Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਸਾਮ ਵਿੱਚ ਕਾਜ਼ੀਰੰਗਾ ਐਲੀਵੇਟਿਡ ਕਾਰੀਡੋਰ ਪ੍ਰੋਜੈਕਟ ਦੇ ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਅਸਾਮ ਵਿੱਚ ਕਾਜ਼ੀਰੰਗਾ ਐਲੀਵੇਟਿਡ ਕਾਰੀਡੋਰ ਪ੍ਰੋਜੈਕਟ ਦੇ ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


ਔਖੋਮੋਰ ਪ੍ਰੋਕ੍ਰਿਤੀ ਪ੍ਰੇਮੀ ਰਾਇਜੋਲੋਈ ਆਂਤੋਰਿਕ ਪ੍ਰੋਣਾਮ। 

ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਜੀ, ਇੱਥੇ ਦੇ ਪ੍ਰਸਿੱਧ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਪਵਿਤਰਾ ਮਾਰਗਰੀਟਾ ਜੀ, ਅਸਾਮ ਦੇ ਮੰਤਰੀ ਅਤੁਲ ਬੋਰਾ ਜੀ, ਚਰਨ ਬੋਰੋ ਜੀ, ਕ੍ਰਿਸ਼ਣੇਂਦੁ ਪੌਲ ਜੀ, ਕੇਸ਼ਵ ਮਹੰਤਾ ਜੀ, ਹੋਰ ਮਹਾਮਹਿਮ ਅਤੇ ਅਸਾਮ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ।

ਮੌਸਮ ਠੰਢਾ ਹੈ, ਪਿੰਡ ਦੂਰ-ਦੂਰ ਹਨ, ਉਸ ਦੇ ਬਾਵਜੂਦ ਵੀ ਜਿੱਥੇ-ਜਿੱਥੇ ਮੇਰੀ ਨਜ਼ਰ ਪਹੁੰਚ ਰਹੀ ਹੈ, ਲੋਕ ਹੀ ਲੋਕ ਨਜ਼ਰ ਆ ਰਹੇ ਹਨ। ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਸਾਨੂੰ ਅਸ਼ੀਰਵਾਦ ਦੇਣ ਆਏ ਹੋ, ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅੱਜ ਮੁੜ ਕਾਜ਼ੀਰੰਗਾ ਆਉਣ ਦਾ ਸੁਭਾਗ ਮਿਲਿਆ ਹੈ। ਸੁਭਾਵਿਕ ਹੈ ਮੈਨੂੰ ਆਪਣੀ ਪਿਛਲੀ ਯਾਤਰਾ ਯਾਦ ਆਉਣਾ, ਬਹੁਤ ਸੁਭਾਵਿਕ ਹੈ। ਦੋ ਸਾਲ ਪਹਿਲਾਂ ਕਾਜ਼ੀਰੰਗਾ ਵਿੱਚ ਬਿਤਾਏ ਪਲ, ਮੇਰੀ ਜ਼ਿੰਦਗੀ ਦੇ ਬਹੁਤ ਖ਼ਾਸ ਤਜਰਬਿਆਂ ਵਿੱਚ ਸ਼ਾਮਲ ਹੈ। ਮੈਨੂੰ ਕਾਜ਼ੀਰੰਗਾ ਰਾਸ਼ਟਰੀ ਪਾਰਕ ਵਿੱਚ ਰਾਤ ਰੁਕਣ ਦਾ ਮੌਕਾ ਮਿਲਿਆ ਸੀ ਅਤੇ ਅਗਲੀ ਸਵੇਰ ਹਾਥੀ ਦੀ ਸਫ਼ਾਰੀ ਦੌਰਾਨ ਮੈਂ ਇਸ ਖੇਤਰ ਦੀ ਸੁੰਦਰਤਾ ਨੂੰ ਬਹੁਤ ਨੇੜਿਓਂ ਮਹਿਸੂਸ ਕੀਤਾ ਸੀ।

ਸਾਥੀਓ,

ਮੈਨੂੰ ਹਮੇਸ਼ਾ ਅਸਾਮ ਆ ਕੇ ਇੱਕ ਵੱਖਰੀ ਹੀ ਖ਼ੁਸ਼ੀ ਮਿਲਦੀ ਹੈ। ਇਹ ਧਰਤੀ ਨਾਇਕਾਂ ਦੀ ਧਰਤੀ ਹੈ। ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਵਾਲੇ ਬੇਟੇ-ਬੇਟੀਆਂ ਦੀ ਧਰਤੀ ਹੈ। ਕੱਲ੍ਹ ਹੀ ਮੈਂ ਗੁਹਾਟੀ ਵਿੱਚ ਬਾਗੁਰੁੰਬਾ ਦਹੋਓ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਸੀ। ਉੱਥੇ ਸਾਡੀ ਬੋਡੋ ਭਾਈਚਾਰੇ ਦੀਆਂ ਬੇਟੀਆਂ ਨੇ ਬਾਗੁਰੁੰਬਾ ਦੀ ਪ੍ਰਦਰਸ਼ਨੀ ਦੇ ਕੇ ਨਵਾਂ ਰਿਕਾਰਡ ਬਣਾਇਆ। ਬਾਗੁਰੁੰਬਾ ਦੀ ਅਜਿਹੀ ਸ਼ਾਨਦਾਰ ਪ੍ਰਦਰਸ਼ਨੀ, ਦਸ ਹਜ਼ਾਰ ਤੋਂ ਵੱਧ ਕਲਾਕਾਰਾਂ ਦੀ ਊਰਜਾ, ਖ਼ਾਮ ਦੀ ਥਾਪ, ਸਿਫੁੰਗ ਦੀ ਧੁਨ, ਉਨ੍ਹਾਂ ਮਨਮੋਹਕ ਪਲਾਂ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਬਾਗੁਰੁੰਬਾ ਦਾ ਅਨੁਭਵ ਅੱਖਾਂ ਤੋਂ ਹੋ ਕੇ ਦਿਲ ਵਿੱਚ ਉੱਤਰਦਾ ਰਿਹਾ। ਅਸਾਮ ਦੇ ਸਾਡੇ ਕਲਾਕਾਰਾਂ ਨੇ ਕਮਾਲ ਕਰ ਦਿੱਤਾ। ਉਨ੍ਹਾਂ ਦੀ ਸਖ਼ਤ ਮਿਹਨਤ, ਉਨ੍ਹਾਂ ਦੀ ਤਿਆਰੀ, ਉਨ੍ਹਾਂ ਦਾ ਤਾਲਮੇਲ, ਸਭ ਕੁਝ ਸ਼ਾਨਦਾਰ ਰਿਹਾ। 

