Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸ਼ਬਦ ਕੀਰਤਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ!

 

ਸਿੱਖ ਸਮਾਜ ਦੇ ਸਤਿਕਾਰਯੋਗ ਸੰਤ ਸਾਹਿਬਾਨ, ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਜੀ, ਦਿੱਲੀ ਦੀ ਮੁੱਖ ਮੰਤਰੀ ਭੈਣ ਰੇਖਾ ਗੁਪਤਾ ਜੀ, ਸੰਸਦ ਵਿੱਚ ਮੇਰੇ ਸਾਥੀ, ਦਿੱਲੀ ਸਰਕਾਰ ਦੇ ਹੋਰ ਮੰਤਰੀ ਸਾਹਿਬਾਨ, ਹੋਰ ਸਾਰੇ ਪਤਵੰਤਿਓ, ਦੇਵੀਓ ਅਤੇ ਸੱਜਣੋ,

 

ਮੈਂ ਇਸ ਪਵਿੱਤਰ ਵਾਤਾਵਰਨ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾ ਸਹਿਤ ਪ੍ਰਣਾਮ ਕਰਦਾ ਹਾਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹਾਂ। ਗੁਰਪੁਰਬ ਦੇ ਇਸ ਪਾਵਨ ਮੌਕੇ ’ਤੇ ਮੈਨੂੰ ਸ਼ਬਦ ਕੀਰਤਨ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਮੈਂ ਤਰਨਜੀਤ ਸਿੰਘ ਸੰਧੂ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ।

 

ਸਾਥੀਓ,

 

ਗੁਰਬਾਣੀ ਦਾ ਇੱਕ-ਇੱਕ ਸ਼ਬਦ, ਕੀਰਤਨ ਦੀ ਇੱਕ-ਇੱਕ ਧੁਨ, ਇਹ ਸਿਰਫ਼ ਸੰਗੀਤ ਨਹੀਂ ਹੈ। ਇਹ ਆਪਣੇ-ਆਪ ਵਿੱਚ ਇੱਕ ਸਾਧਨਾ ਹੈ। ਇਹ ਗਿਆਨ ਦੇ ਸਾਗਰ ਵਿੱਚ ਚੁੱਭੀ ਲਾਉਣ ਵਰਗਾ ਹੈ ਅਤੇ ਇਸ ਲਈ, ਜਦੋਂ ਮੈਨੂੰ ਅਜਿਹੇ ਸਮਾਗਮ ਲਈ ਸੱਦਾ ਆਉਂਦਾ ਹੈ, ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਸੰਗਤ ਅਤੇ ਕੀਰਤਨ ਵਿੱਚ ਜ਼ਰੂਰ ਹਾਜ਼ਰ ਹੁੰਦਾ ਹਾਂ।

 

ਸਾਥੀਓ,

 

ਗੁਰੂ ਨਾਨਕ ਦੇਵ ਜੀ ਕਿਹਾ ਕਰਦੇ ਸਨ- ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਇਹ ਮੇਰੇ ਜੀਵਨ ਦਾ ਸੁਭਾਵਿਕ ਹਿੱਸਾ ਰਿਹਾ ਹੈ। ਗੁਰਦੁਆਰਿਆਂ ਵਿੱਚ ਮੱਥਾ ਟੇਕਣਾ, ਗੁਰਬਾਣੀ ਵਿੱਚ ਲੀਨ ਹੋ ਕੇ ਆਤਮਿਕ ਆਨੰਦ ਮਾਣਨਾ, ਸੇਵਾ ਦਾ ਸੁਖ ਹਾਸਲ ਕਰਨਾ ਅਤੇ ਫਿਰ ਲੰਗਰ ਦਾ ਸਵਾਦ ਲੈਣਾ, ਬਚਪਨ ਤੋਂ ਲੈ ਕੇ ਸੰਗਠਨ ਦੇ ਕਾਰਜਕਰਤਾ ਤੱਕ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਹੈ। ਕਿੰਨੀ ਹੀ ਵਾਰ ਮੈਨੂੰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ। ਪੁਰਾਣੇ ਸਾਥੀਆਂ ਨੂੰ ਪਤਾ ਹੋਵੇਗਾ, ਮੈਂ ਪੰਜਾਬ ਵਿੱਚ ਵੀ ਕਾਫ਼ੀ ਸਮਾਂ ਬਿਤਾਇਆ ਹੈ ਅਤੇ ਉਹ ਸਮਾਂ ਮੇਰੇ ਜੀਵਨ ਦੀਆਂ ਸਭ ਤੋਂ ਖ਼ਾਸ ਯਾਦਾਂ ਵਿੱਚੋਂ ਇੱਕ ਰਿਹਾ ਹੈ।

