Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਛੱਤੀਸਗੜ੍ਹ ਦੇ ਬਸਤਰ ਵਿੱਚ ਸੁਰੱਖਿਆ ਬਲਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

ਛੱਤੀਸਗੜ੍ਹ ਦੇ ਬਸਤਰ ਵਿੱਚ ਸੁਰੱਖਿਆ ਬਲਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ


ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

 

ਮੇਰੇ ਪਿਆਰੇ ਦੇਸ਼ਵਾਸੀਓ,

 

ਅੱਜ ਪੂਰਾ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸੇ ਕਰੋੜਾਂ ਭਾਰਤੀ ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਮਨਾ ਰਹੇ ਹਨ, ਦੂਰੋਂ-ਦੂਰੋਂ ਲੋਕ ਆਪਣੇ ਘਰ ਪਹੁੰਚ ਰਹੇ ਹਨ। ਪਰਿਵਾਰ ਅਤੇ ਸਕੇ-ਸਬੰਧੀਆਂ ਨਾਲ ਮਿਲਣ-ਗਿਲਣ ਦਾ ਇੱਕ ਵੱਡਾ ਤਿਉਹਾਰ ਹੁੰਦਾ ਹੈ, ਅਤੇ ਮੈਂ ਵੀ ਦੀਵਾਲੀ ਮਨਾਉਣ ਲਈ ਤੁਹਾਡੇ ਵਿਚਕਾਰ ਪਹੁੰਚ ਗਿਆ ਹਾਂ। ਸਰਹੱਦ ’ਤੇ ਅਤੇ ਦੇਸ਼ ਦੇ ਅੰਦਰ, ਰਾਸ਼ਟਰ ਦੀ ਰੱਖਿਆ ਕਰਨ ਵਾਲੇ, ਰਾਸ਼ਟਰ ਦੇ ਰਾਖੇ, ਮਾਂ ਭਾਰਤੀ ਦੇ ਵੀਰ, ਤੁਸੀਂ ਸਾਰੇ ਧੀਆਂ-ਪੁੱਤਰ, ਤੁਸੀਂ ਸਾਰੇ ਮੇਰੇ ਪਰਿਵਾਰਕ ਮੈਂਬਰ ਹੋ, ਤੁਸੀਂ ਸਾਰੇ ਮੇਰੇ ਪਰਿਵਾਰ ਦਾ ਹਿੱਸਾ ਹੋ। ਹਿਮਾਲਿਆ ਦੀ ਗੋਦ ਵਿੱਚ ਕਾਰਗਿਲ ਤੋਂ ਲੈ ਕੇ ਲੇਪਚਾ ਤੱਕ, ਸਮੁੰਦਰ ਕੰਢੇ ਸਰਕ੍ਰੀਕ ਤੋਂ ਲੈ ਕੇ, ਸਮੁੰਦਰ ਦੀ ਗੋਦ ਵਿੱਚ ਆਈਐੱਨਐੱਸ-ਵਿਕਰਾਂਤ ਤੱਕ, ਵੀਰ ਜਵਾਨਾਂ ਨਾਲ ਹਰ ਦੀਵਾਲੀ ਮੇਰੇ ਲਈ ਯਾਦਗਾਰੀ ਰਹੀ ਹੈ।

 

ਮੇਰੇ ਵੀਰ ਜਵਾਨੋ,

 

ਇਸ ਵਾਰ ਮੈਂ ਦੀਵਾਲੀ ਮਨਾਉਣ ਬਸਤਰ ਦੇ ਜੰਗਲਾਂ ਵਿੱਚ ਆਇਆ ਹਾਂ, ਤੁਹਾਡੇ ਸਾਰਿਆਂ ਦੇ ਵਿਚਕਾਰ ਆਇਆ ਹਾਂ। ਇਹ ਉਹ ਧਰਤੀ ਹੈ, ਜਿੱਥੇ ਕਦੇ ਨਕਸਲੀ ਦਹਿਸ਼ਤ ਦਾ ਕਹਿਰ ਸੀ ਅਤੇ ਤੁਹਾਡੇ ਸਾਰਿਆਂ ਦੇ ਤਿਆਗ ਅਤੇ ਤਪੱਸਿਆ ਸਦਕਾ ਉਸੇ ਧਰਤੀ ’ਤੇ ਅੱਜ ਨਕਸਲੀ ਦਹਿਸ਼ਤ ਦਾ ਕਹਿਰ ਖਤਮ ਹੋਇਆ ਹੈ ਅਤੇ ਵਿਕਾਸ ਦੀ ਬਹਾਰ ਸ਼ੁਰੂ ਹੋ ਗਈ ਹੈ।

 

ਅਤੇ ਸਾਥੀਓ,

 

ਸਾਲ 2026 ਦੀ ਇਹ ਦੀਵਾਲੀ ਵਾਕਈ ਖਾਸ ਹੈ। 40-50 ਸਾਲਾਂ ਬਾਅਦ ਤੁਹਾਡੇ ਲਈ ਅਜਿਹੀ ਦੀਵਾਲੀ ਆਈ ਹੈ। ਇਹ ਪਹਿਲੀ ਦੀਵਾਲੀ ਹੈ- ਜਦੋਂ ਦੇਸ਼ ਨਕਸਲਵਾਦ-ਮਾਓਵਾਦੀ ਦਹਿਸ਼ਤ ਵਿਰੁੱਧ ਦਹਾਕਿਆਂ ਪੁਰਾਣੀ ਲੜਾਈ ਜਿੱਤ ਚੁੱਕਾ ਹੈ। ਇਹ ਪਹਿਲੀ ਦੀਵਾਲੀ ਹੈ- ਜਦੋਂ ਦੇਸ਼ ਦਾ ਹਰ ਜ਼ਿਲ੍ਹਾ ਨਕਸਲਵਾਦ ਤੋਂ ਮੁਕਤ ਹੈ। ਇਹ ਪਹਿਲੀ ਦੀਵਾਲੀ ਹੈ- ਜਦੋਂ ਕਰੋੜਾਂ ਦੇਸ਼ਵਾਸੀ ਨਕਸਲਵਾਦ ਦੇ ਡਰ ਨੂੰ ਹਰਾ ਚੁੱਕੇ ਹਨ। ਇਹ ਇੱਕ ਬੇਮਿਸਾਲ ਪ੍ਰਾਪਤੀ ਹੈ। ਇਸ ਦਾ ਬਹੁਤ ਵੱਡਾ ਸਿਹਰਾ ਤੁਹਾਨੂੰ ਜਾਂਦਾ ਹੈ, ਤੁਹਾਡੇ ਵਰਗੇ ਲੱਖਾਂ ਵੀਰਾਂ ਨੂੰ, ਜਵਾਨਾਂ ਨੂੰ, ਧੀਆਂ-ਪੁੱਤਰਾਂ ਨੂੰ, ਸੁਰੱਖਿਆ ਕਰਮੀਆਂ ਨੂੰ ਜਾਂਦਾ ਹੈ। ਇਸ ਲਈ, ਅੱਜ ਮੈਂ ਤੁਹਾਡੇ ਨਾਲ ਦੀਵਾਲੀ ਮਨਾਉਣ ਆਇਆ ਹਾਂ। ਅਤੇ, 140 ਕਰੋੜ ਦੇਸ਼ਵਾਸੀਆਂ ਵੱਲੋਂ ਤੁਹਾਡੇ ਤਿਆਗ, ਸਮਰਪਣ ਅਤੇ ਸੇਵਾ ਭਾਵਨਾ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਵੀ ਆਇਆ ਹਾਂ।

