Your Excellency, ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਜੀ,
ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ,
ਮੀਡੀਆ ਦੇ ਸਾਥੀਓ,
ਨਮਸਕਾਰ!
ਨੇਪਾਲ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਆਪਣੀ ਪਹਿਲੀ ਦੁਵੱਲੀ ਫੇਰੀ ‘ਤੇ ਬਾਲੇਂਦਰ ਸ਼ਾਹ ਜੀ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।
ਕੁਝ ਮਹੀਨੇ ਪਹਿਲਾਂ, ਜਦੋਂ ਉਨ੍ਹਾਂ ਨੇ ਵਿਸ਼ਵ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਵਜੋਂ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ, ਉਦੋਂ ਸਾਨੂੰ ਉਨ੍ਹਾਂ ਦੀ ਦੂਰ-ਅੰਦੇਸ਼ੀ ਦੀ ਸਪਸ਼ਟ ਝਲਕ ਦਿਖਾਈ ਦਿੱਤੀ ਸੀ। ਅਤੇ ਅੱਜ, ਪਿਛਲੇ ਕੁਝ ਘੰਟਿਆਂ ਦੀ ਗੱਲਬਾਤ ਵਿੱਚ, ਮੈਂ ਨੇਪਾਲ ਦੇ ਭਵਿੱਖ ਅਤੇ ਭਾਰਤ-ਨੇਪਾਲ ਸਬੰਧਾਂ ਲਈ ਉਨ੍ਹਾਂ ਦੇ ਸਪਸ਼ਟ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ ਨੂੰ ਮਹਿਸੂਸ ਕੀਤਾ ਹੈ। ਇਸ ਸਾਲ ਨੇਪਾਲ ਦੀ ਜਨਤਾ ਨੇ ਉਨ੍ਹਾਂ ਨੂੰ ਜੋ ਇਤਿਹਾਸਕ ਫ਼ਤਵਾ ਦਿੱਤਾ ਹੈ, ਉਹ ਨੇਪਾਲ ਦੀ ਨਵੀਂ ਪੀੜ੍ਹੀ ਦੀਆਂ ਇੱਛਾਵਾਂ ਅਤੇ ਉਮੀਦਾਂ ਨੂੰ ਦਰਸਾਉਂਦਾ ਹੈ।
ਭਾਰਤ ਇੱਕ ਮਜ਼ਬੂਤ ਅਤੇ ਖ਼ੁਸ਼ਹਾਲ ਨੇਪਾਲ ਦੀ ਵਿਕਾਸ ਯਾਤਰਾ ਵਿੱਚ ਹਮੇਸ਼ਾ ਤੋਂ ਭਾਈਵਾਲ ਰਿਹਾ ਹੈ। ਇਸੇ ਭਾਵਨਾ ਨਾਲ ਅੱਜ ਅਸੀਂ ਆਪਣੇ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ।
ਦੋਸਤੋ,
ਭਾਰਤ ਅਤੇ ਨੇਪਾਲ ਦਾ ਰਿਸ਼ਤਾ ਸਿਰਫ਼ ਗੁਆਂਢ ਦਾ ਨਹੀਂ, ਸਗੋਂ ਅਪਣੱਤ ਅਤੇ ਅਟੁੱਟ ਵਿਸ਼ਵਾਸ ਦਾ ਰਿਸ਼ਤਾ ਹੈ। ਸਾਡੀਆਂ ਖ਼ੁਸ਼ੀਆਂ ਸਾਂਝੀਆਂ ਹਨ, ਅਤੇ ਸਾਡੀਆਂ ਚੁਣੌਤੀਆਂ ਵੀ। ਇੱਕ-ਦੂਜੇ ਦੀ ਤਰੱਕੀ ਵਿੱਚ ਸਾਥੀ ਹਾਂ, ਅਤੇ ਔਖੇ ਸਮੇਂ ਵਿੱਚ ਇੱਕ-ਦੂਜੇ ਦਾ ਸਹਾਰਾ ਵੀ।
