਨਹੀਂ ਹੈ। ਇਹ ਜਨ ਭਾਗੀਦਾਰੀ ਤੋਂ ਜਨਤਕ ਮਾਣ ਦਾ ਉਤਸ਼ਾਹ ਵੀ ਬਣ ਗਿਆ ਹੈ। ਮੈਂ ਇਸ ਮੌਕੇ ’ਤੇ ਸਾਰੇ ਦੇਸ਼ਵਾਸੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਵਧਾਈ ਦਿੰਦਾ ਹਾਂ। ਮੈਂ ਸਰਦਾਰ ਵੱਲਭਭਾਈ ਪਟੇਲ ਦੇ ਚਰਨਾਂ ਵਿੱਚ ਸ਼ਰਧਾਭਾਵ ਨਾਲ ਨਮਨ ਕਰਦਾ ਹਾਂ।

 

ਸਾਥੀਓ, 

ਸਰਦਾਰ ਪਟੇਲ ਭਾਰਤ ਦੇ ਇਤਿਹਾਸ ਦੀ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਤੋਂ ਬਿਨਾਂ ਅੱਜ ਦੇ ਭਾਰਤ ਦੀ ਕਲਪਨਾ ਵੀ ਮੁਸ਼ਕਲ ਹੈ। ਸਰਦਾਰ ਪਟੇਲ ਨੇ ਭਾਰਤ ਦੇ ਵਰਤਮਾਨ ਸਰੂਪ ਨੂੰ ਘੜਿਆ ਹੈ। ਵੰਡ ਤੋਂ ਬਾਅਦ ਵੀ ਜਿਨ੍ਹਾਂ ਨੇ ਹਿਮਾਲਿਆ ਤੋਂ ਹਿੰਦ ਮਹਾਸਾਗਰ ਤੱਕ ਭਾਰਤ ਨੂੰ ਸੁਰੱਖਿਅਤ ਰੱਖਿਆ, ਉਹ ਸਰਦਾਰ ਪਟੇਲ ਹੀ ਸਨ।

ਸਾਥੀਓ, 

ਸਰਦਾਰ ਪਟੇਲ ਇਹ ਇਸ ਲਈ ਕਰ ਪਾਏ, ਕਿਉਂਕਿ ਉਹ ਭਾਰਤ ਦੇ ਸੁਭਾਅ ਅਤੇ ਚੇਤਨਾ ਤੋਂ ਜਾਣੂ ਸਨ। ਉਹ ਜਾਣਦੇ ਸਨ ਕਿ ਭਾਰਤ ਦੀ ਵਿਭਿੰਨਤਾ ਇਸ ਦੀ ਰੁਕਾਵਟ ਨਹੀਂ, ਉਹ ਜਾਣਦੇ ਸਨ ਕਿ ਭਾਰਤ ਦੀ ਵਿਭਿੰਨਤਾ ਤਾਂ ਇਸ ਦੀ ਏਕਤਾ ਦਾ ਅਸਲ ਅਧਾਰ ਹੈ। ਅਸੀਂ ਹਜ਼ਾਰਾਂ ਸਾਲਾਂ ਤੋਂ ਇਸੇ ਤਰ੍ਹਾਂ ਜਿਉਂਦੇ ਆਏ ਹਾਂ। ਅਸੀਂ ਇਸੇ ਤਾਕਤ ਨਾਲ ਤਰੱਕੀ ਅਤੇ ਖ਼ੁਸ਼ਹਾਲੀ ਦੇ ਸਿਖ਼ਰਾਂ ਨੂੰ ਛੂਹਿਆ ਹੈ।

ਸਾਥੀਓ, 

ਸਰਦਾਰ ਪਟੇਲ ਨੇ ਇੱਕ ਵਾਰ ਫਿਰ ਉਸੇ ਭਾਰਤ ਦੀ ਨੀਂਹ ਪੱਧਰੀ ਕੀਤੀ। ਉਨ੍ਹਾਂ ਨੇ ਦੇਸ਼ ਦੇ ਭੂਗੋਲ ਨੂੰ ਹੀ ਨਹੀਂ ਜੋੜਿਆ, ਉਨ੍ਹਾਂ ਨੇ ਦੇਸ਼ ਨੂੰ ਭਾਵਨਾਤਮਕ ਏਕਤਾ ਦੇ ਸੂਤਰ ਵਿੱਚ ਵੀ ਪਰੋਇਆ। ਗੁਜਰਾਤ ਵਿੱਚ ਸੋਮਨਾਥ ਮੰਤਰੀ ਦੇ ਪੁਨਰਨਿਰਮਾਣ ਰਾਹੀਂ, ਉਨ੍ਹਾਂ ਨੇ ਰਾਸ਼ਟਰ ਦੇ ਸਭਿਆਚਾਰਕ ਪੁਨਰ-ਉਥਾਨ ਦਾ ਵੀ ਸ਼੍ਰੀ ਗਣੇਸ਼ ਕੀਤਾ।

 