 

ਸਾਥੀਓ,

 

ਸਾਡੇ ਦੂਰਅੰਦੇਸ਼ ਪੁਰਖਿਆਂ ਨੇ ਕਿਹਾ ਹੈ- आभ्यन्तरं भयं रक्ष्यम्, असारं बाह्यतो भयम्। ਭਾਵ, ਜਦੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਮਜ਼ਬੂਤ ਹੁੰਦੀ ਹੈ, ਤਾਂ ਬਾਹਰੀ ਦੁਸ਼ਮਣ ਕੁਝ ਨਹੀਂ ਵਿਗਾੜ ਸਕਦਾ। ਪਰ, ਜੇਕਰ ਅੰਦਰੂਨੀ ਸੁਰੱਖਿਆ ਕਮਜ਼ੋਰ ਪੈਂਦੀ ਹੈ, ਤਾਂ ਬਾਹਰੀ ਦੁਸ਼ਮਣ ਵੀ ਸਿਰ ਚੁੱਕਣ ਲੱਗਦੇ ਹਨ। ਇਸ ਲਈ, ਜੋ ਭੂਮਿਕਾ ਸਰਹੱਦਾਂ ’ਤੇ ਸਾਡੀਆਂ ਫੌਜਾਂ ਦੀ ਹੈ, ਦੇਸ਼ ਦੇ ਅੰਦਰ ਉਹੀ ਭੂਮਿਕਾ ਤੁਹਾਡੇ ਸਾਰੇ ਸੁਰੱਖਿਆ ਬਲਾਂ ਦੀ ਹੈ। ਤੁਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ, ਤੁਸੀਂ ਅਥਾਹ ਤਿਆਗ ਕੀਤਾ ਹੈ। ਦੇਸ਼ ਦੀ ਅੰਦਰੂਨੀ ਸੁਰੱਖਿਆ ਵਿੱਚ ਲੱਗੇ ਸੁਰੱਖਿਆ ਬਲ, ਸਾਡੇ ਸੀਆਰਪੀਐੱਫ, ਕੋਬਰਾ, ਬੀਐੱਸਐੱਫ, ਆਈਟੀਬੀਪੀ ਦਾ ਇੱਕ-ਇੱਕ ਜਵਾਨ, ਐੱਸਐੱਸਬੀ, ਆਈਆਰਬੀ ਅਤੇ ਰਾਜਾਂ ਦੀ ਪੁਲਿਸ ਦਾ ਇੱਕ-ਇੱਕ ਸਿਪਾਹੀ, ਬਸਤਰ ਫਾਈਟਰਜ਼ ਵਰਗੀਆਂ ਸਪੈਸ਼ਲ ਫੋਰਸਿਜ਼ ਦੇ ਕਮਾਂਡੋਜ਼, ਮਹਿਲਾ ਫਾਈਟਰਜ਼, ਇਹ ਦੇਸ਼ ਤੁਹਾਡੀਆਂ ਸੇਵਾਵਾਂ ਲਈ, ਤੁਹਾਡਾ ਕਰਜ਼ਦਾਰ ਹੈ। ਕਰੋੜਾਂ-ਕਰੋੜਾਂ ਦੇਸ਼ਵਾਸੀ ਤੁਹਾਡੇ ’ਤੇ ਮਾਣ ਕਰਦੇ ਹਨ। ਸ਼ੁਕਰਗੁਜ਼ਾਰੀ ਅਤੇ ਆਪਣੀਪਣ ਦੀ ਇਸੇ ਭਾਵਨਾ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ, ਜੋ-ਜੋ, ਜਿੱਥੇ-ਜਿੱਥੇ ਡਟੇ ਹੋਏ ਹਨ, ਸਭ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ ਦੇਸ਼ ਦੀਆਂ ਸਰਹੱਦਾਂ ’ਤੇ ਰਾਸ਼ਟਰ ਦੀ ਰਾਖੀ ਲਈ ਤਾਇਨਾਤ ਸਾਡੇ ਸੈਨਿਕਾਂ ਨੂੰ ਵੀ ਵਧਾਈ ਦਿੰਦਾ ਹਾਂ।

 

ਸਾਥੀਓ,

 