ਅਗਸਤ ਵਿੱਚ ਨੇਪਾਲ ਵਿੱਚ ਆਏ ਭਿਆਨਕ ਹੜ੍ਹ ਕਾਰਨ ਹੋਏ ਜਾਨੀ ਨੁਕਸਾਨ ਲਈ ਅਸੀਂ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਅਤੇ ਅੱਜ, ਨੇਪਾਲ ਦੇ ਪੁਨਰ-ਨਿਰਮਾਣ ਅਤੇ ਲੰਬੇ ਸਮੇਂ ਦੇ ਵਿਕਾਸ ਨੂੰ ਨਵੀਂ ਮਜ਼ਬੂਤੀ ਦੇਣ ਲਈ ਅਸੀਂ ਚੌਵੀ ਹਜ਼ਾਰ ਕਰੋੜ ਨੇਪਾਲੀ ਰੁਪਏ ਦੇ ਵਿਕਾਸ ਸਹਿਯੋਗ ਪੈਕੇਜ ਦਾ ਐਲਾਨ ਕਰਦੇ ਹਾਂ।
ਸਾਡਾ ਸੰਕਲਪ ਹੋਵੇਗਾ ਕਿ ਪ੍ਰਭਾਵਿਤ ਪਰਿਵਾਰਾਂ ਦਾ ਜੀਵਨ ਮੁੜ ਲੀਹ ‘ਤੇ ਪਰਤੇ, ਨਵੇਂ ਮੌਕੇ ਪੈਦਾ ਹੋਣ, ਅਤੇ ਭਵਿੱਖ ਦੀਆਂ ਆਫ਼ਤਾਂ ਨਾਲ ਨਜਿੱਠਣ ਲਈ ਨੇਪਾਲ ਦੀ ਸਮਰੱਥਾ ਵੀ ਹੋਰ ਮਜ਼ਬੂਤ ਹੋਵੇ।
ਦੋਸਤੋ,
ਭਾਰਤ ਅਤੇ ਨੇਪਾਲ ਦੇ ਸਬੰਧ ਸਾਂਝੇ ਇਤਿਹਾਸ, ਆਸਥਾ, ਸੱਭਿਆਚਾਰ ਅਤੇ ਡੂੰਘੇ ਆਪਸੀ ਲੋਕ-ਸੰਪਰਕ ਦੀਆਂ ਤੰਦਾਂ ਨਾਲ ਬੁਣੇ ਹੋਏ ਹਨ। ਭਗਵਾਨ ਰਾਮ ਅਤੇ ਮਾਤਾ ਸੀਤਾ ਸਾਡੀ ਸਾਂਝੀ ਸੱਭਿਅਤਾ ਅਤੇ ਆਸਥਾ ਦੀ ਪਛਾਣ ਹਨ। 2018 ਵਿੱਚ ਜਨਕਪੁਰ ਦੀ ਪਵਿੱਤਰ ਧਰਤੀ ‘ਤੇ ਮੈਂ ਕਿਹਾ ਸੀ, “ਨੇਪਾਲ ਤੋਂ ਬਿਨਾਂ ਸਾਡੇ ਧਾਮ ਅਧੂਰੇ ਹਨ, ਨੇਪਾਲ ਤੋਂ ਬਿਨਾਂ ਸਾਡੇ ਰਾਮ ਵੀ ਅਧੂਰੇ ਹਨ।”
2024 ਵਿੱਚ ਅਯੁੱਧਿਆ ਵਿਖੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ। ਇਸ ਇਤਿਹਾਸਕ ਮੌਕੇ ਨੇ ਸਾਡੀ ਸਾਂਝੀ ਆਸਥਾ ਨੂੰ ਨਵੀਂ ਊਰਜਾ ਦਿੱਤੀ। ਇਸ ਤੋਂ ਬਾਅਦ ਕਰੋੜਾਂ ਸ਼ਰਧਾਲੂ ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚ ਰਹੇ ਹਨ। 2025 ਵਿੱਚ ਹੀ, ਦੇਸ਼ ਅਤੇ ਦੁਨੀਆ ਤੋਂ ਲਗਭਗ 30 ਕਰੋੜ ਸ਼ਰਧਾਲੂਆਂ ਨੇ ਅਯੁੱਧਿਆ ਦੀ ਯਾਤਰਾ ਕੀਤੀ।
ਅੱਜ ਸ਼ੁਰੂ ਕੀਤੀ ਗਈ ਰੇਲ ਸੇਵਾ ‘ਸਰਯੂ-ਕਮਲਾ ਐਕਸਪ੍ਰੈੱਸ’ ਨਾਲ ਅਸੀਂ ਇਸ ਪਵਿੱਤਰ ਰਿਸ਼ਤੇ ਨੂੰ ਇੱਕ ਨਵਾਂ ਆਯਾਮ ਦੇ ਰਹੇ ਹਾਂ। ਇਸ ਨਾਲ ਅਯੁੱਧਿਆ ਆਉਣ ਵਾਲੇ ਸ਼ਰਧਾਲੂਆਂ ਲਈ ਹੁਣ ਜਨਕਪੁਰ ਜਾ ਕੇ ਮਾਤਾ ਸੀਤਾ ਦੇ ਦਰਸ਼ਨ ਕਰਨਾ ਵੀ ਸੁਖਾਲਾ ਹੋ ਜਾਵੇਗਾ।
ਅਸੀਂ ਲੁੰਬਿਨੀ ਅਤੇ ਬੋਧਗਯਾ ਸਮੇਤ ਦੋਵਾਂ ਦੇਸ਼ਾਂ ਦੇ ਬੋਧੀ ਅਤੇ ਸ਼ਿਵ-ਸ਼ਕਤੀ ਨਾਲ ਜੁੜੇ ਪਵਿੱਤਰ ਸਥਾਨਾਂ ਵਿਚਕਾਰ ਸੰਪਰਕ ਵਧਾਉਣ ਲਈ ਵੀ ਮਿਲ ਕੇ ਕੰਮ ਕਰਾਂਗੇ।