ਸਾਥੀਓ, 

ਇਸ ਸਾਲ ਉਸ ਮਹਾਨ ਕਾਰਜ ਨੂੰ ਵੀ 75 ਸਾਲ ਪੂਰੇ ਹੋਏ ਹਨ। ਜਿਸ ਤਰ੍ਹਾਂ ਸਾਰੇ ਅੱਤਿਆਚਾਰੀਆਂ ਦੇ ਇਰਾਦਿਆਂ ਨੂੰ ਨਾਕਾਮ ਕਰਦਿਆਂ, ਇੱਕ ਹਜ਼ਾਰ ਸਾਲ ਤੋਂ ਸੋਮਨਾਥ ਮੰਦਰ ਦਾ ਝੰਡਾ ਪੂਰੇ ਸਵੈਮਾਨ ਨਾਲ ਲਹਿਰਾ ਰਿਹਾ ਹੈ। ਉਸੇ ਆਤਮ-ਸਨਮਾਨ ਨੇ ਸਾਨੂੰ ਸੋਮਨਾਥ ਸਵਾਭਿਮਾਨ ਪਰਵ ਦੀ ਪ੍ਰੇਰਣਾ ਦਿੱਤੀ, ਅਤੇ ਇਸ ਸਾਲ ਦੇਸ਼ ਇਸ ਜਸ਼ਨ ਨੂੰ ਵੀ ਓਨੇ ਹੀ ਉਤਸ਼ਾਹ ਨਾਲ ਮਨਾ ਰਿਹਾ ਹੈ।

ਮੇਰੇ ਪਿਆਰੇ ਦੇਸ਼ਵਾਸੀਓ, 

ਅੱਜ ਰਾਸ਼ਟਰੀ ਏਕਤਾ ਦੀਆਂ ਮਹਾਨ ਰਸਮਾਂ, ਆਲਮੀ ਮੰਚ ’ਤੇ ਭਾਰਤ ਦਾ ਵਧਦਾ ਹੋਇਆ ਕੱਦ, ਸਾਡੀ ਆਰਥਿਕ ਤਰੱਕੀ ਦੀ ਇਹ ਤੇਜ਼ ਰਫ਼ਤਾਰ, ਅਤੇ ਕਾਸ਼ੀ ਵਿਸ਼ਵਨਾਥ ਤੋਂ ਲੈ ਕੇ ਰਾਮ ਮੰਦਰ ਤੱਕ ਦੀ ਮੁੜ-ਸੁਰਜੀਤੀ, ਅੱਜ ਦੇਸ਼ ਜਿਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਉਹ ਰਾਹ ਸਾਨੂੰ ਸਰਦਾਰ ਪਟੇਲ ਨੇ ਦਿਖਾਈ ਹੈ। ਅਤੇ ਇਸ ਲਈ ਇਹ ਦੇਸ਼ ਹਮੇਸ਼ਾ-ਹਮੇਸ਼ਾ ਉਨ੍ਹਾਂ ਦਾ ਕਰਜ਼ਾਈ ਰਹੇਗਾ।

 

ਸਾਥੀਓ, 

ਪਿਛਲੇ ਸਾਲ ਅਸੀਂ ਸਰਦਾਰ ਪਟੇਲ ਦੀ 150ਵੀਂ ਜਯੰਤੀ ਮਨਾਈ ਸੀ। ਦੋ ਸਾਲਾਂ ਤੱਕ ਦੇਸ਼ ਵਿੱਚ ਉਤਸਵਾਂ ਦਾ ਆਯੋਜਨ ਹੋਇਆ ਸੀ। ਅਸੀਂ ਦੇਸ਼ ਲਈ ਵੱਡੇ ਸੰਕਲਪ ਲਏ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਸਹੁੰ ਚੁੱਕੀ ਸੀ। ਅਤੇ, ਅੱਜ ਜਦੋਂ ਅਸੀਂ ਸਰਦਾਰ ਪਟੇਲ ਦੀ 151ਵਾਂ ਜਯੰਤੀ ਮਨਾ ਰਹੇ ਹਾਂ, ਤਾਂ ਅਸੀਂ ਸੰਤੋਸ਼ ਨਾਲ ਕਹਿ ਸਕਦੇ ਹਾਂ, ਦੇਸ਼ ਨੇ ਆਪਣੇ ਸੰਕਲਪਾਂ ਨੂੰ ਇੰਨੇ ਘੱਟ ਸਮੇਂ ਵਿੱਚ ਪੂਰਾ ਕਰਕੇ ਦਿਖਾਇਆ। ਇਨ੍ਹਾਂ ਦੋ ਸਾਲਾਂ ਵਿੱਚ ਦੇਸ਼ ਨੇ ਕਈ ਅਭੁੱਲ ਉਪਲਬਧੀਆਂ ਹਾਸਲ ਕੀਤੀਆਂ ਹਨ।

 