ਮਾਓਵਾਦੀ ਦਹਿਸ਼ਤ-ਨਕਸਲਵਾਦ ਵਿਰੁੱਧ ਇਹ ਲੜਾਈ ਸੌਖੀ ਨਹੀਂ ਸੀ। ਇੱਕ ਸਮਾਂ ਸੀ, ਜਦੋਂ ਦੇਸ਼ ਦੇ ਕਰੀਬ 20 ਰਾਜਾਂ ਵਿੱਚ 230 ਤੋਂ ਵੱਧ ਜ਼ਿਲ੍ਹੇ ਨਕਸਲਵਾਦ ਦੀ ਲਪੇਟ ਵਿੱਚ ਸਨ, ਨਕਸਲਵਾਦ ਤੋਂ ਪ੍ਰਭਾਵਿਤ ਸਨ। ਸ਼ਾਮ ਢਲਣ ਤੋਂ ਬਾਅਦ ਇੱਥੇ ਜ਼ਿੰਦਗੀ ਰੁਕ ਜਾਂਦੀ ਸੀ, ਘਰਾਂ ਤੋਂ ਬਾਹਰ ਨਿਕਲਣਾ ਨਾਮੁਮਕਿਨ ਹੋ ਜਾਂਦਾ ਸੀ। ਲੋਕਾਂ ਤੋਂ ਉਨ੍ਹਾਂ ਦਾ ਵੋਟ ਪਾਉਣ ਦਾ ਹੱਕ ਵੀ ਇਨ੍ਹਾਂ ਨਕਸਲੀਆਂ ਨੇ ਖੋਹ ਲਿਆ ਸੀ। ਬਿਹਾਰ, ਮਹਾਰਾਸ਼ਟਰ, ਉੜੀਸਾ, ਯੂਪੀ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਖੱਬੇ-ਪੱਖੀ ਅਤਿਵਾਦ ਦੀ ਲਪੇਟ ਵਿੱਚ ਸੀ। ਹਜ਼ਾਰਾਂ ਪਿੰਡ, ਕਰੋੜਾਂ ਦੀ ਆਬਾਦੀ, ਇੱਕ ਸਾਲ ਵਿੱਚ ਦੋ-ਦੋ ਹਜ਼ਾਰ ਤੱਕ ਨਕਸਲੀ ਹਮਲੇ, ਇੱਕ ਸਾਲ ਵਿੱਚ ਦੋ ਹਜ਼ਾਰ ਹਮਲੇ। ਤੁਸੀਂ ਯਾਦ ਕਰੋ, 2010 ਵਿੱਚ, ਇੱਥੇ ਨੇੜੇ ਹੀ ਦੰਤੇਵਾੜਾ ਵਿੱਚ ਨਕਸਲੀਆਂ ਨਾਲ ਮੁਕਾਬਲੇ ਵਿੱਚ ਸੀਆਰਪੀਐੱਫ ਦੇ ਸਾਡੇ 76 ਸੁਰੱਖਿਆ ਕਰਮੀ ਸ਼ਹੀਦ ਹੋਏ ਸਨ। 2010 ਵਿੱਚ ਹੀ, ਦੰਤੇਵਾੜਾ ਵਿੱਚ ਹੀ ਇੱਕ ਹੋਰ ਘਟਨਾ ਵਿੱਚ 44 ਬੇਕਸੂਰ ਨਾਗਰਿਕਾਂ ਦਾ ਕਤਲ ਹੋਇਆ ਸੀ। ਇਹ ਧਰਤੀ ਸਾਡੇ ਵੀਰਾਂ ਦੇ ਲਹੂ ਨਾਲ ਭਿੱਜ ਗਈ ਸੀ। ਪਰ, ਮਹਿਲਾਂ ਵਿੱਚ ਰਹਿਣ ਵਾਲੇ ਕਿਸੇ ਵੀ ਨਾਮਦਾਰ ਦੀ ਸਿਸਕੀ ਨਹੀਂ ਸੁਣਾਈ ਦਿੱਤੀ। ਮਹਿਲਾਂ ਵਿੱਚ ਰਹਿਣ ਵਾਲੇ ਕਿਸੇ ਵੀ ਨਾਮਦਾਰ ਦੀਆਂ ਅੱਖਾਂ ਵਿੱਚੋਂ ਇੱਕ ਹੰਝੂ ਵੀ ਨਹੀਂ ਨਿਕਲਿਆ ਸੀ। ਆਏ ਦਿਨ ਕਿਤੇ ਨਾ ਕਿਤੇ ਅਜਿਹੇ ਹਮਲੇ ਹੁੰਦੇ ਰਹਿੰਦੇ ਸਨ। ਦਹਾਕਿਆਂ ਤੱਕ ਇਹ ਸਿਲਸਿਲਾ ਚੱਲਦਾ ਰਿਹਾ, ਇਸ ਦੌਰਾਨ ਛੱਤੀਸਗੜ੍ਹ ਵਿੱਚ ਹੀ ਇੱਕ ਹਜ਼ਾਰ ਤੋਂ ਵੱਧ ਜਵਾਨਾਂ ਦੀ ਸ਼ਹਾਦਤ ਹੋਈ। ਆਈਈਡੀ ਦੇ ਧਮਾਕਿਆਂ ਵਿੱਚ ਕਿੰਨੇ ਹੀ ਜਵਾਨਾਂ ਨੂੰ ਆਪਣੇ ਹੱਥ-ਪੈਰ ਗੁਆਉਣੇ ਪਏ। ਤੁਸੀਂ 2004 ਤੋਂ 2013 ਤੱਕ ਦੇ ਅੰਕੜੇ ਦੇਖੋਗੇ, ਤਾਂ ਹਰ ਸਾਲ ਜਿੰਨੇ ਨਕਸਲੀ ਮਾਰੇ ਜਾਂਦੇ ਸਨ, ਉਸ ਤੋਂ ਵੱਧ ਗਿਣਤੀ ਵਿੱਚ ਸਾਡੇ ਵੀਰ ਜਵਾਨ ਸ਼ਹੀਦ ਹੁੰਦੇ ਸਨ। ਨਕਸਲੀ ਸੰਗਠਨਾਂ ਦੇ ਮੁਖੀ ਇਸ ਨੂੰ ਆਪਣੀ ਜਿੱਤ ਸਮਝਦੇ ਸਨ, ਜਸ਼ਨ ਮਨਾਉਂਦੇ ਸਨ। ਅਤੇ ਬਦਕਿਸਮਤੀ ਨਾਲ ਉਦੋਂ ਦੀਆਂ ਸਰਕਾਰਾਂ ਵੱਲੋਂ ਨਕਸਲਵਾਦ ਨੂੰ ਲਾਇਲਾਜ ਬਿਮਾਰੀ ਸਮਝ ਕੇ ਛੱਡ ਦਿੱਤਾ ਗਿਆ ਸੀ। ਮੇਰੇ ਆਦਿਵਾਸੀ ਪਰਿਵਾਰਾਂ ਨੂੰ, ਉਨ੍ਹਾਂ ਦੀ ਕਿਸਮਤ ਦੇ ਸਹਾਰੇ ਜਿਊਣ ਲਈ ਛੱਡ ਦਿੱਤਾ ਗਿਆ ਸੀ। ਅਤੇ ਇਹ ਮੰਨ ਲਿਆ ਗਿਆ ਸੀ ਕਿ ਇਹ ਤਾਂ ਬੱਸ ਇਸੇ ਤਰ੍ਹਾਂ ਚੱਲਦਾ ਰਹੇਗਾ, ਗੋਲੀਆਂ ਚੱਲਣਗੀਆਂ, ਜਵਾਨ ਮਰਨਗੇ, ਨਾਗਰਿਕ ਕੁੱਟੇ ਜਾਣਗੇ।

 

ਸਾਥੀਓ,

 

ਕੋਈ ਵੀ ਦੇਸ਼ ਆਪਣੇ ਦੁਸ਼ਮਣਾਂ ਲਈ – ‘ਇੰਝ ਹੀ ਚੱਲਦਾ ਰਹੇਗਾ’ – ਵਾਲੀ ਪਹੁੰਚ ਨਾਲ ਨਹੀਂ ਚੱਲਦਾ। ਦੇਸ਼ ਨੂੰ ਅੱਗੇ ਵਧਾਉਣ ਲਈ, ਦੇਸ਼ ਦੇ ਦੁਸ਼ਮਣਾਂ ਨੂੰ ਬੁਲੰਦ ਹੌਸਲੇ ਨਾਲ, ਇੱਕ ਰਣਨੀਤੀ ਬਣਾ ਕੇ ਕੁਚਲਣਾ ਹੀ ਪੈਂਦਾ ਹੈ। ਇਸ ਦੇ ਲਈ ਜਿਸ ਸਿਆਸੀ ਇੱਛਾ-ਸ਼ਕਤੀ ਦੀ ਘਾਟ ਦੇਸ਼ ਵਿੱਚ ਸੀ, ਉਹ ਘਾਟ ਸਾਲ 2014 ਵਿੱਚ ਦੂਰ ਹੋਈ। ਤੁਸੀਂ ਇਸ ਪ੍ਰਧਾਨ ਸੇਵਕ ਨੂੰ ਮਾਂ ਭਾਰਤੀ ਦੀ ਸੇਵਾ ਦਾ ਮੌਕਾ ਦਿੱਤਾ। ਅਤੇ ਅਸੀਂ ਦੇਖਿਆ ਹੈ, 2014 ਤੋਂ ਬਾਅਦ ਹਾਲਾਤ ਵੀ ਬਦਲਣ ਲੱਗੇ ਅਤੇ ਅੰਕੜੇ ਵੀ ਬਦਲਣ ਲੱਗੇ। ਸਾਡੇ ਇੱਥੇ ਹਮੇਸ਼ਾ ਨਕਸਲੀਆਂ ਨਾਲੋਂ ਵੱਧ ਗਿਣਤੀ ਵਿੱਚ ਜਵਾਨਾਂ ਦੇ ਮਾਰੇ ਜਾਣ ਦੀ ਚਰਚਾ ਰਹੀ। ਪਰ 47 ਸਾਲਾਂ ਬਾਅਦ, ਪਹਿਲੀ ਵਾਰ ਅਜਿਹਾ ਹੋਇਆ, ਜਦੋਂ ਪਿਛਲੇ ਇੱਕ ਸਾਲ ਵਿੱਚ ਸੀਆਰਪੀਐੱਫ ਦੇ ਇੱਕ ਵੀ ਜਵਾਨ ਨੂੰ ਡਿਊਟੀ ਦੌਰਾਨ ਜਾਨ ਨਹੀਂ ਗੁਆਉਣੀ ਪਈ। ਇਹ ਦੇਸ਼ ਦੀਆਂ ਸਹੀ ਨੀਤੀਆਂ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਦੀ ਜਿੱਤ ਹੈ। ਇਹ ਤੁਹਾਡੀ, ਮੈਂ ਫਿਰ ਦੁਹਰਾਉਂਦਾ ਹਾਂ, ਇਹ ਤੁਹਾਡੀ ਬਹਾਦਰੀ, ਹੌਸਲੇ ਅਤੇ ਸੰਜਮ ਦੀ ਜਿੱਤ ਹੈ।