ਦੋਸਤੋ,
ਅੱਜ ਅਸੀਂ ਉੱਤਰਾਖੰਡ ਅਤੇ ਨੇਪਾਲ ਵਿਚਕਾਰ, ਧਾਰਚੂਲਾ ਸੜਕੀ ਪੁਲ ਦਾ ਉਦਘਾਟਨ ਅਤੇ ਬਨਬਸਾ ਵਿੱਚ ਏਕੀਕ੍ਰਿਤ ਚੈੱਕ ਪੋਸਟ (ਇੰਟੀਗ੍ਰੇਟਿਡ ਚੈੱਕ ਪੋਸਟ) ਦਾ ਨੀਂਹ ਪੱਥਰ ਰੱਖਿਆ ਹੈ। ਇਸ ਦੇ ਨਾਲ-ਨਾਲ ਅਸੀਂ ਨੇਪਾਲ ਵਾਲੇ ਪਾਸੇ ਦੋਧਾਰਾ-ਚਾਂਦਨੀ ਏਕੀਕ੍ਰਿਤ ਚੈੱਕ ਪੋਸਟ ਦਾ ਕੰਮ ਵੀ ਤੇਜ਼ੀ ਨਾਲ ਅੱਗੇ ਵਧਾਵਾਂਗੇ। ਇਨ੍ਹਾਂ ਪਹਿਲਕਦਮੀਆਂ ਨਾਲ ਉੱਤਰਾਖੰਡ ਅਤੇ ਨੇਪਾਲ ਵਿਚਕਾਰ ਵਪਾਰ ਅਤੇ ਲੋਕਾਂ ਦੀ ਆਵਾਜਾਈ ਹੋਰ ਸੁਖਾਲੀ ਹੋਵੇਗੀ।
ਇਸ ਦੇ ਨਾਲ ਹੀ, ਅਸੀਂ ਬਿਹਾਰ, ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਹੋਰ ਰਾਜਾਂ ਅਤੇ ਨੇਪਾਲ ਵਿਚਕਾਰ ਸੜਕ, ਰੇਲ ਅਤੇ ਸਰਹੱਦੀ ਸੰਪਰਕ ਦੇ ਪ੍ਰੋਜੈਕਟਾਂ ਨੂੰ ਵੀ ਨਵੀਂ ਗਤੀ ਦੇਵਾਂਗੇ। ਨੇਪਾਲ ਦੇ ਟਰਾਂਜ਼ਿਟ ਵਪਾਰ ਨੂੰ ਹੋਰ ਸੁਖਾਲਾ ਬਣਾਉਣ ਲਈ ਅਸੀਂ ਕਾਂਡਲਾ ਅਤੇ ਪਾਰਾਦੀਪ ਬੰਦਰਗਾਹਾਂ ਤੱਕ ਪਹੁੰਚ ਉਪਲਬਧ ਕਰਵਾਵਾਂਗੇ। ਮੈਨੂੰ ਵਿਸ਼ਵਾਸ ਹੈ ਕਿ ਬਿਹਤਰ ਵਪਾਰ, ਸੰਪਰਕ ਅਤੇ ਨਿਵੇਸ਼ ਦੇ ਇਨ੍ਹਾਂ ਸਾਰੇ ਯਤਨਾਂ ਨਾਲ ਨੇਪਾਲ ਦੇ ਆਰਥਿਕ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।
ਦੋਸਤੋ,
ਨੇਪਾਲ ਦੀਆਂ ਨਦੀਆਂ ਵਿੱਚ ਸਵੱਛ ਊਰਜਾ ਦੀਆਂ ਬੇਅੰਤ ਸੰਭਾਵਨਾਵਾਂ ਹਨ। ਭਾਰਤ ਦਾ ਵਿਸ਼ਾਲ ਊਰਜਾ ਬਾਜ਼ਾਰ ਇਨ੍ਹਾਂ ਸੰਭਾਵਨਾਵਾਂ ਨੂੰ ਨੇਪਾਲ ਦੀ ਆਰਥਿਕ ਖ਼ੁਸ਼ਹਾਲੀ ਦਾ ਇੱਕ ਮਜ਼ਬੂਤ ਆਧਾਰ ਬਣਾ ਸਕਦਾ ਹੈ।
ਅੱਜ ਲੋਅਰ ਅਰੁਣ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਾ ਅਤੇ ਅਰੁਣ-3 ਨੂੰ ਸਮੇਂ ਸਿਰ ਪੂਰਾ ਕਰਨ ਦੀ ਸਾਡੀ ਵਚਨਬੱਧਤਾ ਇਸੇ ਵਿਜ਼ਨ ਦਾ ਹਿੱਸਾ ਹੈ।
ਦੋਸਤੋ,