 

ਭੈਣੋ ਤੇ ਭਰਾਵੋ,

 

ਗੁਰੂ ਕਿਰਪਾ ਨਾਲ ਮੈਨੂੰ ਸਿੱਖ ਸੰਤਾਂ ਦੀ ਸੰਗਤ ਮਿਲਦੀ ਰਹੀ ਹੈ। ਪ੍ਰਧਾਨ ਮੰਤਰੀ ਨਿਵਾਸ ’ਤੇ ਵੀ ਮੈਨੂੰ ਕਈ ਸਿੱਖ ਸੰਤਾਂ ਅਤੇ ਗਿਆਨੀਆਂ ਦੀ ਆਓ-ਭਗਤ ਕਰਨ ਦਾ ਸੁਭਾਗ ਮਿਲਿਆ ਹੈ। ਅੱਜ ਇਸ ਸਮਾਗਮ ਵਿੱਚ ਵੀ ਸਾਡੇ ਸੰਤਾਂ ਦੀ ਮੌਜੂਦਗੀ ਨਾਲ ਇੱਕ ਵੱਖਰੀ ਹੀ ਅਧਿਆਤਮਿਕ ਊਰਜਾ ਮਹਿਸੂਸ ਹੋ ਰਹੀ ਹੈ। ਮੈਂ ਇਸ ਮੌਕੇ ਸਾਰੇ ਸੰਤਾਂ ਅਤੇ ਗਿਆਨੀਆਂ ਨੂੰ ਪ੍ਰਣਾਮ ਕਰਦਾ ਹਾਂ। ਸਾਰੇ ਸਿੱਖ ਭੈਣ-ਭਰਾਵਾਂ ਦਾ ਸਵਾਗਤ ਕਰਦਾ ਹਾਂ।

 

ਸਾਥੀਓ,

 

ਇਸ ਸਾਲ ਦਾ ਪ੍ਰਕਾਸ਼ ਪੁਰਬ ਇੱਕ ਹੋਰ ਪਵਿੱਤਰ ਯਾਦ ਦੇ ਨਾਲ ਆਇਆ ਹੈ। ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਵਰ੍ਹੇ ਪੂਰੇ ਹੋਏ ਹਨ। ਦਿੱਲੀ ਦੀ ਇਸੇ ਧਰਤੀ ’ਤੇ, ਇਸ ਦੇਸ਼ ਦੀ ਪਛਾਣ ਦੀ ਰਾਖੀ ਲਈ ਸ਼ਰਧਾ, ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਲਈ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਸੀ। ਉਸ ਘਟਨਾ ਨੂੰ 350 ਵਰ੍ਹੇ ਬੀਤ ਗਏ, ਪਰ ਭਾਰਤ ਦੀ ਮਿੱਟੀ ਵਿੱਚ, ਦੇਸ਼ ਦੇ ਕਣ-ਕਣ ਵਿੱਚ ਉਸ ਸ਼ਹਾਦਤ ਦੀ ਪ੍ਰੇਰਨਾ ਅੱਜ ਵੀ ਰਚੀ-ਵਸੀ ਹੋਈ ਹੈ। ਦੇਸ਼ ਦਾ ਹਰ ਜੀਅ ਹਮੇਸ਼ਾ ਉਸ ਦੇ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹੇਗਾ।