ਮੈਂ ਬਾਗੁਰੁੰਬਾ ਦਹੋਓ ਵਿੱਚ ਸ਼ਾਮਲ ਸਾਰੇ ਕਲਾਕਾਰਾਂ ਨੂੰ ਅੱਜ ਫਿਰ ਤੋਂ ਇੱਕ ਵਾਰ ਬਹੁਤ-ਬਹੁਤ ਵਧਾਈ ਦਵਾਂਗਾ ਅਤੇ ਮੈਂ ਦੇਸ਼ ਭਰ ਦੇ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਵੀ ਵਧਾਈ ਦਿੰਦਾ ਹਾਂ। ਮੈਂ ਕੱਲ੍ਹ ਤੋਂ ਦੇਖ ਰਿਹਾ ਹਾਂ ਕਿ ਇਸ ਬੋਡੋ ਪਰੰਪਰਾ ਦਾ ਸ਼ਾਨਦਾਰ ਨਾਚ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਅਤੇ ਦੁਨੀਆ ਦੇ ਲੋਕ, ਕਲਾ ਅਤੇ ਸਭਿਆਚਾਰ ਦੇ ਇਸ ਭਾਰਤ ਦੇ ਦ੍ਰਿਸ਼ਟੀਕੋਣ ਨੂੰ, ਉਸ ਦੀ ਸ਼ਕਤੀ ਨੂੰ ਪਛਾਣਨਗੇ ਅਤੇ ਇਸ ਕੰਮ ਨੂੰ ਵਧਾਉਣ ਵਾਲੇ ਸਾਰੇ ਸਮਾਜਿਕ ਪ੍ਰਭਾਵਕ ਵੀ ਵਧਾਈ ਦੇ ਹੱਕਦਾਰ ਹਨ। ਮੀਡੀਆ ਦੇ ਦੋਸਤਾਂ ਲਈ ਉਹ ਕੱਲ੍ਹ ਦੀ ਸ਼ਾਮ ਦਾ ਸਮਾਂ ਬਹੁਤ ਪੈਕ ਰਹਿੰਦਾ ਹੈ, ਪਰ ਅੱਜ ਸਵੇਰ ਤੋਂ ਕਈ ਟੀਵੀ ਮੀਡੀਆ ਵਾਲਿਆਂ ਨੇ ਵੀ ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਇਹ ਪ੍ਰੋਗਰਾਮ ਕਿੰਨਾ ਸ਼ਾਨਦਾਰ ਰਿਹਾ ਹੋਵੇਗਾ।

ਸਾਥੀਓ,

ਪਿਛਲੇ ਸਾਲ ਮੈਂ ਝੂਮਰ ਮਹੋਤਸਵ ਵਿੱਚ ਵੀ ਸ਼ਾਮਲ ਹੋਇਆ ਸੀ। ਇਸ ਵਾਰ ਮੈਨੂੰ ਮਾਘ ਬਿਹੂ ਦੇ ਮੌਕੇ ’ਤੇ ਆਉਣ ਦਾ ਮੌਕਾ ਮਿਲਿਆ ਹੈ। ਇੱਕ ਮਹੀਨਾ ਪਹਿਲਾਂ ਮੈਂ ਵਿਕਾਸ ਪ੍ਰੋਜੈਕਟਾਂ ਲਈ ਇੱਥੇ ਆਇਆ ਸੀ। ਗੁਹਾਟੀ ਵਿੱਚ ਪ੍ਰਸਿੱਧ ਗੋਪੀਨਾਥ ਬਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਿਸਥਾਰ ਹੋਇਆ ਹੈ। ਮੈਂ ਉਸ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਸੀ। ਨਾਲ ਹੀ ਨਾਮਰੂਪ ਵਿੱਚ ਅਮੋਨੀਆ ਯੂਰੀਆ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਸੀ। ਅਜਿਹੇ ਸਾਰੇ ਮੌਕਿਆਂ ਨੇ ਭਾਜਪਾ ਸਰਕਾਰ ਦੇ “ਵਿਕਾਸ ਭੀ, ਵਿਰਾਸਤ ਭੀ” ਇਸ ਮੰਤਰ ਨੂੰ ਹੋਰ ਮਜ਼ਬੂਤ ​​ਕੀਤਾ ਹੈ। ਇੱਥੇ ਕੁਝ ਦੋਸਤ ਤਸਵੀਰਾਂ ਲੈ ਕੇ ਆਏ ਹਨ ਅਤੇ ਇਵੇਂ ਖੜ੍ਹੇ ਹਨ, ਉਹ ਥੱਕ ਜਾਣਗੇ। ਤੁਸੀਂ ਭੇਜ ਦੇਵੋ ਇਨ੍ਹਾਂ ਨੂੰ ਮੈਂ ਲੈ ਲਵਾਂਗਾ, ਤੁਸੀਂ ਅੱਗੇ ਆ ਕੇ ਕਲੈਕਟ ਕਰਵਾ ਲਵੋ, ਐੱਸਪੀਜੀ ਦੇ ਲੋਕ ਅਜਿਹੇ ਜੋ ਲੋਕ ਤਸਵੀਰਾਂ ਲੈ ਕੇ ਆਏ ਹਨ ਉਨ੍ਹਾਂ ਤੋਂ ਲਵੋ, ਜੇਕਰ ਪਿੱਛੇ ਤੁਹਾਡਾ ਅਤਾ ਪਤਾ ਲਿਖਿਆ ਹੋਵੇਗਾ, ਤਾਂ ਮੇਰੀ ਚਿੱਠੀ ਜ਼ਰੂਰ ਆਵੇਗੀ। ਇੱਧਰ ਵੀ ਇਸ ਤਰਫ਼ ਵੀ ਕੋਈ ਨੌਜਵਾਨ ਲੰਬੇ ਸਮੇਂ ਤੋਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਮੈਂ ਤੁਹਾਡੇ ਸਾਰੇ ਕਲਾਕਾਰਾਂ ਦਾ ਧੰਨਵਾਦ ਕਰਦਾ ਹਾਂ, ਤੁਹਾਡੇ ਪਿਆਰ ਲਈ ਅਤੇ ਤੁਹਾਡੀ ਇਸ ਭਾਵਨਾ ਲਈ ਤੁਹਾਡਾ ਸਤਿਕਾਰ ਕਰਦਾ ਹਾਂ। ਤੁਸੀਂ ਸਾਰੇ ਬੈਠ ਜਾਓ। ਜੋ ਇੱਥੇ ਵੀ ਹਨ ਉਹ ਲੈ ਲਵੋ, ਉਨ੍ਹਾਂ ਨੂੰ ਪਰੇਸ਼ਾਨ ਨਾ ਕਰੋ।

ਸਾਥੀਓ,

ਅਸਾਮ ਦੇ ਇਤਿਹਾਸ ਵਿੱਚ ਕਲਿਆਬੋਰ ਦਾ ਇੱਕ ਮਹੱਤਵਪੂਰਨ ਸਥਾਨ ਹੈ। ਅਸਾਮ ਦੇ ਵਰਤਮਾਨ ਅਤੇ ਭਵਿੱਖ ਲਈ ਵੀ ਇਹ ਸਥਾਨ ਬਹੁਤ ਮਹੱਤਵਪੂਰਨ ਹੈ। ਇਹ ਕਾਜ਼ੀਰੰਗਾ ਰਾਸ਼ਟਰੀ ਪਾਰਕ ਦਾ ਪ੍ਰਵੇਸ਼ ਦੁਆਰ ਵੀ ਹੈ ਅਤੇ ਉੱਪਰੀ ਅਸਾਮ ਵਿੱਚ ਸੰਪਰਕ ਦਾ ਵੀ ਕੇਂਦਰ ਹੈ। ਇੱਥੋਂ ਹੀ ਮਹਾਨ ਯੋਧਾ ਲਸਿਤ ਬੋਰਫੁਕਨ ਜੀ ਨੇ ਮੁਗ਼ਲ ਹਮਲਾਵਰਾਂ ਨੂੰ ਬਾਹਰ ਕਰਨ ਦੀ ਰਣਨੀਤੀ ਬਣਾਈ ਸੀ। ਉਨ੍ਹਾਂ ਦੀ ਅਗਵਾਈ ਵਿੱਚ ਅਸਾਮ ਦੇ ਲੋਕਾਂ ਨੇ ਹਿੰਮਤ, ਏਕਤਾ ਅਤੇ ਦ੍ਰਿੜ੍ਹਤਾ ਨਾਲ ਮੁਗ਼ਲ ਫ਼ੌਜ ਨੂੰ ਹਰਾਇਆ ਸੀ। ਇਹ ਸਿਰਫ਼ ਇੱਕ ਫ਼ੌਜੀ ਜਿੱਤ ਨਹੀਂ ਸੀ, ਇਹ ਅਸਾਮ ਦੇ ਸਵੈ-ਮਾਣ ਅਤੇ ਆਤਮਵਿਸ਼ਵਾਸ ਦਾ ਐਲਾਨ ਸੀ। ਪਹਿਲਾਂ ਇੱਥੋਂ ਪੂਰੇ ਪੱਛਮੀ ਅਸਾਮ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਜਾਂਦੀਆਂ ਸਨ। ਅਹੋਮ ਸ਼ਾਸਨ ਦੇ ਸਮੇਂ ਤੋਂ ਕਲਿਆਬੋਰ ਦਾ ਰਣਨੀਤਕ ਮਹੱਤਵ ਰਿਹਾ ਹੈ। ਮੈਨੂੰ ਖ਼ੁਸ਼ੀ ਹੈ ਕਿ ਭਾਜਪਾ ਸਰਕਾਰ ਵਿੱਚ ਹੁਣ ਇਹ ਖੇਤਰ, ਸੰਪਰਕ ਅਤੇ ਵਿਕਾਸ ਦਾ ਇੱਕ ਮੁੱਖ ਕੇਂਦਰ ਬਣ ਰਿਹਾ ਹੈ।