 

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਇਨ੍ਹਾਂ ਵੀਰ ਜਵਾਨਾਂ ਦੀ ਜੈ।

 

ਸਾਡੇ ਸੁਰੱਖਿਆ ਬਲ ਅਤੇ ਪੁਲਿਸ ਦੇ ਜਵਾਨ ਉਲਟ ਹਾਲਾਤ ਵਿੱਚ ਵੀ ਡਟੇ ਰਹੇ। ਇਹ ਉਸ ਫ਼ਰਜ਼ ਪ੍ਰਤੀ ਨਿਸ਼ਠਾ ਦੀ ਜਿੱਤ ਹੈ।

 

ਸਾਥੀਓ,

 

ਸਫਲਤਾ ਲਈ ਸਹੀ ਨੀਅਤ ਅਤੇ ਸਹੀ ਨੀਤੀਆਂ ਜ਼ਰੂਰੀ ਹਨ। ਰਾਸ਼ਟਰੀ ਸੁਰੱਖਿਆ ਲਈ ਅਸੀਂ ਇੱਕ ਤੋਂ ਬਾਅਦ ਇੱਕ ਸਖ਼ਤ ਫੈਸਲੇ ਲਏ। ਕਈ ਅਜਿਹੇ ਕਦਮ ਵੀ ਚੁੱਕੇ ਗਏ, ਜੋ ਅੱਜ ਤੱਕ ਲੋਕਾਂ ਦੀ ਜਾਣਕਾਰੀ ਵਿੱਚ ਨਹੀਂ ਹਨ। ਇਨ੍ਹਾਂ ਫੈਸਲਿਆਂ ਅਤੇ ਕੋਸ਼ਿਸ਼ਾਂ ਨਾਲ ਨਕਸਲਵਾਦੀਆਂ, ਵੱਖਵਾਦੀਆਂ ਦੀ ਫੰਡਿੰਗ ’ਤੇ ਬਹੁਤ ਵੱਡੀ ਸੱਟ ਮਾਰੀ ਗਈ। ਨਕਲੀ ਕਰੰਸੀ ਦੇ ਗੱਠਜੋੜ ਨੂੰ ਤਬਾਹ ਕੀਤਾ ਗਿਆ। ਇਸ ਨਾਲ ਉਨ੍ਹਾਂ ਦੀ ਆਰਥਿਕ ਕਮਰ ਹੀ ਨਹੀਂ ਟੁੱਟੀ, ਸਗੋਂ ਪੂਰੀ ਸਪਲਾਈ ਲਾਈਨ ਹੀ ਠੱਪ ਹੋ ਗਈ। ਇਸ ਨਾਲ ਹਥਿਆਰਾਂ ਦੀ ਸਪਲਾਈ ਬੰਦ ਹੋਈ, ਨਕਸਲੀਆਂ ਦੀ ਆਵਾਜਾਈ ਅਤੇ ਭਰਤੀ ’ਤੇ ਲਗਾਮ ਲੱਗੀ।

 

ਸਾਥੀਓ,

 

ਪਹਿਲਾਂ ਦੀਆਂ ਸਰਕਾਰਾਂ ਨੇ ਜ਼ਮੀਨੀ ਪੱਧਰ ’ਤੇ ਲੜ ਰਹੇ ਸੁਰੱਖਿਆ ਬਲਾਂ ਦੇ ਵੀ ਹੱਥ ਬੰਨ੍ਹ ਕੇ ਰੱਖੇ ਹੋਏ ਸਨ। ਨਕਸਲੀ ਹਮਲੇ ਹੁੰਦੇ ਰਹਿੰਦੇ ਸਨ, ਪਰ ਸੁਰੱਖਿਆ ਬਲਾਂ ਕੋਲ ਖੁੱਲ੍ਹ ਕੇ ਜਵਾਬੀ ਕਾਰਵਾਈ ਕਰਨ ਦੀ ਆਜ਼ਾਦੀ ਨਹੀਂ ਸੀ। ਅਸੀਂ ਸੁਰੱਖਿਆ ਬਲਾਂ ਨੂੰ ਹਰ ਜ਼ਰੂਰੀ ਫੈਸਲਾ ਲੈਣ ਦੀ ਆਜ਼ਾਦੀ ਦਿੱਤੀ। ਪਹਿਲਾਂ ਸਰਕਾਰ ਅਤੇ ਸਿਸਟਮ ਵਿੱਚ ਬੈਠੇ ਕੁਝ ਲੋਕਾਂ ਵੱਲੋਂ ਖੱਬੇ-ਪੱਖੀ ਅਤਿਵਾਦ ਨੂੰ ਜੋ ਸਮਰਥਨ ਮਿਲਦਾ ਸੀ, ਅਸੀਂ ਉਸ ਨੂੰ ਰੋਕਣ ਦਾ ਵੀ ਕੰਮ ਕੀਤਾ।

 

ਸਾਥੀਓ,

 

ਅਸੀਂ ਇੱਕ ਬਹੁਤ ਵੱਡੇ ਟੀਚੇ ਨੂੰ ਲੈ ਕੇ ਚੱਲ ਰਹੇ ਸੀ। ਸਾਡਾ ਟੀਚਾ ਸੀ- ਕਿਸੇ ਮਾਂ ਦੀ ਗੋਦ ਸੁੰਨੀ ਨਾ ਹੋਵੇ, ਕੋਈ ਪਰਿਵਾਰ ਤਬਾਹੀ ਦੇ ਭੰਵਰ ਵਿੱਚ ਨਾ ਫਸੇ, ਕੋਈ ਬੱਚਾ ਹਥਿਆਰ ਚੁੱਕ ਕੇ ਹਿੰਸਾ ਦੇ ਰਾਹ ’ਤੇ ਨਾ ਤੁਰੇ, ਕਿਸੇ ਨੌਜਵਾਨ ਦਾ ਭਵਿੱਖ ਬਰਬਾਦ ਨਾ ਹੋਵੇ। ਇਸ ਲਈ, ਜਦੋਂ ਤੱਕ ਇਹ ਟੀਚਾ ਪੂਰਾ ਨਹੀਂ ਹੋ ਗਿਆ, ਅਸੀਂ ਦ੍ਰਿੜ੍ਹ ਇਰਾਦੇ ਨਾਲ ਲਗਾਤਾਰ ਲੱਗੇ ਰਹੇ। ਕੋਈ ਪ੍ਰਚਾਰ-ਪ੍ਰਸਾਰ ਨਹੀਂ, ਕੋਈ ਦਿਖਾਵਾ ਨਹੀਂ, ਅਸੀਂ ਸੰਵੇਦਨਸ਼ੀਲਤਾ ਨਾਲ ਕੰਮ ਕਰਦੇ ਹੋਏ ਮਾਓਵਾਦੀ ਦਹਿਸ਼ਤ ਦੀ ਕਮਰ ਤੋੜ ਦਿੱਤੀ। ਅਸੀਂ ਸੇਵਾ ਭਾਵਨਾ ਨਾਲ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੇ ਜੀਵਨ ਨੂੰ ਬਦਲਿਆ। ਇਸ ਲਈ, ਨਕਸਲਵਾਦ ਤੋਂ ਪੀੜਤ ਲੋਕ ਵੀ ਸਰਕਾਰ ਅਤੇ ਸੁਰੱਖਿਆ ਬਲਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਏ। ਅੱਜ ਇੱਥੇ ਵੀ ਅਜਿਹੇ ਨਾਗਰਿਕ ਮੌਜੂਦ ਹਨ, ਜਿਨ੍ਹਾਂ ਨੇ ਇਸ ਵੱਡੀ ਲੜਾਈ ਨੂੰ ਜਿੱਤਣ ਵਿੱਚ ਬਹੁਤ ਸਹਿਯੋਗ ਦਿੱਤਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਹਾਂ।