ਸਾਥੀਓ, 

ਸਰਦਾਰ ਪਟੇਲ ਦੇ 150ਵੇਂ ਜਨਮ ਦਿਵਸ ’ਤੇ, ਮੈਂ ਇੱਥੇ ਉਨ੍ਹਾਂ ਦੇ ਚਰਨਾਂ ਵਿੱਚ ਖੜ੍ਹੇ ਹੋ ਕੇ ਕਿਹਾ ਸੀ, “ਜਦੋਂ ਤੱਕ, ਜਦੋਂ ਤੱਕ ਦੇਸ਼ ਨਕਸਲਵਾਦ, ਮਾਓਵਾਦੀ ਅੱਤਵਾਦ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਜਾਂਦਾ, ਅਸੀਂ ਆਰਾਮ ਨਾਲ ਬੈਠਣ ਵਾਲੇ ਨਹੀਂ ਹਾਂ।” ਅਤੇ, ਠੀਕ ਇੱਕ ਸਾਲ ਬਾਅਦ, ਅੱਜ ਜਦੋਂ ਅਸੀਂ ਇੱਥੇ ਮੌਜੂਦ ਹਾਂ, ਦੇਸ਼ ਦਾ ਉਹ ਸੰਕਲਪ ਪੂਰਾ ਹੋ ਚੁੱਕਿਆ ਹੈ। ਅੱਜ ਦੇਸ਼ ਵਿੱਚ ਨਕਸਲਵਾਦ ਦੀ ਕਮਰ ਤੋੜੀ ਜਾ ਚੁੱਕੀ ਹੈ। 2015 ਵਿੱਚ ਦੇਸ਼ ਦੇ 126 ਜ਼ਿਲ੍ਹੇ ਖੱਬੇ-ਪੱਖੀ ਕੱਟੜਪੰਥ ਤੋਂ ਪ੍ਰਭਾਵਿਤ ਸਨ। ਮਾਰਚ 2026 ਤੱਕ ਦੇਸ਼ ਵਿੱਚ ਅਜਿਹਾ ਕੋਈ ਜ਼ਿਲ੍ਹੇ ਨਹੀਂ ਰਹਿ ਗਿਆ, ਜੋ ਹੁਣ ਵੀ ਨਕਸਲਵਾਦ ਤੋਂ ਪ੍ਰਭਾਵਿਤ ਹੋਵੇ। ਦਹਾਕਿਆਂ ਤੱਕ ਹਿੰਸਾ ਅਤੇ ਖ਼ੂਨ-ਖ਼ਰਾਬੇ ਤੋਂ ਪੀੜਤ ਇਹ ਜ਼ਿਲ੍ਹੇ, ਹੁਣ ਵਿਕਾਸ ਦੀ ਮੁੱਖ ਧਾਰਾ ਦਾ ਹਿੱਸਾ ਬਣ ਰਹੇ ਹਨ। ਅੱਜ ਇਨ੍ਹਾਂ ਇਲਾਕਿਆਂ ਵਿੱਚ ਸੜਕਾਂ ਦਾ ਵਿਸਤਾਰ ਹੋ ਰਿਹਾ ਹੈ, ਮੋਬਾਈਲ ਨੈੱਟਵਰਕ ਪਹੁੰਚ ਰਿਹਾ ਹੈ, ਸਕੂਲ ਅਤੇ ਸਿਹਤ ਦੀਆਂ ਸਹੂਲਤਾਂ ਵਧ ਰਹੀਆਂ ਹਨ। ਜਿਨ੍ਹਾਂ ਨੌਜਵਾਨਾਂ ਸਾਹਮਣੇ ਕਦੇ ਅਨਿਸ਼ਚਿਤਤਾ ਸੀ, ਉਨ੍ਹਾਂ ਲਈ ਸਿੱਖਿਆ, ਰੁਜ਼ਗਾਰ ਅਤੇ ਅੱਗੇ ਵਧਣ ਦੇ ਨਵੇਂ ਮੌਕੇ ਖੁੱਲ੍ਹ ਰਹੇ ਹਨ।

ਸਾਥੀਓ, 

ਇਸ ਵਾਰ ਏਕਤਾ ਦਿਵਸ ਦੇ ਇਸ ਆਯੋਜਨ ਵਿੱਚ, ਨਕਸਲ ਪੀੜਤ ਇਲਾਕਿਆਂ ਦੇ ਪਰਿਵਾਰ ਇੱਥੇ ਮਹਿਮਾਨ ਬਣ ਕੇ ਸ਼ਾਮਲ ਹੋਏ ਹਨ। ਮੈਂ ਉਨ੍ਹਾਂ ਸਾਰਿਆਂ ਦਾ ਇੱਥੇ ਸੁਆਗਤ ਕਰਦਾ ਹਾਂ, ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ। ਮੈਂ ਅੱਜ ਉਨ੍ਹਾਂ ਸਾਰੇ ਵੀਰ ਜਵਾਨਾਂ ਨੂੰ ਵੀ ਨਮਨ ਕਰਦਾ ਹਾਂ, ਜਿਨ੍ਹਾਂ ਨੇ ਦੇਸ਼ ਦੇ ਇਨ੍ਹਾਂ ਖੇਤਰਾਂ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਸਰਬਉੱਚ ਬਲੀਦਾਨ ਦਿੱਤਾ।

 