ਭਾਰਤ ਕਈ ਸਾਲਾਂ ਤੋਂ ਨੇਪਾਲ ਲਈ ਪੈਟਰੋਲੀਅਮ ਪਦਾਰਥਾਂ ਅਤੇ ਹੋਰ ਜ਼ਰੂਰੀ ਵਸਤਾਂ ਦਾ ਭਰੋਸੇਮੰਦ ਸਪਲਾਇਰ ਰਿਹਾ ਹੈ। ਸਾਡੀ ‘ਗੁਆਂਢ ਪਹਿਲਾਂ ਨੀਤੀ’ (Neighbourhood First Policy) ਦੀ ਭਾਵਨਾ ਦੇ ਅਨੁਸਾਰ, ਇਸ ਸਾਲ ਤੇਲ ਸਪਲਾਈ ਨਾਲ ਜੁੜੀਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ, ਅਸੀਂ ਨੇਪਾਲ ਨੂੰ ਈਂਧਣ, ਖਾਦਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਬਰਕਰਾਰ ਰੱਖੀ।
ਅੱਜ ਮੋਤੀਹਾਰੀ-ਅਮਲੇਖਗੰਜ ਪਾਈਪਲਾਈਨ ਦੇ ‘ਫੇਜ਼ ਟੂ’ ਦਾ ਲੋਕ-ਅਰਪਣ ਅਤੇ ਝਾਪਾ ਪੈਟਰੋਲੀਅਮ ਟਰਮੀਨਲ ਦਾ ਨੀਂਹ ਪੱਥਰ ਰੱਖਣਾ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ।
ਦੋਸਤੋ,
ਨੇਪਾਲ ਦੀ ਨੌਜਵਾਨ ਪੀੜ੍ਹੀ ਪ੍ਰਤਿਭਾ, ਊਰਜਾ ਅਤੇ ਵੱਡੇ ਸੁਪਨਿਆਂ ਨਾਲ ਭਰੀ ਹੋਈ ਹੈ। ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਭਾਰਤ ਪੂਰੀ ਵਚਨਬੱਧਤਾ ਨਾਲ ਭਾਈਵਾਲ ਬਣਨਾ ਚਾਹੁੰਦਾ ਹੈ।
ਇਸ ਸੰਕਲਪ ਨੂੰ ਪੂਰਾ ਕਰਨ ਲਈ, ਅਸੀਂ ਨੇਪਾਲ ਵਿੱਚ ਸਟਾਰਟ-ਅੱਪ ਇਨਕਿਊਬੇਟਰ, ਇਨੋਵੇਸ਼ਨ ਹੱਬ, ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਾ ਇੱਕ ਆਫਸ਼ੋਰ ਕੈਂਪਸ ਸਥਾਪਿਤ ਕਰਾਂਗੇ।
ਅਸੀਂ ਨੇਪਾਲੀ ਵਿਦਿਆਰਥੀਆਂ ਲਈ ਭਾਰਤ ਵਿੱਚ ਕਾਨੂੰਨ ਅਤੇ ਤਕਨਾਲੋਜੀ ਵਿੱਚ ਸਕਾਲਰਸ਼ਿਪ ਦੇ ਮੌਕੇ ਵਧਾਵਾਂਗੇ। ਅਤੇ ਫੂਡ ਪ੍ਰੋਸੈਸਿੰਗ ਅਤੇ ਵੈਲਿਊ-ਐਡੀਸ਼ਨ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਨੇਪਾਲ ਵਿੱਚ ਐਗਰੋ-ਇੰਡਸਟਰੀਅਲ ਪਾਰਕ ਵਿਕਸਿਤ ਕਰਨ ਵਿੱਚ ਵੀ ਸਹਿਯੋਗ ਕਰਾਂਗੇ।
ਦੋਸਤੋ,
ਰਾਮਾਇਣ ਦੀ ਕਥਾ ਅੱਜ ਫਿਲਮਾਂ ਅਤੇ ਆਧੁਨਿਕ ਤਕਨਾਲੋਜੀ ਰਾਹੀਂ ਨਵੀਂ ਪੀੜ੍ਹੀ ਅਤੇ ਪੂਰੀ ਦੁਨੀਆ ਤੱਕ ਪਹੁੰਚ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਭਾਰਤ ਅਤੇ ਨੇਪਾਲ ਦੇ ਨੌਜਵਾਨ ਸਿਰਜਣਹਾਰ ਮਿਲ ਕੇ ਆਪਣੀ ਸਾਂਝੀ ਵਿਰਾਸਤ ਨੂੰ ਨਵੇਂ ਮਾਧਿਅਮਾਂ ਰਾਹੀਂ ਦੁਨੀਆ ਤੱਕ ਪਹੁੰਚਾਉਣ। ਇਸੇ ਦਿਸ਼ਾ ਵਿੱਚ, ਅਗਲੇ ਵੇਵਜ਼ ਸੰਮੇਲਨ ਵਿੱਚ ਅਸੀਂ ਨੇਪਾਲ ਦੇ ਇੱਕ ਵੱਡੇ ਵਫ਼ਦ ਦਾ ਸਵਾਗਤ ਕਰਾਂਗੇ।