 

ਸਾਥੀਓ,

 

ਜਦੋਂ ਅਸੀਂ ‘ਰਾਸ਼ਟਰ ਸਭ ਤੋਂ ਪਹਿਲਾਂ’ ਦੀ ਭਾਵਨਾ ਨਾਲ ਕੰਮ ਕਰਦੇ ਹਾਂ, ਤਾਂ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਵੀ ਯਕੀਨੀ ਬਣਦੀ ਹੈ, ਦੇਸ਼ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਵੀ ਛੂੰਹਦਾ ਹੈ ਅਤੇ ਹਰ ਗਰੀਬ ਤੇ ਵਾਂਝੇ ਵਿਅਕਤੀ ਦੀ ਵਿਕਾਸ ਵਿੱਚ ਹਿੱਸੇਦਾਰੀ ਵੀ ਵਧਦੀ ਹੈ। ਅਤੇ ਇਸ ਲਈ, ਬੀਤੇ 12 ਸਾਲਾਂ ਵਿੱਚ ਦੇਸ਼ ਨੇ ਸਿਰਫ਼ ਨਕਸਲਵਾਦ ਅਤੇ ਵੱਖਵਾਦ ਵਿਰੁੱਧ ਹੀ ਲੜਾਈ ਨਹੀਂ ਜਿੱਤੀ ਹੈ, ਸਗੋਂ ਦੇਸ਼ ਨੇ ਗਰੀਬੀ ਵਿਰੁੱਧ ਵੀ ਵੱਡੀ ਜੰਗ ਜਿੱਤੀ ਹੈ।

 

ਸਾਥੀਓ,

 

ਇਸ ਵਾਰ ਦੀਵਾਲੀ ਤੋਂ ਠੀਕ ਪਹਿਲਾਂ ਇੱਕ ਅਜਿਹੀ ਖਬਰ ਆਈ ਹੈ, ਜਿਸ ਦੀ ਪੂਰੇ ਦੇਸ਼ ਅਤੇ ਦੁਨੀਆ ਵਿੱਚ ਚਰਚਾ ਹੈ। ਅਜੇ ਕੁਝ ਦਿਨ ਪਹਿਲਾਂ ਵਰਲਡ ਬੈਂਕ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ, ਬੀਤੇ 12 ਸਾਲਾਂ ਵਿੱਚ 50 ਕਰੋੜ ਲੋਕ, 50 ਕਰੋੜ ਲੋਕ ਅਤਿ ਦੀ ਗਰੀਬੀ ਵਿੱਚੋਂ ਬਾਹਰ ਨਿਕਲੇ ਹਨ। ਜੋ ਕੰਮ ਦਹਾਕਿਆਂ ਤੱਕ ‘ਗਰੀਬੀ ਹਟਾਓ’ ਦੇ ਨਾਅਰਿਆਂ ਨਾਲ ਨਹੀਂ ਹੋਇਆ, ਸਿਰਫ਼ 12 ਸਾਲਾਂ ਵਿੱਚ ਉਹ ਦੇਸ਼ ਨੇ ਕਰਕੇ ਦਿਖਾਇਆ। ਤੁਸੀਂ ਕਲਪਨਾ ਕਰੋ, ਇਹ ਕਿੰਨੀ ਵੱਡੀ ਪ੍ਰਾਪਤੀ ਹੈ। ਸੋਚੋ, ਇਹ ਕਿਵੇਂ ਹੋਇਆ?

 

ਸਾਥੀਓ,

 