ਸਾਥੀਓ, 

ਅੱਜ ਭਾਰਤ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਹੈ, ਅੱਜ ਭਾਰਤ ਵਧੇਰੇ ਸੰਕਲਪਿਤ ਹੈ, ਅਤੇ ਇਸ ਦਾ ਇੱਕ ਵੱਡਾ ਕਾਰਨ, ਦੇਸ਼ਵਾਸੀਆਂ ਦਾ ਵਧਿਆ ਹੋਇਆ ਆਤਮਵਿਸ਼ਵਾਸ ਹੈ। ਅਤੇ ਆਤਮਵਿਸ਼ਵਾਸ, ਸਿੱਧੀਆਂ ਤੋਂ ਆਉਂਦਾ ਹੈ, ਸਰਕਾਰ ਅਤੇ ਪ੍ਰਣਾਲੀ ਦੀ ਸੰਵੇਦਨਸ਼ੀਲਤਾ ਤੋਂ ਆਉਂਦਾ ਹੈ। ਅੱਜ ਅਜਿਹੀ ਹੀ ਇੱਕ ਵੱਡੀ ਰਾਸ਼ਟਰੀ ਸਿੱਧੀ ਦੀ ਚਰਚਾ ਮੈਂ ਜ਼ਰੂਰ ਕਰਨਾ ਚਾਹੁੰਦਾ ਹਾਂ।

ਸਾਥੀਓ, 

ਭਾਰਤ ਵਿੱਚ ਗ਼ਰੀਬੀ ਹਟਾਉਣ ਦੀਆਂ ਗੱਲਾਂ ਆਜ਼ਾਦੀ ਤੋਂ ਬਾਅਦ ਤੋਂ ਹੀ ਚੱਲੀ ਆ ਰਹੀਆਂ ਹਨ। ਗ਼ਰੀਬੀ ਹਟਾਉਣ ਦੇ ਨਾਂ ’ਤੇ ਵੋਟਾਂ ਮੰਗੀਆਂ ਗਈਆਂ। ਪਰ ਦੇਸ਼ ਵਿੱਚ ਗ਼ਰੀਬੀ ਦੀ ਕੀ ਸਥਿਤੀ ਰਹੀ, ਇਹ ਅਸੀਂ ਸਾਰੇ ਜਾਣਦੇ ਹਾਂ। ਜਿਨ੍ਹਾਂ ਨੇ ਗ਼ਰੀਬੀ ਹਟਾਓ ਦੇ ਨਾਅਰੇ ਲਗਾਏ, ਉਹ ਖੁਦ ਅਮੀਰ ਹੁੰਦੇ ਚਲੇ ਗਏ। ਹਾਲਾਤ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ, ਬੀਤੇ ਕੁਝ ਸਾਲਾਂ ਵਿੱਚ। ਕੁਝ ਦਿਨ ਪਹਿਲਾਂ ਹੀ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਆਈ ਹੈ। ਇਹ ਰਿਪੋਰਟ ਦੱਸਦੀ ਹੈ ਕਿ 2024 ਤੋਂ ਪਹਿਲਾਂ ਦੇ 10-12 ਸਾਲਾਂ ਵਿੱਚ, 50 ਕਰੋੜ ਭਾਰਤੀਆਂ ਨੇ ਗ਼ਰੀਬੀ ਨੂੰ ਹਰਾਇਆ ਹੈ। ਭਾਵ ਪਹਿਲਾਂ ਜਿੱਥੇ 100 ਵਿੱਚੋਂ 27 ਲੋਕ, ਇੱਕ ਚੌਥਾਈ ਤੋਂ ਵੀ ਵੱਧ, 100 ਵਿੱਚੋਂ 27 ਲੋਕ ਭਿਆਨਕ ਗ਼ਰੀਬੀ ਦੀ ਚਪੇਟ ਵਿੱਚ ਸਨ, ਅੱਜ ਇਹ ਗਿਣਤੀ ਘੱਟ ਹੁੰਦੀ-ਹੁੰਦੀ 100 ਵਿੱਚੋਂ ਸਿਰਫ਼ 3 ਤੋਂ ਵੀ ਘੱਟ ਰਹਿ ਗਈ ਹੈ।

 