ਸਾਥੀਓ,

ਅੱਜ ਬੀਜੇਪੀ ਪੂਰੇ ਦੇਸ਼ ਵਿੱਚ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਪਿਛਲੇ ਇੱਕ-ਡੇਢ ਸਾਲ ਤੋਂ, ਬੀਜੇਪੀ ’ਤੇ ਦੇਸ਼ ਦਾ ਵਿਸ਼ਵਾਸ ਲਗਾਤਾਰ ਵਧਦਾ ਜਾ ਰਿਹਾ ਹੈ। ਹਾਲ ਹੀ ਵਿੱਚ, ਬਿਹਾਰ ਵਿੱਚ ਚੋਣਾਂ ਹੋਈਆਂ, ਉੱਥੇ 20 ਸਾਲ ਬਾਅਦ ਵੀ, ਜਨਤਾ ਨੇ ਬੀਜੇਪੀ ਨੂੰ ਰਿਕਾਰਡ ਵੋਟ ਦਿੱਤੇ ਹਨ, ਰਿਕਾਰਡ ਸੀਟਾਂ ਜਿਤਾਈਆਂ ਹਨ। ਦੋ ਦਿਨ ਪਹਿਲਾਂ ਹੀ, ਮਹਾਰਾਸ਼ਟਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਮੇਅਰ ਅਤੇ ਕੌਂਸਲਰ ਦੀਆਂ ਚੋਣਾਂ ਦੇ ਨਤੀਜੇ ਆਏ ਹਨ। ਮੁੰਬਈ, ਜੋ ਦੁਨੀਆ ਦੇ ਸਭ ਤੋਂ ਵੱਡੇ ਕਾਰਪੋਰੇਸ਼ਨਾਂ ਵਿੱਚੋਂ ਇੱਕ ਹੈ, ਉੱਥੇ ਦੀ ਜਨਤਾ ਨੇ ਪਹਿਲੀ ਵਾਰ ਬੀਜੇਪੀ ਨੂੰ ਰਿਕਾਰਡ ਜਨਾਦੇਸ਼ ਦਿੱਤਾ। ਦੇਖੋ ਜਿੱਤ ਮੁੰਬਈ ਵਿੱਚ ਹੋ ਰਹੀ ਹੈ, ਜਸ਼ਨ ਕਾਜ਼ੀਰੰਗਾ ਵਿੱਚ ਮਨਾਇਆ ਜਾ ਰਿਹਾ ਹੈ। ਮਹਾਰਾਸ਼ਟਰ ਦੇ ਜ਼ਿਆਦਾਤਰ ਸ਼ਹਿਰਾਂ ਦੀ ਜਨਤਾ ਨੇ ਬੀਜੇਪੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।

ਸਾਥੀਓ,

ਇਸ ਤੋਂ ਪਹਿਲਾਂ ਦੂਰ-ਦੁਰਾਡੇ ਦੱਖਣ ਵਿੱਚ, ਕੇਰਲ ਦੇ ਲੋਕਾਂ ਨੇ ਬੀਜੇਪੀ ਨੂੰ ਬਹੁਤ ਵੱਡਾ ਸਮਰਥਨ ਦਿੱਤਾ ਸੀ। ਉੱਥੇ ਪਹਿਲੀ ਵਾਰ ਬੀਜੇਪੀ ਦਾ ਮੇਅਰ ਬਣਿਆ ਹੈ। ਕੇਰਲ ਦੀ ਰਾਜਧਾਨੀ, ਤਿਰੂਵਨੰਤਪੁਰਮ ਵਿੱਚ ਅੱਜ ਬੀਜੇਪੀ ਸੇਵਾ ਕਰ ਰਹੀ ਹੈ।

ਸਾਥੀਓ,

ਬੀਤੇ ਕੁਝ ਸਮੇਂ ਵਿੱਚ ਜਿੰਨੇ ਵੀ ਚੋਣਾਂ ਦੇ ਨਤੀਜੇ ਆਏ ਹਨ, ਉਨ੍ਹਾਂ ਦਾ ਜਨਾਦੇਸ਼ ਸਪਸ਼ਟ ਹੈ। ਦੇਸ਼ ਦਾ ਵੋਟਰ ਅੱਜ ਚੰਗਾ ਸ਼ਾਸਨ ਚਾਹੁੰਦਾ ਹੈ, ਵਿਕਾਸ ਚਾਹੁੰਦਾ ਹੈ। ਉਹ ਵਿਕਾਸ ਅਤੇ ਵਿਰਾਸਤ, ਦੋਵਾਂ ‘ਤੇ ਫੋਕਸ ਕਰਦਾ ਹੈ। ਇਸ ਲਈ ਉਹ ਬੀਜੇਪੀ ਨੂੰ ਪਸੰਦ ਕਰਦਾ ਹੈ।

ਸਾਥੀਓ,

ਇਨ੍ਹਾਂ ਚੋਣਾਂ ਦਾ ਇੱਕ ਹੋਰ ਸੰਦੇਸ਼ ਹੈ: ਕਾਂਗਰਸ ਦੀ ਨਕਾਰਾਤਮਕ ਰਾਜਨੀਤੀ ਨੂੰ ਦੇਸ਼ ਲਗਾਤਾਰ ਨਕਾਰ ਰਿਹਾ ਹੈ। ਜਿਸ ਮੁੰਬਈ ਸ਼ਹਿਰ ਵਿੱਚ ਕਾਂਗਰਸ ਦਾ ਜਨਮ ਹੋਇਆ ਸੀ, ਉੱਥੇ ਉਹ ਅੱਜ ਚੌਥੇ ਜਾਂ ਪੰਜਵੇਂ ਨੰਬਰ ਦੀ ਪਾਰਟੀ ਬਣ ਗਈ ਹੈ। ਜਿਸ ਮਹਾਰਾਸ਼ਟਰ ‘ਤੇ ਕਾਂਗਰਸ ਨੇ ਸਾਲਾਂ ਤੱਕ ਸ਼ਾਸਨ ਕੀਤਾ, ਉੱਥੇ ਕਾਂਗਰਸ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ। ਕਾਂਗਰਸ ਦੇਸ਼ ਦਾ ਵਿਸ਼ਵਾਸ ਗੁਆ ਚੁੱਕੀ ਹੈ ਕਿਉਂਕਿ ਕਾਂਗਰਸ ਦੇ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ। ਅਜਿਹੀ ਕਾਂਗਰਸ ਕਦੇ ਅਸਾਮ, ਕਾਜ਼ੀਰੰਗਾ ਦਾ ਵੀ ਭਲਾ ਨਹੀਂ ਕਰ ਸਕਦੀ।