ਅਸੀਂ ਦੀਵਾਲੀ ’ਤੇ ਰੰਗੋਲੀ ਬਣਾਉਂਦੇ ਹਾਂ, ਪਹਿਲਾਂ ਰੰਗੋਲੀ ਦੀਆਂ ਕੁਝ ਲਕੀਰਾਂ ਬਣਾਈਆਂ ਜਾਂਦੀਆਂ ਹਨ, ਸ਼ੁਰੂਆਤੀ ਲਕੀਰਾਂ ਅਤੇ ਆਕ੍ਰਿਤੀਆਂ ਛੋਟੀਆਂ ਅਤੇ ਵੱਖਰੀਆਂ ਲੱਗਦੀਆਂ ਹਨ, ਪਰ ਜਿਵੇਂ-ਜਿਵੇਂ ਰੰਗੋਲੀ ਦੇ ਛੋਟੇ-ਛੋਟੇ ਹਿੱਸੇ ਆਪਸ ਵਿੱਚ ਜੁੜਦੇ ਹਨ, ਤਾਂ ਇੱਕ ਬਹੁਤ ਸੋਹਣੀ ਤਸਵੀਰ ਬਣ ਜਾਂਦੀ ਹੈ। ਬੀਤੇ 12 ਸਾਲਾਂ ਵਿੱਚ, ਭਾਰਤ ਵਿੱਚ ਵੀ ਅਜਿਹਾ ਹੀ ਹੋਇਆ ਹੈ। ਅਸੀਂ ਗਰੀਬ ਭਲਾਈ ਦੀਆਂ ਯੋਜਨਾਵਾਂ ਦੀ ਅਜਿਹੀ ਰੰਗੋਲੀ ਬਣਾਈ, ਜੋ ਗਰੀਬ ਨੂੰ ਸਸ਼ਕਤ ਕਰਦੀ ਚਲੀ ਗਈ। ਜਨ-ਧਨ ਯੋਜਨਾ ਨਾਲ ਕਰੋੜਾਂ ਲੋਕ ਬੈਂਕਿੰਗ ਪ੍ਰਣਾਲੀ ਨਾਲ ਜੁੜੇ। ਪੀਐੱਮ ਆਵਾਸ ਯੋਜਨਾ ਨਾਲ ਕਰੋੜਾਂ ਪਰਿਵਾਰਾਂ ਨੂੰ ਪੱਕੀ ਛੱਤ ਮਿਲੀ। ਅਸੀਂ ਮੁਦਰਾ ਯੋਜਨਾ ਤਹਿਤ ਲੋਕਾਂ ਨੂੰ ਬਿਨਾਂ ਗਾਰੰਟੀ ਤੋਂ ਕਰਜ਼ਾ ਦਿੱਤਾ। ਸਵਨਿਧੀ ਯੋਜਨਾ ਰਾਹੀਂ, ਰੇਹੜੀ-ਫੜ੍ਹੀ ਵਾਲੇ ਵਪਾਰੀਆਂ ਨੂੰ ਵੀ ਮਦਦ ਦਿੱਤੀ, ਉਨ੍ਹਾਂ ਨੂੰ ਆਪਣਾ ਕਾਰੋਬਾਰ ਵਧਾਉਣ ਦੇ ਮੌਕੇ ਮਿਲ ਰਹੇ ਹਨ। ਅਸੀਂ ਆਯੁਸ਼ਮਾਨ ਭਾਰਤ ਤਹਿਤ ਗਰੀਬਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ। ਕਰੋੜਾਂ ਪਰਿਵਾਰਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਦਿੱਤਾ। ਬੱਚਿਆਂ ਦੀ ਸਿੱਖਿਆ ਲਈ ਨੀਤੀਆਂ ਬਣਾਈਆਂ। ਯਾਨੀ, ਅਸੀਂ ਹਰ ਗਰੀਬ ਪਰਿਵਾਰ ਲਈ ਮੁਫ਼ਤ ਦਵਾਈ, ਮੁਫ਼ਤ ਪੜ੍ਹਾਈ, ਮੁਫ਼ਤ ਰਸੋਈ, ਇਹ ਯਕੀਨੀ ਬਣਾਇਆ। ਇਹੀ ਨਹੀਂ, ਸਵੱਛ ਭਾਰਤ ਮਿਸ਼ਨ ਅਤੇ ਹਰ ਘਰ ਜਲ ਵਰਗੀਆਂ ਯੋਜਨਾਵਾਂ ਨੇ ਜੀਵਨ ਦੀਆਂ ਬੁਨਿਆਦੀ ਚਿੰਤਾਵਾਂ ਨੂੰ ਵੀ ਦੂਰ ਕੀਤਾ। ਇਸੇ ਦਾ ਨਤੀਜਾ ਹੈ ਕਿ ਅੱਜ ਕਰੋੜਾਂ ਲੋਕ ਗਰੀਬੀ ਵਿੱਚੋਂ ਬਾਹਰ ਨਿਕਲੇ ਹਨ। ਜਿਨ੍ਹਾਂ ਪਰਿਵਾਰਾਂ ਨੂੰ ਪਹਿਲਾਂ ਗਰੀਬੀ ਵਿਰਾਸਤ ਵਿੱਚ ਮਿਲਦੀ ਸੀ, ਉਨ੍ਹਾਂ ਨੂੰ ਹੁਣ ਵਿਰਾਸਤ ਵਿੱਚ ਇੱਕ ਬਿਹਤਰ ਭਵਿੱਖ ਦੀ ਨੀਂਹ ਮਿਲ ਰਹੀ ਹੈ। ਜਿਨ੍ਹਾਂ ਗਰੀਬ ਪਰਿਵਾਰਾਂ ਦੀ ਪੂਰੀ ਜ਼ਿੰਦਗੀ ਸਿਰਫ਼ ਚਿੰਤਾ ਵਿੱਚ ਬੀਤਦੀ ਸੀ, ਉਨ੍ਹਾਂ ਨੂੰ ਹੁਣ ਸਰਕਾਰ ਦਾ ਭਰੋਸਾ ਮਿਲਿਆ ਹੈ, ਉਨ੍ਹਾਂ ਵਿੱਚ ਇੱਕ ਨਵਾਂ ਆਤਮ-ਵਿਸ਼ਵਾਸ ਆਇਆ ਹੈ।

 

ਸਾਥੀਓ,

 

ਗਰੀਬੀ ਵਿਰੁੱਧ ਇਸ ਵੱਡੀ ਜਿੱਤ ਦਾ ਇੱਕ ਵੱਡਾ ਆਧਾਰ ਨਕਸਲਵਾਦ-ਵੱਖਵਾਦ ਵਿਰੁੱਧ ਦੇਸ਼ ਦੀ ਲੜਾਈ ਨਾਲ ਵੀ ਜੁੜਿਆ ਹੋਇਆ ਹੈ। ਬਸਤਰ ਦੇ ਲੋਕ ਅਤੇ ਤੁਸੀਂ ਸਾਰੇ ਜਾਣਦੇ ਹੋ, ਜਿੱਥੇ-ਜਿੱਥੇ ਨਕਸਲੀਆਂ ਦਾ ਪ੍ਰਭਾਵ ਹੁੰਦਾ ਸੀ, ਉੱਥੇ ਉਨ੍ਹਾਂ ਦਾ ਪਹਿਲਾ ਏਜੰਡਾ ਹੁੰਦਾ ਸੀ- ਵਿਕਾਸ ਨੂੰ ਰੋਕਣਾ, ਆਮ ਲੋਕਾਂ ਦੇ ਜੀਵਨ ’ਤੇ ਸੱਟ ਮਾਰਨਾ, ਬੱਚਿਆਂ ਲਈ ਸਕੂਲ ਨਹੀਂ ਖੁੱਲ੍ਹਣ ਦਿੱਤੇ ਜਾਂਦੇ ਸਨ, ਸਕੂਲਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਸੀ। ਬਿਮਾਰਾਂ ਲਈ ਹਸਪਤਾਲ ਨਹੀਂ ਬਣਨ ਦਿੱਤੇ ਜਾਂਦੇ ਸਨ, ਡਾਕਟਰਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ ਸੀ। ਜ਼ਿੰਦਗੀ ਬਚਾਉਣ ਲਈ ਮੈਡੀਕਲ ਸਟੋਰ ਵਰਗੀਆਂ ਸਹੂਲਤਾਂ ਨਹੀਂ ਹੋਣ ਦਿੰਦੇ ਸਨ। ਇਹ ਨਕਸਲੀ ਸਾਡੇ ਬੱਚਿਆਂ ਨੂੰ ਪੋਲੀਓ ਤੱਕ ਦਾ ਟੀਕਾ ਨਹੀਂ ਲੱਗਣ ਦਿੰਦੇ ਸਨ। ਇਹ ਨਕਸਲੀ ਮੋਬਾਈਲ ਟਾਵਰ ਨਹੀਂ ਲਾਉਣ ਦਿੰਦੇ ਸਨ। ਕਿਸ ਤਰ੍ਹਾਂ, ਰੇਲਵੇ ਪਟੜੀਆਂ ਨੂੰ ਬੰਬ ਲਗਾ ਕੇ ਉਡਾਉਣ ਵਰਗੀਆਂ ਘਟਨਾਵਾਂ ਹੁੰਦੀਆਂ ਸਨ। ਉਦਯੋਗ-ਧੰਦਿਆਂ ਨੂੰ ਕਿਸ ਤਰ੍ਹਾਂ ਰੋਕਿਆ ਜਾਂਦਾ ਸੀ। ਤੁਸੀਂ ਸਾਰਿਆਂ ਨੇ ਇਹ ਸਾਲਾਂ ਤੱਕ ਦੇਖਿਆ ਹੈ। ਅਤੇ ਇਸੇ ਦਾ ਨਤੀਜਾ ਇਹ ਹੁੰਦਾ ਸੀ ਕਿ ਲੱਖਾਂ ਗਰੀਬ ਬੇਕਸੂਰ, ਮੇਰੇ ਨਾਗਰਿਕ ਭੈਣ-ਭਰਾ, ਮੇਰੇ ਨੌਜਵਾਨ ਭੈਣ-ਭਰਾ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਸਨ। ਉਨ੍ਹਾਂ ਦਾ ਜੀਵਨ ਗਰੀਬੀ ਦੇ ਭੰਵਰ ਵਿੱਚੋਂ ਨਿਕਲ ਹੀ ਨਹੀਂ ਪਾਉਂਦਾ ਸੀ। ਅਤੇ ਇਸ ਲਈ ਅਸੀਂ ਜਦੋਂ ਨਕਸਲਵਾਦ ਵਿਰੁੱਧ ਲੜਾਈ ਸ਼ੁਰੂ ਕੀਤੀ, ਤਾਂ ਨਾਲ ਹੀ ਨਕਸਲ ਪ੍ਰਭਾਵਿਤ ਇਲਾਕਿਆਂ ਦੇ ਵਿਕਾਸ ਲਈ ਵਿਸ਼ੇਸ਼ ਮੁਹਿੰਮਾਂ ਵੀ ਚਲਾਈਆਂ। ਅਸੀਂ ਖੱਬੇ-ਪੱਖੀ ਅਤਿਵਾਦ ਤੋਂ ਪੀੜਤ ਇਲਾਕਿਆਂ ਵਿੱਚ 15 ਹਜ਼ਾਰ ਕਿਲੋਮੀਟਰ ਤੋਂ ਵੱਧ ਸੜਕਾਂ ਬਣਾਈਆਂ, ਸੁਰੱਖਿਆ ਦੇ ਪੂਰੇ ਪ੍ਰਬੰਧ ਕਰਕੇ ਬਣਾਈਆਂ। ਸਾਢੇ ਨੌਂ ਹਜ਼ਾਰ ਤੋਂ ਵੱਧ ਮੋਬਾਈਲ ਟਾਵਰ ਇਨ੍ਹਾਂ ਇਲਾਕਿਆਂ ਵਿੱਚ ਲਗਾਏ ਗਏ। ਆਦਿਵਾਸੀ ਬੱਚਿਆਂ ਦੀ ਸਿੱਖਿਆ ਲਈ ਕਰੀਬ ਪੌਣੇ ਦੋ ਸੌ ਏਕਲਵਿਆ ਸਕੂਲ ਖੋਲ੍ਹੇ। ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨ ਲਈ ਕਰੀਬ 50 ਆਈਟੀਆਈ ਖੋਲ੍ਹੇ। 50 ਦੇ ਆਸ-ਪਾਸ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਏ। ਹਜ਼ਾਰਾਂ ਡਾਕਘਰ, ਬੈਂਕ ਸ਼ਾਖਾਵਾਂ ਅਤੇ ਏਟੀਐੱਮ ਖੋਲ੍ਹੇ ਗਏ। ਅਤਿ ਪੱਛੜੇ ਆਦਿਵਾਸੀ ਇਲਾਕਿਆਂ ਦੇ ਵਿਕਾਸ ਲਈ ਪੀਐੱਮ ਜਨਮਨ ਯੋਜਨਾ ਸ਼ੁਰੂ ਕੀਤੀ। ਇਸ ਨਾਲ ਹਜ਼ਾਰਾਂ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਪਹਿਲੀ ਵਾਰ ਪਾਣੀ, ਬਿਜਲੀ ਅਤੇ ਸੜਕ ਵਰਗੀਆਂ ਸਹੂਲਤਾਂ ਪਹੁੰਚੀਆਂ। ਇਹੀ ਨਹੀਂ, ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਮੌਕਾ ਦਿੱਤਾ ਗਿਆ। ਉਨ੍ਹਾਂ ਦੇ ਮੁੜ-ਵਸੇਬੇ ਲਈ ਯੋਜਨਾਵਾਂ ਬਣਾਈਆਂ ਗਈਆਂ।