ਸਾਥੀਓ, 

ਪੂਰੀ ਦੁਨੀਆ ਮੰਨ ਰਹੀ ਹੈ ਕਿ ਇਹ ਬਹੁਤ ਵੱਡੀ ਸਿੱਧੀ ਹੈ। ਪਰ ਇਹ ਸਭ ਹੋਇਆ ਕਿਵੇਂ? ਇਹ ਸਭ ਇਸ ਲਈ ਹੋਇਆ, ਕਿਉਂਕਿ ਪਿਛਲੇ 12 ਸਾਲਾਂ ਤੋਂ ਦੇਸ਼, ਗ਼ਰੀਬ ਭਲਾਈ, ਗ਼ਰੀਬਾਂ ਨੂੰ ਸਸ਼ਕਤ ਕਰਨ ਨੂੰ ਤਰਜੀਹ ਦੇ ਰਿਹਾ ਹੈ। ਇਨ੍ਹਾਂ 12 ਸਾਲਾਂ ਵਿੱਚ, ਦੇਸ਼ ਨੂੰ ਲੀਕੇਜ ਫ੍ਰੀ ਸਿਸਟਮ ਮਿਲਿਆ। ਡੀਬੀਟੀ ਰਾਹੀਂ ਦਿੱਲੀ ਤੋਂ ਨਿਕਲਿਆ ਇੱਕ-ਇੱਕ ਪੈਸਾ ਗ਼ਰੀਬ ਤੱਕ ਪਹੁੰਚਿਆ, ਮੁਫ਼ਤ ਰਾਸ਼ਨ ਨੇ, ਮੁਫ਼ਤ ਇਲਾਜ ਨੇ, ਗ਼ਰੀਬਾਂ ਦੀ ਜੇਬ ਵਿੱਚ ਪੈਸਾ ਬਚਾਇਆ। ਕਰੋੜਾਂ ਪੱਕੇ ਘਰਾਂ ਨੇ, ਕਰੋੜਾਂ ਪਖਾਨਿਆਂ ਨੇ, ਧੂੰਆਂ ਮੁਕਤ ਰਸੋਈ ਨੇ, ਗ਼ਰੀਬ ਦਾ ਜੀਵਨ ਆਸਾਨ ਕੀਤਾ। ਕਰੋੜਾਂ ਲੋਕਾਂ ਨੂੰ ਬੀਮੇ ਦੀ ਸੁਰੱਖਿਆ ਮਿਲਦੀ ਹੈ, ਜਿਸ ਨੇ ਸੰਕਟ ਦੇ ਸਮੇਂ ਕਰੋੜਾਂ ਭਾਰਤੀਆਂ ਨੂੰ ਸਹਾਇਤਾ ਦਿੱਤੀ। 2014 ਤੋਂ ਪਹਿਲਾਂ ਦੇਸ਼ ਵਿੱਚ 25 ਕਰੋੜ ਲੋਕਾਂ ਕੋਲ ਵੀ ਸਮਾਜਿਕ ਸੁਰੱਖਿਆ ਕਵਚ ਨਹੀਂ ਸੀ। ਅੱਜ ਦੇਸ਼ ਦੇ ਕਰੀਬ 100 ਕਰੋੜ ਲੋਕਾਂ ਨੂੰ ਸਮਾਜਿਕ ਸੁਰੱਖਿਆ ਕਵਚ ਨਾਲ ਜੋੜਿਆ ਜਾ ਚੁੱਕਿਆ ਹੈ।

ਸਾਥੀਓ, 

ਅੱਜ ਜਦੋਂ ਪੂਰਾ ਦੇਸ਼ ਸਰਦਾਰ ਸਾਹਿਬ ਨੂੰ ਯਾਦ ਕਰ ਰਿਹਾ ਹੈ, ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ, ਉਨ੍ਹਾਂ ਦੀ ਆਤਮਾ ਸਾਨੂੰ ਜ਼ਰੂਰ ਆਸ਼ੀਰਵਾਦ ਦਿੰਦੀ ਹੋਵੇਗੀ। ਅਜਿਹੇ ਹੀ ਯਤਨਾਂ ਨਾਲ ਅਸੀਂ ਦੇਸ਼ ਵਿੱਚ ਗ਼ਰੀਬੀ ਦੂਰ ਕਰਕੇ ਰਹਾਂਗੇ, ਦੇਸ਼ ਨੂੰ ਵਿਕਸਤ ਭਾਰਤ ਬਣਾਵਾਂਗੇ।

 

ਸਾਥੀਓ, 

ਦੇਸ਼ ਦੀ ਇੱਕਜੁੱਟਤਾ, ਦੇਸ਼ ਦੀ ਸਥਿਰਤਾ ਦੀ, ਦੇਸ਼ ਦੀ ਸਫ਼ਲਤਾ ਦੀ ਗਾਰੰਟੀ ਹੈ। ਅਤੇ ਅੱਜ ਜਿਹੀ ਆਲਮੀ ਅਸਥਿਰਤਾ ਵਿੱਚ, ਏਕਤਾ ਦਾ ਮਹੱਤਵ ਹੋਰ ਵਧ ਗਿਆ ਹੈ। ਤੁਸੀਂ ਸਾਰੇ ਜਾਣਦੇ ਹੋ, ਅੱਜ ਦੁਨੀਆ ਅਸ਼ਾਂਤੀ ਦੀ ਅੱਗ ਵਿੱਚ ਝੁਲਸ ਰਹੀ ਹੈ। ਇਹ ਸਮਾਂ ਬੀਤੇ ਕਈ ਦਹਾਕਿਆਂ ਦਾ ਸਭ ਤੋਂ ਕਠਿਨ ਸਮਾਂ ਹੈ। ਵਿਸ਼ਵ ਵਿੱਚ ਕਈ ਦੇਸ਼ਾਂ ਵਿਚਾਲੇ ਯੁੱਧ ਛਿੜੇ ਹੋਏ ਹਨ। ਵੱਡੇ-ਵੱਡੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਮੁਸ਼ਕਲਾਂ ਨਾਲ ਜੂਝ ਰਹੀਆਂ ਹਨ। ਸਾਧਨਾਂ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਗਲੋਬਲ ਸਪਲਾਈ ਲੜੀਆਂ ਟੁੱਟ ਰਹੀਆਂ ਹਨ। ਅਜਿਹੇ ਸਮੇਂ ਵਿੱਚ ਭਾਰਤ ਦੀ ਇੱਕਜੁੱਟਤਾ, ਸਾਡੀ ਭਾਰਤੀਆਂ ਦੀ ਏਕਤਾ, ਸਾਡੀ ਬਹੁਤ ਵੱਡੀ ਤਾਕਤ ਹੈ। ਕਿਉਂਕਿ ਇਹੀ ਏਕਤਾ ਸਾਨੂੰ ਸਾਰੇ ਤੁਫ਼ਾਨਾਂ ਤੋਂ ਬਾਹਰ ਕੱਢਣ ਵਾਲੀ ਹੈ।