ਸਾਥੀਓ,

ਕਾਜ਼ੀਰੰਗਾ ਦੀ ਸੁੰਦਰਤਾ ਬਾਰੇ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਨੇ ਕਿਹਾ ਸੀ ਆਮਾਰ ਕਾਜ਼ੀਰੋਂਗਾ ਧੋਨਯੋ, ਪ੍ਰੋਕ੍ਰਤਿਰ ਧੁਨਿਆ ਕੁਲਾਤ ਖੇਲਿ, ਆਮਾਰ ਮੋਨ ਹੋਲ ਪੁਣਯੋ। ਇਨ੍ਹਾਂ ਸ਼ਬਦਾਂ ਵਿੱਚ ਕਾਜ਼ੀਰੰਗਾ ਪ੍ਰਤੀ ਪ੍ਰੇਮ ਦੀ ਭਾਵਨਾ ਹੈ, ਨਾਲ ਹੀ ਇਨ੍ਹਾਂ ਵਿੱਚ ਅਸਾਮੀ ਲੋਕਾਂ ਦੇ ਕੁਦਰਤ ਪ੍ਰਤੀ ਪਿਆਰ ਦਾ ਪ੍ਰਗਟਾਵਾ ਵੀ ਹੈ। ਕਾਜ਼ੀਰੰਗਾ ਸਿਰਫ਼ ਇੱਕ ਰਾਸ਼ਟਰੀ ਪਾਰਕ ਨਹੀਂ ਹੈ; ਕਾਜ਼ੀਰੰਗਾ ਤਾਂ ਅਸਾਮ ਦੀ ਆਤਮਾ ਹੈ। ਇਹ ਭਾਰਤ ਦੀ ਜੈਵ ਵਿਭਿੰਨਤਾ ਦਾ ਇੱਕ ਅਨਮੋਲ ਰਤਨ ਵੀ ਹੈ। ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਸਥਾਨ ਦਾ ਦਰਜਾ ਦਿੱਤਾ ਹੈ।

ਸਾਥੀਓ,

ਕਾਜ਼ੀਰੰਗਾ ਅਤੇ ਇੱਥੇ ਦੇ ਜੰਗਲੀ ਜੀਵਾਂ ਨੂੰ ਬਚਾਉਣਾ ਸਿਰਫ਼ ਵਾਤਾਵਰਨ ਦੀ ਰੱਖਿਆ ਨਹੀਂ ਹੈ; ਇਹ ਅਸਾਮ ਦੇ ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਹੈ। ਅਤੇ ਸਿਰਫ਼ ਮੋਦੀ ਦੀ ਨਹੀਂ, ਤੁਹਾਡੀ ਵੀ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਅਸਾਮ ਦੀ ਧਰਤੀ ਤੋਂ ਨਵੇਂ ਪ੍ਰੋਜੈਕਟਾਂ ਦੀ ਸ਼ੁਰੂ ਹੋ ਰਹੀ ਹੈ, ਇਨ੍ਹਾਂ ਦਾ ਬਹੁਤ ਵਿਆਪਕ ਪ੍ਰਭਾਵ ਹੋਵੇਗਾ। ਮੈਂ ਇਨ੍ਹਾਂ ਪ੍ਰੋਜੈਕਟਾਂ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਕਾਜ਼ੀਰੰਗਾ ਇੱਕ ਸਿੰਗ ਵਾਲੇ ਗੈਂਡੇ ਦਾ ਘਰ ਹੈ। ਹਰ ਸਾਲ ਹੜ੍ਹ ਦੇ ਸਮੇਂ ਜਦੋਂ ਬ੍ਰਹਮਪੁਤਰ ਦੇ ਪਾਣੀ ਦਾ ਪੱਧਰ ਵਧਦਾ ਹੈ, ਤਾਂ ਇੱਥੇ ਸਭ ਤੋਂ ਵੱਡੀ ਚੁਣੌਤੀ ਸਾਹਮਣੇ ਆਉਂਦੀ ਹੈ। ਤਦ ਜੰਗਲੀ ਜੀਵ ਉੱਚੇ ਇਲਾਕਿਆਂ ਦੀ ਤਲਾਸ਼ ਵਿੱਚ ਨਿਕਲਦੇ ਹਨ। ਇਸ ਰਸਤੇ ਵਿੱਚ ਉਨ੍ਹਾਂ ਨੂੰ ਰਾਸ਼ਟਰੀ ਰਾਜਮਾਰਗ ਪਾਰ ਕਰਨਾ ਪੈਂਦਾ ਹੈ। ਅਜਿਹੇ ਸਮੇਂ ਵਿੱਚ ਗੈਂਡੇ, ਹਾਥੀ ਅਤੇ ਹਿਰਨ ਸੜਕ ਦੇ ਕਿਨਾਰੇ ਫਸ ਜਾਂਦੇ ਹਨ। ਸਾਡਾ ਯਤਨ ਹੈ ਕਿ ਸੜਕ ਵੀ ਚਲਦੀ ਰਹੇ ਅਤੇ ਜੰਗਲ ਵੀ ਸੁਰੱਖਿਅਤ ਰਹੇ। ਇਸੇ ਦ੍ਰਿਸ਼ਟੀਕੋਣ ਦੇ ਤਹਿਤ, ਕਲਿਆਬੋਰ ਤੋਂ ਨੁਮਾਲੀਗੜ੍ਹ ਤੱਕ ਲਗਭਗ 90 ਕਿੱਲੋਮੀਟਰ ਲੰਬਾ ਕਾਰੀਡੋਰ ਤਿਆਰ ਕੀਤਾ ਜਾ ਰਿਹਾ ਹੈ। ਇਸ ‘ਤੇ ਲਗਭਗ 7 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਵਿੱਚ ਲਗਭਗ 35 ਕਿੱਲੋਮੀਟਰ ਲੰਬਾ ਐਲੀਵੇਟਿਡ ਜੰਗਲੀ ਜੀਵ ਕਾਰੀਡੋਰ ਵੀ ਬਣਾਇਆ ਜਾਵੇਗਾ। ਇੱਥੇ ਵਾਹਨ ਉੱਪਰੋਂ ਲੰਘਣਗੇ ਅਤੇ ਹੇਠਾਂ ਜੰਗਲੀ ਜੀਵਾਂ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਚਲਦੀ ਰਹੇਗੀ। ਇੱਕ ਸਿੰਗ ਵਾਲਾ ਗੈਂਡਾ ਹੋਵੇ, ਹਾਥੀ ਹੋਣ ਜਾਂ ਬਾਘ, ਇਨ੍ਹਾਂ ਦੀ ਰਵਾਇਤੀ ਆਵਾਜਾਈ ਰਸਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਨੂੰ ਤਿਆਰ ਕੀਤਾ ਗਿਆ ਹੈ।

ਸਾਥੀਓ,

ਇਹ ਕਾਰੀਡੋਰ ਉੱਪਰੀ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਸੰਪਰਕ ਨੂੰ ਵੀ ਬਿਹਤਰ ਬਣਾਏਗਾ। ਕਾਜ਼ੀਰੰਗਾ ਐਲੀਵੇਟਿਡ ਕਾਰੀਡੋਰ ਅਤੇ ਨਵੀਂਆਂ ਰੇਲ ਸੇਵਾਵਾਂ ਨਾਲ, ਅਸਾਮ ਦੇ ਲੋਕਾਂ ਲਈ ਨਵੇਂ ਮੌਕੇ ਖੁੱਲ੍ਹਣਗੇ। ਮੈਂ ਅਸਾਮ ਦੇ ਲੋਕਾਂ ਅਤੇ ਦੇਸ਼ਵਾਸੀਆਂ ਨੂੰ ਇਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਲਈ ਵਧਾਈ ਦਿੰਦਾ ਹਾਂ।