 

ਸਾਥੀਓ,

 

‘ਸਬਕਾ ਸਾਥ, ਸਬਕਾ ਵਿਕਾਸ’ ਦੀ ਇਸ ਮੁਹਿੰਮ ਨੇ ਗਰੀਬੀ ਵਿਰੁੱਧ ਦੇਸ਼ ਦੀ ਲੜਾਈ ਨੂੰ ਨਵੀਂ ਊਰਜਾ ਅਤੇ ਇੱਕ ਨਵਾਂ ਵਿਸ਼ਵਾਸ ਦਿੱਤਾ। ਅਤੇ ਇਸ ਲਈ, ਅੱਜ ਇੱਕ ਪਾਸੇ 50 ਕਰੋੜ ਲੋਕ ਅਤਿ ਦੀ ਗਰੀਬੀ ਵਿੱਚੋਂ ਬਾਹਰ ਆਏ ਹਨ, ਦੂਜੇ ਪਾਸੇ, ਦੇਸ਼ ਵਿੱਚ ਨਕਸਲੀ ਹਿੰਸਾ ਦਾ ਵੀ ਅੰਤ ਹੋਇਆ ਹੈ। ਤੁਸੀਂ ਬਸਤਰ ਨੂੰ ਹੀ ਲਓ, ਅੱਜ ਇਸੇ ਬਸਤਰ ਵਿੱਚ ਬਸਤਰ ਓਲੰਪਿਕ ਹੋ ਰਿਹਾ ਹੈ, ਬੱਚੇ ਬੰਦੂਕ ਨਹੀਂ, ਸਗੋਂ ਖੇਡਾਂ ਵਿੱਚ ਹੱਥ ਅਜ਼ਮਾ ਰਹੇ ਹਨ।

 

ਸਾਥੀਓ,

 

ਇਨ੍ਹਾਂ ਸਫਲਤਾਵਾਂ ਦੇ ਵਿਚਕਾਰ ਸਾਨੂੰ ਇੱਕ ਹੋਰ ਗੱਲ ਯਾਦ ਰੱਖਣੀ ਹੈ, ਨਕਸਲੀ ਖਤਮ ਹੋਏ ਹਨ, ਪਰ ਖਤਰਾ ਅਜੇ ਟਲਿਆ ਨਹੀਂ ਹੈ। ਜੰਗਲਾਂ ਵਿੱਚੋਂ ਹਥਿਆਰਬੰਦ ਨਕਸਲੀ ਤਾਂ ਮਿਟ ਗਏ, ਪਰ ਦਿਮਾਗੀ ਨਕਸਲੀਆਂ ਨੇ ਕਈ ਸੰਗਠਨਾਂ ’ਤੇ ਕਬਜ਼ਾ ਕਰ ਰੱਖਿਆ ਹੈ। ਇਹ ਅੱਜ ਵੀ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਵਿਰੁੱਧ ਲੋਕਾਂ ਨੂੰ ਭੜਕਾ ਰਹੇ ਹਨ। ਕਈ ਸਿਆਸੀ ਪਾਰਟੀਆਂ ਵਿੱਚ, ਵੱਖ-ਵੱਖ ਸੰਗਠਨਾਂ ਵਿੱਚ ਵੀ ਇਨ੍ਹਾਂ ਦਿਮਾਗੀ ਨਕਸਲੀਆਂ ਨੇ ਆਪਣੀ ਘੁਸਪੈਠ ਕਰ ਲਈ ਹੈ। ਅਸੀਂ ਇਨ੍ਹਾਂ ਨੂੰ ਪਛਾਣਨਾ ਹੈ, ਇਨ੍ਹਾਂ ਨੂੰ ਹਰਾਉਣਾ ਹੈ ਅਤੇ ਦੇਸ਼ ਨੂੰ ਸੁਰੱਖਿਅਤ ਕਰਨਾ ਹੈ।

 

ਸਾਥੀਓ,

 