ਭਰਾਵੋ ਅਤੇ ਭੈਣੋ, 

ਬੀਤੇ ਮਹੀਨਿਆਂ ਵਿੱਚ ਅਸੀਂ ਦੁਨੀਆ ਨੂੰ ਊਰਜਾ ਸੰਕਟ ਨਾਲ ਜੂਝਦਿਆਂ ਦੇਖਿਆ ਹੈ! ਕਈ ਦੇਸ਼ਾਂ ਵਿੱਚ ਤਾਂ ਡੀਜ਼ਲ-ਪੈਟ੍ਰੋਲ ਦੀ ਖ਼ਰੀਦ ’ਤੇ ਲਿਮਿਟ ਤੱਕ ਲਗਾ ਦਿੱਤੀ। ਭਾਰਤ ਲਈ ਵੀ ਕਿਹਾ ਜਾ ਰਿਹਾ ਸੀ, ਇੱਥੇ ਇੰਨੀ ਜ਼ਿਆਦਾ ਆਬਾਦੀ ਹੈ। ਪੈਟਰੋਲੀਅਮ ਦਾ ਉਤਪਾਦਨ ਵੀ ਇੱਥੇ ਨਹੀਂ ਹੁੰਦਾ। ਇਸ ਲਈ, ਸਭ ਤੋਂ ਵੱਡਾ ਸੰਕਟ ਭਾਰਤ ਦੇ ਸਾਹਮਣੇ ਖੜ੍ਹਾ ਹੋਵੇਗਾ। ਇਨ੍ਹਾਂ ਸ਼ੰਕਾਵਾਂ ਦੇ ਵਿਚਕਾਰ ਭਾਰਤ ਵਿਰੋਧੀ ਤਾਕਤਾਂ ਵੀ ਸਰਗਰਮ ਹੋ ਗਈਆਂ ਸਨ।

 

ਪਰ ਸਾਥੀਓ, 

ਇਹ ਭਾਰਤ ਦੀ ਸਮਰੱਥਾ ਹੈ ਕਿ ਅਸੀਂ ਇਸ ਆਲਮੀ ਊਰਜਾ ਸੰਕਟ ਦੀ ਸੱਟ ਆਪਣੇ ਨਾਗਰਿਕਾਂ ’ਤੇ ਨਹੀਂ ਪੈਣ ਦਿੱਤੀ। ਇਹ ਦੇਸ਼ ਦੀ ਕੂਟਨੀਤਕ ਅਤੇ ਰਣਨੀਤਕ ਸਫ਼ਲਤਾ ਤਾਂ ਹੈ ਹੀ, ਇਸ ਵਿੱਚ ਸਾਡੇ ਦੇਸ਼ਵਾਸੀਆਂ ਦੀ ਏਕਤਾ ਅਤੇ ਇੱਕਜੁੱਟਤਾ ਦੀ ਵੀ ਓਨੀ ਹੀ ਵੱਡੀ ਭੂਮਿਕਾ ਹੈ। ਕਿਉਂਕਿ, ਜਦੋਂ ਦੇਸ਼ ਬਾਹਰੀ ਚੁਣੌਤੀਆਂ ਦੇ ਹੱਲ ਲੱਭ ਰਿਹਾ ਸੀ, ਉਸ ਸਮੇਂ ਦੇਸ਼ ਦੇ ਅੰਦਰ ਵੀ ਕੁਝ ਤਾਕਤਾਂ ਝੂਠ ਅਤੇ ਅਫ਼ਵਾਹ ਫੈਲਾ ਕੇ ਅਸਥਿਰਤਾ ਪੈਦਾ ਕਰਨ ਵਿੱਚ ਜੁੱਟ ਗਈਆਂ ਸਨ। ਪਰ, ਦੇਸ਼ਵਾਸੀ ਰਾਸ਼ਟਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ। ਇਹੀ ਇਸ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਇਹੀ ਸਾਡੇ ਹੌਸਲੇ ਦਾ ਸਭ ਤੋਂ ਵੱਡਾ ਅਧਾਰ ਹੈ।