ਸਾਥੀਓ,

ਜਦੋਂ ਕੁਦਰਤ ਸੁਰੱਖਿਅਤ ਹੁੰਦੀ ਹੈ, ਤਾਂ ਉਸ ਦੇ ਨਾਲ ਮੌਕੇ ਵੀ ਪੈਦਾ ਹੁੰਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਕਾਜ਼ੀਰੰਗਾ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਹੋਮਸਟੇਅ, ਗਾਈਡ ਸੇਵਾਵਾਂ, ਆਵਾਜਾਈ, ਦਸਤਕਾਰੀ ਅਤੇ ਛੋਟੇ ਕਾਰੋਬਾਰਾਂ ਰਾਹੀਂ, ਸਥਾਨਕ ਨੌਜਵਾਨਾਂ ਨੂੰ ਆਮਦਨ ਦੇ ਨਵੇਂ ਸਰੋਤ ਲੱਭੇ ਹਨ।

ਸਾਥੀਓ,

ਅੱਜ ਮੈਂ ਅਸਾਮ ਦੇ ਲੋਕਾਂ ਦੀ, ਇੱਥੇ ਦੀ ਸਰਕਾਰ ਦੀ, ਇੱਕ ਹੋਰ ਗੱਲ ਲਈ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕਰਾਂਗਾ। ਇੱਕ ਸਮਾਂ ਸੀ, ਜਦੋਂ ਕਾਜ਼ੀਰੰਗਾ ਵਿੱਚ ਗੈਂਡੇ ਦੇ ਸ਼ਿਕਾਰ ਦੀਆਂ ਘਟਨਾਵਾਂ, ਅਸਾਮ ਦੀ ਸਭ ਤੋਂ ਵੱਡੀ ਚਿੰਤਾ ਬਣ ਚੁੱਕੀਆਂ ਸੀ। 2013 ਅਤੇ 2014 ਵਿੱਚ ਇੱਕ ਸਿੰਗ ਵਾਲੇ ਦਰਜਨਾਂ ਗੈਂਡੇ ਮਾਰੇ ਗਏ ਸਨ। ਭਾਜਪਾ ਸਰਕਾਰ ਨੇ ਤੈਅ ਕੀਤਾ ਸੀ ਕਿ ਅਸੀਂ ਇਹ ਨਹੀਂ ਚਲਣ ਦੇਵਾਂਗੇ, ਹੁਣ ਇਵੇਂ ਨਹੀਂ ਚੱਲੇਗਾ। ਅਸੀਂ ਇਸ ਦੇ ਬਾਅਦ ਸੁਰੱਖਿਆ ਪ੍ਰਣਾਲੀ ਨੂੰ ਨਵੇਂ ਸਿਰੇ ਤੋਂ ਮਜ਼ਬੂਤ ​​ਕੀਤਾ। ਜੰਗਲਾਤ ਵਿਭਾਗ ਨੂੰ ਆਧੁਨਿਕ ਸਰੋਤ ਮਿਲੇ, ਨਿਗਰਾਨੀ ਪ੍ਰਣਾਲੀ ਮਜ਼ਬੂਤ ਹੋਈ, ‘ਵਨ ਦੁਰਗਾ’ ਵਜੋਂ ਮਹਿਲਾਵਾਂ ਦੀ ਭਾਗੀਦਾਰੀ ਵਧਾਈ ਗਈ। ਇਸ ਦੇ ਸਕਾਰਾਤਮਕ ਨਤੀਜੇ ਵੀ ਸਾਹਮਣੇ ਆਏ ਹਨ। 2025 ਵਿੱਚ ਗੈਂਡੇ ਦੇ ਸ਼ਿਕਾਰ ਦੀ ਇੱਕ ਵੀ ਘਟਨਾ ਸਾਹਮਣੇ ਨਹੀਂ ਆਈ ਹੈ। ਅਤੇ ਇਸ ਲਈ, ਤੁਸੀਂ ਸਾਰੇ, ਸਰਕਾਰ, ਹਰ ਕੋਈ ਵਧਾਈ ਦਾ ਹੱਕਦਾਰ ਹੈ। ਇਹ ਭਾਜਪਾ ਸਰਕਾਰ ਦੀ ਰਾਜਨੀਤਿਕ ਇੱਛਾ ਸ਼ਕਤੀ ਅਤੇ ਅਸਾਮ ਦੇ ਲੋਕਾਂ ਦੇ ਯਤਨਾਂ ਨਾਲ ਸੰਭਵ ਹੋਇਆ ਹੈ।

ਸਾਥੀਓ,

ਲੰਬੇ ਸਮੇਂ ਤੱਕ, ਇੱਕ ਸੋਚ ਇਹ ਬਣੀ ਰਹੀ ਕਿ ਕੁਦਰਤ ਅਤੇ ਤਰੱਕੀ ਇੱਕ ਦੂਸਰੇ ਦੇ ਉਲਟ ਹਨ। ਕਿਹਾ ਜਾਂਦਾ ਸੀ ਕਿ ਦੋਵੇਂ ਇਕੱਠੇ ਨਹੀਂ ਚਲ ਸਕਦੇ। ਪਰ ਅੱਜ, ਭਾਰਤ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਦੋਵੇਂ ਇਕੱਠੇ ਅੱਗੇ ਵਧ ਸਕਦੇ ਹਨ – ਇਕੌਨਮੀ ਵੀ, ਇਕੌਲੋਜੀ ਵੀ। ਪਿਛਲੇ ਇੱਕ ਦਹਾਕੇ ਵਿੱਚ, ਦੇਸ਼ ਵਿੱਚ ਜੰਗਲ ਅਤੇ ਰੁੱਖਾਂ ਦਾ ਘੇਰਾ ਵਧਿਆ ਹੈ। ਲੋਕਾਂ ਨੇ ਏਕ ਪੇੜ ਮਾਂ ਕੇ ਨਾਮ ਅਭਿਆਨ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਅਭਿਆਨ ਦੇ ਤਹਿਤ ਹੁਣ ਤੱਕ 260 ਕਰੋੜ ਤੋਂ ਵੱਧ ਰੁੱਖ ਲਗਾਏ ਜਾ ਚੁੱਕੇ ਹਨ। 2014 ਦੇ ਬਾਅਦ ਦੇਸ਼ ਵਿੱਚ ਬਾਘ ਅਤੇ ਹਾਥੀ ਰਿਜ਼ਰਵ ਦੀ ਗਿਣਤੀ ਵਧੀ ਹੈ। ਸੁਰੱਖਿਅਤ ਖੇਤਰਾਂ ਅਤੇ ਭਾਈਚਾਰਕ ਖੇਤਰਾਂ ਵਿੱਚ ਵੀ ਵੱਡਾ ਵਿਸਥਾਰ ਹੋਇਆ ਹੈ। ਜੋ ਚੀਤੇ ਭਾਰਤ ਤੋਂ ਲੰਬੇ ਸਮੇਂ ਪਹਿਲਾਂ ਅਲੋਪ ਹੋ ਗਏ ਸਨ, ਉਨ੍ਹਾਂ ਨੂੰ ਹੁਣ ਵਾਪਸ ਲਿਆਂਦਾ ਗਿਆ ਹੈ। ਅੱਜ ਚੀਤਾ ਲੋਕਾਂ ਲਈ ਇੱਕ ਨਵਾਂ ਆਕਰਸ਼ਣ ਬਣ ਗਿਆ ਹੈ। ਅਸੀਂ ਵੈਟਲੈਂਡ ਸੰਭਾਲ ‘ਤੇ ਵੀ ਲਗਾਤਾਰ ਕੰਮ ਕਰ ਰਹੇ ਹਾਂ। ਅੱਜ ਭਾਰਤ ਏਸ਼ੀਆ ਦਾ ਸਭ ਤੋਂ ਵੱਡਾ ਰਾਮਸਰ ਨੈੱਟਵਰਕ ਬਣ ਚੁੱਕਾ ਹੈ। ਰਾਮਸਰ ਸਾਈਟਾਂ ਦੀ ਗਿਣਤੀ ਵਿੱਚ, ਉਸ ਦੇ ਹਿਸਾਬ ਨਾਲ ਭਾਰਤ ਦੁਨੀਆ ਵਿੱਚ ਤੀਜੇ ਸਥਾਨ ‘ਤੇ ਹੈ। ਹੁਣ ਸਾਡਾ ਅਸਾਮ ਵੀ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਕਿਵੇਂ ਵਿਕਾਸ ਦੇ ਨਾਲ-ਨਾਲ ਅਸੀਂ ਆਪਣੀ ਵਿਰਾਸਤ ਨੂੰ ਵੀ ਸੰਭਾਲ ਸਕਦੇ ਹਾਂ, ਕੁਦਰਤ ਦੀ ਵੀ ਰਾਖੀ ਕਰ ਸਕਦੇ ਹਾਂ।