 

ਸਾਥੀਓ,

 

ਰਾਸ਼ਟਰ ਅਤੇ ਉਸ ਦੇ ਸੱਭਿਆਚਾਰ ਲਈ ਸਭ ਕੁਝ ਕੁਰਬਾਨ ਕਰਨ ਦਾ ਜਜ਼ਬਾ, ਪੂਰੀ ਸਿੱਖ ਪਰੰਪਰਾ ਇਸ ਦਾ ਪ੍ਰਤੀਕ ਰਹੀ ਹੈ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਇਨ੍ਹਾਂ ਸਾਰਿਆਂ ਦੀ ਸ਼ਹਾਦਤ ਵੀ ਸਾਨੂੰ ਇਸ ਦੀ ਯਾਦ ਦਿਵਾਉਂਦੀ ਹੈ। ਆਜ਼ਾਦੀ ਦੀ ਲੜਾਈ ਵਿੱਚ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ ਹੁਣੇ ਸਾਡੇ ਐੱਲਜੀ ਨੇ ਵਿਸਥਾਰ ਨਾਲ ਦੱਸਿਆ, ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਬਾਰੇ, ਉਹ ਖੁਦ ਆਪਣੇ-ਆਪ ਵਿੱਚ ਇਸ ਦੀ ਉੱਘੀ ਉਦਾਹਰਨ ਹਨ। ਗੁਰਦੁਆਰਾ ਸੁਧਾਰ ਲਹਿਰ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸੇਵਾ ਨੂੰ ਸਮਰਪਿਤ ਕਰ ਦਿੱਤਾ। ਇਸ ਸਾਲ ਉਨ੍ਹਾਂ ਦੀ ਸ਼ਹਾਦਤ ਦੇ ਵੀ ਸੌ ਵਰ੍ਹੇ ਪੂਰੇ ਹੋ ਰਹੇ ਹਨ। ਮੈਂ ਇਸ ਮੌਕੇ ’ਤੇ, ਉਨ੍ਹਾਂ ਨੂੰ ਵੀ ਸ਼ਰਧਾ ਸਹਿਤ ਪ੍ਰਣਾਮ ਕਰਦਾ ਹਾਂ।

 

ਸਾਥੀਓ,

 

ਭਾਰਤ ਨੇ ਸੈਂਕੜੇ ਵਰ੍ਹਿਆਂ ਦੀ ਗੁਲਾਮੀ ਸਹੀ ਹੈ। ਇਤਿਹਾਸ ਦਾ ਜੋ ਦੌਰ ਭਾਰਤ ਲਈ ਸਭ ਤੋਂ ਮੁਸ਼ਕਲ ਸੀ, ਉਸ ਦੌਰ ਵਿੱਚ ਵੀ ਸਾਡੇ ਗੁਰੂਆਂ ਨੇ ਦੇਸ਼ ਦੀ ਰਾਖੀ ਦੀ ਜੋਤ ਜਗਾਈ ਰੱਖੀ। ਅੱਜ ਜਦੋਂ ਰਾਸ਼ਟਰ ਦੇ ਵੱਡੇ ਸੰਕਲਪ ਸਾਡੇ ਸਾਹਮਣੇ ਹਨ, ਵਿਕਸਿਤ ਭਾਰਤ ਦਾ ਟੀਚਾ ਸਾਡੇ ਅੱਗੇ ਹੈ, ਤਾਂ ਇਹ ਸਫ਼ਰ ਸਾਡੇ ਗੁਰੂਆਂ ਦੀ ਪ੍ਰੇਰਨਾ ਅਤੇ ਉਨ੍ਹਾਂ ਦੇ ਆਦਰਸ਼ਾਂ ਦੀ ਤਾਕਤ ਨਾਲ ਹੀ ਪੂਰਾ ਹੋ ਸਕਦਾ ਹੈ। ਇਸ ਲਈ, ਸਿੱਖ ਪਰੰਪਰਾਵਾਂ ਨੂੰ, ਸਿੱਖੀ ਦੀ ਵਿਰਾਸਤ ਨੂੰ ਚਾਨਣ-ਮੁਨਾਰਾ ਬਣਾ ਕੇ ਅੱਗੇ ਰੱਖਣਾ ਸਾਡੇ ਸਾਰਿਆਂ ਦਾ ਫ਼ਰਜ਼ ਹੈ।