ਅੱਜ ਦੀਆਂ ਪ੍ਰਾਪਤੀਆਂ ਸਾਨੂੰ ਪ੍ਰੇਰਨਾ ਦਿੰਦੀਆਂ ਹਨ, ਪਰ ਇਹ ਠਹਿਰਾਅ ਨਹੀਂ ਹੈ। ਮੈਂ ਫਿਰ ਕਹਿੰਦਾ ਹਾਂ, ਇਹ ਠਹਿਰਾਅ ਨਹੀਂ ਹੈ। ਇਹ ਜਿੱਤ, ਇਹ ਸਫਲਤਾਵਾਂ, ਇਹ ਨਵੀਂ ਉਡਾਣ ਦਾ ਮੰਚ ਹਨ, ਇਹ ਉਡਾਣ ਰਾਸ਼ਟਰ ਦੇ ਉਨ੍ਹਾਂ ਸੁਪਨਿਆਂ ਦੀ ਹੋਵੇਗੀ, ਜਿਨ੍ਹਾਂ ਨੂੰ ਸਦੀਆਂ ਤੋਂ ਸਾਡੀਆਂ ਪੀੜ੍ਹੀਆਂ ਨੇ ਦੇਖਿਆ ਹੈ। ਇਹ ਸੁਪਨੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਹੋਣਗੇ, ਜਿਨ੍ਹਾਂ ਨੇ ਆਜ਼ਾਦੀ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ। ਇਹ ਸੁਪਨੇ ਉਨ੍ਹਾਂ ਸ਼ੂਰਵੀਰ ਸੈਨਿਕਾਂ ਦੇ ਹੋਣਗੇ, ਜਿਨ੍ਹਾਂ ਨੇ ਸਰਹੱਦਾਂ ’ਤੇ ਮਾਂ ਭਾਰਤੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹ ਸੁਪਨੇ, ਉਨ੍ਹਾਂ ਵੀਰ ਜਵਾਨਾਂ ਦੇ ਹੋਣਗੇ, ਜਿਨ੍ਹਾਂ ਨੇ ਨਕਸਲਵਾਦ ਅਤੇ ਦਹਿਸ਼ਤਗਰਦੀ ਵਿਰੁੱਧ ਲੜਾਈ ਵਿੱਚ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਤੁਸੀਂ ਹਰ ਦਿਨ ਇਸ ਭਾਵਨਾ ਨਾਲ ਜਿਊਂਦੇ ਹੋ- ‘ਤੇਰਾ ਗੌਰਵ ਅਮਰ ਰਹੇ ਮਾਂ, ਤੇਰਾ ਗੌਰਵ ਅਮਰ ਰਹੇ ਮਾਂ, ਹਮ ਦਿਨ ਚਾਰ ਰਹੇਂ ਨਾ ਰਹੇਂ, ਤੇਰਾ ਗੌਰਵ ਅਮਰ ਰਹੇ ਮਾਂ।’ ਹੁਣ ਸਮਾਂ ਹੈ ਕਿ ਤੁਹਾਡੀ ਇਹ ਭਾਵਨਾ ਨਵੇਂ ਵਿਸ਼ਵਾਸ ਵਿੱਚ ਬਦਲੇ, ਹੁਣ ਸਮਾਂ ਰਾਸ਼ਟਰ ਲਈ ਜਿਊਣ ਦਾ ਹੈ, ਰਾਸ਼ਟਰ ਨੂੰ ਨਵੀਂ ਉਚਾਈ ’ਤੇ ਪਹੁੰਚਾਉਣ ਦਾ ਹੈ।

 

ਸਾਥੀਓ,

 

ਸਾਡਾ ਦੇਸ਼ ਜੋ ਸੰਕਲਪ ਲੈਂਦਾ ਹੈ, ਉਸ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਉਸ ਕੋਲ ਹੈ। ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਕਸ਼ਮੀਰ ਵਿੱਚੋਂ ਧਾਰਾ 370 ਹਟਾਵਾਂਗੇ, ਅਸੀਂ ਉਹ ਵਾਅਦਾ ਪੂਰਾ ਕਰਕੇ ਦਿਖਾਇਆ। ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਹਰ ਘਰ ਵਿੱਚ ਪਖਾਨਾ ਬਣਾਵਾਂਗੇ, ਅਸੀਂ ਪਖਾਨੇ ਬਣਾ ਕੇ ਦਿਖਾਏ। ਅਸੀਂ ਟੀਕਾਕਰਨ ਦਾ ਦਾਇਰਾ ਵਧਾਉਣ ਦੀ ਗੱਲ ਕੀਤੀ, ਅਸੀਂ ਉਸ ਨੂੰ ਪੂਰਾ ਕਰਕੇ ਦਿਖਾਇਆ। ਇਸ ਲਈ, ਅੱਜ ਜਦੋਂ ਅਸੀਂ ਗਰੀਬੀ ਨੂੰ ਦੂਰ ਕਰਨ ਦੀ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ ਡਰੱਗਜ਼ ਫ੍ਰੀ ਭਾਰਤ ਦੀ ਗੱਲ ਕਰਦੇ ਹਾਂ, ਨਸ਼ਾ-ਮੁਕਤ ਭਾਰਤ ਦੀ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ ਵਿਕਸਿਤ ਭਾਰਤ ਦੀ ਗੱਲ ਕਰਦੇ ਹਾਂ, ਅੱਜ ਜਦੋਂ ਅਸੀਂ ਆਤਮ-ਨਿਰਭਰ ਭਾਰਤ ਦੀ ਗੱਲ ਕਰਦੇ ਹਾਂ, ਤਾਂ ਦੇਸ਼ ਇਹ ਟੀਚਾ ਵੀ ਹਾਸਲ ਕਰਕੇ ਰਹੇਗਾ। ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਹੁੰਦੇ ਦੇਖਣਾ ਹੈ। ਮੈਨੂੰ ਤੁਹਾਡੇ ’ਤੇ ਭਰੋਸਾ ਹੈ, ਮੈਨੂੰ ਮੇਰੇ ਦੇਸ਼ ਦੀ ਨੌਜਵਾਨ ਸ਼ਕਤੀ ’ਤੇ ਭਰੋਸਾ ਹੈ, ਮੈਨੂੰ ਸਾਡੇ ਦੇਸ਼ਵਾਸੀਆਂ ’ਤੇ ਭਰੋਸਾ ਹੈ। ਦੇਸ਼ ਆਪਣੇ ਇਸ ਟੀਚੇ ਤੱਕ ਜ਼ਰੂਰ ਪਹੁੰਚੇਗਾ। ਤੁਹਾਡਾ ਤਿਆਗ ਅਤੇ ਮਿਹਨਤ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਲਈ ਮਜ਼ਬੂਤ ਨੀਂਹ ਬਣਨਗੇ। ਇਸੇ ਵਿਸ਼ਵਾਸ ਨਾਲ, ਮੈਂ ਇੱਕ ਵਾਰ ਫਿਰ ਤੁਹਾਨੂੰ ਦੀਵਾਲੀ ਦੀਆਂ ਦਿਲੋਂ ਵਧਾਈਆਂ ਦਿੰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

 

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਭਾਰਤ ਮਾਤਾ ਦੀ ਜੈ।

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਵੰਦੇ ਮਾਤਰਮ!

ਬਹੁਤ-ਬਹੁਤ ਧੰਨਵਾਦ।

 

ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਲਗਭਗ ਅਨੁਵਾਦ ਹੈ। ਮੂਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।

 **********

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