ਖੇਡਾਂ , ਖ਼ਾਸ ਕਰਕੇ ਕ੍ਰਿਕਟ ਵਿੱਚ ਵੀ ਅਸੀਂ ਨੇਪਾਲ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਖਿਡਾਰੀਆਂ ਦੀ ਸਿਖਲਾਈ ਵਿੱਚ ਸਹਿਯੋਗ ਵਧਾਵਾਂਗੇ।
Your Excellency,
ਅੱਜ ਅਸੀਂ ਆਪਣੇ ਸਾਂਝੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਦਸਤਾਵੇਜ਼ ਜਾਰੀ ਕਰ ਰਹੇ ਹਾਂ। ਇਹ “ਵਿਕਸਿਤ ਭਾਰਤ ਅਤੇ ਖ਼ੁਸ਼ਹਾਲ ਨੇਪਾਲ” ਦੇ ਆਪਣੇ-ਆਪਣੇ ਸੰਕਲਪਾਂ ਨੂੰ ਮਿਲ ਕੇ ਸਾਕਾਰ ਕਰਨ ਦਾ ਖਾਕਾ (blue-print) ਹੈ।
ਸਾਡੇ ਕੋਲ ਸਪਸ਼ਟ ਟੀਚੇ ਹਨ, ਆਪਸੀ ਵਿਸ਼ਵਾਸ ਹੈ, ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੀ ਸਮਰੱਥਾ ਵੀ ਹੈ। ਅਤੇ ਸਭ ਤੋਂ ਵਧ ਕੇ ਸਾਡੇ ਨਾਲ ਮਾਤਾ ਸੀਤਾ, ਭਗਵਾਨ ਰਾਮ ਅਤੇ ਭਗਵਾਨ ਬੁੱਧ ਦਾ ਆਸ਼ੀਰਵਾਦ ਹੈ।
ਮੈਨੂੰ ਵਿਸ਼ਵਾਸ ਹੈ ਕਿ ਇਸੇ ਭਾਵਨਾ ਨਾਲ ਅਸੀਂ ਆਪਣੇ ਸਾਂਝੇ ਵਿਜ਼ਨ ਨੂੰ ਠੋਸ ਪ੍ਰਾਪਤੀਆਂ ਵਿੱਚ ਬਦਲਾਂਗੇ। ਅਤੇ ਮਿਲ ਕੇ ਭਾਰਤ-ਨੇਪਾਲ ਸਬੰਧਾਂ ਦਾ ਇੱਕ ਨਵਾਂ ਸੁਨਹਿਰੀ ਅਧਿਆਏ ਲਿਖਾਂਗੇ।
ਭਾਰਤ–ਨੇਪਾਲ ਦੋਸਤੀ ਅਮਰ ਰਹੇ!
ਬਹੁਤ-ਬਹੁਤ ਧੰਨਵਾਦ।
***********
ਐੱਮਜੇਪੀਐੱਸ/ਐੱਸਐੱਸ/ਵੀਜੇ
Sharing my remarks during the joint press meet with PM Balendra Shah of Nepal. @ShahBalen @PM_nepal_ https://t.co/dySgHsBGe2
— Narendra Modi (@narendramodi) November 23, 2026
भारत और नेपाल का रिश्ता केवल पड़ोस का नहीं, बल्कि अपनेपन और अटूट विश्वास का रिश्ता है। हमारी खुशियाँ साझी हैं और हमारी चुनौतियाँ भी। हम एक-दूसरे की प्रगति में साथी हैं और मुश्किल समय में एक-दूसरे का सहारा भी: PM @narendramodi
— PMO India (@PMOIndia) November 23, 2026