 

ਸਾਥੀਓ,

 

ਬੀਤੇ 12 ਵਰ੍ਹਿਆਂ ਵਿੱਚ ਅਸੀਂ ਪੂਰੀ ਸ਼ਰਧਾ ਨਾਲ ਇਸੇ ਫ਼ਰਜ਼ ਨੂੰ ਨਿਭਾਉਣ ਦਾ ਉਪਰਾਲਾ ਕਰਦੇ ਰਹੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਇਆ, ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ, ਪੂਰੇ ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਅਨੇਕਾਂ ਸਮਾਗਮ ਹੋਏ, ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੇ ਗਏ, ਵਿਸ਼ੇਸ਼ ਟ੍ਰੇਨਾਂ ਚੱਲੀਆਂ, ਦੇਸ਼ ਭਰ ਵਿੱਚ ਗੁਰਬਾਣੀ ਦੇ ਪ੍ਰੋਗਰਾਮ ਰੱਖੇ ਗਏ। ਇਸੇ ਤਰ੍ਹਾਂ, ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ’ਤੇ ਲਾਲ ਕਿਲ੍ਹੇ ਵਿੱਚ ਰਾਸ਼ਟਰੀ ਸਮਾਗਮ ਹੋਇਆ। ਇਸੇ ਭਾਵਨਾ ਨਾਲ ਅਸੀਂ ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਵੀ ਮਨਾ ਰਹੇ ਹਾਂ।

 

ਸਾਥੀਓ,

 

ਇੱਕ ਮਹੀਨੇ ਬਾਅਦ 26 ਦਸੰਬਰ ਨੂੰ ਦੇਸ਼ ਅਗਲਾ ਵੀਰ ਬਾਲ ਦਿਵਸ ਮਨਾਉਣ ਜਾ ਰਿਹਾ ਹੈ। ਅਸੀਂ ਇਸ ਦਿਨ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣਾ ਸ਼ੁਰੂ ਕੀਤਾ ਕਿਉਂਕਿ ਵੀਰ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸੰਕਲਪ ਸ਼ਕਤੀ, ਹਿੰਮਤ ਅਤੇ ਬਹਾਦਰੀ ਦੀ ਉਹ ਅਮਰ ਗਾਥਾ, ਉਸ ਨੂੰ ਦੇਸ਼ ਦੀ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ, ਇਹ ਸਾਡਾ ਫ਼ਰਜ਼ ਹੈ। ਸਾਡੇ ਬੱਚੇ ਜਦੋਂ ਉਸ ਦੌਰ ਦੇ ਹਾਲਾਤਾਂ ਨੂੰ ਜਾਣਨਗੇ, ਕਿਵੇਂ ਸਾਹਿਬਜ਼ਾਦਿਆਂ ਅਤੇ ਗੁਰੂਆਂ ਨੇ ਸ਼ਹਾਦਤ ਦਿੱਤੀ ਅਤੇ ਉਨ੍ਹਾਂ ਦੀ ਕੁਰਬਾਨੀ ਨਾਲ ਕਿਵੇਂ ਸਾਡੀ ਸ਼ਰਧਾ ਸੁਰੱਖਿਅਤ ਰਹੀ, ਇਨ੍ਹਾਂ ਗੱਲਾਂ ਦੀ ਜਾਣਕਾਰੀ, ਇਹ ਪ੍ਰੇਰਨਾ ਦੇਸ਼ ਲਈ ਸਮਰਪਿਤ ਨੌਜਵਾਨਾਂ ਦਾ ਨਿਰਮਾਣ ਕਰੇਗੀ।