ਸਾਥੀਓ,

ਉੱਤਰ-ਪੂਰਬ ਦੀ ਸਭ ਤੋਂ ਵੱਡੀ ਪੀੜ ਹਮੇਸ਼ਾ ਦੂਰੀ ਦੀ ਰਹੀ ਹੈ। ਦੂਰੀ ਦਿਲਾਂ ਦੀ, ਦੂਰੀ ਥਾਵਾਂ ਦੀ, ਦਹਾਕਿਆਂ ਤੱਕ, ਇੱਥੇ ਦੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਰਿਹਾ, ਕਿ ਦੇਸ਼ ਦਾ ਵਿਕਾਸ ਕਿਤੇ ਹੋਰ ਹੋ ਰਿਹਾ ਹੈ ਅਤੇ ਉਹ ਪਿੱਛੇ ਛੁੱਟ ਰਹੇ ਹਨ। ਇਸ ਦਾ ਅਸਰ ਸਿਰਫ਼ ਅਰਥ-ਵਿਵਸਥਾ ‘ਤੇ ਨਹੀਂ ਪਿਆ, ਸਗੋਂ ਵਿਸ਼ਵਾਸ ‘ਤੇ ਵੀ ਪਿਆ। ਇਸ ਭਾਵਨਾ ਨੂੰ ਬਦਲਣ ਦਾ ਕੰਮ ਭਾਜਪਾ ਨੇ ਕੀਤਾ, ਡਬਲ-ਇੰਜਣ ਦੀ ਸਰਕਾਰ ਨੇ ਉੱਤਰ-ਪੂਰਬ ਦੇ ਵਿਕਾਸ ਨੂੰ ਤਰਜੀਹ ਦਿੱਤੀ। ਰੋਡਵੇਜ਼, ਰੇਲਵੇਜ਼, ਏਅਰਵੇਜ਼, ਵਾਟਰਵੇਜ਼ ਰਾਹੀਂ ਅਸਾਮ ਨੂੰ ਜੋੜਨ ‘ਤੇ ਇਕੱਠਾ ਕੰਮ ਸ਼ੁਰੂ ਹੋਇਆ।

ਸਾਥੀਓ, 

ਜਦੋਂ ਅਸੀਂ ਰੇਲ ਸੰਪਰਕ ਵਧਾਉਂਦੇ ਹਾਂ, ਤਾਂ ਇਸ ਦਾ ਫ਼ਾਇਦਾ ਸਮਾਜਿਕ ਅਤੇ ਆਰਥਿਕ, ਦੋਵਾਂ ਪੱਧਰਾਂ ‘ਤੇ ਹੁੰਦਾ ਹੈ। ਇਸ ਲਈ, ਉੱਤਰ-ਪੂਰਬ ਲਈ ਸੰਪਰਕ ਦਾ ਵਿਸਥਾਰ ਕਰਨਾ ਬਹੁਤ ਮਹੱਤਵਪੂਰਨ ਹੈ। ਪਰ ਕਾਂਗਰਸ ਨੇ ਕਦੇ ਇਸ ਦੀ ਪਰਵਾਹ ਨਹੀਂ ਕੀਤੀ। ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਹਾਂ। ਜਦੋਂ ਕਾਂਗਰਸ ਦੀ  ਕੇਂਦਰ ਵਿੱਚ ਸਰਕਾਰ ਸੀ, ਤਾਂ ਅਸਾਮ ਨੂੰ ਇੱਕ ਬਹੁਤ ਘੱਟ ਰੇਲ ਬਜਟ ਮਿਲਦਾ ਸੀ। ਲਗਭਗ 2 ਹਜ਼ਾਰ ਕਰੋੜ ਰੁਪਏ। ਹੁਣ ਭਾਜਪਾ ਸਰਕਾਰ ਵਿੱਚ ਇਸ ਨੂੰ ਵਧਾ ਕੇ ਲਗਭਗ 10 ਹਜ਼ਾਰ ਕਰੋੜ ਰੁਪਏ ਸਾਲਾਨਾ ਕਰ ਦਿੱਤਾ ਗਿਆ ਹੈ। ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਇਹ ਅੰਕੜਾ ਤੁਹਾਨੂੰ ਯਾਦ ਰਿਹਾ ਕੀ? ਇਹ ਅੰਕੜਾ ਤੁਹਾਨੂੰ ਯਾਦ ਰਿਹਾ ਕੀ? ਕਿ ਭੁੱਲ ਗਏ। ਮੈਂ ਮੁੜ ਤੋਂ ਯਾਦ ਕਰਵਾਉਂਦਾ ਹਾਂ: ਕਾਂਗਰਸ ਦੇ ਜ਼ਮਾਨੇ ਵਿੱਚ ਅਸਾਮ ਨੂੰ ਰੇਲਵੇ ਦੇ ਲਈ ਦੋ ਹਜ਼ਾਰ ਕਰੋੜ ਰੁਪਏ ਮਿਲਦੇ ਸੀ, ਕਿੰਨੇ? ਸਾਰੇ ਦੇ ਸਾਰੇ ਬੋਲੋ ਕਿੰਨੇ ਮਿਲਦੇ ਸੀ? ਕਿੰਨੇ ਮਿਲਦੇ ਸੀ? ਕਿੰਨੇ ਮਿਲਦੇ ਸੀ? ਭਾਜਪਾ ਸਰਕਾਰ ਆਉਣ ਤੋਂ ਬਾਅਦ ਅਸਾਮ ਨੂੰ ਕਿੰਨੇ ਮਿਲਦੇ ਹਨ- 10 ਹਜ਼ਾਰ ਕਰੋੜ ਰੁਪਏ। ਕਿੰਨੇ? ਕਿੰਨੇ? ਕਿੰਨੇ? 10 ਹਜ਼ਾਰ ਕਰੋੜ ਰੁਪਏ। ਯਾਨੀ ਕਾਂਗਰਸ ਜਿੰਨਾ ਪੈਸਾ ਅਸਾਮ ਨੂੰ ਰੇਲਵੇ ਦੇ ਲਈ ਦਿੰਦੀ ਸੀ, ਭਾਜਪਾ ਉਸ ਤੋਂ ਪੰਜ ਗੁਣਾ ਜ਼ਿਆਦਾ ਪੈਸਾ ਅਸਾਮ ਨੂੰ ਦੇ ਰਿਹਾ ਹੈ।

