ਪੀਐੱਮਇੰਡੀਆ

ਪੀ.ਵੀ. ਨਰਸਿਮਹਾ ਰਾਓ

June 21, 1991- May 16, 1996 | Congress (I)

ਪੀ.ਵੀ. ਨਰਸਿਮਹਾ ਰਾਓ

ਸ਼੍ਰੀ ਪੀ ਰੰਗਾਰਾਓ ਦੇ ਸਪੁੱਤਰ ਸ਼੍ਰੀ ਪੀ ਵੀ ਨਰਸਿਮਹਾ ਰਾਓ ਦਾ ਜਨਮ 28 ਮਈ 1921 ਨੂੰ ਆਂਧਰਾ ਪ੍ਰਦੇਸ਼ ਸੂਬੇ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਉਨ੍ਹਾਂ ਓਸਮਾਨੀਆ  ਯੂਨੀਵਰਸਿਟੀ ਹੈਦਰਾਬਾਦ, ਬੌਂਬੇ  ਯੂਨੀਵਰਸਿਟੀ ਅਤੇ ਨਾਗਪੁਰ  ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇੱਕ ਵਿਧੁਰ ਸ਼੍ਰੀ ਪੀ ਵੀ ਨਰਸਿਮਹਾ ਰਾਓ ਤਿੰਨ ਪੁੱਤਰਾਂ ਅਤੇ ਪੰਜ ਧੀਆਂ ਦੇ ਪਿਤਾ ਹਨ। ਇੱਕ ਖੇਤੀ ਕਿਸਾਨ ਅਤੇ ਵਕੀਲ ਹੁੰਦਿਆਂ ਸ਼੍ਰੀ ਨਰਸਿਮਹਾ ਰਾਓ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਆਂਧਰਾ ਪ੍ਰਦੇਸ਼ ਵਿੱਚ ਕਈ ਮਹੱਤਵਪੂਰਨ ਮੰਤਰਾਲਿਆਂ ਦਾ ਕੰਮਕਾਜ ਸੰਭਾਲਿਆ। 1962 ਤੋਂ 1964 ਤੱਕ ਉਹ ਕਾਨੂੰਨ ਅਤੇ ਸੂਚਨਾ ਮੰਤਰੀ ਰਹੇ, 1964 ਤੋਂ 1967 ਤੱਕ ਕਾਨੂੰਨ ਅਤੇ ਵਿੱਤ ਮੰਤਰੀ ਰਹੇ। 1967 ਵਿੱਚ ਸਿਹਤ ਅਤੇ ਦਵਾਈਆਂ ਬਾਰੇ ਮੰਤਰੀ ਰਹੇ। 1968 ਤੋਂ 1971 ਤੱਕ ਉਹ ਸਿੱਖਿਆ ਮੰਤਰੀ ਰਹੇ। ਉਹ 1971 ਤੋਂ 1973 ਤੱਕ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। 1975-76 ਵਿੱਚ ਉਹ ਆੱਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ। 