ਸਾਥੀਓ, 

ਸਰਦਾਰ ਪਟੇਲ, ਬਾਬਾ ਸਾਹਿਬ ਅੰਬੇਡਕਰ, ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੇ ਜਦੋਂ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਸੀ, ਤਾਂ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਅਤੇ ਵਿਰੋਧ ਧਿਰ ਦੀ ਵਿਵਸਥਾ ਬਣਾਈ। ਇਸ ਪ੍ਰਣਾਲੀ ਦਾ ਮਹੱਤਵ ਵੀ ਸਮਝਾਇਆ। ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਹੈ, ਪਰ, ਇਹ ਸਾਡੀ ਬਦਕਿਸਮਤੀ ਹੈ, ਇਸ ਸਮੇਂ ਦੇਸ਼ ਵਿੱਚ ਵਿਰੋਧੀ ਧਿਰ ਆਪਣੀ ਜ਼ਿੰਮੇਵਾਰੀ ਤਿਆਗ ਕੇ, ਵਿਰੋਧ ਦੀ ਥਾਂ ਅੜਿੱਕਾ ਬਣ ਚੁੱਕਿਆ ਹੈ। ਆਪਣੀ ਹਤਾਸ਼ਾ ਅਤੇ ਨਿਰਾਸ਼ਾ ਵਿੱਚ ਇਹ ਲੋਕ ਦੇਸ਼ ਦੇ ਵਿਕਾਸ ਦੇ ਸਾਹਮਣੇ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਇਹ ਵਿਰੋਧ ਨਹੀਂ ਹੈ, ਇਹ ਰੁਕਾਵਟ ਹੈ। ਇਨ੍ਹਾਂ ਨੇ ਇਸ ਨੂੰ ਆਪਣੀ ਰਾਜਨੀਤੀ ਬਣਾ ਲਿਆ ਹੈ। ਇਹ ਲੋਕ ਸੰਵਿਧਾਨ ਦੀਆਂ ਮਰਿਆਦਾਵਾਂ ਨੂੰ ਤਾਰ-ਤਾਰ ਕਰਨ ਵਿੱਚ ਲੱਗੇ ਹਨ।

ਸਾਥੀਓ, 

ਇਹ ਤਾਕਤਾਂ ਲਗਾਤਾਰ ਦੇਸ਼ ਵਿੱਚ ਵੰਡ ਦੀਆਂ ਸਾਜ਼ਿਸ਼ਾਂ ਵਿੱਚ ਲੱਗੀਆਂ ਹਨ। ਮਾਂ ਭਾਰਤੀ ਦੀਆਂ ਸੰਤਾਨਾਂ ਨੂੰ ਆਪਸ ਵਿੱਚ ਵੰਡਣ ਅਤੇ ਲੜਵਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇੱਕ ਦਹਾਕੇ ਤੋਂ ਵੱਧ ਦੀ ਹਤਾਸ਼ਾ ਅਤੇ ਨਿਰਾਸ਼ਾ ਦੇ ਕਾਰਨ, ਇਹ ਲੋਕ ਹੁਣ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਕੌਣ ਵਿਦੇਸ਼ ਵਿੱਚ ਗੁਪਤ ਰੂਪ ਵਿੱਚ ਕਿਸ ਨੂੰ ਮਿਲ ਰਿਹਾ ਹੈ, ਭਾਰਤ ਵਿਰੋਧੀ ਤਾਕਤਾਂ ਕਿਸ ਨੂੰ ਸਮਰਥਨ ਦੇ ਰਹੀਆਂ ਹਨ, ਕੌਣ ਭਾਰਤ ਦੇ ਦੁਸ਼ਮਣਾਂ ਦੀ ਭਾਸ਼ਾ ਬੋਲ ਰਿਹਾ ਹੈ, ਸਾਨੂੰ ਇਨ੍ਹਾਂ ਸਾਰੇ ਪੈਟਰਨਾਂ ਨੂੰ ਪਛਾਣਨਾ ਹੋਵੇਗਾ। ਸਾਨੂੰ ਇੱਕਜੁੱਟ ਹੋ ਕੇ ਇਨ੍ਹਾਂ ਦਾ ਮੁਕਾਬਲਾ ਕਰਨਾ ਹੋਵੇਗਾ। ਖਾਸ ਕਰਕੇ, ਸੋਸ਼ਲ ਮੀਡੀਆ ਦੀ ਜਿਸ ਤਰ੍ਹਾਂ ਹਥਿਆਰ ਦੇ ਤੌਰ ’ਤੇ ਵਰਤੋਂ ਕੀਤੀ ਜਾ ਰਹੀ ਹੈ, ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਭਾਰਤ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਦੇਸ਼ਵਾਸੀਆਂ ਨੂੰ ਨਾਲ ਮਿਲ ਕੇ ਇਨ੍ਹਾਂ ਨਾਲ ਨਜਿੱਠਣਾ ਹੋਵੇਗਾ। ਅਸੀਂ ਦੂਰ-ਦੁਰਾਡੇ ਇਲਾਕਿਆਂ ਵਿੱਚ ਨਕਸਲਵਾਦ ਦਾ ਅੰਤ ਕਰ ਦਿੱਤਾ ਹੈ। ਪਰ, ਹੁਣ ਦਿਮਾਗ਼ੀ ਨਕਸਲ ਦਾ ਖ਼ਤਰਾ ਦੇਸ਼ ਦੇ ਉੱਪਰੋਂ ਟਲਿਆ ਨਹੀਂ ਹੈ। ਦੇਸ਼ ਨੂੰ ਇਨ੍ਹਾਂ ਦਿਮਾਗ਼ੀ ਨਕਸਲੀਆਂ ਤੋਂ ਹਮੇਸ਼ਾ ਸੁਚੇਤ ਰਹਿਣਾ ਹੈ।

 