 

ਗੁਰੂਆਂ ਦਾ ਜਸ ਗਾਉਣ ਦੇ ਸਾਡੇ ਉਪਰਾਲੇ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹਨ। ਹੁਣੇ ਕੁਝ ਦਿਨ ਪਹਿਲਾਂ ਹੀ ਮੈਂ ਫਿਲੀਪੀਨਜ਼ ਵਿੱਚ ਸੀ। ਉੱਥੇ ਵੀ ਮੈਂ ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਖ਼ਾਲਸਾ ਦੀਵਾਨ ਗਿਆ ਸੀ। ਖ਼ਾਲਸਾ ਦੀਵਾਨ ਗੁਰਦੁਆਰੇ ਦੀ ਮੁੜ-ਉਸਾਰੀ ਵਿੱਚ ਵੀ ਭਾਰਤ ਸਰਕਾਰ ਸਹਿਯੋਗ ਕਰ ਰਹੀ ਹੈ। ਸਾਡਾ ਇਹ ਉਪਰਾਲਾ ਹੈ, ਸਾਡੇ ਗੁਰੂਆਂ ਦਾ ਪ੍ਰਕਾਸ਼ ਹਰ ਜੀਅ ਤੱਕ ਪਹੁੰਚੇ। ਉਨ੍ਹਾਂ ਦੇ ਅਸ਼ੀਰਵਾਦ ਨਾਲ ਭਾਰਤ ਨਵੀਆਂ ਉਚਾਈਆਂ ਨੂੰ ਛੂਹੇ।

 

ਸਾਥੀਓ,

 

ਅਸੀਂ ਆਪਣੀ ਅਰਦਾਸ ਵਿੱਚ ਕਹਿੰਦੇ ਹਾਂ- ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਭ ਦੀ ਭਲਾਈ ਦੀ ਇਹ ਸਿੱਖਿਆ ਸਾਨੂੰ ਗੁਰਬਾਣੀ ਤੋਂ ਮਿਲਦੀ ਹੈ ਅਤੇ ਸਭ ਦਾ ਭਲਾ ਚਾਹੁਣ ਦੀ ਸੋਚ ਮਨ ਵਿੱਚ ਉਦੋਂ ਹੀ ਜਾਗਦੀ ਹੈ, ਜਦੋਂ ਅਸੀਂ ਸਭ ਨੂੰ ਆਪਣਾ ਮੰਨਣ ਲੱਗਦੇ ਹਾਂ।

 

ਸਾਥੀਓ,

 

ਅੱਜ ਦੁਨੀਆ ਵਿੱਚ ਕਿੰਨੀਆਂ ਹੀ ਥਾਵਾਂ ’ਤੇ ਟਕਰਾਅ ਚੱਲ ਰਹੇ ਹਨ। ਕਿੰਨੇ ਹੀ ਬੇਕਸੂਰ ਲੋਕ, ਕਿੰਨੇ ਪਰਿਵਾਰ ਹਿੰਸਾ ਅਤੇ ਅਸ਼ਾਂਤੀ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿੱਚ, ਦੁਨੀਆ ਦੇ ਹਰ ਹਿੱਸੇ ਵਿੱਚ ਸ਼ਾਂਤੀ ਹੋਵੇ, ਹਰ ਪਰਿਵਾਰ ਸੁਰੱਖਿਅਤ ਹੋਵੇ, ਹਰ ਵਿਅਕਤੀ ਨੂੰ ਸਤਿਕਾਰ ਨਾਲ ਜਿਊਣ ਦਾ ਮੌਕਾ ਮਿਲੇ, ਇਸ ਦੇ ਲਈ ‘ਸਰਬੱਤ ਦਾ ਭਲਾ’, ‘ਸਰਬੱਤ ਦਾ ਭਲਾ’ ਦੀ ਭਾਵਨਾ ਹੋਰ ਵੀ ਅਹਿਮ ਹੋ ਜਾਂਦੀ ਹੈ।

 