1968 ਤੋਂ 1974 ਤੱਕ ਉਨ੍ਹਾਂ ਆਂਧਰਾ ਪ੍ਰਦੇਸ਼ ਦੀ ਤੇਲਗੂ ਅਕੈਡਮੀ ਦੀ ਚੇਅਰਮੈਨੀ ਕੀਤੀ ਅਤੇ 1972 ਤੋਂ ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ ਮਦਰਾਸ ਦੇ ਪ੍ਰਧਾਨ ਰਹੇ। ਉਹ 1957 ਤੋਂ 1977 ਤੱਕ ਆਂਧਰਾ ਪ੍ਰਦੇਸ਼ ਵਿਧਾਨਸਭਾ ਦੇ ਮੈਂਬਰ ਵੀ ਰਹੇ। 1977 ਤੋਂ 1984 ਤੱਕ ਉਹ  ਲੋਕ ਸਭਾ ਦੇ ਮੈਂਬਰ ਰਹੇ ਅਤੇ ਦਸੰਬਰ 1984 ਵਿੱਚ ਰਾਮਟੇਕ ਤੋਂ 8ਵੀਂ  ਲੋਕ ਸਭਾ ਲਈ ਚੁਣੇ ਗਏ। 1978-79 ਵਿੱਚ ਲੋਕ-ਲੇਖਾ ਕਮੇਟੀ ਦੇ ਚੇਅਰਮੈਨ ਵਜੋਂ ਉਨ੍ਹਾਂ ਲੰਡਨ ਯੂਨੀਵਰਸਿਟੀ ਦੇ ਸਕੂਲ  ਆਵ੍ ਏਸ਼ੀਅਨ ਐਂਡ ਅਫਰੀਕਨ ਸਟਡੀਜ਼ ਵੱਲੋਂ ਕਰਵਾਈ ਗਈ ਦੱਖਣ ਏਸ਼ੀਆ ਤੇ ਕਾਨਫਰੰਸ ਵਿੱਚ ਹਿੱਸਾ ਲਿਆ। ਸ਼੍ਰੀ ਰਾਓ ਨੇ ਭਾਰਤੀ ਵਿਦਿਆ ਭਵਨ ਦੇ ਆਂਧਰਾ ਕੇਂਦਰ ਦੀ ਪ੍ਰਧਾਨਗੀ ਵੀ ਕੀਤੀ। ਉਹ ਕੇਂਦਰ ਵਿੱਚ 14 ਜਨਵਰੀ 1980 ਤੋਂ 18 ਜੁਲਾਈ 1984 ਤੱਕ ਵਿਦੇਸ਼ ਮੰਤਰੀ ਰਹੇ ਅਤੇ 19 ਜੁਲਾਈ 1984 ਤੋਂ 31 ਦਸੰਬਰ 1984 ਤੱਕ ਉਨ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਵਜੋਂ ਕੰਮ ਕੀਤਾ। ਸ਼੍ਰੀ ਨਰਸਿਮਹਾ ਰਾਓ 31 ਦਸੰਬਰ 1984 ਤੋਂ 25 ਸਤੰਬਰ 1985 ਤੱਕ ਦੇਸ਼ ਦੇ ਰੱਖਿਆ ਮੰਤਰੀ ਰਹੇ ਅਤੇ 25 ਸਤੰਬਰ 1985 ਨੂੰ ਉਨ੍ਹਾਂ ਨੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲਾ ਦਾ ਕਾਰਜ-ਭਾਰ ਸੰਭਾਲਿਆ।