ਸਾਥੀਓ,

ਇਸ ਵਧੇ ਹੋਏ ਨਿਵੇਸ਼ ਨਾਲ ਵੱਡੇ ਪੱਧਰ ‘ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਹੋਇਆ ਹੈ। ਨਵੀਂਆਂ ਰੇਲ ਲਾਈਨਾਂ ਵਿਛਾਉਣ ਨਾਲ ਦੋਹਰੀਕਰਨ ਅਤੇ ਇਲੈਕਟ੍ਰੀਫਿਕੇਸ਼ਨ ਹੋਣ ਨਾਲ ਰੇਲਵੇ ਦੀ ਸਮਰੱਥਾ ਵਧੀ ਹੈ, ਲੋਕਾਂ ਲਈ ਸਹੂਲਤਾਂ ਵਧੀ ਹੈ। ਅੱਜ ਕਲਿਆਬੋਰ ਤੋਂ ਜਿਹੜੀਆਂ ਤਿੰਨ ਨਵੀਂਆਂ ਟ੍ਰੇਨ ਸੇਵਾਵਾਂ ਦੀ ਸ਼ੁਰੂਆਤ ਹੋ ਰਹੀ ਹੈ, ਉਹ ਵੀ ਅਸਾਮ ਦੇ ਰੇਲ ਸੰਪਰਕ ਵਿੱਚ ਇੱਕ ਮਹੱਤਵਪੂਰਨ ਵਿਸਥਾਰ ਹਨ। ਵੰਦੇ ਭਾਰਤ ਸਲੀਪਰ ਟ੍ਰੇਨ, ਗੁਹਾਟੀ ਨੂੰ ਕੋਲਕਾਤਾ ਨਾਲ ਜੋੜੇਗੀ। ਇਹ ਆਧੁਨਿਕ ਸਲੀਪਰ ਟ੍ਰੇਨ ਲੰਬੀ ਦੂਰੀ ਦੀ ਯਾਤਰਾ ਨੂੰ ਵਧੇਰੇ ਆਰਾਮਦਾਇਕ ਬਣਾਏਗੀ। ਇਸ ਤੋਂ ਇਲਾਵਾ, ਦੋ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹਨ। ਇਨ੍ਹਾਂ ਟ੍ਰੇਨਾਂ ਦੇ ਰਸਤੇ ਵਿੱਚ ਅਸਾਮ, ਪੱਛਮ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਮਹੱਤਵਪੂਰਨ ਸਟੇਸ਼ਨ ਸ਼ਾਮਲ ਹਨ, ਜਿਸ ਨਾਲ ਲੱਖਾਂ ਯਾਤਰੀਆਂ ਨੂੰ ਸਿੱਧਾ ਲਾਭ ਮਿਲੇਗਾ। ਇਹ ਟ੍ਰੇਨਾਂ ਅਸਾਮ ਦੇ ਕਾਰੋਬਾਰੀਆਂ ਨੂੰ ਨਵੇਂ ਬਾਜ਼ਾਰਾਂ ਨਾਲ ਜੋੜਣਗੀਆਂ, ਵਿਦਿਆਰਥੀ ਸਿੱਖਿਆ ਦੇ ਨਵੇਂ ਅਵਸਰਾਂ ਤੱਕ ਅਸਾਨੀ ਨਾਲ ਪਹੁੰਚ ਸਕਣਗੇ। ਅਸਾਮ ਦੇ ਲੋਕਾਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਉਣਾ-ਜਾਣਾ ਅਸਾਨ ਹੋ ਜਾਵੇਗਾ। ਸੰਪਰਕ ਦਾ ਇਹ ਵਿਸਥਾਰ ਵਿਸ਼ਵਾਸ ਪੈਦਾ ਕਰਦਾ ਹੈ ਕਿ ਉੱਤਰ-ਪੂਰਬ ਹੁਣ ਵਿਕਾਸ ਤੋਂ ਹਾਸ਼ੀਏ ‘ਤੇ ਨਹੀਂ ਹੈ। ਉੱਤਰ-ਪੂਰਬ ਹੁਣ ਦੂਰ ਨਹੀਂ ਰਿਹਾ, ਉੱਤਰ ਪੂਰਬ ਹੁਣ ਦਿਲ ਦੇ ਵੀ ਕੋਲ ਹੈ, ਦਿੱਲੀ ਦੇ ਵੀ ਕੋਲ ਹੈ।

ਸਾਥੀਓ, 

ਅੱਜ ਤੁਹਾਡੇ ਦਰਮਿਆਨ, ਅਸਾਮ ਦੇ ਸਾਹਮਣੇ ਮੌਜੂਦ ਇੱਕ ਵੱਡੀ ਚੁਣੌਤੀ ਦੀ ਵੀ ਚਰਚਾ ਜ਼ਰੂਰੀ ਹੈ। ਇਹ ਚੁਣੌਤੀ ਹੈ, ਅਸਾਮ ਦੀ ਪਛਾਣ ਬਚਾਉਣ ਦੀ, ਅਸਾਮ ਦੇ ਸਭਿਆਚਾਰ ਨੂੰ ਬਚਾਉਣ ਦੀ। ਤੁਸੀਂ ਮੈਨੂੰ ਦੱਸੋ, ਅਸਾਮ ਦੀ ਪਛਾਣ ਬਚਣੀ ਚਾਹੀਦੀ ਹੈ ਕਿ ਨਹੀਂ ਬਚਣੀ ਚਾਹੀਦੀ ਹੈ? ਅਜਿਹਾ ਨਹੀਂ, ਸਾਰੇ ਦੇ ਸਾਰੇ ਜਵਾਬ ਦਵੋ, ਅਸਾਮ ਦੀ ਪਛਾਣ ਬਚਣੀ ਚਾਹੀਦੀ ਹੈ ਕਿ ਨਹੀਂ ਬਚਣੀ ਚਾਹੀਦੀ ਹੈ? ਆਪ ਸਭ ਦੀ ਪਛਾਣ ਬਣਨੀ ਚਾਹੀਦੀ ਕਿ ਨਵੀਂ ਬਣਨੀ ਚਾਹੀਦੀ ਹੈ? ਤੁਹਾਡੇ ਪੁਰਖਿਆਂ ਦੀ ਵਿਰਾਸਤ ਬਚਣੀ ਚਾਹੀਦੀ ਹੈ ਕਿ ਨਹੀਂ ਬਚਣੀ ਚਾਹੀਦੀ ਹੈ? ਅੱਜ ਅਸਾਮ ਵਿੱਚ ਬੀਜੇਪੀ ਸਰਕਾਰ ਜਿਸ ਤਰੀਕੇ ਨਾਲ ਘੁਸਪੈਠ ਨਾਲ ਨਿਪਟ ਰਹੀ ਹੈ, ਜਿਸ ਤਰ੍ਹਾਂ, ਸਾਡੇ ਜੰਗਲਾਂ ਨੂੰ,  ਇਤਿਹਾਸਕ ਸਭਿਆਚਾਰਕ ਸਥਾਨਾਂ ਨੂੰ, ਤੁਹਾਡੀਆਂ ਜ਼ਮੀਨਾਂ ਨੂੰ, ਗੈਰ-ਕਾਨੂੰਨੀ ਕਬਜ਼ੇ ਤੋਂ ਮੁਕਤ ਕਰਵਾ ਰਹੀ ਹੈ, ਉਸ ਦੀ ਅੱਜ ਬਹੁਤ ਪ੍ਰਸ਼ੰਸਾ ਹੋ ਰਹੀ ਹੈ। ਇਹ ਸਹੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੈ? ਇਹ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ? ਇਹ ਤੁਹਾਡੇ ਫ਼ਾਇਦੇ ਲਈ ਹੈ ਕਿ ਨਹੀਂ ਹੈ? ਪਰ ਤੁਸੀਂ ਜ਼ਰਾ ਇਹ ਵੀ ਸੋਚੋ ਸਾਥੀਓ ਕਿ ਕਾਂਗਰਸ ਨੇ ਅਸਾਮ ਨਾਲ ਕੀ ਕੀਤਾ? ਸਿਰਫ਼ ਸਰਕਾਰਾਂ ਬਣਾਉਣ ਲਈ, ਕੁਝ ਵੋਟਾਂ ਹਾਸਲ ਕਰਨ ਲਈ, ਅਸਾਮ ਦੀ ਮਿੱਟੀ ਨੂੰ ਘੁਸਪੈਠੀਆਂ ਨੂੰ ਸੌਂਪ ਦਿੱਤੀ। ਕਾਂਗਰਸ ਨੇ ਦਹਾਕਿਆਂ ਤੱਕ ਅਸਾਮ ਵਿੱਚ ਸਰਕਾਰਾਂ ਬਣਾਈਆਂ। ਇਸ ਦੌਰਾਨ, ਲਗਾਤਾਰ ਘੁਸਪੈਠ ਵਧਦੀ ਹੀ ਗਈ ਅਤੇ ਇਨ੍ਹਾਂ ਘੁਸਪੈਠੀਆਂ ਨੇ ਕੀ ਕੀਤਾ? ਇਨ੍ਹਾਂ ਨੂੰ ਅਸਾਮ ਦੇ ਇਤਿਹਾਸ, ਇੱਥੇ ਦੇ ਸਭਿਆਚਾਰ, ਸਾਡੇ ਵਿਸ਼ਵਾਸ ਦੀ ਕੋਈ ਚਿੰਤਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਥਾਂ-ਥਾਂ ਕਬਜ਼ੇ ਕੀਤੇ। ਘੁਸਪੈਠ ਕਾਰਨ, ਜਾਨਵਰਾਂ ਦੇ ਗਲਿਆਰਿਆਂ ‘ਤੇ ਕਬਜ਼ੇ ਹੋਏ, ਗ਼ੈਰ-ਕਾਨੂੰਨੀ ਸ਼ਿਕਾਰ ਨੂੰ ਹੁਲਾਰਾ ਮਿਲਿਆ, ਤਸਕਰੀ ਅਤੇ ਹੋਰ ਅਪਰਾਧ ਵੀ ਵਧੇ।