ਸਾਥੀਓ,

 

ਗੁਰੂ ਸਾਹਿਬ ਨੇ ਸਾਨੂੰ ਜੋ ਜੀਵਨ ਦੀਆਂ ਕਦਰਾਂ-ਕੀਮਤਾਂ ਦਿੱਤੀਆਂ ਹਨ, ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੀਖਿਆ ਵੀ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਹੀ ਹੁੰਦੀ ਹੈ। ਅੱਜ ਸਾਡੇ ਸਮਾਜ ਵਿੱਚ ਇੱਕ ਅਜਿਹੀ ਹੀ ਚੁਣੌਤੀ ਹੈ- ਨਸ਼ਿਆਂ ਦੀ ਸਮੱਸਿਆ! ਕਿਉਂਕਿ, ਇੱਕ ਨੌਜਵਾਨ ਜਦੋਂ ਨਸ਼ੇ ਦੀ ਗ੍ਰਿਫ਼ਤ ਵਿੱਚ ਆਉਂਦਾ ਹੈ, ਤਾਂ ਉਸ ਦੇ ਨਾਲ ਪੂਰੇ ਪਰਿਵਾਰ ਦੇ ਸੁਪਨੇ ਟੁੱਟ ਜਾਂਦੇ ਹਨ।

 

ਸਾਥੀਓ,

 

ਦੇਸ਼ ਦਾ ਹਰ ਨੌਜਵਾਨ ਨਸ਼ੇ ਤੋਂ ਆਜ਼ਾਦ ਹੋਵੇ। ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰੇ। ਖੂਬ ਪੜ੍ਹੇ, ਅੱਗੇ ਵਧੇ, ਆਪਣੇ ਪਰਿਵਾਰ ਅਤੇ ਦੇਸ਼ ਦਾ ਮਾਣ ਵਧਾਵੇ। ਇਸ ਉਪਰਾਲੇ ਵਿੱਚ ਪਰਿਵਾਰਾਂ ਦੀ ਭੂਮਿਕਾ ਬਹੁਤ ਵੱਡੀ ਹੈ। ਸਾਡੀ ਸੰਗਤ, ਸਾਡੇ ਗੁਰਦੁਆਰੇ, ਸਾਡੀਆਂ ਸਮਾਜਿਕ ਸੰਸਥਾਵਾਂ, ਸਭ ਮਿਲ ਕੇ ਨੌਜਵਾਨਾਂ ਨੂੰ ਦਿਸ਼ਾ ਦੇ ਸਕਦੇ ਹਨ, ਉਨ੍ਹਾਂ ਨੂੰ ਸਹੀ ਰਸਤਾ ਚੁਣਨ ਦਾ ਹੌਸਲਾ ਦੇ ਸਕਦੇ ਹਨ। ਮੈਨੂੰ ਵਿਸ਼ਵਾਸ ਹੈ, ਗੁਰੂ ਸਾਹਿਬ ਦੀ ਕਿਰਪਾ ਅਤੇ ਸਮਾਜ ਦੇ ਸਮੂਹਿਕ ਉਪਰਾਲਿਆਂ ਨਾਲ, ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇੱਕ ਸੁਰੱਖਿਅਤ ਅਤੇ ਰੌਸ਼ਨ ਭਵਿੱਖ ਦੇ ਸਕਾਂਗੇ। ਇਸੇ ਭਾਵਨਾ ਦੇ ਨਾਲ, ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ!

 

ਆਓ, ਮੇਰੇ ਨਾਲ ਮਿਲ ਕੇ ਜੈਕਾਰਾ ਲਗਾਈਏ, ਬੋਲੇ ਸੋ ਨਿਹਾਲ! ਸਤਿ ਸ੍ਰੀ ਅਕਾਲ! ਬਹੁਤ-ਬਹੁਤ ਧੰਨਵਾਦ!

 

****

ਐੱਮਜੇਪੀਐੱਸ/ਐੱਸਐੱਸ/ਐੱਸਟੀ/ਏਵੀ