ਉਹ ਤਰ੍ਹਾਂ ਤਰ੍ਹਾਂ ਦੀਆਂ ਰੁਚੀਆਂ ਦੇ ਮਾਲਕ ਹਨ ਅਤੇ ਉਨ੍ਹਾਂ ਨੂੰ ਸੰਗੀਤ ਸਿਨੇਮਾ ਅਤੇ ਥੀਏਟਰ ਬਹੁਤ ਪਸੰਦ ਹੈ। ਉਨ੍ਹਾਂ ਦੀ ਵਿਸ਼ੇਸ਼ ਰੂਚੀ ਭਾਰਤੀ ਦਰਸ਼ਨ ਸ਼ਾਸਤਰ ਅਤੇ ਸਭਿਆਚਾਰ ਵਿੱਚ ਸੀ ਅਤੇ ਉਹ ਕਥਾ-ਸਾਹਿਤ ਤੇ ਸਿਆਸੀ ਟਿੱਪਣੀਆਂ, ਭਾਸ਼ਾਵਾਂ ਸਿੱਖਣ ਤੇਲਗੂ ਅਤੇ ਹਿੰਦੀ ਵਿੱਚ ਕਵਿਤਾਵਾਂ ਲਿਖਣ ਤੋਂ ਇਲਾਵਾ ਆਮ ਤੌਰ ਤੇ ਸਾਹਿਤ ਨੂੰ ਸਮੇਂ ਨਾਲ ਜੋੜ ਕੇ ਵੇਖਣਾ ਪਸੰਦ ਕਰਦੇ ਹਨ। ਉਨ੍ਹਾਂ ਸਫ਼ਲਤਾਪੂਰਵਕ ‘ਸੈਹਸਰਾਫ਼ਨ’ ਪੁਸਤਕ ਛਾਪੀ ਜੋ ਸਵਰਗੀ ਸ਼੍ਰੀ ਵਿਸ਼ਵਨਾਥਾ ਸਤਿਆਨਾਰਾਇਨਾ ਦੇ ਮਸ਼ਹੂਰ ਤੇਲਗੂ ਨਾਵਲ ‘ਵਈ ਪਦਾਗਲੂ ਦਾ ਹਿੰਦੀ ਅਨੁਵਾਦ ਹੈ, ਜਿਸ ਨੂੰ ਜਨ ਪੀਠ ਨੇ ਛਾਪਿਆ ਹੈ। ਇਸ ਤੋਂ ਇਲਾਵਾ ਸ਼੍ਰੀ ਹਰੀ ਨਰਾਇਣ ਆਪਟੇ ਦੇ ਮਸ਼ਹੂਰ ਮਰਾਠੀ ਨਾਵਲ ਪਾਨ ਲਕਸ਼ਤ ਕੋਨਗੇਟੋ ਦਾ ਤੇਲਗੂ ਅਨੁਵਾਦ ਅਵਾਲਾ ਜੀਵੀਤਾਮ ਦਾ ਪ੍ਰਕਾਸ਼ਨ ਕੀਤਾ ਹੈ, ਜੋ ਸੈਂਟਰਲ ਸਾਹਿਤ ਅਕੈਡਮੀ ਨੇ ਛਾਪੀ ਹੈ। ਉਨ੍ਹਾਂ ਕਈ ਹੋਰ ਕੰਮਾਂ ਦਾ ਵੀ ਮਰਾਠੀ ਤੋਂ ਤੇਲਗੂ ਅਤੇ ਤੇਲਗੂ ਤੋਂ ਹਿੰਦੀ ਵਿੱਚ ਅਨੁਵਾਦ ਕੀਤਾ ਹੈ ਅਤੇ ਇੱਕ ਕਲਮੀ-ਨਾਂਅ ਅਧੀਨ ਵੱਖ-ਵੱਖ ਕਈ ਰਸਾਲਿਆਂ ਵਿੱਚ ਆਪਣੇ ਲੇਖ ਛਾਪੇ ਹਨ। ਉਨ੍ਹਾਂ ਅਮਰੀਕਾ ਅਤੇ ਪੱਛਮੀ ਜਰਮਨੀ ਦੀਆਂ ਯੂਨੀਵਰਸਿਟੀਆਂ ਵਿੱਚ ਸਿਆਸੀ ਮਾਮਲਿਆਂ ਅਤੇ  ਸਬੰਧਤ ਵਿਸ਼ਿਆਂ ’ਤੇ ਲੈਕਚਰ ਵੀ ਦਿੱਤੇ ਹਨ। ਵਿਦੇਸ਼ ਮੰਤਰੀ ਹੋਣ ਨਾਤੇ ਉਨ੍ਹਾਂ 1974 ਇੰਗਲੈਂਡ, ਪੱਛਮੀ ਜਰਮਨੀ, ਸਵਿਟਰਜ਼ਰਲੈਂਡ ਅਤੇ  ਮਿਸਰ ਦੇ ਵਧੇਰੇ ਦੌਰੇ ਕੀਤੇ।