अगस्त में नेपाल में आई भीषण बाढ़ से हुई जनहानि के लिए हम गहरी संवेदना व्यक्त करते हैं। और आज, नेपाल के पुनर्निर्माण और दीर्घकालिक विकास को नई मजबूती देने के लिए हम 24 हजार करोड़ नेपाली रुपये के Development Cooperation Package की घोषणा करते हैं: PM @narendramodi
— PMO India (@PMOIndia) November 23, 2026
भारत और नेपाल के संबंध साझा इतिहास, आस्था, संस्कृति और गहरे people-to-people ties के धागों से बुने हैं। भगवान राम और माता सीता हमारी साझा सभ्यता और आस्था की पहचान हैं: PM @narendramodi
— PMO India (@PMOIndia) November 23, 2026
भारत कई वर्षों से नेपाल के लिए पेट्रोलियम पदार्थों और अन्य आवश्यक वस्तुओं का विश्वसनीय supplier रहा है। हमारी Neighbourhood First Policy की भावना के अनुरूप, इस वर्ष oil supply से जुड़ी गंभीर चुनौतियों के बावजूद, हमने नेपाल को fuel, fertilizers और अन्य आवश्यक वस्तुओं की supply बनाए रखी: PM @narendramodi
— PMO India (@PMOIndia) November 23, 2026
हम नेपाल में Start-up Incubator, Innovation Hub और Indian Institute of Technology का एक offshore campus स्थापित करेंगे। हम नेपाली students के लिए भारत में Law और Technology में scholarships के अवसर बढ़ाएँगे। और Food processing और value-addition को बढ़ावा देने के लिए हम नेपाल में Agro-Industrial Park विकसित करने में भी सहयोग करेंगे: PM @narendramodi
— PMO India (@PMOIndia) November 23, 2026