ਸਾਥੀਓ, 

ਹਾਲਾਤ ਭਾਵੇਂ ਕਿੰਨੇ ਵੀ ਮੁਸ਼ਕਲ ਕਿਉਂ ਨਾ ਹੋਣ, ਰਾਸ਼ਟਰੀ ਏਕਤਾ ਦਾ ਇਹ ਮਹਾਂਯੱਗ, ਸ਼ਕਤੀਸ਼ਾਲੀ ਅਤੇ ਸਮਰੱਥ ਭਾਰਤ ਦੀ ਇਹ ਸੰਕਲਪ ਯਾਤਰਾ, ਸਾਨੂੰ ਇਸ ਨੂੰ ਰੁਕਣ ਨਹੀਂ ਦੇਣਾ ਹੈ। ਇਸ ਦਿਸ਼ਾ ਵਿੱਚ ਸਾਨੂੰ ਹੁਣ ਅਗਲੇ ਵੱਡੇ ਟੀਚਿਆਂ ’ਤੇ ਕੰਮ ਕਰਨਾ ਹੈ। ਸਾਨੂੰ ਦੇਸ਼ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰਨਾ ਹੈ। ਸਾਨੂੰ ਘੁਸਪੈਠ ਅਤੇ ਡੈਮੋਗ੍ਰਾਫੀ ਵਿੱਚ ਹੋ ਰਹੇ ਬਦਲਾਵਾਂ ਨੂੰ ਰੋਕਣਾ ਹੈ। ਸਾਨੂੰ ਸੈਕੂਲਰ ਸਿਵਲ ਕੋਡ ਵੱਲ ਵੀ ਅੱਗੇ ਵਧਣਾ ਹੈ।

 

ਸਾਥੀਓ, 

ਜਦੋਂ ਵੀ ਦੇਸ਼ ਵੱਡੇ ਸੰਕਲਪ ਲਵੇਗਾ, ਦੇਸ਼ ਜਦੋਂ ਵੀ ਵੱਡੇ ਫ਼ੈਸਲੇ ਲਵੇਗਾ, ਅੜਿੱਕੇ ਆਉਣਗੇ, ਰੁਕਾਵਟਾਂ ਖੜ੍ਹੀਆਂ ਹੋਣਗੀਆਂ, ਤੁਫ਼ਾਨਾਂ ਨਾਲ ਵੀ ਮੁਕਾਬਲਾ ਹੋਵੇਗਾ, ਪਰ, ਭਾਰਤ ਹੁਣ ਰੁਕਣ ਵਾਲਾ ਨਹੀਂ ਹੈ। ਏਕ ਭਾਰਤ, ਸ੍ਰੇਸ਼ਠ ਭਾਰਤ। ਏਕ ਭਾਰਤ, ਸ੍ਰੇਸ਼ਠ ਭਾਰਤ ਦਾ ਮੰਤਰ ਅਤੇ ਵਿਕਸਤ ਭਾਰਤ ਦਾ ਟੀਚਾ, ਹੁਣ ਇਹ ਭਾਰਤ ਦੇ ਅਟਲ ਸੰਕਲਪ ਬਣ ਚੁੱਕੇ ਹਨ। ਅਸੀਂ ਮਿਹਨਤ ਦੇ ਸਿਖਰ ’ਤੇ ਜਾਵਾਂਗੇ, ਅਸੀਂ ਝੱਖੜਾਂ ਨਾਲ ਡਟ ਕੇ ਮੁਕਾਬਲਾ ਕਰਾਂਗੇ, ਪਰ, ਸਾਡੀ ਨਜ਼ਰ ਇੱਕੋ ਹੀ ਟੀਚੇ ’ਤੇ ਰਹੇਗੀ। 2047 ਤੱਕ ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ, 2047 ਤੱਕ ਸ਼ਕਤੀਸ਼ਾਲੀ ਅਤੇ ਸਮਰੱਥ ਵਿਕਸਤ ਭਾਰਤ ਦਾ ਨਿਰਮਾਣ! ਸਾਡੇ ਹਰ ਯਤਨ ਵਿੱਚ, ਸਾਡੇ ਸਾਹ ਵਿੱਚ ਇਹੀ ਜਨੂਨ ਹੋਣਾ ਚਾਹੀਦਾ ਹੈ। ਇਹ ਵਿਚਾਰ ਸਾਡੇ ਦਿਲਾਂ ਦੀ ਹਰ ਧੜਕਣ ਨਾਲ ਧੜਕਣਾ ਚਾਹੀਦਾ ਹੈ। ਇਸੇ ਸੰਕਲਪ ਦੇ ਨਾਲ, ਇੱਕ ਵਾਰ ਫਿਰ ਆਪ ਸਭ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਭਾਰਤ ਮਾਤਾ ਦੀ ਜੈ! 

ਭਾਰਤ ਮਾਤਾ ਦੀ ਜੈ! 

ਭਾਰਤ ਮਾਤਾ ਦੀ ਜੈ! 

ਵੰਦੇ ਮਾਤਰਮ। 

ਵੰਦੇ ਮਾਤਰਮ। 

ਵੰਦੇ ਮਾਤਰਮ। 

ਬਹੁਤ-ਬਹੁਤ ਧੰਨਵਾਦ। 

****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