 

ਜਦੋਂ ਸ਼੍ਰੀ ਨਰਸਿਮਹਾ ਰਾਓ ਵਿਦੇਸ਼ ਮੰਤਰੀ ਸਨ, ਤਾਂ ਉਨ੍ਹਾਂ ਨੇ ਆਪਣੇ ਵਧੇਰੇ ਗਿਆਨਵਾਨ ਹੋਣ ਦੇ  ਪਿਛੋਕੜ ਪ੍ਰਸ਼ਾਸਕੀ ਤਜ਼ਰਬੇ ਅਤੇ ਸਿਆਸੀ ਸੂਝਬੂਝ ਦਾ ਕੌਮਾਂਤਰੀ ਕੂਟਨੀਤੀ ਲਈ ਪੂਰੀ ਕਾਮਯਾਬੀ ਨਾਲ ਇਸਤੇਮਾਲ ਕੀਤਾ। ਉਨ੍ਹਾਂ ਆਪਣਾ ਅਹੁਦਾ ਸੰਭਾਲਣ ਦੇ ਕੁਝ ਹੀ ਦਿਨਾ ਬਾਅਦ ਜਨਵਰੀ 1980 ਵਿੱਚ ਨਵੀਂ ਦਿੱਲੀ ਵਿੱਚ ਹੋਈ।  ਯੂਨਾਇਟਿਡ  ਨੇਸ਼ਨਸ ਇੰਡਸਟਰੀਅਲ ਡਿਵੈਲਪਮੈਂਟ ਆਰਗਨਾਈਜ਼ੇਸ਼ਨ ਦੀ ਤੀਜੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਫ਼ਰਵਰੀ 1981 ਵਿੱਚ ਗੁੱਟ ਨਿਰਪੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਕਾਨਫਰੰਸ ਵਿੱਚ ਆਪਣੀ ਭੂਮਿਕਾ ਕਾਰਨ ਉਨ੍ਹਾਂ ਦੀ ਵਧੇਰੇ ਸ਼ਲਾਘਾ ਹੋਈ। ਸ਼੍ਰੀ ਰਾਓ ਨੇ ਕੌਮਾਂਤਰੀ ਆਰਥਿਕ ਮੁੱਦਿਆਂ ਵਿੱਚ ਨਿਜੀ ਤੌਰ ’ਤੇ ਡੂੰਘੀ ਦਿਲਚਸਪੀ ਵਿਖਾਈ ਅਤੇ ਮਈ 1981 ਵਿੱਚ ਕੈਰਾਕਾਸ ਵਿੱਚ ਹੋਈ ਈ ਸੀ ਡੀ ਸੀ ਉੱਪਰ ਗਰੁੱਪ 77 ਦੀ ਕਾਨਫੰਰਸ ਵਿੱਚ ਭਾਰਤੀ ਵਫ਼ਦ ਦੀ ਨਿਜੀ ਤੌਰ ’ਤੇ ਅਗਵਾਈ ਕੀਤੀ।

1982 ਅਤੇ 1983 ਦੇ ਵਰ੍ਹੇ ਭਾਰਤ ਅਤੇ ਇਸ ਦੀ ਵਿਦੇਸ਼ ਨੀਤੀ ਲਈ ਬਹੁਤ ਹੀ ਮਹੱਤਵਪੂਰਨ ਸਨ। ਖਾੜੀ ਦੇਸ਼ਾਂ ਦੀ ਜੰਗ ਦੇ ਪ੍ਰਭਾਵ ਕਾਰਨ ਗੁੱਟ ਨਿਰਪੇਖ ਅੰਦਲੋਨ ਨੇ ਭਾਰਤ ਨੂੰ ਗੁੱਟ ਨਿਰਪੱਖ ਦੇਸ਼ਾਂ ਦੇ 7ਵੇਂ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਆਖਿਆ, ਜਿਸ ਦਾ ਇਹ ਅਰਥ ਸੀ ਕਿ ਭਾਰਤ ਗੁੱਟ ਨਿਰਪੱਖ ਅੰਦਲੋਨ ਦੀ ਪ੍ਰਧਾਨਗੀ ਸਾਂਭ ਲਵੇ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਇਸ ਦੇ ਚੇਅਰਪਰਸਨ ਬਣਨ। ਸ਼੍ਰੀ ਪੀ ਵੀ ਨਰਸਿਮਹਾ ਰਾਓ ਨੇ ਨਵੀਂ ਦਿੱਲੀ ਵਿੱਚ ਹੋਏ ਗੁੱਟ ਨਿਰਪੱਖ ਦੇਸ਼ਾਂ ਦੇ ਸੰਮੇਲਨ ਦੀ ਪੂਰਬ ਸੰਧਿਆ ਤੇ ਗੁੱਟ ਨਿਰਪੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਇਸ ਹੀ ਵਰ੍ਹੇ ਵਿੱਚ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸੰਮੇਲਨ ਦੀ ਵੀ ਪ੍ਰਧਾਨਗੀ ਕੀਤੀ ਜਦੋਂ ਭਾਰਤ ਨੂੰ ਕਿਹਾ ਗਿਆ ਸੀ ਕਿ ਉਹ ਇਸ ਸੰਮੇਲਨ ਦੀ ਅਤੇ ਆਉਣ ਵਾਲੇ ਵਰ੍ਹਿਆਂ ਦੌਰਾਨ ਵੀ ਸੰਮੇਲਨ ਦੀ ਪ੍ਰਧਾਨਗੀ ਕਰੇ। ਇਹ ਉਪਰਾਲਾ ਗੁੱਟ ਨਿਰਪੱਖ ਅੰਦਲੋਨ ਵੱਲੋਂ ਨਿਊਯਾਰਕ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰ  ਮੁਖੀਆਂ ਅਤੇ ਸਰਕਾਰਾਂ ਵਿਚਾਲੇ ਹੋਈ ਗੈਰ-ਰਸਮੀ ਸਲਾਹ ਦੌਰਾਨ ਕੀਤਾ ਗਿਆ ਸੀ।