ਸਾਥੀਓ,

ਇਹ ਘੁਸਪੈਠੀਏ, ਆਬਾਦੀ ਦਾ ਸੰਤੁਲਨ ਵਿਗਾੜ ਰਹੇ ਹਨ, ਸਾਡੇ ਸਭਿਆਚਾਰ ‘ਤੇ ਹਮਲਾ ਕਰ ਰਹੇ ਹਨ, ਗ਼ਰੀਬਾਂ ਦਾ ਅਤੇ ਨੌਜਵਾਨਾਂ ਦਾ ਰੁਜ਼ਗਾਰ ਖੋਹ ਰਹੇ ਹਨ, ਕਬਾਇਲੀ ਖੇਤਰਾਂ ਵਿੱਚ ਧੋਖੇ ਨਾਲ ਲੋਕਾਂ ਦੀ ਜ਼ਮੀਨ ‘ਤੇ ਕਬਜ਼ਾ ਕਰ ਰਹੇ ਹਨ। ਇਹ ਅਸਾਮ ਅਤੇ ਦੇਸ਼ ਦੀ ਸੁਰੱਖਿਆ, ਦੋਵਾਂ ਲਈ ਬਹੁਤ ਵੱਡਾ ਖ਼ਤਰਾ ਹੈ।

ਸਾਥੀਓ,

ਕਾਂਗਰਸ ਤੋਂ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਹੈ। ਕਾਂਗਰਸ ਦੀ ਇੱਕ ਹੀ ਨੀਤੀ ਹੈ, ਘੁਸਪੈਠੀਆਂ ਨੂੰ ਬਚਾਓ, ਘੁਸਪੈਠੀਆਂ ਦੀ ਮਦਦ ਨਾਲ ਸੱਤਾ ਪਾਓ! ਪੂਰੇ ਦੇਸ਼ ਵਿੱਚ ਕਾਂਗਰਸ ਅਤੇ ਇਸ ਦੇ ਸਾਥੀ ਇਹੀ ਕਰ ਰਹੇ ਹਨ। ਬਿਹਾਰ ਵਿੱਚ ਵੀ ਇਨ੍ਹਾਂ ਨੇ ਘੁਸਪੈਠੀਆਂ ਨੂੰ ਬਚਾਉਣ ਦੇ ਲਈ ਯਾਤਰਾਵਾਂ ਕੱਢੀਆਂ, ਰੈਲੀਆਂ ਕੱਢੀਆਂ। ਪਰ ਬਿਹਾਰ ਦੇ ਲੋਕਾਂ ਨੇ ਕਾਂਗਰਸ ਪਾਰਟੀ ਦਾ ਸਫ਼ਾਇਆ ਕਰ ਦਿੱਤਾ। ਹੁਣ ਅਸਾਮ ਦੇ ਲੋਕਾਂ ਦੀ ਵਾਰੀ ਹੈ। ਮੈਨੂੰ ਵਿਸ਼ਵਾਸ ਹੈ, ਅਸਾਮ ਦੀ ਧਰਤੀ ਤੋਂ ਵੀ ਕਾਂਗਰਸ ਨੂੰ ਕਰਾਰਾ ਜਵਾਬ ਮਿਲੇਗਾ।

ਸਾਥੀਓ,

ਅਸਾਮ ਦਾ ਵਿਕਾਸ ਪੂਰੇ ਉੱਤਰ-ਪੂਰਬ ਦੇ ਵਿਕਾਸ ਲਈ ਨਵੇਂ ਦਰਵਾਜ਼ੇ ਖੋਲ੍ਹ ਰਿਹਾ ਹੈ। ਅਸਾਮ ਐਕਟ ਈਸਟ ਨੀਤੀ ਨੂੰ ਦਿਸ਼ਾ ਦੇ ਰਿਹਾ ਹੈ। ਜਦੋਂ ਅਸਾਮ ਅੱਗੇ ਵਧਦਾ ਹੈ, ਤਾਂ ਉੱਤਰ-ਪੂਰਬ ਅੱਗੇ ਵਧਦਾ ਹੈ। ਜਦੋਂ ਉੱਤਰ-ਪੂਰਬ ਅੱਗੇ ਵਧਦਾ ਹੈ, ਤਾਂ ਭਾਰਤ ਅੱਗੇ ਵਧਦਾ ਹੈ। ਸਾਡੇ ਯਤਨ ਅਤੇ ਅਸਾਮ ਦੇ ਲੋਕਾਂ ਦਾ ਵਿਸ਼ਵਾਸ, ਪੂਰੇ ਉੱਤਰ-ਪੂਰਬ ਨੂੰ ਨਵੀਂਆਂ ਉਚਾਈਆਂ ਤੱਕ ਲੈ ਜਾਣਗੇ। ਇਸੇ ਵਿਸ਼ਵਾਸ ਨਾਲ, ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਜੈਕਟਾਂ ਲਈ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ:

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਇਹ ਸਾਲ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਨੂੰ ਯਾਦ ਕਰਨ ਦਾ ਸਮਾਂ ਹੈ। ਮੇਰੇ ਨਾਲ ਬੋਲੋ:

 

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

 

******

ਐੱਮਜੇਪੀਐੱਸ/ਵੀਜੇ