ਸ਼੍ਰੀ ਰਾਓ ਵਿਸ਼ੇਸ਼ ਗੁੱਟ ਨਿਰਪੱਖ ਮਿਸ਼ਨ ਦੇ ਨੇਤਾ ਵੀ ਸਨ। ਜਿਨ੍ਹਾਂ ਨੇ 1983 ਵਿੱਚ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਦਾ ਦੌਰਾ ਕੀਤਾ। ਉਨ੍ਹਾਂ ਦਾ ਇਹ ਯਤਨ ਫਲਸਤੀਨੀ ਲਿਬਰੇਸ਼ਨ ਆਰਗਨਾਈਜ਼ੇਸ਼ਨ ਦਾ ਵਿਵਾਦ ਹੱਲ ਕਰਨ ਦੇ ਇੱਕ  ਯਤਨ ਵਜੋਂ ਸੀ। ਸ਼ੀ ਰਾਓ ਨਵੀਂ ਦਿੱਲੀ ਵਿੱਚ ਰਾਸ਼ਟਰ ਮੰਡਲ ਦੇਸ਼ਾਂ ਦੇ ਮੁਖੀਆਂ ਨਾਲ ਵੀ ਸਰਗਰਮ ਤੌਰ ’ਤੇ ਜੁੜੇ ਰਹੇ ਅਤੇ ਸਾਈਪ੍ਰਸ ਦੇ ਮੁੱਦੇ ਉੱਤੇ ਉਨ੍ਹਾਂ ਇੱਕ  ਮੀਟਿੰਗ ਦੌਰਾਨ ਕਾਰਜਸ਼ੀਲ ਗਰੁੱਪ ਵੀ ਕਾਇਮ ਕੀਤਾ।

ਵਿਦੇਸ਼ ਮੰਤਰੀ ਦੀ ਹੈਸੀਅਤ ਵਿੱਚ ਸ਼੍ਰੀ ਨਰਸਿਮਹਾ ਨੇ ਭਾਰਤ ਵੱਲੋਂ ਅਮਰੀਕਾ, ਰੂਸ, ਪਾਕਿਸਤਾਨ, ਬੰਗਲਾਦੇਸ਼, ਇਰਾਨ, ਵਿਅਤਨਾਮ, ਤਨਜਾਨੀਆਂ ਅਤੇ ਗੁਆਇਨਾ ਸਮੇਤ ਕਈ ਸੰਯੁਕਤ ਕਮਿਸ਼ਨਾਂ ਦੀ ਭਾਰਤ ਵੱਲੋਂ ਪ੍ਰਧਾਨਗੀ ਕੀਤੀ।

ਸ਼੍ਰੀ ਨਰਸਿਮਹਾ ਰਾਓ ਨੇ 19 ਜੁਲਾਈ 1984 ਨੂੰ ਦੇਸ਼ ਦੀ ਗ੍ਰਹਿ ਮੰਤਰੀ ਵਜੋਂ ਆਪਣਾ ਕਾਰਜਭਾਰ ਸੰਭਾਲਿਆ ਅਤੇ ਪੰਜ ਨਵੰਬਰ 1984 ਨੂੰ ਯੋਜਨਾਬੰਦੀ ਮੰਤਰਾਲਾ ਦੇ ਵਾਧੂ ਕਾਰਜ-ਭਾਰ ਨਾਲ ਉਨ੍ਹਾਂ ਨੂੰ ਮੁੜ ਤੋਂ ਗ੍ਰਹਿ ਮੰਤਰੀ ਬਣਾਇਆ ਗਿਆ। 31 ਦਸੰਬਰ 1984 ਤੋਂ 25 ਸਤੰਬਰ 1985 ਤੱਕ ਉਹ ਦੇਸ਼ ਦੇ ਰੱਖਿਆ ਮੰਤਰੀ ਰਹੇ ਅਤੇ 25 ਸਤੰਬਰ 1985 ਨੂੰ ਉਹ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਬਣੇ।